ਛੱਤੀਸਗੜ੍ਹ ਦੇ ਆਦਿਵਾਸੀ ਭਾਈਚਾਰਿਆਂ ਦਾ ਸੰਗੀਤ ਤਬਦੀਲੀ ਦਾ ਸੰਗੀਤ ਹੈ- ਦਹਾਕਿਆਂ ਦੇ ਹਿੰਸਕ ਸੰਘਰਸ਼ ਵਿੱਚ ਫਸੇ ਲੋਕਾਂ ਦਾ ਸੰਗੀਤ, ਸੰਗੀਤ ਜੋ ਢੋਲ਼ ਦੀ ਥਾਪ ਬਗ਼ੈਰ ਅਧੂਰਾ, ਸੰਗੀਤ ਕੈਸਾ ਜੋ ਧਰਤੀ ਦੀ ਸੁੰਦਰਤਾ ਦੀ ਗੱਲ ਨਾ ਕਰੇ, ਉਨ੍ਹਾਂ ਦੇ ਜੰਗਲਾਂ ਬਾਰੇ, ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਬਾਰੇ ਤਰੰਗ ਨਾ ਛੇੜੇ। ਹੋਰ ਤਾਂ ਹੋਰ ਜੋ ਕੁਦਰਤ ਦੀ ਪੂਜਾ ਦੀ ਗੱਲ ਨਾ ਕਰੇ। ਬੱਚਿਆਂ ਨੂੰ ਵੀ ਛੋਟੀ ਉਮਰੇ ਹੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਇਹ ਗੀਤ ਵੀ ਸਿਖਾ ਦਿੱਤੇ ਜਾਂਦੇ ਹਨ।

ਅਸੀਂ ਅਗਸਤ 2016 ਵਿੱਚ ਦੱਖਣੀ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੀ ਭਾਈਰਾਮਗੜ੍ਹ ਤਹਿਸੀਲ ਦੇ ਫਰਸੇਗੜ੍ਹ ਪਿੰਡ ਦਾ ਦੌਰਾ ਕੀਤਾ ਸੀ। ਬੀਜਾਪੁਰ ਦੀ ਲਗਭਗ 255,000 ਦੀ ਆਬਾਦੀ (ਮਰਦਮਸ਼ੁਮਾਰੀ 2011) ਵਿੱਚੋਂ, 80 ਪ੍ਰਤੀਸ਼ਤ ਲੋਕ ਅਨੁਸੂਚਿਤ ਕਬੀਲਿਆਂ ਨਾਲ਼ ਸਬੰਧਤ ਹਨ। ਫਰਸੇਗੜ੍ਹ ਦੇ 1,400 ਵਸਨੀਕ ਅਤੇ ਗੁਆਂਢੀ ਪਿੰਡਾਂ ਦੇ ਲੋਕ ਜ਼ਿਆਦਾਤਰ ਮੁਰੀਆ ਗੋਂਡ ਹਨ। ਇਹ ਪਿੰਡ ਨਕਸਲੀ ਅੱਤਵਾਦੀਆਂ, ਰਾਜ ਅਤੇ ਰਾਜ ਸਮਰਥਿਤ ਸਲਵਾ ਜੁਡਮ ਸਮੇਤ ਕਈ ਝੜਪਾਂ ਨਾਲ਼ ਪ੍ਰਭਾਵਿਤ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਹਿੰਸਾ ਦੇ ਚੱਕਰ ਵਿੱਚ ਫਸੇ ਹੋਏ ਹਨ।

ਫਰਸੇਗੜ੍ਹ ਦੀ ਇੱਕ ਔਰਤ, ਜਿਸ ਨੇ ਝਗੜੇ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ, ਪੁੱਛਦੀ ਹੈ, "ਜੇ ਇੱਕ ਪੁੱਤਰ ਨਕਸਲੀ ਹੋਵੇ ਅਤੇ ਦੂਜੇ ਨੂੰ ਪੁਲਿਸ ਦਾ ਮੁਖ਼ਬਰ ਬਣਾਇਆ ਜਾਵੇ ਤਾਂ ਕੀ ਹੋਵੇਗਾ? ਜੇ ਉਹ ਇੱਕ ਦੂਜੇ ਨੂੰ ਮਾਰਨ ਲਈ ਬਾਹਰ ਚਲੇ ਜਾਣ ਤਾਂ ਪਰਿਵਾਰ ਕੀ ਕਰੇਗਾ? ਇਹ ਉਹ ਹਕੀਕਤ ਹੈ ਜਿਸ ਵਿੱਚ ਅਸੀਂ ਫਸੇ ਰਹਿੰਦੇ ਹਾਂ," 50 ਸਾਲਾ ਕਿਸਾਨ ਔਰਤ ਨੇ ਕਿਹਾ, ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੀ ਸੀ। "ਅਸੀਂ ਜ਼ਿਆਦਾ ਕਮਾਈ ਨਹੀਂ ਕਰਦੇ। ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੱਲ੍ਹ ਨੂੰ ਜ਼ਿੰਦਾ ਹੋਵਾਂਗੇ ਜਾਂ ਨਹੀਂ। ਅਸੀਂ ਅੱਜ ਜ਼ਿੰਦਾ ਹਾਂ ਅਤੇ ਅਸੀਂ ਸਿਰਫ਼ ਇਸ ਬਾਰੇ ਹੀ ਸੋਚਦੇ ਹਾਂ।''

ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਫਰਸੇਗੜ੍ਹ ਤੱਕ ਨਹੀਂ ਪਹੁੰਚਦੀਆਂ - ਰਾਜ ਦੀ ਇੱਥੇ ਮੌਜੂਦਗੀ ਸਿਰਫ਼ ਰਿਹਾਇਸ਼ੀ ਸਕੂਲ, ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਕੈਂਪਾਂ ਦੇ ਰੂਪ ਵਿੱਚ ਹੈ।

Toddy trees in Farsegarh village, Chhattisgarh
PHOTO • Arundhati V. ,  Shobha R.
An open book with drawings
PHOTO • Arundhati V. ,  Shobha R.

ਫਰਸੇਗੜ੍ਹ ਅਤੇ ਹੋਰ ਪਿੰਡਾਂ ਦੇ ਬਹੁਤ ਸਾਰੇ ਕਬਾਇਲੀ ਗੀਤ ਧਰਤੀ ਦੀ ਸੁੰਦਰਤਾ ਦਾ ਜਸ਼ਨ ਮਨਾਉਂਦੇ ਹਨ, ਪਰ ਲੋਕਾਂ ਦੇ ਤਜ਼ਰਬੇ ਕੁਝ ਹੋਰ ਹੀ ਦੱਸਦੇ ਹਨ। ਸੱਜੇ: ਸੰਘਰਸ਼ ਵਿੱਚ ਆਪਣੇ ਪਤੀ ਨੂੰ ਗੁਆਉਣ ਵਾਲ਼ੀ ਇੱਕ ਕਬਾਇਲੀ ਔਰਤ ਨੇ ਟਕਰਾਅ ਦੇ ਵਿਚਕਾਰ ਜ਼ਿੰਦਗੀ ਜਿਉਣ ਬਾਰੇ ਦੱਸਿਆ (ਸਹਿ-ਲੇਖਕ ਅਰੁੰਧਤੀ ਵੀ ਦੁਆਰਾ ਕਲਾਕਾਰੀ)

ਫਰਸੇਗੜ੍ਹ ਦੇ ਕਿਨਾਰੇ ਸਥਿਤ ਆਦਿਵਾਸੀ ਬੱਚਿਆਂ ਲਈ ਰਿਹਾਇਸ਼ੀ ਸਕੂਲ ਚੰਗੀ ਹਾਲਤ ਵਿੱਚ ਨਹੀਂ ਹੈ – ਬਿਜਲੀ ਰੁਕ-ਰੁਕ ਕੇ ਆਉਂਦੀ ਹੈ, ਮਾਨਸੂਨ ਦੌਰਾਨ ਇਮਾਰਤ ਵਿੱਚ ਪਾਣੀ ਆ ਜਾਂਦਾ ਹੈ। ਵਿਦਿਆਰਥੀਆਂ ਨੂੰ ਹੋਸਟਲ ਵਿੱਚ ਖਾਣਾ ਬਣਾਉਣਾ ਅਤੇ ਸਾਫ਼ ਕਰਨਾ ਪੈਂਦਾ ਹੈ। ਇੱਥੇ ਲਗਭਗ 50 ਆਦਿਵਾਸੀ ਵਿਦਿਆਰਥੀ ਹਨ (ਉਮਰ 6-15 ਸਾਲ, ਸਾਰੀਆਂ ਕੁੜੀਆਂ, ਨੇੜਲੇ ਵੱਖ-ਵੱਖ ਪਿੰਡਾਂ ਦੀਆਂ), ਇੱਕ ਅਧਿਆਪਕ-ਦੇਖਭਾਲ ਕਰਨ ਵਾਲ਼ਾ ਅਤੇ ਇੱਕ ਰਸੋਈਆ।

ਸਾਡੀ ਫੇਰੀ ਦੌਰਾਨ, ਵਿਦਿਆਰਥੀਆਂ ਨੇ ਗੋਂਡੀ ਭਾਸ਼ਾ ਵਿੱਚ ਆਪਣੇ ਭਾਈਚਾਰਿਆਂ ਦੇ ਗੀਤ ਗਾਏ, ਅਤੇ ਉਨ੍ਹਾਂ ਵਿੱਚੋਂ ਕੁਝ ਨੇ ਸਾਡੇ ਲਈ ਹਿੰਦੀ ਲਈ ਗੀਤਾਂ ਦਾ ਅਨੁਵਾਦ ਕੀਤਾ।

ਗੀਤ 1

ਕੁੜੀਆਂ ਮਹੂਏ ਦੇ ਰੁੱਖ ਬਾਰੇ ਬੜੇ ਪਿਆਰ ਨਾਲ ਗੀਤ ਗਾਉਂਦੀਆਂ ਹਨ, ਜੋ ਉਨ੍ਹਾਂ ਦੇ ਜੀਵਨ ਤੇ ਰੋਜ਼ੀਰੋਟੀ ਨਾਲ਼ ਡੂੰਘਿਓਂ ਜੁੜਿਆ ਹੋਇਆ ਹੈ

ਓ ਮਹੂਏ ਦੇ ਰੁੱਖਾ,
ਓ ਮਹੂਏ ਦੇ ਰੁੱਖਾ,
ਤੂੰ ਕਿੰਨਾ ਸੋਹਣਾ ਜਾਪੇਂ,
ਓ! ਮਹੂਏ ਦੇ ਰੁੱਖਾ
ਮਹੂਏ ਦੇ ਫੁੱਲ ਧਰਤ ‘ਤੇ ਕਿਰਦੇ
ਲਾਲ, ਸੁਰਖ ਫੁੱਲ
ਜਿਓਂ ਮੀਂ ਦੀਆਂ ਲਾਲ ਬੂੰਦਾਂ
ਓ ਮਹੂਏ ਦੇ ਰੁੱਖਾ,
ਓ ਮਹੂਏ ਦੇ ਰੁੱਖਾ,
ਤੂੰ ਕਿੰਨਾ ਸੋਹਣਾ ਜਾਪੇਂ,
ਓ! ਮਹੂਏ ਦੇ ਰੁੱਖਾ

ਗਾਇਕਾਵਾਂ
ਸੁਸ਼ੀਲਾ ਮਨਰਾ, ਫਰੇਸਗੜ੍ਹ ਪਿੰਡ
ਗਾਇਤਰੀ ਟੇੱਲਮ, ਧਨੋਰਾ ਪਿੰਡ

ਕਮਲਾ ਓੜੇ, ਸਗਮੇਤਾ ਪਿੰਡ

ਗੀਤ 2

ਕੁੜੀਆਂ ਗੀਤ ਜ਼ਰੀਏ ਇੱਕ-ਦੂਜੇ ਨੂੰ ਚਿੜਾਉਂਦੀਆਂ ਹਨ ਕਿ ਉਨ੍ਹਾਂ ਦੇ ਚਚੇਰੇ ਭਰਾ ਤੇ ਦੋਸਤ ਕਿੰਨੇ ਸੋਹਣੇ ਹਨ

ਮੇਰੇ ਪਿਆਰੇ ਕਜ਼ਨ,
ਤੂੰ ਕਿੰਨਾ ਸੋਹਣੇ ਏਂ...
ਦੱਸੀਂ, ਤੈਨੂੰ ਪਸੰਦ ਕੀ-ਕੀ ਏ?
ਕਾਂ ਰੌਲ਼ਾ ਪਾਵਣ ਲੱਗਦਾ,
ਉੱਡਦਾ ਪਿੰਡ ਦੇ ਚੱਕਰ ਲਾਉਂਦਾ
ਕਾਓ ਕਾਓ ਕਾਓ
ਦੱਸੀਂ ਜ਼ਰਾ ਕਿਵੇਂ,
ਦੱਸੀਂ ਕਿਵੇਂ?

ਗਾਇਕਾ
ਗਾਇਤਰੀ ਟੇੱਲਮ, ਧਨੋਰਾ ਪਿੰਡ

ਗੀਤ 3

ਕੁੜੀਆਂ ਕੱਪੜੇ ਪਾਈ ਸਾਜ-ਸ਼ਿੰਗਾਰ ਕਰਨ ਤੇ ਨੱਚਣ ਬਾਰੇ ਖ਼ੁਸ਼ੀ ਨਾਲ਼ ਭਰੇ ਗੀਤ ਗਾ ਰਹੀਆਂ ਹਨ

ਕੁੜੀਓ ਚੱਲੋ ਝੁਮਕੇ ਪਾਓ ਤੇ ਆਓ ਨੱਚੋ ਸਾਡੇ ਨਾਲ਼!
ਰੇਲਾ ਰੇਲਾ ਰੇਲਾ... (ਕੋਰਸ)
ਕੁੜੀਓ ਆਪਣੇ ਲਿਸ਼ਕਵੇਂ ਕੱਪੜੇ ਪਾਓ, ਤੇ ਆਓ ਨੱਚੋ ਸਾਡੇ ਨਾਲ਼!
ਰੇਲਾ ਰੇਲਾ ਰੇਲਾ... (ਕੋਰਸ)
ਕੁੜੀਓ ਨਵੀਂਆਂ ਜੁੱਤੀਆਂ ਪਾਓ, ਤੇ ਆਓ ਨੱਚੋ ਸਾਡੇ ਨਾਲ਼!
ਰੇਲਾ ਰੇਲਾ ਰੇਲਾ... (ਕੋਰਸ)

ਗਾਇਕਾ
ਅਵੰਤਿਕਾ ਬਰਸੇ, ਫਰੇਸਗੜ੍ਹ ਪਿੰਡ

A chameleon lazes in the sun, at the government residential school for Adivasi children, Farsegarh village
PHOTO • Arundhati V. ,  Shobha R.
An Adivasi woman in Farsegarh village wearing traditional anklets
PHOTO • Arundhati V. ,  Shobha R.

ਖੱਬੇ: ਫਰਸੇਗੜ੍ਹ ਦੇ ਕਬਾਇਲੀ ਬੱਚਿਆਂ ਲਈ ਇੱਕ ਸਕੂਲ ਵਿੱਚ ਧੁੱਪ ਸੇਕ ਰਿਹਾ ਗਿਰਗਿਟ। ਇੱਕ ਗਾਣੇ ਦੀ ਚੰਚਲਤਾ ਭਰੀ ਲਾਈਨ ਕਹਿੰਦੀ ਹੈ, 'ਕੀ ਤੁਹਾਨੂੰ ਉਸ ਗਿਰਗਿਟ ਦੀ ਪੂਛ ਦਿੱਸ ਰਹੀ ਹੈ? ਸੱਜੇ: ਮੁਰੀਆ ਗੋਂਡ ਔਰਤ ਦੇ ਪੈਰ ਦੀ ਪਾਇਲ; ਇੱਕ ਹੋਰ ਗੀਤ ਜਿਸ ਵਿੱਚ ਕੁੜੀਆਂ ਕੱਪੜੇ ਪਹਿਨਣ ਅਤੇ ਨੱਚਣ ਬਾਰੇ ਗਾਣੇ ਗਾ ਰਹੀਆਂ ਹਨ

ਗੀਤ 4

ਕੁੜੀਆਂ ਗਿਰਗਿਟ ਬਾਰੇ ਗੀਤ ਗਾਉਂਦੀਆਂ ਹਨ ਤੇ ਨਾਲ਼ ਹੀ ਆਪਣੇ ਪਰਿਵਾਰ ਨਾਲ਼ ਬਿਤਾਏ ਗਏ ਸਮੇਂ ਨੂੰ ਯਾਦ ਕਰਦੀਆਂ ਹਨ

ਰਿਰੇਲਾ ਰੇਲਾ ਰੇਲਾ ਰੇਲਾ... (ਕੋਰਸ)
ਕੀ ਤੈਨੂੰ ਉਸ ਗਿਰਗਿਟ ਦੀ ਪੂਛ ਦਿੱਸ ਰਹੀ ਏ? ਫੜ੍ਹ ਲੈ!
ਓ ਦੀਦੀ, ਮੇਰੇ ਲਈ ਗਾਣਾ ਗਾ, ਗਾਵੇਂਗੀ ਨਾ?
ਓ ਦੀਦੀ, ਲਾ ਲਾ ਲਾ
ਓ ਜੀਜਾ ਜੀ, ਮੇਰੇ ਸਾਹਮਣੇ ਆਇਓ
ਗਿਰਗਿਟ ਦੀ ਪੂਛ ਹਰੀ ਏ
ਕੀ ਤੁਹਾਨੂੰ ਦਿੱਸ ਰਹੀ, ਓ ਜੀਜਾ ਜੀ?

ਗਾਇਕਾ
ਗਾਇਤਰੀਰ ਟੇੱਲਮ, ਧਨੋਰਾ ਪਿੰਡ

ਗੀਤ 5

ਕੁੜੀਆਂ ਤਿਰੰਗੇ ਤੇ ਆਪਣੇ ਦੇਸ਼ ਬਾਰੇ ਮਿਠੜੇ ਗੀਤ ਗਾ ਰਹੀਆਂ ਹਨ

ਰਿਰੇਲਾ ਰੇਲਾ ਰੇ ਰੇਲਾ ਰੇਲਾ... (ਕੋਰਸ)
ਇਹ ਕੇਸਰੀ ਹੈ ਝੰਡਾ, ਨੀ ਸਹੇਲੀਏ!
ਇਹ ਚਿੱਟਾ ਹੈ ਝੰਡਾ, ਨੀ ਸਹੇਲੀਏ!
ਇਹ ਹਰਾ ਹੈ ਝੰਡਾ, ਨੀ ਸਹੇਲੀਏ!
ਝੰਡੇ ਵਿਚਾਲੇ 24 ਰੇਖਾਵਾਂ।
ਰਿਰੇਲਾ ਰੇਲਾ ਰੇ ਰੇਲਾ ਰੇਲਾ... (ਕੋਰਸ)

ਗਾਇਕਾਵਾਂ
ਸੁਸ਼ੀਲਾ ਮਨਰਾ, ਫਰੇਸਗੜ੍ਹ ਪਿੰਡ
ਸਰਸਵਤੀ ਗੋਟਾ, ਬੜੇ ਕਕਲੇਰ ਪਿੰਡ
ਕਮਲਾ ਗੁੱਡੇ, ਸਗਮੇਤਾ ਪਿੰਡ

ਗੀਤ 6

ਕੁੜੀਆਂ ਇੱਕ ਮਿੱਠਾ ਗੀਤ ਗਾ ਰਹੀਆਂ ਹਨ ਕਿ ਉਨ੍ਹਾਂ ਨਾਲ਼ ਕੌਣ ਜੋੜੀ ਬਣਾਵੇਗਾ

ਰੇਲਾਰੇ ਰੇਲਾ (ਕੋਰਸ)
ਤੂੰ ਤੇ ਮੈਂ, ਚੱਲ ਰਲ਼ ਬਣਾਈਏ ਪਿਆਰੀ ਜੋੜੀ।
ਓ! ਪਿਆਰੇ ਮੁੰਡੇ, ਸਾਡੀ ਬਣੂੰਗੀ ਪਿਆਰੀ ਜੋੜੀ...

ਗਾਇਕਾ
ਅਵੰਤਿਕਾ ਬਰਸੇ, ਫਰੇਸਗੜ੍ਹ ਪਿੰਡ

Sweet toddy being tapped from a tree in Farsegarh village, Chhattisgarh
PHOTO • Arundhati V. ,  Shobha R.
Girls in a residential hostel in Farsegarh singing softly with the lights switched off, after school hours
PHOTO • Arundhati V. ,  Shobha R.

ਖੱਬੇ: ਫਰੇਸਗੜ੍ਹ ਵਿਖੇ ਇੱਕ ਰੁੱਖ ਦੀ ਮਿੱਠੀ ਤਾੜੀ ਕੱਢੀ ਜਾ ਰਹੀ ਹੈ; ਗੀਤਾਂ ਵਿੱਚੋਂ ਇੱਕ ਕਹਿੰਦਾ ਹੈ,'ਅਸੀਂ ਤਾੜੀ ਕੱਢਾਂਗੇ, ਹਾਏ! ਸਾਡੀ ਜ਼ਮੀਨ 'ਤੇ ਆਓ।' ਸੱਜੇ: ਕੁੜੀਆਂ ਸਕੂਲ ਦਾ ਸਮਾਂ ਮੁੱਕਣ ਤੋਂ ਬਾਅਦ, ਲਾਈਟ ਬੰਦ ਹੋਣ ਕਾਰਨ ਮੱਧਮ ਅਵਾਜ਼ ਵਿੱਚ ਗਾ ਰਹੀਆਂ ਹਨ

ਗੀਤ 7

ਕੁੜੀਆਂ ਗਾਉਂਦੀਆਂ ਹਨ ਤੇ ਸਾਰਿਆਂ ਦਾ ਜ਼ਮੀਨ 'ਤੇ ਸੁਆਗਤ ਵੀ ਕਰਦੀਆਂ ਹਨ ਕਿ ਸਾਰੇ ਜਣੇ ਆਓ, ਕੁਦਰਤ ਦੀ ਖ਼ੂਬਸੂਰਤੀ ਦਾ ਮਜ਼ਾ ਲੁੱਟੋ ਤੇ ਦੇਖੋ ਕਿ ਉਹ ਆਪਣੇ ਖੇਤਾਂ ਵਿੱਚ ਕਿਵੇਂ ਕੰਮ ਕਰਦੇ ਹਨ

ਰੇਲਾਰੇ ਰੇਲਾ... (ਕੋਰਸ)
ਤਾੜੀ ਰੁੱਖ ਦੇ ਪੱਤੇ ਹੌਲ਼ੀ-ਹੌਲ਼ੀ ਝੂਮਣ
ਹਾਏ! ਸਾਡੀ ਜ਼ਮੀਨ 'ਤੇ ਆਓ
ਅਸੀਂ ਤਾੜੀ ਕੱਢਾਂਗੇ, ਹਾਏ! ਸਾਡੀ ਜ਼ਮੀਨ 'ਤੇ ਆਓ
ਅਸੀਂ ਤਾੜੀ ਕੱਢਾਂਗੇ, ਹਾਏ! ਸਾਡੀ ਜ਼ਮੀਨ 'ਤੇ ਆਓ
ਆਓ, ਲੰਬਾ ਘਾਹ ਕੱਟੀਏ
ਹੌਲ਼ੀ-ਹੌਲ਼ੀ ਘਾਹ ਲਹਿਰਾ ਰਿਹਾ,
ਇੱਧਰ ਕਦੇ ਓਧਰ,
ਇੱਥੇ ਕਦੇ ਉੱਥੇ
ਹਾਏ! ਸਾਡੀ ਜ਼ਮੀਨ 'ਤੇ ਆਓ,
ਨਾਲ਼-ਨਾਲ਼ ਘਾਹ ਕੱਟ ਸਕਦੇ ਆਂ
ਸਾਡੀ ਜ਼ਮੀਨ 'ਤੇ ਆਓ,
ਨਾਲ਼-ਨਾਲ਼ ਝੋਨਾ ਕੱਟ ਸਕਦੇ ਆਂ
ਝੋਨੇ ਦੀਆਂ ਬੱਲੀਆਂ ਝੂਮਣ,
ਇੱਧਰ ਕਦੇ ਓਧਰ
ਇੱਥੇ ਕਦੇ ਉੱਥੇ

ਗਾਇਕਾਵਾਂ
ਸਰਿਤਾ ਕੁਸਰਾਮ, ਸਗਮੇਤਾ ਪਿੰਡ
ਸਰਸਵਤੀ ਗੋਟਾ, ਬੜੇ ਕਕਲੇਰ ਪਿੰਡ
ਸੁਸ਼ੀਲਾ ਮਨਰਾ, ਫਰੇਸਗੜ੍ਹ ਪਿੰਡ


ਤਰਜਮਾ: ਕਮਲਜੀਤ ਕੌਰ

Arundhati V.

اروندھتی وی ایک حقوقِ انسانی کارکن، تھیٹر فنکار اور ٹرینر ہیں؛ وہ پالم پور، ہماچل پردیش کے سمبھاونا انسٹی ٹیوٹ کے ساتھ حقوق اور انصاف کے ایشوز پر کام کرتی ہیں۔

کے ذریعہ دیگر اسٹوریز Arundhati V.
Shobha R.

شوبھا آر بنگلور میں مقیم ایک حقوقِ انسانی کارکن، تھیٹر فنکار اور ٹرینر ہیں۔ وہ بے دخلی اور جنسی انصاف کے مسائل پر اور ظلم، انصاف اور لچیلے پن کے اظہار کا موقع فراہم کرنے پر کام کرتی ہیں۔

کے ذریعہ دیگر اسٹوریز Shobha R.
Editor : Sharmila Joshi

شرمیلا جوشی پیپلز آرکائیو آف رورل انڈیا کی سابق ایڈیٹوریل چیف ہیں، ساتھ ہی وہ ایک قلم کار، محقق اور عارضی ٹیچر بھی ہیں۔

کے ذریعہ دیگر اسٹوریز شرمیلا جوشی
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur