ਗਣੇਸ਼ ਪੰਡਿਤ, ਜੋ ਹੁਣ ਆਪਣੀ ਉਮਰ ਦੇ 30ਵੇਂ ਦਹਾਕੇ ਵਿੱਚ ਹਨ, ਨਵੀਂ ਦਿੱਲੀ ਦੇ ਯਮੁਨਾ ਪੁਲ ਦੇ ਨੇੜਲੇ ਲੋਹਾ ਪੁਲ ਇਲਾਕੇ ਦੇ ਸਭ ਤੋਂ ਛੋਟੇ ਵਸਨੀਕ ਹਨ। ਉਹ ਕਹਿੰਦੇ ਹਨ ਕਿ ਅੱਜ ਦੇ ਨੌਜਵਾਨ ਚਾਂਦਨੀ ਚੌਕ ਨੇੜੇ "ਮੁੱਖ ਧਾਰਾ" ਦੀਆਂ ਨੌਕਰੀਆਂ ਕਰਨ ਨੂੰ ਮਹੱਤਵ ਦੇ ਰਹੇ ਹਨ ਜਿਨ੍ਹਾਂ ਕੰਮਾਂ ਵਿੱਚ ਉਹ ਤੈਰਾਕੀ ਟ੍ਰੇਨਰ, ਪ੍ਰਚੂਨ ਦੁਕਾਨਾਂ ਵਿੱਚ ਸਹਾਇਕ ਵਜੋਂ ਕੰਮ ਕਰਦੇ ਹਨ।
ਯਮੁਨਾ ਨਦੀ ਦਿੱਲੀ ਵਿੱਚੋਂ ਲੰਘਦੀ ਹੈ ਅਤੇ ਗੰਗਾ ਦੀ ਸਭ ਤੋਂ ਲੰਬੀ ਸਹਾਇਕ ਨਦੀ ਹੈ ਅਤੇ ਘਣਤਾ ਦੇ ਮਾਮਲੇ ਵਿੱਚ ਦੂਜੀ ਸਭ ਤੋਂ ਵੱਡੀ (ਪਹਿਲੀ ਘੱਗਰ ਹੈ) ਸਹਾਇਕ ਨਦੀ ਹੈ।
ਪੰਡਿਤ ਯਮੁਨਾ ਦੇ ਕਿਨਾਰੇ ਇੱਕ ਫੋਟੋ ਸ਼ੂਟ ਦਾ ਆਯੋਜਨ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਆਪਣੀ ਕਿਸ਼ਤੀ ਰਾਹੀਂ ਲੈ ਜਾਂਦੇ ਹਨ ਜੋ ਨਦੀ ਦੇ ਵਿਚਕਾਰ ਰਸਮਾਂ ਕਰਨਾ ਚਾਹੁੰਦੇ ਹਨ। "ਜਿੱਥੇ ਵਿਗਿਆਨ ਅਸਫ਼ਲ ਹੁੰਦਾ ਹੈ, ਉੱਥੇ ਵਿਸ਼ਵਾਸ ਕੰਮ ਕਰਦਾ ਹੈ," ਉਹ ਦੱਸਦੇ ਹਨ। ਉਨ੍ਹਾਂ ਦੇ ਪਿਤਾ ਉੱਥੇ ਪੁਜਾਰੀ ਵਜੋਂ ਕੰਮ ਕਰਦੇ ਹਨ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਦੋਵਾਂ ਭਰਾਵਾਂ ਨੇ "ਕੁਝ ਸਮਾਂ ਪਹਿਲਾਂ ਜਮੁਨਾ [ਯਮੁਨਾ] ਵਿੱਚ ਤੈਰਾਕੀ ਕਰਨੀ ਸਿੱਖ ਲਈ ਸੀ।'' ਪੰਡਿਤ ਦੇ ਭਰਾ ਇਸ ਸਮੇਂ ਪੰਜ ਸਿਤਾਰਾ ਹੋਟਲਾਂ ਵਿੱਚ ਲਾਈਫਗਾਰਡ ਵਜੋਂ ਕੰਮ ਕਰ ਰਹੇ ਹਨ।
ਨੌਜਵਾਨ ਦਾ ਕਹਿਣਾ ਹੈ ਕਿ ਅੱਜ ਲੋਕ ਆਪਣੀ ਧੀ ਦਾ ਵਿਆਹ ਕਿਸ਼ਤੀ ਚਾਲਕ ਨਾਲ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਕੰਮ ਤੋਂ ਨਾ ਤਾਂ ਕੋਈ ਆਮਦਨੀ ਹੀ ਹੁੰਦੀ ਹੈ ਤੇ ਨਾ ਹੀ ਇਸ ਕੰਮ ਪ੍ਰਤੀ ਕੋਈ ਸਨਮਾਨ ਹੀ ਬਾਕੀ ਹੈ। "ਮੈਂ ਲੋਕਾਂ ਨੂੰ ਕਿਸ਼ਤੀ ਦੀ ਸਵਾਰੀ ਕਰਾਉਂਦਿਆਂ ਦਿਹਾੜੀ ਦਾ 300-500 ਰੁਪਏ ਕਮਾਉਂਦਾ ਹਾਂ," ਉਹ ਲੋਕਾਂ ਦੀ ਮਾਨਸਿਕਤਾ ਨਾਲ਼ ਅਸਹਿਮਤ ਹੁੰਦੇ ਹੋਏ ਕਹਿੰਦੇ ਹਨ। ਪੰਡਿਤ ਦਾ ਕਹਿਣਾ ਹੈ ਕਿ ਉਹ ਨਦੀ 'ਤੇ ਫ਼ੋਟੋ ਅਤੇ ਵੀਡੀਓ ਸ਼ੂਟ ਦਾ ਪ੍ਰਬੰਧ ਕਰਕੇ ਵੀ ਥੋੜ੍ਹਾ ਬਹੁਤ ਪੈਸਾ ਕਮਾਉਂਦੇ ਹਨ।
ਦਹਾਕਿਆਂ-ਬੱਧੀ ਕਿਸ਼ਤੀ ਚਲਾਉਣ ਤੋਂ ਬਾਅਦ ਵੀ, ਉਹ ਨਦੀ ਦੇ ਪਾਣੀ ਦੇ ਪ੍ਰਦੂਸ਼ਣ ਬਾਰੇ ਗੱਲ ਕਰਦਿਆਂ ਉਦਾਸ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ ਯਮੁਨਾ ਉਦੋਂ ਹੀ ਸਾਫ਼ ਹੁੰਦੀ ਹੈ ਜਦੋਂ ਸਤੰਬਰ ਮਹੀਨੇ ਮਾਨਸੂਨ ਦੇ ਪਾਣੀ ਨਾਲ਼ ਹੜ੍ਹ ਆਉਂਦਾ ਹੈ ਅਤੇ ਮੌਜੂਦਾ ਪਾਣੀ ਨੂੰ ਬਾਹਰ ਕੱਢ ਦਿੰਦਾ ਹੈ।
ਯਮੁਨਾ ਨਦੀ ਦਾ ਸਿਰਫ਼ 22 ਕਿਲੋਮੀਟਰ (ਜਾਂ ਸਿਰਫ 1.6 ਪ੍ਰਤੀਸ਼ਤ) ਦਾ ਦਾਇਰਾ ਹੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੰਦਰ ਵਗਦਾ ਹੈ। ਪਰ 1,376 ਕਿਲੋਮੀਟਰ ਲੰਬੀ ਇਸ ਨਦੀ ਦੇ 80 ਪ੍ਰਤੀਸ਼ਤ ਪ੍ਰਦੂਸ਼ਣ ਦਾ ਕਾਰਨ ਇਹ ਛੋਟਾ ਜਿਹਾ ਦਾਇਰਾ ਹੀ ਬਣਦਾ ਹੈ। ਪੜ੍ਹੋ: ਯਮੁਨਾ ਨਦੀ ਬਣੀ ਦਿੱਲੀ ਦੀ ਸੀਵਰ ਲਾਈਨ
ਤਰਜਮਾ: ਕਮਲਜੀਤ ਕੌਰ