"ਤਾਲਾਬੰਦੀ ਦੌਰਾਨ ਅਸੀਂ ਬਹੁਤ ਜ਼ਿਆਦਾ ਮਾਨਸਿਕ ਦਬਾਓ ਵਿੱਚੋਂ ਲੰਘੇ। ਕੋਵਿਡ-19 ਤੋਂ ਛੁੱਟ, ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਮੈਂ ਇਕੱਲਿਆਂ 27 ਬੱਚਿਆਂ ਦਾ ਜਨਮ ਕਰਾਉਣ ਦਾ ਕਾਰਜ ਸੰਭਾਲਿਆ। ਜਿਸ ਵਿੱਚ ਮਾਂ ਦੀ ਜਾਂਚ ਤੋਂ ਲੈ ਕੇ ਪ੍ਰਸਵ ਵਾਸਤੇ ਉਹਨੂੰ ਮੁੱਢਲੇ ਸਿਹਤ ਕੇਂਦਰ ਤੱਕ ਲੈ ਕੇ ਜਾਣਾ ਸ਼ਾਮਲ ਰਿਹਾ, ਮੈਂ ਉਨ੍ਹਾਂ ਸਾਰਿਆਂ ਵਾਸਤੇ ਉੱਥੇ ਮੌਜੂਦ ਹੁੰਦੀ ਸਾਂ," ਤਨੂਜਾ ਵਾਘੋਲੇ ਦੱਸਦੀ ਹੈ, ਜੋ ਕਿ ਓਸਮਾਨਾਬਾਦ ਜ਼ਿਲ੍ਹੇ ਦੇ ਨੀਲਗਾਓਂ ਪਿੰਡ ਦੀ ਬੇਹਤਰੀਨ ਸੋਸ਼ਲ ਹੈਲਥ ਕਾਰਕੁੰਨ- ਆਸ਼ਾ ਵਰਕਰ ਹੈ।
ਮਾਰਚ ਦੇ ਅਖੀਰ ਵਿੱਚ ਤਾਲਾਬੰਦੀ ਥੋਪੇ ਜਾਣ ਤੋਂ ਬਾਅਦ, ਤਨੂਜਾ ਨੇ ਆਪਣੇ ਘਰ ਦਾ ਕੰਮ ਨਬੇੜਨ ਵਾਸਤੇ ਅਤੇ ਪਤੀ ਅਤੇ ਦੋ ਬੇਟਿਆਂ ਲਈ ਖਾਣਾ ਬਣਾਉਣ ਵਾਸਤੇ ਤੜਕੇ 4 ਵਜੇ (7:30 ਵਜੇ ਕੰਮ ਸ਼ੁਰੂ ਕਰਨ ਬਦਲੇ) ਉੱਠਣਾ ਸ਼ੁਰੂ ਕਰ ਦਿੱਤਾ, ਘਰੋਂ ਨਿਕਲ਼ਣ ਤੋਂ ਪਹਿਲਾਂ ਉਹ ਸਾਰਾ ਕੰਮ ਨਬੇੜਦੀ। "ਜੇਕਰ ਮੈਂ ਆਪਣੀ ਡਿਊਟੀ 7:30 ਵਜੇ ਸ਼ੁਰੂ ਨਾ ਕਰਾਂ ਤਾਂ ਮੈਂ ਹਰ ਕਿਸੇ ਨੂੰ ਮਿਲ਼ ਨਹੀਂ ਸਕਾਂਗੀ। ਕਈ ਦਫਾ, ਲੋਕ ਸਾਡੇ ਅਤੇ ਸਾਡੀਆਂ ਹਿਦਾਇਤਾਂ ਤੋਂ ਬਚਣ ਵਾਸਤੇ ਜਲਦੀ ਹੀ ਆਪਣੇ ਘਰਾਂ ਤੋਂ ਨਿਕਲ਼ ਜਾਂਦੇ ਹਨ," ਉਹ ਦੱਸਦੀ ਹੈ।
ਅਤੇ ਆਸ਼ਾ ਵੱਲੋਂ ਹਰ ਰੋਜ਼ 3-4 ਘੰਟੇ ਅਤੇ ਇੱਕ ਮਹੀਨੇ ਵਿੱਚ ਤਕਰੀਬਨ 15-20 ਦਿਨ ਕੰਮ ਕਰਨ ਦੀ ਬਜਾਇ, 40 ਸਾਲਾ ਤਨੂਜਾ, ਜੋ ਕਿ 2010 ਤੋਂ ਬਤੌਰ ਆਸ਼ਾ ਵਰਕਰ ਕੰਮ ਕਰਦੀ ਆਈ ਹੈ, ਰੋਜ਼ ਦੇ ਲਗਭਗ 6 ਘੰਟੇ ਅਤੇ ਹਰ ਰੋਜ਼ ਕੰਮ ਕਰਦੀ ਹੈ।
ਤੁਲਜਾਪੁਰ ਤਾਲੁਕਾ ਦੇ ਨੀਲਗਾਓਂ ਪਿੰਡ ਵਿੱਚ 7 ਅਪ੍ਰੈਲ ਨੂੰ ਕੋਵਿਡ-19 ਦਾ ਸਰਵੇਅ ਸ਼ੁਰੂ ਹੋਇਆ। ਤਨੂਜਾ ਅਤੇ ਉਹਦੀ ਆਸ਼ਾ ਸਹਿਕਰਮੀ, ਅਲਕਾ ਮੂਲੇ ਉਨ੍ਹਾਂ ਦੇ ਪਿੰਡ ਵਿੱਚ ਰੋਜ਼ਾਨਾ ਇਕੱਠੀਆਂ 30-35 ਘਰਾਂ ਦਾ ਦੌਰਾ ਕਰਦੀਆਂ ਹਨ। "ਅਸੀਂ ਘਰੋ-ਘਰੀ ਜਾ ਕੇ ਜਾਂਚ ਕਰਦੀਆਂ ਕਿ ਕਿਤੇ ਕਿਸੇ ਨੂੰ ਕਰੋਨਾ ਵਾਇਰਸ ਦਾ ਲੱਛਣ ਤਾਂ ਨਹੀਂ," ਉਹ ਦੱਸਦੀ ਹੈ। ਜੇਕਰ ਕੋਈ ਬੁਖਾਰ ਦੀ ਸ਼ਿਕਾਇਤ ਕਰਦਾ ਹੈ ਤਾਂ ਉਹਨੂੰ ਪੈਰਾਸਿਟਾਮੋਲ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਹਨ। ਜੇਕਰ ਉਨ੍ਹਾਂ ਵਿੱਚ ਕਰੋਨਾ ਵਾਇਰਸ ਦੇ ਲੱਛਣ ਹੋਣ, ਤਾਂ 25 ਕਿਲੋਮੀਟਰ ਦੂਰ ਅੰਡੂਰ ਪਿੰਡ ਦੇ ਮੁੱਢਲੇ ਸਿਹਤ ਕੇਂਦਰ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ। (ਪੀਐੱਚਸੀ ਕਰੋਨਾ ਦਾ ਨਮੂਨਾ ਲੈਣ ਲਈ ਪਿੰਡ ਵਿੱਚ ਕਿਸੇ ਨੂੰ ਭੇਜਦਾ ਹੈ; ਜੇਕਰ ਰਿਜਲਟ ਪੋਜੀਟਿਵ ਆਵੇ, ਤਾਂ ਉਸ ਵਿਅਕਤੀ ਨੂੰ ਇਕਾਂਤਵਾਸ ਅਤੇ ਇਲਾਜ ਵਾਸਤੇ ਤੁਲਜਾਪੁਰ ਦੇ ਗ੍ਰਾਮੀਣ ਹਸਪਤਾਲ ਭੇਜ ਦਿੱਤਾ ਜਾਂਦਾ ਹੈ।)
ਆਸ਼ਾ ਕਰਮਚਾਰੀ ਪਿੰਡ ਵਿਚਲੇ ਸਾਰੇ ਘਰਾਂ ਨੂੰ ਕਵਰ ਕਰਨ ਲਈ ਲਗਭਗ 15 ਦਿਨਾਂ ਦਾ ਸਮਾਂ ਲਗਾਉਂਦੀਆਂ ਹਨ- ਉਸ ਤੋਂ ਬਾਅਦ ਉਹ ਦੋਬਾਰਾ ਸ਼ੁਰੂ ਕਰਦੀਆਂ ਹਨ। ਨੀਲਗਾਓਂ ਦੀ ਫਿਰਨੀ 'ਤੇ ਦੋ ਤਰ੍ਹਾਂ ਦੀਆਂ ਤਾਂਡਾਸ ਬਸਤੀਆਂ ਹਨ, ਇੱਕ ਹੈ ਨੋਮਾਡਿਕ ਲੇਮਨ ਭਾਈਚਾਰੇ ਦੀ, ਦੂਜੀ ਹੈ ਪਿਛੜੇ ਕਬੀਲੇ ਦੀ। ਤਨੂਜਾ ਦੇ ਅੰਦਾਜੇ ਨਾਲ਼ ਪਿੰਡ ਦੀ ਅਤੇ ਤਾਂਡਾਸ ਦੀ ਕੁੱਲ ਅਬਾਦੀ 3,000 ਦੇ ਕਰੀਬ ਹੈ। (2011 ਦੀ ਮਰਦਮਸ਼ੁਮਾਰੀ ਦੀ ਸੂਚੀ ਵਿੱਚ ਨੀਲਗਾਓਂ ਦੇ ਕੁੱਲ 452 ਘਰ ਹਨ।)ਤਨੂਜਾ ਅਤੇ ਉਹਦੀ ਸਹਿਕਰਮੀ ਦੀ ਰੋਜ਼ਮੱਰਾ ਦੀ ਡਿਊਟੀ ਵਿੱਚ ਗਰਭਵਤੀ ਔਰਤਾਂ ਦੀ ਸਿਹਤ ਦੀ ਨਿਗਰਾਨੀ ਕਰਨਾ, ਜਣੇਪਾ ਕਰਾਉਣਾ ਅਤੇ ਨਵਜਾਤਾਂ ਦਾ ਬਿਨ-ਨਾਗਾ ਨਾਪ ਲੈਣਾ ਅਤੇ ਭਾਰ ਤੋਲਣਾ ਅਤੇ ਤਾਪਮਾਨ ਲੈਣਾ ਵੀ ਸ਼ਾਮਲ ਹੈ। ਬਜ਼ੁਰਗ ਨਾਗਰਿਕਾਂ (ਸੀਨੀਅਰ ਸਿਟੀਜ਼ਨ) ਨੂੰ ਖਾਸ ਤਵੱਜੋ ਦਿੱਤੀ ਜਾਂਦੀ ਹੈ, ਤਨੂਜਾ ਅੱਗੇ ਦੱਸਦੀ ਹੈ। "ਇਨ੍ਹਾਂ ਸਾਰੇ ਕੰਮਾਂ ਬਦਲੇ, ਉਨ੍ਹਾਂ ਨੂੰ ਸਰਕਾਰ ਵੱਲੋਂ ਕੱਪੜੇ ਦਾ ਇੱਕ ਮਾਸਕ, ਸੈਨੀਟਾਈਜਰ ਦੀ ਇੱਕ ਬੋਤਲ ਅਤੇ 1000 ਰੁਪਿਆ ਮਿਲ਼ਦਾ ਸੀ," ਉਹ ਦੱਸਦੀ ਹੈ। ਸਰਵੇਅ ਕਰਨ ਤੋਂ ਸਿਰਫ਼ ਇੱਕ ਦਿਨ ਪਹਿਲਾਂ 6 ਅਪ੍ਰੈਲ ਨੂੰ ਉਹਨੂੰ ਮਾਸਕ ਮਿਲਿਆ ਅਤੇ ਸਰਵੇਅ ਦੇ ਬਦਲੇ ਪੈਸਾ, ਭੱਤਾ ਸਿਰਫ਼ ਇੱਕ ਵਾਰ ਹੀ ਮਿਲਿਆ (ਅਪ੍ਰੈਲ ਵਿੱਚ)।
ਸਿਟੀ ਹਸਪਤਾਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਉਲਟ, ਆਸ਼ਾ (ASHAs) ਜਾਂ ਹੋਰ 'ਕਮਿਊਨਿਟੀ ਹੈਲਥ ਵਲੰਟੀਅਰਾਂ' ਨੂੰ ਸਵੈ-ਸੁਰੱਖਿਆ ਲਈ ਹੋਰ ਕੋਈ ਉਪਕਰਣ/ਸਮੱਗਰੀ ਨਹੀਂ ਮਿਲਦੀ ਹੈ। ਇੱਥੋਂ ਤੱਕ ਕਿ ਇੱਕ ਫਾਲਤੂ (ਵਾਧੂ) ਮਾਸਕ ਤੱਕ ਨਹੀਂ, ਤਨੂਜਾ ਦੱਸਦੀ ਹੈ। "ਮੈਨੂੰ 400 ਰੁਪਏ ਦੇ ਮਾਸਕ ਖਰੀਦਣੇ ਪਏ।" ਉਹਨੂੰ ਮਹੀਨੇ ਦਾ ਸਿਰਫ਼ 1500 ਰੁਪਏ ਮਿਹਨਤਾਨਾ ਮਿਲ਼ਦਾ ਹੈ ਜੋ ਕਿ 2014 ਤੋਂ ਓਸਮਾਨਾਬਾਦ ਦੇ ਆਸ਼ਾ ਕਰਮਚਾਰੀਆਂ ਨੂੰ ਇੰਨਾ ਹੀ ਮਿਲ਼ਦਾ ਆਇਆ ਹੈ ਅਤੇ ਉਹ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੇ ਤਹਿਤ "ਪ੍ਰਦਰਸ਼ਨ ਅਧਾਰਤ ਭੱਤੇ" ਅਧੀਨ 1500 ਹੋਰ ਕਮਾ ਲੈਂਦੀ ਹੈ। 2014 ਤੋਂ ਇਹ ਭੱਤੇ ਵੀ ਨਹੀਂ ਵਧੇ।
ਪਰ ਗ੍ਰਾਮੀਣ ਇਲਾਕਿਆਂ ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਕਮਜੋਰ ਤਬਕਿਆਂ-ਤੱਕ ਸਿਹਤ ਸਹੂਲਤਾਂ ਪਹੁੰਚਾਉਣ ਪੱਖੋਂ ਆਸ਼ਾ ਕਰਮਚਾਰੀਆਂ ਦੀ ਬਹੁਤ ਅਹਿਮ ਭੂਮਿਕਾ ਰਹੀ ਹੈ। ਉਹ ਉਨ੍ਹਾਂ ਦਰਮਿਆਨ ਸਿਹਤ, ਪੋਸ਼ਣ, ਟੀਕਾਕਰਣ ਅਤੇ ਸਰਕਾਰੀ ਸਿਹਤ ਸਕੀਮਾਂ ਪ੍ਰਤੀ ਜਾਗਰੂਕਤਾ ਫੈਲਾਉਂਦੀਆਂ ਹਨ।
ਕੋਵਿਡ-19 ਸਰਵੇਅ ਦੌਰਾਨ ਲੋਕਾਂ ਦੇ ਹਜੂਮ ਨਾਲ਼ ਦੂਰੀ ਦੀ ਘਾਟ ਦੇ ਚੱਲਦਿਆਂ ਉਨ੍ਹਾਂ ਦੀ ਆਪਣੀ ਸਿਹਤ ਲਈ ਵੀ ਖ਼ਤਰੇ ਦੀ ਗੱਲ ਹੈ। "ਮੈਂ ਰੋਜ਼ਾਨਾ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਆਉਂਦੀ ਹਾਂ। ਕੌਣ ਜਾਣਦਾ ਹੈ ਕਿ ਉਹ ਪੋਜੀਟਿਵ ਹਨ ਜਾਂ ਨਹੀਂ? ਕੀ ਅਜਿਹੇ ਮੌਕੇ ਕੱਪੜੇ ਦਾ ਮਾਸਕ ਪਾਇਆ ਹੋਣਾ ਕਾਫੀ ਹੁੰਦਾ ਹੈ?" 42 ਸਾਲਾ ਨਾਗਿਨੀ ਸਰਵਾਸ ਪੁੱਛਦੀ ਹੈ, ਜੋ ਕਿ ਤੁਲਜਾਪੁਰ ਤਾਲੁਕਾ ਦੇ ਦਾਹੀਤਾਨਾ ਪਿੰਡ ਵਿੱਚ ਆਸ਼ਾ ਵਰਕਰ ਹੈ। ਤਾਲੁਕਾ ਵਿੱਚ ਆਸ਼ਾ ਕਰਮਚਾਰੀਆਂ ਨੂੰ ਅੱਧ ਜੁਲਾਈ ਤੱਕ ਸਿਰਫ਼ ਇੱਕ ਇਨਫ੍ਰਾਰੈਡ ਥਰਮਾਮੀਟਰ ਗਨ ਅਤੇ ਪਲਸ ਓਕਸੀਮੀਟਰ ਹੀ ਦਿੱਤੇ ਗਏ ਸਨ।
24 ਮਾਰਚ ਨੂੰ ਸਰਕਾਰ ਵੱਲੋਂ ਤਾਲਾਬੰਦੀ ਐਲਾਨਨ ਤੋਂ ਬਾਅਦ, ਓਸਮਾਨਾਬਾਦ ਅੰਦਰ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੇ ਪ੍ਰਬੰਧਨ ਦਾ ਪੂਰਾ ਦਾਰੋਮਦਾਰ ਵੀ ਆਸ਼ਾ ਕਰਮਚਾਰੀਆਂ 'ਤੇ ਸੀ। "ਅਪ੍ਰੈਲ ਅਤੇ ਜੂਨ ਦਰਮਿਆਨ ਸਾਡੇ ਪਿੰਡ ਵਿੱਚ ਲਗਭਗ 300 ਪ੍ਰਵਾਸੀ ਮਜ਼ਦੂਰ ਵਾਪਸ ਮੁੜੇ। ਹੌਲੀ-ਹੌਲੀ ਗਿਣਤੀ ਘਟੀ ਅਤੇ ਜੂਨ ਦੇ ਅੰਤ ਤੱਕ ਰੁੱਕ ਗਈ," ਤਨੂਜਾ ਦੱਸਦੀ ਹੈ। ਬਹੁਗਿਣਤੀ ਮਜ਼ਦੂਰ ਪੂਨੇ ਅਤੇ ਮੰਬਈ ਤੋਂ ਵਾਪਸ ਮੁੜੇ, ਜੋ ਕਿ ਕ੍ਰਮਵਾਰ 280 ਅਤੇ 410 ਕਿਲੋਮੀਟਰ ਦੂਰ ਹਨ, ਇਨ੍ਹਾਂ ਥਾਵਾਂ 'ਤੇ ਪੂਰੇ ਦੇਸ਼ ਵਿੱਚੋਂ ਕਰੋਨਾ ਵਾਇਰਸ ਦੇ ਲਾਗ ਦੀ ਦਰ ਸਭ ਤੋਂ ਉੱਚੀ ਹੈ। "ਪਰ 14 ਦਿਨਾਂ ਲਈ ਘਰੇ ਹੀ ਇਕਾਂਤਵਾਸ ਦੇ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ, ਕਈ ਲੋਕ ਬਾਹਰ ਚਲੇ ਜਾਂਦੇ।"ਤੁਲਜਾਪੁਰ ਤਾਲੁਕਾ ਫੁਲਵਾੜੀ ਗ੍ਰਾਮ ਪੰਚਾਇਤ, ਜੋ ਕਿ ਨੀਲਗਾਓਂ ਤੋਂ 21 ਕਿਲੋਮੀਟਰ ਦੂਰ ਹੈ, ਵਿੱਚ ਅੱਧ ਮਾਰਚ ਤੋਂ 7 ਅਪ੍ਰੈਲ ਦੌਰਾਨ ਪਹਿਲਾ ਕੋਵਿਡ ਸਰਵੇਅ ਕਰਵਾਇਆ ਗਿਆ। "ਉਸ ਦੌਰਾਨ, 182 ਮਜ਼ਦੂਰ ਫੁਲਵਾੜੀ ਪਰਤੇ। ਕਈਆਂ ਨੇ ਮੁੰਬਈ ਅਤੇ ਪੂਨੇ ਤੋਂ ਪੈਦਲ ਯਾਤਰਾ ਕੀਤੀ। ਕਈ ਮਜ਼ਦੂਰ ਤਾਂ ਅੱਧੀ-ਰਾਤੀਂ ਪਿੰਡ ਵਿੱਚ ਦਾਖ਼ਲ ਹੁੰਦੇ, ਜਦੋਂ ਕੋਈ ਵੀ ਜਾਗਦਾ ਨਹੀਂ ਹੁੰਦਾ ਸੀ," 42 ਸਾਲਾ ਆਸ਼ਾ ਵਰਕਰ, ਸ਼ਕੁੰਤਲਾ ਲਾਂਗਾੜੇ ਦੱਸਦੀ ਹੈ। ਪੰਚਾਇਤ 315 ਲੋਕਾਂ ਦਾ ਘਰ ਹੈ ਅਤੇ ਜਿਸ ਵਿੱਚ ਕਰੀਬ 1500 ਲੋਕ ਹਨ, ਉਹ ਅੱਗੇ ਦੱਸਦੀ ਹੈ। "6 ਅਪ੍ਰੈਲ ਤੋਂ ਪਹਿਲਾਂ, ਜਦੋਂ ਸਰਵੇਅ ਚਾਲੂ ਹੀ ਸੀ, ਮੈਨੂੰ ਕੋਈ ਸੁਰੱਖਿਆ ਪ੍ਰਾਪਤ ਨਹੀਂ ਹੋਈ- ਨਾ ਕੋਈ ਮਾਸਕ, ਦਸਤਾਨੇ ਜਾਂ ਕੁਝ ਵੀ ਹੋਰ ਲੋੜੀਂਦਾ ਸਮਾਨ ਤੱਕ ਵੀ ਨਹੀਂ," ਸ਼ਕੁੰਤਲਾ ਦੱਸਦੀ ਹੈ।
ਆਸ਼ਾ ਕਰਮਚਾਰੀਆਂ ਲਈ ਹਰੇਕ ਆਉਣ ਵਾਲੇ ਦਾ ਪਤਾ ਲਾਉਣਾ ਹੈ ਅਤੇ ਇਹ ਪਤਾ ਲਾਉਣਾ ਕਿ ਉਹ ਸਵੈ-ਇਕਾਂਤਵਾਸ ਵਿੱਚ ਹਨ, ਬਹੁਤ ਮੁਸ਼ਕਲ ਕੰਮ ਹੈ, ਅਨੀਤਾ ਦੱਸਦੀ ਹੈ, ਜੋ ਕਿ ਆਸ਼ਾ ਵਰਕਰ ਹੈ ਅਤੇ ਓਸਮਾਨਾਬਾਦ ਜ਼ਿਲ੍ਹੇ ਦੇ ਲੋਹਾਰਾ ਤਾਲੁਕਾ ਵਿੱਚ ਕਾਨੇਗਾਓਂ ਪੀਐੱਚਸੀ ਵਿੱਚ ਕੰਮ ਕਰਦੀ ਹੈ। "ਫਿਰ ਵੀ, ਸਾਡੀਆਂ ਆਸ਼ਾ ਕਰਮਚਾਰੀ ਬਿਨਾ ਉਲ੍ਹਾਮੇ ਆਪਣਾ ਕੰਮ ਕਰਦੀਆਂ ਹਨ," ਉਹ ਦੱਸਦੀ ਹੈ। 40 ਸਾਲਾ ਅਨੀਤਾ ਜੋ ਕਿ ਪੀਐੱਚਸੀ ਨੂੰ ਰਿਪੋਰਟ ਕਰਨ ਵਾਲੀਆਂ ਸਾਰੀਆਂ 32 ਆਸ਼ਾ (ASHAs) ਦੇ ਕੰਮ ਦੀ ਨਿਗਰਾਨੀ ਕਰਦੀ ਹੈ। ਇਸ ਵਾਸਤੇ, ਉਹ ਮਹੀਨੇ ਦਾ 8,225 ਰੁਪਏ (ਸਾਰੇ ਭੱਤੇ ਮਿਲਾ ਕੇ) ਕਮਾਉਂਦੀ ਹੈ।
ਮਾਰਚ ਦੇ ਅਖੀਰ ਵਿੱਚ, ਓਸਮਾਨਾਬਾਦ ਜ਼ਿਲ੍ਹੇ ਦੀ ਹਰੇਕ ਗ੍ਰਾਮ ਪੰਚਾਇਤ ਵਿੱਚ 'ਕਰੋਨਾ ਸਹਾਇਤਾ ਕਕਸ਼' (ਹੈਲਪ ਸੈਂਟਰ) ਖੋਲ੍ਹਿਆ ਗਿਆ। ਇਹ ਗ੍ਰਾਮ ਸੇਵਕ, ਗ੍ਰਾਮ ਪੰਚਾਇਤ ਦੇ ਅਫ਼ਸਰਾਂ, ਸਥਾਨਕ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ- ਦੇ ਨਾਲ਼-ਨਾਲ਼ ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਦੁਆਰਾ ਚਲਾਇਆ ਜਾਂਦਾ ਸੀ। "ਸਾਡੀ ਆਸ਼ਾ ਟੀਮ ਕਰੋਨਾ ਸਹਾਇਤਾ ਕਕਸ਼ ਦੀ ਸਭ ਤੋਂ ਵੱਡੀ ਸਹਾਇਕ ਰਹੀ ਹੈ। ਉਹ ਸਾਨੂੰ ਪਿੰਡ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਬਾਰੇ ਰੋਜ਼ਾਨਾ ਅਪਡੇਟ ਦਿੰਦੀਆਂ ਹਨ," ਪ੍ਰਸ਼ਾਂਤ ਸਿੰਘ ਮਰੋੜ, ਤੁਲਜਾਪੁਰ ਦੇ ਜ਼ਿਲ੍ਹਾ ਵਿਕਾਸ ਅਧਿਕਾਰੀ ਦੱਸਦੇ ਹਨ।
ਸ਼ੁਰੂ ਵਿੱਚ, ਓਸਮਾਨਾਬਾਦ ਦੀਆਂ 1161 ਆਸ਼ਾ ਵਰਕਰਾਂ (2014 ਤੱਕ, ਰਾਸ਼ਟਰੀ ਸਿਹਤ ਮਿਸ਼ਨ ਮਹਾਂਰਾਸ਼ਟਰ ਸਾਈਟ; ਜ਼ਿਲ੍ਹੇ ਅੰਦਰ ਕੰਮ ਕਰਦੀ ਇੱਕ ਸੰਸਥਾ, ਉਨ੍ਹਾਂ ਦੀ ਮੌਜੂਦਾ ਸੰਖਿਆ 1207 ਮੰਨਦੀ ਹੈ) ਨੂੰ ਵਿਸ਼ਵ-ਮਹਾਂਮਾਰੀ ਨਾਲ਼ ਨਜਿੱਠਣ ਲਈ ਕੋਈ ਵੀ ਰਸਮੀ ਸਿਖਲਾਈ ਨਹੀਂ ਦਿੱਤੀ ਗਈ। ਸਿਖਲਾਈ ਦੀ ਥਾਂ 'ਤੇ ਉਨ੍ਹਾਂ ਨੂੰ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਦੁਆਰਾ ਕਰੋਨਾ ਵਾਇਰਸ ਨਾਲ਼ ਸਬੰਧਤ ਸੰਕਲਿਤ ਇੱਕ ਕਿਤਾਬਚਾ ਪ੍ਰਾਪਤ ਹੋਇਆ। ਇਸ ਕਿਤਾਬਚੇ ਅੰਦਰ ਦੇਹ ਤੋਂ ਦੂਰੀ ਅਤੇ ਘਰ ਅੰਦਰ ਇਕਾਂਤਵਾਸ ਦੇ ਪੈਮਾਨਿਆਂ ਸਬੰਧੀ ਦਿਸ਼ਾ-ਨਿਰਦੇਸ਼ ਸ਼ਾਮਲ ਸਨ। 11 ਮਈ ਨੂੰ, ਆਸ਼ਾ ਵਰਕਰਾਂ ਨੂੰ ਇੱਕ ਵੈੱਬਨਾਰ ਵਿੱਚ ਹਾਜ਼ਰ ਹੋਣਾ ਪਿਆ ਜਿਸਦਾ ਮਕਸਦ ਉਨ੍ਹਾਂ ਨੂੰ ਵਿਸ਼ਵ-ਮਹਾਂਮਾਰੀ ਨਾਲ਼ ਅਤੇ ਸ਼ਹਿਰਾਂ ਨੂੰ ਵਾਪਸ ਮੁੜ ਰਹੇ ਪ੍ਰਵਾਸੀਆਂ ਨਾਲ਼ ਨਜਿੱਠਣ ਲਈ ਤਿਆਰ ਕੀਤਾ ਜਾਣਾ ਸੀ।ਇਹ ਆਸ਼ਾ ਕਰਮਚਾਰੀਆਂ ਵੱਲੋਂ ਅਯੋਜਿਤ ਕੀਤਾ ਗਿਆ ਸੀ ਅਤੇ ਕੋਵਿਡ-19 ਦੇ ਲੱਛਣਾਂ ਬਾਰੇ ਸੰਖੇਪ ਜਾਣਕਾਰੀ ਦੇਣ ਦੇ ਨਾਲ਼-ਨਾਲ਼ ਘਰ ਵਿੱਚ ਇਕਾਂਤਵਾਸ ਲਈ ਲੋੜੀਂਦੇ ਕਦਮਾਂ ਬਾਰੇ ਦੱਸਿਆ ਗਿਆ। ਆਸ਼ਾ (ASHAs) ਨੂੰ ਉਨ੍ਹਾਂ ਦੇ ਪਿੰਡ ਅੰਦਰ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਕਿਹਾ ਗਿਆ ਅਤੇ ਕੋਈ ਝਗੜਾ ਹੋਣ ਦੀ ਸੂਰਤ ਵਿੱਚ ਪੁਲਿਸ ਨਾਲ਼ ਸੰਪਰਕ ਕਰਨ ਲਈ ਕਿਹਾ ਗਿਆ। "ਸਾਨੂੰ ਸਖ਼ਤੀ ਨਾਲ਼ ਤਾੜਨਾ ਦਿੱਤੀ ਗਈ ਸੀ ਕਿ ਕੋਵਿਡ-19 ਦੇ ਲੱਛਣਾਂ ਵਾਲੇ ਕਿਸੇ ਨੂੰ ਵਿਅਕਤੀ ਨੂੰ ਪੀਐੱਚਸੀ ਲੈ ਕੇ ਜਾਣਾ ਹੈ," ਤਨੂਜਾ ਦੱਸਦੀ ਹੈ। ਸੈਸ਼ਨ ਵਿੱਚ ਵਿਚਾਰਿਆ ਗਿਆ ਕਿ ਕੋਵਿਡ-19 ਦੌਰਾਨ ਪ੍ਰਸਵ ਦੀ ਸਥਿਤੀ ਨੂੰ, ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਕਿਵੇਂ ਸੰਭਾਲ਼ਣਾ ਹੈ।
ਪਰ ਆਸ਼ਾ (ASHAs) ਵਧੇਰੇ ਚਿੰਤਾਜਨਕ ਵਿਸ਼ਿਆਂ ਨੂੰ ਉਜਾਗਰ ਕਰਨਾ ਚਾਹੁੰਦੀਆਂ ਹਨ। "ਅਸੀਂ ਬਿਹਤਰ ਮੈਡੀਕਲ ਕਿੱਟਾਂ ਬਾਰੇ ਕਿਹਾ ਹੈ, ਉਮੀਦ ਹੈ ਪੀਐੱਚਸੀ ਕਰਮੀ ਸਾਡੀ ਮੰਗ ਵੱਲ ਧਿਆਨ ਦੇ ਸਕਣ," ਤਨੂਜਾ ਦੱਸਦੀ ਹੈ। ਉਨ੍ਹਾਂ ਨੇ ਹੋਰ ਵੀ ਵੱਡਾ ਮਸਲਾ ਚੁੱਕਿਆ ਹੈ: ਉਹ ਮਸਲਾ ਮਰੀਜ਼ਾਂ ਨੂੰ ਇੱਧਰ-ਉੱਧਰ ਲੈ ਕੇ ਜਾਣ ਵਾਲੇ ਵਾਹਨਾਂ ਦੀ ਕਮੀ ਨਾਲ਼ ਸਬੰਧਤ ਹੈ। "ਪੀਐੱਚਸੀ (ਅੰਡੁਰ ਅਤੇ ਨਾਲਡੁਰਗ) ਦੇ ਆਸ-ਪਾਸ ਐਮਰਜੈਂਸੀ ਵਾਹਨ ਸੁਵਿਧਾ ਤੱਕ ਉਪਲਬਧ ਨਹੀਂ ਹੈ। ਸਾਡੇ ਲਈ ਮਰੀਜ਼ਾਂ ਨੂੰ ਉੱਥੇ ਲੈ ਕੇ ਜਾਣਾ ਇੱਕ ਵੱਡੀ ਚੁਣੌਤੀ ਹੈ," ਤਨੂਜਾ ਦੱਸਦੀ ਹੈ।
ਦਾਹੀਤਾਨਾ ਪਿੰਡ ਵਿੱਚ, ਨਾਗਿਨੀ ਸਾਨੂੰ ਸੱਤ ਮਹੀਨਿਆਂ ਦੀ ਗਰਭਵਤੀ ਔਰਤ ਬਾਰੇ ਦੱਸਦੀ ਹੈ, ਜੋ ਕਿ ਆਪਣੇ ਪਤੀ ਨਾਲ਼ ਪੂਨੇ ਤੋਂ ਵਾਪਸ ਆਈ ਹੈ। ਤਾਲਾਬੰਦੀ ਦੌਰਾਨ ਉਹਦੇ ਪਤੀ ਦੀ ਨਿਰਮਾਣ ਕਾਰਜ ਦੀ ਨੌਕਰੀ ਵੀ ਚਲੀ ਗਈ। "ਇਹ ਮਈ ਦਾ ਪਹਿਲਾ ਹਫ਼ਤਾ ਸੀ। ਜਦੋਂ ਮੈਂ ਉਹਦੇ ਨਾਲ਼ ਘਰ ਵਿੱਚ ਇਕਾਂਤਵਾਸ ਬਾਰੇ ਗੱਲ ਕਰਨ ਗਈ ਸਾਂ, ਮੈਂ ਦੇਖਿਆ ਕਿ ਉਹਦੀ ਅੱਖਾਂ ਧੱਸੀਆਂ ਹੋਈਆਂ ਸਨ ਅਤੇ ਉਹ ਪੀਲੀ ਅਤੇ ਕਮਜੋਰ ਪੈ ਗਈ ਸੀ। ਇੱਥੋਂ ਤੱਕ ਕਿ ਉਹ ਚੰਗੀ ਤਰ੍ਹਾਂ ਖੜ੍ਹੀ ਵੀ ਨਹੀਂ ਹੋ ਸਕੀ ਸੀ।" ਨਾਗਿਨੀ ਚਾਹੁੰਦੀ ਸੀ ਉਹ ਫੌਰਨ ਉਹਦੇ ਨਾਲ਼ ਪੀਐੱਚਸੀ ਚੱਲੇ। "ਜਦੋਂ ਮੈਂ ਪੀਐੱਚਸੀ ਫੋਨ ਕਰਕੇ ਐਂਬੂਲੈਂਸ ਬਾਰੇ ਪੁੱਛਿਆ ਤਾਂ ਐਂਬੂਲੈਂਸ ਮੌਜੂਦ ਨਹੀਂ ਸੀ। ਚਾਰੋ ਤਾਲੁਕਾ ਦੇ ਪੀਐੱਚਸੀ ਦੋ ਵਾਹਨਾਂ ਦੀ ਸਾਂਝੀ ਵਰਤੋਂ ਕਰਦੇ ਹਨ। ਅਸੀਂ ਜਿਵੇਂ-ਕਿਵੇਂ ਕਰਕੇ ਉਹਦੇ ਲਈ ਰਿਕਸ਼ੇ ਦਾ ਬੰਦੋਬਸਤ ਕੀਤਾ।"
ਨਾਲਡੁਰਗ ਪੀਐੱਚਸੀ ਵਿੱਚ ਹੋਈ ਜਾਂਚ ਤੋਂ ਪਤਾ ਚੱਲਿਆ ਕਿ ਉਹਦੇ ਅੰਦਰ ਹੀਮੋਗਲੋਬਿਨ ਦਾ ਪੱਧਰ ਬਹੁਤ ਹੀ ਘੱਟ ਸੀ। ਇੱਥੇ ਔਰਤਾਂ ਅੰਦਰ ਅਨੀਮੀਆ ਹੋਣਾ ਇੱਕ ਆਮ ਗੱਲ ਹੈ, ਪਰ ਇਸ ਕੇਸ ਵਿੱਚ ਗਰਭ ਦੌਰਾਨ ਗੰਭੀਰ ਅਨੀਮੀਆ ਦਾ ਹੋਣਾ ਸੀ। "ਸਾਨੂੰ ਇੱਕ ਹੋਰ ਰਿਕਸ਼ੇ ਦੀ ਤਲਾਸ਼ ਕਰਨੀ ਪਈ ਅਤੇ ਉਸਨੂੰ ਖੂਨ ਚੜ੍ਹਾਉਣ ਵਾਸਤੇ ਤੁਲਜਾਪੁਰ ਤੋਂ 100 ਕਿਲੋਮੀਟਰ ਦੂਰ ਗ੍ਰਾਮੀਣ ਹਸਪਤਾਲ ਲਿਜਾਣਾ ਪਿਆ। ਰਿਕਸ਼ੇ ਦਾ ਕਿਰਾਇਆ ਹੀ 1500 ਰੁਪਏ ਬਣ ਗਿਆ। ਉਹਦੀ ਮਾਲੀ ਹਾਲਤ ਮਾੜੀ ਸੀ। ਇਸਲਈ ਅਸੀਂ ਕਰੋਨਾ ਸਹਾਇਤਾ ਕੇਂਦਰ ਦੇ ਮੈਂਬਰਾਂ ਤੋਂ ਪੈਸੇ ਇਕੱਠੇ ਕੀਤੇ। ਕੀ ਐਂਬੂਲੈਂਸ ਦੀ ਢੁੱਕਵੀਂ ਸੇਵਾ ਯਕੀਨੀ ਬਣਾਉਣਾ ਸਰਕਾਰ ਦੇ ਅਹਿਮ ਫ਼ਰਜ਼ਾਂ ਵਿੱਚੋਂ ਇੱਕ ਨਹੀਂ ਹੈ?"
ਇਹੋ ਜਿਹੇ ਹਾਲਾਤਾਂ ਵਿੱਚ, ਆਸ਼ਾ ਵਰਕਰ ਆਪਣਾ ਪੈਸਾ ਵੀ ਲਗਾ ਦਿੰਦੀਆਂ ਹਨ- ਭਾਵੇਂ ਉਹ ਇਹ ਬੋਝ ਨਹੀਂ ਝੱਲ ਸਕਦੀਆਂ। ਨਾਗਿਨੀ ਪਤੀ ਦੀ ਮੌਤ (ਜੋ 10 ਸਾਲ ਪਹਿਲਾਂ ਇੱਕ ਬੀਮਾਰੀ ਨਾਲ਼ ਹੋਈ) ਤੋਂ ਬਾਅਦ ਆਪਣੇ ਪਰਿਵਾਰ ਦੀ ਇਕਲੌਤੀ ਕਮਾਉਣ ਵਾਲੀ ਹੈ; ਉਹਦਾ ਪੁੱਤਰ ਅਤੇ ਉਹਦੀ ਸੱਸ ਵੀ ਨਾਗਿਨੀ ਦੀ ਕਮਾਈ 'ਤੇ ਹੀ ਨਿਰਭਰ ਹਨ।ਫੁਲਵਾੜੀ ਵਿੱਚ, ਤਾਲਾਬੰਦੀ ਦੌਰਾਨ ਸ਼ਕੁੰਤਲਾ ਨੂੰ ਆਪਣੀ ਆਮਦਨੀ ਵਧਾਉਣ ਵਾਸਤੇ ਹੋਰ ਕੰਮ ਵੀ ਕਰਨਾ ਪਿਆ (ਅਤੇ ਉਹਨੂੰ ਜੂਨ ਅਤੇ ਜੁਲਾਈ ਦਾ ਬਕਾਇਆ ਅਜੇ ਤੱਕ ਨਹੀਂ ਮਿਲਿਆ)। "ਮੇਰਾ ਪਤੀ, ਗੁਰੂਦੇਵ ਲਾਂਗਾੜੇ, ਇੱਕ ਖੇਤ ਮਜ਼ਦੂਰ ਹੈ। ਉਹ 250 ਰੁਪਏ ਦਿਹਾੜੀ ਕਮਾਉਂਦਾ ਹੈ, ਪਰ ਇਨ੍ਹਾਂ ਗਰਮੀਆਂ ਵਿੱਚ ਉਹਨੂੰ ਮੁਸ਼ਕਲ ਨਾਲ਼ ਹੀ ਬਹੁਤ ਥੋੜ੍ਹਾ ਕੰਮ ਮਿਲਿਆ। ਜੂਨ ਤੋਂ ਅਕਤੂਬਰ ਤੱਕ ਦੇ ਮਹੀਨਿਆਂ ਵਿੱਚ ਹੀ ਉਹਦੀਆਂ ਸਭ ਤੋਂ ਵੱਧ ਦਿਹਾੜੀਆਂ ਲੱਗਦੀਆਂ ਹਨ," ਉਹ ਦੱਸਦੀ ਹੈ। ਇਸ ਜੋੜੇ ਦੀਆਂ ਦੋ ਧੀਆਂ ਹਨ, ਇੱਕ ਦੀ ਉਮਰ 17 ਅਤੇ ਦੂਸਰੀ ਦੀ 2 ਸਾਲ ਹੈ, ਅਤੇ ਗੁਰੂਦੇਵ ਦੇ ਮਾਂ-ਬਾਪ ਵੀ ਉਨ੍ਹਾਂ ਨਾਲ਼ ਹੀ ਰਹਿੰਦੇ ਹਨ।
ਮਈ ਤੋਂ ਜੁਲਾਈ ਤੱਕ, ਸ਼ਕੁੰਤਲਾ ਨੇ ਆਪਣੇ ਪਿੰਡ ਵਿੱਚ ਅੰਡੁਰ-ਅਧਾਰਤ ਹਾਲੋ (HALO) ਮੈਡੀਕਲ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਪ੍ਰਾਜੈਕਟ ਵਿੱਚ ਖਾਣਾ ਪਕਾਉਣ ਦਾ ਕੰਮ ਕਰਕੇ ਮਾੜੀ-ਮੋਟੀ ਵਾਧੂ ਕਮਾਈ ਕੀਤੀ। ਇਹ ਕੋਈ ਮੁਨਾਫਾ ਅਧਾਰਤ ਸੰਸਥਾ ਨਹੀਂ ਅਤੇ ਚਾਹਵਾਨ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਕੁਝ ਪੈਸੇ ਦੇ ਬਦਲੇ ਖਾਣਾ ਪਕਾਉਣ ਦਾ ਕੰਮ ਦਿੰਦੀ ਹੈ। ਉਨ੍ਹਾਂ ਨੂੰ ਰਾਸ਼ਨ ਭੇਜ ਦਿੱਤਾ ਜਾਂਦਾ ਹੈ। "ਅਸੀਂ 300 ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ ਲੋਹਾਰਾ ਅਤੇ ਤੁਲਜਾਪੁਰ ਤਾਲੁਕਾ ਵਿੱਚ ਸਹਾਇਤਾ ਦੀ ਬਹੁਤ ਲੋੜ ਸੀ। ਅਸੀਂ 15 ਮਈ ਤੋਂ 31 ਜੁਲਾਈ ਤੱਕ ਖਾਣਾ ਵੰਡਿਆ," ਬਸਵਾਰਾਜ ਨਾਰੇ, ਮੈਂਬਰ ਹਾਲੋ (HALO) ਦੱਸਦੇ ਹਨ।
"ਇਸ ਕੰਮ ਨੇ ਮੇਰੇ ਜਿਹੀਆਂ ਹੋਰ ਆਸ਼ਾ ਵਰਕਰਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਬਹੁਤ ਹੀ ਮਾਮੂਲੀ ਤਨਖਾਹ ਮਿਲ਼ਦੀ ਹੈ। ਮੈਨੂੰ ਖਾਣਾ ਪਕਾਉਣ ਅਤੇ ਦੋ ਸਮੇਂ ਦਾ ਖਾਣਾ ਅਤੇ ਇੱਕ ਵੇਲੇ ਦੀ ਚਾਹ ਵੰਡਣ (ਪ੍ਰਤੀ ਵਿਅਕਤੀ) ਬਦਲੇ ਰੋਜਾਨਾ 60 ਰੁਪਏ ਮਿਲ਼ਦੇ ਹਨ। ਮੈਂ ਰੋਜ਼ਾਨਾ ਛੇ ਵਿਅਕਤੀਆਂ ਦਾ ਖਾਣਾ ਬਣਾਉਂਦੀ ਹਾਂ ਅਤੇ ਮੈਨੂੰ 360 ਦਿਹਾੜੀ ਮਿਲ਼ ਜਾਂਦੀ ਹੈ," ਸ਼ਕੁੰਤਲਾ ਦੱਸਦੀ ਹੈ। 2019 ਵਿੱਚ, ਉਹਨੇ ਆਪਣੀ 20 ਸਾਲਾ ਧੀ ਸੰਗੀਤਾ ਦੇ ਵਿਆਹ ਵਾਸਤੇ ਕਿਸੇ ਸ਼ਾਹੂਕਾਰ ਤੋਂ 3 ਪ੍ਰਤੀਸ਼ਤ ਵਿਆਜ ਦੀ ਦਰ 'ਤੇ 3 ਲੱਖ ਦਾ ਕਰਜਾ ਲਿਆ ਸੀ। ਤਾਲਾਬੰਦੀ ਦੌਰਾਨ ਉਹਨੇ ਬਿਨਾ ਕੋਈ ਕਿਸ਼ਤ ਛੁੱਟੇ 80,000 ਰੁਪਏ ਵਾਪਿਸ ਕਰ ਦਿੱਤੇ ਹਨ।
"ਮੇਰੀ ਸੱਸ ਨੂੰ ਫਿਕਰ ਸੀ ਕਿਉਂਕਿ ਮੈਂ ਵਿਸ਼ਵ-ਮਹਾਂਮਾਰੀ ਦੌਰਾਨ ਵੀ ਕੰਮ ਕਰ ਰਹੀ ਸਾਂ। 'ਤੂੰ ਪੱਕਾ ਇਹ ਬੀਮਾਰੀ ਘਰੇ ਲਿਆਵੇਂਗੀ,' ਉਹ ਕਹਿੰਦੀ। ਪਰ ਉਹਨੂੰ ਇਹ ਅਹਿਸਾਸ ਨਾ ਹੋਇਆ ਕਿ ਜੇਕਰ ਮੈਂ ਪਿੰਡ ਦੀ ਦੇਖਭਾਲ਼ ਕਰਾਂਗੀ ਤਾਂ ਮੇਰਾ ਪਰਿਵਾਰ ਭੁੱਖਾ ਨਹੀਂ ਰਹੇਗਾ," ਸ਼ਕੁੰਤਲਾ ਦੱਸਦੀ ਹੈ।
ਤਨੂਜਾ ਨੇ ਵੀ ਉਸੇ ਪ੍ਰੋਗਰਾਮ ਵਿੱਚ ਖਾਣਾ ਪਕਾ ਕੇ 360 ਰੁਪਏ ਦਿਹਾੜੀ ਕਮਾਈ। ਹਰ ਰੋਜ਼ ਉਹ ਆਪਣੀ ਆਸ਼ਾ ਡਿਊਟੀ ਪੂਰੀ ਕਰਕੇ, ਖਾਣਾ ਬਣਾਉਣ ਲਈ ਘਰ ਮੁੜਦੀ ਤੇ ਫਿਰ ਛੇ ਟਿਫਿਨ ਵੰਡਦੀ। "ਲਗਪਗ 4 ਵਜੇ ਉਨ੍ਹਾਂ ਨੂੰ ਚਾਹ ਦੇਣ ਤੋਂ ਬਾਅਦ, ਮੈਂ ਰੋਜਾਨਾ ਦੀ ਬੈਠਕ ਵਾਸਤੇ ਕਰੋਨਾ ਹੈਲਪ ਸੈਂਟਰ ਲਈ ਨਿਕਲ਼ ਪਾਉਂਦੀ," ਉਹ ਦੱਸਦੀ ਹੈ।13 ਅਗਸਤ ਅਨੁਸਾਰ ਤੁਲਜਾਪੁਰ ਤਾਲੁਕਾ ਵਿੱਚ 447 ਕੋਵਿਡ-ਪੋਜੀਟਿਵ ਮਾਮਲੇ ਅਤੇ ਲੋਹਾਰਾ ਵਿੱਚ 65 ਮਾਮਲੇ ਹਨ। ਦਾਹੀਤਾਨਾ ਵਿੱਚ 4, ਜਦੋਂਕਿ ਨੀਲਗਾਓਂ ਅਤੇ ਫੁਲਵਾੜੀ ਵਿੱਚ ਅਜੇ ਤਾਈਂ ਕੋਈ ਵੀ ਪੋਜੀਟਿਵ ਮਾਮਲਾ ਨਹੀਂ ਹੈ, ਆਸ਼ਾ ਵਰਕਰ ਕਹਿੰਦੀਆਂ ਹਨ।
25 ਜੂਨ ਨੂੰ ਮਹਾਂਰਾਸ਼ਟਰ ਸਰਕਾਰ ਨੇ ਜੁਲਾਈ ਦੇ ਸ਼ੁਰੂ ਵਿੱਚ ਹੀ ਆਸ਼ਾ ਵਰਕਰਾਂ ਦੀ ਤਨਖਾਹ ਵਿੱਚ ਮਹੀਨੇਵਾਰ 2,000 ਅਤੇ ਆਸ਼ਾ ਕਾਰਕੁੰਨਾਂ ਦੀ ਤਨਖਾਹ ਵਿੱਚ 3,000 ਰੁਪਏ ਵਾਧਾ ਕਰਨ ਦਾ ਐਲਾਨ ਕੀਤਾ। ਗ੍ਰਾਮੀਣ ਇਲਾਕਿਆਂ ਵਿੱਚ ਕੋਵਿਡ-19 ਸਰਵੇਅ ਵਿੱਚ ਉਨ੍ਹਾਂ ਦੇ ਕੰਮ ਦਾ ਹਵਾਲਾ ਦਿੰਦਿਆਂ, ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਆਪਣੇ ਸੂਬੇ ਦੀਆਂ 65,000 ਆਸ਼ਾ ਵਰਕਰਾਂ ਨੂੰ "ਸਾਡੇ ਸਿਹਤ ਢਾਂਚੇ ਦਾ ਮਜ਼ਬੂਤ ਥੰਮ੍ਹ" ਕਿਹਾ।
10 ਅਗਸਤ ਅਨੁਸਾਰ, ਜਿਨ੍ਹਾਂ ਆਸ਼ਾ ਵਰਕਰਾਂ ਨਾਲ਼ ਅਸਾਂ ਗੱਲ ਕੀਤੀ ਉਨ੍ਹਾਂ ਨੂੰ ਜੁਲਾਈ ਦੀਆਂ ਵਧੀਆਂ ਹੋਈਆਂ ਤਨਖਾਹਾਂ ਜਾਂ ਭੱਤੇ ਮਿਲੇ ਨਹੀਂ ਹਨ।
ਪਰ ਉਹ ਲਗਾਤਾਰ ਕੰਮ ਕਰ ਰਹੀਆਂ ਹਨ। "ਅਸੀਂ ਆਪਣੇ ਲੋਕਾਂ ਵਾਸਤੇ ਬਿਨਾ ਥੱਕੇ ਕੰਮ ਕਰਦੀਆਂ ਹਾਂ," ਤਨੂਜਾ ਦੱਸਦੀ ਹੈ। "ਭਾਵੇਂ ਕਿੰਨਾ ਵੀ ਸੋਕਾ ਪਿਆ ਹੋਵੇ, ਤੇਜ਼ ਮੀਂਹ ਹੋਵੇ, ਗੜ੍ਹੇ ਪੈਂਦੇ ਹੋਣ ਜਾਂ ਕਰੋਨਾ ਵਾਇਰਸ ਹੀ ਹੋਵੇ, ਕਿਸੇ ਵੀ ਹਾਲਤ ਵਿੱਚ ਅਸੀਂ ਪਹਿਲੇ ਨੰਬਰ 'ਤੇ ਲੋਕਾਂ ਦੀ ਸਿਹਤ ਦੀ ਸੰਭਾਲ਼ ਕਰਦੀਆਂ ਹਾਂ।" ਅਸੀਂ ਸਾਵਿਤਰੀ ਬਾਈ ਫੂਲੇ ਤੋਂ ਪ੍ਰਭਾਵਤ ਹਾਂ, ਜਿਸ ਨੇ 1897 ਵਿੱਚ ਪਲੇਗ ਦੇ ਫੈਲੇ ਹੋਣ ਦੌਰਾਨ ਨਿਰ-ਸਵਾਰਥ ਭਾਵ ਨਾਲ਼ ਲੋਕਾਂ ਦੀ ਮਦਦ ਕਰਨ ਲਈ ਖੁਦ ਨੂੰ ਸਮਰਪਤ ਕੀਤਾ।
ਪੋਸਟਸਕਰਿਪਟ: ਓਸਮਾਨਾਬਾਦ ਦੇ ਆਸ਼ਾ ਵਰਕਰਾਂ ਅਤੇ ਕਾਰਕੁੰਨਾਂ ਨੇ ਦੇਸ਼ ਵਿਆਪੀ ਯੂਨੀਅਨਾਂ ਦੁਆਰਾ 7-8 ਅਗਸਤ ਨੂੰ ਕੁੱਲ ਭਾਰਤੀ ਹੜਤਾਲ ਦਾ ਸਮਰਥਨ ਕੀਤਾ। ਜਿਸ ਵਿੱਚ ਉਹ ਆਸ਼ਾ ਵਰਕਰਾਂ ਨੂੰ ਪੱਕਿਆਂ ਕਰਨ, ਵਾਜਬ (ਸਮੇਂ ਸਿਰ) ਤਨਖਾਹ, ਪ੍ਰੋਤਸਾਹਨ ਦਰਾਂ ਵਿੱਚ ਵਾਧਾ ਕੀਤੇ ਜਾਣ ਅਤੇ ਆਵਾਜਾਈ ਸੁਵਿਧਾਵਾਂ ਵਿੱਚ ਵਾਧੇ ਜਿਹੀਆਂ ਲੰਬੇ ਸਮੇਂ ਤੋਂ ਲਟਕਵੀਆਂ ਮੰਗਾਂ ਤੋਂ ਇਲਾਵਾ, ਸੁਰੱਖਿਆ ਇਤਜਾਮਾਂ 'ਤੇ, ਖਾਸ ਕਰਕੇ ਕੋਵਿਡ-19 ਦੇ ਕਾਰਜ ਲਈ ਵਿਸ਼ੇਸ਼ ਸਿਖਲਾਈ ਦਿੱਤੇ ਜਾਣ, ਵਿਸ਼ਵ-ਮਹਾਂਮਾਰੀ ਕਾਲ ਦੌਰਾਨ ਫਰੰਟਲਾਈਨ ਵਰਕਰਾਂ ਦੀ ਨਿਯਮਿਤ ਜਾਂਚ ਕਰਾਉਣ ਅਤੇ ਬੀਮਾ ਸੁਵਿਧਾਵਾਂ ਉਪਲਬਧ ਕਰਾਏ ਜਾਣ 'ਤੇ ਜ਼ੋਰ ਦੇ ਰਹੇ ਹਨ।
ਤਰਜਮਾ: ਕਮਲਜੀਤ ਕੌਰ