ਕਿਸ਼ਨਗੜ੍ਹ ਸੇਢਾ ਵਾਲਾ ਵਿਖੇ ਆਪਣੇ ਬਰਾਂਡੇ ਵਿੱਚ ਬੈਠੀ ਸੁਰਜੀਤ ਕੌਰ ਕਹਿੰਦੀ ਹਨ,''ਜੇ ਸਾਡੀ ਪੀੜ੍ਹੀ ਦੀਆਂ ਔਰਤਾਂ ਪੜ੍ਹੀਆਂ ਲਿਖੀਆਂ ਹੁੰਦੀਆਂ, ਤਾਂ ਹੋਰ ਚੰਗਾ ਹੁੰਦਾ।'' ਸੁਰਜੀਤ ਨੂੰ ਜਦੋਂ 5ਵੀਂ ਜਮਾਤ ਵਿੱਚ ਆਪਣੀ ਪੜ੍ਹਾਈ ਛੱਡਣੀ ਪਈ ਸੀ, ਉਦੋਂ ਉਨ੍ਹਾਂ ਦੀ ਉਮਰ ਆਪਣੇ ਪੋਤੇ-ਪੋਤੀਆਂ (ਦਾਦੀ ਨਾਲ਼ ਬੈਠੇ) ਜਿੰਨੀ ਹੀ ਰਹੀ ਹੋਵੇਗੀ।

''ਵਿੱਦਿਆ ਬੰਦੇ ਦੀ ਤੀਜੀ ਅੱਖ ਖੋਲ਼੍ਹ ਦਿੰਦੀ ਏ,'' 63 ਸਾਲਾ ਸੁਰਜੀਤ ਜ਼ੋਰ ਦਿੰਦਿਆਂ ਗੱਲ ਪੂਰੀ ਕਰਦੀ ਹਨ।

ਉਨ੍ਹਾਂ ਦੀ ਗੁਆਂਢਣ, 75 ਸਾਲਾ ਜਸਵਿੰਦਰ ਕੌਰ ਹਾਂ ਵਿੱਚ ਸਿਰ ਹਿਲਾਉਂਦੀ ਹਨ। ''ਔਰਤਾਂ ਜਦ ਬਾਹਰ ਨਿਕਲਦੀਆਂ ਨੇ ਤਾਂ ਦੁਨੀਆ ਦੀ ਸਮਝ ਆਉਂਦੀ ਏ,'' ਉਹ ਕਹਿੰਦੀ ਹਨ।

ਉਨ੍ਹਾਂ ਨੂੰ ਭਾਵੇਂ ਕਦੇ ਆਪਣੀ ਪੜ੍ਹਾਈ ਮੁਕੰਮਲ ਕਰਨ ਦਾ ਮੌਕਾ ਨਹੀਂ ਮਿਲ਼ਿਆ, ਫਿਰ ਵੀ ਉਨ੍ਹਾਂ ਲਈ ਹੋਰਨਾਂ ਨੂੰ ਸਿੱਖਿਅਤ ਕਰਨਾ ਬੜੀ ਵੱਡੀ ਗੱਲ ਰਹੀ ਹੈ। ਸੁਰਜੀਤ ਤੇ ਜਸਵਿੰਦਰ ਉਨ੍ਹਾਂ 16 ਔਰਤਾਂ ਵਿੱਚੋਂ ਸਨ ਜੋ 2020-2021 ਦੇ 13 ਮਹੀਨੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੀਆਂ ਰਹੀਆਂ। ਕੇਂਦਰ ਸਰਕਾਰ ਨੇ ਜੋ ਤਿੰਨ ਕਾਲ਼ੇ ਕਨੂੰਨ ਪਾਸ ਕੀਤੇ ਸਨ ਉਨ੍ਹਾਂ ਦੇ ਵਿਰੋਧ ਵਿੱਚ ਉਸ ਵੇਲ਼ੇ ਲਖੂਖਾ ਕਿਸਾਨ ਇੱਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ, ਕਿਸਾਨਾਂ ਨੂੰ ਖ਼ਦਸ਼ਾ ਸੀ ਜੇ ਉਨ੍ਹਾਂ ਹੁਣ ਵਿਰੋਧ ਨਾ ਜਤਾਇਆ ਤਾਂ ਉਨ੍ਹਾਂ ਨੂੰ ਆਪਣੀ ਉਪਜ ਦਾ ਘੱਟੋ-ਘੱਟ ਸਮਰਥਨ ਮੁੱਲ ਕਦੇ ਨਹੀਂ ਮਿਲ਼ਣਾ ਤੇ ਸਾਰੇ ਦਾ ਸਾਰਾ ਲਾਭ ਵੀ ਨਿੱਜੀ ਵਪਾਰੀਆਂ ਤੇ ਕਾਰਪੋਰੇਟਾਂ ਦੀ ਝੋਲ਼ੀ ਪੈ ਜਾਣਾ ਹੈ। ਕਿਸਾਨ ਧਰਨੇ ਨੂੰ ਲੈ ਕੇ ਪਾਰੀ ਦੀ ਮੁਕੰਮਲ ਕਵਰੇਜ ਇੱਥੇ ਪੜ੍ਹੋ।

ਮਈ 2024 ਨੂੰ ਜਦੋਂ ਇਸ ਰਿਪੋਰਟਰ ਨੇ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਦਾ ਦੌਰਾ ਕੀਤਾ ਤਾਂ ਪੰਜਾਬ ਦੇ ਬਾਕੀ ਹਿੱਸਿਆਂ ਵਾਂਗਰ ਇੱਥੇ ਵੀ ਲੋਕੀਂ ਵਾਢੀ ਸੀਜ਼ਨ ਦੀਆਂ ਤਿਆਰੀਆਂ ਵਿੱਚ ਰੁਝੇ ਨਜ਼ਰ ਆਏ।

ਸੱਤਾਧਾਰੀ ਪਾਰਟੀ ਦੀਆਂ ਕਿਸਾਨ-ਵਿਰੋਧੀ ਗਤੀਵਿਧੀਆਂ ਕਾਰਨ ਪਹਿਲਾਂ ਹੀ ਥਾਂ-ਥਾਂ ਵਿਰੋਧ ਹੋ ਰਿਹਾ ਸੀ, ਇਸੇ ਭਖਦੇ ਮਾਹੌਲ ਵਿੱਚ ਇੱਥੇ 1 ਜੂਨ ਨੂੰ ਚੋਣਾਂ ਪਈਆਂ।

''ਜੇ ਬੀਜੇਪੀ ਫੇਰ ਆ ਗਈ, ਤਾਂ ਉਹ ਇਹ (ਖੇਤੀ) ਕਨੂੰਨ ਫੇਰ ਲੈ ਆਉਣਗੇ,'' 60 ਸਾਲਾ ਜਰਨੈਲ ਕੌਰ ਕਹਿੰਦੀ ਹਨ, ਜਿਨ੍ਹਾਂ ਦੇ ਪਰਿਵਾਰ ਕੋਲ਼ 10 ਕਿੱਲੇ ਪੈਲ਼ੀ ਹੈ। ''ਵੋਟਾਂ ਸੋਚ-ਸਮਝ ਕੇ ਪਾਉਣੀਆਂ ਚਾਹੀਦੀਆਂ ਹਨ।''

(ਹਰਸਿਮਰਤ ਕੌਰ ਬਾਦਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਸੀਟ ਤੋਂ ਜੇਤੂ ਰਹੇ। ਚੋਣ ਨਤੀਜੇ 4 ਜੂਨ 2024 ਨੂੰ ਐਲਾਨੇ ਗਏ)

PHOTO • Arshdeep Arshi
PHOTO • Arshdeep Arshi

ਖੱਬੇ: ਸੁਰਜੀਤ ਕੌਰ ਕਿਸ਼ਨਗੜ੍ਹ ਪਿੰਡ ਵਿੱਚ ਆਪਣੇ ਘਰ ਅੰਦਰ। ਸੱਜੇ: ਜਸਵਿੰਦਰ ਕੌਰ, ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਉਸੇ ਪਿੰਡ ਦੀ ਵਾਸੀ ਹਨ, ਦੀ ਉਨ੍ਹਾਂ ਦੇ ਘਰ ਅੰਦਰ ਤਸਵੀਰ ਖਿੱਚੀ ਗਈ ਹੈ

ਕਿਸਾਨ ਅੰਦੋਲਨ, ਜਿਹਦਾ ਲੰਗਰ ਦਸੰਬਰ 2021 ਨੂੰ ਸੁੱਟਿਆ ਗਿਆ ਸੀ, ਦੇ ਸਬਕ ਅੱਜ ਵੀ ਪੂਰੇ ਪਿੰਡ ਵਿੱਚ ਗੂੰਜਦੇ ਹਨ। ''ਪੱਕੀ-ਪਕਾਈ ਰੋਟੀ ਮੋਦੀ (ਸਰਕਾਰ) ਖੋਹ ਰਿਹਾ ਹੈ,'' ਜਸਵਿੰਦਰ ਕੌਰ ਦਾ ਕਹਿਣਾ ਹੈ। ''ਆਪਾਂ ਹੁਣ ਕਿਵੇਂ ਖੋਹਣ ਦੇ ਸਕਦੇ ਹਾਂ?''

ਉਨ੍ਹਾਂ ਨੂੰ ਕਈ ਹੋਰ ਚਿੰਤਾਵਾਂ ਵੀ ਵੱਢ-ਵੱਢ ਖਾ ਰਹੀਆਂ ਹਨ। ''ਕੁਝ ਸਾਲ ਪਹਿਲਾਂ ਤੱਕ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਦੇ ਦੋ-ਚਾਰ ਜਵਾਕ ਹੀ ਬਾਹਰ ਗਏ ਸੀ,'' ਸੁਰਜੀਤ ਕਹਿੰਦੀ ਹਨ। ਉਨ੍ਹਾਂ ਦਾ ਇਸ਼ਾਰਾ ਆਪਣੀ ਭਤੀਜੀ ਕੁਸ਼ਲਦੀਪ ਕੌਰ ਵੱਲ ਹੈ ਜੋ ਥੋੜ੍ਹਾ ਸਮਾਂ ਪਹਿਲਾਂ ਹੀ ਉੱਚ-ਸਿੱਖਿਆ ਵਾਸਤੇ ਬਰੈਂਪਟਨ, ਕਨੈਡਾ ਗਈ ਹੈ। ''ਇਹ ਸਭ ਬੇਰੁਜ਼ਗਾਰੀ ਕਰਕੇ ਹੈ। ਜੇ ਨੌਕਰੀਆਂ ਹੋਣ ਤਾਂ ਉਹ ਕਿਉਂ ਬਾਹਰ ਜਾਣ?'' ਉਨ੍ਹਾਂ ਨੇ ਹਿਰਖੇ ਮਨ ਨਾਲ਼ ਸਵਾਲ ਕੀਤਾ।

ਸੋ ਕਿਹਾ ਜਾ ਸਕਦਾ ਹੈ ਕਿ ਆਪਣੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੇ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਲਈ ਰੁਜ਼ਗਾਰ ਦੀ ਉਮੀਦ ਰੱਖਣਾ ਹੀ ਪਿੰਡ ਵਾਸੀਆਂ ਲਈ ਇਨ੍ਹਾਂ ਚੋਣਾਂ ਦੇ ਅਹਿਮ ਮੁੱਦੇ ਰਹਿਣ ਵਾਲ਼ੇ ਹਨ।

''ਉਹ (ਲੀਡਰ) ਹਰ ਵਾਰੀ ਸਾਨੂੰ ਪਿੰਡਾਂ ਵਾਲਿਆਂ ਨੂੰ ਪੈਨਸ਼ਨ, ਸੜਕਾਂ ਤੇ ਗਲੀਆਂ-ਨਾਲੀਆਂ ਵਿੱਚ ਉਲਝਾਈ ਰੱਖਦੇ ਹਨ। ਪਿੰਡਾਂ ਦੇ ਲੋਕ ਤਾਂ ਇਹਨਾਂ ਮੁੱਦਿਆਂ 'ਤੇ ਹੀ ਵੋਟਾਂ ਪਾਉਂਦੇ ਆਏ ਨੇ,'' ਸੁਰਜੀਤ ਦੱਸਦੀ ਹਨ।

PHOTO • Arshdeep Arshi
PHOTO • Arshdeep Arshi

ਖੱਬੇ: ਸੁਰਜੀਤ ਕੌਰ ਆਪਣੇ ਖੇਤ ਵਿੱਚ ਪਿਆਜ਼ ਅਤੇ ਲਸਣ ਦੀ ਦੇਖਭਾਲ਼ ਕਰ ਰਹੀ ਹਨ। ਸੱਜੇ: ਇੱਥੇ ਉਹ ਆਪਣੇ ਖੇਤ ਵਿੱਚ ਫ਼ਸਲਾਂ ਦੇ ਵਿਚਕਾਰ ਤੁਰਦੀ ਨਜ਼ਰ ਆ ਰਹੀ ਹਨ, ਜੋ ਕਟਾਈ ਲਈ ਤਿਆਰ ਹੈ

PHOTO • Arshdeep Arshi
PHOTO • Arshdeep Arshi

ਖੱਬੇ: ਮਸ਼ੀਨਾਂ ਨੇ ਖੇਤਾਂ ਵਿੱਚ ਔਰਤਾਂ ਦਾ ਬਹੁਤ ਸਾਰਾ ਸਮਾਂ ਬਚਾਇਆ ਹੈ। ਇਹ ਇੱਕ ਵੱਡਾ ਕਾਰਨ ਹੈ ਕਿ ਉਹ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਪਾ ਰਹੀਆਂ ਹਨ। ਸੱਜੇ: ਇਕੱਤਰ ਕੀਤੀ ਜਾ ਰਹੀ ਤੂੜੀ

*****

ਪੰਜਾਬ ਦੇ ਦੱਖਣ ਵੱਲ ਪੈਂਦੇ ਜ਼ਿਲ੍ਹਾ ਮਾਨਸਾ ਦਾ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲ਼ਾ, ਬਿਸਵੇਦਾਰੀ ਪ੍ਰਣਾਲੀ ਖ਼ਿਲਾਫ਼ ਚੱਲੇ ਪੈਪਸੂ ਮੁਜ਼ਾਰਾ ਅੰਦੋਲਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਲਈ ਜਾਣਿਆ ਜਾਂਦਾ ਹੈ, ਜਿੱਥੇ ਬੇਜ਼ਮੀਨੇ ਕਿਸਾਨਾਂ ਨੇ ਬੜੇ ਲੰਬੇ ਸੰਘਰਸ਼ ਕੀਤੇ ਤੇ ਅਖੀਰ 1952 ਵਿੱਚ ਉਨ੍ਹਾਂ ਨੂੰ ਭੋਇੰ ਦੇ ਮਾਲਿਕਾਨਾ ਹੱਕ ਮਿਲ਼ ਸਕੇ। 19 ਮਾਰਚ 1949 ਨੂੰ ਇੱਥੇ ਚਾਰ ਪ੍ਰਦਰਸ਼ਨਕਾਰੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਫਿਰ 2020-2021 ਦੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ।

ਭਾਵੇਂ ਕਿ ਪਿੰਡ ਇਤਿਹਾਸਕ ਸਰਗਰਮੀਆਂ ਦਾ ਗੜ੍ਹ ਰਿਹਾ ਹੈ, ਬਾਵਜੂਦ ਇਹਦੇ ਪਿੰਡ ਦੀਆਂ ਬਹੁਤੇਰੀਆਂ ਔਰਤਾਂ ਨੇ ਕਿਸਾਨ ਅੰਦੋਲਨ ਤੋਂ ਪਹਿਲਾਂ ਕਦੇ ਕਿਸੇ ਅੰਦੋਲਨ ਵਿੱਚ ਸ਼ਮੂਲੀਅਤ ਨਹੀਂ ਕੀਤੀ। ਦਿੱਲਿਓਂ ਮੁੜਨ ਤੋਂ ਬਾਅਦ ਉਨ੍ਹਾਂ ਅੰਦਰ ਸੰਸਾਰ ਨੂੰ ਅੱਡ ਨਜ਼ਰੀਏ ਨਾਲ਼ ਦੇਖਣ ਤੇ ਸਿੱਖਣ ਦੀ ਚੇਟਕ ਲੱਗੀ ਰਹਿੰਦੀ ਹੈ। ''ਪਹਿਲਾਂ ਤਾਂ ਸਾਡੇ ਕੋਲ ਕਿਹੜੀ ਵਿਹਲ ਸੀ,'' ਸੁਰਜੀਤ ਕੌਰ ਕਹਿੰਦੀ ਹਨ,''ਅਸੀਂ ਖੇਤਾਂ 'ਚ ਕੰਮ ਕਰਦੀਆਂ, ਕਪਾਹ ਚੁਗਦੀਆਂ, ਤੇ ਚਰਖਾ ਕੱਤਦੀਆਂ। ਹੁਣ ਤਾਂ ਸਾਰਾ ਕੁਝ ਮਸ਼ੀਨਾਂ ਨਾਲ਼ ਹੋਣ ਲੱਗ ਪਿਆ।''

ਉਨ੍ਹਾਂ ਦੀ ਦਰਾਣੀ, ਮਨਜੀਤ ਕੌਰ ਦਾ ਕਹਿਣਾ ਹੈ,''ਹੁਣ ਤਾਂ ਕਪਾਹ ਹੀ ਨਹੀਂ ਉਗਾਉਂਦੇ, ਲੋਕ ਖੱਦਰ ਵੀ ਨਹੀਂ ਪਹਿਨਦੇ। ਘਰੇ ਕੱਪੜਾ ਬੁਣਨ ਤਾਂ ਕੰਮ ਵੀ ਖ਼ਤਮ ਹੋ ਗਿਆ।'' ਉਨ੍ਹਾਂ ਨੂੰ ਇੰਝ ਲੱਗਦਾ ਕਿ ਪਿਛਲੇ ਸਮੇਂ ਵਿੱਚ ਆਏ ਇਸ ਬਦਲਾਅ ਕਾਰਨ ਉਨ੍ਹਾਂ ਲਈ ਧਰਨਿਆਂ-ਮੁਜ਼ਾਹਰਿਆਂ ਵਿੱਚ ਸ਼ਿਰਕਤ ਕਰਨਾ ਥੋੜ੍ਹਾ ਸੌਖਾ ਜ਼ਰੂਰ ਹੋ ਗਿਆ ਹੈ।

ਹਾਲਾਂਕਿ ਪਿੰਡ ਦੀਆਂ ਕਈ ਔਰਤਾਂ ਲੀਡਰਸ਼ਿਪ ਵਿੱਚ ਆਪਣਾ ਹਿੱਸਾ ਪਾਉਂਦੀਆਂ ਰਹੀਆਂ ਹਨ, ਪਰ ਉਨ੍ਹਾਂ ਨਾਲ਼ ਹੋਈ ਗੱਲਬਾਤ ਤੋਂ ਇਹ ਸਪੱਸ਼ਟ ਹੋ ਰਿਹਾ ਸੀ ਕਿ ਉਨ੍ਹਾਂ ਦੇ ਅਹੁਦੇ ਸਿਰਫ਼ ਨਾਮ ਦੇ ਹੀ ਸਨ, ਹਕੀਕਤ ਇਸ ਤੋਂ ਮੁਖ਼ਤਲਿਫ਼ ਸੀ।

PHOTO • Arshdeep Arshi
PHOTO • Arshdeep Arshi

ਪੰਜਾਬ ਦੇ ਦੱਖਣ ਵਿੱਚ ਪੈਂਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਨੇ ਪੈਪਸੂ ਮੁਜ਼ਾਰਾ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ, ਜਿੱਥੇ ਬੇਜ਼ਮੀਨੇ ਕਿਸਾਨਾਂ ਨੇ 1952 ਵਿੱਚ ਮਾਲਕੀ ਹੱਕ ਜਿੱਤੇ। ਸੱਜੇ: ਜਠਾਣੀ, ਸੁਰਜੀਤ ਕੌਰ ਅਤੇ ਦਰਾਣੀ, ਮਨਜੀਤ ਕੌਰ ਆਪਣੇ ਦਿਨ ਬਾਰੇ ਗੱਲਬਾਤ ਕਰ ਰਹੀਆਂ ਹਨ

PHOTO • Arshdeep Arshi
PHOTO • Arshdeep Arshi

ਖੱਬੇ: ਆਪਣੇ ਘਰੇ ਕਰੋਸ਼ੀਆ ਬੁਣਦੀ ਮਨਜੀਤ ਕੌਰ। ਸੱਜੇ:ਮਨਜੀਤ ਕੌਰ ਦੇ ਪਤੀ, ਕੁਲਵੰਤ ਸਿੰਘ (ਮਾਈਕ ਅੱਗੇ), ਜੋ ਬੀਕੇਯੂ (ਏਕਤਾ) ਡਕੋਂਦਾ ਦੇ ਆਗੂ ਹਨ

ਮਨਜੀਤ, 6,000 ਦੀ ਅਬਾਦੀ ਵਾਲ਼ੇ ਕਿਸ਼ਨਗੜ੍ਹ ਸੇਢਾ ਸਿੰਘ ਵਾਲ਼ਾ ਦੀ ਪਹਿਲੀ ਮਹਿਲਾ ਸਰਪੰਚ ਚੁਣੀ ਗਈ। ਦੋਵਾਂ ਔਰਤਾਂ ਦਾ ਵਿਆਹ ਚਚੇਰੇ ਭਰਾਵਾਂ ਨਾਲ਼ ਹੋਇਆ ਹੈ। ''ਜਦ ਪਹਿਲੀ ਵਾਰ ਚੋਣ ਲੜੀ ਸੀ ਤਾਂ ਮੈਨੂੰ ਸਾਰੇ ਪਿੰਡ ਨੇ ਸਰਬਸੰਮਤੀ ਨਾਲ਼ ਚੁਣ ਲਿਆ।'' ਸਾਲ 1998 ਦੀ ਉਹ ਸੀਟ ਔਰਤਾਂ ਲਈ ਹੀ ਰਾਖਵੀਂ ਸੀ। ''ਅਗਲੀ ਵਾਰ ਮੇਰੇ ਮੁਕਾਬਲੇ 'ਚ ਸਾਰੇ ਬੰਦੇ ਹੀ ਸਨ ਤੇ ਮੈਂ 400-500 ਵੋਟਾਂ 'ਤੇ ਜਿੱਤੀ ਸਾਂ,'' ਸਿਲਾਈਆਂ ਬੁਣਦਿਆਂ ਮਨਜੀਤ ਚੇਤੇ ਕਰਦੀ ਹਨ।

ਉਸੇ ਸਾਲ 12 ਔਰਤਾਂ ਹੋਰ ਚੁਣੀਆਂ ਗਈਆਂ। ਮਨਜੀਤ ਦਾ ਕਹਿਣਾ ਹੈ ਪਰ ਫ਼ੈਸਲੇ ਤਾਂ ਬੰਦੇ ਹੀ ਲੈਂਦੇ ਹਨ। ਆਪਣੀ ਦਸਵੀਂ ਤੱਕ ਦੀ ਪੜ੍ਹਾਈ ਨੂੰ ਬੜੇ ਮਾਣ ਨਾਲ਼ ਚਿਤਾਰਦਿਆਂ ਉਹ ਕਹਿੰਦੀ ਹਨ,''ਮੈਂ ਹੀ ਸੀ ਜਿਹਨੂੰ ਕੰਮ ਕਰਨ ਦਾ ਥੋੜ੍ਹਾ-ਬਹੁਤ ਪਤਾ ਸੀ।'' ਪੜ੍ਹਾਈ ਕਾਰਨ ਹੀ ਮਨਜੀਤ ਆਪਣੇ ਪਤੀ, ਕੁਲਵੰਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਮੰਨੇ-ਪ੍ਰਮੰਨੇ ਆਗੂ ਤੇ ਸਾਬਕਾ ਸਰਪੰਚ, ਕੁਲਵੰਤ ਦੀ ਮਦਦ ਨਾਲ਼ ਬਿਹਤਰ ਕੰਮ ਕੀਤਾ। 1993 ਤੋਂ ਅਗਲੇ ਪੰਜ ਸਾਲ ਉਨ੍ਹਾਂ ਪਿੰਡ ਦੀ ਸੇਵਾ ਕੀਤੀ।

''ਇਹ ਚੋਣਾਂ ਜ਼ਿਆਦਾ ਔਖੀਆਂ ਹੁੰਦੀਆਂ ਨੇ, ਲੋਕ ਇੱਕ-ਦੂਜੇ 'ਤੇ ਵੋਟਾਂ ਲਈ ਜ਼ੋਰ ਪਾਉਂਦੇ ਨੇ। ਰਿਸ਼ਤੇਦਾਰ ਤੇ ਘਰਵਾਲੇ ਔਰਤਾਂ ਨੂੰ ਕਿਸੇ ਖ਼ਾਸ ਉਮੀਦਵਾਰ ਨੂੰ ਵੋਟ ਪਾਉਣ ਲਈ ਕਹਿ ਸਕਦੇ ਨੇ। ਲੋਕ ਸਭਾ ਚੋਣਾਂ ਵਿੱਚ ਕੋਈ ਨਹੀਂ ਪੁੱਛਦਾ,'' ਸੁਰਜੀਤ ਸਪੱਸ਼ਟ ਕਰਦੀ ਹਨ।

2009 ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ ਦੀ ਨੁਮਾਇੰਦਗੀ ਕਰਦੀ ਆਈ ਹਨ, ਜਿੱਥੇ ਇਹ ਪਿੰਡ ਵੀ ਪੈਂਦਾ ਹੈ। ਅਗਾਮੀ ਆਮ ਚੋਣਾਂ ਵਿੱਚ ਵੀ ਉਹ ਦੋਬਾਰਾ ਚੋਣ ਲੜ ਰਹੀ ਹਨ। ਬਾਕੀ ਉਮੀਦਵਾਰਾਂ ਵਿੱਚ ਆਈਏਐੱਸ ਤੋਂ ਸਿਆਸਤਦਾਨ ਬਣੀ, ਪਰਮਪਾਲ ਕੌਰ ਸਿੱਧੂ (ਭਾਜਪਾ), ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) ਤੇ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਖੇਤੀਬਾੜੀ ਮੰਤਰੀ, ਗੁਰਮੀਤ ਸਿੰਘ ਖੁੱਡੀਆ ਵੀ ਮੈਦਾਨ ਵਿੱਚ ਹਨ।

PHOTO • Courtesy: Manjit Singh Dhaner
PHOTO • Arshdeep Arshi

ਖੱਬੇ: ਕਿਸ਼ਨਗੜ੍ਹ ਪਿੰਡ ਦੀਆਂ ਔਰਤਾਂ ਮਾਰਚ 2024 ਵਿੱਚ ਬੀਕੇਯੂ (ਏਕਤਾ) ਡਕੌਂਦਾ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਦਿੱਲੀ ਦੇ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਦੀਆਂ ਹੋਈਆਂ। ਸੱਜੇ: ਮਨਜੀਤ ਕੌਰ (ਖੱਬੇ ਪਾਸੇ) ਅਤੇ ਸੁਰਜੀਤ ਕੌਰ (ਮਨਜੀਤ ਦੇ ਨਾਲ਼ ਖੜ੍ਹੀ) ਇਸ ਸਾਲ ਦੇ ਸ਼ੁਰੂ ਵਿੱਚ ਜਗਰਾਓਂ, ਲੁਧਿਆਣਾ ਵਿੱਚ ਹੋਈ ਕਿਸਾਨ-ਮਜ਼ਦੂਰ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਆਪਣੇ ਪਿੰਡ ਦੀਆਂ ਹੋਰ ਔਰਤਾਂ ਨਾਲ਼

2020-2021 ਦਾ ਦਿੱਲੀ ਧਰਨਾ ਔਰਤਾਂ ਦੇ ਜੀਵਨ ਵਿੱਚ ਬਦਲਾਅ ਦੀ ਕਿਰਨ ਬਣ ਉਭਰਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਕਿਹਨੂੰ ਵੋਟ ਪਾਉਣੀ ਹੈ, ਇਸ ਫ਼ੈਸਲੇ ਨੂੰ ਕੋਈ ਪ੍ਰਭਾਵਤ ਨਹੀਂ ਕਰਦਾ। ''ਜਨਾਨੀ ਪਹਿਲਾਂ ਘਰ ਦੀ ਚਾਰਦੀਵਾਰੀ ਅੰਦਰ ਕੈਦ ਰਹਿੰਦੀ ਸੀ। ਇਹ ਧਰਨੇ ਸਾਡੇ ਵਾਸਤੇ ਸਕੂਲ ਨੇ, ਤੇ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਏ,'' ਮਾਣਮਤੀ ਸੁਰਜੀਤ ਕਹਿੰਦੀ ਹਨ।

26 ਨਵੰਬਰ 2020 ਦੇ ਉਸ ਦਿਹਾੜੇ ਨੂੰ ਚੇਤੇ ਕਰਦਿਆਂ ਜਦੋਂ ਉਨ੍ਹਾਂ ਦਿੱਲੀ ਚਾਲੇ ਪਾਏ ਸਨ, ਉਹ ਕਹਿੰਦੀ ਹਨ,''ਅਸੀਂ ਤਿਆਰੀ ਨਾਲ਼ ਨਹੀਂ ਸੀ ਗਏ। ਸਭ ਨੂੰ ਲੱਗਿਆ ਕਿ ਉਹ (ਸੁਰੱਖਿਆ ਫੋਰਸ) ਕਿਸਾਨਾਂ ਨੂੰ ਲੰਘਣ ਨਹੀਂ ਦੇਣਗੇ ਤੇ ਜਿੱਥੇ ਵੀ ਰੋਕਣਗੇ ਉੱਥੇ ਬਹਿ ਜਾਵਾਂਗੇ,'' ਉਹ ਬਹਾਦੁਰਗੜ੍ਹ ਨੇੜਲੇ ਟੀਕਰੀ ਬਾਰਡਰ 'ਤੇ ਨਾ-ਮਾਤਰ ਸਮਾਨ ਨਾਲ਼ ਇੰਨੇ ਲੰਬੇ ਸਮੇਂ ਤੱਕ ਟਿਕੇ ਰਹਿਣ ਦੀ ਗੱਲ ਕਰਦਿਆਂ ਕਹਿੰਦੀ ਹਨ। ''ਸਾਡੇ ਕੋਲ ਰੋਟੀਆਂ ਪਕਾਉਣ ਨੂੰ ਕੁਝ ਨਹੀਂ ਸੀ, ਇੱਧਰੋਂ-ਉੱਧਰੋਂ ਮੰਗ ਕੇ ਕੰਮ ਚਲਾਇਆ। ਨਾ ਕੋਈ ਪਖਾਨੇ ਦੀ ਸਹੂਲਤ ਸੀ ਨਾ ਬਾਥਰੂਮਾਂ ਦੀ।'' ਇਸ ਸਭ ਦੇ ਬਾਵਜੂਦ ਵੀ ਉਹ ਇੱਕ ਸਾਲ- ਤਿੰਨੋਂ ਕਨੂੰਨ ਰੱਦ ਹੋਣ ਤੱਕ- ਤੋਂ ਵੱਧ ਸਮੇਂ ਤੱਕ ਮੋਰਚੇ 'ਤੇ ਡਟੀਆਂ ਰਹੀਆਂ।

ਬਹੁਤਾ ਪੜ੍ਹੇ-ਲਿਖੇ ਨਾ ਹੋਣ ਦੇ ਬਾਵਜੂਦ ਵੀ ਸੁਰਜੀਤ ਨੂੰ ਕਿਤਾਬਾਂ ਪੜ੍ਹਨ ਤੇ ਹੋਰ-ਹੋਰ ਸਿੱਖਣ ਦੀ ਰੁਚੀ ਲੱਗੀ ਰਹਿੰਦੀ ਹੀ ਹੈ,''ਭੈਣਾਂ ਸੋਚਦੀਆਂ ਹਨ ਕਿ ਜੇ ਉਹ ਪੜ੍ਹੀਆਂ-ਲਿਖਦੀਆਂ ਹੁੰਦੀਆਂ ਤਾਂ ਧਰਨੇ ਵਿੱਚ ਜ਼ਿਆਦਾ ਵਧੀਆ ਸਾਥ ਦੇ ਸਕਦੀਆਂ।''

*****

ਕੁਝ ਕੁ ਦਿਨ ਹੋਏ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਲਈ ਪਿੰਡ ਆਏ। ''ਇਹ ਤਾਂ ਬਸ ਚੋਣਾਂ ਵੇਲੇ ਆਉਂਦੇ ਨੇ,'' ਆਪਣੇ ਖੇਤੋਂ ਤੋੜੀਆਂ ਤੂਤਾਂ ਦਾ ਸਵਾਦ ਲੈਂਦਿਆਂ ਸੁਰਜੀਤ ਕਹਿੰਦੀ ਹਨ।

PHOTO • Arshdeep Arshi
PHOTO • Arshdeep Arshi

ਖੱਬੇ:ਸੁਰਜੀਤ ਕੌਰ ਆਪਣੇ ਖੇਤ ਨੇੜੇ ਆਪਣੀ ਨੂੰਹ ਤੇ ਪੋਤੇ-ਪੋਤੀਆਂ ਨਾਲ਼। ਸੱਜੇ: ਆਪਣੇ ਖੇਤ ਵਿੱਚੋਂ ਤੂਤਾਂ ਤੋੜਦੀ ਸੁਰਜੀਤ ਕੌਰ

ਸਤੰਬਰ 2020 ਨੂੰ, ਕਿਸਾਨਾਂ ਖ਼ਿਲਾਫ਼ ਆਰਡੀਨੈਂਸ ਲਿਆਉਣ ਤੇ ਕਨੂੰਨ ਬਣਾਉਣ ਖ਼ਿਲਾਫ਼ ਆਪਣਾ 'ਵਿਰੋਧ' ਦਰਜ ਕਰਾਉਂਦਿਆਂ ਬਾਦਲ ਨੇ ਕੇਂਦਰੀ ਵਜ਼ਾਰਤ (ਯੂਨੀਅਨ ਕੈਬੀਨਟ) ਤੋਂ ਅਸਤੀਫਾ ਦੇ ਦਿੱਤਾ ਸੀ। ''ਮੰਤਰੀ ਪਦ ਤਾਂ ਉਦੋਂ ਛੱਡਿਆ ਜਦੋਂ ਕਿਸਾਨਾਂ ਨੇ ਉਨ੍ਹਾਂ (ਸ਼ਿਰੋਮਣੀ ਅਕਾਲੀ ਦਲ) ਦਾ ਵਿਰੋਧ ਕੀਤਾ,'' ਅਸਤੀਫਾ ਦੇਣ ਮਗਰਲੀ ਪੂਰੀ ਖੇਡ ਸਮਝਾਉਂਦਿਆਂ ਸੁਰਜੀਤ ਕਹਿੰਦੀ ਹਨ। ''ਪਹਿਲਾਂ ਤਾਂ ਉਹ ਤੇ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ, ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾ ਰਹੇ ਸੀ।''

ਸਾਥੀ ਕਿਸਾਨ ਭੈਣ-ਭਰਾਵਾਂ ਨਾਲ਼ ਸਾਂਝੀਵਾਲ਼ਤਾ ਨਿਭਾਉਂਦਿਆਂ 13 ਮਹੀਨੇ ਇੰਨੀਆਂ ਕਠੋਰ ਹਾਲਤਾਂ ਵਿੱਚ ਮੋਰਚੇ 'ਤੇ ਸਾਬਤ-ਕਦਮ ਡਟੇ ਰਹਿਣ ਤੋਂ ਬਾਅਦ ਸੁਰਜੀਤ ਹੁਣ ਬਾਦਲ ਦੀਆਂ ਗੱਲਾਂ ਤੋਂ ਪ੍ਰਭਾਵਤ ਨਹੀਂ ਹੋਏ। ''ਮੈਂ ਨਹੀਂ ਉਹਨੂੰ ਸੁਣਨ ਗਈ,'' ਦ੍ਰਿੜਤਾ ਭਰੇ ਲਹਿਜੇ ਵਿੱਚ ਉਹ ਕਹਿੰਦੀ ਹਨ।

ਤਰਜਮਾ: ਕਮਲਜੀਤ ਕੌਰ

Arshdeep Arshi

عرش دیپ عرشی، چنڈی گڑھ کی ایک آزاد صحافی اور ترجمہ نگار ہیں۔ وہ نیوز ۱۸ پنجاب اور ہندوستان ٹائمز کے ساتھ کام کر چکی ہیں۔ انہوں نے پٹیالہ کی پنجابی یونیورسٹی سے انگریزی ادب میں ایم فل کیا ہے۔

کے ذریعہ دیگر اسٹوریز Arshdeep Arshi
Editor : Vishaka George

وشاکھا جارج، پاری کی سینئر ایڈیٹر ہیں۔ وہ معاش اور ماحولیات سے متعلق امور پر رپورٹنگ کرتی ہیں۔ وشاکھا، پاری کے سوشل میڈیا سے جڑے کاموں کی سربراہ ہیں اور پاری ایجوکیشن ٹیم کی بھی رکن ہیں، جو دیہی علاقوں کے مسائل کو کلاس روم اور نصاب کا حصہ بنانے کے لیے اسکولوں اور کالجوں کے ساتھ مل کر کام کرتی ہے۔

کے ذریعہ دیگر اسٹوریز وشاکا جارج
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur