ਕੇਂਦਰੀ ਮੁੰਬਈ ਤੋਂ ਲਗਭਗ 95 ਕਿਲੋਮੀਟਰ ਦੀ ਦੂਰੀ ‘ਤੇ ਥਾਣੇ ਜਿਲ੍ਹੇ ਦੇ ਪਿੰਡ ਨਿੰਬਾਵਲੀ ਵਿੱਚ ਸਪ੍ਰੇਯਾ ਪਹਾੜੀ ਦੇ ਨਾਲ ਲੱਗਦਾ ਸਾਡਾ ਗਰੇਲਪਾੜਾ (ਪਿੰਡ ਦਾ ਛੋਟਾ ਜਿਹਾ ਹਿੱਸਾ) ਹੈ। ਵਰਲੀ ਅਦਿਵਾਸੀਆਂ ਦੇ ਇਸ ਛੋਟੇ ਜਿਹੇ ਪਿੰਡ ਵਿੱਚ ਸਿਰਫ਼ 20-25 ਕੁ ਹੀ ਘਰ ਹਨ।
ਹਰ ਸਾਲ ਵਾਂਗ ਇਸ ਸਾਲ ਵੀ ਇਸ ਪਾੜਾ (ਬਸਤੀ) ਵਿੱਚ ਦੀਵਾਲੀ ਰਿਵਾਇਤੀ ਤਰੀਕੇ ਨਾਲ ਮਨਾਈ ਗਈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਸਭ ਤਿਓਹਾਰ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦੇ ਹਨ।
ਸਾਡੇ ਆਦਿਵਾਸੀ ਸਮਾਜ ਵਿੱਚ ਵਾਘਬਰਸੀ, ਬੜਕੀ ਤਿਵਲੀ, ਮੋਠੀ ਤਿਵਲੀ ਅਤੇ ਬਲੀਪ੍ਰਤਿਪਾੜਾ ਦੀਵਾਲੀ ਦੇ ਮੁੱਖ ਚਾਰ ਦਿਨ ਹੁੰਦੇ ਹਨ। ਇਸ ਸਾਲ ਇਹ ਦਿਨ 5 ਤੋਂ ਲੈ ਕੇ 8 ਨਵੰਬਰ ਤੱਕ ਮਨਾਏ ਗਏ।
ਵਰਲੀ ਲੋਕ ਬਾਘ ਨੂੰ ਭਗਵਾਨ ਮੰਨਦੇ ਹਨ ਅਤੇ ਵਾਘਬਰਸੀ ਵਾਲੇ ਦਿਨ ਅਸੀਂ ਬਾਘ ਦੀ ਪੂਜਾ ਕਰਦੇ ਹਾਂ। ਆਦਿਵਾਸੀ ਪਾੜਾ ਆਮ ਤੌਰ ‘ਤੇ ਜੰਗਲ ਵਿੱਚ ਸਥਿਤ ਹੁੰਦੇ ਹਨ। ਪਹਿਲਾਂ ਵਰਲੀ ਲੋਕਾਂ ਦਾ ਜੀਵਨ ਪੂਰਨ ਤੌਰ ‘ਤੇ ਜੰਗਲ ‘ਤੇ ਨਿਰਭਰ ਹੁੰਦਾ ਸੀ। ਤਦ ਲੋਕ ਪਸ਼ੂ ਚਰਾਉਣ ਲਈ ਜੰਗਲਾਂ ਵਿੱਚ ਜਾਂਦੇ ਸਨ, ਅਤੇ ਕੁਝ ਲੋਕ ਤਾਂ ਅੱਜ ਵੀ ਜਾਂਦੇ ਹਨ। ਲੋਕ ਬਾਘ ਨੂੰ ਪ੍ਰਾਰਥਨਾ ਕਰਦੇ ਸਨ ਕਿ ਉਹਨਾਂ ‘ਤੇ ਹਮਲਾ ਨ ਕਰੇ ਅਤੇ ਇਸ ਤਰਾਂ ਡਰ ਵਿੱਚੋਂ ਹੀ ਸ਼ਰਧਾ ਨੇ ਜਨਮ ਲਿਆ।
ਕੇਂਦਰੀ ਮੁੰਬਈ ਤੋਂ ਲਗਭਗ 95 ਕਿਲੋਮੀਟਰ ਦੀ ਦੂਰੀ ‘ਤੇ ਥਾਣੇ ਜਿਲ੍ਹੇ ਦੇ ਪਿੰਡ ਨਿੰਬਾਵਲੀ ਵਿੱਚ ਸਪ੍ਰੇਯਾ ਪਹਾੜੀ ਦੇ ਨਾਲ ਲੱਗਦਾ ਸਾਡਾ ਗਰੇਲਪਾੜਾ ਹੈ। ਹਰ ਸਾਲ ਵਾਂਗ ਇਸ ਸਾਲ ਵੀ ਇਸ ਪਾੜਾ ਵਿੱਚ ਦੀਵਾਲੀ ਰਿਵਾਇਤੀ ਤਰੀਕੇ ਨਾਲ ਮਨਾਈ ਗਈ
ਗਾਓਦੇਵੀ ਮਡੀਰ ਵਿੱਚ ਇੱਕ ਲੱਕੜ ਦਾ ਫੱਟਾ ਹੈ ਜਿਸ ਉੱਤੇ ਬਾਘ ਦੀ ਮੂਰਤ ਉੱਕਰੀ ਹੋਈ ਹੈ। ਪਿੰਡ ਵਾਸੀ ਇੱਥੇ ਆਪਣੇ ਭਗਵਾਨ ਦੀ ਪੂਜਾ ਕਰਨ ਲਈ ਨਾਰੀਅਲ ਤੋੜਦੇ, ਧੂਫ਼ ਬੱਤੀ ਕਰਦੇ ਅਤੇ ਦੀਵੇ ਜਗਾਓਂਦੇ ਹਨ। ਪਾੜਾ ਦੇ ਨੇੜੇ ਜੰਗਲ ਵਿੱਚ ਕੁਝ ਦੂਰੀ ‘ਤੇ ਵਾਘਿਆ (ਬਾਘ) ਪੂਜਾ ਸਥਾਨ ਹੈ ਜਿੱਥੇ ਸੰਧੂਰ ਲੱਗਿਆ ਇੱਕ ਵੱਡਾ ਪੱਥਰ ਰੱਖਿਆ ਹੋਇਆ ਹੈ।
ਬੜਕੀ ਤਿਵਲੀ (ਛੋਟਾ ਦੀਵਾ) ਵਾਲੇ ਦਿਨ ਮੇਰੀ ਮਾਂ ਪ੍ਰਮਿਲਾ ਜੰਗਲ ਵਿੱਚੋਂ ਚਿਰੋਟੀ ਇਕੱਠੀ ਕਰਦੀ ਹੈ। ਮੇਰੀ 46 ਸਾਲਾ ਮਾਂ ਪਹਿਲਾਂ ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਦੇ ਨਾਲ ਨਾਲ ਗੁੜ ਤੋਂ ਬਣੀ ਸ਼ਰਾਬ ਵੇਚਦੀ ਸੀ, ਪਰ ਹੁਣ ਉਹ ਜੰਗਲ ਵਿੱਚ ਸਾਡੀ ਜ਼ਮੀਨ ਦੇ ਛੋਟੇ ਜਿਹੇ ਟੱਕ ‘ਤੇ ਖੇਤੀ ਕਰਦੀ ਹੈ। ਚਿਰੋਟੀ, ਖੀਰੇ ਪਰਿਵਾਰ ਦਾ ਛੋਟਾ ਜਿਹਾ ਫ਼ਲ ਹੈ ਜਿਸ ਦਾ ਸਵਾਦ ਕੌੜਾ ਹੁੰਦਾ ਹੈ। ਮੇਰੀ ਮਾਂ ਚਿਰੋਟੀ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਖੋਖਲਾ ਕਰ ਲੈਂਦੀ ਹੈ ਤਾਂ ਜੋ ਇਸ ਦੇ ਖੋਲ ਨੂੰ ਦੀਵੇ ਵਾਂਗ ਵਰਤਿਆ ਜਾ ਸਕੇ।
ਗੋਹੇ ਅਤੇ ਮਿੱਟੀ ਨੂੰ ਮਿਲਾ ਕੇ ਦੀਵਾ ਰੱਖਣ ਲਈ ਗੋਲ, ਖੋਖਲਾ ਹੋਲਡਰ ਜਿਹਾ ਬਣਾਇਆ ਜਾਂਦਾ ਹੈ ਜਿਹਨੂੰ ਬੋਵਾਲ ਕਿਹਾ ਜਾਂਦਾ ਹੈ। ਇਸ ਨੂੰ ਗੇਂਦੇ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਸ਼ਾਮ ਨੂੰ ਬੋਵਾਲ ਵਿੱਚ ਰੱਖ ਕੇ ਦੀਵਾ ਜਗਾਇਆ ਜਾਂਦਾ ਹੈ ਅਤੇ ਉੱਚੀ ਥਾਂ ਰੱਖੇ ਹੋਣ ਕਰਨ ਇਸ ਦੀ ਰੋਸ਼ਨੀ ਨਾਲ ਸਾਰਾ ਘਰ ਭਰ ਜਾਂਦਾ ਹੈ।
ਪਹਿਲਾਂ ਸਾਡੇ ਪਾੜਾ ਵਿੱਚ ਸਾਰੇ ਘਰ ਕਰਵੀ ਦੀਆਂ ਛਟੀਆਂ ‘ਤੇ ਲੱਕੜਾਂ ਨਾਲ ਬਣੇ ਹੁੰਦੇ ਸਨ। ਛੱਤ ਵੀ ਕਾਨਿਆਂ ਦੀ ਬਣੀ ਹੁੰਦੀ ਸੀ। ਉਸ ਸਮੇਂ ਗੋਹੇ ਨਾਲ ਬਣੇ ਬੋਵਾਲ ਝੋਂਪੜੀ ਨੂੰ ਅੱਗ ਲੱਗਣ ਦੇ ਖਤਰੇ ਤੋਂ ਬਚਾਓਂਦੇ ਸਨ। (ਲਗਭਗ ਸਾਲ 2010 ਦੌਰਾਨ ਸਾਡੇ ਪਿੰਡ ਵਿੱਚ ਲੋਕਾਂ ਨੇ ਇੰਦਰਾ ਆਵਾਸ ਯੋਜਨਾ ਤਹਿਤ ਪੱਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ)।
ਬਰਕੀ ਅਤੇ ਮੋਠੀ ਤਿਵਲੀ ('ਵੱਡਾ ਦੀਵਾ') ਦੇ ਮੌਕੇ ਪਿੰਡ ਦੇ ਘਰਾਂ ਦੀਆਂ ਕੰਧਾਂ ‘ਤੇ ਦੀਵੇ ਜਗਾਏ ਜਾਂਦੇ ਹਨ। ਇਹਨਾਂ ਦੋ ਰਾਤਾਂ ਦੌਰਾਨ ਤਿਵਲੀ ਦੀ ਰੋਸ਼ਨੀ ਪਾੜਾ ਵਿੱਚ ਹਨੇਰਾ ਦੂਰ ਕਰਦੀ ਹੈ। ਡੰਗਰਾਂ ਦੇ ਵਾੜੇ ਵਿੱਚ, ਸ਼ੇਂਕਾਈ (ਗੋਹਾ ਸੁੱਟਣ ਦੀ ਥਾਂ) ਅਤੇ ਖੂਹਾਂ ‘ਤੇ- ਗੱਲ ਕੀ ਹਰ ਥਾਂ ਹਵਾ ਵਿੱਚ ਲਹਿਰਾਓਂਦੀ ਦੀਵਿਆਂ ਦੀ ਰੋਸ਼ਨੀ ਦਿਖਾਈ ਦਿੰਦੀ ਹੈ।
ਬਲੀਪ੍ਰਤਿਪਾੜਾ ਦੇ ਦਿਨ ਜਸ਼ਨ ਪਹੁ ਫੁੱਟਦੇ ਹੀ ਸ਼ੁਰੂ ਹੋ ਜਾਂਦੇ ਹਨ। ਇਸ ਦਿਨ ‘ਡਾਂਬ’ ਨਾਮ ਦੀ ਸ਼ਰਾਰਤ ਦਾ ਵੀ ਰਿਵਾਜ ਰਿਹਾ ਹੈ, ਜਿਸ ਵਿੱਚ ਸੁਲਗਦੀ ਹੋਈ ਬੀੜੀ ਨਾਲ ਬੇਧਿਆਨੇ ਬੈਠੇ ਲੋਕਾਂ ਨੂੰ ਛੇੜਿਆ ਜਾਂਦਾ ਸੀ। “ਸਾਰੇ ਸਵੇਰੇ ਜਲਦੀ ਉਠ ਕੇ ਨਹਾ ਧੋ ਕੇ ਤਿਆਰ ਹੋ ਜਾਂਦੇ ਅਤੇ ਸੁੱਤੇ ਪਏ ਲੋਕਾਂ ਨੂੰ ਡਾਂਬ ਨਾਲ ਹੀ ਜਗਾਇਆ ਜਾਂਦਾ ਸੀ,” ਮੇਰੇ 42 ਸਾਲਾ ਚਾਚਾ ਜੀ ਰਾਮ ਪਰੇਦ ਦਾ ਦੱਸਣਾ ਹੈ। ਉਹਨਾਂ ਦਾ ਪਰਿਵਾਰ ਇੱਟਾਂ ਦੇ ਭੱਠੇ ‘ਤੇ ਕੰਮ ਕਰਦਾ ਸੀ, ਪਰ ਹੁਣ ਉਹ ਠੇਕੇ ‘ਤੇ ਮਜਦੂਰੀ ਕਰਦੇ ਹਨ ਅਤੇ ਮਾਨਸੂਨ ਦੌਰਾਨ ਜੰਗਲ ਵਿੱਚ ਆਪਣੀ ਜਮੀਨ ‘ਤੇ ਖੇਤੀ ਕਰਦੇ ਹਨ।
ਬਲੀਪ੍ਰਤਿਪਾੜਾ ਦੇ ਦਿਨ ਹਰ ਘਰ ਵਿੱਚ ਵੇਹੜਾ ਗੋਹੇ ਨਾਲ ਲਿੱਪਿਆ ਜਾਂਦਾ ਹੈ ਅਤੇ ਡੰਗਰਾਂ ਦੇ ਵਾੜੇ ਦੀ ਵੀ ਸਾਫ ਸਫਾਈ ਕੀਤੀ ਜਾਂਦੀ ਹੈ। ਇਸ ਦਿਨ ਪਸ਼ੂਆਂ ਨੂੰ ਸਜਾ ਕੇ ਪੂਜਾ ਕੀਤੀ ਜਾਂਦੀ ਹੈ। “ਇਹ ਇੱਕ ਆਦਿਵਾਸੀ ਰਿਵਾਇਤ ਹੈ,” 70 ਸਾਲਾ ਅਸ਼ੋਕ ਕਾਕਾ ਗਰੇਲ ਜੋ ਕਿ ਚਰਵਾਹੇ ਹਨ ਦਾ ਕਹਿਣਾ ਹੈ, ਅਤੇ ਇਹਨਾਂ ਨੇ ਆਪਣੇ ਹੱਥ ਗੇਰੂ ਦੀ ਮਿੱਟੀ ‘ਤੇ ਚੌਲਾਂ ਦੇ ਸਟਾਰਚ ਦੇ ਘੋਲ ਵਿੱਚ ਫੇਰ ਰਹੇ ਹਨ। ਇਸ ਲਾਲ ਰੰਗ ਨਾਲ ਡੰਗਰਾਂ ਉੱਪਰ ਹੱਥਾਂ ਦਾ ਛਾਪਾ ਲਾ ਕੇ ਸਜਾਵਟ ਕੀਤੀ ਜਾਂਦੀ ਹੈ। ਸਿੰਗਾਂ ਨੂੰ ਵੀ ਇਸੇ ਰੰਗ ਨਾਲ ਰੰਗਿਆ ਜਾਂਦਾ ਹੈ।
ਜਦ ਪਾੜਾ ਦੇ ਆਦਮੀ ਪਸ਼ੂਆਂ ਦੇ ਸ਼ਿੰਗਾਰ ਵਿੱਚ ਰੁੱਝੇ ਹੁੰਦੇ ਹਨ ਤਾਂ ਔਰਤਾਂ ਦੀਵਾਲੀ ‘ਤੇ ਬਣਨ ਵਾਲੇ ਪਕਵਾਨਾਂ ਦੀ ਤਿਆਰੀ ਵਿੱਚ ਰੁੱਝੀਆਂ ਰਹਿੰਦੀਆਂ ਹਨ। ਇਸ ਮੌਕੇ ਪਾਨਮੋੜੀ, ਚਾਵਲੀ ਅਤੇ ਕਰਾਂਦੇ ਵਰਗੇ ਪਕਵਾਨਾਂ ਦੀ ਸਭ ਬੇਸਬਰੀ ਨਾਲ ਉਡੀਕ ਕਰਦੇ ਹਨ। ਇਹਨਾਂ ਪਕਵਾਨਾਂ ਲਈ ਲੋੜੀਂਦੀ ਸਮੱਗਰੀ ਅਦਿਵਾਸੀਆਂ ਵੱਲੋਂ ਆਪ ਉਗਾਈ ਜਾਂਦੀ ਹੈ।
“ਸਾਡੇ ਛੋਟੇ ਖੇਤਾਂ ਵਿੱਚੋਂ ਨਵੀਂ ਵਾਢੀ ਦੇ ਚੌਲਾਂ ਨੂੰ ਪੀਸ ਕੇ ਪਾਊਡਰ ਬਣ ਲਿਆ ਜਾਂਦਾ ਹੈ। ਇਸ ਵਿੱਚ ਕੱਦੂਕਸ਼ ਕੀਤਾ ਖੀਰਾ ‘ਤੇ ਗੁੜ ਮਿਲਾਇਆ ਜਾਂਦਾ ਹੈ। ਇਸ ਮਿਸ਼ਰਣ ਨੂੰ ਚਾਹ ਦੇ ਪੱਤਿਆਂ ਵਿੱਚ ਵਲੇਟ ਕੇ ਭਾਫ਼ ਨਾਲ ਪਕਾਇਆ ਜਾਂਦਾ ਹੈ,” ਮੇਰੀ ਮਾਂ ਪ੍ਰਮਿਲਾ ਪਾਨਮੋੜੀ ਬਣਾਉਣ ਦੀ ਵਿਧੀ ਦੱਸਦੀ ਹੈ। “ਇੱਕ ਧਾਰਨਾ ਇਹ ਹੈ ਕਿ ਜਦ ਪਾਨਮੋੜੀ ਪੱਕਦੀ ਹੈ ਤਾਂ ਘਰ ਵਿੱਚ ਝਾੜੂ ਨਹੀਂ ਫੇਰਨਾ ਕਿਓਂਕਿ ਇੰਜ ਕਰਨ ਨਾਲ ਪਾਨਮੋੜੀ ਕੱਚੀ ਰਹਿ ਜਾਂਦੀ ਹੈ।”
ਕਰਾਂਦੇ ਦੀ ਬਿਜਾਈ ਲਈ ਮੌਨਸੂਨ ਦੌਰਾਨ ਜ਼ਮੀਨ ਦਾ ਨੂੰ ਪੱਧਰ ਕਰ ਲਿਆ ਜਾਂਦਾ ਹੈ ਅਤੇ ਦੀਵਾਲੀ ਆਉਣ ਤੱਕ ਵੇਲਾਂ ਨੂੰ ਕਰਾਂਦੇ ਲੱਗਣ ਲੱਗ ਜਾਂਦੇ ਹਨ। ਕੁਝ ਗੂੜ੍ਹੇ ਰੰਗ ਦੇ ਹੁੰਦੇ ਹਨ ‘ਤੇ ਕੁਝ ਚਿੱਟੇ ਰੰਗ ਦੇ, ਆਕਾਰ ਵਿੱਚ ਕੁਝ ਗੋਲ ਹੁੰਦੇ ਹਨ ‘ਤੇ ਕੁਝ ਬੇਢਬੇ ਜਿਹੇ ਹੁੰਦੇ ਹਨ। ਇਨ੍ਹਾਂ ਦਾ ਸਵਾਦ ਆਲੂ ਵਰਗਾ ਹੁੰਦਾ ਹੈ। ਜੰਗਲ ਦੇ ਕੁਝ ਹਿੱਸਿਆਂ ਵਿੱਚ ਸੁੱਕੇ ਪੱਤੇ, ਪਰਾਲ਼ੀ ਅਤੇ ਪਾਥੀਆਂ ਬਾਲ ਕੇ ਚਾਵਲੀ ਲਈ ਜ਼ਮੀਨ ਤਿਆਰ ਕੀਤੀ ਜਾਂਦੀ ਹੈ। ਜ਼ਮੀਨ ਵਾਹ ਕੇ ਚਾਵਲੀ (ਲੋਬੀਆ), ਜਿਸ ਨੂੰ ਅਸੀਂ ਚਾਵਲਾ ਵੀ ਕਹ ਦਿੰਦੇ ਹਾਂ, ਬੀਜ ਦਿੱਤੀ ਜਾਂਦੀ ਹੈ। ਬਲੀਪ੍ਰਤਿਪਾੜਾ ਦੇ ਦਿਨ ਕੱਟੇ ਹੋਏ ਕਰਾਂਦੇ ‘ਤੇ ਚਾਵਲਾ ਨੂੰ ਪਾਣੀ ਵਿੱਚ ਨਮਕ ਪਾ ਕੇ ਉਬਾਲਿਆ ਜਾਂਦਾ ਹੈ।
ਰਸੋਈ ਤੋਂ ਵਿਹਲੇ ਹੋ ਕੇ ਔਰਤਾਂ ਪਸ਼ੂਆਂ ਦੇ ਵਾੜੇ ਵੱਲ ਰੁੱਖ ਕਰਦੀਆਂ ਹਨ। ਝੋਨੇ ਦੇ ਮੁੱਢ, ਇੱਕ ਘੋਟਣਾ, ਖੁਦਾਈ ਲਈ ਲੋਹੇ ਦੀ ਛੜ ਅਤੇ ਗੇਂਦੇ ਦੇ ਫੁੱਲ ਬਾਹਰ ਰੱਖੇ ਜਾਂਦੇ ਹਨ। ਜਦੋਂ ਹੀ ਪਸ਼ੂ ਬਾਹਰ ਨਿਕਲਦੇ ਹਨ ਤਾਂ ਚਿਰੋਟੀ ਦੇ ਫ਼ਲ ਉਹਨਾਂ ਦੇ ਪੈਰਾਂ ਹੇਠਾਂ ਸੁੱਟੇ ਜਾਂਦੇ ਹਨ। ਇਹ ਮਾਨਤਾ ਹੈ ਕਿ ਪਸ਼ੂਆਂ ਦੇ ਪੈਰਾਂ ਹੇਠ ਆਏ ਚਿਰੋਟੀ ਦੇ ਬੀਜਾਂ ਤੋਂ ਅੱਗੇ ਪੈਦਾ ਫ਼ਲ ਮਿੱਠੇ ਹੁੰਦੇ ਹਨ।
ਪਸ਼ੂ ਖੇਤੀ ਦਾ ਅਨਿੱਖੜਵਾਂ ਅੰਗ ਹਨ ਅਤੇ ਇਹ ਕਿਸਾਨ ਦੇ ਬਰਾਬਰ ਖੇਤਾਂ ਵਿੱਚ ਅਣਥੱਕ ਮਿਹਨਤ ਕਰਦੇ ਹਨ। ਇਸੇ ਕਾਰਨ ਵਰਲੀ ਲੋਕਾਂ ਦਾ ਮੰਨਣਾ ਹੈ ਕਿ ਈਰਖਾ ਕਰਨ ਵਾਲੇ ਉਹਨਾਂ ਦੇ ਪਸ਼ੂਆਂ ਨੂੰ ਬੁਰੀ ਨਜ਼ਰ ਦਾ ਸ਼ਿਕਾਰ ਬਣਾ ਲੈਂਦੇ ਹਨ। ਬੁਰੀ ਨਜ਼ਰ ਹੁਣ ਦੂਰ ਰੱਖਣ ਲਈ ਆਦਿਵਾਸੀ ‘ਅਗਨੀ ਪੂਜਾ’ ਕਰਦੇ ਹਨ ਜਿਸ ਵਿੱਚ ਪਿੰਡ ਦੇ ਸਾਰੇ ਪਸ਼ੂ- ਗਊਆਂ, ਮੱਝਾਂ, ਬਲਦ ‘ਤੇ ਬੱਕਰੀਆਂ ਨੂੰ ਝੋਨੇ ਦੀ ਪਰਾਲੀ ਬਾਲ਼ ਕੇ ਉਸ ਵਿੱਚੋਂ ਟਪਾਇਆ ਜਾਂਦਾ ਹੈ।
ਇਸ ਦਿਨ ਵਰਲੀ ਲੋਕ ਆਪਣੇ ਦੇਵਤਿਆਂ ਨੂੰ ਪੂਜਦੇ ਹਨ- ਵਾਘਿਆ (ਬਾਘ), ਹਿਰਵਾ (ਹਰਿਆਲੀ), ਹਿਮਾਈ (ਪਹਾੜਾਂ ਦੀ ਦੇਵੀ), ਕੰਸਾਰੀ (ਅਨਾਜ), ਨਰੰਦੇਵ (ਰੱਖਿਅਕ) ਅਤੇ ਚੇੜੋਬਾ (ਬੁਰਾਈ ਤੋਂ ਬਚਾਓਣ ਵਾਲੇ ਦੇਵਤਾ। ਗੇਂਦੇ ਦੇ ਫੁੱਲਾਂ ਨੂੰ ਸੁੱਚਾ ਕਰ ਕੇ ਦੇਵਤਿਆਂ ਨੂੰ ਚਾਵਲਾ, ਕਰਾਂਦੇ ਅਤੇ ਪਾਨਮੋੜੀ ਦਾ ਭੋਗ ਚੜਾਇਆ ਜਾਂਦਾ ਹੈ। ਇਸ ਸਮੇਂ ਤੋਂ ਲੈ ਕੇ ਮੌਨਸੂਨ ਆਓਣ ਤੱਕ ਕਈ ਵਰਲੀ ਔਰਤਾਂ ਆਪਣੇ ਵਾਲਾਂ ਵਿੱਚ ਗੇਂਦੇ ਦੇ ਫੁੱਲ ਲਾਓਂਦੀਆਂ ਹਨ। ਉਸ ਤੋਂ ਬਾਦ ਦੀਵਾਲੀ ਆਓਣ ਤੱਕ ਗੇਂਦੇ ਦੇ ਫੁੱਲਾਂ ਦੀ ਪੂਜਾ ਵਿੱਚ ਜਾਂ ਸ਼ਿੰਗਾਰ ਲਈ ਵਰਤੋਂ ਨਹੀਂ ਕੀਤੀ ਜਾਂਦੀ।
ਜੰਗਲ ਵਿੱਚ ਆਪਣੇ ਛੋਟੇ ਜ਼ਮੀਨ ਦੇ ਟੋਟਿਆਂ ਵਿੱਚ ਆਦਿਵਾਸੀ ਲੋਕ ਹੱਡ ਭੰਨਵੀਂ ਮਿਹਨਤ ਕਰਦੇ ਹਨ। ਪਹਾੜਾਂ ਦੀ ਸਖ਼ਤ ਜ਼ਮੀਨ ‘ਤੇ ਪਸੀਨਾ ਵਹਾ ਕੇ ਆਦਿਵਾਸੀ ਲੋਕ ਫ਼ਸਲ ਪੈਦਾ ਕਰਦੇ ਹਨ। ਦਿਵਲੈ ਆਓਣ ਤੱਕ- ਚੌਲ, ਉੜਦ, ਜੁਆਰ ‘ਤੇ ਹੋਰ ਫ਼ਸਲਾਂ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀਆਂ ਹਨ। ਜੇ ਕੁਦਰਤ ਦੀ ਮਿਹਰਬਾਨੀ ਸਦਕਾ ਝਾੜ ਚੰਗਾ ਮਿਲ ਜਾਵੇ ਤਾਂ ਕੁਝ ਪਰਿਵਾਰ ਫ਼ਸਲ ਵੇਚ ਕੇ ਵੀ ਵਾਧੂ ਕਮਾਈ ਕਰ ਲੈਂਦੇ ਹਨ। ਅਤੇ ਇਸੇ ਖੁਸ਼ੀ ਵਿੱਚ ਆਦਿਵਾਸੀ ਲੋਕ ਦੀਵਾਲੀ ਮਨਾਓਂਦੇ ਹਨ। ਜਦ ਤੱਕ ਨਵੀਂ ਫ਼ਸਲ ਦੀ ਪੂਜਾ ਨਹੀਂ ਕਰ ਲੈਂਦੇ ਉਹ ਉਸ ਨੂੰ ਖਾਣ ਲਈ ਨਹੀਂ ਵਰਤਦੇ।
ਪਰ ਮੌਨਸੂਨ ਲੰਘ ਜਾਣ ‘ਤੇ ਖੇਤਾਂ ਵਿੱਚ ਕੋਈ ਕੰਮ ਨਹੀਂ ਹੁੰਦਾ। ਇਸ ਸਮੇਂ ਲੋਕਾਂ ਨੂੰ ਰੋਜ਼ਗਾਰ ਦੇ ਹੋਰ ਵਸੀਲੇ ਤਲਾਸ਼ ਕਰਨੇ ਪੈਂਦੇ ਹਨ। ਕੁਝ ਲੋਕ ਨੇੜਲੇ ਪਿੰਡਾਂ ਵਿੱਚ ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਲਾਗ ਜਾਂਦੇ ਹਨ ਜਾਂ ਫੇਰ ਉੱਤਰੀ ਮੁੰਬਈ ਦੇ ਬਾਹਰਲੇ ਇਲਾਕਿਆਂ ਵਿੱਚ ਉਸਾਰੀ ਦੇ ਕੰਮ ‘ਤੇ ਲੱਗ ਜਾਂਦੇ ਹਨ। ਕੁਝ ਲੋਕ ਅਗਲੇ ਕੁਝ ਮਹੀਨਿਆਂ ਲਈ ਪੱਥਰਾਂ ਦੀਆਂ ਖਦਾਨਾਂ ਜਾਂ ਸ਼ੱਕਰ ਪੱਟੀ ਦੇ ਇਲਾਕਿਆਂ ਵਿੱਚ ਕੰਮ ‘ਤੇ ਚਲੇ ਜਾਂਦੇ ਹਨ।
ਸਮਯੁਕਤਾ ਸ਼ਾਸਤਰੀ ਨੇ ਮਰਾਠੀ ਤੋਂ ਅੰਗਰੇਜ਼ੀ ਅਨੁਵਾਦ ਕੀਤਾ ਹੈ।
ਤਰਜਮਾ: ਨਵਨੀਤ ਕੌਰ ਧਾਲੀਵਾਲ