ਰੂਪੇਸ਼ ਮੁਹਾਰਕਰ ਆਪਣੇ ਆਦਮੀਆਂ ਤੇ ਔਰਤਾਂ, ਜੋ ਆਪਣੀ ਉਮਰ ਦੇ 20ਵਿਆਂ ਵਿੱਚ ਹਨ, ਦੇ ਸਮੂਹ ਨੂੰ ਘੇਰੇ ਵਿੱਚ ਲੈ ਕੇ ਉਤਸ਼ਾਹਤ ਕਰਨ ਲੱਗਿਆ ਹੋਇਆ ਹੈ।

“ਚੇਤੰਨ ਰਹੋ,” 31 ਸਾਲਾ ਰੂਪੇਸ਼ ਆਪਣੇ ਛੋਟੇ ਜਿਹੇ ਭਾਸ਼ਣ ਨੂੰ ਸੁਣਨ ਵਾਲੇ ਨੌਜਵਾਨਾਂ ਨੂੰ ਚੀਖ ਕੇ ਕਹਿ ਰਿਹਾ ਹੈ। “ਸੁਸਤੀ ਦਾ ਸਮਾਂ ਨਹੀਂ!” ਉਹ ਉਹਨਾਂ ਨੂੰ ਯਾਦ ਕਰਾਉਂਦਾ ਹੈ ਕਿ ਹੁਣ ਜਾਂ ਕਦੇ ਨਹੀਂ ਵਾਲਾ ਸਮਾਂ ਹੈ।

ਹਾਂ ਵਿੱਚ ਸਿਰ ਹਿਲਾਉਂਦੇ, ਗੰਭੀਰ ਚਿਹਰਿਆਂ ਨਾਲ ਪੂਰਾ ਸਮੂਹ ਜਿੱਤ ਦੇ ਜੈਕਾਰੇ ਛੱਡਣ ਲਗਦਾ ਹੈ। ਪੂਰੇ ਜੋਸ਼ ਵਿੱਚ ਉਹ ਮੁੜ ਤੋਂ ਸਪਰਿੰਟ ਲਾਉਣ, ਦੌੜਨ ਤੇ ਮਾਸਪੇਸ਼ੀਆਂ ਦੇ ਖਿਚਾਅ ਵਿੱਚ ਲੱਗ ਜਾਂਦੇ ਹਨ – ਜੋ ਸਰੀਰਕ ਤਿਆਰੀ ਉਹ ਇੱਕ ਮਹੀਨੇ ਤੋਂ ਕਰ ਰਹੇ ਹਨ।

ਅਪ੍ਰੈਲ ਮਹੀਨੇ ਦੇ ਮੁੱਢਲੇ ਦਿਨ ਹਨ, ਸਵੇਰ ਦੇ 6 ਵੱਜੇ ਹਨ ਅਤੇ ਭੰਡਾਰਾ ਦਾ ਸ਼ਿਵਾਜੀ ਸਟੇਡੀਅਮ – ਸ਼ਹਿਰ ਦਾ ਇੱਕੋ-ਇੱਕ ਪਬਲਿਕ ਗ੍ਰਾਊਂਡ – ਛੀਂਟਕੇ ਗੱਭਰੂਆਂ ਨਾਲ ਭਰਿਆ ਹੋਇਆ ਹੈ ਜੋ ਦਮ ਬਣਾਉਣ ਲਈ 100 ਮੀਟਰ ਭੱਜ ਕੇ; 1600 ਮੀਟਰ ਦੀ ਦੌੜ ਲਾ ਕੇ; ਸ਼ਾਟ-ਪੁੱਟ ਦਾ ਅਭਿਆਸ ਕਰਦੇ ਤੇ ਹੋਰ ਮਸ਼ਕਾਂ ਕਰਦੇ ਮਿਹਨਤ ਕਰ ਰਹੇ ਹਨ।

ਉਹਨਾਂ ਦੇ ਮਨ ’ਚ ਆਮ ਚੋਣਾਂ ਪ੍ਰਤੀ ਕੋਈ ਵਿਚਾਰ ਨਹੀਂ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੀਸਰੀ ਵਾਰ ਚੋਣ ਜਿੱਤਣ ਦੀ ਉਮੀਦ ਲਾ ਰਹੇ ਹਨ। ਭੰਡਾਰਾ-ਗੋਂਦੀਆ ਲੋਕ ਸਭਾ ਹਲਕਾ 19 ਅਪ੍ਰੈਲ, 2024 ਨੂੰ ਪਹਿਲੇ ਪੜਾਅ ਵਿੱਚ ਵੋਟ ਪਾਵੇਗਾ ਜੋ ਬੜਾ ਲੰਬਾ, ਔਖਾ ਤੇ ਮੁਸ਼ਕਲ ਚੁਣਾਈ (ਇਲੈਕਸ਼ਨ) ਮੌਸਮ ਰਹਿਣ ਵਾਲਾ ਹੈ।

ਚੁਣਾਵੀ ਜੰਗ ਤੋਂ ਦੂਰ, ਇਹ ਨੌਜਵਾਨ ਲੜਕੇ ਤੇ ਲੜਕੀਆਂ ਸੂਬੇ ’ਚ ਪੁਲੀਸ ਦੀ ਭਰਤੀ ਪ੍ਰਕਿਰਿਆ ਲਈ ਤਿਆਰੀ ਕਰਨ ਵਿੱਚ ਰੁੱਝੇ ਹੋਏ ਹਨ ਜਿਸ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 15 ਅਪ੍ਰੈਲ ਹੈ। ਪੁਲੀਸ ਕਾਂਸਟੇਬਲ, ਕਾਂਸਟੇਬਲ ਡ੍ਰਾਈਵਰ, ਸਟੇਟ ਰਿਜ਼ਰਵ ਪੁਲੀਸ ਫੋਰਸ, ਪੁਲੀਸ ਬੈਂਡਮੈਨ ਤੇ ਜੇਲ੍ਹ ਕਾਂਸਟੇਬਲਾਂ ਦੀ ਭਰਤੀ ਕਰਨ ਲਈ ਸਰੀਰਕ ਤੇ ਲਿਖਤੀ ਇਮਤਿਹਾਨ ਦੋ ਕੁ ਮਹੀਨਿਆਂ ਨੂੰ ਲਿਆ ਜਾਵੇਗਾ।

PHOTO • Jaideep Hardikar
PHOTO • Jaideep Hardikar

ਰੂਪੇਸ਼ ਮੁਹਾਰਕਰ (ਖੱਬੇ) ਪੂਰਬੀ ਮਹਾਰਾਸ਼ਟਰ ਦੇ ਭੰਡਾਰਾ ਦੇ ਇੱਕ ਕਿਸਾਨ ਦਾ ਬੇਟਾ ਹੈ ਜੋ ਸੂਬੇ ਦੀ ਪੁਲੀਸ ਵਿੱਚ ਭਰਤੀ ਹੋਣ ਲਈ ਆਪਣੀ ਆਖਰੀ ਕੋਸ਼ਿਸ਼ ਕਰ ਰਿਹਾ ਹੈ। ਉਹ ਭੰਡਾਰਾ ਤੇ ਗੋਂਦੀਆ ਜਿਲ੍ਹਿਆਂ ਦੇ ਨੌਜਵਾਨਾਂ – ਛੋਟੇ ਕਿਸਾਨਾਂ ਦੇ ਬੱਚਿਆਂ – ਨੂੰ ਵੀ ਟ੍ਰੇਨਿੰਗ ਦਿੰਦਾ ਹੈ ਜੋ ਸੂਬੇ ਵਿੱਚ ਪੱਕੀ ਸਰਕਾਰੀ ਨੌਕਰੀ ਚਾਹੁੰਦੇ ਹਨ

ਅੰਤਰਰਾਸ਼ਟਰੀ ਲੇਬਰ ਸੰਸਥਾ (ILO) ਅਤੇ ਇੰਸਟੀਚਿਊਟ ਆਫ਼ ਹਿਊਮਨ ਡਿਵੈਲਪਮੈਂਟ (IHD) ਵੱਲੋਂ ਜਾਰੀ ਕੀਤੀ 2024 ਭਾਰਤ ਬੇਰੁਜ਼ਗਾਰੀ ਰਿਪੋਰਟ ਦੇ ਮੁਤਾਬਕ ਭਾਰਤ ਵਿਚਲੇ ਬੇਰੁਜ਼ਗਾਰ ਕਾਮਿਆਂ ਦਾ ਲਗਭਗ 83 ਫੀਸਦ ਹਿੱਸਾ ਇੱਥੋਂ ਦੇ ਨੌਜਵਾਨ ਹਨ, ਜਦ ਕਿ ਬੇਰੁਜ਼ਗਾਰਾਂ ਵਿੱਚ ਸੈਕੰਡਰੀ ਜਾਂ ਉੱਚ ਸਿੱਖਿਆ ਪ੍ਰਾਪਤ ਲੋਕਾਂ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ 2000 ਦੀ 54.2 ਫੀਸਦ ਤੋਂ ਵਧ ਕੇ 2022 ਵਿੱਚ 65.7 ਫੀਸਦ ਹੋ ਗਈ।

ਜੇ ਬੇਰੁਜ਼ਗਾਰੀ ਤੇ ਦੇਸ਼ ਦੀ ਪੇਂਡੂ ਨੌਜਵਾਨੀ ਵਿਚਲੀ ਵਧਦੀ ਚਿੰਤਾ ਦੀ ਤਸਵੀਰ ਦੇਖਣੀ ਹੋਵੇ, ਤਾਂ ਉਹ ਇਸ ਮੌਕੇ ਸ਼ਿਵਾਜੀ ਸਟੇਡੀਅਮ ਵਿਚਲੇ ਭੀੜ-ਭੜੱਕੇ ਵਰਗੀ ਦਿਖੇਗੀ ਜਿੱਥੇ ਹਰ ਕੋਈ ਹਰ ਕਿਸੇ ਨਾਲ ਮੁਕਾਬਲੇ ਵਿੱਚ ਹੈ, ਪਰ ਜਾਣਦਾ ਹੈ ਕਿ ਮਹਿਜ਼ ਕੁਝ ਹੀ ਕਾਮਯਾਬ ਹੋਣਗੇ। ਇਹ ਬੜਾ ਔਖਾ ਕੰਮ ਹੈ। ਕੁਝ ਕੁ ਅਸਾਮੀਆਂ ਲਈ ਲੱਖਾਂ ਕੋਸ਼ਿਸ਼ ਕਰਨਗੇ।

ਭੰਡਾਰਾ ਤੇ ਗੋਂਦੀਆ ਜੰਗਲ ਨਾਲ ਭਰਪੂਰ, ਚੰਗੀ ਬਾਰਿਸ਼ ਵਾਲੇ, ਝੋਨਾ ਉਗਾਉਣ ਵਾਲੇ ਜ਼ਿਲ੍ਹੇ ਹਨ ਪਰ ਇੱਥੇ ਦੇ ਅਨੁਸੂਚਿਤ ਕਬੀਲਿਆਂ ਅਤੇ ਅਨੁਸੂਚਿਤ ਜਾਤੀਆਂ ਦੀ ਕਾਫ਼ੀ ਆਬਾਦੀ ਨੂੰ ਕੰਮ ਲਾਉਣ ਲਈ ਕੋਈ ਖ਼ਾਸ ਉਦਯੋਗ ਨਹੀਂ। ਪਿਛਲੇ ਦੋ ਦਹਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਛੋਟੇ, ਮੱਧ-ਵਰਗੀ ਤੇ ਬੇਜ਼ਮੀਨੇ ਕਿਸਾਨ ਵੱਡੀ ਗਿਣਤੀ ਵਿੱਚ ਇਹਨਾਂ ਜ਼ਿਲ੍ਹਿਆਂ ਤੋਂ ਦੂਜੇ ਸੂਬਿਆਂ ਵਿੱਚ ਪਰਵਾਸ ਕਰ ਗਏ ਹਨ।

ਮਹਾਰਾਸ਼ਟਰ ਦੇ ਗ੍ਰਹਿ ਮੰਤਰਾਲੇ ਨੇ ਜ਼ਿਲ੍ਹੇਵਾਰ ਕੋਟੇ ਜ਼ਰੀਏ 17,130 ਅਸਾਮੀਆਂ ਭਰਨ ਲਈ ਭਰਤੀ ਦੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਭੰਡਾਰਾ ਪੁਲੀਸ ਵਿੱਚ 60 ਅਸਾਮੀਆਂ ਖਾਲੀ ਹਨ ਜਿਹਨਾਂ ਵਿੱਚੋਂ 24 ਮਹਿਲਾਵਾਂ ਲਈ ਰਾਖਵੀਆਂ ਹਨ। ਗੋਂਦੀਆਂ ਵਿੱਚ ਕਰੀਬ 110 ਅਸਾਮੀਆਂ ਖਾਲੀ ਹਨ।

ਰੂਪੇਸ਼ ਇਹਨਾਂ ਵਿੱਚੋਂ ਕਿਸੇ ਅਸਾਮੀ ਲਈ ਤਿਆਰੀ ਕਰ ਰਿਹਾ ਹੈ। ਰੂਪੇਸ਼ ਨੂੰ ਬਚਪਨ ਵਿੱਚ ਹੀ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਉਸਦੀ ਮਾਂ ਨੇ ਪਾਲਿਆ, ਤੇ ਉਸਦੇ ਪਰਿਵਾਰ ਕੋਲ ਭੰਡਾਰਾ ਨੇੜਲੇ ਪਿੰਡ ਸੋਨੁਲੀ ਵਿੱਚ ਇੱਕ ਏਕੜ ਜ਼ਮੀਨ ਹੈ। ਭਰਤੀ ਦੀ ਮੁਹਿੰਮ ਵਿੱਚ ਕਾਮਯਾਬੀ ਪਾਉਣ ਅਤੇ ਵਰਦੀ ਪਾਉਣ ਦਾ ਇਹ ਉਹਦਾ ਆਖਰੀ ਮੌਕਾ ਹੈ।

“ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਵਿਉਂਤ ਨਹੀਂ।”

PHOTO • Jaideep Hardikar

ਭੰਡਾਰਾ ਦੇ ਸ਼ਿਵਾਜੀ ਸਟੇਡੀਅਮ ਵਿੱਚ ਹਾਲ ਹੀ ਵਿੱਚ ਟ੍ਰੇਨਿੰਗ ਡਰਿੱਲ ਦੌਰਾਨ ਰੂਪੇਸ਼ ਮੁਹਾਰਕਰ ਦਾ 50 ਪੁਰਸ਼ਾਂ ਤੇ ਮਹਿਲਾਵਾਂ ਦਾ ਸਮੂਹ

ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਉਹ ਪੂਰਬੀ ਮਹਾਰਾਸ਼ਟਰ ਦੇ ਆਪਣੇ ਇਸ ਆਰਥਿਕ ਤੌਰ ’ਤੇ ਪਛੜੇ ਜ਼ਿਲ੍ਹੇ ਵਿੱਚ ਤਕਰੀਬਨ 50 ਨੌਜਵਾਨਾਂ, ਪੁਰਸ਼ਾਂ ਤੇ ਮਹਿਲਾਵਾਂ, ਨੂੰ ਸਿਖਲਾਈ ਦੇਣ ਲਈ ਅੱਗੇ ਆਉਂਦਾ ਹੈ।

ਗੈਰ-ਰਸਮੀ ਤੌਰ ’ਤੇ ਰੂਪੇਸ਼ ਅਕੈਡਮੀ ਚਲਾਉਂਦਾ ਹੈ ਜਿਸਦਾ ਬੜਾ ਹੀ ਢੁੱਕਵਾਂ ਨਾਂ ‘ਸੰਘਰਸ਼’ ਹੈ ਜੋ ਉਹਨਾਂ ਦੇ ਆਪਣੇ ਸੰਘਰਸ਼ ਤੋਂ ਆਉਂਦਾ ਹੈ। ਇਸ ਸਮੂਹ ਦਾ ਹਰ ਮੈਂਬਰ ਭੰਡਾਰਾ ਤੇ ਗੋਂਦੀਆ ਜ਼ਿਲ੍ਹਿਆਂ ਦੇ ਅਣਜਾਣ ਜਿਹੇ ਪਿੰਡਾਂ ਤੋਂ ਆਉਂਦਾ ਹੈ – ਇਹ ਛੋਟੇ ਕਿਸਾਨਾਂ ਦੇ ਬੱਚੇ ਹਨ ਜੋ ਪੱਕੀ ਨੌਕਰੀ ਲੈਣਾ ਚਾਹੁੰਦੇ ਹਨ, ਵਰਦੀ ਪਾਉਣਾ ਚਾਹੁੰਦੇ ਹਨ ਅਤੇ ਆਪਣੇ ਪਰਿਵਾਰ ਦਾ ਬੋਝ ਘਟਾਉਣਾ ਚਾਹੁੰਦੇ ਹਨ। ਇਹਨਾਂ ਸਾਰਿਆਂ ਨੇ ਹਾਈ ਸੈਕੰਡਰੀ ਸਕੂਲ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ, ਕੁਝ ਕੁ ਕੋਲ ਹੀ ਡਿਗਰੀ ਹੈ।

ਉਹਨਾਂ ਵਿੱਚੋਂ ਕਿੰਨੇ ਖੇਤਾਂ ਵਿੱਚ ਕੰਮ ਕਰਦੇ ਹਨ? ਉਹ ਸਾਰੇ ਹੱਥ ਉਤਾਂਹ ਚੁੱਕ ਲੈਂਦੇ ਹਨ।

ਉਹਨਾਂ ਵਿੱਚੋਂ ਕਿੰਨਿਆਂ ਨੇ ਕੰਮ ਲਈ ਕਿਤੇ ਹੋਰ ਪਰਵਾਸ ਕੀਤਾ? ਉਹਨਾਂ ਵਿੱਚੋਂ ਕੁਝ ਨੇ ਪਿਛਲੇ ਸਮੇਂ ਵਿੱਚ ਪਰਵਾਸ ਕੀਤਾ ਸੀ।

ਉਹਨਾਂ ’ਚੋਂ ਜ਼ਿਆਦਾਤਰ ਨੇ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ) ਤਹਿਤ ਕੰਮ ਕੀਤਾ ਹੈ।

ਇਹ ਅਜਿਹਾ ਇੱਕੋ ਸਮੂਹ ਨਹੀਂ ਹੈ। ਸਟੇਡੀਅਮ ਕਈ ਗ਼ੈਰ-ਰਸਮੀ ਅਕੈਡਮੀ ਸਮੂਹਾਂ ਨਾਲ ਭਰਿਆ ਹੋਇਆ ਹੈ, ਜਿਹਨਾਂ ਨੂੰ ਰੂਪੇਸ਼ ਵਰਗੇ ਵਿਅਕਤੀ ਚਲਾ ਰਹੇ ਹਨ ਜੋ ਪਹਿਲਾਂ ਇਮਤਿਹਾਨ ਪਾਸ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਚੁੱਕੇ ਹਨ।

PHOTO • Jaideep Hardikar
PHOTO • Jaideep Hardikar

ਭੰਡਾਰਾ ਸ਼ਹਿਰ ਦੇ ਇੱਕੋ-ਇੱਕ ਪਬਲਿਕ ਗ੍ਰਾਊਂਡ ਵਿੱਚ ਵੀਹਵਿਆਂ ਦੀ ਉਮਰ ਦੇ ਨੌਜਵਾਨ ਪੁਰਸ਼ ਅਤੇ ਮਹਿਲਾਵਾਂ 2024 ਦੀ ਸੂਬੇ ਦੀ ਪੁਲੀਸ ਭਰਤੀ ਦੀ ਮੁਹਿੰਮ ਲਈ ਮਿਹਨਤ ਕਰ ਰਹੇ ਹਨ। ਆਪਣੇ ਭਵਿੱਖ ਲਈ ਚਿੰਤਤ ਇਹਨਾਂ ਨੌਜਵਾਨ ਵਿੱਚੋਂ ਬਹੁਤੇ ਪਹਿਲੀ ਵਾਰ ਜਾਂ ਦੂਜੀ ਵਾਰ ਵੋਟ ਪਾਉਣਗੇ

ਇੱਥੇ ਸਰੀਰਕ ਕਸਰਤ ਕਰ ਰਹੇ ਬਹੁਤੇ ਨੌਜਵਾਨਾਂ ਨੇ ਪਹਿਲੀ ਜਾਂ ਦੂਜੀ ਵਾਰ ਵੋਟ ਪਾਉਣੀ ਹੈ। ਉਹ ਗੁੱਸੇ ਵਿੱਚ ਹਨ, ਪਰ ਨਾਲ ਹੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ’ਚ ਵੀ ਡੁੱਬੇ ਹੋਏ ਹਨ। ਉਹਨਾਂ ਨੇ PARI ਨੂੰ ਕਿਹਾ ਕਿ ਉਹ ਹੋਰ ਵਿਭਾਗਾਂ ਵਿੱਚ ਵੀ ਨੌਕਰੀਆਂ ਚਾਹੁੰਦੇ ਹਨ, ਗੁਣਵੱਤਾ ਵਾਲੀ ਸਿੱਖਿਆ, ਪਿੰਡਾਂ ਵਿੱਚ ਬਿਹਤਰ ਜ਼ਿੰਦਗੀ ਅਤੇ ਬਰਾਬਰ ਮੌਕੇ ਚਾਹੁੰਦੇ ਹਨ। ਉਹ ਸਥਾਨਕ ਲੋਕਾਂ ਲਈ ਜ਼ਿਲ੍ਹੇ ਵਿਚਲੀਆਂ ਪੁਲੀਸ ਦੀਆਂ ਅਸਾਮੀਆਂ ਵਿੱਚ ਕੋਟਾ ਚਾਹੁੰਦੇ ਹਨ।

“ਇਹ ਭਰਤੀ ਤਿੰਨ ਸਾਲ ਬਾਅਦ ਹੋ ਰਹੀ ਹੈ,” ਗੁਰੂਦੀਪ ਸਿੰਘ ਬੱਚਿਲ ਨੇ ਕਿਹਾ ਜੋ 32 ਸਾਲ ਦੀ ਉਮਰ ਵਿੱਚ ਰੂਪੇਸ਼ ਵਾਂਗ ਇੱਕ ਆਖਰੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਸੇਵਾਮੁਕਤ ਪੁਲੀਸਕਰਮੀ ਦਾ ਬੇਟਾ ਰੂਪੇਸ਼ ਇੱਕ ਦਹਾਕੇ ਤੋਂ ਪੁਲੀਸ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। “ਮੈਂ ਸਰੀਰਕ ਟੈਸਟਾਂ ਵਿੱਚ ਪਾਸ ਹੋ ਜਾਂਦਾ ਹਾਂ ਪਰ ਲਿਖਤੀ ਇਮਤਿਹਾਨ ਵਿੱਚ ਫਸ ਜਾਂਦਾ ਹਾਂ,” ਉਮੀਦਵਾਰਾਂ ਨਾਲ ਭਰੇ ਸਟੇਡੀਅਮ ਵਿੱਚੋਂ ਲੰਘਦਿਆਂ ਉਹਨੇ ਕਿਹਾ।

ਇੱਕ ਹੋਰ ਵੀ ਦਿੱਕਤ ਹੈ: ਮਹਾਰਾਸ਼ਟਰ ਦੇ ਬਿਹਤਰ ਇਲਾਕਿਆਂ ਵਿੱਚੋਂ ਚੰਗੀ ਤਿਆਰੀ ਤੇ ਸਾਧਨਾਂ ਵਾਲੇ ਉਮੀਦਵਾਰ ਭੰਡਾਰਾ ਤੇ ਗੋਂਦੀਆ ਵਰਗੇ ਪਛੜੇ ਇਲਾਕਿਆਂ ਵਿੱਚ ਅਸਾਮੀਆਂ ਲਈ ਅਰਜ਼ੀ ਦਿੰਦੇ ਹਨ, ਜਿਸ ਨਾਲ ਸਥਾਨਕ ਲੋਕ ਪਛੜ ਜਾਂਦੇ ਹਨ, ਜ਼ਿਆਦਾਤਰ ਉਮੀਦਵਾਰਾਂ ਨੇ ਦੁੱਖ ਜ਼ਾਹਰ ਕੀਤਾ। ਸਿਰਫ਼ ਗਡਚਿਰੌਲੀ, ਖੱਬੇ-ਪੱਖੀ-ਕੱਟੜਤਾ ਦੇ ਪ੍ਰਭਾਵ ਹੇਠਲੇ ਜ਼ਿਲ੍ਹਿਆਂ ਵਿੱਚੋਂ ਇੱਕ, ਹੈ ਜਿੱਥੇ ਸਿਰਫ਼ ਸਥਾਨਕ ਲੋਕ ਹੀ ਅਰਜ਼ੀ ਦੇ ਕੇ ਪੁਲੀਸ ਦੀ ਨੌਕਰੀ ਲੈ ਸਕਦੇ ਹਨ। ਰੂਪੇਸ਼ ਤੇ ਹੋਰਨਾਂ ਲਈ ਇਹ ਦੌੜ ਲੰਬੀ ਹੈ।

ਇਸ ਕਰਕੇ ਉਹ ਸਾਰੇ ਮਿਹਨਤ ਕਰਦੇ ਹਨ, ਤੇ ਜ਼ੋਰਦਾਰ ਅਭਿਆਸ ਕਰਦੇ ਹਨ।

ਸਟੇਡੀਅਮ ਵਿਚਲੀ ਹਵਾ ਕੋਈ ਸੌ ਲੱਤਾਂ ਵੱਲੋਂ ਉਡਾਈ ਲਾਲ ਧੂੜ ਨਾਲ ਭਰੀ ਹੋਈ ਹੈ। ਸਾਦੇ ਜਿਹੇ ਟਰੈਕ ਸੂਟ ਜਾਂ ਪੈਂਟਾਂ ਪਾਈਂ ਉਮੀਦਵਾਰ; ਕੁਝ ਨੇ ਜੁੱਤੇ ਪਾਏ ਹਨ, ਕੁਝ ਨੰਗੇ ਪੈਰ ਹਨ, ਆਪਣਾ ਸਮਾਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਵੀ ਉਹਨਾਂ ਦਾ ਧਿਆਨ ਨਹੀਂ ਭਟਕਾ ਸਕਦਾ, ਚੋਣਾਂ ਤੋਂ ਬਿਲਕੁਲ ਨਹੀਂ ਜੋ ਇੱਥੇ ਬਹੁਤ ਦੂਰ ਨਜ਼ਰ ਆਉਂਦੀਆਂ ਹਨ।

PHOTO • Jaideep Hardikar
PHOTO • Jaideep Hardikar

ਖੱਬੇ: ਭੰਡਾਰਾ ਵਿੱਚ ਆਪਣੀ ਕਾਕੀ ਵੱਲੋਂ ਚਲਾਈ ਜਾ ਰਹੀ ਮੁਰਗੇ ਦੇ ਮੀਟ ਦੀ ਦੁਕਾਨ ’ਤੇ ਕੰਮ ਕਰਦਾ ਰੂਪੇਸ਼ ਮੁਹਾਰਕਰ। ਰੂਪੇਸ਼ ਨੂੰ ਬਚਪਨ ਵਿੱਚ ਹੀ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਨੇ ਪਾਲਿਆ, ਤੇ ਉਸਦੇ ਪਰਿਵਾਰ ਕੋਲ ਭੰਡਾਰਾ ਨੇੜਲੇ ਪਿੰਡ ਸੋਨੁਲੀ ਵਿੱਚ ਇੱਕ ਏਕੜ ਜ਼ਮੀਨ ਹੈ। ਇਮਤਿਹਾਨ ਪਾਸ ਕਰਨ ਦਾ ਇਹ ਉਸਦਾ ਆਖਰੀ ਮੌਕਾ ਹੈ। ਨੌਜਵਾਨਾਂ ਨੂੰ ਉਹ ਸਰੀਰਕ ਮਸ਼ਕਾਂ ਦੀ ਤਿਆਰੀ ਕਰਾਉਂਦਾ ਹੈ ਜੋ ਰਣਨੀਤੀ ਬਾਰੇ ਵਿਚਾਰ ਕਰਨ ਅਤੇ ਉਹਨਾਂ ਦੀਆਂ ਕਮੀਆਂ ਬਾਰੇ ਗੱਲ ਕਰਨ ਲਈ ਹਾਲ ਹੀ ਵਿੱਚ ਸਵੇਰ ਵਿੱਚ ਹੋਏ ਸੈਸ਼ਨ ਦਾ ਹਿੱਸਾ ਸਨ

ਭੰਡਾਰਾ ਵਿੱਚ ਆਪਣੀ ਕਾਕੀ ਦੀ ਦੁਕਾਨ ਤੇ ਰੂਪੇਸ਼ ਕਸਾਈ ਦਾ ਕੰਮ ਕਰਦਾ ਹੈ ਭਾਵੇਂ ਕਿ ਉਹ ਜਾਤ ਪੱਖੋਂ ਕਸਾਈ ਨਹੀਂ। ਇਹ ਉਸਦਾ ਆਪਣੀ ਚਾਚੀ ਪ੍ਰਭਾ ਸ਼ੇਂਦਰੇ ਦੇ ਪਰਿਵਾਰ ਲਈ ਯੋਗਦਾਨ ਹੈ। ਐਪਰਨ ਪਾ ਕੇ ਉਹ ਇੱਕ ਮਾਹਰ ਸ਼ਖਸ ਦੀ ਤਰ੍ਹਾਂ ਮੁਰਗੇ ਵੱਢਦਾ ਹੈ ਅਤੇ ਗਾਹਕ ਲਗਾਤਾਰ ਆਉਂਦੇ ਰਹਿੰਦੇ ਹਨ। ਇੱਕ ਦਿਨ ਖਾਕੀ ਵਰਦੀ ਪਾਉਣ ਦਾ ਸੁਪਨਾ ਦੇਖਦਿਆਂ ਉਹ ਸੱਤ ਸਾਲ ਤੋਂ ਇਹ ਕੰਮ ਕਰ ਰਿਹਾ ਹੈ।

ਬਹੁਤੇ ਉਮੀਦਵਾਰਾਂ ਦੀ ਇਹ ਲੰਮੀ ਲੜਾਈ ਉਹਨਾਂ ਦੀ ਗਰੀਬੀ ਵਿੱਚੋਂ ਪੈਦਾ ਹੁੰਦੀ ਹੈ।

ਰੂਪੇਸ਼ ਦਾ ਕਹਿਣਾ ਹੈ ਕਿ ਸਖ਼ਤ ਸਰੀਰਕ ਕਸਰਤਾਂ ਕਰਨ ਲਈ ਤੁਹਾਨੂੰ ਚੰਗੇ ਭੋਜਨ ਦੀ ਲੋੜ ਹੁੰਦੀ ਹੈ – ਚਿਕਨ, ਆਂਡੇ, ਫਲ... “ਸਾਡੇ ਵਿੱਚੋਂ ਬਹੁਤੇ ਇੱਕ ਵਕ਼ਤ ਦਾ ਚੰਗਾ ਖਾਣਾ ਨਹੀਂ ਜੁਟਾ ਸਕਦੇ,” ਉਹਨੇ ਕਿਹਾ।

*****

ਹਰ ਵਾਰ ਜਦ ਵੀ ਪੁਲੀਸ ਦੀ ਭਰਤੀ ਮੁਹਿੰਮ ਦੀ ਇਸ਼ਤਿਹਾਰਬਾਜ਼ੀ ਹੁੰਦੀ ਹੈ, ਆ ਕੇ ਰਹਿਣ ਲਈ ਤੇ ਭਰਤੀ ਦੀ ਤਿਆਰੀ ਲਈ ਭੰਡਾਰਾ ਗਰੀਬ ਤੋਂ ਗਰੀਬ ਪੇਂਡੂ ਨੌਜਵਾਨ ਪੁਰਸ਼ਾਂ ਤੇ ਔਰਤਾਂ ਲਈ ਕੇਂਦਰ ਬਣ ਜਾਂਦਾ ਹੈ।

ਸ਼ਿਵਾਜੀ ਸਟੇਡੀਅਮ ਵਿੱਚ ਲੱਖਾਂ ਸੁਪਨੇ ਆਪਸ ਵਿੱਚ ਟਕਰਾਉਂਦੇ ਹਨ। ਜਿਵੇਂ-ਜਿਵੇਂ ਦਿਨ ਚੜ੍ਹ ਰਿਹਾ ਹੈ, ਜ਼ਿਲ੍ਹੇ ਵਿੱਚੋਂ ਹੋਰ ਨੌਜਵਾਨ ਪਹੁੰਚਣਗੇ। ਜਿਵੇਂ ਕਿ ਉਹ ਜਿਸਨੂੰ ਅਸੀਂ ਗਡਚਿਰੌਲੀ ਦੇ ਨੇੜੇ ਗੋਂਦੀਆ ਦੀ ਅਰਜੁਨੀ ਮੋਰਗਾਓਂ ਤਹਿਸੀਲ ਦੇ ਪਿੰਡ ਅਰਕਤੋਂਡੀ ਵਿੱਚ ਮਨਰੇਗਾ ਦਾ ਕੰਮ ਕਰਦੇ ਮਿਲੇ ਸੀ: 24 ਸਾਲਾ ਮੇਘਾ ਮੇਸ਼ਰਾਮ, ਜੋ ਬੀਏ ਕਰ ਚੁੱਕੀ ਹੈ, ਸੜਕ ਕਿਨਾਰੇ ਆਪਣੀ ਮਾਂ ਸਰਿਤਾ ਅਤੇ ਕਰੀਬ 300 ਹੋਰ ਨੌਜਵਾਨ ਤੇ ਬਜ਼ੁਰਗਾਂ ਨਾਲ ਰੇਤ ਅਤੇ ਵੱਡੇ ਪੱਥਰ ਢੋਅ ਰਹੀ ਹੈ। 23 ਸਾਲਾ ਮੇਘਾ ਆਦੇ ਵੀ ਇਹੀ ਕਰ ਰਹੀ ਹੈ। ਮੇਸ਼ਰਾਮ ਦਲਿਤ (ਅਨੁਸੂਚਿਤ ਜਾਤੀ) ਹੈ ਤੇ ਆਦੇ ਆਦਿਵਾਸੀ (ਅਨੁਸੂਚਿਤ ਕਬੀਲਾ) ਹੈ।

“ਸਵੇਰ ਤੇ ਸ਼ਾਮ ਵੇਲੇ ਅਸੀਂ ਪਿੰਡ ਵਿੱਚ ਦੌੜ ਕੇ ਕਸਰਤ ਕਰਦੇ ਹਾਂ,” ਦ੍ਰਿੜ੍ਹ ਆਵਾਜ਼ ਵਿੱਚ ਮੇਘਾ ਮੇਸ਼ਰਾਮ ਸਾਨੂੰ ਦੱਸਦੀ ਹੈ। ਉਹ ਸੰਘਣੇ ਜੰਗਲੀ ਇਲਾਕੇ ਵਿੱਚ ਰਹਿੰਦੀ ਹੈ ਅਤੇ ਪੂਰਾ ਦਿਨ ਆਪਣੇ ਮਾਪਿਆਂ ਦੀ ਕੰਮ ਵਿੱਚ ਮਦਦ ਕਰਕੇ ਦਿਹਾੜੀ ਕਮਾਉਂਦੀ ਹੈ। ਦੋਵੇਂ ਮੇਘਾ ਨੇ ਭੰਡਾਰਾ ਅਕੈਡਮੀਆਂ ਬਾਰੇ ਸੁਣ ਰੱਖਿਆ ਹੈ ਅਤੇ ਉਹ ਮਈ ਵਿੱਚ ਉੱਥੇ ਜਾ ਕੇ ਪੁਲੀਸ ਵਿੱਚ ਭਰਤੀ ਹੋਣ ਦੀ ਇੱਛਾ ਰੱਖਦੇ ਸੈਂਕੜਿਆਂ ਵਿੱਚ ਸ਼ਾਮਲ ਹੋਣ ਦਾ ਸੋਚ ਰਹੀਆਂ ਹਨ। ਉਹ ਆਪਣੇ ਖਰਚੇ ਲਈ ਆਪਣੀ ਤਨਖਾਹ ਬਚਾਅ ਰਹੀਆਂ ਹਨ।

PHOTO • Jaideep Hardikar
PHOTO • Jaideep Hardikar

ਖੱਬੇ: ਮੇਘਾ ਮੇਸ਼ਰਾਮ ਨੇ ਪੁਲੀਸ ਦੀ ਭਰਤੀ ਲਈ ਅਰਜ਼ੀ ਦਿੱਤੀ ਹੈ; ਨੌਜਵਾਨ ਦਲਿਤ ਲੜਕੀ ਅਜੇ ਆਪਣੇ ਪਿੰਡ ਵਿੱਚ ਆਪਣੀ ਮਾਂ ਸਰਿਤਾ ਦੀ ਮਦਦ ਲਈ ਮਨਰੇਗਾ ਤਹਿਤ ਕੰਮ ਕਰਦੀ ਹੈ। ਸੱਜੇ: ਮੇਘਾ ਮੇਸ਼ਰਾਮ ਅਤੇ ਮੇਘਾ ਆਦੇ ਮਨਰੇਗਾ ਤਹਿਤ ਕੰਮ ਕਰਦੀਆਂ ਸਹੇਲੀਆਂ ਹਨ। ਦੋਵਾਂ ਨੇ ਬੀਏ ਕੀਤੀ ਹੋਈ ਹੈ ਅਤੇ 2024 ਦੀ ਸੂਬੇ ਦੀ ਪੁਲੀਸ ਦੀ ਭਰਤੀ ਵਿੱਚ ਪੁਲੀਸ ਫੋਰਸ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਹਨ

ਉੱਥੇ ਪਹੁੰਚ ਕੇ ਉਹ ਕਮਰੇ ਕਿਰਾਏ ਤੇ ਲੈ ਕੇ ਸਮੂਹਾਂ ਵਿੱਚ ਰਹਿੰਦੀਆਂ, ਇਕੱਠਿਆਂ ਖਾਣਾ ਬਣਾਉਂਦੀਆਂ ਅਤੇ ਇਮਤਿਹਾਨਾਂ ਦੀ ਤਿਆਰੀ ਕਰਦੀਆਂ ਹਨ। ਜਦ ਵੀ ਕੋਈ ਇਮਤਿਹਾਨ ਵਿੱਚ ਪਾਸ ਹੋ ਜਾਵੇ, ਉਹ ਸਾਰੇ ਜਸ਼ਨ ਮਨਾਉਂਦੇ ਹਨ। ਬਾਕੀ ਭਰਤੀ ਦੇ ਅਗਲੇ ਐਲਾਨ ਦਾ ਇੰਤਜ਼ਾਰ ਕਰਦਿਆਂ ਅਗਲੀ ਸਵੇਰ ਨੂੰ ਗ੍ਰਾਊਂਡ ਵਿੱਚ ਪਹੁੰਚ ਜਾਂਦੇ ਹਨ।

ਨੌਜਵਾਨ ਕੁੜੀਆਂ ਮੁੰਡਿਆਂ ਤੋਂ ਪਿੱਛੇ ਨਹੀਂ, ਭਾਵੇਂ ਕਿੰਨੀ ਵੀ ਮਿਹਨਤ ਕਰਨੀ ਪਵੇ।

“ਕੱਦ ਘੱਟ ਹੋਣ ਦਾ ਮੈਨੂੰ ਨੁਕਸਾਨ ਹੈ,” ਆਪਣੀ ਸ਼ਰਮਿੰਦਗੀ ਛੁਪਾਉਂਦੇ ਹੋਏ ਦਬਕੜੀਏਂ ਮੁਸਕੁਰਾਉਂਦਿਆਂ 21 ਸਾਲਾ ਵੈਸ਼ਾਲੀ ਮੇਸ਼ਰਾਮ ਨੇ ਕਿਹਾ। ਉਹਨੇ ਕਿਹਾ ਕਿ ਇਹ ਉਹਦੇ ਹੱਥ ’ਚ ਨਹੀਂ। ਇਸ ਕਰਕੇ ਉਹਨੇ ‘ਬੈਂਡਮੈਨ’ ਲਈ ਅਰਜ਼ੀ ਦਿੱਤੀ ਹੈ ਜਿੱਥੇ ਉਹਨੂੰ ਕੱਦ ਕਰਕੇ ਕੋਈ ਪਰੇਸ਼ਾਨੀ ਨਹੀਂ ਆਵੇਗੀ।

ਸ਼ਹਿਰ ਵਿੱਚ ਵੈਸ਼ਾਲੀ ਆਪਣੀ ਛੋਟੀ ਭੈਣ ਗਾਇਤਰੀ ਅਤੇ ਕਿਸੇ ਹੋਰ ਪਿੰਡ ਦੀ ਇੱਕ ਹੋਰ ਪੁਲੀਸ ਵਿੱਚ ਭਰਤੀ ਦੀ ਚਾਹਵਾਨ, 21 ਸਾਲਾ ਮਯੂਰੀ ਘਰਾਦੇ ਨਾਲ ਕਮਰਾ ਸਾਂਝਾ ਕਰਦੀ ਹੈ। ਉਹਨਾਂ ਦੇ ਸਾਫ਼-ਸੁਥਰੇ ਕਮਰੇ ਵਿੱਚ ਉਹ ਵਾਰੀ ਸਿਰ ਖਾਣਾ ਪਕਾਉਂਦੀਆਂ ਹਨ। ਉਹਨਾਂ ਦਾ ਮਹੀਨੇ ਦਾ ਖਰਚਾ: ਘੱਟੋ-ਘੱਟ 3,000 ਰੁਪਏ। ਉਹਨਾਂ ਦੀ ਖੁਰਾਕ ਵਿੱਚ ਪ੍ਰੋਟੀਨ: ਸਿਰਫ਼ ਛੋਲੇ ਅਤੇ ਦਾਲਾਂ।

ਅਸਮਾਨੀਂ ਪਹੁੰਚਦੀਆਂ ਕੀਮਤਾਂ ਨਾਲ ਉਹਨਾਂ ਦਾ ਬਜਟ ਹਿੱਲ ਰਿਹਾ ਹੈ, ਵੈਸ਼ਾਲੀ ਕਹਿੰਦੀ ਹੈ, “ਸਭ ਕੁਝ ਮਹਿੰਗਾ ਹੈ।”

ਉਹਨਾਂ ਦਾ ਦਿਨ ਦਾ ਸ਼ਡਿਊਲ ਕਾਫ਼ੀ ਵਿਅਸਤ ਹੁੰਦਾ ਹੈ: ਉਹ ਸਵੇਰੇ 5 ਵਜੇ ਉੱਠਦੇ ਹਨ, ਸਾਈਕਲ ਚਲਾ ਕੇ ਸਰੀਰਕ ਟ੍ਰੇਨਿੰਗ ਲਈ ਗ੍ਰਾਊਂਡ ਜਾਂਦੇ ਹਨ। ਸਵੇਰੇ 10 ਤੋਂ 12 ਵਜੇ ਤੱਕ ਉਹ ਨੇੜਲੀ ਲਾਇਬ੍ਰੇਰੀ ਵਿੱਚ ਪੜ੍ਹਾਈ ਕਰਦੇ ਹਨ। ਮੀਟ ਦੀ ਦੁਕਾਨ ਦੇ ਕੰਮ ਵਿੱਚੋਂ ਸਮਾਂ ਕੱਢ ਕੇ ਰੂਪੇਸ਼ ਆ ਕੇ ਉਹਨਾਂ ਨੂੰ ਮੌਕ ਟੈਸਟ ਪੇਪਰ ਬਾਰੇ ਦੱਸਦਾ ਹੈ। ਸ਼ਾਮ ਨੂੰ ਉਹ ਸਰੀਰਕ ਕਸਰਤ ਲਈ ਮੁੜ ਗ੍ਰਾਊਂਡ ਆ ਜਾਂਦੇ ਹਨ; ਟੈਸਟ ਦੀ ਤਿਆਰੀ ਨਾਲ ਉਹਨਾਂ ਦਾ ਦਿਨ ਨੇਪਰੇ ਚੜ੍ਹਦਾ ਹੈ।

PHOTO • Jaideep Hardikar
PHOTO • Jaideep Hardikar

ਤਸਵੀਰ ਵਿਚਲੀਆਂ ਹੋਰਨਾਂ ਨੌਜਵਾਨ ਲੜਕੀਆਂ ਵਾਂਗ, ਵੈਸ਼ਾਲੀ ਤੁਲਸ਼ੀਰਾਮ ਮੇਸ਼ਰਾਮ (ਖੱਬੇ) ਸੂਬੇ ਦੀ ਪੁਲੀਸ ਵਿੱਚ ਨੌਕਰੀ ਲਈ ਕੋਸ਼ਿਸ਼ ਕਰ ਰਹੀ ਹੈ। ਆਪਣੀ ਰੂਮਮੇਟ ਮਯੂਰੀ ਘਰਾਦੇ (ਸੱਜੇ) ਨਾਲ ਜੋ 2024 ਦੀ ਮਹਾਰਾਸ਼ਟਰ ਪੁਲੀਸ ਭਰਤੀ ਮੁਹਿੰਮ ਲਈ ਤਿਆਰੀ ਕਰ ਰਹੀ ਹੈ

ਰੂਪੇਸ਼ ਜਾਂ ਵੈਸ਼ਾਲੀ ਵਰਗੇ ਲੋਕ ਅਸਲ ਵਿੱਚ ਖੇਤੀ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿੱਚ ਉਹਨਾਂ ਨੂੰ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ – ਉਹਨਾਂ ਵਿੱਚੋਂ ਜ਼ਿਆਦਾਤਰ ਆਪਣੇ ਮਾਪਿਆਂ ਨੂੰ ਖੇਤਾਂ ਵਿੱਚ ਬਿਨ੍ਹਾਂ ਕਿਸੇ ਮੁਨਾਫ਼ੇ ਦੇ ਮਿਹਨਤ ਕਰਦਿਆਂ ਦੇਖਦੇ ਹਨ। ਉਹ ਵਿਹਲੇ ਮਜ਼ਦੂਰਾਂ ਦੇ ਤੌਰ ’ਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਪਰਵਾਸ ਨਹੀਂ ਕਰਨਾ ਚਾਹੁੰਦੇ।

ਜਿਵੇਂ-ਜਿਵੇਂ ਉਹਨਾਂ ਦੀ ਉਮਰ ਵਧ ਰਹੀ ਹੈ, ਉਹ ਨੌਕਰੀਆਂ ਲਈ ਕਾਹਲੇ ਪੈ ਰਹੇ ਹਨ ਜੋ ਉਹਨਾਂ ਦੀ ਨਜ਼ਰ ਵਿੱਚ ਆਦਰਯੋਗ ਰੁਜ਼ਗਾਰ ਹੈ। ਪਰ ਨੌਕਰੀਆਂ – ਪ੍ਰਾਈਵੇਟ ਅਤੇ ਸਰਕਾਰੀ ਖੇਤਰ ਵਿੱਚ – ਘੱਟ ਹੀ ਦਿਖ ਰਹੀਆਂ ਹਨ। 2024 ਦੀ ਚੋਣ ਦੀ ਸ਼ੁਰੂਆਤ ਹੁੰਦਿਆਂ ਉਹ ਨਿਰਾਸ਼ਾ ਜ਼ਾਹਰ ਕਰ ਰਹੇ ਹਨ ਕਿ ਮੌਜੂਦਾ ਸਰਕਾਰ ਉਹਨਾਂ ਦੇ ਭਵਿੱਖ ਬਾਰੇ ਗੱਲ ਨਹੀਂ ਕਰ ਰਹੀ। ਪੁਲੀਸ ਦੀ ਭਰਤੀ ਦੀ ਇਹ ਮੁਹਿੰਮ 12ਵੀਂ ਪਾਸ ਵਾਲਿਆਂ, ਜਿਹਨਾਂ ਕੋਲ ਕੋਈ ਹੋਰ ਡਿਗਰੀ ਨਹੀਂ, ਲਈ ਆਖਰੀ ਮੌਕਾ ਹੈ।

ਆਉਂਦੀਆਂ ਚੋਣਾਂ ਵਿੱਚ ਉਹ ਕਿਸਨੂੰ ਵੋਟ ਪਾਉਣਗੇ?

ਇਸ ਸਵਾਲ ਦੇ ਜਵਾਬ ਵਿੱਚ ਇੱਕ ਲੰਬੀ ਚੁੱਪੀ ਹੈ। ਇਹ ਸਵਾਲ ਸਿਲੇਬਸ ਤੋਂ ਬਾਹਰ ਦਾ ਹੈ!

ਤਰਜਮਾ: ਅਰਸ਼ਦੀਪ ਅਰਸ਼ੀ

Jaideep Hardikar

Jaideep Hardikar is a Nagpur-based journalist and writer, and a PARI core team member.

Other stories by Jaideep Hardikar
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Arshdeep Arshi

Arshdeep Arshi is an independent journalist and translator based in Chandigarh and has worked with News18 Punjab and Hindustan Times. She has an M Phil in English literature from Punjabi University, Patiala.

Other stories by Arshdeep Arshi