“ਸ਼ਾਮ ਵੇਲੇ ਸਾਰੇ ਜਾਨਵਰ ਇੱਥੇ ਆਰਾਮ ਕਰਨ ਆਉਂਦੇ ਹਨ। ਇਹ ਬੋਹੜ੍ਹ ਦਾ ਰੁੱਖ ਹੈ।”

ਪੋਸਟਰ ਦੇ ਆਕਾਰ ਦੇ ਕਾਗਜ਼ ’ਤੇ ਸੁਚੱਜੇ ਢੰਗ ਨਾਲ ਰੰਗਦਾਰ ਲਕੀਰਾਂ ਖਿੱਚਦਿਆਂ ਸੁਰੇਸ਼ ਧੁਰਵੇ ਗੱਲ ਕਰ ਰਿਹਾ ਹੈ। “ਇਹ ਪਿੱਪਲ ਦਾ ਰੁੱਖ ਹੈ ਤੇ ਬਹੁਤ ਸਾਰੇ ਪੰਛੀ ਆ ਕੇ ਇਹਦੇ ’ਤੇ ਬਹਿਣਗੇ,” ਵੱਡੇ, ਜਾਨਦਾਰ ਰੁੱਖ ਦੀਆਂ ਹੋਰ ਟਾਹਣੀਆਂ ਛਾਪਦਿਆਂ ਉਹਨੇ PARI ਨੂੰ ਕਿਹਾ।

49 ਸਾਲਾ ਗੌਂਦ ਚਿੱਤਕਕਾਰ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਆਪਣੇ ਘਰ ਦੇ ਫ਼ਰਸ਼ ’ਤੇ ਬੈਠਾ ਹੈ। ਦਰਵਾਜ਼ੇ ’ਤੇ ਲੱਗੇ ਇੱਕ ਰੁੱਖ ਅਤੇ ਉੱਪਰਲੀ ਮੰਜ਼ਿਲ ਦੇ ਕਮਰੇ ਦੀਆਂ ਖਿੜਕੀਆਂ ਵਿੱਚੋਂ ਚਾਨਣ ਦੀਆਂ ਕਿਰਨਾਂ ਪੈ ਰਹੀਆਂ ਹਨ। ਫ਼ਰਸ਼ ’ਤੇ ਉਹਦੇ ਨੇੜੇ ਹਰੇ ਰੰਗ ਦਾ ਛੋਟਾ ਜਿਹਾ ਡੱਬਾ ਪਿਆ ਹੈ ਜਿਸ ਵਿੱਚ ਉਹ ਵਾਰ-ਵਾਰ ਬੁਰਸ਼ ਡੁਬੋ ਰਿਹਾ ਹੈ। “ਪਹਿਲਾਂ ਅਸੀਂ ਬੁਰਸ਼ ਲਈ ਬਾਂਸ ਦੀਆਂ ਡੰਡੀਆਂ ਤੇ ਵਾਲਾਂ ਲਈ ਕਾਟੋਆਂ ਦੇ ਵਾਲ ਵਰਤਦੇ ਸੀ। ਉਹ (ਕਾਟੋ ਦੇ ਵਾਲ) ਹੁਣ ਬੰਦ ਕਰ ਦਿੱਤੇ ਗਏ ਹਨ, ਜੋ ਚੰਗਾ ਹੀ ਹੋਇਆ। ਹੁਣ ਅਸੀਂ ਪਲਾਸਟਿਕ ਦੇ ਬੁਰਸ਼ ਵਰਤਦੇ ਹਾਂ,” ਉਹਨੇ ਦੱਸਿਆ।

ਸੁਰੇਸ਼ ਦਾ ਕਹਿਣਾ ਹੈ ਕਿ ਉਹਦੇ ਬਣਾਏ ਚਿੱਤਰ ਕਹਾਣੀਆਂ ਕਹਿੰਦੇ ਹਨ ਅਤੇ “ਜਦ ਮੈਂ ਚਿੱਤਰ ਬਣਾ ਰਿਹਾ ਹੁੰਦਾ ਹੈ, ਮੈਨੂੰ ਇਹ ਸੋਚਣ ਵਿੱਚ ਬੜਾ ਸਮਾਂ ਲਾਉਣਾ ਪੈਂਦਾ ਹੈ ਕਿ ਕੀ ਬਣਾਉਣਾ ਹੈ। ਜਿਵੇਂ ਕਿ ਜੇ ਦੀਵਾਲੀ ਆ ਰਹੀ ਹੈ ਤਾਂ ਮੈਨੂੰ ਇਸ ਤਿਉਹਾਰ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਜਿਵੇਂ ਕਿ ਗਾਵਾਂ ਤੇ ਦੀਵਿਆਂ ਬਾਰੇ ਸੋਚਣਾ ਪਵੇਗਾ।” ਗੌਂਦ ਚਿੱਤਰਕਾਰ ਆਪਣੇ ਕੰਮ ਵਿੱਚ ਜੀਵ-ਜੰਤੂ, ਜੰਗਲ ਤੇ ਆਸਮਾਨ, ਕਿੱਸੇ ਤੇ ਲੋਕ ਕਥਾਵਾਂ, ਕਿਸਾਨੀ ਤੇ ਸਮਾਜਿਕ ਰਿਸ਼ਤਿਆਂ ਨੂੰ ਦਰਸਾਉਂਦੇ ਹਨ।

ਜੰਗੜ੍ਹ ਸਿੰਘ ਸ਼ਿਆਮ ਨੇ ਭੋਪਾਲ ਆ ਕੇ ਸਭ ਤੋਂ ਪਹਿਲਾਂ ਕੱਪੜੇ ’ਤੇ ਅਤੇ ਫੇਰ ਕੈਨਵਸ ਤੇ ਕਾਗਜ਼ ’ਤੇ ਚਿੱਤਰ ਬਣਾਉਣੇ ਸ਼ੁਰੂ ਕੀਤੇ ਸਨ

ਵੀਡੀਓ ਦੇਖੋ: ਗੌਂਦ ਕਲਾ: ਜ਼ਮੀਨੀ ਕਹਾਣੀਆਂ

ਸੁਰੇਸ਼ ਪਾਟਨਗੜ੍ਹ ਮਲ – ਉਹ ਪਿੰਡ ਜਿੱਥੋਂ ਭੋਪਾਲ ਦੇ ਉਸ ਵਰਗੇ ਗੌਂਦ ਚਿੱਤਰਕਾਰਾਂ ਦਾ ਪਿਛੋਕੜ ਹੈ – ਵਿੱਚ ਜੰਮਿਆ ਸੀ। ਇਹ ਇਲਾਕਾ ਨਰਮਦਾ ਨਦੀ ਦੇ ਦੱਖਣ ਵੱਲ ਹੈ ਤੇ ਅਮਰਕੰਟਕ-ਅਚਨਾਕਮਰ ਟਾਈਗਰ ਰਿਜ਼ਰਵ ਦੇ ਜੰਗਲਾਂ ਦਰਮਿਆਨ ਪੈਂਦਾ ਹੈ। ਅਚਨਾਕਮਰ ਜੰਗਲ ਜੰਗਲੀ ਜਾਨਵਰਾਂ, ਰੁੱਖਾਂ ਦੀਆਂ ਕਿਸਮਾਂ, ਫੁੱਲਾਂ, ਪੰਛੀਆਂ ਤੇ ਕੀਟਾਂ ਨਾਲ ਭਰਿਆ ਹੋਇਆ ਹੈ ਜੋ ਗੌਂਦ ਚਿੱਤਰਾਂ ਵਿੱਚ ਨਜ਼ਰ ਆਉਂਦੇ ਹਨ।

“ਅਸੀਂ ਜੰਗਲ ਵਿੱਚ ਪਾਈਆਂ ਜਾਂਦੀਆਂ ਚੀਜ਼ਾਂ – ਸੇਮਲ ਦੇ ਰੁੱਖ ਦੇ ਹਰੇ ਪੱਤੇ, ਕਾਲੇ ਪੱਥਰ, ਫੁੱਲ, ਲਾਲ ਮਿੱਟੀ, ਆਦਿ – ਨਾਲ ਰੰਗ ਬਣਾਇਆ ਕਰਦੇ ਸੀ। ਅਸੀਂ ਇਹਨਾਂ ਨੂੰ ਗੂੰਦ ਨਾਲ ਰਲਾਉਂਦੇ ਸੀ,” ਉਹਨੇ ਯਾਦ ਕਰਦਿਆਂ ਕਿਹਾ। “ਹੁਣ ਅਸੀਂ ਐਕਰੀਲਿਕ (ਸਿੰਥੈਟਿਕ ਰੰਗ) ਵਰਤਦੇ ਹਾਂ। ਲੋਕ ਕਹਿੰਦੇ ਹਨ ਕਿ ਕੁਦਰਤੀ ਰੰਗ ਵਰਤਣ ਨਾਲ ਸਾਡੇ ਕੰਮ ਦਾ ਬਿਹਤਰ ਮੁੱਲ ਮਿਲੇਗਾ, ਪਰ ਉਹ ਹੁਣ ਅਸੀਂ ਕਿੱਥੋਂ ਲਿਆਈਏ?” ਘਟਦੇ ਜੰਗਲਾਂ ਦਾ ਜ਼ਿਕਰ ਕਰਦਿਆਂ ਉਹਨੇ ਕਿਹਾ।

ਗੌਂਦ ਚਿੱਤਰਕਲਾ ਤਿਉਹਾਰਾਂ ਤੇ ਵਿਆਹਾਂ ਦੌਰਾਨ ਪਿੰਡ ਦੇ ਆਦਿਵਾਸੀ ਘਰਾਂ ਦੀਆਂ ਕੰਧਾਂ ’ਤੇ ਕੀਤੀ ਜਾਂਦੀ ਚਿੱਤਰਕਲਾ ਸੀ। 1970ਵਿਆਂ ਵਿੱਚ ਮਸ਼ਹੂਰ ਗੌਂਦ ਚਿੱਤਰਕਾਰ ਜੰਗੜ੍ਹ ਸਿੰਘ ਸ਼ਿਆਮ ਨੇ ਸੂਬੇ ਦੀ ਰਾਜਧਾਨੀ ਭੋਪਾਲ ਆ ਕੇ ਪਹਿਲਾਂ ਕੱਪੜੇ ’ਤੇ ਅਤੇ ਫੇਰ ਕੈਨਵਸ ਤੇ ਕਾਗਜ਼ ਤੇ ਚਿੱਤਰ ਬਣਾਉਣੇ ਸ਼ੁਰੂ ਕੀਤੇ। ਇਸ ਕਲਾ ਨੂੰ – ਕਾਗਜ਼ ਤੇ ਕੈਨਵਸ ’ਤੇ – ਨਵਾਂ ਰੂਪ ਦੇਣ ਦਾ ਸਿਹਰਾ ਉਸੇ ਨੂੰ ਜਾਂਦਾ ਹੈ। 1986 ਵਿੱਚ ਉਸ ਮਰਹੂਮ ਕਲਾਕਾਰ ਨੂੰ ਆਪਣੇ ਯੋਗਦਾਨ ਲਈ ਸੂਬੇ ਦੇ ਸਰਵਉੱਚ ਨਾਗਰਿਕ ਸਨਮਾਨ – ਸ਼ਿਖਰ ਸਨਮਾਨ – ਨਾਲ ਨਵਾਜਿਆ ਗਿਆ।

ਪਰ ਅਪ੍ਰੈਲ 2023 ਵਿੱਚ ਜਦ ਗੌਂਦ ਕਲਾ ਨੂੰ ਆਖਰਕਾਰ ਭੂਗੋਲਿਕ ਸੂਚਕ (GI) ਦਾ ਟੈਗ ਮਿਲਿਆ ਤਾਂ ਜੰਗੜ੍ਹ ਦੇ ਭਾਈਚਾਰੇ ਨੂੰ ਅਣਗੌਲਿਆਂ ਕੀਤਾ ਗਿਆ ਤੇ ਭੋਪਾਲ ਯੁਵਾ ਪਰਿਆਵਰਨ ਸ਼ਿਕਸ਼ਣ ਏਵਮ ਸਮਾਜਿਕ ਸੰਸਥਾਨ ਅਤੇ ਡਿੰਡੋਰੀ ਜ਼ਿਲ੍ਹੇ ਦੀ ਤੇਜੱਸਵਨੀ ਮੇਕਾਲਸੁਤਾ ਮਹਾਂਸੰਘ ਗੋਰਖਪੁਰ ਸਮਿਤੀ ਨੂੰ GI  ਟੈਗ ਦਿੱਤਾ ਗਿਆ। ਇਸ ਕਾਰਜ ਨੇ ਭੋਪਾਲ ਦੇ ਚਿੱਤਰਕਾਰਾਂ, ਜੰਗੜ੍ਹ ਸਿੰਘ ਦੇ ਪਰਿਵਾਰ ਤੇ ਸ਼ਾਗਿਰਦਾਂ ਨੂੰ ਬਹੁਤ ਦੁੱਖ ਪਹੁੰਚਾਇਆ। ਮਰਹੂਮ ਚਿੱਤਰਕਾਰ ਦੇ ਬੇਟੇ, ਮਯੰਕ ਕੁਮਾਰ ਸ਼ਿਆਮ ਦਾ ਕਹਿਣਾ ਹੈ, “ਅਸੀਂ ਚਾਹੁੰਦੇ ਹਾਂ ਕਿ ਜੰਗੜ੍ਹ ਸਿੰਘ ਦਾ ਨਾਮ GI ਦੇ ਬਾਕੀ ਉਮੀਦਵਾਰਾਂ ਵਿੱਚ ਹੋਵੇ। ਉਹਦੇ ਬਿਨ੍ਹਾਂ ਗੌਂਦ ਕਲਾ ਹੋ ਨਹੀਂ ਸੀ ਸਕਦੀ।”

PHOTO • Priti David
PHOTO • Priti David

ਖੱਬੇ: ਅਪ੍ਰੈਲ 2023 ਵਿੱਚ ਗੌਂਦ ਕਲਾ ਲਈ ਜਾਰੀ ਕੀਤਾ ਗਿਆ ਭੂਗੋਲਿਕ ਸੂਚਕ ਸਰਟੀਫਿਕੇਟ  ਸੱਜੇ: ਭੋਪਾਲ ਦੇ ਚਿੱਤਰਕਾਰ ਨਨਖੁਸ਼ੀਆ ਸ਼ਿਆਮ, ਸੁਰੇਸ਼ ਧੁਰਵੇ, ਸੁਭਾਸ਼ ਵਿਆਮ, ਸੁਖਨੰਦੀ ਵਿਆਮ, ਹੀਰਾਮਾਨ ਉਰਵੇਤੀ, ਮਯੰਕ ਸ਼ਿਆਮ ਜਿਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਣਦੇਖਿਆਂ ਕੀਤਾ ਗਿਆ

ਕਾਹਲੀ ਨਾਲ ਜਵਾਬ ਦਿੰਦਿਆਂ ਡਿੰਡੋਰੀ ਜ਼ਿਲ੍ਹੇ ਦੇ ਕਲੈਕਟਰ, ਵਿਕਾਸ ਮਿਸ਼ਰਾ ਜਿਹਨਾਂ ਨੇ GI ਲਈ ਜੋਰ ਪਾਇਆ ਸੀ, ਨੇ ਫੋਨ ’ਤੇ ਕਿਹਾ, “GI ਟੈਗ ਸਾਰੇ ਗੌਂਦ ਚਿੱਤਰਕਾਰਾਂ ਲਈ ਹੈ। ਕੋਈ ਕਿੱਥੇ ਰਹਿੰਦਾ ਹੈ, ਇਸ ਲਿਹਾਜ਼ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ। ਭੋਪਾਲ ਦੇ ਚਿੱਤਰਕਾਰ ਆਪਣੀ ਕਲਾ ਨੂੰ ‘ਗੌਂਦ’ ਕਹਿ ਸਕਦੇ ਹਨ ਕਿਉਂਕਿ ਉਹ ਸਾਰੇ ਇੱਥੋਂ ਹੀ ਹਨ। ਉਹ ਸਭ ਇੱਕੋ ਹੀ ਲੋਕ ਹਨ।”

ਜਨਵਰੀ 2024 ਵਿੱਚ ਜੰਗੜ੍ਹ ਦੇ ਭੋਪਾਲ ਵਾਲੇ ਸ਼ਾਗਿਰਦਾਂ ਦੇ ਸਮੂਹ – ਜੰਗੜ੍ਹ ਸਮਵਰਧਨ ਸਮਿਤੀ – ਨੇ ਚੇਨੱਈ ਦੇ GI ਦਫ਼ਤਰ ਵਿੱਚ ਅਰਜ਼ੀ ਦੇ ਕੇ ਆਪਣੇ ਨਾਵਾਂ ਨੂੰ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਵਿਚਾਰ ਕਰਨ ਲਈ ਕਿਹਾ ਪਰ ਇਸ ਰਿਪੋਰਟ ਦੇ ਛਪਣ ਤੱਕ ਕੁਝ ਵੀ ਨਹੀਂ ਸੀ ਬਦਲਿਆ।

*****

ਪਾਟਨਗੜ੍ਹ ’ਚ ਵੱਡੇ ਹੁੰਦਿਆਂ ਸੁਰੇਸ਼, ਜੋ ਪਰਿਵਾਰ ਵਿੱਚੋਂ ਸਭ ਤੋਂ ਛੋਟਾ ਤੇ ਇਕਲੌਤਾ ਬੇਟਾ ਹੈ, ਨੂੰ ਉਹਦੇ ਮਾਹਰ ਚਿੱਤਰਕਾਰ ਪਿਤਾ ਜੋ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਨਾਲ ਕੰਮ ਕਰ ਲੈਂਦੇ ਸਨ, ਨੇ ਸਿਖਲਾਈ ਦਿੱਤੀ। “ਉਹ ਠਾਕੁਰ ਦੇਵ ਦੀਆਂ ਮੂਰਤੀਆਂ ਬਣਾ ਲੈਂਦੇ ਸਨ, ਦਰਵਾਜ਼ਿਆਂ ’ਤੇ ਸਜਾਵਟ ਲਈ ਨਰਤਕੀਆਂ ਦੀ ਨੱਕਾਸ਼ੀ ਕਰ ਲੈਂਦੇ ਸਨ। ਮੈਨੂੰ ਨਹੀਂ ਪਤਾ ਕਿ ਇਹ ਸਭ ਉਹਨਾਂ ਨੂੰ ਕਿਸਨੇ ਸਿਖਾਇਆ ਪਰ ਉਹ – ਮਿਸਤਰੀ ਦੇ ਕੰਮ ਤੋਂ ਲੈ ਕੇ ਤਰਖਾਣ ਦੇ ਕੰਮ ਤੱਕ – ਕਿੰਨਾ ਹੀ ਕੁਝ ਕਰ ਲੈਂਦੇ ਸਨ।

ਬਚਪਨ ਵਿੱਚ ਉਹ ਉਹਨਾਂ ਨਾਲ ਫਿਰਦਿਆਂ, ਉਹਨਾਂ ਨੂੰ ਦੇਖ-ਦੇਖ ਕਾਰੀਗਰੀ ਸਿੱਖਦਾ ਰਿਹਾ। “ ਮਿੱਟੀ ਕਾ ਕਾਮ ਹੋਤਾ ਥਾ (ਤਿਉਹਾਰਾਂ ਲਈ ਅਸੀਂ ਮਿੱਟੀ ਦੀਆਂ ਮੂਰਤੀਆਂ ਬਣਾਉਂਦੇ ਸੀ)। ਮੇਰੇ ਪਿਤਾ ਦਾ ਲੱਕੜ ਦਾ ਕੰਮ ਸਾਡੇ ਪਿੰਡ ਦੇ ਲੋਕਾਂ ਲਈ ਸੀ। ਪਰ ਇਹ ਸ਼ੌਕੀਆ ਸੀ, ਇਸ ਕੰਮ ਤੋਂ ਉਹਨਾਂ ਨੇ ਪੈਸੇ ਨਹੀਂ ਕਮਾਏ। ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਖਾਣ ਲਈ ਕੁਝ ਮਿਲ ਜਾਂਦਾ ਸੀ – ਅਨਾਜ ਮੁਦਰਾ (ਕਰੰਸੀ) ਸੀ। ਸੋ ਕਣਕ ਜਾਂ ਚੌਲਾਂ ਦੀ ਤਕਰੀਬਨ ਅੱਧੀ ਜਾਂ ਇੱਕ ਪੰਸੇਰੀ (ਪੰਜ ਕਿਲੋ),” ਉਹਨੇ ਯਾਦ ਕਰਦਿਆਂ ਆਖਿਆ।

PHOTO • Priti David
PHOTO • Priti David

ਸੁਰੇਸ਼ (ਖੱਬੇ) ਪਾਟਨਗੜ੍ਹ ਮਾਲ – ਉਹ ਪਿੰਡ ਜਿੱਥੋਂ ਭੋਪਾਲ ਦੇ ਉਸ ਵਰਗੇ ਗੌਂਡ ਚਿੱਤਰਕਾਰਾਂ ਦਾ ਪਿਛੋਕੜ ਹੈ – ਵਿੱਚ ਜੰਮਿਆ ਸੀ। ਇਹ ਇਲਾਕਾ ਨਰਮਦਾ ਨਦੀ ਦੇ ਦੱਖਣ ਵੱਲ ਹੈ ਤੇ ਅਮਰਕੰਟਕ-ਅਚਨਾਕਮਰ ਟਾਈਗਰ ਰਿਜ਼ਰਵ ਦੇ ਜੰਗਲਾਂ ਦਰਮਿਆਨ ਪੈਂਦਾ ਹੈ। ਅਚਨਾਕਮਰ ਜੰਗਲ ਜੰਗਲੀ ਜਾਨਵਰਾਂ, ਰੁੱਖਾਂ ਦੀਆਂ ਕਿਸਮਾਂ, ਫੁੱਲਾਂ, ਪੰਛੀਆਂ ਤੇ ਕੀਟਾਂ ਨਾਲ ਭਰਿਆ ਹੋਇਆ ਹੈ ਜੋ ਗੌਂਦ ਚਿੱਤਰਾਂ ਵਿੱਚ ਨਜ਼ਰ ਆਉਂਦੇ ਹਨ (ਸੱਜੇ)

ਪਰਿਵਾਰ ਕੋਲ ਥੋੜ੍ਹੀ ਜਿਹੀ ਜ਼ਮੀਨ ਸੀ, ਜਿਸ ਨੂੰ ਮੀਂਹ ਦਾ ਪਾਣੀ ਲਗਦਾ ਸੀ, ਤੇ ਇਸ ਤੇ ਉਹ ਆਪਣੇ ਲਈ ਝੋਨਾ, ਕਣਕ ਤੇ ਛੋਲੇ ਉਗਾਉਂਦੇ ਸਨ। ਜਵਾਨੀ ਸਮੇਂ ਸੁਰੇਸ਼ ਹੋਰਨਾਂ ਦੇ ਖੇਤਾਂ ਵਿੱਚ ਕੰਮ ਕਰਦਾ ਸੀ: “ਮੈਂ ਕਿਸੇ ਦੇ ਖੇਤ ਜਾਂ ਜ਼ਮੀਨ ਤੇ ਕੰਮ ਕਰਕੇ ਦਿਨ ਦੇ ਢਾਈ ਰੁਪਏ ਕਮਾ ਲੈਂਦਾ ਸੀ ਪਰ ਇਹ ਕੰਮ ਹਰ ਰੋਜ਼ ਨਹੀਂ ਸੀ ਮਿਲਦਾ।”

1986 ਵਿੱਚ ਸੁਰੇਸ਼ 10 ਸਾਲ ਦੀ ਉਮਰ ਵਿੱਚ ਅਨਾਥ ਹੋ ਗਿਆ। “ਮੈਂ ਬਿਲਕੁਲ ਇਕੱਲਾ ਰਹਿ ਗਿਆ,” ਉਹਨੇ ਯਾਦ ਕਰਦਿਆਂ ਦੱਸਿਆ ਕਿ ਉਹਦੀਆਂ ਵੱਡੀਆਂ ਭੈਣਾਂ ਦੇ ਵਿਆਹ ਹੋ ਗਏ ਸਨ, ਇਸ ਲਈ ਉਹਨੂੰ ਆਪਣਾ ਗੁਜ਼ਾਰਾ ਆਪ ਕਰਨਾ ਪਿਆ। “ਇੱਕ ਦਿਨ ਜੰਗੜ੍ਹ ਦੀ ਮਾਂ, ਜਿਸਨੇ ਪਿੰਡਾਂ ਦੀਆਂ ਕੰਧਾਂ ’ਤੇ ਮੇਰੀ ਚਿੱਤਰਕਾਰੀ ਦੇਖੀ ਸੀ, ਨੇ ਸੋਚਿਆ ਕਿ ਕਿਉਂ ਨਾ ਮੈਨੂੰ ਆਪਣੇ ਨਾਲ (ਭੋਪਾਲ) ਲੈ ਜਾਵੇ। ‘ਉਹ ਕੁਝ ਸਿੱਖ ਜਾਵੇਗਾ’,” ਉਹਨੇ ਦੱਸਿਆ। ਉਹਨਾਂ ਨੇ ਪੂਰਬੀ ਮੱਧ ਪ੍ਰਦੇਸ਼ ਤੋਂ ਰਾਜਧਾਨੀ ਪਹੁੰਚਣ ਲਈ 600 ਕਿਲੋਮੀਟਰ ਦਾ ਸਫ਼ਰ ਕੀਤਾ।

ਜੰਗੜ੍ਹ ਸਿੰਘ ਉਸ ਵੇਲੇ ਭੋਪਾਲ ਦੇ ਭਾਰਤ ਭਵਨ ਵਿੱਚ ਕੰਮ ਕਰ ਰਿਹਾ ਸੀ। “ਜੰਗੜ੍ਹ ਜੀ, ਮੈਂ ਉਹਨਾਂ ਨੂੰ ‘ਭਈਆ’ ਕਹਿੰਦਾ ਸੀ। ਉਹ ਮੇਰੇ ਗੁਰੂ ਸਨ। ਉਹਨਾਂ ਨੇ ਮੈਨੂੰ ਕੰਮ ਲਾਇਆ। ਮੈਂ ਪਹਿਲਾਂ ਕਦੇ ਕੈਨਵਸ ’ਤੇ ਕੰਮ ਨਹੀਂ ਸੀ ਕੀਤਾ, ਮੈਂ ਸਿਰਫ਼ ਕੰਧਾਂ ’ਤੇ ਚਿੱਤਰਕਾਰੀ ਕੀਤੀ ਸੀ।” ਸ਼ੁਰੂਆਤ ਵਿੱਚ ਉਸਦਾ ਕੰਮ “ਪੱਥਰ ਅਤੇ ਹੋਰ ਸਮੱਗਰੀ ਨੂੰ ਘਸਾ-ਘਸਾ ਕੇ” ਸਹੀ ਰੰਗ ਬਣਾਉਣਾ ਸੀ।”

ਇਹ ਚਾਰ ਦਹਾਕੇ ਪਹਿਲਾਂ ਦੀ ਗੱਲ ਹੈ। ਉਦੋਂ ਤੋਂ ਸੁਰੇਸ਼ ਨੇ ਆਪਣਾ ਹਸਤਾਖਰ – ‘ਸਿੱਧੀ ਪੀੜ੍ਹੀ’ ਡਿਜ਼ਾਈਨ – ਬਣਾਇਆ। “ਇਹ ਤੁਹਾਨੂੰ ਮੇਰੇ ਹਰ ਕੰਮ ਵਿੱਚ ਵੇਖਣ ਨੂੰ ਮਿਲੇਗਾ,” ਉਹਨੇ ਕਿਹਾ। “ਆਓ ਮੈਂ ਤੁਹਾਨੂੰ ਇਸ ਚਿੱਤਰ ਵਿਚਲੀ ਕਹਾਣੀ ਦੱਸਦਾ ਹਾਂ...”

ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ

Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Editor : Vishaka George

Vishaka George is Senior Editor at PARI. She reports on livelihoods and environmental issues. Vishaka heads PARI's Social Media functions and works in the Education team to take PARI's stories into the classroom and get students to document issues around them.

Other stories by Vishaka George
Video Editor : Sinchita Maji

Sinchita Maji is a Senior Video Editor at the People’s Archive of Rural India, and a freelance photographer and documentary filmmaker.

Other stories by Sinchita Maji
Translator : Arshdeep Arshi

Arshdeep Arshi is an independent journalist and translator based in Chandigarh and has worked with News18 Punjab and Hindustan Times. She has an M Phil in English literature from Punjabi University, Patiala.

Other stories by Arshdeep Arshi