ਆਪਣੇ ਸਾਹਮਣੇ ਪਈਆਂ ਵੱਖ-ਵੱਖ ਕਠਪੁਤਲੀਆਂ ਨੂੰ ਵੇਖ ਰਾਮਾਚੰਦਰਾ ਪੁਲਵਰ ਨੇ ਕਿਹਾ, “ਸਾਡੇ ਲਈ ਇਹ ਮਹਿਜ਼ ਚਮੜੇ ਦੀਆਂ ਵਸਤਾਂ ਨਹੀਂ। ਇਹ ਦੇਵਤੇ ਅਤੇ ਦੇਵੀਆਂ ਹਨ, ਅਤੇ ਪਵਿੱਤਰ ਰੂਹਾਂ ਦੇ ਸਰੂਪ ਹਨ।” ਉਹਨਾਂ ਦੇ ਸਾਹਮਣੇ ਪਏ ਬੜੀ ਹੀ ਨੀਝ ਨਾਲ ਬਣਾਏ ਸਰੂਪ ਤੋਲਪਾਵਕੂਤੁ ਕਠਪੁਤਲੀ ਤਮਾਸ਼ੇ ਵਿੱਚ ਇਸਤੇਮਾਲ ਹੁੰਦੇ ਹਨ, ਜੋ ਕੇਰਲ ਦੇ ਦੱਖਣ ਤੱਟਵਰਤੀ ਇਲਾਕੇ ਮਾਲਾਬਾਰ ਵਿੱਚ ਇੱਕ ਮਸ਼ਹੂਰ ਨਾਟਕੀ ਕਲਾ ਹੈ।
ਰਵਾਇਤੀ ਤੌਰ ’ਤੇ ਇਹ ਸਰੂਪ ਕੁਝ ਖ਼ਾਸ ਸਮਾਜਾਂ ਦੇ ਲੋਕ ਜਿਵੇਂ ਕਿ ਚੱਕੀਲੀਆਨ ਹੀ ਬਣਾਉਂਦੇ ਸਨ। ਪਰ ਇਸ ਕਲਾ ਦੀ ਮਕਬੂਲੀਅਤ ਘਟਣ ਕਾਰਨ ਇਸ ਸਮਾਜ ਦੇ ਲੋਕਾਂ ਨੇ ਇਸ ਕਲਾ ਨੂੰ ਛੱਡ ਦਿੱਤਾ। ਇਸ ਲਈ ਕ੍ਰਿਸ਼ਨਨਕੁੱਟੀ ਪੁਲਵਰ ਨੇ ਇਸ ਕਲਾ ਨੂੰ ਜਿਉਂਦਿਆਂ ਰੱਖਣ ਲਈ ਹੋਰਾਂ ਨੂੰ ਕਠਪੁਤਲੀ ਬਣਾਉਣ ਦੀ ਕਲਾ ਸਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੇ ਬੇਟੇ ਰਾਮਾਚੰਦਰਾ ਤਾਂ ਇੱਕ ਕਦਮ ਹੋਰ ਅੱਗੇ ਵਧ ਕੇ ਆਪਣੇ ਪਰਿਵਾਰ ਤੇ ਆਪਣੇ ਆਸ-ਪਾਸ ਦੀਆਂ ਮਹਿਲਾਵਾਂ ਨੂੰ ਕਠਪੁਤਲੀ ਬਣਾਉਣ ਦੀ ਕਲਾ ਸਿਖਾ ਰਹੇ ਹਨ। ਰਾਜਾਲਕਸ਼ਮੀ, ਰਜਿਥਾ ਅਤੇ ਅਸ਼ਵਥੀ ਮਹਿਲਾ ਕਠਪੁਤਲੀਕਾਰ ਹਨ ਉਸ ਖ਼ਾਸ ਥਾਵੇਂ ਜੋ ਰਵਾਇਤੀ ਤੌਰ ’ਤੇ ਮੰਦਿਰ ਦੇ ਵਿਹੜੇ ਵਿੱਚ ਕੰਮ ਕਰਦੇ ਪੁਰਸ਼ਾਂ ਲਈ ਸੀਮਤ ਹੁੰਦੀ।
ਇਹਨਾਂ ਕਠਪੁਤਲੀਆਂ ਨੂੰ ਨਾ ਸਿਰਫ਼ ਕਾਮੇ ਹੀ ਪਵਿੱਤਰ ਸਰੂਪ ਮੰਨਦੇ, ਸਗੋਂ ਕਠਪੁਤਲੀ ਦਾ ਤਮਾਸ਼ਾ ਦੇਖਣ ਆਉਣ ਵਾਲ਼ੇ ਭਗਤ ਵੀ ਇਹਨਾਂ ਨੂੰ ਪਵਿੱਤਰ ਮੰਨਦੇ ਹਨ। ਇਹਨਾਂ ਨੂੰ ਮੱਝ ਅਤੇ ਬੱਕਰੀ ਦੇ ਚਮੜੇ ਤੋਂ ਬਣਾਇਆ ਜਾਂਦਾ ਹੈ। ਕਠਪੁਤਲੀਕਾਰ ਚਮੜੇ ’ਤੇ ਬੜੇ ਹੀ ਧਿਆਨ ਨਾਲ ਪਹਿਲਾਂ ਰੂਪ-ਰੇਖਾ ਵਾਹੁੰਦੇ ਹਨ ਅਤੇ ਫੇਰ ਛੈਣੀ ਤੇ ਛੇਕਣ ਵਾਲੇ ਖ਼ਾਸ ਸੰਦ ਦੀ ਮਦਦ ਨਾਲ ਉਸ ’ਤੇ ਨੱਕਾਸ਼ੀ ਕਰਦੇ ਹਨ। “ਮਾਹਰ ਲੁਹਾਰਾਂ ਦੀ ਕਮੀ ਕਰਕੇ ਇਹ ਸੰਦ ਮਿਲਣੇ ਵੀ ਹੁਣ ਮੁਸ਼ਕਿਲ ਹੋ ਗਏ ਹਨ,” ਰਾਮਾਚੰਦਰਾ ਦੇ ਬੇਟੇ ਰਾਜੀਵ ਪੁਲਵਰ ਨੇ ਦੱਸਿਆ।
ਕਠਪੁਤਲੀਆਂ ’ਤੇ ਉਕਰੇ ਡਿਜ਼ਾਈਨ ਕੁਦਰਤ ਤੇ ਮਿਥਿਹਾਸ ਦਾ ਸੁਮੇਲ ਹਨ। ਉਕੇਰੇ ਜਾਣ ਵਾਲ਼ੇ ਨਮੂਨੇ ਚੌਲਾਂ ਦੇ ਦਾਣੇ, ਚੰਨ ਅਤੇ ਸੂਰਜ ਤੋਂ ਪ੍ਰਭਾਵਿਤ ਹੁੰਦੇ ਹਨ ਜਿਹਨਾਂ ਜ਼ਰੀਏ ਕੁਦਰਤ ਦੀ ਸੁੰਦਰਤਾ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਭਗਵਾਨ ਸ਼ਿਵ ਦੇ ਡਮਰੂ ਦੇ ਰੂਪ (ਡਿਜ਼ਾਈਨ) ਅਤੇ ਪੁਸ਼ਾਕਾਂ ਦੇ ਕਈ ਖ਼ਾਸ ਨਮੂਨੇ ਮਿਥਿਹਾਸਕ ਕਥਾਵਾਂ ਤੋਂ ਲਏ ਜਾਂਦੇ ਹਨ ਜੋ ਕਠਪੁਤਲੀ ਦੇ ਤਮਾਸ਼ੇ ਦੌਰਾਨ ਗਾਈਆਂ ਜਾਂਦੀਆਂ ਹਨ। ਦੇਖੋ – ਅਵਾਮ ਨੂੰ ਸਮਰਪਤ ਤੋਲਪਾਵਕੂਤੁ ਸ਼ੈਲੀ ਦੀ ਕਠਪੁਤਲੀ ਕਲਾ ।
ਕਠਪੁਤਲੀਕਾਰ ਅਜੇ ਵੀ ਕਠਪੁਤਲੀਆਂ ਨੂੰ ਰੰਗਣ ਲਈ ਕੁਦਰਤੀ ਰੰਗ ਵਰਤਦੇ ਹਨ, ਭਾਵੇਂ ਕਿ ਇਹ ਤਰੀਕਾ ਬਹੁਤ ਹੀ ਡਾਢੀ ਮਿਹਨਤ ਵਾਲਾ ਹੈ। ਆਧੁਨਿਕ ਜ਼ਰੂਰਤਾਂ ਲਈ ਉਹਨਾਂ ਨੇ ਹੁਣ ਅਕਰੈਲਿਕ (ਸਿੰਥੈਟਿਕ) ਰੰਗ ਵਰਤਣੇ ਸ਼ੁਰੂ ਕਰ ਦਿੱਤੇ ਹਨ, ਖ਼ਾਸ ਕਰਕੇ ਬੱਕਰੀ ਦੇ ਚਮੜੇ ’ਤੇ, ਜਿਸ ਨਾਲ ਉਹ ਰੰਗਾਂ ਅਤੇ ਡਿਜ਼ਾਈਨ ਨੂੰ ਲੈ ਕੇ ਤਜ਼ਰਬੇ ਕਰ ਸਕਦੇ ਹਨ।
ਤੋਲਪਾਵਕੂਤੁ ਦੀ ਪਰੰਪਰਾ ਕੇਰਲ ਦੇ ਮਾਲਾਬਾਰ ਖੇਤਰ ਦੇ ਬਹੁਸੱਭਿਆਚਾਰ ਅਤੇ ਸਮਕਾਲੀ ਰਵਾਇਤਾਂ ਦਾ ਇੱਕ ਚਿੰਨ੍ਹ ਹੈ ਅਤੇ ਵੱਖੋ-ਵੱਖਰੇ ਕਠਪੁਤਲੀਕਾਰਾਂ ’ਚ ਹੋ ਰਿਹਾ ਵਾਧਾ ਇੱਕ ਖ਼ੁਸ਼ਨੁਮਾ ਵਰਤਾਰਾ ਹੈ।
ਇਹ ਸਟੋਰੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (MMF) ਦੀ ਫੈਲੋਸ਼ਿਪ ਦੀ ਮਦਦ ਜ਼ਰੀਏ ਕੀਤੀ ਗਈ ਹੈ।
ਤਰਜਮਾ: ਅਰਸ਼ਦੀਪ ਅਰਸ਼ੀ