“ਦੋ ਸਾਲ ਪਹਿਲਾਂ ਅਸੀਂ ਦਿੱਲੀ ਤੋਂ ਵਾਪਿਸ ਆ ਗਏ ਸਾਂ। ਸਰਕਾਰ ਨੇ ਕਿਹਾ ਸੀ ਕਿ ਉਹ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਨਗੇ ਪਰ ਉਹਨਾਂ ਮੰਗਾਂ ’ਤੇ ਚਰਚਾ ਕਰਨ ਲਈ ਅੱਜ ਤੱਕ ਕਿਸੇ ਕਿਸਾਨ ਨੂੰ ਨਹੀਂ ਬੁਲਾਇਆ ਗਿਆ,” 60 ਸਾਲਾ ਚਰਨਜੀਤ ਕੌਰ ਕਹਿੰਦੀ ਹਨ ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਨਿਵਾਸੀ ਹਨ। ਉਹਨਾਂ ਦਾ ਪਰਿਵਾਰ ਆਪਣੀ ਦੋ ਏਕੜ ਜ਼ਮੀਨ ’ਤੇ ਕਣਕ, ਝੋਨੇ ਦੀ ਖੇਤੀ ਤੋਂ ਇਲਾਵਾ ਘਰੇਲੂ ਵਰਤੋਂ ਲਈ ਕੁਝ ਸਬਜੀਆਂ ਉਗਾਉਂਦਾ ਹੈ। “ਅਸੀਂ ਸਾਰੇ ਕਿਸਾਨਾਂ ਦੇ ਹੱਕਾਂ ਲਈ ਲੜ੍ਹ ਰਹੇ ਹਾਂ,” ਉਹ ਅੱਗੇ ਕਹਿੰਦੀ ਹਨ।
ਚਰਨਜੀਤ ਆਪਣੀ ਗੁਆਂਢਣ ਦੋਸਤ ਗੁਰਮੀਤ ਕੌਰ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਸ਼ੰਭੂ ਬਾਰਡਰ ’ਤੇ ਲੱਗੇ ਮੋਰਚੇ ਵਿੱਚ ਔਰਤਾਂ ਦੇ ਇੱਕ ਸਮੂਹ ਵਿੱਚ ਬੈਠੀ ਹਨ। ਸੂਰਜ ਦੀਆਂ ਕਿਰਨਾਂ ਸਮੂਹ ’ਤੇ ਪੈ ਰਹੀਆਂ ਹਨ। “ਇੱਥੋਂ ਤੱਕ ਕਿ ਉਹਨਾਂ (ਸਰਕਾਰ) ਨੇ ਸਾਨੂੰ ਦਿੱਲੀ ਵਿੱਚ ਵੜਨ ਵੀ ਨਹੀਂ ਦਿੱਤਾ,” ਗੁਰਮੀਤ ਕਹਿੰਦੀ ਹਨ। ਉਹ ਹਰਿਆਣਾ-ਪੰਜਾਬ ਸਰਹੱਦ ਅਤੇ ਦਿੱਲੀ-ਹਰਿਆਣਾ ਸਰਹੱਦਾਂ ਨਾਲ ਲੱਗਦੀਆਂ ਸੜਕਾਂ ’ਤੇ ਲੱਗੇ ਕੰਕਰੀਟ ਦੀਆਂ ਕੰਧਾਂ, ਲੋਹੇ ਦੀਆਂ ਮੇਖਾਂ, ਸਰੀਏ ਅਤੇ ਕੰਡਿਆਲੀ ਤਾਰਾਂ ਦੇ ਬਹੁ-ਪਰਤੀ ਬੈਰੀਕੇਡਾਂ ਦਾ ਹਵਾਲਾ ਦਿੰਦੀ ਹਨ ਜੋ ਧਰਨਾਕਾਰੀ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਲਗਾਏ ਗਏ ਹਨ। ਪੜ੍ਹੋ: ‘ਇਓਂ ਜਾਪ ਰਿਹਾ ਜਿਓਂ ਸ਼ੰਭੂ ਕੋਈ ਬਾਰਡਰ ਨਾ ਹੋ ਕੇ ਜੇਲ੍ਹ ਹੋਵੇ’
ਇਕੱਠੇ ਹੋਏ ਕਿਸਾਨਾਂ ਦੇ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਨੂੰ ਬਹੁਤ ਵਿਸ਼ਿਆਂ ’ਤੇ ਨਿਰਾਸ਼ ਕੀਤਾ ਹੈ: ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦਾ ਵਾਅਦਾ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਦੀ ਮੁਕੰਮਲ ਮੁਆਫ਼ੀ, ਲਖੀਮਪੁਰ-ਖੇੜੀ ਕਤਲੇਆਮ ਦੇ ਪੀੜਤ ਕਿਸਾਨਾਂ ਨੂੰ ਇਨਸਾਫ, ਦੋਸ਼ੀ ਦੀ ਗ੍ਰਿਫਤਾਰੀ, ਕਿਸਾਨਾਂ ਅਤੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਅਤੇ 2020-2021 ਕਿਸਾਨੀ ਧਰਨੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਆਦਿ।
ਇੱਕ ਹਫ਼ਤਾ ਪਹਿਲਾਂ 13 ਫ਼ਰਵਰੀ ਨੂੰ ਜਦੋਂ ਇਹਨਾਂ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਰਾਸ਼ਟਰੀ ਰਾਜਧਾਨੀ ਵੱਲ ਸ਼ਾਂਤਮਈ ਮਾਰਚ ਸ਼ੁਰੂ ਕੀਤਾ ਤਾਂ ਹਰਿਆਣਾ ਪੁਲਿਸ ਵੱਲੋਂ ਉਹਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਉਹਨਾਂ ’ਤੇ ਅੱਥਰੂ ਗੈਸ, ਪਾਣੀ ਦੀਆਂ ਬੋਛਾਰਾਂ, ਪੈਲਟ ਬੰਦੂਕਾਂ ਨਾਲ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ।
ਸੁਰਿੰਦਰ ਕੌਰ ਦਾ ਪੁੱਤਰ ਵੀ ਪੰਜਾਬ-ਹਰਿਆਣਾ ਦੀ ਸਰਹੱਦ ’ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਿਰਕਤ ਕਰ ਰਿਹਾ ਹੈ। “ਸਾਡੇ ਤਾਂ ਮੋਬਾਈਲ, ਟੈਲੀਵਿਜ਼ਨ ਬੰਦ ਹੀ ਨਹੀਂ ਹੁੰਦੇ। ਜਦੋਂ ਅਸੀਂ ਸਾਰਾ ਦਿਨ ਗੋਲੇ ਵੱਜਦੇ ਦੇਖਦੇ ਹਾਂ, ਤਦੋਂ ਮਨ ਵਿੱਚ ਹੌਲ਼ ਜਿਹਾ ਪੈਂਦਾ ਹੈ ਕਿ ਕਿਤੇ ਸਾਡੇ ਬੱਚੇ ਦੇ ਨਾ ਵੱਜੇ” ਉਹ ਕਹਿੰਦੀ ਹਨ।
ਸੁਰਿੰਦਰ ਕੌਰ ਖੋਜੇ ਮਾਜਰਾ ਪਿੰਡ ਤੋਂ ਹਨ ਅਤੇ 24 ਫਰਵਰੀ, 2024 ਦੀ ਸਵੇਰ ਨੂੰ 22 ਸਾਲਾ ਸ਼ੁਭਕਰਨ ਸਿੰਘ ਲਈ ਕੀਤੇ ਜਾ ਰਹੇ ਮੋਮਬੱਤੀ ਮਾਰਚ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ ਜਿਸ ਦੀ ਪੰਜਾਬ-ਹਰਿਆਣਾ ਦੇ ਖਨੌਰੀ ਸਰਹੱਦ ’ਤੇ ਸੁਰੱਖਿਆ ਕਰਮਚਾਰੀਆਂ ਅਤੇ ਧਰਨਾਕਾਰੀ ਕਿਸਾਨਾਂ ਵਿਚਕਾਰ ਝੜਪ ਦੌਰਾਨ ਮੌਤ ਹੋ ਗਈ ਸੀ।
“ਅਸੀਂ ਆਪਣੇ ਹੱਕਾਂ ਲਈ ਲੜ੍ਹ ਰਹੇ ਹਾਂ, ਅਸੀਂ ਉਨਾਂ ਸਮਾਂ ਵਾਪਸ ਨਹੀਂ ਮੁੜਾਂਗੇ ਜਦੋਂ ਤੱਕ ਸਾਡੇ ਹੱਕ ਨਹੀਂ ਮਿਲ ਜਾਂਦੇ,” ਉਹ ਦੱਸਦੀ ਹਨ। ਇਹ 64 ਸਾਲਾ ਬਜ਼ੁਰਗ ਆਪਣੀਂ ਨੂੰਹ ਅਤੇ ਪੋਤੇ-ਪੋਤੀਆਂ ਨਾਲ ਪਹੁੰਚੇ ਹਨ।
ਸੁਰਿੰਦਰ ਕੌਰ ਦਾ ਛੇ ਜੀਆਂ ਦਾ ਪਰਿਵਾਰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਦੋ ਏਕੜ ਜ਼ਮੀਨ ’ਤੇ ਨਿਰਭਰ ਹਨ ਜਿਥੇ ਉਹ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਉਹ ਦੱਸਦੀ ਹਨ ਕਿ ਉਹਨਾਂ ਨੂੰ ਸਿਰਫ ਪੰਜ ਫ਼ਸਲਾਂ ’ਤੇ ਐੱਮ. ਐੱਸ. ਪੀ. (MSP) ਮਿਲਦੀ ਹੈ ਜੋ ਕਿ ਕਾਫ਼ੀ ਨਹੀਂ ਹੈ। “ਮਿੱਟੀ ਦੇ ਭਾਅ ਲੈਂਦੇ ਹਨ ਸਾਡੀ ਫ਼ਸਲ” ਆਪਣੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਵਿਕਣ ਵਾਲੀ ਸਰ੍ਹੋਂ ਵਰਗੀਆਂ ਫ਼ਸਲਾਂ ਦਾ ਹਵਾਲਾ ਦਿੰਦੇ ਹੋਏ ਉਹ ਕਹਿੰਦੀ ਹਨ।
“ਸਾਡੇ ਸ਼ਾਂਤਮਈ ਧਰਨੇ ਦੇ ਬਾਵਜੂਤ ਪੁਲਿਸ ਅਜਿਹੇ ਸਖਤ ਹੱਥਕੰਡੇ ਕਿਉਂ ਅਪਣਾ ਰਹੀ ਹੈ?” ਚਿੰਤਿਤ ਹੋਏ ਦਵਿੰਦਰ ਕੌਰ ਪੁੱਛਦੀ ਹਨ ਜਿੰਨ੍ਹਾਂ ਦਾ ਪੁੱਤਰ ਸ਼ੁਰੂ ਤੋਂ ਹੀ ਸੰਘਰਸ਼ ਵਿੱਚ ਸ਼ਿਰਕਤ ਕਰ ਰਿਹਾ ਹੈ। ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਲਾਂਡਰਾਂ ਪਿੰਡ ਦੇ ਰਹਿਣ ਵਾਲੇ ਦਵਿੰਦਰ ਕੌਰ ਵੀ ਆਪਣੇ ਪਰਿਵਾਰ- ਨੂੰਹ ਅਤੇ 2, 7 ਅਤੇ 11 ਸਾਲ ਦੇ ਪੋਤੇ-ਪੋਤੀਆਂ ਸਮੇਤ ਪਹੁੰਚੇ ਹੋਏ ਹਨ।
“ਸਰਕਾਰ ਸਿਰਫ਼ ਦੋ ਫ਼ਸਲਾਂ ਤੇ MSP ਦਿੰਦੀ ਹੈ- ਕਣਕ ਅਤੇ ਝੋਨਾ। ਫਿਰ ਉਹ ਸਾਨੂੰ ਵਿਭਿੰਨ ਫ਼ਸਲਾਂ ਦੀ ਖੇਤੀ ਕਰਨ ਬਾਰੇ ਕਹਿੰਦੇ ਹਨ। ਅਜਿਹੇ ਹਾਲਾਤਾਂ ਵਿੱਚ ਅਸੀਂ ਫ਼ਸਲੀ ਵਿਭਿੰਨਤਾ ਕਿਵੇਂ ਲੈ ਕੇ ਆਈਏ?” ਦਵਿੰਦਰ ਪੁੱਛਦੀ ਹਨ। “ਜਿਹੜੀ ਮੱਕੀ ਅਸੀਂ ਉਗਾਉਂਦੇ ਹਾਂ 800-900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾਂਦੀ ਹੈ ਜਦਕਿ ਫੂਡ ਕਾਰਪੋਰੇਸ਼ਨ ਆਫ਼ ਇੰਡੀਆ 2022-2023 ਮੁਤਾਬਿਕ 1,962 ਰੁਪਏ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਂਦਾ ਹੈ।”
ਬੈਰੀਕੇਡ ਤੋਂ ਲਗਭਗ 200 ਮੀਟਰ ਦੂਰ ਇੱਕ ਟਰਾਲੀ ’ਤੇ ਬਣੀ ਹੋਈ ਆਰਜੀ ਸਟੇਜ ’ਤੇ ਖੜ੍ਹ ਕੇ ਕਿਸਾਨ ਆਗੂ ਭਾਸ਼ਨ ਦੇ ਰਹੇ ਹਨ ਅਤੇ ਸੰਘਰਸ਼ੀ ਕਿਸਾਨਾਂ ਨੂੰ ਅੱਗੇ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਜਾਣੂ ਕਰਵਾ ਰਹੇ ਹਨ। ਲੋਕ ਸੜਕ ’ਤੇ ਵਿਛੀਆਂ ਦਰੀਆਂ ’ਤੇ ਬੈਠੇ ਹਨ; ਪੰਜਾਬ ਵੱਲੋਂ ਹਜ਼ਾਰਾਂ ਟ੍ਰੈਕਟਰਾਂ ਅਤੇ ਟਰਾਲੀਆਂ ਦਾ 4 ਕਿਲੋਮੀਟਰ ਲੰਮਾ ਕਾਫ਼ਲਾ ਦਿਖਾਈ ਦੇ ਰਿਹਾ ਹੈ।
ਪੰਜਾਬ ਦੇ ਰਾਜਪੁਰਾ ਤੋਂ 44 ਸਾਲਾ ਪਰਮਪ੍ਰੀਤ ਕੌਰ 24 ਫ਼ਰਵਰੀ ਤੋਂ ਹੀ ਸ਼ੰਭੂ ਬਾਰਡਰ ’ਤੇ ਮੌਜੂਦ ਹਨ। ਅਮ੍ਰਿਤਸਰ ਅਤੇ ਪਠਾਨਕੋਟ ਤੋਂ ਆਉਣ ਵਾਲੀ ਹਰੇਕ ਟ੍ਰੈਕਟਰ-ਟਰਾਲੀ ਵਿੱਚ 4 ਤੋਂ 5 ਔਰਤਾਂ ਲਾਜ਼ਮੀ ਹਨ। ਉਹਨਾਂ ਵਿੱਚੋਂ ਕੁਝ ਇੱਥੇ ਇੱਕ ਜਾਂ ਦੋ ਦਿਨ ਬਿਤਾ ਕੇ ਵਾਪਸ ਪਰਤ ਜਾਂਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਵਾਲੀ ਥਾਂ ਤੇ ਪਖ਼ਾਨਿਆਂ ਦੀ ਘਾਟ ਹੋਣ ਕਾਰਨ ਉਹਨਾਂ ਨੂੰ ਇੱਥੇ ਰਾਤ ਰਹਿਣਾ ਮੁਸ਼ਕਿਲ ਹੈ। “ਮੈਨੂੰ ਲੱਗਿਆ ਕਿ ਪਰਿਵਾਰ ਵਿੱਚੋਂ ਘੱਟੋ-ਘੱਟ ਇੱਕ ਵਿਅਕਤੀ ਨੂੰ ਤਾਂ ਸਾਥ ਦੇਣ ਲਈ ਆਉਣਾ ਚਾਹੀਦਾ ਹੈ,” ਪਰਮਪ੍ਰੀਤ ਕਹਿੰਦੀ ਹਨ। ਉਹਨਾਂ ਦਾ 21 ਸਾਲਾ ਪੁੱਤਰ ਬਿਮਾਰ ਹੋਣ ਕਾਰਨ ਨਹੀਂ ਆ ਸਕਦਾ ਸੀ ਇਸ ਲਈ ਉਹ ਆਪਣੇ ਰਿਸ਼ਤੇਦਾਰਾਂ ਨਾਲ ਖ਼ੁਦ ਹੀ ਆ ਗਏ। ਪਰਿਵਾਰ ਕੋਲ 20 ਏਕੜ ਜ਼ਮੀਨ ਹੈ ਜਿੱਥੇ ਉਹ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ ਪਰ 2021 ਵਿੱਚ ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੂੰ ਜ਼ਮੀਨ ਤੋਂ ਕੋਈ ਜ਼ਿਆਦਾ ਆਮਦਨ ਨਹੀਂ ਹੋ ਰਹੀ।
“ਕੋਈ ਵੀ ਇਸ ਜ਼ਮੀਨ ਨੂੰ ਠੇਕੇ ’ਤੇ ਲੈ ਕੇ ਖੇਤੀ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਫੈਕਟਰੀਆਂ ਤੋਂ ਨਿਕਲਣ ਵਾਲੇ ਰਸਾਇਣਾਂ ਕਾਰਨ ਜ਼ਮੀਨੀ ਪਾਣੀ ਦੂਸ਼ਿਤ ਹੋ ਗਿਆ ਹੈ,” ਉਹ ਅੱਗੇ ਕਹਿੰਦੀ ਹਨ।
ਪਟਿਆਲਾ ਜ਼ਿਲ੍ਹੇ ਦੇ ਭਤੇੜੀ ਪਿੰਡ ਦੇ ਰਹਿਣ ਵਾਲੀ ਅਮਨਦੀਪ ਕੌਰ ਦੇ ਪਰਿਵਾਰ ਕੋਲ 21 ਏਕੜ ਜ਼ਮੀਨ ਹੈ। ਉਹ ਵੀ ਜ਼ਿਆਦਾਤਰ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। “ਸਾਡੇ ਖੇਤਾਂ ਵਿੱਚ ਖੜ੍ਹੀ ਫ਼ਸਲ ਦਾ ਮੁੱਲ ਨਾ-ਮਾਤਰ ਹੀ ਰਹਿੰਦਾ ਹੈ। ਪਰ ਇੱਕ ਵਾਰ ਸਾਡੇ ਹੱਥਾਂ ’ਚੋਂ ਨਿਕਲਣ ਤੋਂ ਬਾਅਦ ਬਾਜ਼ਾਰ ਵਿੱਚ ਇਹ ਦੁੱਗਣੀ ਕੀਮਤ ’ਤੇ ਵੇਚੀ ਜਾਂਦੀ ਹੈ।”
ਸੰਘਰਸ਼ ਬਾਰੇ ਗੱਲਬਾਤ ਕਰਦੇ ਹੋਏ ਉਹ ਕਹਿੰਦੀ ਹਨ,“ਪ੍ਰਦਰਸ਼ਨਕਾਰੀ ਨਿਹੱਥੇ ਹਨ, ਫਿਰ ਵੀ ਸਰਕਾਰ ਆਪਣੇ ਹੀ ਨਾਗਰਿਕਾਂ ਵਿਰੁੱਧ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ। ਭਾਰਤ ਵਿੱਚ ਰਹਿਣ ਦੇ ਬਹੁਤ ਘੱਟ ਕਾਰਨ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਨੋਜਵਾਨ ਦੇਸ਼ ਕਿਉਂ ਛੱਡ ਕੇ ਜਾ ਰਹੇ ਹਨ। ਇੱਥੇ ਨਾ ਸਿਰਫ਼ ਨੌਕਰੀਆਂ ਦੀ ਕਮੀ ਹੈ ਬਲਕਿ ਜਦੋਂ ਅਸੀਂ ਆਪਣੇ ਹੱਕਾਂ ਦੀ ਮੰਗ ਕਰਦੇ ਹਾਂ ਤਾ ਸਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ।”
ਤਰਜ਼ਮਾਕਾਰ: ਇੰਦਰਜੀਤ ਸਿੰਘ