ਰਜਿਤਾ ਜਦੋਂ ਬੱਚੀ ਸਨ ਤਾਂ ਖਿੜਕੀ ਥਾਣੀਂ ਬਾਹਰ ਝਾਕ ਕੇ ਆਪਣੇ ਪਿਤਾ ਅਤੇ ਦਾਦਾ ਜੀ ਨੂੰ ਜੁਆਨ ਮੁੰਡਿਆਂ ਨੂੰ ਸਿਖਲਾਈ ਦਿੰਦਿਆਂ ਦੇਖਿਆ ਕਰਦੇ। ਉਨ੍ਹਾਂ ਨੂੰ ਹੈਰਾਨੀ ਹੁੰਦੀ ਸੀ ਕਿ ਆਖ਼ਿਰ ਉਹ ਉਨ੍ਹਾਂ ਮੁੰਡਿਆਂ ਨਾਲ਼ ਸਿਖਲਾਈ ਕਿਉਂ ਨਹੀਂ ਲੈ ਸਕਦੇ। ਖ਼ਾਸ ਕਰਕੇ ਕਠਪੁਤਲੀਆਂ ਉਨ੍ਹਾਂ ਛੋਟੀ ਜਿਹੀ ਬੱਚੀ ਦਾ ਧਿਆਨ ਆਪਣੇ ਵੱਲ ਖਿੱਚਿਆ ਕਰਦੀਆਂ ਸਨ। ਉਨ੍ਹਾਂ ਦੇ ਕੰਨਾਂ ਨੂੰ ਛੰਦਾਂ ਦੀ ਵਿਲੱਖਣ ਤਾਲ ਬੜੀ ਪਿਆਰੀ ਲੱਗਿਆ ਕਰਦੀ।
"ਮੇਰੇ ਦਾਦਾ ਜੀ ਨੇ ਕਠਪੁਤਲੀਆਂ ਪ੍ਰਤੀ ਮੇਰਾ ਲਗਾਅ ਸਭ ਤੋਂ ਪਹਿਲਾਂ ਭਾਂਪਿਆ," 33 ਸਾਲਾ ਰਜਿਤਾ ਕਹਿੰਦੇ ਹਨ,''ਤੇ ਉਨ੍ਹਾਂ ਮੈਨੂੰ ਛੰਦ ਸਿਖਾਉਣ ਦਾ ਫ਼ੈਸਲਾ ਕੀਤਾ।''
ਰਜਿਤਾ ਪੁਲਵਰ, ਸ਼ੋਰਨੂਰ ਵਿਖੇ ਪੈਂਦੇ ਪਰਿਵਾਰਕ ਸਟੂਡਿਓ ਵਿੱਚ ਇੱਕ ਲੱਕੜ ਦੇ ਬੈਂਚ 'ਤੇ ਬੈਠੇ ਇੱਕ ਤੋਲਪਾਵਕੂਤੂ ਕਠਪੁਤਲੀ ਦੇ ਚਿਹਰੇ ਦੇ ਹਾਵ-ਭਾਵ ਤਰਾਸ਼ ਰਹੇ ਹਨ। ਉਨ੍ਹਾਂ ਦੇ ਸਾਹਮਣੇ ਮੇਜ਼ 'ਤੇ ਸੁੰਬੇ, ਛੈਣੀਆਂ ਅਤੇ ਹਥੌੜੇ ਵਰਗੇ ਸੰਦ ਪਏ ਹੋਏ ਹਨ।
ਦੁਪਹਿਰ ਦਾ ਸਮਾਂ ਹੈ ਤੇ ਸਟੂਡਿਓ ਵਿੱਚ ਚੁੱਪ ਛਾਈ ਹੋਈ ਹੈ। ਜਿਸ ਸ਼ੈੱਡ ਵਿੱਚ ਕਠਪੁਤਲੀਆਂ ਬਣਾਈਆਂ ਜਾਂਦੀਆਂ ਹਨ ਉੱਥੇ ਰਜਿਤਾ ਕੋਲ਼ ਚੱਲਦੇ ਪੱਖੇ ਤੋਂ ਬਗ਼ੈਰ ਹੋਰ ਕੋਈ ਅਵਾਜ਼ ਨਹੀਂ ਹੈ। ਬਾਹਰ ਇੱਕ ਖੁੱਲ੍ਹੀ ਛੱਤ 'ਤੇ ਪਸ਼ੂਆਂ ਦੀਆਂ ਖੱਲਾਂ ਸੁੱਕਣੇ ਪਾਈਆਂ ਹੋਈਆਂ ਹਨ। ਜਦੋਂ ਖੱਲਾਂ ਚੰਗੀ ਤਰ੍ਹਾਂ ਸੁੱਕ ਜਾਣਗੀਆਂ ਤਾਂ ਇਨ੍ਹਾਂ ਤੋਂ ਕਠਪੁਤਲੀਆਂ ਬਣਾਈਆਂ ਜਾਣਗੀਆਂ।
"ਇਹੀ ਉਹ ਕਠਪੁਤਲੀਆਂ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਧੁਨਿਕ ਥੀਮਾਂ 'ਤੇ ਅਧਾਰਤ ਸ਼ੋਅ ਲਈ ਕਰਨ ਵਾਲ਼ੇ ਹਾਂ," ਰਜਿਤਾ ਨੇ ਇੱਕ ਕਠਪੁਤਲੀ ਵੱਲ ਇਸ਼ਾਰਾ ਕਰਦਿਆਂ ਕਿਹਾ ਜਿਸ 'ਤੇ ਉਹ ਕੰਮ ਕਰ ਰਹੇ ਸਨ। ਤੋਲਪਾਵਕੂਤੁ ਕਠਪੁਤਲੀਆਂ ਦੀ ਖੇਡ ਭਾਰਤ ਦੇ ਮਾਲਾਬਾਰ ਇਲਾਕੇ ਦੀ ਇੱਕ ਰਵਾਇਤੀ ਕਲਾ ਰੂਪ ਹੈ, ਜੋ ਅਸਲ ਵਿੱਚ ਦੇਵੀ ਭਦਰਕਾਲੀ ਦੇ ਸਾਲਾਨਾ ਤਿਉਹਾਰ ਦੌਰਾਨ ਮੰਦਰ ਦੇ ਅਹਾਤੇ ਵਿੱਚ ਪੇਸ਼ ਕੀਤੀ ਜਾਂਦੀ ਹੈ।
ਰਜਿਤਾ ਦੇ ਦਾਦਾ ਕ੍ਰਿਸ਼ਣਨਕੁੱਟੀ ਪੁਲਵਾਰ ਨੇ ਇਸ ਕਲਾ ਨੂੰ ਆਧੁਨਿਕ ਰੂਪ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਇਸ ਕਲਾ ਨੂੰ ਮੰਦਰ ਦੀਆਂ ਸੀਮਾਵਾਂ ਤੋਂ ਬਾਹਰ ਲਿਆਂਦਾ ਅਤੇ ਰਾਮਾਇਣ ਦੀਆਂ ਕਹਾਣੀਆਂ ਤੋਂ ਪਰ੍ਹੇ ਇਸਦੀ ਇੱਕ ਅੱਡ ਹੀ ਕਹਾਣੀ ਦਾ ਵਿਸਥਾਰ ਕੀਤਾ। ਕਥਾ ਦੇ ਸੰਦਰਭ ਵਿੱਚ, ਰਾਮਾਇਣ ਮੂਲ ਸਰੋਤ ਸੀ। (ਪੜ੍ਹੋ: ਨਵੀਨਤਾ ਦੀਆਂ ਬਰੂਹਾਂ 'ਤੇ ਕੇਰਲ ਦੇ ਕਠਪੁਤਲੀ ਕਲਾਕਾਰ )।
ਉਨ੍ਹਾਂ ਦੀ ਪੋਤੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਕਠਪੁਤਲੀ ਮੰਡਲੀ ਵਿੱਚ ਸ਼ਾਮਲ ਹੋਣ ਵਾਲ਼ੀ ਪਹਿਲੀ ਔਰਤ ਕਲਾਕਾਰ ਵਜੋਂ ਉੱਭਰੀ। ਉਨ੍ਹਾਂ ਨੇ 2021 ਵਿੱਚ ਆਪਣੀ ਖੁਦ ਦੀ ਮਹਿਲਾ ਮੰਡਲੀ ਦੀ ਸਥਾਪਨਾ ਵੀ ਕੀਤੀ, ਜੋ ਤੋਲਪਾਵਕੂਤੂ ਕਲਾ ਦੀ ਦੁਨੀਆ ਦੀ ਪਹਿਲੀ ਮਹਿਲਾ ਮੰਡਲੀ ਹੈ।
ਹਾਲਾਂਕਿ, ਇੱਥੋਂ ਤੱਕ ਪਹੁੰਚਣ ਦੀ ਯਾਤਰਾ ਖਾਸੀ ਲੰਬੀ ਰਹੀ।
ਤਾਲਬੱਧ ਕਵਿਤਾਵਾਂ ਵਿੱਚ ਸਿਖਲਾਈ ਪ੍ਰਾਪਤ ਕਰਨਾ ਇੱਕ ਚੁਣੌਤੀਪੂਰਨ ਕੰਮ ਸੀ, ਜਿਵੇਂ ਕਿ ਉਹ ਤਮਿਲ ਵਿੱਚ ਸਨ। ਮਲਿਆਲਮ ਬੋਲਣ ਵਾਲ਼ੀ ਰਜਿਤਾ ਨੂੰ ਇਹ ਭਾਸ਼ਾ ਨਹੀਂ ਆਉਂਦੀ ਸੀ। ਪਰ ਉਨ੍ਹਾਂ ਦੇ ਪਿਤਾ ਅਤੇ ਦਾਦਾ ਨੇ ਸਬਰ ਤੋਂ ਕੰਮ ਲਿਆ ਅਤੇ ਰਜਿਤਾ ਨੂੰ ਛੰਦਾਂ ਦੇ ਅਰਥ ਅਤੇ ਉਚਾਰਨ ਨੂੰ ਸਮਝਣ ਵਿੱਚ ਮਦਦ ਕੀਤਾ: "ਮੇਰੇ ਦਾਦਾ ਜੀ ਨੇ ਸ਼ੁਰੂਆਤ ਤਮਿਲ ਵਰਣਮਾਲਾ ਪੜ੍ਹਾਉਣ ਤੋਂ ਕੀਤੀ ਅਤੇ ਫਿਰ ਹੌਲ਼ੀ-ਹੌਲ਼ੀ ਛੰਦਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ।''
ਰਜਿਤਾ ਅੱਗੇ ਕਹਿੰਦੇ ਹਨ, "ਉਨ੍ਹਾਂ ਨੇ ਅਜਿਹੇ ਛੰਦਾਂ ਦੀ ਚੋਣ ਕੀਤੀ ਜੋ ਸਾਡੇ ਬੱਚਿਆਂ ਲਈ ਬਹੁਤ ਦਿਲਚਸਪ ਸਨ।''ਆਪਣੇ ਦਾਦਾ ਜੀ ਤੋਂ ਜੋ ਉਨ੍ਹਾਂ ਨੇ ਪਹਿਲਾ ਛੰਦ ਸਿੱਖਿਆ ਉਹਦਾ ਸਬੰਧ ਰਾਮਾਇਣ ਦੇ ਉਨ੍ਹਾਂ ਦ੍ਰਿਸ਼ ਨਾਲ਼ ਸੀ ਜਦੋਂ ਹਨੂੰਮਾਨ ਨੇ ਰਾਵਣ ਨੂੰ ਚੁਣੌਤੀ ਦਿੱਤੀ ਸੀ:
''ਅਡ ਤਡਾਤੂ ਚੇਯਤਾ ਨੀ
ਅੰਤ ਨਾਦਨ ਦੇਵਿਏ
ਵਿਦਾ ਤਡਾਤ ਪੋਮੇਡਾ
ਜਲਤਿ ਚੂਲਿ ਲੰਗਏ
ਵੀਨਦਾਤੁ ਪੋਕੁਮੋ
ਏਡਾ ਪੋਡਾ ਈ ਰਾਵਣਾ''
ਹੇ ਰਾਵਣ,
ਤੂੰ ਜੋ ਮਾੜੇ ਕਰਮ ਪਿਆ
ਕਰਦਾ ਏਂ
ਤੇ ਤੂੰ ਧਰਤੀ ਦੀ ਧੀ ਨੂੰ
ਜੋ ਬੰਦੀ ਬਣਾਇਆ ਏ
ਮੈਂ ਤੇਰੀ ਪੂਰੀ ਲੰਕਾ ਆਪਣੀ
ਪੂਛ ਨਾਲ਼ ਸਾੜ ਸੁਆਹ ਕਰਾਂਗਾ
ਸਾਵਧਾਨ ਹੋ ਜਾ, ਰਾਵਣ!
ਪਰਿਵਾਰ ਦੇ ਮੁੰਡਿਆਂ ਨੇ ਰਜਿਤਾ ਦਾ ਬਹੁਤ ਨਿੱਘਾ ਸਵਾਗਤ ਕੀਤਾ। ਖਾਸ ਤੌਰ 'ਤੇ ਉਨ੍ਹਾਂ ਦੇ ਭਰਾ ਰਾਜੀਵ ਨੇ ਉਨ੍ਹਾਂ ਨੂੰ ਬਹੁਤ ਪ੍ਰੇਰਿਤ ਕੀਤਾ। "ਉਨ੍ਹਾਂ ਨੇ ਹੀ ਮੈਨੂੰ ਇੱਕ ਅਜਿਹੀ ਮੰਡਲੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਿਸ ਵਿੱਚ ਸਾਰੀਆਂ ਔਰਤਾਂ ਹੋਣ," ਰਜਿਤਾ ਕਹਿੰਦੇ ਹਨ।
ਅਤੀਤ ਵਿੱਚ ਮੰਦਰਾਂ ਵਿੱਚ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਨਾ ਔਰਤਾਂ ਲਈ ਵਰਜਿਤ ਸੀ ਅਤੇ ਅੱਜ ਵੀ ਕੁਝ ਹੱਦ ਤੱਕ ਅਜਿਹਾ ਹੀ ਹੈ, ਇਸ ਲਈ ਜਦੋਂ ਰਜਿਤਾ ਸਿੱਖ ਕੇ ਤਿਆਰ ਹੋਏ ਤਾਂ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਪਰਿਵਾਰਕ ਮੰਡਲੀ ਨਾਲ਼ ਹੀ ਆਧੁਨਿਕ ਰੰਗਮੰਚ ਲਈ ਕੰਮ ਕਰਨ ਦੀ ਸ਼ੁਰੂਆਤ ਕੀਤੀ। ਪਰ ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਨੇ ਮਗਰ ਰਹਿਣਾ ਹੀ ਚੁਣਿਆ।
"ਮੈਂ ਸੀਤਾ (ਰਾਮਾਇਣ ਦੇ ਆਧੁਨਿਕ ਸੰਸਕਰਣ ਵਿੱਚ) ਵਰਗੀਆਂ ਔਰਤ ਕਿਰਦਾਰਾਂ ਲਈ ਸੰਵਾਦ ਦਿੰਦੀ ਸੀ, ਪਰ ਮੇਰੇ ਅੰਦਰ ਇੰਨਾ ਆਤਮਵਿਸ਼ਵਾਸ ਨਹੀਂ ਸੀ ਕਿ ਮੈਂ ਕਠਪੁਤਲੀ ਨੂੰ ਚਲਾ ਸਕਾਂ ਜਾਂ ਦਰਸ਼ਕਾਂ ਨੂੰ ਸੰਬੋਧਿਤ ਕਰ ਸਕਾਂ।'' ਪਰ ਪਿਤਾ ਵੱਲੋਂ ਸੰਚਾਲਤ ਬੱਚਿਆਂ ਦੀਆਂ ਵਰਕਸ਼ਾਪ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਅੰਦਰ ਆਤਮਵਿਸ਼ਵਾਸ ਪਣਪਣ ਲੱਗਿਆ। "ਵਰਕਸ਼ਾਪ ਦੌਰਾਨ, ਮੈਨੂੰ ਬਹੁਤ ਸਾਰੇ ਲੋਕਾਂ ਨਾਲ਼ ਗੱਲਬਾਤ ਕਰਨੀ ਪਈ। ਮੈਂ ਭੀੜ ਦਾ ਸਾਹਮਣਾ ਕਰਨ ਵਿੱਚ ਵਧੇਰੇ ਵਿਸ਼ਵਾਸ ਮਹਿਸੂਸ ਕੀਤਾ।''
ਰਜਿਤਾ ਨੇ ਕਠਪੁਤਲੀ ਬਣਾਉਣ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੈ। "ਮੈਂ ਕਾਗ਼ਜ਼ ਦੀ ਕਠਪੁਤਲੀ ਤੋਂ ਸ਼ੁਰੂਆਤ ਕੀਤੀ, ਮੇਰੇ ਮਾਪਿਆਂ ਅਤੇ ਮੇਰੇ ਭਰਾ ਨੇ ਮੈਨੂੰ ਇਹ ਕਲਾ ਸਿਖਾਈ," ਉਹ ਕਹਿੰਦੇ ਹਨ। "ਹੌਲ਼ੀ-ਹੌਲ਼ੀ, ਮੈਂ ਚਮੜੇ ਦੇ ਅਕਾਰ ਬਣਾਉਣਾ ਅਤੇ ਰੰਗਣਾ ਸਿੱਖ ਲਿਆ ਤਾਂ ਜੋ ਕਠਪੁਤਲੀ ਵਿੱਚ ਨਵੀਂ ਜਾਨ ਫੂਕੀ ਜਾ ਸਕੇ।" ਜਿੱਥੇ ਰਮਾਇਣ ਦੀਆਂ ਕਠਪੁਤਲੀਆਂ ਵਿੱਚ ਇਹ ਹਾਵ-ਭਾਵ ਅਤਿਕਥਨੀ ਹੁੰਦੇ ਹਨ, ਓਧਰ ਹੀ ਆਧੁਨਿਕ ਪੇਸ਼ਕਾਰੀਆਂ ਵਿੱਚ ਇਹ ਹਾਵ-ਭਾਵ ਹਕੀਕੀ ਹੁੰਦੇ ਹਨ। ''ਇੱਥੋਂ ਤੱਕ ਕਿ ਪਹਿਰਾਵੇ ਵੀ ਔਰਤ ਦੇ ਕਿਰਦਾਰ ਦੀ ਉਮਰ ਦੇ ਅਧਾਰ 'ਤੇ ਬਦਲਦੇ ਹਨ - ਜੇ ਉਹ ਅੱਧਖੜ ਹੈ, ਤਾਂ ਕਠਪੁਤਲੀ ਦਾ ਪਹਿਰਾਵਾ ਸਾੜੀ ਹੁੰਦਾ ਹੈ, ਜੇ ਉਹ ਜਵਾਨ ਹੈ, ਤਾਂ ਉਹ ਟਾਪ ਅਤੇ ਜੀਨਸ ਪਹਿਨ ਸਕਦੀ ਹੈ,'' ਰਜਿਤਾ ਸਮਝਾਉਣ ਦੇ ਲਹਿਜੇ ਵਿੱਚ ਕਹਿੰਦੇ ਹਨ।
ਇਹ ਸਿਰਫ਼ ਪਰਿਵਾਰ ਦੇ ਮਰਦ ਹੀ ਨਹੀਂ ਸਨ ਜਿਨ੍ਹਾਂ ਨੇ ਰਜਿਤਾ ਦਾ ਸਮਰਥਨ ਕੀਤਾ ਜਾਂ ਉਤਸ਼ਾਹਤ ਕੀਤਾ, ਬਲਕਿ ਉਨ੍ਹਾਂ ਦੀ ਮਾਂ ਰਾਜਲਕਸ਼ਮੀ ਨੇ ਵੀ ਇਸ ਕੰਮ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਤੋਲਪਾਵਕੂਤੂ ਦੀ ਦੁਨੀਆ ਤੋਂ ਲਿੰਗ ਭੇਦਭਾਵ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਚੁੱਕਦਿਆਂ, ਇਹ ਰਾਜਲਕਸ਼ਮੀ ਹੀ ਸਨ ਜਿਨ੍ਹਾਂ ਨੇ ਰਜਿਤਾ ਨੂੰ ਆਪਣੇ ਦਾਦਾ ਦੀ ਕਲਾਸ ਵਿੱਚ ਸ਼ਾਮਲ ਕਰਨ ਦੀ ਪਹਿਲ ਕੀਤੀ।
1986 ਵਿੱਚ ਰਜਿਤਾ ਦੇ ਪਿਤਾ ਰਾਮਚੰਦਰ ਨਾਲ਼ ਵਿਆਹ ਤੋਂ ਬਾਅਦ, ਰਾਜਲਕਸ਼ਮੀ ਨੇ ਕਠਪੁਤਲੀ ਬਣਾਉਣ ਦੇ ਕੰਮ ਵਿੱਚ ਪਰਿਵਾਰ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਉਨ੍ਹਾਂ ਨੂੰ ਕਦੇ ਵੀ ਪ੍ਰਦਰਸ਼ਨ ਜਾਂ ਸੰਵਾਦ ਦੇ ਕੰਮ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ। "ਜਦੋਂ ਮੈਂ ਰਜਿਤਾ ਦੀ ਇਸ ਯਾਤਰਾ ਨੂੰ ਦੇਖਦੀ ਹਾਂ, ਤਾਂ ਮੈਂ ਡੂੰਘੀ ਸੰਤੁਸ਼ਟੀ ਨਾਲ਼ ਭਰ ਜਾਂਦੀ ਹਾਂ। ਮੇਰੀ ਧੀ ਨੇ ਉਹ ਸਭ ਕੁਝ ਕੀਤਾ ਜੋ ਮੈਂ ਆਪਣੀ ਜਵਾਨੀ ਵਿੱਚ ਕਰਨਾ ਚਾਹੁੰਦੀ ਸੀ," ਰਾਜਲਕਸ਼ਮੀ ਕਹਿੰਦੀ ਹਨ।
*****
ਆਪਣੀ ਮੰਡਲੀ- ਪੇਨ ਪਾਵਕੂਤੂ ਦੀ ਸਥਾਪਨਾ ਤੋਂ ਬਾਅਦ ਰਜਿਤਾ ਨੇ ਜੋ ਸਭ ਤੋਂ ਪਹਿਲਾਂ ਕੰਮ ਕਰਨ ਦਾ ਹੀਆ ਕੀਤਾ ਉਹ ਸੀ ਆਪਣੀ ਮਾਂ ਅਤੇ ਭਾਬੀ ਅਸਵਤੀ ਨੂੰ ਮੰਡਲੀ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣਾ।
ਸ਼ੁਰੂ ਵਿੱਚ, ਅਸਵਤੀ ਨੂੰ ਕਲਾ ਵਿੱਚ ਕੋਈ ਦਿਲਚਸਪੀ ਨਹੀਂ ਸੀ ਅਤੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਕਦੇ ਕਠਪੁਤਲੀ ਪੇਸ਼ਕਾਰ ਬਣਨਗੇ। ਪਰ ਵਿਆਹ ਤੋਂ ਬਾਅਦ ਕਠਪੁਤਲੀ ਕਲਾਕਾਰਾਂ ਅਤੇ ਇਸ ਨੂੰ ਪੇਸ਼ ਕਰਨ ਵਾਲ਼ਿਆਂ ਦੇ ਪਰਿਵਾਰ ਵਿੱਚ ਰਹਿੰਦਿਆਂ, "ਮੈਂ ਹੌਲ਼ੀ-ਹੌਲ਼ੀ ਕਲਾ ਵਿੱਚ ਦਿਲਚਸਪੀ ਲੈਣ ਲੱਗੀ।'' ਪਰ ਆਪਣੇ ਪਤੀ ਰਾਜੀਵ ਅਤੇ ਉਨ੍ਹਾਂ ਦੀ ਮੰਡਲੀ ਦੁਆਰਾ ਆਧੁਨਿਕ ਕਠਪੁਤਲੀ ਪ੍ਰਦਰਸ਼ਨ ਵੇਖਣ ਤੋਂ ਬਾਅਦ, ਉਨ੍ਹਾਂ ਨੇ ਕਲਾ ਵਿੱਚ ਦਿਲਚਸਪੀ ਵਿਕਸਿਤ ਕੀਤੀ ਅਤੇ ਰਜਿਤਾ ਦੀ ਮੰਡਲੀ ਵਿੱਚ ਸ਼ਾਮਲ ਹੋ ਗਏ ਅਤੇ ਕਲਾ ਸਿੱਖੀ।
ਸਾਲਾਂ ਦੌਰਾਨ, ਰਾਮਚੰਦਰ ਨੇ ਆਪਣੀ ਮੰਡਲੀ ਵਿੱਚ ਕੁਝ ਹੋਰ ਔਰਤਾਂ ਨੂੰ ਸ਼ਾਮਲ ਕੀਤਾ ਅਤੇ ਇਸ ਨੇ ਰਜਿਤਾ ਨੂੰ ਗੁਆਂਢ ਦੀਆਂ ਔਰਤਾਂ ਦਾ ਇੱਕ ਸੁਤੰਤਰ ਮੰਡਲੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਪਹਿਲੀ ਮੰਡਲੀ ਵਿੱਚ ਅੱਠ ਮੈਂਬਰ ਸਨ - ਨਿਵੇਦਿਤਾ, ਨਿਤਿਆ, ਸੰਧਿਆ, ਸ਼੍ਰੀਨੰਦਾ, ਦੀਪਾ, ਰਾਜਲਕਸ਼ਮੀ ਅਤੇ ਅਸ਼ਵਤੀ।
"ਅਸੀਂ ਆਪਣੇ ਪਿਤਾ ਦੀ ਅਗਵਾਈ ਹੇਠ ਸਿਖਲਾਈ ਸੈਸ਼ਨ ਸ਼ੁਰੂ ਕੀਤੇ। ਕਿਉਂਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਜਾਂਦੇ ਸਨ, ਅਸੀਂ ਉਨ੍ਹਾਂ ਦੀਆਂ ਛੁੱਟੀਆਂ ਜਾਂ ਵਿਹਲੇ ਸਮੇਂ ਦੇ ਅਨੁਸਾਰ ਸਿਖਲਾਈ ਸੈਸ਼ਨਾਂ ਦੇ ਅਯੋਜਨ ਕੀਤੇ। ਹਾਲਾਂਕਿ ਇੱਕ ਪਰੰਪਰਾ ਹੈ ਕਿ ਔਰਤਾਂ ਕਠਪੁਤਲੀ ਦਾ ਤਮਾਸ਼ਾ ਪੇਸ਼ ਨਹੀਂ ਕਰ ਸਕਦੀਆਂ, ਪਰ ਉਨ੍ਹਾਂ ਨੂੰ ਪਰਿਵਾਰ ਤੋਂ ਬਹੁਤ ਸਮਰਥਨ ਮਿਲਿਆ," ਰਜਿਤਾ ਕਹਿੰਦੇ ਹਨ।
ਔਰਤਾਂ ਅਤੇ ਕੁੜੀਆਂ ਨੇ ਇਕੱਠੇ ਪ੍ਰਦਰਸ਼ਨ ਕਰਦਿਆਂ ਇੱਕ ਮਜ਼ਬੂਤ ਬੰਧਨ ਵਿਕਸਿਤ ਕੀਤਾ ਹੈ। "ਅਸੀਂ ਇੱਕ ਪਰਿਵਾਰ ਵਾਂਗ ਹਾਂ," ਰਜਿਤਾ ਕਹਿੰਦੇ ਹਨ, "ਅਸੀਂ ਜਨਮਦਿਨ ਅਤੇ ਹੋਰ ਪਰਿਵਾਰਕ ਤਿਉਹਾਰ ਇਕੱਠੇ ਮਨਾਉਂਦੇ ਹਾਂ।''
ਉਨ੍ਹਾਂ ਦੀ ਪਹਿਲੀ ਪੇਸ਼ਕਾਰੀ 25 ਦਸੰਬਰ, 2021 ਨੂੰ ਹੋਈ ਸੀ। "ਅਸੀਂ ਸਖ਼ਤ ਸਿਖਲਾਈ ਲਈ ਸੀ ਅਤੇ ਲੰਬੇ ਸਮੇਂ ਤੋਂ ਅਭਿਆਸ ਕੀਤਾ ਸੀ," ਰਜਿਤਾ ਕਹਿੰਦੇ ਹਨ। ਇਹ ਪਹਿਲੀ ਵਾਰ ਸੀ ਜਦੋਂ ਇੱਕ ਮੰਡਲੀ ਜਿਸ ਵਿੱਚ ਸਾਰੀਆਂ ਔਰਤਾਂ ਸਨ, ਤੋਲਪਾਵਕੂਤੂ ਕਠਪੁਤਲੀ ਪੇਸ਼ ਕਰਨ ਜਾ ਰਹੀ ਸੀ। ਪ੍ਰਦਰਸ਼ਨ ਦਾ ਸਥਾਨ ਪਲੱਕੜ ਦਾ ਇੱਕ ਆਡੀਟੋਰੀਅਮ ਸੀ ਜਿੱਥੇ ਕੇਰਲ ਸਰਕਾਰ ਦਾ 'ਸਮਮ' ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।
ਸਰਦੀਆਂ ਦਾ ਮੌਸਮ ਸੀ, ਪਰ ਤੇਲ ਨਾਲ਼ ਬਲ਼ਣ ਵਾਲ਼ੇ ਦੀਵੇ ਤੋਂ ਨਿਕਲ਼ਦੇ ਸੇਕ ਨੇ ਕਲਾਕਾਰਾਂ ਲਈ ਮੁਸ਼ਕਲ ਵਧਾ ਦਿੱਤੀ। ਰਜਿਤਾ ਕਹਿੰਦੇ ਹਨ, "ਸਾਡੇ ਵਿੱਚੋਂ ਕੁਝ ਲੋਕਾਂ ਦੇ ਸਰੀਰ 'ਤੇ ਛਾਲੇ ਪੈ ਗਏ, ਪਰਦੇ ਦੇ ਪਿੱਛੇ ਬਹੁਤ ਗਰਮੀ ਸੀ," ਪਰ ਉਹ ਕਹਿੰਦੇ ਹੈ ਕਿ ਉਨ੍ਹਾਂ ਦੀ ਇੱਛਾ ਸ਼ਕਤੀ ਮਜ਼ਬੂਤ ਸੀ, "ਅਤੇ ਸਾਡਾ ਸ਼ੋਅ ਸਫ਼ਲ ਸਾਬਤ ਹੋਇਆ।''
ਸਮਮ ਸਮਾਗਮ, ਜਿਸਦਾ ਮਲਿਆਲਮ ਵਿੱਚ ਮਤਲਬ 'ਬਰਾਬਰ' ਹੈ, ਹੋਣਹਾਰ ਮਹਿਲਾ ਕਲਾਕਾਰਾਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ, ਅਤੇ ਪਲੱਕੜ ਵਿੱਚ ਮਹਿਲਾ ਅਤੇ ਬਾਲ ਭਲਾਈ ਵਿਭਾਗ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਰਜਿਤਾ ਦੀ ਮੰਡਲੀ ਦੀ ਪੇਸ਼ਕਾਰੀ ਵਿੱਚ ਸਿੱਖਿਆ, ਰੁਜ਼ਗਾਰ ਅਤੇ ਪਰਿਵਾਰਕ ਜੀਵਨ ਦੇ ਖੇਤਰ ਵਿੱਚ ਔਰਤਾਂ ਦੇ ਸੰਘਰਸ਼ਾਂ ਦੇ ਨਾਲ਼-ਨਾਲ਼ ਉਨ੍ਹਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਨੂੰ ਉਜਾਗਰ ਕੀਤਾ ਗਿਆ।
"ਅਸੀਂ ਇਨ੍ਹਾਂ ਅਸਮਾਨਤਾਵਾਂ ਨਾਲ਼ ਲੜਨ ਲਈ ਆਪਣੀ ਕਲਾ ਨੂੰ ਹਥਿਆਰ ਬਣਾਉਂਦੇ ਹਾਂ। ਕਠਪੁਤਲੀ ਦੇ ਪਰਛਾਵੇਂ ਸਾਡੇ ਸੰਘਰਸ਼ਾਂ ਨੂੰ ਦਰਸਾਉਂਦੇ ਹਨ," ਰਜਿਤਾ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਮਾਜ ਦੀਆਂ ਭਖਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਵੇਂ ਵਿਚਾਰ ਅਤੇ ਥੀਮ ਲਿਆਉਣਾ ਚਾਹੁੰਦੇ ਹਾਂ। ਅਸੀਂ ਰਾਮਾਇਣ ਦੀ ਕਹਾਣੀ ਨੂੰ ਔਰਤਾਂ ਦੇ ਨਜ਼ਰੀਏ ਤੋਂ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ।''
ਆਪਣੀ ਮੰਡਲੀ ਸ਼ੁਰੂ ਕਰਨ ਤੋਂ ਬਾਅਦ, ਰਜਿਤਾ ਨੇ ਕਠਪੁਤਲੀ ਸੰਭਾਲਣ ਤੋਂ ਇਲਾਵਾ ਹੋਰ ਹੁਨਰ ਸਿੱਖਣੇ ਸ਼ੁਰੂ ਕਰ ਦਿੱਤੇ। ਉਹ ਪੇਸ਼ਕਾਰੀ ਨਾਲ਼ ਜੁੜੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਜਿਵੇਂ ਕਿ ਸਕ੍ਰੀਨਪਲੇਅ 'ਤੇ ਕੰਮ ਕਰਨਾ, ਆਵਾਜ਼ ਅਤੇ ਸੰਗੀਤ ਰਿਕਾਰਡ ਕਰਨਾ, ਕਠਪੁਤਲੀ ਬਣਾਉਣਾ, ਕਠਪੁਤਲੀ ਦੀ ਕਲਾ ਦਿਖਾਉਣਾ ਅਤੇ ਮੰਡਲੀ ਦੇ ਮੈਂਬਰਾਂ ਨੂੰ ਸਿਖਲਾਈ ਦੇਣਾ। "ਸਾਨੂੰ ਸਾਰੀਆਂ ਪ੍ਰੋਡਕਸ਼ਨਾਂ ਤੋਂ ਪਹਿਲਾਂ ਸਖਤ ਮਿਹਨਤ ਕਰਨੀ ਪਈ। ਉਦਾਹਰਣ ਵਜੋਂ, ਮਹਿਲਾ ਸਸ਼ਕਤੀਕਰਨ ਨਾਲ਼ ਜੁੜੇ ਵਿਸ਼ੇ 'ਤੇ ਇੱਕ ਪੇਸ਼ਕਾਰੀ ਦੇਣ ਲਈ, ਮੈਂ ਔਰਤਾਂ ਲਈ ਉਪਲਬਧ ਮੌਕਿਆਂ ਅਤੇ ਯੋਜਨਾਵਾਂ ਬਾਰੇ ਅੰਕੜੇ ਇਕੱਠੇ ਕਰਨ ਲਈ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਗਈ। ਉਸ ਤੋਂ ਬਾਅਦ ਮੈਂ ਸਕ੍ਰਿਪਟ ਅਤੇ ਸੰਗੀਤ 'ਤੇ ਕੰਮ ਕੀਤਾ। ਇੱਕ ਵਾਰ ਰਿਕਾਰਡਿੰਗ ਖਤਮ ਹੋਣ ਤੋਂ ਬਾਅਦ, ਅਸੀਂ ਕਠਪੁਤਲੀ ਬਣਾਉਣਾ ਅਤੇ ਪ੍ਰਦਰਸ਼ਨ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਇੱਥੇ, ਮੰਡਲੀ ਦੇ ਹਰੇਕ ਮੈਂਬਰ ਨੂੰ ਆਪਣੀ ਰਾਏ ਰੱਖਣ, ਕਠਪੁਤਲੀ ਨੂੰ ਆਕਾਰ ਦੇਣ ਅਤੇ ਸਟੇਜ ਦੀਆਂ ਗਤੀਵਿਧੀਆਂ 'ਤੇ ਕੰਮ ਕਰਨ ਦਾ ਅਧਿਕਾਰ ਹੈ।''
ਹੁਣ ਤੱਕ, ਉਨ੍ਹਾਂ ਦੀ ਮੰਡਲੀ ਨੇ 40 ਤੋਂ ਵੱਧ ਪ੍ਰਦਰਸ਼ਨ ਕੀਤੇ ਹਨ। ਇਸ ਮੰਡਲੀ ਦੇ ਹੁਣ 15 ਮੈਂਬਰ ਹਨ, ਜੋ ਉਨ੍ਹਾਂ ਦੀ ਮੂਲ਼ ਸੰਸਥਾ ਕ੍ਰਿਸ਼ਣਨਕੁੱਟੀ ਮੈਮੋਰੀਅਲ ਤੋਲਪਾਵਾਕੂਤੂ ਕਲਾਕੇਂਦਰਮ ਨਾਲ਼ ਡੂੰਘੇ ਤੌਰ 'ਤੇ ਜੁੜੇ ਹੋਏ ਹਨ। ਸਾਲ 2020 ਵਿੱਚ, ਰਜਿਤਾ ਨੂੰ ਕੇਰਲ ਫੋਕਲੋਰ ਅਕੈਡਮੀ ਦੁਆਰਾ ਯੰਗ ਟੈਲੈਂਟ ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਸੀ।
"ਸ਼ੁਰੂ ਵਿੱਚ, ਔਰਤਾਂ ਦੀ ਮੰਡਲੀ ਨੂੰ ਪੁਰਸ਼ ਅਦਾਕਾਰਾਂ ਦੇ ਬਰਾਬਰ ਸਨਮਾਨ ਭੁਗਤਾਨ ਨਹੀਂ ਦਿੱਤਾ ਜਾਂਦਾ ਸੀ। ਪਰ ਹੌਲ਼ੀ-ਹੌਲ਼ੀ ਸਥਿਤੀ ਬਦਲ ਗਈ। "ਬਹੁਤ ਸਾਰੀਆਂ ਸੰਸਥਾਵਾਂ, ਖਾਸ ਕਰਕੇ ਸਰਕਾਰੀ ਸੰਸਥਾਵਾਂ, ਸਾਨੂੰ ਬਰਾਬਰੀ ਦਾ ਦਰਜਾ ਦਿੰਦੀਆਂ ਹਨ ਅਤੇ ਸਾਨੂੰ ਮਰਦ ਅਦਾਕਾਰਾਂ ਦੇ ਬਰਾਬਰ ਤਨਖਾਹ ਦਿੰਦੀਆਂ ਹਨ," ਉਹ ਕਹਿੰਦੇ ਹਨ।
ਉਨ੍ਹਾਂ ਲਈ ਇੱਕ ਮਹੱਤਵਪੂਰਣ ਪਲ ਉਹ ਸੀ ਜਦੋਂ ਉਨ੍ਹਾਂ ਨੂੰ ਇੱਕ ਮੰਦਰ ਵਿੱਚ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਗਿਆ ਸੀ। "ਹਾਲਾਂਕਿ ਇਹ ਕੋਈ ਰਵਾਇਤੀ ਪ੍ਰਦਰਸ਼ਨ ਨਾ ਹੋਣ ਦੇ ਬਾਵਜੂਦ ਵੀ ਸਾਨੂੰ ਇੱਕ ਮੰਦਰ ਦੁਆਰਾ ਬੁਲਾਏ ਜਾਣ ਤੋਂ ਅਸੀਂ ਖੁਸ਼ ਹਾਂ," ਰਜਿਤਾ ਕਹਿੰਦੇ ਹਨ। ਵਰਤਮਾਨ ਵਿੱਚ, ਉਹ ਰਾਮਾਇਣ ਦੇ ਤਮਿਲ ਸੰਸਕਰਣ ਕੰਬ ਰਾਮਾਇਣ ਦੇ ਛੰਦ ਸਿੱਖਣ ਵਿੱਚ ਰੁੱਝੇ ਹੋਏ ਹਨ। ਇਹ ਛੰਦ ਤੋਲਪਾਵਕੂਤੂ ਦੀ ਰਵਾਇਤੀ ਸ਼ੈਲੀ ਵਿੱਚ ਗਾਏ ਜਾਂਦੇ ਹਨ। ਖੁਦ ਸਿੱਖਣ ਤੋਂ ਬਾਅਦ, ਉਹ ਆਪਣੀ ਮੰਡਲੀ ਦੇ ਮੈਂਬਰਾਂ ਨੂੰ ਇਹ ਛੰਦ ਸਿਖਾਉਣਗੇ। ਰਜਿਤਾ ਨੂੰ ਭਵਿੱਖ ਬਾਰੇ ਵੀ ਭਰੋਸਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇੱਕ ਸਮਾਂ ਆਵੇਗਾ ਜਦੋਂ ਮਹਿਲਾ ਕਠਪੁਤਲੀ ਕਲਾਕਾਰ ਮੰਦਰ ਦੇ ਗਰਭ ਗ੍ਰਹਿ ਵਿਚ ਕੰਬ ਰਾਮਾਇਣ ਦੇ ਛੰਦਾਂ ਨੂੰ ਗਾਉਣਗੀਆਂ। ਮੈਂ ਕੁੜੀਆਂ ਨੂੰ ਇਸ ਲਈ ਤਿਆਰ ਕਰ ਰਹੀ ਹਾਂ।''
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ