ਆਪਣੀ ਸਾਰੀ ਉਮਰ ਮੈਂ ਪਸ਼ੂਆਂ ਦੀ ਸਾਂਭ-ਸੰਭਾਲ਼ ਕੀਤੀ ਹੈ। ਇਹ ਸਾਡੇ ਰਾਇਕਾ ਸਮਾਜ ਦਾ ਕੰਮ ਹੈ: ਅਸੀਂ ਪਸ਼ੂ ਪਾਲ਼ਦੇ ਹਾਂ।
ਮੇਰਾ ਨਾਂ ਸੀਤਾ ਦੇਵੀ ਹੈ ਅਤੇ ਮੈਂ 40 ਵਰ੍ਹਿਆਂ ਦੀ ਹੈ। ਰਵਾਇਤੀ ਤੌਰ ’ਤੇ ਸਾਡਾ ਭਾਈਚਾਰਾ ਪਸ਼ੂਆਂ ਦੀ ਦੇਖ਼ਭਾਲ ਲਈ ਜਾਣਿਆ ਜਾਂਦਾ ਹੈ— ਖ਼ਾਸਕਰ ਊਠਾਂ ਅਤੇ ਹਾਲ ਹੀ ਵਿੱਚ ਭੇਡਾਂ, ਬੱਕਰੀਆਂ, ਗਾਵਾਂ ਅਤੇ ਮੱਝਾਂ ਲਈ। ਸਾਡੀ ਬਸਤੀ ਨੂੰ ਤਾਰਾਮਗਰੀ ਪੁਕਾਰਿਆ ਜਾਂਦਾ ਹੈ ਅਤੇ ਇਹ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿੱਚ ਪੈਂਦੇ ਜੈਤਾਰਨ ਬਲਾਕ ਦੇ ਕੁੜਕੀ ਪਿੰਡ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ।
ਮੇਰਾ ਵਿਆਹ ਹਰੀ ਰਾਮ ਦੇਵਸੀ [46] ਨਾਲ਼ ਹੋਇਆ ਹੈ ਅਤੇ ਅਸੀਂ ਆਪਣੇ ਦੋ ਪੁੱਤਰਾਂ- ਸਵਾਈ ਰਾਮ ਦੇਵਸੀ ਅਤੇ ਜਮਤਾ ਰਾਮ ਦੇਵਸੀ ਅਤੇ ਉਹਨਾਂ ਦੀਆਂ ਪਤਨੀਆਂ ਕ੍ਰਮਵਾਰ ਆਸ਼ੂ ਦੇਵੀ ਅਤੇ ਸੰਜੂ ਦੇਵੀ ਨਾਲ਼ ਰਹਿੰਦੇ ਹਾਂ। ਆਸ਼ੂ ਅਤੇ ਸਵਾਈ ਕੋਲ਼ 10 ਮਹੀਨਿਆਂ ਦਾ ਬੇਟਾ ਹੈ। ਮੇਰੇ ਮਾਤਾ ਜੀ, ਸ਼ਾਇਰੀ ਦੇਵੀ,64, ਵੀ ਸਾਡੇ ਨਾਲ਼ ਹੀ ਰਹਿੰਦੇ ਹਨ।
ਮੇਰਾ ਦਿਨ ਸਵੇਰੇ 6 ਕੁ ਵਜੇ ਮੇਰੇ ਜਾਂ ਮੇਰੀਆਂ ਨੂੰਹਾਂ ਦੁਆਰਾ ਬਣਾਈ ਗਈ ਬੱਕਰੀ ਦੇ ਦੁੱਧ ਦੀ ਚਾਹ ਨਾਲ਼ ਸ਼ੁਰੂ ਹੁੰਦਾ ਹੈ। ਫ਼ਿਰ ਅਸੀਂ ਭੋਜਨ ਬਣਾਉਂਦੇ ਹਾਂ ਅਤੇ ਵਾੜੇ [ਪਸ਼ੂਆਂ ਨੂੰ ਰੱਖਣ ਵਾਲੀ ਜਗ੍ਹਾ] ਵੱਲ ਜਾਂਦੇ ਹਾਂ ਜਿੱਥੇ ਅਸੀਂ ਆਪਣੀਆਂ ਭੇਡਾਂ ਅਤੇ ਬੱਕਰੀਆਂ ਰੱਖੀਆਂ ਹੋਈਆਂ ਹਨ। ਇੱਥੇ ਮੈਂ ਚਿੱਕੜ ਭਰੇ ਫ਼ਰਸ਼ ਨੂੰ ਸਾਫ਼ ਕਰਦੀ ਹਾਂ ਅਤੇ ਪਸ਼ੂਆਂ ਦੇ ਮਲ਼ ਨੂੰ ਇੱਕ ਪਾਸੇ ਇਕੱਠਾ ਕਰਦੀ ਹਾਂ ਤਾਂ ਕਿ ਇਸਨੂੰ ਬਾਅਦ ਵਿੱਚ ਵਰਤਿਆ ਜਾ ਸਕੇ।
ਇਹ ਵਾੜਾ ਸਾਡੇ ਘਰ ਦੇ ਬਿਲਕੁਲ ਪਿਛਲੇ ਪਾਸੇ ਹੈ ਅਤੇ ਇੱਥੇ ਸਾਡੇ 60 ਪਸ਼ੂ, ਦੋਵੇਂ ਭੇਡਾਂ ਅਤੇ ਬੱਕਰੀਆਂ ਰਹਿੰਦੀਆਂ ਹਨ। ਇਸਦੇ ਅੰਦਰ ਇੱਕ ਛੋਟਾ ਜਿਹਾ ਘੇਰਾ ਹੈ ਜਿੱਥੇ ਅਸੀਂ ਲੇਲੇ ਅਤੇ ਬੱਚੇ ਰੱਖਦੇ ਹਾਂ। ਵਾੜੇ ਦੇ ਇੱਕ ਪਾਸੇ ਅਸੀਂ ਸੁੱਕਾ ਚਾਰਾ ਸਟੋਰ ਕਰਦੇ ਹਾਂ— ਇਹ ਜ਼ਿਆਦਾਤਰ ਸੁੱਕੀ ਗੁਆਰੇ ਦੀ ਪਰਾਲੀ ਹੁੰਦੀ ਹੈ। ਭੇਡਾਂ ਅਤੇ ਬੱਰਰੀਆਂ ਤੋਂ ਇਲਾਵਾ ਅਸੀਂ ਦੋ ਗਾਵਾਂ ਵੀ ਰੱਖੀਆਂ ਹੋਈਆਂ ਹਨ ਅਤੇ ਘਰ ਦੇ ਮੁੱਖ ਦੁਆਰ ਕੋਲ਼ ਇਹਨਾਂ ਲਈ ਇੱਕ ਵੱਖਰਾ ਸ਼ੈੱਡ ਹੈ।










