ਜਦੋਂ ਪਹਿਲੀ ਵਾਰ ਰੀਨਾ ਪ੍ਰਤੇਤੀ ਨੇ ਵਿਆਹ ਪਿੱਛੋਂ ਲੋਨਾਦੇਈ ਪਿੰਡ ਵਿੱਚ ਆਪਣੇ ਸਹੁਰਿਆਂ ਦੇ ਘਰ ਪੈਰ ਧਰਿਆ ਤਾਂ ਉਹ ਹੈਰਾਨ ਰਹਿ ਗਏ।
“ਪਰਿਵਾਰ ਵਿੱਚ ਛੋਟੇ ਬੱਚੇ ਵੀ ਮੇਰੀ ਮਾਤ ਭਾਸ਼ਾ [ਗੋਂਡੀ] ਵਿੱਚ ਬੜੀ ਵਧੀਆ ਗੱਲ ਕਰ ਲੈਂਦੇ ਸਨ,” ਉਹ ਯਾਦ ਕਰਦੇ ਹਨ। ਦੂਜੇ ਪਾਸੇ ਰੀਨਾ ਆਪਣੇ ਗੋਂਡ ਭਾਈਚਾਰੇ ਦੀ ਇਸ ਭਾਸ਼ਾ ਨੂੰ ਮੁਸ਼ਕਿਲ ਨਾਲ਼ ਸਮਝ ਪਾਉਂਦੇ ਸਨ ਕਿਉਂਕਿ “ਮੇਰੇ ਪਿੰਡ [ਮੋਇਆ] ਵਿੱਚ ਕੋਈ ਵੀ ਗੋਂਡੀ ਨਹੀਂ ਬੋਲਦਾ ਸੀ,” ਇਸ 34-ਸਾਲਾ ਆਦਿਵਾਸੀ ਕਿਸਾਨ ਦਾ ਕਹਿਣਾ ਹੈ।
ਲੋਨਾਦੇਈ ਵਿੱਚ ਤਕਰੀਬਨ 80 ਪ੍ਰਤੀਸ਼ਤ ਆਬਾਦੀ ਗੋਂਡ ਕਬਾਇਲੀਆਂ ਦੀ ਹੈ। “ਇੱਥੋਂ ਤੱਕ ਕਿ ਜੋ ਲੋਕ ਗੋਂਡ ਭਾਈਚਾਰੇ ਨਾਲ਼ ਸਬੰਧ ਨਹੀਂ ਵੀ ਰੱਖਦੇ ਹਨ ਉਹ ਵੀ ਇਸ ਭਾਸ਼ਾ ਨੂੰ ਬੋਲ ਲੈਂਦੇ ਹਨ,” ਉਹ ਦੱਸਦੇ ਹਨ।
ਰੀਨਾ ਦੇ ਦੋਹਤੇ ਦੋਹਤੀਆਂ ਵੀ ਉਹਨਾਂ ਨੂੰ ਛੇੜਦੇ ਸਨ, “ਮਾਮੀ ਕੋ ਗੋਂਡੀ ਬੋਲਤੇ ਨਹੀਂ ਆਤੀ, ਚਾਚੀ ਕੋ ਗੋਂਡੀ ਬੋਲਤੇ ਨਹੀਂ ਆਤੀ [ਸਾਡੀ ਮਾਮੀ ਨੂੰ ਗੋਂਡੀ ਬੋਲਣੀ ਨਹੀਂ ਆਉਂਦੀ]! ਉਹ ਇਸ ਘਟਨਾ ਨੂੰ ਯਾਦ ਕਰ ਕੇ ਹੱਸਦੇ ਹਨ ਅਤੇ ਕਹਿੰਦੇ ਹਨ, “ਭਾਵੇਂ ਕਿ ਮੈਂ ਸ਼ੁਰੂ ਵਿੱਚ ਅਟਕ ਅਟਕ ਕੇ ਬੋਲਦੀ ਸੀ, ਹੌਲ਼ੀ-ਹੌਲੀ ਮੈਂ ਉਹਨਾਂ ਨਾਲ਼ ਆਪਣੀ ਮਾਤ ਭਾਸ਼ਾ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ।”
ਗੋਂਡੀ ਇੱਕ ਦ੍ਰਵਿਡਿਅਨ ਭਾਸ਼ਾ ਹੈ ਜੋ ਕਿਸੇ ਵੇਲ਼ੇ ਨਾ ਸਿਰਫ਼ ਸਾਰੇ ਮੱਧ ਪ੍ਰਦੇਸ਼ ਵਿੱਚ ਬੋਲੀ ਜਾਂਦੀ ਸੀ ਬਲਕਿ ਕੇਂਦਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਬੋਲੀ ਜਾਂਦੀ ਸੀ। ਅੱਜ, ਇਸ ਭਾਸ਼ਾ ਨੂੰ ਯੂਨੈਸਕੋ ਨੇ ਸੰਭਾਵਿਤ ਤੌਰ ‘ਤੇ ਕੰਮਜ਼ੋਰ ਭਾਸ਼ਾਵਾਂ ਵਿੱਚੋਂ ਇੱਕ ਦੀ ਸੂਚੀ ਵਿੱਚ ਰੱਖਿਆ ਹੋਇਆ ਹੈ। ਭਾਵੇਂ ਕਿ ਗੋਂਡ ਭਾਈਚਾਰਾ ਸੂਬੇ ਵਿੱਚ ਸਭ ਤੋਂ ਵੱਡੇ ਆਦਿਵਾਸੀ ਭਾਈਚਾਰਿਆਂ ਵਿੱਚੋਂ ਇੱਕ ਹੈ, ਪਰ ਉਹਨਾਂ ਦੀ ਭਾਸ਼ਾ ਇਸ ਵੇਲ਼ੇ ਖਤਰੇ ਵਿੱਚ ਹੈ।
















