'' ਅਸੀਂ ਜਿੱਥੇ ਕਿਤੇ ਵੀ ਜਾਈਏ, ਇਕੱਠੇ ਹੀ ਜਾਈਦਾ ਹੈ, '' ਆਪਣੇ ਨਾਲ਼ ਖੜ੍ਹੀ ਸਹੇਲੀ ਵੱਲ ਪਿਆਰ ਨਾਲ਼ ਦੇਖਦਿਆਂ ਗੀਤਾ ਕਹਿੰਦੀ ਹਨ।
ਦੋਵੇਂ ਸਹੇਲੀਆਂ ਨੇੜਲੇ ਜੰਗਲ ਵਿੱਚੋਂ ਸਾਲ (ਸ਼ੋਰਿਆ ਰੋਬਸਤਾ) ਪੱਤੇ ਤੋੜਨ ਜਾਂਦੀਆਂ ਹਨ ਜਿਨ੍ਹਾਂ ਨਾਲ਼ ਉਹ ਡੋਨੇ (ਕੌਲ਼ੀਆਂ) ਤੇ ਪੱਤਲ (ਪਲੇਟਾਂ) ਬਣਾਉਂਦੀਆਂ ਹਨ ਤੇ ਪਾਲਾਮਊ ਜ਼ਿਲ੍ਹਾ ਹੈੱਡਕੁਆਰਟਰ ਦੇ ਡਾਲਟਨਗੰਜ ਸ਼ਹਿਰ ਵਿੱਚ ਵੇਚ ਦਿੰਦੀਆਂ ਹਨ।
ਗੀਤਾ ਤੇ ਸਕੁਨੀ ਦੇਵੀ ਪਿਛਲੇ ਤੀਹ ਸਾਲਾਂ ਤੋਂ ਗੁਆਂਢੀ ਹਨ, ਦੋਵੇਂ ਹੀ ਕੋਪੇ ਪਿੰਡ ਵਿਖੇ ਛੋਟੀ ਜਿਹੀ ਬਸਤੀ ਵਿੱਚ ਰਹਿੰਦੀਆਂ ਹਨ। ਝਾਰਖੰਡ ਰਾਜ ਦੇ ਕਈ ਪਿੰਡ ਵਾਸੀਆਂ ਵਾਂਗਰ ਗੀਤਾ ਤੇ ਸਕੁਨੀ ਵੀ ਰੋਜ਼ੀਰੋਟੀ ਕਮਾਉਣ ਵਾਸਤੇ ਜੰਗਲੀ ਉਤਪਾਦਾਂ ' ਤੇ ਨਿਰਭਰ ਕਰਦੀਆਂ ਹਨ।
ਪੱਤੇ ਇਕੱਠੇ ਕਰਦਿਆਂ ਉਹ ਅੱਠ-ਅੱਠ ਘੰਟੇ ਜੰਗਲ ਵਿੱਚ ਬਿਤਾਉਂਦੀਆਂ ਹਨ, ਜਦੋਂ ਡੰਗਰ ਚਰ ਕੇ ਵਾਪਸ ਘਰਾਂ ਨੂੰ ਮੁੜਦੇ ਹਨ ਤਾਂ ਉਹ ਵੀ ਵਾਪਸ ਚਾਲੇ ਪਾ ਲੈਂਦੀਆਂ ਹਨ। ਪੱਤੇ ਤੁੜਾਈ ਦਾ ਸਮਾਂ ਬੜੀ ਤੇਜ਼ੀ ਨਾਲ਼ ਲੰਘਦਾ ਹੈ, ਉਹ ਬਹੁਤ ਥੋੜ੍ਹੇ ਸਮੇਂ ਦੀ ਛੁੱਟੀ ਲੈਂਦੀਆਂ, ਆਪਣੇ ਪਰਿਵਾਰਾਂ ਬਾਰੇ ਗੱਲਾਂ ਕਰਦੀਆਂ ਤੇ ਪਿੰਡ ਦੀਆਂ ਖ਼ਬਰਾਂ ਸਾਂਝੀਆਂ ਕਰਦੀਆਂ ਹਨ।
ਹਰ ਸਵੇਰ, ਗੀਤਾ ਆਪਣੀ ਗੁਆਂਢਣ ਦੇ ਹਾਕ ਮਾਰਨ ਦੀ ਉਡੀਕ ਕਰਦੀ ਹਨ, ਜਦੋਂ '' ਨਿਕਲਿਹੇਅ... '' ਦੀ ਅਵਾਜ਼ ਵੱਜਦਣ ਦੇ ਕੁਝ ਚਿਰਾਂ ਬਾਅਦ ਦੋਵੇਂ ਸੀਮੇਂਟ ਦੀਆਂ ਬੋਰੀਆਂ ਦੇ ਬਣੇ ਝੋਲ਼ੇ ਤੇ ਪਾਣੀ ਦੀਆਂ ਬੋਤਲਾਂ, ਇੱਕ ਛੋਟੀ ਕੁਹਾੜੀ ਤੇ ਕੋਈ ਪੁਰਾਣਾ ਕੱਪੜਾ ਲਈ, ਜੰਗਲ ਦਾ ਰਾਹ ਫੜ੍ਹਦੀਆਂ ਹਨ। ਉਨ੍ਹਾਂ ਦੀ ਮੰਜ਼ਲ ਝਾਰਖੰਡ ਵਿਖੇ ਪਾਲਮਊ ਟਾਈਗਰ ਰਿਜ਼ਰਵ ਦੇ ਇਲਾਕੇ ਵਿੱਚ ਪੈਂਦਾ ਹੇਹੇਗਾੜਾ ਜੰਗਲ ਹੈ।
ਦੋਵੇਂ ਸਹੇਲੀਆਂ ਅੱਡੋ-ਅੱਡ ਭਾਈਚਾਰੇ ਤੋਂ ਆਉਂਦੀਆਂ ਹਨ- ਗੀਤਾ ਭੂਇਆ ਦਲਿਤ ਹਨ ਤੇ ਸਕੁਨੀ ਓਰਾਓਂ ਕਬੀਲੇ ' ਚੋਂ। ਤੁਰਦੇ ਜਾਂਦੇ ਗੀਤਾ ਦੱਸਦੀ ਹਨ, '' ਅਸੀਂ ਇੱਥੇ ਇਕੱਲੇ ਨਹੀਂ ਆਉਂਦੀਆਂ, ਕਈ ਵਾਰੀਂ ਜੰਗਲੀ ਜਾਨਵਰ ਵੀ ਨਜ਼ਰੀਂ ਪੈ ਜਾਂਦੇ ਹਨ। ਅਸੀਂ ਇੱਥੇ ਤੇਂਦੂਏ ਦੇਖੇ ਹਨ ! '' ਸੱਪ ਤੇ ਬਿੱਛੂ ਤਾਂ ਮਿਲ਼ ਹੀ ਜਾਂਦੇ ਹਨ, ਸਕੁਨੀ ਗੱਲ ਜਾਰੀ ਰੱਖਦੀ ਹਨ, '' ਕਈ ਵਾਰੀਂ ਸਾਨੂੰ ਹਾਥੀ ਵੀ ਟੱਕਰ ਜਾਂਦੇ ਹਨ। '' ਪਾਲਾਮਊ ਟਾਈਗਰ ਰਿਜ਼ਰਵ ਵਿੱਚ 73 ਤੇਂਦੂਏ ਤੇ 267 ਦੇ ਕਰੀਬ ਹਾਥੀ ਹਨ ( 2021 ਜੰਗਲੀ ਜੀਵ ਸੈਂਸਸ ਮੁਤਾਬਕ )।
' ਸਿਆਲ ਦੀ ਧੁੰਦ ਪਈ ਸਵੇਰ ਨੂੰ ਗੀਤਾ ਤੇ ਸਕੁਨੀ, ਦੋਵੇਂ ਉਮਰ ਦੇ 50ਵੇਂ ਵਰ੍ਹੇ ਵਿੱਚ, ਨੇ ਪਤਲੀ ਜਿਹੀ ਸ਼ਾਲ ਦੀ ਬੁੱਕਲ ਮਾਰੀ ਹੋਈ ਹੈ। ਪਹਿਲਾਂ ਉਹ ਔਰੰਗਾ ਨਦੀ ਪਾਰ ਕਰਦੀਆਂ ਹਨ ਜੋ ਲਾਤੇਹਾਰ ਜ਼ਿਲ੍ਹੇ ਦੇ ਮਾਨਿਕਾ ਬਲਾਕ ਵਿਖੇ ਉਨ੍ਹਾਂ ਦੇ ਘਰ ਦੇ ਕੋਲ਼ ਵਹਿੰਦੀ ਹੈ। ਸਿਆਲ ਮੌਕੇ ਤੁਰ ਕੇ ਨਦੀ ਪਾਰ ਕਰਨਾ ਸੁਖਾਲਾ ਹੁੰਦਾ ਹੈ, ਜਦੋਂ ਪਾਣੀ ਦਾ ਵਹਾਅ ਹਲਕਾ ਹੁੰਦਾ ਹੈ, ਪਰ ਮਾਨਸੂਨ ਮੌਕੇ ਦੋਵਾਂ ਨੂੰ ਕੰਢੇ ਪਹੁੰਚਣ ਤੱਕ ਧੌਣ ਤੱਕ ਡੂੰਘੇ ਪਾਣੀ ਨੂੰ ਪਾਰ ਕਰਨਾ ਪੈਂਦਾ ਹੈ।
ਇੱਕ ਵਾਰ ਜਦੋਂ ਤੁਸੀਂ ਕਿਨਾਰੇ ਪਹੁੰਚ ਜਾਂਦੇ ਹੋ ਤਾਂ ਤੁਹਾਨੂੰ ਲਗਭਗ 40 ਮਿੰਟ ਪੈਦਲ ਚੱਲਣਾ ਪੈਂਦਾ ਹੈ। ਸੁੰਨਸਾਨ ਜੰਗਲ ਵਿੱਚ, ਉਨ੍ਹਾਂ ਦੀਆਂ ਚੱਪਲਾਂ ਦੀ ਸਿਰਫ਼ ਤਕ-ਤਕ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਮਹੂਏ ਦੇ ਵੱਡੇ ਸਾਰੇ ਰੁੱਖ ਵੱਲ ਵੱਧ ਰਹੀਆਂ ਹਨ, ਜੋ ਸਾਲ ਦੇ ਰੁੱਖਾਂ ਨਾਲ਼ ਭਰੇ ਇਸ ਖੇਤਰ ਦੀ ਨਿਸ਼ਾਨਦੇਹੀ ਕਰਨ ਦਾ ਕੰਮ ਕਰਦਾ ਹੈ।
"ਜੰਗਲ ਹੁਣ ਪਹਿਲਾਂ ਵਾਂਗ ਨਹੀਂ ਰਿਹਾ," ਸਕੁਨੀ ਕਹਿੰਦੀ ਹਨ। ਪਹਿਲਾਂ ਇਹ ਕਾਫ਼ੀ ਸੰਘਣਾ ਹੁੰਦਾ ਸੀ...ਤੇ ਸਾਨੂੰ ਇੰਨੀ ਦੂਰ ਨਹੀਂ ਸੀ ਆਉਣਾ ਪੈਂਦਾ। ਗਲੋਬਲ ਫਾਰੈਸਟ ਵਾਚ ਦੇ ਅੰਕੜੇ ਦਰਸਾਉਂਦੇ ਹਨ ਕਿ ਝਾਰਖੰਡ ਨੇ 2001 ਅਤੇ 2022 ਦੇ ਵਿਚਕਾਰ 5.62 ਕਿਲੋਗ੍ਰਾਮ ਜੰਗਲ ਕਵਰ ਗੁਆਇਆ ਹੈ।
ਕੁਝ ਦਹਾਕੇ ਪਹਿਲਾਂ ਜੰਗਲ ਦੇ ਆਪਣੇ ਤਜ਼ਰਬੇ ਨੂੰ ਯਾਦ ਕਰਦਿਆਂ, ਸਕੁਨੀ ਕਹਿੰਦੀ ਹਨ, "ਉਸ ਸਮੇਂ, ਦਿਨ ਦੇ ਕਿਸੇ ਵੀ ਸਮੇਂ, ਜੰਗਲ ਵਿੱਚ ਘੱਟੋ ਘੱਟ 30-40 ਲੋਕ ਹੁੰਦੇ ਸਨ। ਹੁਣ ਇੱਥੇ ਜ਼ਿਆਦਾਤਰ ਪਸ਼ੂ ਅਤੇ ਬੱਕਰੀ ਪਾਲਣ ਵਾਲ਼ੇ ਅਤੇ ਲੱਕੜ ਇਕੱਠੀ ਕਰਨ ਵਾਲ਼ੇ ਹੀ ਆਉਂਦੇ ਹਨ।
ਗੀਤਾ ਦੱਸਦੀ ਹਨ ਕਿ ਚਾਰ ਸਾਲ ਪਹਿਲਾਂ ਵੀ ਬਹੁਤ ਸਾਰੀਆਂ ਔਰਤਾਂ ਇਸ ਕੰਮ ਵਿੱਚ ਲੱਗੀਆਂ ਹੋਈਆਂ ਸਨ, ਪਰ ਇਸ ਤੋਂ ਹੋਣ ਵਾਲ਼ੀ ਕਮਾਈ ਇੰਨੀ ਘੱਟ ਹੈ ਕਿ ਉਨ੍ਹਾਂ ਨੇ ਇਹ ਕੰਮ ਹੀ ਛੱਡ ਦਿੱਤਾ। ਉਹ ਆਪਣੇ ਪਿੰਡ ਦੀਆਂ ਉਨ੍ਹਾਂ ਕੁਝ ਔਰਤਾਂ ਵਿੱਚੋਂ ਹਨ ਜੋ ਅਜੇ ਵੀ ਇਹੀ ਕੰਮ ਕਰ ਰਹੀਆਂ ਹਨ।
ਕਿਉਂਕਿ ਜੰਗਲ ਤੋਂ ਲੱਕੜ ਇਕੱਠੀ ਕਰਨ 'ਤੇ ਹੁਣ ਪਾਬੰਦੀ ਹੈ ਇਸ ਲਈ ਔਰਤਾਂ ਨੇ ਇਸ ਕੰਮ ਨੂੰ ਛੱਡਣਾ ਸ਼ੁਰੂ ਕਰ ਦਿੱਤਾ। "ਇਹ ਪਾਬੰਦੀ 2020 ਵਿੱਚ ਤਾਲਾਬੰਦੀ ਦੌਰਾਨ ਲਗਾਈ ਗਈ ਸੀ," ਸਾਕੁਨੀ ਕਹਿੰਦੀ ਹਨ, ਇਹ ਦੱਸਦੇ ਹੋਏ ਕਿ ਝਾਰਖੰਡ ਸਰਕਾਰ ਨੇ ਸ਼ੁਰੂ ਵਿੱਚ ਲੱਕੜ ਇਕੱਠੀ ਕਰਨ ਲਈ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਸਰਕਾਰ ਨੇ ਬਾਅਦ ਵਿੱਚ ਇਸ ਫੈਸਲੇ ਨੂੰ ਵਾਪਸ ਲੈ ਲਿਆ, ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਸੁੱਕੀ ਲੱਕੜ ਵੇਚਣੀ ਚਾਹੁੰਣ ਤਾਂ ਉਨ੍ਹਾਂ ਨੂੰ ਇਸ ਬਦਲੇ ਫ਼ੀਸ ਦੇਣੀ ਪੈਂਦੀ ਹੈ।
ਦੋਵੇਂ ਸਹੇਲੀਆਂ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਜੰਗਲ ਵਿੱਚ ਜਾਂਦੀਆਂ ਹਨ। ਸਕੁਨੀ 20 ਸਾਲ ਦੀ ਉਮਰ ਤੋਂ ਇਹ ਕੰਮ ਕਰ ਰਹੀ ਹਨ। "ਮੇਰਾ ਵਿਆਹ ਬਹੁਤ ਛੋਟੀ ਉਮਰੇ ਹੋ ਗਿਆ ਸੀ," ਉਹ ਕਹਿੰਦੀ ਹਨ ਅਤੇ ਬਾਅਦ ਵਿੱਚ ਜਦੋਂ ਉਨ੍ਹਾਂ ਦੇ ਸ਼ਰਾਬੀ ਪਤੀ ਨੇ ਸਕੁਨੀ ਨੂੰ ਛੱਡ ਦਿੱਤਾ, ਤਾਂ ਉਨ੍ਹਾਂ ਨੂੰ ਆਪਣੇ ਅਤੇ ਆਪਣੇ ਤਿੰਨ ਪੁੱਤਰਾਂ ਲਈ ਪੈਸੇ ਕਮਾਉਣ ਦਾ ਤਰੀਕਾ ਲੱਭਣਾ ਪਿਆ। "ਉਸ ਸਮੇਂ ਕੰਮ ਲੱਭਣਾ ਬਹੁਤ ਮੁਸ਼ਕਲ ਸੀ। ਮੈਂ ਕਿਸੇ ਤਰ੍ਹਾਂ ਪੱਤੇ ਅਤੇ ਦਤਵਨ (ਦਾਤਣ) ਵੇਚ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਚਲਾਇਆ,'' ਉਹ ਕਹਿੰਦੀ ਹਨ।
ਸਕੁਨੀ ਹੁਣ ਆਪਣੇ ਸਭ ਤੋਂ ਛੋਟੇ ਬੇਟੇ, 17 ਸਾਲਾ ਅਕੇਂਦਰ ਓਰਾਓਂ ਨਾਲ਼ ਦੋ ਕਮਰਿਆਂ ਦੇ ਕੱਚੇ ਘਰ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਦੋ ਵੱਡੇ ਪੁੱਤਰ ਵਿਆਹੇ ਹੋਏ ਹਨ ਅਤੇ ਇੱਕੋ ਪਿੰਡ ਵਿਖੇ ਵੱਖ-ਵੱਖ ਘਰਾਂ ਵਿੱਚ ਰਹਿੰਦੇ ਹਨ।
ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰ, ਗੀਤਾ ਆਪਣੇ ਪਰਿਵਾਰ ਨਾਲ਼ ਇੱਕ ਕੱਚੇ ਘਰ ਵਿੱਚ ਰਹਿੰਦੀ ਹਨ। ਗੀਤਾ ਦੇ ਪਰਿਵਾਰ ਵਿੱਚ ਸੱਤ ਹੋਰ ਮੈਂਬਰ ਹਨ: ਇੱਕ ਧੀ, ਤਿੰਨ ਪੁੱਤਰ, ਇੱਕ ਨੂੰਹ ਅਤੇ ਦੋ ਪੋਤੇ-ਪੋਤੀਆਂ। ਉਨ੍ਹਾਂ ਦੇ ਪਤੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਗੀਤਾ ਦੀ ਸਭ ਤੋਂ ਛੋਟੀ ਬੇਟੀ ਉਰਮਿਲਾ ਦੇਵੀ 28 ਸਾਲ ਦੀ ਹਨ ਅਤੇ ਆਪਣੀ ਮਾਂ ਵਾਂਗ ਡੋਨੇ ਵੇਚਦੀ ਹਨ ਪਰ ਗੀਤਾ ਦੇਵੀ ਆਪਣੀ ਬੇਟੀ ਲਈ ਇੱਕ ਵੱਖਰੇ ਭਵਿੱਖ ਦਾ ਸੁਪਨਾ ਦੇਖ ਰਹੀ ਹਨ। "ਮੈਂ ਆਪਣੀ ਵੱਡੀ ਧੀ ਦਾ ਵਿਆਹ ਇੱਕ ਗਰੀਬ ਪਰਿਵਾਰ ਵਿੱਚ ਕਰ ਦਿੱਤਾ। ਮੈਂ ਆਪਣੀ ਛੋਟੀ ਧੀ ਨਾਲ਼ ਇੰਝ ਨਹੀਂ ਕਰਾਂਗੀ। ਜੇ ਮੈਨੂੰ ਦਾਜ ਵੀ ਦੇਣਾ ਪਵੇ ਤਾਂ ਵੀ ਮੈਂ ਦੇਵਾਂਗੀ,'' ਗੀਤਾ ਕਹਿੰਦੀ ਹਨ।
ਸੱਤ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਅਤੇ ਛੋਟੀ ਉਮਰ ਤੋਂ ਕੰਮ ਕਰਨ ਵਾਲ਼ੀ ਗੀਤਾ ਕਦੇ ਸਕੂਲ ਨਹੀਂ ਗਈ। "ਜੇ ਮੈਂ ਸਕੂਲ ਜਾਂਦੀ, ਤਾਂ ਘਰ ਦਾ ਕੰਮ ਕੌਣ ਕਰਦਾ?" ਉਹ ਪੁੱਛਦੀ ਹਨ। ਉਨ੍ਹਾਂ ਦਾ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਹੈ, ਜਦੋਂ ਉਹ ਖਾਣਾ ਪਕਾਉਣਾ, ਸਫਾਈ ਕਰਨਾ ਅਤੇ ਘਰ ਦੇ ਹੋਰ ਕੰਮਾਂ ਨੂੰ ਛੇਤੀ-ਛੇਤੀ ਸਾਂਭਦੀ ਹੋਈ ਜੰਗਲ ਵਿੱਚ ਜਾਣ ਤੋਂ ਪਹਿਲਾਂ ਪਸ਼ੂਆਂ (ਇੱਕ ਗਾਂ ਅਤੇ ਦੋ ਬਲਦਾਂ) ਨੂੰ ਚਰਾਉਣ ਲਈ ਛੱਡ ਦਿੰਦੀ ਹਨ। ਉਨ੍ਹਾਂ ਦੀ ਸਹੇਲੀ ਦਾ ਰੁਟੀਨ ਵੀ ਲਗਭਗ ਇਹੋ ਜਿਹਾ ਹੀ ਹੈ, ਪਰ ਜਿੱਥੇ ਗੀਤਾ ਦੀ ਨੂੰਹ ਘਰ ਦੇ ਕੰਮਾਂ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੈ, ਸਕੁਨੀ ਨੂੰ ਸਾਰਾ ਕੰਮ ਇਕੱਲੇ ਹੀ ਕਰਨਾ ਪੈਂਦਾ ਹੈ।
*****
ਜੰਗਲ ਦੇ ਕੇਂਦਰੀ ਖੇਤਰ ਵਿੱਚ ਪਹੁੰਚਣ ਤੋਂ ਬਾਅਦ, ਦੋਵੇਂ ਔਰਤਾਂ ਆਪਣੇ ਬੈਗ ਉਤਾਰ ਕੇ ਹੇਠਾਂ ਰੱਖ ਦਿੰਦੀਆਂ ਹਨ। ਇੰਨੀ ਠੰਡੀ ਸਵੇਰ ਨੂੰ ਉਹ ਕਈ ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਮੁੜ੍ਹਕੇ ਨਾਲ਼ ਭਿੱਜ ਜਾਂਦੀਆਂ ਹਨ, ਫਿਰ ਆਪਣੀ ਸਾੜੀ ਦੇ ਪੱਲੂ ਨਾਲ਼ ਆਪਣੇ ਮੱਥੇ ਅਤੇ ਗਲ਼ੇ ਤੋਂ ਮੁੜ੍ਹਕੇ ਦੀਆਂ ਬੂੰਦਾਂ ਪੂੰਝਦੀਆਂ ਹਨ।
ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਉਹ ਆਪਣੇ ਨਾਲ਼ ਲਿਆਂਦੇ ਪੁਰਾਣੇ ਕੱਪੜੇ ਦੀ ਆਪਣੇ ਝੋਲ਼ੇ ਨਾਲ਼ ਗੰਢ ਜਿਹੀ ਮਾਰ ਲੈਂਦੀਆਂ ਹਨ, ਜਿਸ ਵਿੱਚ ਉਨ੍ਹਾਂ ਨੇ ਪੱਤੇ ਇਕੱਠੇ ਕਰਨੇ ਹੁੰਦੇ ਹਨ। ਸਾੜੀ ਦੇ ਪੱਲੂ ਨੂੰ ਕਮਰ ਦੁਆਲ਼ੇ ਅੜਾਈ ਤੇ ਬੈਗ ਨੂੰ ਮੋਢੇ ਨਾਲ਼ ਲਮਕਾਈ, ਉਹ ਹੁਣ ਆਪਣਾ ਕੰਮ ਸ਼ੁਰੂ ਕਰਨ ਲਈ ਤਿਆਰ ਹਨ।
ਉਹ ਆਪਣੇ ਖੱਬੇ ਹੱਥ ਨਾਲ਼ ਟਹਿਣੀਆਂ ਫੜ੍ਹਦੀਆਂ ਹਨ ਅਤੇ ਸੱਜੇ ਹੱਥ ਨਾਲ਼ ਵੱਡੇ ਅੰਡਾਕਾਰ ਪਤੀਆਂ ਤੋੜਦੀਆਂ ਹਨ। "ਇਸ ਰੁੱਖ ਵਿੱਚ ਮਾਤਾ (ਲਾਲ ਕੀੜੀਆਂ) ਹਨ," ਸਕੁਨੀ ਆਪਣੀ ਸਾਥੀ ਨੂੰ ਚੇਤਾਵਨੀ ਦਿੰਦੀ ਹਨ।
"ਅਸੀਂ ਚੰਗੇ ਪੱਤੇ ਇਕੱਠੇ ਕਰਦੇ ਹਾਂ ਜਿਨ੍ਹਾਂ ਵਿੱਚ ਛੇਕ ਘੱਟ ਹੁੰਦੇ ਹਨ," ਗੀਤਾ ਕਹਿੰਦੀ ਹੋਈ ਆਪਣੇ ਬੈਗ ਵਿੱਚ ਪੱਤੇ ਰੱਖਣ ਲੱਗਦੀ ਹਨ। ਉਹ ਨੀਵੀਂਆਂ ਟਹਿਣੀਆਂ ਤੋਂ ਪੱਤੇ ਤੋੜਦੀਆਂ ਹਨ, ਪਰ ਜਦੋਂ ਪੱਤੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੁੱਖ 'ਤੇ ਚੜ੍ਹਨਾ ਪੈਂਦਾ ਹੈ ਅਤੇ ਕੁਹਾੜੀ ਦੀ ਵਰਤੋਂ ਕਰਨੀ ਪੈਂਦੀ ਹੈ।
ਸਾਲ ਦੇ ਰੁੱਖ ਆਮ ਤੌਰ 'ਤੇ ਹੌਲ਼ੀ ਹੌਲ਼ੀ ਵਧਦੇ ਹਨ ਅਤੇ ਲਗਭਗ 164 ਫੁੱਟ ਦੀ ਉਚਾਈ ਤੱਕ ਪਹੁੰਚ ਜਾਂਦੇ ਹਨ। ਪਰ ਇਸ ਜੰਗਲ ਵਿੱਚ ਸਾਲ ਦੇ ਰੁੱਖਾਂ ਦੀ ਉਮਰ ਬਹੁਤ ਘੱਟ ਹੈ, ਜਿਨ੍ਹਾਂ ਦੀ ਉਚਾਈ ਲਗਭਗ 30-40 ਫੁੱਟ ਹੈ।
ਸਾਕੁਨੀ ਇੱਕ ਰੁੱਖ 'ਤੇ ਚੜ੍ਹਨ ਲਈ ਤਿਆਰ ਹਨ, ਜੋ ਲਗਭਗ 15 ਫੁੱਟ ਉੱਚਾ ਹੈ। ਉਹ ਆਪਣੀ ਸਾੜੀ ਚੁੱਕਦੀ ਹੋਈ ਇਸ ਨੂੰ ਗੋਡਿਆਂ ਦੇ ਵਿਚਕਾਰ ਬੰਨ੍ਹ ਲੈਂਦੀ ਹਨ। ਗੀਤਾ ਉਨ੍ਹਾਂ ਨੂੰ ਕੁਹਾੜੀ ਫੜ੍ਹਾਉਂਦੀ ਹਨ। ''ਉਸ ਵਾਲ਼ੀ ਨੂੰ ਕੱਟ,'' ਇੱਕ ਟਾਹਣੀ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੀ ਹਨ। ਟਹਿਣੀਆਂ ਨੂੰ ਇਕਸਾਰ ਲੰਬਾਈ ਵਿੱਚ ਕੱਟਿਆ ਜਾਵੇਗਾ ਅਤੇ ਫਿਰ ਦਾਤਣ ਵਜੋਂ ਵਰਤਿਆ ਜਾਵੇਗਾ, ਜਿਸ ਨੂੰ ਉਹ ਬਾਅਦ ਵਿੱਚ ਵੇਚ ਦੇਣਗੀਆਂ।
"ਇਹਦੀ ਮੋਟਾਈ ਇੱਕੋ ਨਾਪ ਵਾਲ਼ੀ ਹੋਣੀ ਚਾਹੀਦੀ ਹੈ," ਗੀਤਾ ਇੱਕ ਰੁੱਖ ਤੋਂ ਦੂਜੇ ਰੁੱਖ ਤੱਕ ਜਾਣ ਲਈ ਆਪਣੇ ਰਾਹ ਵਿੱਚ ਆਉਂਦੀਆਂ ਝਾੜੀਆਂ ਨੂੰ ਕੁਹਾੜੀ ਨਾਲ਼ ਸਾਫ਼ ਕਰਦੇ ਹੋਏ ਕਹਿੰਦੀ ਹਨ। ਸਾਲ ਦੀਆਂ ਟਹਿਣੀਆਂ ਬਹੁਤ ਵਧੀਆ ਹੁੰਦੀਆਂ ਹਨ, ਕਿਉਂਕਿ ਉਹ ਜਲਦੀ ਸੁੱਕਦੀਆਂ ਨਹੀਂ ਹਨ। ਤੁਸੀਂ ਇਨ੍ਹਾਂ ਨੂੰ 15 ਦਿਨਾਂ ਲਈ ਵੀ ਰੱਖ ਸਕਦੇ ਹੋ,'' ਉਹ ਅੱਗੇ ਕਹਿੰਦੀ ਹਨ।
ਪੱਤੇ ਅਤੇ ਟਹਿਣੀਆਂ ਇਕੱਠੀਆਂ ਕਰਨਾ ਸੌਖਾ ਨਹੀਂ ਹੈ। "ਸਰਦੀਆਂ ਸਭ ਤੋਂ ਮੁਸ਼ਕਿਲ ਮਹੀਨਾ ਹੁੰਦਾ ਹੈ; ਸਾਡੇ ਹੱਥ ਸੁੰਨ ਹੋ ਜਾਂਦੇ ਹਨ,'' ਗੀਤਾ ਗੱਲ ਜਾਰੀ ਰੱਖਦੀ ਹੋਈ ਅੱਗੇ ਕਹਿੰਦੀ ਹਨ, ''ਕੁਹਾੜੀ ਨੂੰ ਕੱਸ ਕੇ ਫੜ੍ਹਨ ਨਾਲ਼ ਮੇਰੇ ਹੱਥਾਂ ਵਿੱਚ ਦਰਦ ਹੋਣ ਲੱਗਦਾ ਹੈ।''
ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿੱਚ, ਜਦੋਂ ਸਾਲ ਦਾ ਰੁੱਖ ਆਪਣੇ ਪੱਤੇ ਡੇਗਦਾ ਹੈ ਤਾਂ ਉਨ੍ਹਾਂ ਦਾ ਕੰਮ ਅਪ੍ਰੈਲ-ਮਈ ਵਿੱਚ ਨਵੇਂ ਪੱਤਿਆਂ ਦੇ ਆਉਣ ਤੱਕ ਰੁਕ ਜਾਂਦਾ ਹੈ। ਇਸ ਸਮੇਂ ਦੌਰਾਨ, ਸਕੁਨੀ ਮਹੂਆ ਦੇ ਫਲ ਚੁੱਕਣ ਦਾ ਕੰਮ ਕਰਦੀ ਹਨ। ਇਸ ਸਾਲ (2023) ਦੀ ਸ਼ੁਰੂਆਤ ਵਿੱਚ, ਉਨ੍ਹਾਂ ਨੇ ਜੰਗਲ ਤੋਂ 100 ਕਿਲੋ ਮਹੂਆ ਦੇ ਫਲ ਇਕੱਠੇ ਕੀਤੇ ਸਨ ਅਤੇ ਉਨ੍ਹਾਂ ਨੂੰ ਸੁਕਾ ਕੇ ਇੱਕ ਸਥਾਨਕ ਵਪਾਰੀ ਨੂੰ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵੇਚ ਦਿੱਤੇ। ਹਰੇ ਫਲਾਂ ਨੂੰ ਵਾਈਨ ਬਣਾਉਣ, ਖਾਣ ਵਾਲ਼ਾ ਤੇਲ ਤਿਆਰ ਕਰਨ ਅਤੇ ਖਾਣਾ ਪਕਾਉਣ ਵਿੱਚ ਵਰਤੇ ਜਾਣ ਵਾਲ਼ੇ ਭੋਜਨ ਸਮੱਗਰੀ ਵਜੋਂ ਵਰਤਿਆ ਜਾਂਦਾ ਹੈ।
ਗੀਤਾ ਇਸ ਸਮੇਂ ਦੌਰਾਨ ਕੁਝ ਨਹੀਂ ਕਮਾਉਂਦੀ ਅਤੇ ਘਰ ਦਾ ਖਰਚਾ ਉਨ੍ਹਾਂ ਦੇ ਪੁੱਤਰਾਂ ਦੀ ਆਮਦਨੀ ਤੋਂ ਪੂਰਾ ਹੁੰਦਾ ਹੈ, ਜੋ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੇ ਘਰ ਵਿੱਚ ਮਹੂਆ ਦਾ ਰੁੱਖ ਉਨ੍ਹਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਦਾ ਹੈ।
*****
ਜੰਗਲ ਵਿੱਚ ਤਿੰਨ ਦਿਨ ਮਿਹਨਤ ਕਰਨ ਤੋਂ ਬਾਅਦ, ਗੀਤਾ ਅਤੇ ਸਕੁਨੀ ਕਾਫ਼ੀ ਮਾਤਰਾ ਵਿੱਚ ਪੱਤੇ ਇਕੱਠੇ ਕਰ ਲੈਂਦੀਆਂ ਹਨ ਅਤੇ ਆਪਣੇ ਝੋਲ਼ੇ ਡਾਲਟਨਗੰਜ ਲੈ ਜਾਂਦੀਆਂ ਹਨ। ਬੈਗਾਂ ਦਾ ਭਾਰ ਲਗਭਗ 30 ਕਿਲੋਗ੍ਰਾਮ ਹੈ ਅਤੇ ਹੇਹੇਗਾੜਾ ਸਟੇਸ਼ਨ ਪਹੁੰਚਣ ਲਈ 30 ਮਿੰਟ ਪੈਦਲ ਵੀ ਚੱਲਣਾ ਪੈਂਦਾ ਹੈ। "ਇਸ ਵਾਰ ਮੈਂ ਆਪਣੇ ਨਾਲ਼ ਹੋਰ ਵੀ ਦਾਤਣ ਲੈ ਕੇ ਜਾ ਰਹੀ ਹਾਂ," ਗੀਤਾ ਹੱਸਦੀ ਹੋਈ ਕਹਿੰਦੀ ਹਨ, ਵੈਸੇ ਇਹ ਝੋਲ਼ੇ ਪਿੱਠ 'ਤੇ ਰੱਖੇ ਗਰਮ ਕੰਬਲ ਜਿਹੇ ਹਨ।
ਹੇਹੇਗਾੜਾ ਸਟੇਸ਼ਨ 'ਤੇ ਇੱਕ ਦਰੱਖਤ ਦੇ ਹੇਠਾਂ ਜਗ੍ਹਾ ਲੱਭਣ ਤੋਂ ਬਾਅਦ, ਉਹ ਬੈਠ ਜਾਂਦੀਆਂ ਹਨ ਅਤੇ ਦੁਪਹਿਰ 12 ਵਜੇ ਦੀ ਰੇਲ ਗੱਡੀ ਦੀ ਉਡੀਕ ਕਰਨ ਲੱਗਦੀਆਂ ਹਨ ਜੋ ਉਨ੍ਹਾਂ ਨੂੰ ਡਾਲਟਨਗੰਜ ਲੈ ਜਾਵੇਗੀ।
ਸਕੁਨੀ ਆਪਣਾ ਸਾਮਾਨ ਰੇਲ ਗੱਡੀ ਦੇ ਦਰਵਾਜ਼ੇ ਨਾਲ਼ ਜੁੜੀ ਸੀਟ ਦੇ ਨੇੜੇ ਰੱਖਦੀ ਹੈ ਅਤੇ ਇਸ ਰਿਪੋਰਟਰ ਨੂੰ ਇੱਕ ਮਹੱਤਵਪੂਰਣ ਗੱਲ ਦੱਸਦੀ ਹਨ:"ਪੱਤਾ-ਦਾਤਣ ਵੇਚਣ ਵਾਲ਼ਿਆਂ ਨੂੰ ਟਿਕਟ ਲੈਣ ਦੀ ਲੋੜ ਨਹੀਂ ਹੈ। ਮੱਠੀ ਰਫ਼ਤਾਰ ਨਾਲ਼ ਚੱਲਣ ਵਾਲ਼ੀ ਇਹ ਸਵਾਰੀ ਗੱਡੀ 44 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ 3 ਘੰਟੇ ਲਾਉਂਦੀ ਹੈ। ''ਸਾਰਾ ਦਿਨ ਇਸੇ ਯਾਤਰਾ ਵਿੱਚ ਬਰਬਾਦ ਹੋ ਜਾਂਦਾ ਹੈ," ਸਕੁਨੀ ਠੰਢਾ ਸਾਹ ਲੈਂਦੇ ਹੋਏ ਕਹਿੰਦੀ ਹਨ।
ਰੇਲ ਗੱਡੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਗੀਤਾ ਨੇ ਆਪਣੀ 2.5 ਏਕੜ ਜ਼ਮੀਨ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਉਹ ਮਾਨਸੂਨ ਦੇ ਮੌਸਮ ਦੌਰਾਨ ਝੋਨਾ ਅਤੇ ਮੱਕੀ ਅਤੇ ਸਰਦੀਆਂ ਦੌਰਾਨ ਕਣਕ, ਜੌਂ ਅਤੇ ਛੋਲਿਆਂ ਦੀ ਕਾਸ਼ਤ ਕਰਦੀ ਹਨ। "ਇਸ ਸਾਲ ਝੋਨੇ ਦੀ ਫ਼ਸਲ ਚੰਗੀ ਨਹੀਂ ਰਹੀ, ਪਰ ਅਸੀਂ 250 ਕਿਲੋ ਮੱਕੀ 5,000 ਰੁਪਏ ਵਿੱਚ ਵੇਚ ਦਿੱਤੀ," ਉਹ ਕਹਿੰਦੀ ਹਨ।
ਸਕੁਨੀ ਦੇਵੀ ਕੋਲ਼ ਲਗਭਗ ਇੱਕ ਏਕੜ ਜ਼ਮੀਨ ਹੈ, ਜਿਸ 'ਤੇ ਉਹ ਸਾਉਣੀ ਅਤੇ ਹਾੜ੍ਹੀ ਦੇ ਸੀਜ਼ਨ ਦੌਰਾਨ ਖੇਤੀ ਕਰਦੀ ਹਨ। "ਇਸ ਵਾਰ, ਮੈਂ ਖੇਤੀ ਨਹੀਂ ਕੀਤੀ, ਮੈਂ ਝੋਨੇ ਦੀ ਬਿਜਾਈ ਕੀਤੀ ਸੀ, ਪਰ ਇਹ ਵਧੀ-ਫੁੱਲੀ ਹੀ ਨਾ," ਉਹ ਕਹਿੰਦੀ ਹਨ।
ਜਿਵੇਂ-ਜਿਵੇਂ ਉਹ ਗੱਲ ਕਰਦੀਆਂ ਜਾਂਦੀਆਂ ਹਨ, ਉਨ੍ਹਾਂ ਦੇ ਹੱਥ ਡੋਨਾ ਬਣਾਉਣ ' ਚ ਲੱਗੇ ਰਹਿੰਦੇ ਹਨ– ਜੋ ਇੱਕ ਦੇ ਉੱਪਰ ਇੱਕ ਕਰਕੇ ਛੇ ਪੱਤਿਆਂ ਨੂੰ ਰੱਖ ਕੇ ਬਾਂਸ ਦੀ ਤੀਲੀ ਨਾਲ਼ ਜੋੜਦੇ ਜਾਂਦੇ। ਕਈ ਵਾਰ ਤਾਂ ਪੱਤੇ ਬਾਰ-ਬਾਰ ਫੋਲਡ ਕਰਨ ਤੋਂ ਬਾਅਦ ਵੀ ਨਹੀਂ ਟੁੱਟਦੇ, ਇਸ ਲਈ ਇਨ੍ਹਾਂ ਪੱਤਿਆਂ ਤੋਂ ਪਲੇਟਾਂ ਬਣਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਸਕੁਨੀ ਦੱਸਦੀ ਹਨ, "ਜੇ ਪੱਤਾ ਵੱਡਾ ਹੋਵੇ ਤਾਂ ਦੋ ਪੱਤਿਆਂ ਤੋਂ ਹੀ ਇੱਕ ਡੋਨਾ ਬਣਾਇਆ ਜਾ ਸਕਦਾ ਹੈ। ਨਹੀਂ ਤਾਂ ਡੋਨਾ ਬਣਾਉਣ ਲਈ ਚਾਰ ਤੋਂ ਛੇ ਪੱਤਿਆਂ ਦੀ ਵਰਤੋਂ ਕਰਨੀ ਪੈਂਦੀ ਹੈ।''
ਉਹ ਕਿਨਾਰਿਆਂ ਨੂੰ ਜੋੜਦੀ ਹਨ ਅਤੇ ਉਨ੍ਹਾਂ ਨੂੰ ਗੋਲਾਈ ਦੇਣ ਦੀ ਕੋਸ਼ਿਸ਼ ਕਰਦੀ ਹਨ ਤਾਂ ਜੋ ਜਦੋਂ ਇਸ ਵਿੱਚ ਭੋਜਨ ਪਰੋਸਿਆ ਜਾਵੇ ਤਾਂ ਇਹ ਡਿੱਗੇ ਨਾ। ਗੀਤਾ ਦੇਵੀ ਕਹਿੰਦੀ ਹਨ, "ਜੇ ਤੁਸੀਂ ਇਸ ਵਿੱਚ ਤਰੀ ਵਾਲ਼ੀ ਸਬਜ਼ੀ ਜਾਂ ਦਾਲ ਵੀ ਪਰੋਸਦੇ ਹੋ, ਤਾਂ ਵੀ ਇਸ ਵਿੱਚੋਂ ਕੁਝ ਵੀ ਰਿਸੇਗਾ ਨਹੀਂ।''
ਬਾਰ੍ਹਾਂ ਡੋਨਿਆਂ ਦਾ ਇੱਕ ਬੰਡਲ 4 ਰੁਪਏ ਵਿੱਚ ਵੇਚਿਆ ਜਾਂਦਾ ਹੈ ਅਤੇ ਹਰੇਕ ਬੰਡਲ ਵਿੱਚ ਲਗਭਗ 60 ਪੱਤੇ ਵਰਤੇ ਜਾਂਦੇ ਹਨ। ਕਹਿਣਾ ਦਾ ਭਾਵ ਲਗਭਗ 1,500 ਪੱਤੇ ਤੋੜ ਕੇ, ਉਨ੍ਹਾਂ ਤੋਂ ਡੋਨਾ ਅਤੇ ਪੱਤਲ ਬਣਾ ਕੇ ਸ਼ਹਿਰ ਵਿੱਚ ਵੇਚਣ ਤੋਂ ਬਾਅਦ, ਉਹ ਸਿਰਫ਼ 100 ਰੁਪਏ ਹੀ ਕਮਾਉਂਦੀਆਂ ਹਨ।
ਉਹ 10-10 ਦਾਤਣਾਂ ਤੇ ਪੋਲਾ (ਸਾਲ ਪੱਤੇ) ਦਾ ਬੰਡਲ ਵੀ ਬਣਾਉਂਦੀਆਂ ਹਨ। ਦਾਤਣ ਦਾ ਇੱਕ ਬੰਡਲ 5 ਰੁਪਏ ਵਿੱਚ ਅਤੇ ਪੋਲਾ ਦਾ ਇੱਕ ਬੰਡਲ 10 ਰੁਪਏ ਵਿੱਚ ਵੇਚਿਆ ਜਾਂਦਾ ਹੈ। "ਲੋਕ ਦਾਤਣ ਬਦਲੇ 5 ਰੁਪਏ ਤੱਕ ਵੀ ਨਹੀ ਦੇਣਾ ਚਾਹੁੰਦੇ ਤੇ ਸੌਦੇਬਾਜ਼ੀ ਕਰਦੇ ਹਨ," ਸਕੁਨੀ ਕਹਿੰਦੀ ਹਨ।
ਰੇਲ ਗੱਡੀ ਸ਼ਾਮੀਂ ਪੰਜ ਵਜੇ ਡਾਲਟਨਗੰਜ ਪਹੁੰਚਦੀ ਹੈ। ਸਟੇਸ਼ਨ ਦੇ ਬਾਹਰ, ਸੜਕ ਦੇ ਕਿਨਾਰੇ, ਗੀਤਾ ਜ਼ਮੀਨ 'ਤੇ ਨੀਲੀ ਪੋਲੀਥੀਨ ਦੀ ਚਾਦਰ ਵਿਛਾਉਂਦੀ ਹਨ ਅਤੇ ਦੋਵੇਂ ਜਣੀਆਂ ਡੋਨੇ ਬਣਾਉਣੇ ਸ਼ੁਰੂ ਕਰ ਦਿੰਦੀਆਂ ਹਨ। ਉਹ ਪੱਤਲ ਬਣਾਉਣ ਦੇ ਆਰਡਰ ਵੀ ਲੈਂਦੀਆਂ ਹਨ। ਇੱਕ ਪੱਤਲ ਬਣਾਉਣ ਵਿੱਚ 12-14 ਪੱਤੇ ਲੱਗਦੇ ਹਨ ਅਤੇ ਇੱਕ ਪੱਤਲ 1.5 ਰੁਪਏ ਵਿੱਚ ਵਿਕਦਾ ਹੈ। ਉਨ੍ਹਾਂ ਦੀ ਵਰਤੋਂ ਗ੍ਰਹਿ ਪ੍ਰਵੇਸ਼ ਜਾਂ ਨਵਰਾਤਰੀ ਜਾਂ ਮੰਦਰਾਂ ਵਿੱਚ ਭੋਜਨ ਵੰਡਣ ਵਰਗੇ ਵਿਸ਼ੇਸ਼ ਮੌਕਿਆਂ ਦੌਰਾਨ ਕੀਤੀ ਜਾਵੇਗੀ। ਸੌ ਜਾਂ ਵਧੇਰੇ ਪਤਲਾਂ ਦੇ ਆਰਡਰ ਨੂੰ ਪੂਰਾ ਕਰਨ ਲਈ ਕਈ ਜਣੇ ਮਿਲ਼ ਕੇ ਕੰਮ ਕਰਦੇ ਹਨ।
ਗੀਤਾ ਅਤੇ ਸਕੁਨੀ ਦੇਵੀ ਉਦੋਂ ਤੱਕ ਇੱਥੇ ਰਹਿਣਗੀਆਂ ਜਦੋਂ ਤੱਕ ਉਨ੍ਹਾਂ ਦਾ ਸਾਰਾ ਸਾਮਾਨ ਵੇਚ ਨਹੀਂ ਦਿੱਤਾ ਜਾਂਦਾ। ਕਈ ਵਾਰ ਇਸ ਵਿੱਚ ਇੱਕ ਦਿਨ ਤੋਂ ਵੀ ਵੱਧ ਸਮਾਂ ਲੱਗਦਾ ਹੈ ਅਤੇ ਇੱਥੋਂ ਤੱਕ ਕਿ ਅੱਠ ਦਿਨ ਵੀ ਲੱਗ ਜਾਂਦੇ ਹਨ। ਸਕੁਨੀ ਕਹਿੰਦੀ ਹਨ, "ਜੇ ਡੋਨਾ ਵੇਚਣ ਵਾਲ਼ੇ ਹੋਰ ਲੋਕ ਵੀ ਆ ਜਾਣ ਤਾਂ ਅਜਿਹੇ ਮੌਕਿਆਂ 'ਤੇ, ਉਹੀ ਨੀਲੀ ਪਲਾਸਟਿਕ ਦੀ ਚਾਦਰ ਰਾਤ ਨੂੰ ਉਨ੍ਹਾਂ ਦਾ ਬਿਸਤਰਾ ਬਣ ਜਾਂਦੀ ਹੈ ਅਤੇ ਕੰਬਲ ਉਹ ਆਪਣੇ ਨਾਲ਼ ਲੈ ਕੇ ਜਾਂਦੀਆਂ ਹਨ। ਜੇ ਉਨ੍ਹਾਂ ਨੂੰ ਇੱਥੇ ਕੁਝ ਦਿਨ ਰਹਿਣਾ ਪਵੇ ਤਾਂ ਉਹ ਦਿਨ ਵਿੱਚ ਦੋ ਵਾਰ ਸਤੂ ਖਾ ਕੇ ਗੁਜ਼ਾਰਾ ਕਰਦੀਆਂ ਹਨ, ਜਿਸ ਦੀ ਕੀਮਤ 50 ਰੁਪਏ ਪ੍ਰਤੀ ਦਿਨ ਬਣਦੀ ਹੈ।
ਉਨ੍ਹਾਂ ਦੀ 'ਦੁਕਾਨ' 24 ਘੰਟੇ ਖੁੱਲ੍ਹੀ ਰਹਿੰਦੀ ਹੈ ਅਤੇ ਰਾਤ ਦੀ ਰੇਲ ਗੱਡੀ ਫੜ੍ਹਨ ਵਾਲ਼ੇ ਯਾਤਰੀ ਉਨ੍ਹਾਂ ਤੋਂ ਦਾਤਣ ਖਰੀਦਦੇ ਹਨ। ਸ਼ਾਮ ਨੂੰ, ਗੀਤਾ ਅਤੇ ਸਕੁਨੀ ਸਟੇਸ਼ਨ ਦੇ ਅੰਦਰ ਚਲੀਆਂ ਜਾਂਦੀਆਂ ਹਨ। ਡਾਲਟਨਗੰਜ ਇੱਕ ਛੋਟਾ ਜਿਹਾ ਕਸਬਾ ਹੈ ਅਤੇ ਇਹ ਸਟੇਸ਼ਨ ਉਨ੍ਹਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣ ਜਾਂਦਾ ਹੈ।
*****
ਤਿੰਨ ਦਿਨ ਬਾਅਦ, ਗੀਤਾ ਨੇ ਡੋਨੇ ਦੇ 30 ਬੰਡਲ ਅਤੇ ਦਾਤਣ ਦੇ 80 ਬੰਡਲ ਵੇਚ ਕੇ 420 ਰੁਪਏ ਕਮਾਏ, ਜਦੋਂ ਕਿ ਸਕੁਨੀ ਨੇ 25 ਬੰਡਲ ਡੋਨੇ ਅਤੇ 50 ਬੰਡਲ ਦਾਤਣ ਵੇਚ ਕੇ 300 ਰੁਪਏ ਕਮਾਏ। ਕਮਾਏ ਪੈਸੇ ਨਾਲ਼, ਦੋਵੇਂ ਪਲਾਮੂ ਐਕਸਪ੍ਰੈਸ ਵਿੱਚ ਸਵਾਰ ਹੁੰਦੀਆਂ ਹਨ, ਜੋ ਦੇਰ ਰਾਤ ਰਵਾਨਾ ਹੁੰਦੀ ਹੈ ਅਤੇ ਅਗਲੀ ਸਵੇਰ ਉਨ੍ਹਾਂ ਨੂੰ ਬਰਵਾਡੀਹ ਵਿਖੇ ਛੱਡ ਦੇਵੇਗੀ। ਉੱਥੋਂ, ਉਨ੍ਹਾਂ ਨੂੰ ਹੇਹੇਗਾੜਾ ਜਾਣ ਲਈ ਇੱਕ ਸਥਾਨਕ ਰੇਲ ਗੱਡੀ ਫੜ੍ਹਨੀ ਪਵੇਗੀ।
ਸਕੁਨੀ ਆਪਣੀ ਕਮਾਈ ਤੋਂ ਖੁਸ਼ ਨਹੀਂ ਹਨ। "ਇਸ ਕੰਮ ਵਿੱਚ ਮਿਹਨਤ ਬਹੁਤ ਜ਼ਿਆਦਾ ਤੇ ਕਮਾਈ ਬੇਹੱਦ ਘੱਟ ਹੈ," ਉਹ ਆਪਣਾ ਸਾਮਾਨ ਪੈਕ ਕਰਦੇ ਹੋਏ ਕਹਿੰਦੀ ਹਨ।
ਪਰ ਦੋ ਤੋਂ ਚਾਰ ਦਿਨਾਂ ਵਿੱਚ ਇਹ ਦੌਰ ਦੁਬਾਰਾ ਦਹੁਰਾਇਆ ਜਾਵੇਗਾ। ਗੀਤਾ
ਕਹਿੰਦੀ ਹਨ, "ਬੱਸ ਇਹੀ ਮੇਰੀ ਰੋਜ਼ੀਰੋਟੀ ਹੈ। ਜਦੋਂ ਤੱਕ ਮੇਰੇ ਹੱਥ-ਪੈਰ ਹਿਲਦੇ ਰਹਿਣਗੇ, ਮੈਂ
ਇਹ ਕੰਮ ਕਰਦੀ ਰਹਾਂਗੀ।''
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐੱਮਐੱਮਐੱਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ