ਤੂਫ਼ਾਨੀ ਅਤੇ ਉਹਨਾਂ ਦੀ ਹੋਰ ਜੁਲਾਹਿਆਂ ਦੀ ਟੀਮ ਸਵੇਰੇ 6:30 ਵਜੇ ਤੋਂ ਕੰਮ ਵਿੱਚ ਰੁੱਝੀ ਹੋਈ ਹੈ। 12 ਇੰਚ ਪ੍ਰਤੀ ਦਿਨ ਦੀ ਰਫ਼ਤਾਰ ਨਾਲ਼ ਇਹ ਚਾਰੇ ਜਣੇ 23 x 6 ਫੁੱਟ ਦਾ ਗਲੀਚਾ 40 ਦਿਨਾਂ ਵਿੱਚ ਪੂਰਾ ਕਰ ਲੈਣਗੇ।
ਦੁਪਿਹਰ ਦੇ 12:30 ਕੁ ਵਜੇ ਤੂਫ਼ਾਨੀ ਬਿੰਦ ਲੱਕੜ ਦੇ ਬੈਂਚ 'ਤੇ ਆਰਮ ਕਰਨ ਲਈ ਬੈਠਦੇ ਹਨ। ਉੱਤਰ ਪ੍ਰਦੇਸ਼ ਦੇ ਪਿੰਡ ਪੁਰਜਾਗੀਰ ਮੁਜੇਹਾਰਾ ਵਿਖੇ ਆਪਣੀ ਵਰਕਸ਼ਾਪ ਦੇ ਟੀਨ ਦੇ ਸ਼ੈਡ ਵਿੱਚ ਬੈਠੇ ਹਨ ਜਿੱਥੇ ਉਹਨਾਂ ਦੇ ਪਿੱਛੇ ਲੱਕੜ ਦੇ ਫਰੇਮ ਉੱਪਰ ਚਿੱਟੇ ਰੰਗ ਦੇ ਸੂਤੀ ਧਾਗੇ ਟੰਗੇ ਹੋਏ ਹਨ। ਇਹ ਸੂਬੇ ਦੀ ਕਾਲੀਨ ਬੁਣਾਈ ਉਦਯੋਗ ਦਾ ਦਿਲ ਹੈ ਜਿਸ ਕਲਾ ਨੂੰ ਮਿਰਜ਼ਾਪੁਰ ਵਿੱਚ ਮੁਗ਼ਲ ਲੈ ਕੇ ਆਏ ਅਤੇ ਅੰਗਰੇਜਾਂ ਨੇ ਇਸ ਦਾ ਉਦਯੋਗੀਕਰਨ ਕੀਤਾ ਸੀ। ਸਾਲ 2020 ਦੀ ਭਾਰਤੀ ਹੈਂਡਲੂਮ ਜਨਗਣਨਾ ਅਨੁਸਾਰ ਕਾਲੀਨ, ਗਲੀਚੇ ਆਦਿ ਬਣਾਉਣ ਵਿੱਚ ਯੂ. ਪੀ. ਮੋਹਰੀ ਹੈ ਜਿਸ ਦਾ ਰਾਸ਼ਟਰੀ ਉਤਪਾਦਨ ਵਿੱਚ 47 ਪ੍ਰਤੀਸ਼ਤ ਹਿੱਸਾ ਹੈ।
ਮਿਰਜ਼ਾਪੁਰ ਸ਼ਹਿਰ ਵੱਲੋਂ ਹਾਈਵੇ ਤੋਂ ਉੱਤਰ ਕੇ ਪੁਰਜਾਗੀਰ ਮੁਜੇਹਾਰਾ ਪਿੰਡ ਦੀ ਸੜਕ 'ਤੇ ਚੱਲਦਿਆਂ ਰਾਹ ਹੋਰ ਸੰਕਰਾ ਹੁੰਦਾ ਜਾਂਦਾ ਹੈ। ਸੜਕ ਦੇ ਦੋਵੇਂ ਪਾਸੇ ਇੱਕ ਮੰਜ਼ਿਲ੍ਹੇ ਪੱਕੇ ਘਰ ਅਤੇ ਕਾਨਿਆਂ ਦੀ ਛੱਤ ਵਾਲ਼ੇ ਕੱਚੇ ਘਰ ਹਨ। ਹਵਾ ਵਿੱਚ ਪਾਥੀਆਂ ਦਾ ਧੂੰਆਂ ਉੱਪਰ ਵੱਲ ਨੂੰ ਉੱਠ ਰਿਹਾ ਹੈ। ਦਿਨ ਵੇਲੇ ਆਦਮੀ ਘਰ ਤੋਂ ਬਾਹਰ ਘੱਟ ਹੀ ਦਿਖਾਈ ਦਿੰਦੇ ਹਨ। ਪਰ ਔਰਤਾਂ ਘਰ ਦੇ ਕੰਮ ਕਾਰ ਕਰਦੀਆਂ, ਨਲਕੇ ਹੇਠਾਂ ਕੱਪੜੇ ਧੋਂਦੀਆਂ ਜਾਂ ਫੇਰ ਸਬਜ਼ੀ ਜਾਂ ਚੂੜੀਆਂ ਵਾਲ਼ੇ ਫੇਰੀ ਵਾਲ਼ੇ ਨਾਲ਼ ਗੱਲਬਾਤ ਕਰਦੀਆਂ ਦਿਖਾਈ ਦੇ ਜਾਂਦੀਆਂ ਹਨ।
ਬਾਹਰੋਂ ਤਾਂ ਪਤਾ ਹੀ ਨਹੀਂ ਚੱਲਦਾ ਕਿ ਇਹ ਜੁਲਾਹਿਆਂ ਦਾ ਮੁਹੱਲਾ ਹੈ- ਕੋਈ ਗਲੀਚਾ ਬਾਹਰ ਟੰਗਿਆ ਦਿਖਾਈ ਨਹੀਂ ਦਿੰਦਾ। ਭਾਵੇਂ ਕਿ ਗਲੀਚਿਆਂ ਦੀ ਬੁਣਾਈ ਲਈ ਘਰ ਵਿੱਚ ਵੱਖਰੀ ਥਾਂ ਜਾਂ ਕਮਰਾ ਰੱਖਿਆ ਹੁੰਦਾ ਹੈ ਪਰ ਤਿਆਰ ਹੁੰਦਿਆਂ ਹੀ ਗਲੀਚੇ ਨੂੰ ਧੁਆਈ ਤੇ ਸਫਾਈ ਲਈ ਵਿਚੋਲੀਏ ਲੈ ਜਾਂਦੇ ਹਨ।
ਆਰਾਮ ਫ਼ਰਮਾਉਂਦੇ ਹੋਏ ਤੂਫ਼ਾਨੀ ਪਾਰੀ ਨੂੰ ਦੱਸਦੇ ਹਨ,”ਮੈਂ ਇਹ ਬੁਣਾਈ ਆਪਣੇ ਪਿਤਾ ਤੋਂ ਸਿੱਖੀ ਸੀ ਅਤੇ 12-13 ਸਾਲ ਦੀ ਉਮਰ ਤੋਂ ਇਹ ਕੰਮ ਕਰ ਰਿਹਾ ਹਾਂ”। ਉਹਨਾਂ ਦਾ ਪਰਿਵਾਰ ਬਿੰਦ ਭਾਈਚਾਰੇ (ਸੂਬੇ ਵਿੱਚ ਹੋਰ ਪਿਛੜੇ ਵਰਗ ਵਜੋਂ ਦਰਜ) ਨਾਲ਼ ਸਬੰਧ ਰੱਖਦੇ ਹਨ। ਜਨਗਣਨਾ ਅਨੁਸਾਰ ਯੂ. ਪੀ. ਵਿੱਚ ਜਿਆਦਾਤਰ ਜੁਲਾਹੇ ਹੋਰ ਪਿਛੜੇ ਵਰਗ (ਓ. ਬੀ. ਸੀ.) ਨਾਲ਼ ਸਬੰਧ ਰੱਖਦੇ ਹਨ।























