“ਕੋਈ ਸਰਕਾਰ ਨਹੀਂ ਚੰਗੀ ਆਮ ਲੋਕਾਂ ਲਈ,” 70 ਸਾਲਾ ਗੁਰਮੀਤ ਕੌਰ ਨੇ ਕਿਹਾ। ਉਹ ਲੁਧਿਆਣਾ ਦੇ ਬੱਸੀਆਂ ਪਿੰਡ ਤੋਂ ਕਿਸਾਨ-ਮਜ਼ਦੂਰ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਗਰਾਉਂ ਪਹੁੰਚੀਆਂ ਔਰਤਾਂ ਨਾਲ ਸ਼ੈੱਡ ਹੇਠਾਂ ਬੈਠੀ ਹੈ।

“(ਪ੍ਰਧਾਨ ਮੰਤਰੀ) ਮੋਦੀ ਨੇ ਨੌਕਰੀ ਦੇਣ ਦੇ ਵਾਅਦੇ ਕੀਤੇ ਸੀ, ਪਰ ਪੂਰੇ ਨਹੀਂ ਕੀਤੇ। (ਇਸ ਲਈ) ਇਹਨਾਂ ਦਾ ਕੋਈ ਹੱਕ ਨਹੀਂ ਸਾਡੇ ਇੱਥੇ ਕੇ ਵੋਟਾਂ ਮੰਗਣ ਦਾ ,” ਉਹਨੇ ਕਿਹਾ। ਗੁਰਮੀਤ ਕੌਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨਾਲ ਜੁੜੀ ਹੋਈ ਹੈ, ਤੇ ਉਹਨੇ PARI ਨੂੰ ਦੱਸਿਆ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਹਨੇ ਮੋਦੀ ਨੂੰ ਵੋਟ ਪਾਈ ਸੀ।

ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿੱਚ, ਜਿੱਥੇ 21 ਮਈ ਨੂੰ ਮਹਾਪੰਚਾਇਤ ਹੋਈ, ਤਕਰੀਬਨ 50,000 ਲੋਕ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਆਂਗਨਵਾੜੀ ਵਰਕਰ ਯੂਨੀਅਨਾਂ ਅਤੇ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਬੈਨਰ ਹੇਠ ਆਪਣੀ ਤਾਕਤ ਦਿਖਾਉਣ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਖਿਲਾਫ਼ ਵਿਰੋਧ ਦਰਜ ਕਰਾਉਣ ਲਈ ਇਕੱਤਰ ਹੋਏ। ਸਟੇਜ ’ਤੇ ਲੱਗੇ ਬੈਨਰ ’ਤੇ ਲਿਖਿਆ ਸੀ - ‘ ਭਾਜਪਾ ਹਰਾਓ , ਕਾਰਪੋਰੇਟ ਭਜਾਓ , ਦੇਸ਼ ਬਚਾਓ ’।

“ਅਸੀਂ ਪੰਜਾਬ ’ਚ ਮੋਦੀ ਨੂੰ ਕਾਲੇ ਝੰਡੇ ਦਿਖਾਵਾਂਗੇ,” ਮਹਾਂਪੰਚਾਇਤ ਦੀ ਸਟੇਜ ਤੋਂ ਬੀਕੇਯੂ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਐਲਾਨ ਕੀਤਾ।

ਪੰਜਾਬ ਵਿੱਚ 1 ਜੂਨ 2024 ਨੂੰ ਵੋਟਾਂ ਪੈਣਗੀਆਂ ਅਤੇ ਨਰੇਂਦਰ ਮੋਦੀ ਉਸ ਸੂਬੇ ਵਿੱਚ ਆਪਣਾ ਪ੍ਰਚਾਰ ਕਰਨ ਲੱਗੇ ਹਨ ਜਿੱਥੇ ਕਿਸਾਨ ਆਪਣੀਆਂ – ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ, ਪੂਰਨ ਕਰਜ਼ ਮੁਆਫ਼ੀ, ਲਖੀਮਪੁਰ ਖੀਰੀ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼, ਕਿਸਾਨਾਂ ਤੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ, ਤੇ 2020-21 ਦੇ ਅੰਦੋਲਨ ਦੌਰਾਨ ਸ਼ਹੀਦ ਹੋਇਆਂ ਲਈ ਮੁਆਵਜ਼ਾ – ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਉਦਾਸੀਨਤਾ ਖਿਲਾਫ਼ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਅੰਦੋਲਨ ਬਾਰੇ PARI ਦੀਆਂ ਰਿਪੋਰਟਾਂ ਪੜ੍ਹੋ: PARI’s full coverage of the farm protests

PHOTO • Courtesy: Sanyukt Kisan Morcha Punjab
PHOTO • Arshdeep Arshi

ਖੱਬੇ: ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ-ਮਜ਼ਦੂਰ ਮਹਾਂਪੰਚਾਇਤ ਦਾ ਸੱਦਾ ਦਿੰਦਾ ਪੋਸਟਰ ਜਿਸ ’ਤੇ ਲਿਖਿਆ ਹੈ – ‘ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ’  ਸੱਜੇ: ਲੁਧਿਆਣਾ ਦੇ ਸੁਧਾਰ ਬਲਾਕ ਤੋਂ ਜਗਰਾਉਂ ਵਿੱਚ ਮਹਾਂਪੰਚਾਇਤ ’ਚ ਸ਼ਾਮਲ ਹੋਣ ਪਹੁੰਚਦੀਆਂ ਆਂਗਨਵਾੜੀ ਵਰਕਰ ਯੂਨੀਅਨ ਦੀਆਂ ਮੈਂਬਰ

PHOTO • Arshdeep Arshi
PHOTO • Arshdeep Arshi

ਖੱਬੇ: ਲੁਧਿਆਣਾ ਦੇ ਬੱਸੀਆਂ ਪਿੰਡ ਤੋਂ ਆਈਆਂ ਔਰਤਾਂ ਵਿੱਚ ਗੁਰਮੀਤ ਕੌਰ ਵੀ ਸ਼ਾਮਲ ਹੈ। ਮੋਦੀ ਨੇ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਤੇ ਇੱਥੇ ਆ ਕੇ ਵੋਟਾਂ ਮੰਗਣ ਦਾ ਉਹਨਾਂ ਦਾ ਕੋਈ ਹੱਕ ਨਹੀਂ, ਉਹ ਕਹਿੰਦੀ ਹੈ। ਸੱਜੇ: ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਲੜੇ 2020-21 ਦੇ ਸੰਘਰਸ਼ ਦੌਰਾਨ ਵਿੱਛੜ ਗਏ 750 ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਸ਼ੁਭਕਰਨ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਜਿਸਦੀ ਫਰਵਰੀ 2024 ਵਿੱਚ ਕਿਸਾਨਾਂ ਤੇ ਪੁਲੀਸ ਵਿਚਾਲੇ ਹੋਈ ਝੜਪ ਦੌਰਾਨ ਸਿਰ ਵਿੱਚ (ਪੋਸਟਮਾਰਟਮ ਰਿਪੋਰਟ ਮੁਤਾਬਕ) ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ

ਇਕੱਠ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨ ਆਗੂਆਂ ਨੇ 2020-21 ਦੇ ਅੰਦੋਲਨ ਦੌਰਾਨ ਵਿੱਛੜ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। 21 ਸਾਲਾ ਕਿਸਾਨ ਸ਼ੁਭਕਰਨ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਜਿਸਦੀ ਇਸ ਸਾਲ ਫਰਵਰੀ ਵਿੱਚ ਪਟਿਆਲੇ ਦੇ ਧਾਬੀ ਗੁੱਜਰਾਂ ਪਿੰਡ ਵਿੱਚ ਦਿੱਲੀ ਵੱਲ ਨੂੰ ਕੂਚ ਕਰਦਿਆਂ ਕਿਸਾਨਾਂ ਤੇ ਪੁਲੀਸ ਵਿਚਾਲੇ ਹੋਈ ਝੜਪ ਦੌਰਾਨ ਸਿਰ ਵਿੱਚ (ਪੋਸਟਮਾਰਟਮ ਰਿਪੋਰਟ ਮੁਤਾਬਕ) ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਹ ਵੀ ਪੜ੍ਹੋ: ‘ਜੇ ਅਸੀਂ ਆਪਣੇ ਸੂਬੇ ’ਚ ਸੁਰੱਖਿਅਤ ਨਹੀਂ, ਤਾਂ ਹੋਰ ਕਿੱਥੇ ਹੋਵਾਂਗੇ?’

ਕੁਝ ਮਹੀਨੇ ਪਹਿਲਾਂ, ਫਰਵਰੀ 2024 ਵਿੱਚ, ਆਪਣੀਆਂ ਅਧੂਰੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਦਿੱਲੀ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ – ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਬੈਰੀਕੇਡਾਂ, ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਹੋਇਆ।

ਤੇ ਹੁਣ ਉਹ ਆਪਣੇ ਪਿੰਡਾਂ ਵਿੱਚ ਭਾਜਪਾ ਨੂੰ ਪ੍ਰਚਾਰ ਨਹੀਂ ਕਰਨ ਦੇਣਾ ਚਾਹੁੰਦੇ।

ਬੀਕੇਯੂ ਸ਼ਾਦੀਪੁਰ ਦੇ ਪ੍ਰਧਾਨ, ਬੂਟਾ ਸਿੰਘ ਨੇ ਵੀ ਇਹੀ ਭਾਵਨਾ ਪ੍ਰਗਟ ਕੀਤੀ। “ਹੁਣ ਮੋਦੀ ਪੰਜਾਬ ਕਿਉਂ ਆ ਰਿਹਾ ਹੈ?” ਉਹਨਾਂ ਪੁੱਛਿਆ, “ਅਸੀਂ ਉਹਨਾਂ ਨੂੰ ਪ੍ਰਚਾਰ ਕਰਨ ਨਹੀਂ ਦੇਵਾਂਗੇ।”

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ, ਪੰਜਾਬ ਭਰ ਵਿੱਚ ਲੋਕਾਂ ਨੇ ਭਾਜਪਾ ਆਗੂਆਂ ਤੇ ਉਹਨਾਂ ਦੇ ਉਮੀਦਵਾਰਾਂ ਦੇ ਪਿੰਡਾਂ ਵਿੱਚ ਦਾਖਲੇ ਅਤੇ ਪ੍ਰਚਾਰ ’ਤੇ ਰੋਕ ਲਾ ਰੱਖੀ ਹੈ।

PHOTO • Arshdeep Arshi
PHOTO • Arshdeep Arshi

ਖੱਬੇ: ਆਪਣੀ ਜਥੇਬੰਦੀ ਦੇ ਮੈਂਬਰਾਂ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ, ਡਾ. ਦਰਸ਼ਨ ਪਾਲ   ਸੱਜੇ: 21 ਮਈ 2024 ਨੂੰ ਹੋਈ ਮਹਾਂਪੰਚਾਇਤ ਵਿੱਚ ਤਕਰੀਬਨ 50,000 ਲੋਕ ਸ਼ਾਮਲ ਹੋਏ

ਫਰੀਦਕੋਟ ਤੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ, ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ, ਦਾ ਜਗਰਾਉਂ ਵਿੱਚ ਕਿਸਾਨ ਆਗੂਆਂ ਨੇ ਆਪਣੇ ਭਾਸ਼ਣਾਂ ਵਿੱਚ ਬਕਾਇਦਾ ਨਾਂ ਲੈ ਕੇ ਜ਼ਿਕਰ ਕੀਤਾ।

“ਲੀਡਰ ਹੱਥ ਜੋੜ ਕੇ ਵੋਟਾਂ ਮੰਗਦੇ ਹੁੰਦੇ ਹਨ। ਤੇ ਇਹ ਕਹਿੰਦੇ ਨੇ ਕਿ ਅਸੀਂ ਜੁੱਤੀਆਂ ਮਾਰਾਂਗੇ। ਇਹ ਸਾਡੇ ਜੁੱਤੀਆਂ ਮਾਰਨ ਵਾਲੇ ਕੌਣ ਹੁੰਦੇ ਨੇ?” ਆਪਣੇ ਭਾਸ਼ਣ ਦੌਰਾਨ ਲੱਖੋਵਾਲ ਨੇ ਕਿਹਾ। ਹੰਸ ਰਾਜ ਹੰਸ ਦੀ ਇੱਕ ਵੀਡੀਓ ਕਲਿਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਜੋ ਉਹਨਾਂ ਦਾ ਵਿਰੋਧ ਕਰ ਰਹੇ ਹਨ, ਉਹਨਾਂ ਨੂੰ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਦੇਖਣਗੇ। ਭਾਰਤੀ ਚੋਣ ਕਮਿਸ਼ਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ’ਤੇ ਹੰਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ।

74 ਸਾਲਾ ਚੇਤੰਨ ਸਿੰਘ ਚੌਧਰੀ ਲੁਧਿਆਣੇ ਦੇ ਸੰਗਤਪੁਰਾ ਪਿੰਡ ਤੋਂ ਆਏ ਹਨ। “ਪਹਿਲਾਂ ਅਸੀਂ ਆਪਣੇ ਬਾਪ-ਦਾਦਿਆਂ ਦੇ ਕਹੇ ਮੁਤਾਬਕ ਵੋਟ ਪਾਉਂਦੇ ਸੀ,” ਉਹਨਾਂ ਕਿਹਾ। “ਹੁਣ ਸੋਚ ਬਦਲ ਗਈ। ਹੁਣ ਅਸੀਂ ਮੋਦੀ ਨੂੰ ਇੱਥੋਂ ਕੱਢਣੈ।”

ਉਹ ਬੀਕੇਯੂ ਰਾਜੇਵਾਲ ਨਾਲ ਜੁੜੇ ਹੋਏ ਹਨ। ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਕਾਰਡ ਦਿਖਾਉਂਦਿਆਂ ਉਹਨਾਂ PARI ਨੂੰ ਦੱਸਿਆ ਕਿ ਉਹਨਾਂ ਨੇ ਪਿਤਾ, ਬਾਬੂ ਸਿੰਘ ਆਜ਼ਾਦੀ ਘੁਲਾਟੀਏ ਸਨ। ਬਾਬੂ ਸਿੰਘ ਆਜ਼ਾਦ ਹਿੰਦ ਫੌਜ ਵਿੱਚ ਫੌਜੀ ਸਨ। “ਉਹ ਕਿਸਾਨਾਂ ਬਾਰੇ ਨਹੀਂ ਸੋਚਦੇ,” ਭਾਜਪਾ ਬਾਰੇ ਗੱਲ ਕਰਦਿਆਂ ਚੇਤੰਨ ਸਿੰਘ ਕਹਿੰਦੇ ਹਨ।

PHOTO • Arshdeep Arshi
PHOTO • Arshdeep Arshi

ਖੱਬੇ: ਮਹਾਂਪੰਚਾਇਤ ਵਿੱਚ ਪਹੁੰਚ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਮੈਂਬਰ  ਸੱਜੇ: ਨਛੱਤਰ ਸਿੰਘ ਗਰੇਵਾਲ (ਖੱਬੇ) ਤੇ ਚੇਤੰਨ ਸਿੰਘ ਚੌਧਰੀ (ਸੱਜੇ) ਲੁਧਿਆਣਾ ਦੇ ਕਿਸਾਨ ਹਨ। ‘ਪਹਿਲਾਂ ਅਸੀਂ ਆਪਣੇ ਬਾਪ-ਦਾਦੇ ਦੇ ਕਹਿਣ ਮੁਤਾਬਕ ਵੋਟ ਪਾਉਂਦੇ ਸੀ। ਹੁਣ ਸੋਚ ਬਦਲ ਗਈ। ਹੁਣ ਅਸੀਂ ਮੋਦੀ ਨੂੰ ਕੱਢਣੈ,’ ਚੌਧਰੀ ਨੇ ਕਿਹਾ, ਜਿਸਦੇ ਪਿਤਾ ਆਜਾਦੀ ਘੁਲਾਟੀਏ ਸਨ ਤੇ ਆਜਾਦ ਹਿੰਦ ਫੌਜ ਵਿੱਚ ਫੌਜੀ ਸਨ

PHOTO • Arshdeep Arshi
PHOTO • Arshdeep Arshi

ਖੱਬੇ: 2020-21 ਦੇ ਅੰਦੋਲਨ ਦਾ ਹਿੱਸਾ ਰਹੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਮਹਾਂਪੰਚਾਇਤ ਵਿੱਚ ਮੈਡੀਕਲ ਸੁਵਿਧਾਵਾਂ ਦਿੱਤੀਆਂ ਗਈਆਂ। ਸੱਜੇ: ਮਹਾਂਪੰਚਾਇਤ ਦੌਰਾਨ ਦਰਜਨ ਦੇ ਕਰੀਬ ਕਿਤਾਬਾਂ ਦੀਆਂ ਸਟਾਲਾਂ ਲਾਈਆਂ ਗਈਆਂ। ਲੋਕਾਂ ਵਿੱਚ 2024 ਦੀਆਂ ਆਮ ਚੋਣਾਂ ਬਾਰੇ ਕਿਤਾਬਚੇ ਵੰਡੇ ਗਏ

ਆਗੂਆਂ ਦੇ ਭਾਸ਼ਣਾਂ ਦੌਰਾਨ ਦਾਣਾ ਮੰਡੀ ਦੇ ਹਰ ਪਾਸੇ ਨਾਅਰੇ ਗੂੰਜ ਰਹੇ ਹਨ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ , ” ਉਹ ਨਾਅਰੇ ਲਾ ਰਹੇ ਹਨ, “ਨਰੇਂਦਰ ਮੋਦੀ ਵਾਪਸ ਜਾਉ!”

ਕਿਸਾਨ-ਮਜ਼ਦੂਰ ਮਹਾਂਪੰਚਾਇਤ ਦੌਰਾਨ ਨੇੜਲੇ ਪਿੰਡਾਂ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਇਕਾਈਆਂ ਵੱਲੋਂ ਲੰਗਰ ਲਾਏ ਗਏ ਹਨ। 2020-21 ਦੇ ਅੰਦੋਲਨ ਦੌਰਾਨ 13 ਮਹੀਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਬਾਰਡਰ ’ਤੇ ਬੈਠੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ ਹੈ। ਇਨਕਲਾਬੀ ਕੇਂਦਰ ਅਤੇ ਜਮਹੂਰੀ ਅਧਿਕਾਰ ਸਭਾ, ਪੰਜਾਬ ਵੱਲੋਂ ਚੋਣਾਂ ਅਤੇ ਸਿੱਖਿਆ, ਰੁਜ਼ਗਾਰ, ਸਿਹਤ, ਧਰਮ, ਜਾਤ ਤੇ ਲਿੰਗ ਵਰਗੇ ਆਮ ਲੋਕਾਂ ਦੇ ਮੁੱਦਿਆਂ ਬਾਰੇ ਕਿਤਾਬਚੇ ਵੰਡੇ ਜਾ ਰਹੇ ਹਨ।

ਲੋਕਾਂ ਨੂੰ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸੇ ਖ਼ਾਸ ਪਾਰਟੀ ਨੂੰ ਵੋਟਾਂ ਪਾਉਣ ਦਾ ਸੱਦਾ ਨਹੀਂ ਦਿੱਤਾ ਜਾ ਰਿਹਾ। ਸਗੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ, ਰਜਿੰਦਰ ਦੀਪਸਿੰਘਵਾਲਾ ਨੇ ਕਿਹਾ, “ਵੋਟ ਉਹਨੂੰ ਪਾਉ ਜੋ ਭਾਜਪਾ ਦੇ ਉਮੀਦਵਾਰ ਨੂੰ ਹਰਾ ਸਕੇ।”

ਮਹਾਂਪੰਚਾਇਤ ਦਾ ਸੰਦੇਸ਼ ਸਾਫ਼ ਹੈ – ਭਾਜਪਾ ਦੇ ਪ੍ਰਚਾਰ ਦਾ ਵਿਰੋਧ ਕਰੋ, ਚੋਣਾਂ ਵਿੱਚ ਭਾਜਪਾ ਨੂੰ ਹਰਾਓ। “ਕੋਈ ਹਿੰਸਕ ਨਹੀਂ ਹੋਵੇਗਾ, ਅਸੀਂ ਸ਼ਾਂਤਮਈ ਵਿਰੋਧ ਕਰਾਂਗੇ,” ਫੈਸਲੇ ਦਾ ਐਲਾਨ ਕਰਦਿਆਂ ਲੱਖੋਵਾਲ ਨੇ ਕਿਹਾ।

Arshdeep Arshi

عرش دیپ عرشی، چنڈی گڑھ کی ایک آزاد صحافی اور ترجمہ نگار ہیں۔ وہ نیوز ۱۸ پنجاب اور ہندوستان ٹائمز کے ساتھ کام کر چکی ہیں۔ انہوں نے پٹیالہ کی پنجابی یونیورسٹی سے انگریزی ادب میں ایم فل کیا ہے۔

کے ذریعہ دیگر اسٹوریز Arshdeep Arshi
Editor : Sarbajaya Bhattacharya

سربجیہ بھٹاچاریہ، پاری کی سینئر اسسٹنٹ ایڈیٹر ہیں۔ وہ ایک تجربہ کار بنگالی مترجم ہیں۔ وہ کولکاتا میں رہتی ہیں اور شہر کی تاریخ اور سیاحتی ادب میں دلچسپی رکھتی ہیں۔

کے ذریعہ دیگر اسٹوریز Sarbajaya Bhattacharya