ਗੂੜ੍ਹੇ ਨੀਲੇ ਰੰਗ ਦਾ ਲੰਬਾ ਕੁੜਤਾ, ਕਢਾਈ ਵਾਲ਼ੀ ਲੁੰਗੀ ਅਤੇ ਜੂੜੇ 'ਤੇ ਚਮੇਲੀ ਦਾ ਗਜ਼ਰਾ ਸਜਾਈ ਐੱਮ.ਪੀ. ਸੇਲਵੀ ਨੂੰ ਇਸ ਵੱਡੀ ਸਾਰੀ ਰਸੋਈ ਵਿੱਚ ਇੰਝ ਦਾਖਲ ਹੁੰਦੇ ਵੇਖਣਾ ਬਹੁਤ ਹੀ ਸ਼ਾਨਦਾਰ ਅਨੁਭਵ ਰਿਹਾ, ਜਿੱਥੇ ਉਹ ਪੂਰਾ ਦਿਨ ਬਿਤਾਉਂਦੀ ਹਨ। ਉਹ ਇੱਕ ਬਹੁਤ ਵੱਡੀ ਰਸੋਈ ਦੀ ਮਾਲਕਣ ਹਨ ਤੇ ਉੱਥੇ ਉਹ ਬਿਰਯਾਨੀ/ਬਿਰਆਨੀ ਮਾਸਟਰ ਹਨ, ਇਸ ਥਾਂ ਨੂੰ ਕਰੁੰਬੁਕਾਦਾਈ ਐੱਮ.ਪੀ. ਸੇਲਵੀ ਬਿਰਯਾਨੀ ਮਾਸਟਰ ਵਜੋਂ ਜਾਣਿਆ ਜਾਂਦਾ ਹੈ। ਜਿਓਂ ਹੀ ਸੇਲਵੀ ਅੰਦਰ ਦਾਖਲ ਹੁੰਦੀ ਹਨ, ਇੱਕ ਦੂਜੇ ਨਾਲ਼ ਗੱਲੀਂ ਲੱਗਿਆ ਉਨ੍ਹਾਂ ਦਾ ਕੈਟਰਿੰਗ ਸਟਾਫ਼ ਚੁੱਪੀ ਧਾਰ ਲੈਂਦਾ ਹੈ, ਸਲਾਮ ਕਰਦੇ ਹਨ ਅਤੇ ਅੱਗੇ ਹੋ ਉਨ੍ਹਾਂ ਦਾ ਝੋਲ਼ਾ ਫੜ੍ਹ ਲੈਂਦੇ ਹਨ।

ਸੇਲਵੀ ਇਸ ਵੱਡੀ ਰਸੋਈ ਵਿੱਚ ਬਿਰਯਾਨੀ ਮਾਸਟਰ ਹਨ ਜਿੱਥੇ 60 ਤੋਂ ਵੱਧ ਲੋਕ ਕੰਮ ਕਰਦੇ ਹਨ ਜੋ ਉਨ੍ਹਾਂ ਦਾ ਸਨਮਾਨ ਕਰਦੇ ਹਨ। ਕੁਝ ਹੀ ਪਲਾਂ ਵਿੱਚ, ਹਰ ਕੋਈ ਹਰਕਤ ਵਿੱਚ ਆ ਜਾਂਦਾ ਹੈ, ਛੋਹਲੇ ਤੇ ਹੁਨਰਮੰਦ ਹੱਥਾਂ ਨਾਲ਼ ਕੰਮੇ ਲੱਗ ਜਾਂਦਾ ਹੈ, ਅਜਿਹੇ ਮੌਕੇ ਕੋਈ ਵੀ ਅੱਗ ਦੀਆਂ ਲਪਟਾਂ 'ਚੋਂ ਨਿਕਲ਼ਦੇ ਧੂੰਏ ਦੀ ਰਤਾ ਪਰਵਾਹ ਨਹੀਂ ਕਰਦਾ।

ਸੇਲਵੀ ਇਹ ਮਸ਼ਹੂਰ ਬਿਰਯਾਨੀ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਕਾ ਰਹੀ ਹਨ- ਦਮ ਮਟਨ ਬਿਰਆਨੀ, ਇੱਕ ਅਜਿਹਾ ਪਕਵਾਨ ਜਿੱਥੇ ਮੀਟ ਨੂੰ ਚੌਲਾਂ ਨਾਲ਼ ਮਿਲਾ ਕੇ ਪਕਾਇਆ ਜਾਂਦਾ ਹੈ, ਨਾ ਕਿ ਹੋਰ ਬਿਰਯਾਨੀਆਂ ਵਾਂਗ ਜਿਸ ਵਿੱਚ ਚੌਲ਼ਾਂ ਤੇ ਕਿਸੇ ਦੂਸਰੀ ਸਮੱਗਰੀ ਨੂੰ ਅੱਡੋ-ਅੱਡ ਪਕਾਇਆ ਜਾਂਦਾ।

"ਮੈਂ ਕੋਇੰਬਟੂਰ ਦਮ ਬਿਰਯਾਨੀ ਪਕਾਉਣ ਵਿੱਚ ਮਾਹਰ ਹਾਂ," 50 ਸਾਲਾ ਟਰਾਂਸ ਔਰਤ ਕਹਿੰਦੀ ਹਨ। "ਇਕੱਲਿਆਂ ਬਿਰਯਾਨੀ ਪਕਾਉਂਦਿਆਂ ਮੈਂ ਹਰ ਛੋਟੀ ਤੋਂ ਛੋਟੀ ਗੱਲ ਦਿਮਾਗ਼ ਵਿੱਚ ਰੱਖਦੀ ਹਾਂ। ਕਈ ਵਾਰ ਸਾਨੂੰ ਛੇ ਮਹੀਨਿਆਂ ਦੇ ਅਗਾਊਂ ਆਰਡਰ ਮਿਲ਼ ਜਾਂਦੇ ਹਨ।''

ਸਾਡੇ ਨਾਲ਼ ਗੱਲ ਕਰਦਿਆਂ, ਉਨ੍ਹਾਂ ਦੇ ਹੱਥਾਂ ਵਿੱਚ ਬਿਰਯਾਨੀ ਮਸਾਲੇ ਦਾ ਭਰਿਆ ਇੱਕ ਸਤੂਵਮ (ਵੱਡਾ ਸਾਰਾ ਚਮਚਾ) ਫੜ੍ਹਾਇਆ ਗਿਆ। "ਠੀਕ ਹੈ," ਤਿਆਰ ਮਸਾਲੇ ਨੂੰ ਚਖਦਿਆਂ ਉਨ੍ਹਾਂ ਹਾਂ ਵਿੱਚ ਸਿਰ ਹਿਲਾਇਆ। ਇਹ ਖਾਣਾ ਪਕਾਉਣ ਦੀ ਪ੍ਰਕਿਰਿਆ ਦਾ ਆਖਰੀ ਸਵਾਦ ਟੈਸਟ ਹੁੰਦਾ ਹੈ ਤੇ ਜਿਓਂ ਹੀ ਮੁੱਖ ਰਸੋਈਆ ਪਾਸ ਕਰ ਦਿੰਦਾ ਹੈ... ਸਭ ਸੁੱਖ ਦਾ ਸਾਹ ਲੈਂਦੇ ਹਨ।

"ਹਰ ਕੋਈ ਮੈਨੂੰ 'ਸੇਲਵੀ ਅੰਮਾ' ਕਹਿੰਦਾ ਹੈ। 'ਥਿਰੂਨੰਗਾਈ' (ਟਰਾਂਸ ਵੂਮੈਨ) ਨੂੰ 'ਅੰਮਾ' ਕਹੇ ਜਾਣ 'ਤੇ ਮੈਂ  ਖੁਸ਼ ਹਾਂ," ਉਹ ਉਤਸ਼ਾਹ ਨਾਲ਼ ਕਹਿੰਦੀ ਹਨ।

PHOTO • Akshara Sanal
PHOTO • Akshara Sanal

ਖੱਬੇ : ਸੇਲਵੀ ਅੰਮਾ ਭੋਜਨ ਦਾ ਸੁਆਦ ਚੱਖ ਪ੍ਰਵਾਨਗੀ ਦੀ ਮੋਹਰ ਲਾ ਦਿੰਦੀ ਹਨ ਸੱਜੇ : ਭੋਜਨ ਤਿਆਰ ਹੋਣ ਦੀ ਉਡੀਕ ਕਰਦਾ ਬਿਰਯਾਨੀ ਮਾਸਟਰ

PHOTO • Akshara Sanal
PHOTO • Akshara Sanal

ਖੱਬੇ : ਸੇਲਵੀ ਅੰਮਾ ਨਾਲ਼ ਕੰਮ ਕਰਦੇ ਸਹਾਇਕ ਧੋਤੇ ਚੌਲ਼ਾਂ ਵਿੱਚ ਪਹਿਲਾਂ ਤੋਂ ਤਿਆਰ ਮਸਾਲੇ ਮਿਲਾਉਂਦੇ ਹਨ ਸੱਜੇ : ਸੇਲਵੀ ਅੰਮਾ ਪੱਕ ਰਹੇ ਖਾਣੇ ਦੀ ਨਿਗਰਾਨੀ ਕਰ ਰਹੀ ਹਨ

ਉਹ ਪੁਲੁਕਾਡੂ ਵਿਖੇ ਪੈਂਦੇ ਆਪਣੇ ਘਰੋਂ ਹੀ ਕੈਟਰਿੰਗ ਦੀ ਸੇਵਾ ਦਿੰਦੀ ਹਨ, ਇੱਕ ਅਜਿਹਾ ਖੇਤਰ ਜਿੱਥੇ ਰਹਿੰਦੇ ਪਰਿਵਾਰ ਘੱਟ-ਆਮਦਨ ਹੇਠ ਆਉਂਦੇ ਹਨ। ਕੁੱਲ 60 ਲੋਕ, ਜਿਨ੍ਹਾਂ ਵਿੱਚ ਉਨ੍ਹਾਂ ਦੇ ਟਰਾਂਸ ਕਮਿਊਨਿਟੀ ਦੇ 15 ਲੋਕ ਸ਼ਾਮਲ ਹਨ, ਨੌਕਰੀ ਕਰਦੇ ਹਨ। ਟੀਮ ਇੱਕ ਹਫ਼ਤੇ ਵਿੱਚ 1,000 ਕਿਲੋ ਤੱਕ ਦੀ ਬਿਰਯਾਨੀ ਤਿਆਰ ਕਰਦੀ ਹੈ। ਕਈ ਵਾਰ ਇਸ ਵਿੱਚ ਵਿਆਹ ਦੇ ਹੋਰ ਆਰਡਰ ਸ਼ਾਮਲ ਕੀਤੇ ਜਾਂਦੇ ਹਨ। ਇੱਕ ਵਾਰ ਸੇਲਵੀ ਨੇ ਨੇੜਲੀ ਵੱਡੀ ਮਸਜਿਦ ਲਈ 20,000 ਹਜ਼ਾਰ ਲੋਕਾਂ ਲਈ 3,500 ਕਿਲੋ ਬਿਰਯਾਨੀ ਤਿਆਰ ਕੀਤੀ ਸੀ।

"ਮੈਨੂੰ ਖਾਣਾ ਬਣਾਉਣਾ ਕਿਉਂ ਪਸੰਦ ਹੈ? ਇੱਕ ਵਾਰ ਅਬਦੀਨ ਨਾਂ ਦੇ ਇੱਕ ਗਾਹਕ ਨੇ ਮੇਰੇ ਦੁਆਰਾ ਬਣਾਈ ਗਈ ਬਿਰਯਾਨੀ ਖਾਧੀ ਅਤੇ ਮੈਨੂੰ ਬੁਲਾਇਆ ਅਤੇ ਕਿਹਾ, 'ਕਿੰਨਾ ਸ਼ਾਨਦਾਰ ਸਵਾਦ ਹੈ! ਮਾਸ ਕਿੰਨਾ ਸੌਖਿਆਂ ਹੀ ਹੱਡੀ ਤੋਂ ਵੱਖ ਹੋਈ ਜਾਂਦਾ ਏ'।'' ਪਰ ਇਹੀ ਗੱਲ ਹੀ ਉਨ੍ਹਾਂ ਦੀ ਬਿਰਯਾਨੀ ਦੀ ਇੱਕਲੌਤੀ ਵਿਸ਼ੇਸ਼ਤਾ ਨਹੀਂ ਹੈ। "ਮੇਰੇ ਗਾਹਕ ਇੱਕ ਟਰਾਂਸਜੈਂਡਰ ਦੇ ਹੱਥੀਂ ਤਿਆਰ ਕੀਤੀ ਬਿਰਯਾਨੀ ਖਾਂਦੇ ਹਨ। ਇਹ ਗੱਲ ਕਿਸੇ ਵਰਦਾਨ ਤੋਂ ਘੱਟ ਨਹੀਂ।''

ਜਿਸ ਦਿਨ ਅਸੀਂ ਉੱਥੇ ਪੁੱਜੇ, ਉਸ ਦਿਨ ਇੱਕ ਵਿਆਹ ਵਿੱਚ 400 ਕਿਲੋ ਬਿਰਯਾਨੀ ਪਰੋਸਣ ਦੀ ਤਿਆਰੀ ਕੀਤੀ ਜਾ ਰਹੀ ਸੀ। "ਮੇਰੀ ਮਸ਼ਹੂਰ ਬਿਰਯਾਨੀ ਵਿੱਚ ਕੋਈ 'ਸੀਕਰੇਟ' ਮਸਾਲਾ ਨਹੀਂ ਹੈ," ਸੇਲਵੀ ਅੰਮਾ ਕਹਿੰਦੀ ਹਨ। ਉਹ ਬੜੇ ਯਕੀਨ ਨਾਲ਼ ਦੱਸਦੀ ਹਨ ਕਿ ਸਵਾਦ ਉਨ੍ਹਾਂ ਦੀ ਤਵੱਜੋ ਕਾਰਨ ਆਉਂਦਾ ਹੈ, ਤਵੱਜੋ ਜੋ ਉਹ ਬਿਰਯਾਨੀ ਬਣਾਉਣ ਢੰਗ ਦੇ ਹਰ ਛੋਟੇ ਤੋਂ ਛੋਟੇ ਵੇਰਵੇ ਨੂੰ ਦਿੰਦੀ ਹਨ। "ਮੇਰਾ ਧਿਆਨ ਹਮੇਸ਼ਾ ਬਿਰਯਾਨੀ ਦੇ ਭਾਂਡੇ 'ਤੇ ਲੱਗਾ ਰਹਿੰਦਾ ਹੈ। ਧਨੀਆ ਪਾਊਡਰ, ਗਰਮ ਮਸਾਲਾ ਅਤੇ ਇਲਾਇਚੀ ਵਰਗੇ ਮਸਾਲੇ ਮੈਂ ਆਪਣੇ ਹੱਥੀਂ ਮਿਲਾਉਂਦੀ ਹਾਂ,"ਆਪਣੇ ਹੱਥਾਂ ਨਾਲ਼ ਇਸ਼ਾਰਾ ਕਰਦਿਆਂ ਉਹ ਸਮਝਾਉਂਦੀ ਹਨ, ਜਿਨ੍ਹਾਂ ਹੱਥਾਂ ਨੇ ਅੱਜ ਤੱਕ ਹਜ਼ਾਰਾਂ ਲੋਕਾਂ ਦਾ ਢਿੱਡ ਭਰਿਆ ਹੈ।

ਵਿਆਹ ਦੀ ਬਿਰਯਾਨੀ ਲਈ ਵਰਤੀਂਦਾ ਮਸਾਲਾ ਦੋ ਭਰਾਵਾਂ-ਤਮਿਲਰਸ ਤੇ ਏਲਾਵਰਸਨ ਦੁਆਰਾ ਤਿਆਰ ਕੀਤਾ ਜਾਂਦਾ ਹੈ ਜੋ ਉਨ੍ਹਾਂ ਲਈ ਕੰਮ ਕਰਦੇ ਹਨ, ਜਿਨ੍ਹਾਂ ਦੀ ਉਮਰ 30-32 ਸਾਲ ਹੈ। ਉਹ ਸਬਜ਼ੀਆਂ ਕੱਟਦੇ ਹਨ, ਮਸਾਲੇ ਮਿਲਾਉਂਦੇ ਹਨ ਤੇ ਬਲ਼ਦੀ ਅੱਗ ਦਾ ਧਿਆਨ ਰੱਖਦੇ ਹਨ। ਵੱਡੇ ਸਮਾਰੋਹਾਂ ਲਈ ਬਿਰਯਾਨੀ ਤਿਆਰ ਕਰਨ ਵਿੱਚ ਇੱਕ ਦਿਨ ਅਤੇ ਇੱਕ ਰਾਤ ਲੱਗਦੀ ਹੈ।

PHOTO • Akshara Sanal
PHOTO • Akshara Sanal

ਖੱਬੇ : ਮੀਟ ਸਾਫ਼ ਕੀਤਾ ਜਾ ਰਿਹਾ ਹੈ ਫਿਰ ਪਾਣੀ ਪਾ ਕੇ ਚੌਲ਼ਾਂ ਤੇ ਮਸਾਲਿਆਂ ਨੂੰ ਆਪਸ ਵਿੱਚ ਮਿਲਾਇਆ ਜਾਣਾ ਹੈ ਸੱਜੇ : ਰਸੋਈਏ ਬਿਰਯਾਨੀ ਵਿੱਚ ਮਸਾਲੇ ਸ਼ਾਮਲ ਕਰ ਰਹੇ ਹਨ

PHOTO • Akshara Sanal
PHOTO • Akshara Sanal

ਖੱਬੇ : ਸੇਲਵੀ ਅੰਮਾ ਇੱਕ ਰਸੋਈਏ ਨਾਲ਼ ਕੰਮ ਕਰਦੀ ਹੋਈ ਸੱਜੇ : ਹਰ ਪਕਵਾਨ ਵਿੱਚ ਲੂਣ ਉਹ ਖੁਦ ਹੀ ਮਿਲ਼ਾਉਂਦੀ ਹਨ

ਅਪ੍ਰੈਲ ਅਤੇ ਮਈ ਦੀਆਂ ਛੁੱਟੀਆਂ ਦੌਰਾਨ ਸੇਲਵੀ ਅੰਮਾ ਦੇ ਦਿਨ ਬਹੁਤ ਰੁਝੇਵਿਆਂ ਭਰੇ ਹੁੰਦੇ ਹਨ। ਉਨ੍ਹੀਂ ਦਿਨੀਂ ਉਨ੍ਹਾਂ ਨੂੰ ਦਿਹਾੜੀ ਦੇ 20 ਕੁ ਆਰਡਰ ਮਿਲ਼ਦੇ ਹਨ। ਉਨ੍ਹਾਂ ਦੇ ਨਿਯਮਤ ਗਾਹਕ ਜਿਆਦਾਤਰ ਮੁਸਲਿਮ ਭਾਈਚਾਰੇ ਨਾਲ਼ ਸਬੰਧਤ ਹਨ। ਉਹ ਜ਼ਿਆਦਾਤਰ ਵਿਆਹ ਜਾਂ ਮੰਗਣੀ ਦੇ ਸਮਾਗਮਾਂ ਦੌਰਾਨ ਬਿਰਯਾਨੀ ਸਪਲਾਈ ਕਰਦੀ ਹਨ। "ਭਾਵੇਂ ਕਿੰਨਾ ਵੀ ਵੱਡਾ ਕਰੋੜਪਤੀ ਕਿਉਂ ਨਾ ਹੋਵੇ, ਹਰ ਕੋਈ ਮੈਨੂੰ ਅੰਮਾ ਹੀ ਕਹਿੰਦਾ ਹੈ," ਉਹ ਕਹਿੰਦੀ ਹਨ।

ਮਟਨ ਬਿਰਯਾਨੀ ਸਭ ਤੋਂ ਮਸ਼ਹੂਰ ਹੈ, ਪਰ ਇਸ ਤੋਂ ਇਲਾਵਾ, ਸੇਲਵੀ ਚਿਕਨ ਅਤੇ ਬੀਫ਼ ਬਿਰਯਾਨੀ ਦੀ ਸਪਲਾਈ ਵੀ ਕਰਦੀ ਹਨ। ਇੱਕ ਕਿਲੋ ਬਿਰਯਾਨੀ ਛੇ ਤੋਂ ਅੱਠ ਲੋਕ ਖਾ ਸਕਦੇ ਹਨ। ਇੱਕ ਕਿਲੋ ਬਿਰਯਾਨੀ ਬਣਾਉਣ ਦੇ ਉਹ 120 ਰੁਪਏ ਲੈਂਦੀ ਹਨ, ਬਾਕੀ ਮਸਾਲਿਆਂ ਦੀ ਕੀਮਤ ਵੱਖਰੀ ਹੁੰਦੀ ਹੈ।

ਚਾਰ ਘੰਟੇ ਲੱਗੇ ਤੇ ਬਿਰਯਾਨੀ ਤਿਆਰ ਹੋ ਗਈ ਤੇ ਸੇਲਵੀ ਅੰਮਾ ਦੇ ਕੱਪੜੇ ਤੇਲ ਤੇ ਮਸਾਲਿਆਂ ਦੇ ਦਾਗਾਂ ਨਾਲ਼ ਭਰ ਗਏ। ਚੁੱਲ੍ਹਿਆਂ 'ਚੋਂ ਨਿਕਲ਼ਦੇ ਸੇਕ ਨਾਲ਼ ਉਨ੍ਹਾਂ ਦਾ ਚਿਹਰਾ ਮੁੜ੍ਹਕੇ ਨਾਲ਼ ਭਰ ਗਿਆ। ਉਨ੍ਹਾਂ ਦਾ ਮਗਰਲਾ ਕਮਰਾ ਹਰ ਵੇਲ਼ੇ ਚੁੱਲ੍ਹਿਆਂ 'ਚੋਂ ਨਿਕਲ਼ਦੀਆਂ ਲਾਟਾਂ ਤੇ ਦੇਗਚੀਆਂ 'ਚੋਂ ਉੱਠਦੀ ਭਾਫ਼ ਨਾਲ਼਼ ਭਰਿਆ ਰਹਿੰਦਾ ਹੈ।

"ਲੋਕੀਂ ਬਹੁਤੀ ਦੇਰ ਤੱਕ ਮੇਰੀ ਰਸੋਈ ਵਿੱਚ ਖੜ੍ਹੇ ਨਹੀਂ ਰਹਿ ਪਾਉਂਦੇ। ਅਜਿਹੇ ਲੋਕਾਂ ਨੂੰ ਲੱਭਣਾ ਬੜਾ ਮੁਸ਼ਕਲ ਹੈ ਜੋ ਸਾਡੇ ਵਾਂਗਰ ਪੂਰਾ-ਪੂਰਾ ਦਿਨ ਚੁੱਲ੍ਹਿਆਂ ਅੱਗੇ ਕੰਮ ਕਰ ਸਕਣ," ਉਹ ਕਹਿੰਦੇ ਹਨ। "ਸਾਨੂੰ ਭਾਰ ਚੁੱਕਣਾ ਪੈਂਦਾ ਹੈ, ਘੰਟਿਆਂ-ਬੱਧੀ ਅੱਗ ਮੂਹਰੇ ਖੜ੍ਹੇ ਰਹਿਣਾ ਪੈਂਦਾ ਹੈ। ਜੋ ਇਹ ਕੰਮ ਨਹੀਂ ਕਰਨਾ ਚਾਹੁੰਦੇ ਛੇਤੀ ਹੀ ਕੰਮ ਛੱਡ ਜਾਂਦੇ ਹਨ।''

ਕਈ ਘੰਟਿਆਂ ਤੱਕ ਖਾਣਾ ਪਕਾਉਣ ਤੋਂ ਬਾਅਦ ਹਰ ਕੋਈ ਨਾਸ਼ਤੇ ਲਈ ਬੈਠ ਗਿਆ। ਉਸ ਦਿਨ ਨਾਸ਼ਤੇ ਲਈ ਨੇੜਲੇ ਹੋਟਲ ਤੋਂ ਪਰੋਟਾ ਅਤੇ ਬੀਫ ਕੋਰਮਾ ਲਿਆਂਦੇ ਗਏ ਸਨ।

PHOTO • Akshara Sanal
PHOTO • Akshara Sanal

ਖੱਬੇ ਅਤੇ ਸੱਜੇ : ਚੁੱਲ੍ਹੇ ਦੀ ਸਵਾਹ ਨਾਲ਼ ਲਿਬੜੇ ਰਸੋਈਏ ਦੇ ਪੈਰ ਤੇ ਹੱਥ

PHOTO • Akshara Sanal
PHOTO • Akshara Sanal

ਖੱਬੇ : ਸੇਲਵੀ ਅੰਮਾ ਅੱਗ ਨੂੰ ਠੀਕ ਕਰਦੀ ਹੋਈ ਸੱਜੇ : ਖਾਣਾ ਪਕਾਉਣ ਤੋਂ ਬਾਅਦ ਹਰ ਕੋਈ ਇਕੱਠੇ ਬੈਠ ਕੇ ਨਾਸ਼ਤਾ ਕਰਦਾ ਹੈ

ਸੇਲਵੀ ਅੰਮਾ ਦਾ ਬਚਪਨ ਭੋਜਨ ਦੀ ਘਾਟ ਵਿੱਚ ਬੀਤਿਆ। "ਸਾਡੇ ਪਰਿਵਾਰ ਲਈ ਭੋਜਨ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਸੀ। ਅਸੀਂ ਹਰ ਡੰਗ ਸਿਰਫ਼ ਤੇ ਸਿਰਫ਼ ਮੱਕੀ ਖਾਂਦੇ। ਚੌਲ਼ਾਂ ਦਾ ਮੂੰਹ ਅਸੀਂ ਛੇ ਮਹੀਨਿਆਂ ਵਿੱਚ ਇੱਕ ਵਾਰ ਵੇਖਦੇ ਜੋ ਜਸ਼ਨ ਤੋਂ ਘੱਟ ਨਾ ਰਹਿੰਦਾ," ਉਹ ਕਹਿੰਦੇ ਹਨ।

ਉਨ੍ਹਾਂ ਦਾ ਜਨਮ 1974 ਵਿੱਚ ਪੁਲੁਕਾਡੂ, ਕੋਇੰਬਟੂਰ ਵਿਖੇ ਇੱਕ ਖੇਤ ਮਜ਼ਦੂਰ ਪਰਿਵਾਰ ਵਿੱਚ ਹੋਇਆ ਸੀ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਟਰਾਂਸਜੈਂਡਰ ਹਨ (ਜਨਮ ਵੇਲ਼ੇ ਮਰਦ ਪਰ ਬਾਅਦ ਵਿੱਚ ਔਰਤ ਸਮਝਿਆ ਗਿਆ), ਤਾਂ ਉਹ ਹੈਦਰਾਬਾਦ ਚਲੀ ਗਈ। ਉੱਥੋਂ ਪਹਿਲਾਂ ਮੁੰਬਈ ਅਤੇ ਫਿਰ ਦਿੱਲੀ ਗਈ। "ਉੱਥੇ ਮੇਰਾ ਮਨ ਨਾ ਲੱਗਿਆ ਤੇ ਅਖੀਰ ਮੈਂ ਕੋਇੰਬਟੂਰ ਮੁੜ ਆਈ ਤੇ ਇੱਥੇ ਹੀ ਵਸਣ ਦਾ ਫੈਸਲਾ ਕੀਤਾ। ਇੱਕ ਟਰਾਂਸਜੈਂਡਰ ਔਰਤ ਹੁੰਦੇ ਹੋਏ ਵੀ ਮੈਨੂੰ ਕੋਇੰਬਟੂਰ ਵਿੱਚ ਮਾਣ-ਸਨਮਾਨ ਮਿਲ਼ਦਾ ਹੈ," ਉਹ ਕਹਿੰਦੀ ਹਨ।

ਸੇਲਵੀ ਨੇ 10 ਟਰਾਂਸ ਕੁੜੀਆਂ ਨੂੰ ਗੋਦ ਲਿਆ ਹੈ, ਜੋ ਉਨ੍ਹਾਂ ਦੇ ਨਾਲ਼ ਰਹਿੰਦੀਆਂ ਤੇ ਨਾਲ਼ ਹੀ ਕੰਮ ਕਰਦੀਆਂ ਹਨ। "ਨਾ ਸਿਰਫ ਟਰਾਂਸ ਔਰਤਾਂ, ਬਲਕਿ ਹੋਰ ਮਰਦ ਅਤੇ ਔਰਤਾਂ ਵੀ ਮੇਰੇ ਨਾਲ਼ ਕੰਮ ਕਰ ਰਹੇ ਹਨ। ਹਰ ਕਿਸੇ ਨੂੰ ਖਾਣਾ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਖੁਸ਼ ਦੇਖਣਾ ਚਾਹੁੰਦੀ ਹਾਂ।''

*****

ਜਿਨ੍ਹਾਂ ਨੇ ਸੇਲਵੀ ਅੰਮਾ ਨੂੰ ਖਾਣਾ ਪਕਾਉਣਾ ਸਿਖਾਇਆ ਉਹ ਵੀ ਬਜੁਰਗ ਟਰਾਂਸ ਵਿਅਕਤੀ ਹੀ ਸਨ। ਖਾਣਾ ਪਕਾਉਣ ਦੇ ਉਸ ਹੁਨਰ ਨੂੰ ਸੇਲਵੀ ਕਦੇ ਨਾ ਭੁੱਲੀ ਜੋ ਉਨ੍ਹਾਂ 30 ਸਾਲ ਪਹਿਲਾਂ ਸਿੱਖਿਆ ਸੀ। ''ਸ਼ੁਰੂ ਸ਼ੁਰੂ ਵਿੱਚ ਮੈਂ ਬਤੌਰ ਹੈਲਪਰ ਕੰਮ ਕੀਤਾ ਤੇ ਅਗਲੇ ਛੇ ਸਾਲ ਬਤੌਰ ਸਹਾਇਕ। ਮੈਨੂੰ ਦੋ ਦਿਹਾੜੀਆਂ ਕੰਮ ਬਦਲੇ 20 ਰੁਪਏ ਦਿੱਤੇ ਜਾਂਦੇ। ਇਹ ਇੱਕ ਛੋਟੀ ਜਿਹੀ ਰਕਮ ਸੀ, ਪਰ ਮੈਂ ਇਸ ਤੋਂ ਖੁਸ਼ ਸੀ।''

ਸੇਲਵੀ ਅੰਮਾ ਨੇ ਆਪਣੀ ਗੋਦ ਲਈ ਧੀ ਸਾਰੋ ਨੂੰ ਵੀ ਇਹ ਹੁਨਰ ਸਿਖਾਇਆ ਹੈ। ਸਾਰੋ ਅੱਜ ਇੱਕ ਤਜਰਬੇਕਾਰ ਬਿਰਯਾਨੀ ਮਾਸਟਰ ਹਨ। ਉਹ ਇਕੱਲਿਆਂ ਬਿਰਯਾਨੀ ਬਣਾ ਲੈਂਦੀ ਹਨ। "ਉਹ ਕਈ ਹਜਾਰ ਕਿਲੋਗ੍ਰਾਮ ਬਿਰਯਾਨੀ ਬਣਾਉਣ ਦੀ ਸਮਰੱਥਾ ਰੱਖਦੀ ਹੈ," ਸੇਲਵੀ ਅੰਮਾ ਮਾਣ ਨਾਲ਼ ਕਹਿੰਦੀ ਹਨ।

PHOTO • Akshara Sanal
PHOTO • Akshara Sanal

ਖੱਬੇ : ਕਨੀਹਾ ਇੱਕ ਟਰਾਂਸ ਔਰਤ ਹਨ ਜੋ ਸੇਲਵੀ ਅੰਮਾ ਨਾਲ਼ ਰਹਿੰਦੀ ਹਨ ਸੱਜੇ : ਸੇਲਵੀ ਅੰਮਾ ਦੀ ਧੀ ਮਯੱਕਾ ( ਅਥੀਰਾ ) ਮੱਖਣ ਕੱਢਣ ਲਈ ਕੱਚਾ ਦੁੱਧ ਰਿੜਕਦੀ ਹੋਈ

"ਸਾਡੇ ਟਰਾਂਸਜੈਂਡਰ ਭਾਈਚਾਰੇ ਵਿੱਚ ਵੀ ਧੀਆਂ ਤੇ ਧੋਤੀਆਂ-ਪੋਤੀਆਂ ਹੁੰਦੀਆਂ ਹਨ। ਜੇ ਅਸੀਂ ਉਨ੍ਹਾਂ ਨੂੰ ਹੁਨਰ ਸਿਖਾਵਾਂਗੇ, ਤਾਂ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਹੋਵੇਗੀ," ਸੇਲਵੀ ਅੰਮਾ ਕਹਿੰਦੀ ਹਨ, ਤੇ ਪ੍ਰਵਾਨ ਕਰਦੀ ਹਨ ਕਿ ਟਰਾਂਸਜੈਂਡਰ ਲੋਕਾਂ ਲਈ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਕਿੰਨਾ ਮਹੱਤਵਪੂਰਨ ਹੈ। "ਨਹੀਂ ਤਾਂ ਸਾਨੂੰ ਧੰਥਾ (ਸੈਕਸ ਵਰਕ) ਜਾਂ ਯਾਸਕਮ (ਭੀਖ ਮੰਗਣਾ) ਕਰਨਾ ਪਵੇਗਾ।''

ਉਹ ਦੱਸਦੀ ਹਨ ਕਿ ਸਿਰਫ਼ ਟਰਾਂਸ ਔਰਤਾਂ ਹੀ ਨਹੀਂ ਬਾਕੀ ਔਰਤਾਂ ਤੇ ਮਰਦ ਵੀ ਉਨ੍ਹਾਂ 'ਤੇ ਨਿਰਭਰ ਨਹੀਂ ਹਨ। ਵਾਲੀ ਅੰਮਾ ਤੇ ਸੁੰਦਰੀ ਪਿਛਲੇ 15 ਸਾਲਾਂ ਤੋਂ ਅੰਮਾ ਕੰਮ ਕਰ ਰਹੀਆਂ ਹਨ। "ਮੈਂ ਜਵਾਨ ਸਾਂ ਜਦੋਂ ਮੈਂ ਸੇਲਵੀ ਅੰਮਾ ਨੂੰ ਮਿਲ਼ੀ," ਵਲੀ ਅੰਮਾ ਕਹਿੰਦੀ ਹਨ, ਜੋ ਆਪਣੀ ਮਾਲਕ ਤੋਂ ਵਡੇਰੀ ਉਮਰ ਦੀ ਹਨ। "ਮੇਰੇ ਬੱਚੇ ਛੋਟੇ ਸਨ। ਉਦੋਂ ਮੇਰੇ ਸਾਹਵੇਂ ਕਮਾਈ ਦਾ ਬੱਸ ਇਹੀ ਵਸੀਲਾ ਸੀ। ਹੁਣ ਜਦੋਂ ਮੇਰੇ ਬੱਚੇ ਵੱਡੇ ਹੋ ਰਹੇ ਹਨ ਅਤੇ ਕੰਮ ਕਰ ਰਹੇ ਹਨ, ਹੁਣ ਉਹ ਮੈਨੂੰ ਘਰ ਰਹਿਣ ਅਤੇ ਆਰਾਮ ਕਰਨ ਦੀ ਸਲਾਹ ਦਿੰਦੇ ਹਨ। ਪਰ ਮੈਨੂੰ ਕੰਮ ਕਰਨਾ ਪਸੰਦ ਹੈ। ਜੋ ਪੈਸਾ ਮੈਂ ਕਮਾਉਂਦੀ ਹਾਂ ਉਹ ਮੈਨੂੰ ਅਜ਼ਾਦੀ ਦਿੰਦਾ ਹੈ। ਮੈਂ ਇਸ ਨੂੰ ਜਿੰਨਾ ਚਾਹਾਂ ਖਰਚ ਕਰ ਸਕਦੀ ਹਾਂ ਤੇ ਘੁੰਮ-ਫਿਰ ਸਕਦੀ ਹਾਂ!"

ਸੇਲਵੀ ਆਪਣੇ ਕਰਮਚਾਰੀਆਂ ਨੂੰ 1,250 ਰੁਪਏ ਦਿਹਾੜੀ ਦਿੰਦੀ ਹਨ। ਜਦੋਂ ਕੋਈ ਵੱਡਾ ਆਰਡਰ ਹੁੰਦਾ ਹੈ ਤਾਂ ਟੀਮ 24-24 ਘੰਟਿਆਂ ਦੀ ਸ਼ਿਫਟ ਲਾਉਂਦੀ ਹੈ। "ਜੇ ਸਾਨੂੰ ਸਵੇਰ ਦੇ ਪ੍ਰੋਗਰਾਮ ਲਈ ਖਾਣਾ ਬਣਾਉਣਾ ਪੈ ਜਾਵੇ ਤਾਂ ਅਸੀਂ ਸੌਂਦੇ ਨਹੀਂ," ਉਹ ਕਹਿੰਦੀ ਹਨ। ਅਜਿਹੇ ਮੌਕਿਆਂ ਵੇਲ਼ੇ ਦਿਹਾੜੀ ਵੱਧ ਕੇ 2,500 ਰੁਪਏ ਤੱਕ ਚਲੀ ਜਾਂਦੀ ਹੈ। "ਇੰਨੇ ਕੰਮ ਬਦਲੇ ਇੰਨੀ ਦਿਹਾੜੀ ਹੀ ਮਿਲ਼ਣੀ ਚਾਹੀਦੀ ਹੈ। ਅਜਿਹਾ ਮੌਕਾ ਬਾਰ-ਬਾਰ ਨਹੀਂ ਆਉਂਦਾ। ਅਸੀਂ ਅੱਗ ਦਾ ਸੇਕ ਝੱਲਦਿਆਂ ਕੰਮ ਕਰਦੇ ਹਾਂ!" ਉਹ ਦ੍ਰਿੜਤਾ ਨਾਲ਼ ਕਹਿੰਦੀ ਹਨ।

ਰਸੋਈ ਦੇ ਹਰ ਕੋਨੇ ਵਿੱਚ ਲਪਟਾਂ ਹੀ ਲਪਟਾਂ ਹੁੰਦੀਆਂ ਹਨ। ਜਦੋਂ ਬਿਰਯਾਨੀ ਮੱਠੀ ਅੱਗ 'ਤੇ ਪੱਕ ਰਹੀ ਹੁੰਦੀ ਹੈ ਤਾਂ ਦੇਗਚੀ ਦੇ ਢੱਕਣ 'ਤੇ ਬਲ਼ਦੇ ਕੋਲ਼ੇ ਰੱਖੇ ਜਾਂਦੇ ਹਨ। "ਤੁਸੀਂ ਅੱਗ ਤੋਂ ਡਰ ਨਹੀਂ ਸਕਦੇ," ਸੇਲਵੀ ਅੰਮਾ ਕਹਿੰਦੀ ਹਨ। ਇਸਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਸੱਟ ਨਹੀਂ ਲੱਗਦੀ। "ਸੜਨ ਦੀ ਸੰਭਾਵਨਾ ਬਣੀ ਹੀ ਰਹਿੰਦੀ ਹੈ, ਕਈ ਵਾਰ ਅਸੀਂ ਸੜ ਵੀ ਜਾਂਦੇ ਹਾਂ। ਇਸ ਲਈ ਸਾਨੂੰ ਸਾਵਧਾਨ ਰਹਿਣਾ ਪੈਂਦਾ ਹੈ," ਉਹ ਚੇਤਾਵਨੀ ਦਿੰਦਿਆਂ ਕਹਿੰਦੀ ਹਨ। "ਅਸੀਂ ਅੱਗ ਨਾਲ਼ ਲੜਦੇ ਹਾਂ। ਪਰ ਦਿਮਾਗ਼ ਵਿੱਚ ਇਹ ਵਿਚਾਰ ਆਉਂਦਿਆਂ ਕਿ ਇਸ ਕੰਮ ਬਦਲੇ ਤੁਸੀਂ ਕਿੰਨੇ ਸੌ ਰੁਪਏ ਕਮਾ ਰਹੇ ਹੋ ਤੇ ਪੂਰਾ ਹਫ਼ਤਾ ਤੁਹਾਡਾ ਹੱਥ ਖੁੱਲ੍ਹਾ ਰਹਿਣ ਵਾਲ਼ਾ ਹੈ ਤਾਂ ਸਾਰਾ ਦਰਦ ਗਾਇਬ ਹੋ ਜਾਂਦਾ ਹੈ।''

PHOTO • Akshara Sanal
PHOTO • Akshara Sanal

ਖੱਬੇ : ਬਿਰਯਾਨੀ ਨੂੰ ਮਿੱਟੀ ਦੇ ਭਾਂਡੇ ਵਿੱਚ ਮੱਠੀ ਅੱਗ ' ਤੇ ਪਕਾਇਆ ਜਾਂਦਾ ਹੈ ਭਾਂਡੇ ਦੇ ਢੱਕਣ ਦੀ ਝੀਤਾਂ ਨੂੰ ਆਟੇ ਲਾ ਕੇ ਸੀਲ ਕਰ ਦਿੱਤਾ ਜਾਂਦਾ ਹੈ ਸੱਜੇ : ਚੁੱਲ੍ਹੇ ਦੀ ਅੱਗ ਨੂੰ ਠੀਕ ਕਰਦਾ ਇੱਕ ਰਸੋਈਆ

PHOTO • Akshara Sanal

ਸੇਲਵੀ ਅੰਮਾ ਸਾਰੀਆਂ ਸਮੱਗਰੀਆਂ ਨੂੰ ਮਿਲ਼ਾਉਂਦੀ ਹੋਈ

*****

ਮੁੱਖ ਰਸੋਈਆ, ਸੇਲਵੀ ਅੰਮਾ ਦਾ ਦਿਨ ਤੜਕਸਾਰ ਸ਼ੁਰੂ ਹੁੰਦਾ ਹੈ। ਸਵੇਰੇ 7 ਵਜੇ, ਉਹ ਕਰੁੰਬੁਕਦਾਈ ਨੇੜੇ ਆਪਣੇ ਘਰ ਤੋਂ ਰਸੋਈ ਤੱਕ ਦਾ 15 ਮਿੰਟ ਦੀ ਸਫ਼ਰ ਆਟੋ ਨਾਲ਼ ਤੈਅ ਕਰਦੀ ਹਨ। ਪਰ ਜਾਗ ਉਹ ਸਵੇਰੇ 5 ਵਜੇ ਜਾਂ ਕਈ ਵਾਰ ਇਸ ਤੋਂ ਵੀ ਪਹਿਲਾਂ ਜਾਂਦੀ ਹਨ ਤੇ ਘਰ ਵਿੱਚ ਪਾਲੇ ਗਏ ਪਸ਼ੂਆਂ- ਬੱਕਰੀਆਂ, ਮੁਰਗੀਆਂ ਅਤੇ ਬੱਤਖਾਂ ਦੀ ਦੇਖਭਾਲ ਕਰਦੀ ਹਨ। ਸੇਲਵੀ ਅੰਮਾ ਦੀ ਗੋਦ ਲਈ ਗਈ ਧੀ ਮਯੱਕਾ (40) ਡੰਗਰਾਂ ਨੂੰ ਪੱਠੇ ਤੇ ਚੋਗਾ ਪਾਉਣ, ਦੁੱਧ ਚੋਣ ਅਤੇ ਆਂਡੇ ਇਕੱਠੇ ਕਰਨ ਵਿੱਚ ਮਦਦ ਕਰਦੀ ਹਨ।  ਸੇਲਵੀ ਅੰਮਾ ਕਹਿੰਦੀ ਹਨ,"ਇਹ ਜਾਨਵਰ ਹੀ ਹਨ ਜਿਨ੍ਹਾਂ ਨਾਲ਼ ਸਮਾਂ ਬਿਤਾਉਣਾ ਮੈਨੂੰ ਸਕੂਨ ਦਿੰਦਾ ਹੈ ਤੇ ਦਿਨ ਭਰ ਦੇ ਤਣਾਅ ਨੂੰ ਘਟਾਉਂਦਾ ਹੈ।''

ਘਰ ਮੁੜ ਆਉਣ ਨਾਲ਼ ਵੀ, ਬਿਰਯਾਨੀ ਮਾਸਟਰ ਨੂੰ ਵਿਹਲ ਨਸੀਬ ਨਹੀਂ ਹੁੰਦੀ। ਉਹ ਆਪਣੇ ਭਰੋਸੇਮੰਦ ਦੋਸਤਾਂ ਦੀ ਮਦਦ ਨਾਲ਼ ਮਿਲ਼ੇ ਆਰਡਰਾਂ ਨੂੰ ਲਿਖ-ਲਿਖ ਕੇ ਟਰੈਕ ਕਰਦੀ ਹਨ। ਨਾਲ਼ ਹੀ ਅਗਲੇ ਦਿਨ ਲਈ ਲੋੜੀਂਦੇ ਰਾਸ਼ਨ ਦਾ ਬੰਦੋਬਸਤ ਵੀ ਕਰਦੀ ਹਨ।

"ਮੈਂ ਸਿਰ਼ਫ ਉਨ੍ਹਾਂ ਲਈ ਕੰਮ ਕਰਦੀ ਹਾਂ ਜਿਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਹੈ। ਮੈਨੂੰ ਵਿਹਲੇ ਰਹਿਣਾ ਪਸੰਦ ਨਹੀਂ ਤੇ ਨਾ ਹੀ ਮੈਨੂੰ ਸਿਰਫ਼ ਖਾਣਾ, ਪੀਣਾ ਤੇ ਸੌਣਾ ਹੀ ਚੰਗਾ ਲੱਗਦਾ ਹੈ।," ਰਾਤ ਦਾ ਖਾਣਾ ਪਕਾਉਣ ਲਈ ਰਸੋਈ ਵੱਲ ਜਾਂਦਿਆਂ ਸੇਲਵੀ ਅੰਮਾ ਕਹਿੰਦੀ ਹਨ।

ਮਹਾਂਮਾਰੀ ਦੌਰਾਨ ਸੇਲਵੀ ਦਾ ਕਾਰੋਬਾਰ ਤਿੰਨ ਸਾਲਾਂ ਲਈ ਬੰਦ ਸੀ। "ਸਾਡੇ ਕੋਲ਼ ਜਿਊਂਦੇ ਰਹਿਣ ਦਾ ਕੋਈ ਹੋਰ ਤਰੀਕਾ ਨਹੀਂ ਸੀ, ਇਸ ਲਈ ਅਸੀਂ ਦੁੱਧ ਲਈ ਗਾਂ ਖਰੀਦੀ। ਹੁਣ ਸਾਨੂੰ ਇੱਕ ਦਿਨ ਵਿੱਚ ਤਿੰਨ ਲੀਟਰ ਦੁੱਧ ਦੀ ਲੋੜ ਹੈ। ਜੇ ਥੋੜ੍ਹਾ ਬਚ ਜਾਵੇ ਤਾਂ ਅਸੀਂ ਵੇਚ ਦਿੰਦੇ ਹਾਂ," ਉਹ ਕਹਿੰਦੀ ਹਨ।

PHOTO • Akshara Sanal
PHOTO • Akshara Sanal

ਸਵੇਰੇ - ਸਵੇਰੇ ਸੇਲਵੀ ਗਾਂ ( ਖੱਬੇ ) ਨੂੰ ਪੱਠੇ ਪਾਉਂਦੀ ਹੋਈ ਉਹ ਆਪਣੇ ਗਾਹਕਾਂ ਦੇ ਆਰਡਰਾਂ ਨੂੰ ਟਰੈਕ ਲਈ ਡਾਇਰੀ ਵਿੱਚ ਲਿਖਦੀ ਰਹਿੰਦੀ ਹਨ

PHOTO • Akshara Sanal
PHOTO • Akshara Sanal

ਖੱਬੇ : ਸੇਲਵੀ ਆਪਣੇ ਕੁੱਤੇ ਅੱਪੂ ਨਾਲ਼ ਸੱਜੇ : ਸੇਲਵੀ ਅੰਮਾ ਤਾਮਿਲਨਾਡੂ ਸ਼ਹਿਰੀ ਹੈਬੀਟੇਟ ਡਿਵੈਲਪਮੈਂਟ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਇੱਕ ਘਰ ਵਿੱਚ ਰਹਿੰਦੀ ਹਨ ' ਇੱਥੋਂ ਦੇ ਲੋਕ ਸਾਡੇ ਨਾਲ਼ ਇੱਜ਼ਤ ਨਾਲ਼ ਪੇਸ਼ ਆਉਂਦੇ ਹਨ ,' ਉਹ ਕਹਿੰਦੀ ਹਨ

ਤਾਮਿਲਨਾਡੂ ਸ਼ਹਿਰੀ ਹੈਬੀਟੇਟ ਡਿਵੈਲਪਮੈਂਟ ਵਿਭਾਗ ਦੁਆਰਾ ਉਨ੍ਹਾਂ ਨੂੰ ਘਰ ਜਾਰੀ ਕੀਤਾ ਗਿਆ ਹੈ ਜੋ ਇੱਕ ਕੁਆਰਟਰ ਹੈ। ਇੱਥੇ ਜ਼ਿਆਦਾਤਰ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹਨ ਅਤੇ ਉਹ ਸਾਰੇ ਦਿਹਾੜੀ-ਧੱਪਾ ਲਾਉਂਦੇ ਹਨ। "ਇੱਥੇ ਕੋਈ ਅਮੀਰ ਅਸਾਮੀ ਨਹੀਂ ਰਹਿੰਦੀ। ਹਰ ਕੋਈ ਕੰਮ ਕਰਦਾ ਹੈ ਅਤੇ ਖਾਂਦਾ ਹੈ। ਜੇਕਰ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਖਾਲਸ ਦੁੱਧ ਚਾਹੀਦਾ ਹੋਵੇ ਤਾਂ ਉਹ ਮੇਰੇ ਕੋਲ਼ ਆਉਂਦੇ ਹਨ।''

"ਅਸੀਂ ਪਿਛਲੇ 25 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ। ਸਾਡੀ ਜ਼ਮੀਨ ਸਰਕਾਰ ਨੇ ਸੜਕ ਨਿਰਮਾਣ ਲਈ ਐਕਵਾਇਰ ਕੀਤੀ ਸੀ। ਉਸ ਦੇ ਬਦਲੇ, ਸਾਨੂੰ ਇਹ ਮਕਾਨ ਦਿੱਤੇ ਗਏ," ਉਹ ਕਹਿੰਦੀ ਹਨ, "ਇੱਥੋਂ ਦੇ ਲੋਕ ਸਾਡੇ ਨਾਲ਼ ਇੱਜ਼ਤ ਨਾਲ਼ ਪੇਸ਼ ਆਉਂਦੇ ਹਨ।''

ਤਰਜਮਾ: ਕਮਲਜੀਤ ਕੌਰ

Poongodi Mathiarasu

پون گوڈی متیا راسو، تمل ناڈو کے لوک فنکار ہیں، اور دیہی لوک فنکاروں اور ایل جی بی ٹی کیو آئی اے+ کمیونٹی کے ساتھ کام کرتے ہیں۔

کے ذریعہ دیگر اسٹوریز Poongodi Mathiarasu
Akshara Sanal

اکشرا سنل، چنئی کی فری لانس جرنلسٹ ہیں۔ انہیں عوام سے جڑی کہانیوں پر کام کرنا اچھا لگتا ہے۔

کے ذریعہ دیگر اسٹوریز Akshara Sanal
Editor : PARI Desk

پاری ڈیسک ہمارے ادارتی کام کا بنیادی مرکز ہے۔ یہ ٹیم پورے ملک میں پھیلے نامہ نگاروں، محققین، فوٹوگرافرز، فلم سازوں اور ترجمہ نگاروں کے ساتھ مل کر کام کرتی ہے۔ ڈیسک پر موجود ہماری یہ ٹیم پاری کے ذریعہ شائع کردہ متن، ویڈیو، آڈیو اور تحقیقی رپورٹوں کی اشاعت میں مدد کرتی ہے اور ان کا بندوبست کرتی ہے۔

کے ذریعہ دیگر اسٹوریز PARI Desk
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur