ਗੋਂਡੀ ਨੇ ਚੰਗੇ ਦਿਨ ਸ਼ਾਇਦ ਵੇਲਾ ਵਿਹਾ ਚੁੱਕੇ ਹਨ।
“…ਗੋਂਡੀ ਇੱਕ ਪੁਰਾਤਨ ਰਿਆਸਤ ਗੋਂਡਵਾਨਾ ਦੀ ਅਧਿਕਾਰਿਕ ਭਾਸ਼ਾ ਸੀ ਅਤੇ ਇਸ ਦੀ ਆਪਣੀ ਲਿਪੀ, ਵਿਆਕਰਣ, ਅਲੰਕਾਰ, ਨਿਰੁਕਤਕਾਰੀ, ਅਤੇ ਸਾਹਿਤ ਸੀ ਜੋ ਅੱਜ ਵੀ ਉਪਲਬਧ ਹਨ,” ਭਾਸ਼ਾ ਖੋਜ ਅਤੇ ਪ੍ਰਕਾਸ਼ਨ ਕੇਂਦਰ ਦੀ ਵੈੱਬਸਾਈਟ ਤੇ ਗੋਂਡੀ ਸਾਹਿਤ ਦੇ ਵਿਦਵਾਨ ਮੋਤੀਰਾਮ ਕੰਗਾਲੀ ਦਾ ਕਹਿਣਾ ਹੈ।
ਅੱਜ ਦੇ ਮੱਧ ਪ੍ਰਦੇਸ਼ ਦਾ ਵੱਡਾ ਹਿੱਸਾ ਗੋਂਡ ਰਾਜ ਦਾ ਹਿੱਸਾ ਸੀ। “ਅਸੀਂ ਗੌਰਾ ਦੇਵੀ ਦੇ ਵੰਸ਼ਜ ਹਾਂ [ਹਿੰਦੂ ਮਿਥਿਹਾਸ ਵਿੱਚ ਪਾਰਵਤੀ ਅਤੇ ਦੁਰਗਾ], ਇਸੇ ਕਰ ਕੇ ਅਸੀਂ ਖ਼ੁਦ ਨੂੰ ਗੋਂਡ ਕਹਿੰਦੇ ਹਾਂ,” ਛਿੰਦਵਾੜਾ ਦੇ ਗੋਂਡ ਸੋਸ਼ਲ ਵਰਕਰ ਰਾਮਨਾਥ ਪ੍ਰਤੇਤੀ ਦੱਸਦੇ ਹਨ। ਪਰ ਸਮਕਾਲੀ ਸਮੇਂ ਵਿੱਚ ਇਸ ਭਾਈਚਾਰੇ ਦੀ ਅਮੀਰ ਵਿਰਾਸਤ ਅਤੇ ਇਤਿਹਾਸ ਨੂੰ ਸਿਰਫ਼ ਗੋਂਡ ਰਾਣੀ ਕਮਲਾਪਤੀ ਦੇ ਨਾਮ 'ਤੇ ਰੇਲਵੇ ਸਟੇਸ਼ਨ ਦਾ ਨਾਮ ਰੱਖਣ ਵਰਗੇ ਸੰਕੇਤਾਂ ਨਾਲ਼ ਹੀ ਸਾਰ ਦਿੱਤਾ ਜਾਂਦਾ ਹੈ।
ਉਹਨਾਂ ਦੀ ਭਾਸ਼ਾ ਦਾ ਵੀ ਪਤਨ ਹੋਇਆ ਹੈ ਅਤੇ ਇਹ ਹੁਣ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਘਰ ਦੀ ਚਾਰ ਦੀਵਾਰੀ ਤੋਂ ਬਾਹਰ, ਜਨਤਕ ਥਾਵਾਂ 'ਤੇ ਇਸ ਭਾਈਚਾਰੇ ਦੇ ਲੋਕ ਅਕਸਰ ਹਿੰਦੀ ਵਿੱਚ ਹੀ ਗੱਲ ਕਰਦੇ ਹਨ। ਜ਼ਿਆਦਾਤਰ ਬਜ਼ੁਰਗ ਲੋਕ ਹੀ ਹੁਣ ਗੋਂਡੀ ਬੋਲਦੇ ਹਨ; ਨੌਜਵਾਨ ਪੀੜ੍ਹੀ ਇਸ ਭਾਸ਼ਾ ਨੂੰ ਸਿੱਖਣ ਤੋਂ ਜਾਂ ਬੋਲਣ ਤੋਂ ਗੁਰੇਜ਼ ਕਰਦੀ ਹੈ। ਕਈ ਲੋਕ ਇਸ ਦਾ ਕਾਰਨ ਦੂਜਿਆਂ ਨੂੰ ਇਸ ਬੋਲੀ ਦਾ ਨਾ ਸਮਝ ਪਾਉਣਾ ਜਾਂ ਗ਼ੈਰ-ਗੋਂਡੀ ਲੋਕਾਂ ਵੱਲੋਂ ਮਜ਼ਾਕ ਉਡਾਏ ਜਾਣਾ ਮੰਨਦੇ ਹਨ।
ਪ੍ਰਾਰਥਨਾ ਦੇ ਪਿਤਾ ਮੰਤਰਾਮ ਪ੍ਰਤੇਤੀ, ਜੋ ਕਿ ਲੋਨਾਦੇਈ ਦੇ ਕਿਸਾਨ ਹਨ, ਘਰ ਵਿੱਚ ਆਪਣੇ ਬੱਚਿਆਂ ਨਾਲ਼ ਸਿਰਫ਼ ਗੋਂਡੀ ਵਿੱਚ ਹੀ ਗੱਲ ਕਰਦੇ ਹਨ; ਹਾਲਾਂਕਿ ਘਰੋਂ ਬਾਹਰ ਪਰਿਵਾਰ ਦੇ ਸਾਰੇ ਮੈਂਬਰ ਆਪਸ ਵਿੱਚ ਹਿੰਦੀ ਵਿੱਚ ਹੀ ਗੱਲ ਕਰਦੇ ਹਨ। “ਕਈ ਵਾਰ ਸਾਡੇ ਸ਼ਬਦਾਂ ਨੂੰ ਨਾ ਸਮਝਣ ਕਾਰਨ ਉਹ [ਗ਼ੈਰ-ਗੋਂਡੀ ਲੋਕ] ਸਾਡਾ ਮਜ਼ਾਕ ਬਣਾਉਂਦੇ ਹਨ,” ਉਹ ਕਹਿੰਦੇ ਹਨ। “ਹਾਲੇ ਵੀ ਲੋਕੀਂ ਗੋਂਡੀ ਦਾ ਨਾਂਅ ਲੈ-ਲੈ ਛੇੜਦੇ ਹਨ।”
ਮੰਤਰਾਮ ਹਾਲ ਦਾ ਹੀ ਇੱਕ ਕਿੱਸਾ ਸੁਣਾਉਂਦੇ ਹਨ ਜਦ ਉਹ ਆਪਣੇ ਬੇਟੇ, ਪ੍ਰਿਥਵੀਰਾਜ, ਨੂੰ ਮਿਲ਼ਣ ਉਸ ਦੇ ਸਕੂਲ ਗਏ ਸਨ। “ਮੈਂ ਉਸ ਨਾਲ਼ ਗੋਂਡੀ ਵਿੱਚ ਗੱਲ ਕਰ ਰਿਹਾ ਸੀ। ਅਧਿਆਪਕ ਅਤੇ ਹੋਰ ਬੱਚੇ ਜੋ ਭਾਸ਼ਾ ਤੋਂ ਅਣਜਾਣ ਸਨ, ਨੇ ਸਾਡੇ 'ਤੇ ਹੱਸਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਮੈਨੂੰ ਬੜੀ ਨਮੋਸ਼ੀ ਹੋਈ,” ਉਹ ਦੱਸਦੇ ਹਨ। ਉਦੋਂ ਤੋਂ ਹੀ ਉਹਨਾਂ ਦੇ ਬੇਟੇ ਨੇ ਸਕੂਲ ਵਿੱਚ ਮਿਲ਼ਣ ਆਉਣ ਸਮੇਂ ਗੋਂਡੀ ਬੋਲਣ ਤੋਂ ਮਨ੍ਹਾ ਹੀ ਕੀਤਾ ਹੈ: “ਉਸਨੇ ਮੈਨੂੰ ਕਿਹਾ ਕਿ ਜਦ ਮੈਂ ਘਰ ਆਵਾਂ ਤਾਂ ਤੁਸੀਂ ਦਿਲ ਭਰ ਕੇ ਗੋਂਡੀ ਬੋਲ ਸਕਦੇ ਹੋ।”
ਪ੍ਰਮੁੱਖ ਤੌਰ 'ਤੇ ਗੋਂਡ ਪਿੰਡ ਹੋਣ ਦੇ ਬਾਵਜੂਦ ਲੋਨਾਦੇਈ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਬੋਲਣ ਅਤੇ ਇਸ 'ਤੇ ਮਾਣ ਕਰਨ ਦੀ ਮੁਸ਼ਕਿਲ ਜੰਗ ਲੜ ਰਿਹਾ ਹੈ। ਰਾਮਨਾਥ ਜੀ ਦਾ ਕਹਿਣਾ ਹੈ ਕਿ ਲੋਨਾਦੇਈ ਵਿੱਚ ਜੋ ਵੀ ਹੋ ਰਿਹਾ ਹੈ ਉਹ ਜਿਲ੍ਹੇ ਵਿੱਚ ਵਾਪਰ ਰਹੀ ਵੱਡੀ ਸਥਿਤੀ ਦਾ ਪ੍ਰਤੀਬਿੰਬ ਹੈ। “ਇੱਥੇ ਛਿੰਦਵਾੜਾ ਵਿੱਚ ਗੋਂਡ ਲੋਕਾਂ ਨੂੰ ਨੀਵੀਂ ਜਾਤ ਦਾ ਮੰਨਿਆ ਜਾਂਦਾ ਹੈ। ਇਸ ਕਾਰਨ ਲੋਕਾਂ ਵਿੱਚ ਇਹ ਡਰ ਹੈ ਕਿ ਜਨਤਕ ਥਾਵਾਂ ‘ਤੇ ਗੋਂਡੀ ਬੋਲਣ ਕਾਰਨ ਉਹਨਾਂ ਨੂੰ ਨੀਵਾਂ ਸਮਝਿਆ ਜਾਵੇਗਾ। ਇਸ ਕਰ ਕੇ ਉਹ ਆਪਸ ਵਿੱਚ ਹੀ ਗੋਂਡੀ ਬੋਲਣਾ ਪਸੰਦ ਕਰਦੇ ਹਨ,” ਉਹ ਸਮਝਾਉਂਦੇ ਹਨ।
ਰਾਮਨਾਥ ਜੀ ਦਾ ਮੰਨਣਾ ਹੈ ਕਿ ਸਕੂਲੀ ਪ੍ਰਬੰਧ ਦਾ ਗੋਂਡ ਲੋਕਾਂ ਨੂੰ ਉਹਨਾਂ ਦੀ ਬੋਲੀ ਤੋਂ ਦੂਰ ਕਰਨ ਦੇ ਨਾਲ਼ ਨਾਲ਼ ਉਹਨਾਂ ਨਾਲ਼ ਹੁੰਦੇ ਵਿਤਕਰੇ ਵਿੱਚ ਖ਼ਾਸਾ ਵੱਡਾ ਰੋਲ਼ ਹੈ। ਉਹ ਯਾਦ ਕਰਦੇ ਹਨ ਕਿ ਅਤਰਵਾੜਾ ਬਲਾਕ ਵਿੱਚ ਉਹ ਜਿਸ ਸਰਕਾਰੀ ਸਕੂਲ ਵਿੱਚ ਜਾਂਦੇ ਸਨ ਉੱਥੇ ਉਹਨਾਂ ਦੇ ਭਾਈਚਾਰੇ ਨਾਲ਼ ਸਬੰਧ ਰੱਖਦੇ ਬੱਚਿਆਂ ਦਾ ਮਜ਼ਾਕ ਬਣਾਇਆ ਜਾਂਦਾ ਸੀ।
ਉੱਚੀ ਜਾਤ ਵਾਲ਼ੇ ਅਧਿਆਪਕ ਗੋਂਡ ਬੱਚਿਆਂ ਨੂੰ ਦੂਜੀ ਜਾਤ ਵਾਲ਼ੇ ਅਤੇ ਆਦਿਵਾਸੀ ਵਿਦਿਆਰਥੀਆਂ ਤੋਂ ਵੱਖਰਾ ਬਿਠਾਉਂਦੇ ਸਨ। ਉਹ ਇੱਥੇ ਹੀ ਨਹੀਂ ਰੁਕਦੇ ਸਨ। “ਮੈਂ ਸ਼ਾਇਦ ਦਸਵੀਂ ਜਮਾਤ ਵਿੱਚ ਹੋਵਾਂਗਾ ਜਦ ਮੈਂ ਸ਼ਰਮਾ ਸਰ ਨੂੰ ਮੇਰੇ ਪਿੰਡ ਦੇ ਦੋ ਗੋਂਡ ਲੜਕਿਆਂ ਨੂੰ ਕੁੱਟਦੇ ਤੇ ਗਾਲ਼ਾਂ ਕੱਢਦੇ ਦੇਖਿਆ, ‘ਤੁਸੀਂ ਗੋਂਡਾਂ ਦੇ ਬੱਚੇ ਹੋ। ਮੈਂ ਕਿੰਨਾ ਵੀ ਸਿਖਾ ਲਵਾਂ ਤੁਸੀਂ ਕਦੇ ਕੁਝ ਨਹੀਂ ਸਿੱਖ ਸਕਦੇ’। ਉਸ ਦਿਨ ਤੋਂ ਬਾਅਦ ਉਨ੍ਹਾਂ ਲੜਕਿਆਂ ਨੇ ਸਕੂਲ ਆਉਣਾ ਹੀ ਬੰਦ ਕਰ ਦਿੱਤਾ।”