ਤਿੰਨ ਦਹਾਕੇ ਪਹਿਲਾਂ ਨੌਜਵਾਨ ਸੰਜੇ ਕਾਂਬਲੇ ਨੂੰ ਕੋਈ ਵੀ ਬਾਂਸ ਦਾ ਕੰਮ ਸਿਖਾ ਕੇ ਰਾਜ਼ੀ ਨਹੀਂ ਸੀ। ਅੱਜ ਉਹ ਸਭ ਨੂੰ ਆਪਣੀ ਵਿੱਸਰਦੀ ਜਾ ਰਹੀ ਕਲਾ ਸਿਖਾਉਣਾ ਚਾਹੁੰਦੇ ਹਨ, ਤੇ ਕੋਈ ਸਿੱਖਣਾ ਨਹੀਂ ਚਾਹੁੰਦਾ। “ਕਮਾਲ ਹੈ, ਕਿਵੇਂ ਸਮਾਂ ਬਦਲ ਗਿਆ,” 50 ਸਾਲਾ ਕਾਂਬਲੇ ਕਹਿ ਰਹੇ ਹਨ।
ਆਪਣੇ ਇੱਕ ਏਕੜ ਦੇ ਖੇਤ ਵਿੱਚ ਲੱਗੇ ਬਾਂਸ ਤੋਂ ਕਾਂਬਲੇ ਮੁੱਖ ਤੌਰ ’ਤੇ ਇਰਲੇ – ਪੱਛਮੀ ਮਹਾਰਾਸ਼ਟਰ ਦੇ ਇਸ ਇਲਾਕੇ ਦੇ ਝੋਨਾ ਕਿਸਾਨਾਂ ਦੁਆਰਾ ਵਰਤਿਆ ਜਾਣ ਵਾਲਾ ਇੱਕ ਤਰ੍ਹਾਂ ਦਾ ਰੇਨਕੋਟ – ਤਿਆਰ ਕਰਦੇ ਹਨ। “ਕਰੀਬ ਵੀਹ ਸਾਲ ਪਹਿਲਾਂ, ਖੇਤਾਂ ਵਿੱਚ ਕੰਮ ਕਰਦੇ ਸਾਰੇ ਕਿਸਾਨ ਇਰਲਾ ਵਰਤਦੇ ਸਨ ਕਿਉਂਕਿ ਸ਼ਾਹੂਵਾੜੀ ਤਾਲੁਕਾ ਵਿੱਚ ਮੀਂਹ ਬਹੁਤ ਪੈਂਦਾ ਸੀ,” ਕੇਰਲੇ ਪਿੰਡ ਦੇ ਇਸ ਵਸਨੀਕ ਨੇ ਕਿਹਾ। ਉਹ ਆਪ ਵੀ ਆਪਣੇ ਖੇਤ ਵਿੱਚ ਕੰਮ ਕਰਨ ਵੇਲੇ ਇਰਲਾ ਪਹਿਨਦੇ ਸਨ। ਬਾਂਸ ਦਾ ਰੇਨਕੋਟ ਘੱਟੋ-ਘੱਟ ਸੱਤ ਸਾਲ ਚੱਲ ਜਾਂਦਾ ਹੈ, ਅਤੇ “ਉਸ ਤੋਂ ਬਾਅਦ ਵੀ ਸੌਖਿਆਂ ਹੀ ਠੀਕ ਕੀਤਾ ਜਾ ਸਕਦਾ ਹੈ,” ਉਹਨਾਂ ਦੱਸਿਆ।
ਪਰ ਹੁਣ ਚੀਜ਼ਾਂ ਬਦਲ ਗਈਆਂ ਹਨ।
ਸਰਕਾਰੀ ਡਾਟਾ ਮੁਤਾਬਕ ਕੋਲ੍ਹਾਪੁਰ ਜ਼ਿਲ੍ਹੇ ਵਿੱਚ ਜੁਲਾਈ ਤੇ ਸਤੰਬਰ ਵਿਚਕਾਰ ਪਿਛਲੇ 20 ਸਾਲਾਂ ਦੌਰਾਨ ਮੀਂਹ- 1,308 ਮਿਲੀਮੀਟਰ (2003 ਵਿੱਚ) ਤੋਂ ਘਟ ਕੇ 973 ਮਿਲੀਮੀਟਰ (2023 ਵਿੱਚ) ਤੱਕ ਚਲਾ ਗਿਆ ਹੈ।
“ਕੀਹਨੂੰ ਪਤਾ ਸੀ ਕਿ ਇੱਥੇ ਮੀਂਹ ਐਨਾ ਘਟ ਜਾਵੇਗਾ ਕਿ ਇੱਕ ਦਿਨ ਇਹ ਮੇਰੀ ਕਲਾ ਨੂੰ ਹੀ ਮਾਰ ਮੁਕਾਏਗਾ?” ਇਰਲੇ ਬਣਾਉਣ ਵਾਲੇ ਸੰਜੇ ਕਾਂਬਲੇ ਨੇ ਕਿਹਾ।
“ਇੱਥੇ ਖੇਤੀ ਮੀਂਹ ’ਤੇ ਨਿਰਭਰ ਹੈ, ਇਸ ਲਈ ਅਸੀਂ ਹਰ ਸਾਲ ਜੂਨ ਤੋਂ ਸਤੰਬਰ ਤੱਕ ਹੀ ਖੇਤੀ ਕਰਦੇ ਹਾਂ,” ਕਾਂਬਲੇ ਨੇ ਕਿਹਾ। ਸਾਲ-ਦਰ-ਸਾਲ ਮੀਂਹ ਵਿੱਚ ਅਸਥਿਰਤਾ ਕਾਰਨ ਬਹੁਤੇ ਪਿੰਡ ਵਾਸੀ ਮੁੰਬਈ ਤੇ ਪੁਣੇ ਵਰਗੇ ਸ਼ਹਿਰਾਂ ਵਿੱਚ ਪਰਵਾਸ ਲਈ ਮਜਬੂਰ ਹੋ ਗਏ, ਜਿੱਥੇ ਉਹ ਹੋਟਲਾਂ ਵਿੱਚ, ਪ੍ਰਾਈਵੇਟ ਬੱਸ ਕੰਪਨੀਆਂ ਵਿੱਚ ਕੰਡਕਟਰਾਂ ਵਜੋਂ, ਮਿਸਤਰੀ, ਦਿਹਾੜੀਦਾਰ ਮਜ਼ਦੂਰ, ਤੇ ਗਲੀ ਵਿਕਰੇਤਾ ਵਜੋਂ, ਜਾਂ ਮਹਾਰਾਸ਼ਟਰ ਦੇ ਖੇਤਾਂ ਵਿੱਚ ਕਿਰਤ ਕਰਦੇ ਹਨ।
ਜਿਹੜੇ ਲੋਕ ਪਿੱਛੇ ਰਹਿ ਗਏ ਹਨ, ਉਹਨਾਂ ਨੇ ਘਟਦੀ ਵਰਖਾ ਕਰਕੇ ਝੋਨੇ ਦੀ ਥਾਂ ਗੰਨੇ ਦੀ ਖੇਤੀ ਸ਼ੁਰੂ ਕਰ ਲਈ। ਕਾਂਬਲੇ ਨੇ ਕਿਹਾ, “ਬੋਰਵੈਲ ਵਾਲੇ ਕਿਸਾਨ ਤੇਜ਼ੀ ਨਾਲ ਗੰਨੇ ਦੀ ਖੇਤੀ ਵੱਲ ਮੁੜ ਰਹੇ ਹਨ ਕਿਉਂਕਿ ਗੰਨਾ ਉਗਾਉਣਾ ਸੌਖਾ ਹੈ।” ਇਹ ਬਦਲਾਅ ਕਰੀਬ ਸੱਤ ਸਾਲ ਪਹਿਲਾਂ ਸ਼ੁਰੂ ਹੋਇਆ।
ਜੇ ਲੋੜ ਮੁਤਾਬਕ ਵਰਖਾ ਹੋਈ ਤਾਂ ਕਾਂਬਲੇ ਮਾਨਸੂਨ ਵੇਲੇ 10 ਕੁ ਇਰਲੇ ਵੇਚ ਲੈਣਗੇ ਪਰ 2023 ਵਿੱਚ ਉਹਨਾਂ ਕੋਲ ਤਿੰਨ ਦੀ ਹੀ ਮੰਗ ਆਈ ਸੀ। “ਪਿਛਲੇ ਸਾਲ ਬਹੁਤ ਘੱਟ ਮੀਂਹ ਪਿਆ। ਫੇਰ ਇਰਲੇ ਕੀਹਨੇ ਖਰੀਦਣੇ ਸਨ?” ਉਹਨਾਂ ਦੇ ਗਾਹਕ ਨੇੜਲੇ ਪਿੰਡਾਂ, ਅੰਬਾ, ਮਾਸਨੋਲੀ, ਤਲਵੜੇ, ਤੇ ਚਾਂਦੋਲੀ ਤੋਂ ਹਨ।
ਗੰਨਾ ਉਗਾਉਣ ਦੇ ਫੈਸਲੇ ਨੇ ਹੋਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ। “ ਇਰਲੇ ਜ਼ਿਆਦਾਤਰ ਉਹਨਾਂ ਖੇਤਾਂ ਵਿੱਚ ਪਹਿਨੇ ਜਾਂਦੇ ਹਨ ਜਿਹਨਾਂ ਵਿੱਚ ਛੋਟੇ ਕੱਦ ਦੀਆਂ ਫ਼ਸਲਾਂ ਹੋਣ। ਇਰਲੇ ਦੀ ਭਾਰੀ ਬਣਾਵਟ ਕਰਕੇ ਇਹ ਫ਼ਸਲਾਂ ਦੇ ਤਣਿਆਂ ਵਿੱਚ ਲੱਗੇਗਾ, ਇਸ ਕਰਕੇ ਇਹ ਪਾ ਕੇ ਗੰਨੇ ਦੇ ਖੇਤ ਵਿੱਚੋਂ ਨਹੀਂ ਲੰਘਿਆ ਜਾ ਸਕਦਾ,” ਦਲਿਤ ਬੋਧੀ ਸਮਾਜ ਨਾਲ ਸਬੰਧ ਰੱਖਣ ਵਾਲੇ ਸੰਜੇ ਨੇ ਕਿਹਾ। ਇਰਲੇ ਦਾ ਆਕਾਰ ਇਹਨੂੰ ਪਹਿਨਣ ਵਾਲੇ ਕਿਸਾਨ ਦੇ ਕੱਦ ’ਤੇ ਨਿਰਭਰ ਹੁੰਦਾ ਹੈ। “ਇਹ ਛੋਟੇ ਜਿਹੇ ਘਰ ਵਾਂਗ ਹੁੰਦਾ ਹੈ,” ਉਹਨਾਂ ਦੱਸਿਆ।
ਪਿੰਡ ’ਚ ਵੇਚੇ ਜਾਂਦੇ ਪਲਾਸਟਿਕ ਦੇ ਰੇਨਕੋਟਾਂ ਨੇ ਇਰਲੇ ਦਾ ਧੰਦਾ ਲਗਭਗ ਖ਼ਤਮ ਕਰ ਦਿੱਤਾ ਹੈ। ਵੀਹ ਸਾਲ ਪਹਿਲਾਂ ਕਾਂਬਲੇ ਇੱਕ ਇਰਲਾ 200-300 ਰੁਪਏ ਦਾ ਵੇਚਦੇ ਸਨ, ਜਿਸਦੀ ਕੀਮਤ ਵਧਾ ਕੇ ਹੁਣ ਉਹਨਾਂ ਨੇ 600 ਰੁਪਏ ਕਰ ਦਿੱਤੀ ਹੈ ਕਿਉਂਕਿ ਰਹਿਣ-ਸਹਿਣ ਦਾ ਖਰਚਾ ਬਹੁਤ ਵਧ ਗਿਆ ਹੈ।
*****
ਕਾਂਬਲੇ ਦੇ ਮਰਹੂਮ ਪਿਤਾ ਚੰਦਰੱਪਾ ਕਿਸਾਨ ਤੇ ਫੈਕਟਰੀ ਕਾਮੇ ਸਨ। ਉਹਨਾਂ ਦੇ ਮਰਹੂਮ ਦਾਦਾ ਜਯੋਤੀਬਾ, ਜੋ ਸੰਜੇ ਦੇ ਪੈਦਾ ਹੋਣ ਤੋਂ ਪਹਿਲਾਂ ਚੱਲ ਵਸੇ ਸਨ, ਇਰਲੇ ਬਣਾਉਂਦੇ ਸਨ ਜੋ ਉਸ ਵੇਲੇ ਉਹਨਾਂ ਦੇ ਪਿੰਡ ਵਿੱਚ ਆਮ ਧੰਦਾ ਸੀ।
30 ਸਾਲ ਪਹਿਲਾਂ ਤੱਕ ਵੀ ਇਰਲੇ ਦੀ ਐਨੀ ਮੰਗ ਸੀ ਕਿ ਕਾਂਬਲੇ ਨੇ ਸੋਚਿਆ ਬਾਂਸ ਦਾ ਕੰਮ ਸਿੱਖ ਕੇ ਉਹਨਾਂ ਦੀ ਕਿਸਾਨੀ ਦੀ ਆਮਦਨ ਵਿੱਚ ਕੁਝ ਵਾਧਾ ਹੋ ਜਾਵੇਗਾ। “ਮੇਰੇ ਕੋਲ ਹੋਰ ਕੋਈ ਰਾਹ ਨਹੀਂ ਸੀ,” ਉਹਨਾਂ ਕਿਹਾ। “ਆਪਣਾ ਪਰਿਵਾਰ ਪਾਲਣ ਲਈ ਪੈਸੇ ਕਮਾਉਣੇ ਸਨ।”
ਜਦ ਕਾਂਬਲੇ ਨੇ ਇਹ ਕਲਾ ਸਿੱਖਣ ਦਾ ਫੈਸਲਾ ਲਿਆ ਤਾਂ ਉਹ ਕੇਰਲੇ ਦੀ ਕਾਂਬਲੇਵਾੜੀ ਵਸਤ (ਗੁਆਂਢ) ਵਿੱਚ ਇੱਕ ਪੁਰਾਣੇ ਇਰਲਾ ਬਣਾਉਣ ਵਾਲੇ ਕੋਲ ਗਏ। “ਮੈਂ ਉਹਨਾਂ ਨੂੰ ਇਹ ਕਲਾ ਸਿਖਾਉਣ ਲਈ ਮਿੰਨਤਾਂ ਕੀਤੀਆਂ ਪਰ ਉਹ ਐਨੇ ਵਿਅਸਤ ਸਨ ਕਿ ਮੇਰੇ ਵੱਲ ਝਾਕੇ ਤੱਕ ਨਹੀਂ,” ਕਾਂਬਲੇ ਨੇ ਯਾਦ ਕਰਦਿਆਂ ਆਖਿਆ। ਪਰ ਉਹਨਾਂ ਨੇ ਹਾਰ ਨਹੀਂ ਮੰਨੀ, ਤੇ ਉਹ ਹਰ ਸਵੇਰੇ ਉਸ ਕਾਰੀਗਰ ਨੂੰ ਕੰਮ ਕਰਦਿਆਂ ਵੇਖਦੇ ਰਹਿੰਦੇ ਤੇ ਅਖੀਰ ਨੂੰ ਆਪਣੇ-ਆਪ ਸਿੱਖ ਗਏ।
ਕਾਂਬਲੇ ਨੇ ਬਾਂਸ ਨਾਲ ਸਭ ਤੋਂ ਪਹਿਲਾਂ ਛੋਟੀਆਂ-ਛੋਟੀਆਂ ਗੋਲ ਟੋਪਲੀਆਂ (ਟੋਕਰੀਆਂ) ਬਣਾਈਆਂ, ਜਿਸ ਦਾ ਬੁਨਿਆਦੀ ਤਰੀਕਾ ਉਹਨਾਂ ਨੇ ਹਫ਼ਤੇ ਵਿੱਚ ਹੀ ਸਿੱਖ ਲਿਆ। ਉਹ ਪੂਰਾ ਦਿਨ ਉਦੋਂ ਤੱਕ ਬਾਂਸ ਦੀਆਂ ਭੂਰੀਆਂ ਪੱਤਰੀਆਂ ਬਣਾਉਣ ਵਿੱਚ ਲੱਗੇ ਰਹਿੰਦੇ, ਜਦ ਤੱਕ ਸਹੀ ਤਰ੍ਹਾਂ ਨਾ ਕਰ ਲੈਂਦੇ।
“ਮੇਰੇ ਖੇਤ ’ਚ ਇਸ ਵੇਲੇ ਬਾਂਸ ਦੇ ਕਰੀਬ 1,000 ਪੌਦੇ ਹਨ,” ਕਾਂਬਲੇ ਕਹਿੰਦੇ ਹਨ। “ਇਹ ਕਾਰੀਗਰੀ ਦੀਆਂ ਵਸਤਾਂ ਲਈ ਤੇ ਬਾਗਾਂ ਵਿੱਚ (ਅੰਗੂਰਾਂ ਦੀਆਂ ਵੇਲਾਂ ਨੂੰ ਸਹਾਰਾ ਦੇਣ ਲਈ) ਭੇਜੇ ਜਾਂਦੇ ਹਨ।” ਜੇ ਉਹਨਾਂ ਨੇ ਬਜ਼ਾਰ ਵਿੱਚੋਂ ਚਿਵਾ (ਬਾਂਸ ਦੀ ਸਥਾਨਕ ਕਿਸਮ) ਖਰੀਦਣਾ ਹੋਵੇ ਤਾਂ ਸੰਜੇ ਨੂੰ ਇੱਕ ਪੌਦੇ ਲਈ ਘੱਟੋ-ਘੱਟ 50 ਰੁਪਏ ਦੇਣੇ ਪੈਂਦੇ।
ਇਰਲਾ ਬਣਾਉਣਾ ਮਿਹਨਤ ਵਾਲਾ ਕੰਮ ਹੈ ਤੇ ਸੰਜੇ ਨੂੰ ਇਹ ਕੰਮ ਸਿੱਖਣ ਵਿੱਚ ਸਾਲ ਲੱਗ ਗਿਆ।
ਸ਼ੁਰੂਆਤ ਬਾਂਸ ਦਾ ਸਹੀ ਪੌਦਾ ਤਲਾਸ਼ਣ ਤੋਂ ਹੁੰਦੀ ਹੈ। ਪਿੰਡ ਵਾਸੀ ਚਿਵਾ ਵਰਤ ਕੇ ਰਾਜ਼ੀ ਹਨ ਕਿਉਂਕਿ ਇਹ ਮਜ਼ਬੂਤ ਤੇ ਲੰਬਾ ਸਮਾਂ ਕੱਢਣ ਵਾਲਾ ਹੁੰਦਾ ਹੈ। ਕਾਂਬਲੇ ਆਪਣੇ ਖੇਤ ਵਿੱਚ ਧਿਆਨ ਨਾਲ ਪੌਦਿਆਂ ਨੂੰ ਪਰਖਦੇ ਹਨ ਤੇ 21 ਫੁੱਟ ਲੰਮਾ ਬਾਂਸ ਕੱਢ ਲਿਆਉਂਦੇ ਹਨ। ਅਗਲੇ ਪੰਜਾਂ ਮਿੰਟਾਂ ਵਿੱਚ, ਉਹ ਇਹਨੂੰ ਦੂਜੀ ਗੰਢ ਉੱਪਰੋਂ ਵੱਢ ਕੇ ਆਪਣੇ ਮੋਢੇ ਉੱਤੇ ਸੁੱਟ ਲੈਂਦੇ ਹਨ।
ਉਹ ਪੈਦਲ ਆਪਣੇ ਇੱਕ ਕਮਰੇ ਤੇ ਰਸੋਈ ਵਾਲੇ ਚਿਰਾ (ਲਾਲ ਮਿੱਟੀ ਦੇ) ਘਰ ਵਿੱਚ ਵਾਪਸ ਆਉਂਦੇ ਹਨ ਅਤੇ ਬਾਂਸ ਨੂੰ ਵਿਹੜੇ ਵਿੱਚ, ਜਿੱਥੇ ਉਹ ਕੰਮ ਕਰਦੇ ਹਨ, ਰੱਖ ਦਿੰਦੇ ਹਨ। ਬਾਂਸ ਦੇ ਦੋ ਸਿਰਿਆਂ ਨੂੰ, ਆਕਾਰ ਵਿੱਚ ਨਾ ਬਰਾਬਰ, ਭਾਗਾਂ ਵਿੱਚ ਕੱਟਣ ਲਈ ਉਹ ਪਾਰਲੀ (ਦਾਤੀ ਦੀ ਕਿਸਮ) ਵਰਤਦੇ ਹਨ। ਉਸ ਤੋਂ ਬਾਅਦ ਉਹ ਬਾਂਸ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਕੇ ਸਿਰੇ ਤੋਂ ਹਰ ਟੁਕੜੇ ਵਿੱਚੋਂ ਪਾਰਲੀ ਲੰਘਾਉਂਦੇ ਹਨ, ਜਿਸ ਨਾਲ ਦੋ ਟੁਕੜੇ ਹੋਰ ਹੋ ਜਾਂਦੇ ਹਨ।
ਪਾਰਲੀ ਨਾਲ ਬਾਂਸ ਦੀ ਉੱਪਰਲੀ ਹਰੀ ਤਹਿ ਨੂੰ ਲਾਹ ਕੇ ਪਤਲੀਆਂ ਪੱਤਰੀਆਂ ਬਣਾਈਆਂ ਜਾਂਦੀਆਂ ਹਨ। ਉਹ ਅਜਿਹੀਆਂ ਕਈ ਪੱਤਰੀਆਂ ਬਣਾਉਣ ਵਿੱਚ ਘੱਟੋ-ਘੱਟ ਤਿੰਨ ਘੰਟੇ ਲਾਉਂਦੇ ਹਨ, ਜਿਹਨਾਂ ਨੂੰ ਬੁਣ ਕੇ ਇਰਲਾ ਬਣਾਇਆ ਜਾਂਦਾ ਹੈ।
“ਪੱਤਰੀਆਂ ਦੀ ਗਿਣਤੀ ਇਰਲੇ ਦੇ ਆਕਾਰ ’ਤੇ ਨਿਰਭਰ ਹੁੰਦੀ ਹੈ,” ਉਹਨਾਂ ਦੱਸਿਆ। ਆਮ ਕਰਕੇ ਇੱਕ ਇਰਲੇ ਲਈ ਬਾਂਸ ਦੇ 20 ਫੁੱਟ ਲੰਬੇ ਤਿੰਨ ਟੁਕੜੇ ਚਾਹੀਦੇ ਹੁੰਦੇ ਹਨ।
ਕਾਂਬਲੇ ਖਤਿਜੀ ਤਰੀਕੇ ਛੇ-ਛੇ ਸੈਂਟੀਮੀਟਰ ਦਾ ਥਾਂ ਛੱਡ 20 ਪੱਤਰੀਆਂ ਚਿਣਦੇ ਹਨ। ਫਿਰ ਉਹ ਕੁਝ ਹੋਰ ਪੱਤਰੀਆਂ ਨੂੰ ਸਿਰੇ ਪਾਸਿਓਂ ਉਹਨਾਂ ਉੱਪਰ ਰੱਖ ਕੇ ਉਹਨਾਂ ਨੂੰ ਚਟਾਈ ਵਾਂਗ ਬੁਣਨਾ ਸ਼ੁਰੂ ਕਰ ਦਿੰਦੇ ਹਨ।
ਇਸ ਮਾਹਰ ਕਾਰੀਗਰ ਨੂੰ ਇਹਨਾਂ ਪੱਤਰੀਆਂ ਲਈ ਸਕੇਲ (ਫੂਟੇ) ਜਾਂ ਇੰਚੀਟੇਪ ਦੀ ਲੋੜ ਨਹੀਂ ਪੈਂਦੀ, ਮਿਣਤੀ ਲਈ ਉਹ ਆਪਣੀਆਂ ਹਥੇਲੀਆਂ ਹੀ ਵਰਤ ਲੈਂਦੇ ਹਨ। “ਮਿਣਤੀ ਐਨੀ ਕੁ ਸਹੀ ਹੁੰਦੀ ਹੈ ਕਿ ਪੱਤਰੀ ਦਾ ਕੋਈ ਹਿੱਸਾ ਬਾਹਰ ਨਹੀਂ ਰਹਿੰਦਾ,” ਉਹ ਮੁਸਕੁਰਾਉਂਦਿਆਂ ਕਹਿੰਦੇ ਹਨ।
“ਢਾਂਚਾ ਤਿਆਰ ਕਰਕੇ ਪਾਸਿਆਂ ਤੋਂ ਕਿਨਾਰੇ ਮੋੜਨੇ ਹੁੰਦੇ ਹਨ, ਜਿਸ ਵਿੱਚ ਬਹੁਤ ਜਾਨ ਲਗਦੀ ਹੈ,” ਉਹਨਾਂ ਕਿਹਾ। ਢਾਂਚਾ ਤਿਆਰ ਹੋਣ ਤੋਂ ਬਾਅਦ ਉਹ ਘੰਟਾ ਲਾ ਕੇ ਪੱਤਰੀਆਂ ਮੋੜਦੇ ਹਨ, ਜਿਸ ਨਾਲ ਇਹ ਉੱਪਰੋਂ ਤਿੱਖੀਆਂ ਹੋ ਜਾਂਦੀਆਂ ਹਨ। ਉਹ ਦੱਸਦੇ ਹਨ ਕਿ ਪੂਰੇ ਕੰਮ ਵਿੱਚ ਕਰੀਬ ਅੱਠ ਘੰਟੇ ਲੱਗ ਜਾਂਦੇ ਹਨ।
ਜਦ ਢਾਂਚਾ ਤਿਆਰ ਹੋ ਜਾਵੇ ਤਾਂ ਇਰਲੇ ਨੂੰ ਨੀਲੇ ਰੰਗ ਦੀ ਵੱਡੀ ਸਾਰੀ ਪੱਲੀ ਨਾਲ ਢਕ ਦਿੱਤਾ ਜਾਂਦਾ ਹੈ ਜੋ ਗਿੱਲੇ ਹੋਣ ਤੋਂ ਬਚਾਉਂਦੀ ਹੈ। ਇਸਨੂੰ ਇਰਲੇ ਦੇ ਤਿੱਖੇ ਸਿਰੇ ’ਚੋਂ ਨਿਕਲਦੀ ਪਲਾਸਟਿਕ ਦੀ ਰੱਸੀ ਨਾਲ ਜੁਲਾਹੇ ਦੇ ਸਰੀਰ ਨਾਲ ਬੰਨ੍ਹਿਆ ਜਾਂਦਾ ਹੈ। ਇਹਨੂੰ ਟਿਕਾਉਣ ਲਈ ਵੱਖ-ਵੱਖ ਸਿਰਿਆਂ ’ਤੇ ਕਈ ਗੰਢਾਂ ਬੰਨ੍ਹੀਆਂ ਜਾਂਦੀਆਂ ਹਨ। ਨੇੜਲੇ ਕਸਬਿਆਂ ਅੰਬਾ ਤੇ ਮਲਕਾਪੁਰ ਤੋਂ ਕਾਂਬਲੇ 50 ਰੁਪਏ ਵਿੱਚ ਇੱਕ ਪੱਲੀ ਖਰੀਦਦੇ ਹਨ।
*****
ਇਰਲੇ ਬਣਾਉਣ ਦੇ ਨਾਲ-ਨਾਲ ਕਾਂਬਲੇ ਆਪਣੀ ਜ਼ਮੀਨ ਵਿੱਚ ਝੋਨਾ ਵੀ ਉਗਾਉਂਦੇ ਹਨ। ਜ਼ਿਆਦਾਤਰ ਵਾਢੀ ਪਰਿਵਾਰ ਦੇ ਹੀ ਕੰਮ ਆਉਂਦੀ ਹੈ। 45 ਕੁ ਸਾਲਾਂ ਦੀ ਉਹਨਾਂ ਦੀ ਪਤਨੀ, ਮਾਲਾਬਾਈ ਵੀ ਆਪਣੇ ਤੇ ਹੋਰਨਾਂ ਦੇ ਖੇਤਾਂ ਵਿੱਚ ਨਦੀਨ ਪੁੱਟਣ, ਝੋਨਾ ਤੇ ਗੰਨਾ ਬੀਜਣ, ਜਾਂ ਫ਼ਸਲਾਂ ਦੀ ਵਾਢੀ ਦਾ ਕੰਮ ਕਰਦੀ ਹੈ।
“ ਇਰਲੇ ਦੀਆਂ ਜ਼ਿਆਦਾ ਫ਼ਰਮਾਇਸ਼ਾਂ ਨਹੀਂ ਆਉਂਦੀਆਂ, ਤੇ ਸਿਰਫ਼ ਝੋਨੇ ਦੀ ਖੇਤੀ ਨਾਲ ਗੁਜ਼ਾਰਾ ਨਹੀਂ ਹੋ ਸਕਦਾ, ਇਸ ਲਈ ਮੈਂ ਖੇਤਾਂ ਵਿੱਚ (ਮਜ਼ਦੂਰੀ) ਦਾ ਕੰਮ ਕਰਦੀ ਹਾਂ,” ਉਹਨਾਂ ਕਿਹਾ। 25-26 ਕੁ ਸਾਲ ਦੀਆਂ ਉਹਨਾਂ ਦੀਆਂ ਤਿੰਨ ਬੇਟੀਆਂ, ਕਰੁਣਾ, ਕੰਚਨ ਅਤੇ ਸ਼ੁਭਾਂਗੀ ਵਿਆਹੀਆਂ ਹੋਈਆਂ ਹਨ ਤੇ ਘਰੇਲੂ ਕੰਮ ਸਾਂਭਦੀਆਂ ਹਨ। ਉਹਨਾਂ ਦਾ ਬੇਟਾ ਸਵਪਨਿਲ ਮੁੰਬਈ ਵਿੱਚ ਪੜ੍ਹਦਾ ਹੈ ਤੇ ਉਹਨੇ ਕਦੇ ਇਰਲਾ ਬਣਾਉਣਾ ਨਹੀਂ ਸਿੱਖਿਆ। “ਇੱਥੇ ਕੋਈ ਰੁਜ਼ਗਾਰ ਨਹੀਂ, ਇਸ ਕਰਕੇ ਉਹ ਸ਼ਹਿਰ ਚਲਾ ਗਿਆ,” ਸੰਜੇ ਨੇ ਕਿਹਾ।
ਆਪਣੀ ਆਮਦਨ ਵਧਾਉਣ ਲਈ ਕਾਂਬਲੇ ਨੇ ਬਾਂਸ ਦੀਆਂ ਹੋਰਨਾਂ ਵਸਤਾਂ ਦੇ ਨਾਲ-ਨਾਲ ਹੱਥੀਂ ਖੁਰੁੜ (ਮੁਰਗੀਆਂ ਲਈ ਘੋਰਨੇ) ਅਤੇ ਕਾਰੰਡਾ (ਮੱਛੀਆਂ ਲਈ ਘੋਰਨੇ) ਬਣਾਉਣ ਵਿੱਚ ਵੀ ਮੁਹਾਰਤ ਹਾਸਲ ਕਰ ਲਈ ਹੈ। ਇਹ ਮੰਗ ਮੁਤਾਬਕ ਬਣਾਏ ਜਾਂਦੇ ਹਨ, ਤੇ ਗਾਹਕ ਉਹਨਾਂ ਦੇ ਘਰੋਂ ਲੈ ਕੇ ਜਾਂਦੇ ਹਨ। ਦਹਾਕੇ ਪਹਿਲਾਂ ਉਹ ਟੋਪਲੇ ਤੇ ਕਾਂਗੀਆਂ – ਰਵਾਇਤੀ ਤੌਰ ’ਤੇ ਚੌਲ ਰੱਖਣ ਲਈ ਵਰਤੇ ਜਾਂਦੇ ਭਾਂਡੇ – ਵੀ ਬਣਾਉਂਦੇ ਸਨ। ਪਰ ਪਤਰਚਾ ਡੱਬੇ (ਟੀਨ ਦੇ ਡੱਬੇ) ਸੌਖੇ ਮਿਲ ਜਾਣ ਕਰਕੇ ਇਹਨਾਂ ਦੀ ਮੰਗ ਖ਼ਤਮ ਹੋ ਗਈ। ਇਹਨਾਂ ਨੂੰ ਹੁਣ ਉਹ ਬਸ ਆਪਣੇ ਘਰ ਵਿੱਚ ਵਰਤਣ ਲਈ ਹੀ ਤਿਆਰ ਕਰਦੇ ਹਨ।
“ਇਹ ਕਲਾ ਕੌਣ ਸਿੱਖਣਾ ਚਾਹੇਗਾ?” ਫੋਨ ਵਿੱਚ ਆਪਣੀਆਂ ਬਣਾਈਆਂ ਚੀਜ਼ਾਂ ਦਿਖਾਉਂਦਿਆਂ ਕਾਂਬਲੇ ਨੇ ਕਿਹਾ, “ਨਾ ਮੰਗ ਹੈ ਤੇ ਨਾ ਚੰਗੀ ਕਮਾਈ ਹੁੰਦੀ ਹੈ। ਕੁਝ ਸਾਲਾਂ ਵਿੱਚ ਇਹ ਅਲੋਪ ਹੋ ਜਾਵੇਗੀ।”
ਇਹ ਰਿਪੋਰਟ ਸੰਕੇਤ ਜੈਨ ਵੱਲੋਂ ਦਸਤਾਵੇਜ਼ ਕੀਤੇ ਜਾ ਰਹੇ ਪੇਂਡੂ ਕਾਰੀਗਰਾਂ ਦੀ ਲੜੀ ਦਾ ਹਿੱਸਾ ਹੈ, ਅਤੇ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਦੀ ਮਦਦ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ।
ਤਰਜਮਾ: ਅਰਸ਼ਦੀਪ ਅਰਸ਼ੀ