ਉਹ ਦੌੜ ਸਕਦੀ ਹੈ ਤੇ ਕੋਚ ਉਹਨੂੰ ਹੋਰ ਨਿਖਾਰ ਸਕਦਾ ਹੈ।
ਇਸੇ ਸੋਚ ਨੂੰ ਮੁੱਖ ਰੱਖ ਤੇ ਜਯੰਤ ਟਾਂਡੇਕਰ ਨੇ ਦੋ ਕਮਰਿਆਂ ਦਾ ਇੱਕ ਘਰ ਕਿਰਾਏ 'ਤੇ ਲਿਆ ਤੇ ਬੱਚੀ ਨੂੰ ਆਪਣੀ ਛਤਰ-ਛਾਇਆ ਹੇਠ ਰੱਖਣਾ ਠੀਕ ਸਮਝਿਆ।
ਟਾਂਡੇਕਰ ਇਸ ਅੱਠ ਸਾਲਾ ਬੱਚੀ, ਉਰਵਸ਼ੀ ਜ਼ਰੀਏ ਆਪਣਾ ਸੁਪਨਾ ਪੂਰਾ ਕਰਨਾ ਚਾਹ ਰਹੇ ਹਨ, ਜੀਵਨ ਵਿੱਚ ਜੋ ਉਹ ਖੁਦ ਹਾਸਲ ਨਹੀਂ ਕਰ ਸਕਦੇ ਉਰਵਸ਼ੀ ਰਾਹੀਂ ਕਰਨਾ ਚਾਹੁੰਦੇ ਹਨ।
ਇਹ ਕਹਾਣੀ ਹੈ ਇੱਕ ਪੇਂਡੂ ਬੱਚੀ, ਉਹਦੇ ਮਾਪਿਆਂ ਤੇ ਇੱਕ ਨੌਜਵਾਨ ਅਥਲੈਟਿਕਸ ਕੋਚ ਦੀ, ਜੋ ਪੈਸੇ ਦੀ ਕਿੱਲਤ ਨਾਲ਼ ਜੂਝਦਿਆਂ ਵੀ ਵੱਡੇ ਸੁਪਨੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹਦੇ ਕੋਲ਼ ਕੁਝ ਹੈ ਤਾਂ ਉਹ ਹੈ ਸੰਕਲਪ ਜੋ ਬਹੁਤ ਉੱਚਾ ਹੈ।
ਦੋ ਸਾਲ ਪਹਿਲਾਂ, ਅੱਠ ਸਾਲਾ ਉਰਵਸ਼ੀ ਨਿੰਬਾਰਟੇ ਟਾਂਡੇਕਰ ਕੋਲ਼ ਆਈ। ਉਹ ਭੰਡਾਰਾ ਸ਼ਹਿਰ ਦੇ ਬਾਹਰਵਾਰ ਕਿਰਾਏ ਦੇ ਇੱਕ ਘਰ ਵਿੱਚ ਰਹਿੰਦੇ ਸਨ, ਉਰਵਸ਼ੀ ਨੇ ਆਪਣਾ ਜ਼ਰੂਰੀ ਸਮਾਨ ਲਿਆ ਤੇ ਕੋਚ ਦੇ ਨਾਲ਼ ਰਹਿਣ ਆ ਗਈ। ਹੁਣ ਤੋਂ ਉਹ ਕੋਚ ਹੀ ਬੱਚੀ ਦੀ ਮਾਂ ਤੇ ਪਿਓ ਹਨ। ਉਰਵਸ਼ੀ ਦੇ ਮਾਪਿਆਂ ਕੋਲ਼ ਪੈਸੇ ਦੇ ਨਾਮ 'ਤੇ ਕੁਝ ਨਹੀਂ, ਦੋਵੇਂ ਛੋਟੇ ਕਿਸਾਨ ਹਨ ਤੇ ਭੰਡਾਰਾ ਸ਼ਹਿਰ ਤੋਂ 25 ਕਿਲੋਮੀਟਰ ਦੂਰ ਡੱਵਾ ਪਿੰਡ ਰਹਿੰਦੇ ਹਨ। ਪਰ ਛੋਟੀ ਬੱਚੀ ਦੀ ਮਾਂ, ਮਾਧੁਰੀ ਚਾਹੁੰਦੇ ਹਨ ਉਨ੍ਹਾਂ ਦੀ ਧੀ ਜੀਵਨ ਵਿੱਚ ਕੁਝ ਨਾ ਕੁਝ ਜ਼ਰੂਰ ਬਣੇ ਤੇ ਇਸ ਸੁਪਨੇ ਵਾਸਤੇ ਉਨ੍ਹਾਂ ਨੂੰ ਇਸ ਨੌਜਵਾਨ ਕੋਚ 'ਤੇ ਬਹੁਤ ਯਕੀਨ ਹੈ।
ਪਤਲੀ ਦੇਹ ਤੇ ਮਧਰੇ ਕੱਦ ਦੀ ਮਾਧੁਰੀ ਨੇ ਆਪਣੇ ਬੱਚਿਆਂ ਨੂੰ ਬੜੇ ਚਾਅ ਨਾਲ਼ ਪਾਲ਼ਿਆ ਹੈ ਤੇ ਇਹੀ ਕਾਮਨਾ ਕੀਤੀ ਹੈ ਕਿ ਉਹ ਅਰਥਪੂਰਣ ਜੀਵਨ ਜਿਊਣ। ਉਰਵਸ਼ੀ ਦੇ ਪਿਤਾ, ਤੇ ਉਨ੍ਹਾਂ ਦੇ ਪਤੀ ਖੇਤੀ ਕਰਦੇ ਹਨ ਤੇ ਦੂਹਰੀ ਕਮਾਈ ਵਾਸਤੇ ਨੇੜੇ ਪੈਂਦੀ ਛੋਟੀ ਸਨਅਤ ਵਿੱਚ ਦਿਹਾੜੀ ਮਜ਼ਦੂਰੀ ਕਰ ਲੈਂਦੇ ਹਨ।
"ਜੇ ਉਹ ਸਾਡੇ ਨਾਲ਼ ਰਹਿੰਦੀ ਤਾਂ ਅਗਲੇ 10 ਸਾਲਾਂ ਵਿੱਚ ਉਹਦਾ ਜੀਵਨ ਵੀ ਮੇਰੇ ਵਾਂਗਰ ਹੀ ਹੋ ਜਾਂਦਾ- ਵਿਆਹ ਕਰਾਉਣਾ ਬੱਚੇ ਪਾਲਣਾ, ਖੇਤਾਂ ਵਿੱਚ ਹੱਢ ਤੋੜਨਾ ਤੇ ਇੱਕ ਦਿਨ ਮਰ ਜਾਣਾ," ਇੱਕ ਮਾਂ ਨੇ ਆਪਣਾ ਦਿਲ ਫਰੋਲਿਆ ਜਦੋਂ ਮਊ ਵਿਖੇ ਆਪਣੇ ਦੋ ਕਮਰਿਆਂ ਦੇ ਘਰ ਵਿੱਚ ਉਹ ਆਪਣੇ ਪਤੀ ਤੇ ਆਪਣੇ ਸਹੁਰੇ ਦੇ ਨਾਲ਼ ਬੈਠੀ ਪਾਰੀ ਨਾਲ਼ ਗੱਲ ਕਰ ਰਹੀ ਹੁੰਦੀ ਹੈ। "ਮੈਂ ਇਹ ਕਦੇ ਬਰਦਾਸ਼ਤ ਨਹੀਂ ਸਾਂ ਕਰ ਸਕਦੀ ਕਿ ਉਹਦੇ ਨਾਲ਼ ਵੀ ਉਹੀ ਹੋਵੇ ਜੋ ਮੇਰੇ ਨਾਲ਼ ਹੋਇਆ," ਉਹਨੇ ਗੱਲ ਪੂਰੀ ਕੀਤੀ।
ਉਰਵਸ਼ੀ, ਟਾਂਡੇਕਰ ਨੂੰ ' ਮਾਮਾ ' ਕਹਿੰਦੀ ਹੈ। ਕੋਚ ਨੇ ਜਦੋਂ ਉਰਵਸ਼ੀ ਦੇ ਬਤੌਰ ਐਥਲੀਟ ਕਮਾਨ ਸੰਭਾਲ਼ੀ ਤਾਂ ਉਨ੍ਹਾਂ ਦੀ ਉਮਰ ਕੋਈ 35 ਸਾਲ ਸੀ ਤੇ ਵਿਆਹੇ ਨਹੀਂ ਸਨ।
ਟਾਂਡੇਕਰ ਦਲਿਤ ਹਨ ਤੇ ਚਮਾਰ ਜਾਤੀ ਤੋਂ ਆਉਂਦੇ ਹਨ। ਉਨ੍ਹਾਂ ਅੰਦਰ ਭੰਡਾਰਾ, ਗੋਂਡੀਆ ਤੇ ਗੜਚਿਰੌਲੀ ਜ਼ਿਲ੍ਹਿਆਂ ਤੋਂ ਚੰਗੇ ਐਥਲੀਟ ਤਿਆਰ ਕਰਨ ਦੀ ਇੱਛਾ ਭਰੀ ਹੋਈ ਹੈ। ਉਨ੍ਹਾਂ ਦਾ ਜੀਵਨ ਜਿਹੜੇ ਮੌਕਿਆਂ ਤੋਂ ਸੱਖਣਾ ਰਿਹਾ, ਹਵਾ ਨਾਲ਼ ਗੱਲਾਂ ਕਰਦੇ ਦੌੜਾਕਾਂ ਨੂੰ ਉਹ ਇਹੀ ਮੌਕੇ ਦੇਣਾ ਲੋਚਦੇ ਹਨ।
ਉਰਵਸ਼ੀ ਕੁੰਬੀ (ਓਬੀਸੀ) ਜਾਤ ਤੋਂ ਆਉਂਦੀ ਹੈ, ਬਾਵਜੂਦ ਇਹਦੇ ਉਹਦੇ ਮਾਪਿਆਂ ਨੇ ਮਹਿਸੂਸ ਕੀਤਾ ਕਿ ਹੁਣ ਜਾਤੀ ਦਰਜਾਬੰਦੀ ਦੇ ਨਾਲ਼ ਨਾਲ਼ ਪੁਰਸ਼ਵਾਦੀ ਫਾਹੇ, ਦੋਵਾਂ ਨੂੰ ਕਿੱਲੀ ਟੰਗਣ ਦਾ ਸਮਾਂ ਆ ਗਿਆ ਹੈ। 2024 ਦੀਆਂ ਗਰਮੀਆਂ ਦੀ ਇੱਕ ਸਵੇਰ ਹੈ, ਭੰਡਾਰਾ ਦੇ ਸ਼ਿਵਾਜੀ ਸਟੇਡੀਅਮ ਵਿਖੇ ਪਾਰੀ ਨਾਲ਼ ਗੱਲ ਕਰਦਿਆਂ, ਟਾਂਡੇਕਰ ਕਹਿੰਦੇ ਹਨ ਕਿ ਉਰਵਸ਼ੀ ਸੰਭਾਵਨਾ-ਸੰਪੰਨ ਬੱਚੀ ਹੈ।
ਭੰਡਾਰਾ ਵਿਖੇ, ਉਹ ਇੱਕ ਅਕੈਡਮੀ ਚਲਾਉਂਦੇ ਹਨ ਜਿਹਦਾ ਨਾਮ ਹੈ ਅਨਾਥ ਪਿੰਡਕ- ਯਤੀਮਾਂ ਨੂੰ ਤਾਰਨ ਵਾਲ਼ੀ। ਆਪਣੇ 50 ਦੇ ਕਰੀਬ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਲਈ ਉਹ ਖ਼ੁਦ ਵੀ ਛੋਟੇ-ਛੋਟੇ ਦਾਨਕਰਤਾਵਾਂ 'ਤੇ ਨਿਰਭਰ ਹਨ ਤੇ ਨਿੱਕੀਆਂ-ਨਿੱਕੀਆਂ ਪੁਲਾਂਘਾਂ ਭਰਦੇ ਬਾਮੁਸ਼ਕਲ ਹੀ ਆਪਣੇ ਸੁਪਨੇ ਵੱਲ ਵੱਧ ਰਹੇ ਹਨ। ਮਧਰੇ ਕੱਦ ਤੇ ਗੋਲ਼ ਚਿਹਰੇ 'ਤੇ ਜਲੋਅ ਭਰੀਆਂ ਅੱਖਾਂ ਵਾਲ਼ਾ ਇਹ ਕੋਚ ਇੱਛਾਵਾਂ ਨਾਲ਼ ਭਰੇ ਪੇਂਡੂ ਦੌੜਾਕਾਂ ਨੂੰ ਅਸਫ਼ਲਤਾ ਤੋਂ ਕਦੇ ਨਾ ਡਰਨ ਦਾ ਪਾਠ ਪੜ੍ਹਾਉਂਦਾ ਹੈ।
ਹਰ ਸਵੇਰ ਉਹ ਬਾਕੀ ਬੱਚਿਆਂ ਦੇ ਸ਼ਾਮਲ ਹੋਣ ਤੋਂ ਪਹਿਲਾਂ ਹੀ ਉਰਵਸ਼ੀ ਨੂੰ ਗਰਾਊਂਡ ਲੈ ਆਉਂਦੇ ਹਨ ਤੇ ਸਿਖਲਾਈ ਸ਼ੁਰੂ ਕਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਉਹਨੂੰ ਆਪਣੇ ਨਿਯਮਿਤ ਅਭਿਆਸ ਨੂੰ ਕਰਦੇ ਰਹਿਣਾ ਪੈਂਦਾ ਹੈ।
ਆਪਣੇ ਟ੍ਰੈਕ ਸੂਟ ਵਿੱਚ ਉਰਵਸ਼ੀ ਜਦੋਂ ਟ੍ਰੈਕ 'ਤੇ ਦੌੜ ਲਾਉਂਦੀ ਹੈ ਤਾਂ ਉਹ ਪਛਾਣੀ ਨਹੀਂ ਜਾਂਦੀ। ਆਪਣੇ ਗੁਰੂ ਤੇ ਮਾਮਾ ਦੇ ਨਕਸ਼ੇਕਦਮ 'ਤੇ ਤੁਰਦਿਆਂ ਹੱਸਦੀ-ਖਿੜਖਿੜਾਉਂਦੀ, ਦੌੜਨ ਨੂੰ ਉਤਾਵਲ਼ੀ ਉਰਵਸ਼ੀ ਸਖ਼ਤ ਮਿਹਨਤ ਕਰਦਿਆਂ ਹੌਲ਼ੀ-ਹੌਲ਼ੀ ਆਪਣੇ ਸੁਪਨੇ ਵੱਲ ਨੂੰ ਵੱਧ ਰਹੀ ਹੈ। ਅਜੇ ਉਹਨੇ ਬੜਾ ਲੰਬਾ ਪੈਂਡਾ ਤੈਅ ਕਰਨਾ ਹੈ, ਉਂਝ ਉਹਨੇ ਸਕੂਲ ਵਿੱਚ ਅਥਲੈਟਿਕ ਮੁਕਾਬਲੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ; ਟਾਂਡੇਕਰ ਛੇਤੀ ਹੀ ਉਹਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਉਦੇਸ਼ ਉਰਵਸ਼ੀ ਨੂੰ ਸਟੇਟ ਤੇ ਨੈਸ਼ਨਲ ਦੇ ਪੱਧਰ ਤੱਕ ਲੈ ਜਾਣਾ ਹੈ।
ਟਾਂਡੇਕਰ ਚਾਹੁੰਦੇ ਹਨ ਕਿ ਪੇਂਡੂ ਬੱਚਿਆਂ ਨੂੰ ਦੌੜ ਵਿੱਚ ਸ਼ਾਮਲ ਹੋਣਾ ਹੀ ਚਾਹੀਦਾ ਹੈ, ਫਿਰ ਭਾਵੇਂ ਇਹਦੇ ਲਈ ਕੁਝ ਵੀ ਕਿਉਂ ਨਾ ਕਰਨਾ ਪਵੇ। ਉਹ ਬੱਚਿਆਂ ਅੰਦਰ ਜੋਸ਼ ਭਰਨ ਲਈ ਪੀਟੀ ਊਸ਼ਾ ਜਿਹੇ ਹੋਰ ਦੌੜਾਕਾਂ ਦੀਆਂ ਉਦਾਹਰਣਾਂ ਦਿੰਦੇ ਹਨ ਜਿਨ੍ਹਾਂ ਦਰਪੇਸ਼ ਲੱਖ ਰੁਕਾਵਟਾਂ ਆਈਆਂ ਪਰ ਉਹ ਨਿੱਤਰ ਕੇ ਸਾਹਮਣੇ ਆਏ। ਉਨ੍ਹਾਂ ਦੇ ਵਿਦਿਆਰਥੀਆਂ ਨੂੰ ਯਕੀਨ ਹੈ ਕਿ ਜੇਕਰ ਉਹ ਵੀ ਸਖ਼ਤ ਮਿਹਨਤ ਕਰਨ ਤੇ ਵੱਡੇ ਸੁਪਨੇ ਦੇਖਦੇ ਰਹਿਣ ਤਾਂ ਇੱਕ ਨਾ ਇੱਕ ਦਿਨ ਉਹ ਇਹਦੇ ਕਾਬਲ ਬਣ ਹੀ ਜਾਣਗੇ।
ਆਪਣੇ ਇਸ ਸਫ਼ਰ ਦੌਰਾਨ ਸਿਖਦਿਆਂ-ਸਿਖਾਉਂਦਿਆਂ ਟਾਂਡੇਕਰ ਨੇ ਉਰਵਸ਼ੀ ਦੀ ਖੁਰਾਕ ਤੇ ਪੋਸ਼ਣ ਵੱਲ ਉਚੇਚਾ ਧਿਆਨ ਦੇਣਾ ਸ਼ੁਰੂ ਕੀਤਾ, ਜਿਸ ਵਿੱਚ ਦੁੱਧ ਆਂਡੇ ਸ਼ਾਮਲ ਹਨ ਜੋ ਬੱਚੀ ਨੂੰ ਲਗਾਤਾਰ ਨਹੀਂ ਮਿਲ਼ਦੇ ਰਹੇ। ਉਰਵਸ਼ੀ ਦੇ ਖਾਣੇ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟਸ ਤੇ ਫੈਟ ਭਰਪੂਰ ਹੋਵੇ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਨ। ਟਾਂਡੇਕਰ ਦੀ ਭੈਣ, ਜੋ ਭੰਡਾਰਾ ਵਿਖੇ ਹੀ ਰਹਿੰਦੀ ਹੈ ਮੱਛੀ ਵਗੈਰਾ ਲਿਆਉਂਦੀ ਰਹਿੰਦੀ ਹੈ। ਉਰਵਸ਼ੀ ਦੀ ਮਾਂ ਆਪਣੀ ਧੀ ਦੇ ਸਕੂਲ ਜਾਣ ਤੇ ਰੋਜ਼ਮੱਰਾ ਦੇ ਕੰਮਾਂ ਵਿੱਚ ਮਦਦ ਕਰਨ ਲਈ ਆਉਂਦੀ ਹੀ ਰਹਿੰਦੀ ਹੈ।
ਕੋਚ ਇਹ ਗੱਲ ਵੀ ਸੁਨਿਸ਼ਚਿਤ ਕਰਦੇ ਹਨ ਕਿ ਉਰਵਸ਼ੀ ਕੋਲ਼ ਚੰਗੀ ਕਵਾਲਿਟੀ ਦੇ ਬੂਟ ਹੋਣ, ਜੋ ਖ਼ੁਦ ਉਨ੍ਹਾਂ ਨੂੰ ਕਦੇ ਨਸੀਬ ਨਹੀਂ ਸਨ ਹੋਏ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਬੇਜ਼ਮੀਨੇ ਮਜ਼ਦੂਰ ਸਨ ਜਿਨ੍ਹਾਂ ਲਈ ਗੁਜ਼ਾਰਾ ਤੋਰਨਾ ਬੇਹੱਦ ਮੁਸ਼ਕਲ ਰਿਹਾ। ਇੱਕ ਤਾਂ ਉਹ ਬਹੁਤ ਸ਼ਰਾਬ ਪੀਂਦੇ ਸਨ ਤੇ ਆਪਣੀ ਮਾੜੀ-ਮੋਟੀ ਹੁੰਦੀ ਕਮਾਈ ਦਾ ਇੱਕ ਹਿੱਸਾ ਵੀ ਸ਼ਰਾਬ 'ਤੇ ਵਹਾ ਦਿਆ ਕਰਦੇ। ਉਹ ਉਨ੍ਹਾਂ ਦਿਨਾਂ ਨੂੰ ਚੇਤੇ ਕਰਦੇ ਹਨ ਜਦੋਂ ਉਹ ਤੇ ਉਨ੍ਹਾਂ ਦੇ ਭੈਣ-ਭਰਾ ਭੁੱਖੇ ਢਿੱਡ ਹੀ ਰਿਹਾ ਕਰਦੇ।
''ਮੈਂ ਟ੍ਰੈਕ 'ਤੇ ਦੌੜਨ ਦਾ ਸੁਪਨਾ ਦੇਖਿਆ ਸੀ,'' ਆਪਣੀ ਅਵਾਜ਼ ਵਿੱਚ ਉੱਠਦੇ ਦਰਦ, ਚੀਸ ਨੂੰ ਲੁਕਾਉਣ ਦੀ ਵਿਅਰਥ ਕੋਸ਼ਿਸ਼ ਵਿੱਚ ਫਿੱਕਾ ਹਾਸਾ ਹੱਸਦਿਆਂ ਕਹਿੰਦੇ ਹਨ,''ਪਰ ਮੈਨੂੰ ਮੌਕਾ ਨਾ ਮਿਲ਼ਿਆ।''
ਪਰ ਜੇਕਰ ਉਰਵਸ਼ੀ ਤੇ ਹੋਰਨਾਂ ਬੱਚਿਆਂ ਨੂੰ ਕੁਝ ਬਣਨ ਦਾ ਮੌਕਾ ਮਿਲ਼ਦਾ ਹੈ ਤਾਂ ਟਾਂਡੇਕਰ ਜਾਣਦੇ ਹਨ ਕਿ ਉਨ੍ਹਾਂ ਕੋਲ਼ ਨਰੋਆ ਭੋਜਨ, ਜੁੱਤਿਆਂ ਦੇ ਨਾਲ਼-ਨਾਲ਼ ਵੱਡੀ ਲੀਗ ਤੱਕ ਪਹੁੰਚਣ ਦਾ ਹਰ ਜ਼ਰੂਰੀ ਸਮਾਨ ਹੋਣਾ ਚਾਹੀਦਾ ਹੈ।
ਜਿਸ ਵਿੱਚ ਉਨ੍ਹਾਂ ਦਾ ਚੰਗੇ ਸਕੂਲਾਂ ਵਿੱਚ ਜਾਣਾ ਤੇ ਸਖ਼ਤ ਤੋਂ ਸਖ਼ਤ ਮੁਕਾਬਲਿਆਂ ਦਾ ਹਿੱਸਾ ਬਣਨਾ ਸ਼ਾਮਲ ਹੋਵੇਗਾ।
ਗਿੱਟੇ ਨੂੰ ਮੋਚ ਆਉਣ, ਮਾਸ-ਪਾਟਣ, ਥਕਾਵਟ ਤੇ ਵਾਧਾ-ਵਿਕਾਸ ਦੀ ਹਾਲਤ ਵਿੱਚ ਲੋੜ ਪੈਣ 'ਤੇ ਚੰਗੀ ਸਿਹਤ ਸਹੂਲਤ ਪ੍ਰਾਪਤ ਕਰਨਾ ਵੀ ਸ਼ਾਮਲ ਰਹੇਗਾ।
''ਇਹ ਮੁਸ਼ਕਲ ਤਾਂ ਹੈ,'' ਉਹ ਕਹਿੰਦੇ ਹਨ,''ਪਰ ਘੱਟੋ-ਘੱਟ ਮੈਂ ਆਪਣੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣੇ ਤੇ ਉਨ੍ਹਾਂ ਦਾ ਪਿੱਛਾ ਕਰਨਾ ਤਾਂ ਸਿਖਾ ਹੀ ਦਿਆਂਗਾ।''
ਤਰਜਮਾ: ਕਮਲਜੀਤ ਕੌਰ