ਅਮੀਰ ਜਾਂ ਗ਼ਰੀਬ, ਵੱਡਾ ਜਾਂ ਛੋਟਾ, ਹਰ ਕਿਸੇ ਲਈ ਇਹ ਇਲਾਹੀ ਹੁਕਮ ਵਾਂਗ ਹੀ ਸੀ ਕਿ ਉਹ ਆਪਣੇ ਜੋੜੇ ਉਤਾਰ ਕੇ ਰਾਜੇ ਦੇ ਪੈਰੀਂ ਪਵੇ। ਪਰ ਇੱਕ ਕਮਜ਼ੋਰ ਜਿਹੇ ਨੌਜਵਾਨ ਨੂੰ ਝੁਕਣਾ ਮਨਜ਼ੂਰ ਨਹੀਂ ਸੀ। ਉਹ ਸਿੱਧਾ ਖੜ੍ਹਾ ਰਾਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਲੱਗਾ। ਰੋਸ ਉਸ ਰਾਜੇ ਖਿਲਾਫ਼ ਸੀ, ਜੋ ਕਿਸੇ ਵੀ ਸਿਆਸੀ ਵਿਰੋਧ ਨੂੰ ਬੇਰਹਿਮੀ ਨਾਲ਼ ਕੁਚਲਣ ਲਈ ਜਾਣਿਆ ਜਾਂਦਾ ਸੀ। ਇਹ ਸਭ ਦੇਖ ਕੇ ਪੰਜਾਬ ਦੇ ਜੋਗਾ ਪਿੰਡ ਦੇ ਬਜ਼ੁਰਗ ਸਹਿਮ ਗਏ ਅਤੇ ਵਹਿਸ਼ੀ ਰਾਜਾ ਗੁੱਸੇ ਨਾਲ਼ ਲਾਲ-ਪੀਲ਼ਾ ਹੋ ਗਿਆ।

ਇਹ ਨੌਜਵਾਨ ਜਗੀਰ ਸਿੰਘ ਜੋਗਾ ਸੀ। ਉਸਨੇ ਇਹ ਸਾਹਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਸਿਪਾਹੀ ਕੁਲਵਿੰਦਰ ਕੌਰ ਵੱਲੋਂ ਬਾਲੀਵੁੱਡ ਹਸਤੀ ਤੇ ਮੰਡੀ ਸੰਸਦੀ ਹਲਕੇ ਤੋਂ ਹਾਲ ਹੀ ’ਚ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਮਾਰਨ ਤੋਂ, ਨੌ ਦਹਾਕੇ ਪਹਿਲਾਂ ਦਿਖਾਇਆ ਸੀ। ਜੋਗਾ ਪਟਿਆਲਾ ਰਿਆਸਤ ਦੇ ਮਹਾਰਾਜੇ ਭੁਪਿੰਦਰ ਸਿੰਘ ਦਾ ਵਿਰੋਧ ਕਰ ਰਿਹਾ ਸੀ ਜਿਸ ਦੇ ਕੌਲੀ-ਚੱਟ ਜਗੀਰਦਾਰਾਂ ਨੇ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਸੀ। ਇਹ ਉੱਨੀ ਸੌ ਤੀਹਵੀਆਂ ਦੀ ਗੱਲ ਹੈ। ਉਸ ਘਟਨਾ ਤੋਂ ਬਾਅਦ ਜੋ ਵਾਪਰਿਆ, ਉਹ ਅੱਜ ਵੀ ਇਤਿਹਾਸ ਤੇ ਦੰਦ ਕਥਾਵਾਂ ਦਾ ਹਿੱਸਾ ਹੈ। ਪਰ, ਲੋਕਾਂ ਨੇ ਜੰਗੀਰ ਸਿੰਘ ਜੋਗਾ ਨੂੰ ਅਜੇ ਹੋਰ ਇਤਿਹਾਸ ਸਿਰਜਦਿਆਂ ਦੇਖਣਾ ਸੀ।

ਉਸ ਘਟਨਾ ਤੋਂ ਕਰੀਬ ਇੱਕ ਦਹਾਕਾ ਬਾਅਦ ਜੋਗਾ ਅਤੇ ਲਾਲ ਪਾਰਟੀ ਦੇ ਉਸ ਦੇ ਸਾਥੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਤੇ ਉਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇਕ ਇਤਿਹਾਸਕ ਸੰਘਰਸ਼ ਦੀ ਅਗਵਾਈ ਕੀਤੀ ਅਤੇ ਉਸੇ ਜ਼ਾਲਮ ਰਾਜੇ ਭੁਪਿੰਦਰ ਸਿੰਘ ਦੇ ਪੁੱਤਰ ਕੋਲੋਂ 784 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਖੋਹ ਕੇ ਬੇਜ਼ਮੀਨੇ ਕਿਸਾਨਾਂ ਨੂੰ ਵੰਡ ਦਿੱਤੀ। ਪਟਿਆਲਾ ਦਾ ਭੁਪਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਦਾ ਸੀ।

ਬੇਜ਼ਮੀਨਿਆਂ ਅਤੇ ਕਈ ਹੋਰ ਸੰਘਰਸ਼ਾਂ ਦੀ ਅਗਵਾਈ ਕਰਦਿਆਂ ਜਗੀਰ ਜੋਗਾ ਨੂੰ ਸਮੇਂ-ਸਮੇਂ ਜੇਲ੍ਹ ਭੇਜਿਆ ਗਿਆ। ਜਦੋਂ 1954 ਵਿੱਚ ਉਹ ਜੇਲ੍ਹ ਵਿੱਚ ਹੀ ਸਨ ਤਾਂ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਪੰਜਾਬ ਵਿਧਾਨ ਸਭਾ ਭੇਜ ਦਿੱਤਾ। ਫਿਰ ਉਹ ਲਗਾਤਾਰ 1962 , 1967 ਤੇ 1972 ਵਿੱਚ ਵੀ ਚੁਣੇ ਜਾਂਦੇ ਰਹੇ।

PHOTO • Jagtar Singh

ਖੱਬੇਪੱਖੀ: 1930 ਦੇ ਦਹਾਕੇ ਵਿੱਚ,ਜੋਗਾ ਪਟਿਆਲਾ ਰਿਆਸਤ ਦੇ ਮਹਾਰਾਜੇ ਭੁਪਿੰਦਰ ਸਿੰਘ ਦਾ ਵਿਰੋਧ ਕਰ ਰਿਹਾ ਸੀ ਜਿਸ ਦੇ ਕੌਲੀ-ਚੱਟ ਜਗੀਰਦਾਰਾਂ ਨੇ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਸੀ। ਸੱਜੇ: ਸੀਆਈਐੱਸਐੱਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਨੇ ਜੂਨ 2024 ਵਿੱਚ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨਾਲ਼ ਆਪਣੀ ਅਸਹਿਮਤੀ ਜ਼ਾਹਰ ਕੀਤੀ

ਕਿਤਾਬ ‘ਇਨਕਲਾਬੀ ਜੋਧਾ: ਜਗੀਰ ਸਿੰਘ ਜੋਗਾ’ ਵਿੱਚ ਜੋਗੇ ਦੀ ਬਾਤ ਪਾਉਣ ਵਾਲੇ ਜਗਤਾਰ ਸਿੰਘ ਜੋ ਸੇਵਾਮੁਕਤ ਕਾਲਜ ਪ੍ਰੋਫੈਸਰ ਹਨ, ਕੁਲਵਿੰਦਰ ਕੌਰ ਦੇ ਵਿਅਕਤੀਗਤ ਵਿਰੋਧ ਨੂੰ ਇੱਕ ਨਿਰੰਤਰ ਵਰਤਾਰੇ ਵਜੋਂ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ, ‘‘ਵਿਰੋਧ ਪੰਜਾਬ ਦੀ ਫਿਜ਼ਾ ਦਾ ਹਿੱਸਾ ਹੈ। ਕੁਲਵਿੰਦਰ ਕੌਰ ਤਾਂ ਬਸ ਪੰਜਾਬ ਦੇ ਵਿਅਕਤੀਗਤ ਵਿਰੋਧਾਂ ਦੀ ਇੱਕ ਲੰਬੀ ਰਿਵਾਇਤ ਦੀ ਇੱਕ ਹੋਰ ਕੜੀ ਹੈ। ਉਹ ਕੜੀ ਜਿਸ ਦੀ ਸ਼ੁਰੂਆਤ ਨਾ ਜੋਗੇ ਨਾਲ਼ ਸ਼ੁਰੂ ਹੁੰਦੀ ਹੈ ਤੇ ਨਾ ਹੀ ਕੁਲਵਿੰਦਰ ਕੌਰ ਨਾਲ਼ ਮੁਕਦੀ ਹੈ।’’

ਇਹ ਵਰਤਾਰਾ ਆਮ ਹੀ ਰਿਹਾ। ਪੰਜਾਬ ਵਿੱਚ ਆਮ ਤੌਰ ’ਤੇ ਸਧਾਰਨ ਪਰਿਵਾਰਾਂ ਨਾਲ਼ ਸਬੰਧ ਰੱਖਣ ਵਾਲੇ ਆਮ ਲੋਕਾਂ ਵੱਲੋਂ ਵਿਅਕਤੀਗਤ ਵਿਰੋਧ ਕੀਤੇ ਗਏ। ਸੀ ਆਈ ਐੱਸ ਐੱਫ ਦੀ ਸਿਪਾਹੀ ਕੁਲਵਿੰਦਰ ਕੌਰ ਵੀ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਮਾਹੀਵਾਲ ਦੇ ਇੱਕ ਦਰਮਿਆਨੇ ਕਿਸਾਨ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਉਸਦੀ ਮਾਂ ਵੀਰ ਕੌਰ ਵੀ ਉਨ੍ਹਾਂ ਸੰਘਰਸ਼ਾਂ ਦਾ ਹਿੱਸਾ ਰਹੀ ਹੈ, ਜਿਸ ਦਾ ਮਜ਼ਾਕ ਕੰਗਨਾ ਰਨੌਤ ਨੇ ਉਡਾਇਆ ਸੀ। ਵੀਰ ਕੌਰ ਅੱਜ ਵੀ ਇੱਕ ਕਿਸਾਨ ਹੈ।

ਜੋਗਾ ਤੋਂ ਵੀ ਪਹਿਲਾਂ ਲਾਹੌਰ ਸਾਜਿਸ਼ ਕੇਸ ਦੀ ਕਾਰਵਾਈ ਦੌਰਾਨ ਭਗਤ ਸਿੰਘ ਹੋਰਾਂ ਦੇ ਸਾਥੀ ਪ੍ਰੇਮ ਦੱਤ ਵਰਮਾ ਨੇ ਵਾਅਦਾ ਮੁਆਫ਼ਕ ਗਵਾਹ ਬਣੇ ਜੈ ਗੋਪਾਲ ਵੱਲ ਭਰੀ ਅਦਾਲਤ ਵਿੱਚ ਜੁੱਤੀ ਵਗਾਹ ਮਾਰੀ ਸੀ। ਦਿ ਭਗਤ ਸਿੰਘ ਰੀਡਰ ਦੇ ਲੇਖਕ ਵਿਦਵਾਨ ਪ੍ਰੋਫੈਸਰ ਚਮਨ ਲਾਲ ਦੱਸਦੇ,''ਉਸ ਨੇ ਇਹ ਕੋਈ ਸੋਚ ਸਮਝ ਕੇ ਨਹੀਂ ਕੀਤਾ ਸੀ, ਸਗੋਂ ਵਰਮਾ ਨੇ ਗੁੱਸੇ ਵਿੱਚ ਆ ਕੇ ਇਹ ਕਦਮ ਚੁੱਕਿਆ। ਦਰਅਸਲ ਮੁਕੱਦਮੇ ਦੀ ਪੂਰੀ ਪ੍ਰਕਿਰਿਆ ਦੌਰਾਨ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਤਸੀਹੇ ਝੱਲਣੇ ਪਏ ਸਨ।''

ਅਦਾਲਤ ਦੇ ਇੱਕ ਪਾਸੜ ਫ਼ੈਸਲੇ ਤਹਿਤ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ, ਤੇ ਵਰਮਾ ਨੂੰ ਪੰਜ ਸਾਲ ਦੀ ਸਜ਼ਾ। ਉਨ੍ਹਾਂ ਦੀ ਉਮਰ ਲਾਹੌਰ ਸਾਜਿਸ਼ ਕੇਸ ਦੇ ਸਾਰੇ ਇਨਕਲਾਬੀਆਂ ਵਿੱਚੋਂ ਸਭ ਤੋਂ ਘੱਟ ਸੀ। ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੇ ਜਾਣ ਦੀ ਪਹਿਲੀ ਵਰ੍ਹੇਗੰਢ ’ਤੇ ਅੰਗਰੇਜ਼ ਹਕੂਮਤ ਦੇ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦੀ ਪਰਵਾਹ ਨਾ ਕਰਦਿਆਂ 16 ਸਾਲਾਂ ਹਰਕਿਸ਼ਨ ਸਿੰਘ ਸੁਰਜੀਤ ਨੇ ਹੁਸ਼ਿਆਰਪੁਰ ਕੋਰਟ ਦੀ ਛੱਤ ’ਤੇ ਬਰਤਾਨੀਆ ਦਾ ਝੰਡਾ ਉਤਾਰ ਕੇ ਤਿਰੰਗਾ ਲਹਿਰਾ ਦਿੱਤਾ ਸੀ।

ਇਨਕਲਾਬੀ ਦੇਸ਼ ਭਗਤਾਂ ਦੀਆਂ ਜੀਵਨੀਆਂ ਲਿਖਣ ਵਾਲੇ ਇਤਿਹਾਸਕਾਰ ਅਜਮੇਰ ਸਿੱਧੂ ਨੇ ਪਾਰੀ ਨੂੰ ਦੱਸਿਆ,''ਇਹ ਫ਼ੈਸਲਾ ਕਾਂਗਰਸ ਦੇ ਪੰਜਾਬ ਯੂਨਿਟ ਵੱਲੋਂ ਲਿਆ ਗਿਆ ਸੀ ਕਿ ਥਾਂ-ਥਾਂ ’ਤੇ ਯੂਨੀਅਨ ਜੈਕ ਉਤਾਰ ਕੇ ਤਿਰੰਗੇ ਝੰਡੇ ਲਹਿਰਾਏ ਜਾਣਗੇ ਪਰ ਐਨ ਮੌਕੇ ’ਤੇ ਕਾਂਗਰਸ ਪਾਰਟੀ ਪਿੱਛੇ ਹਟ ਗਈ। ਪਰ ਸੁਰਜੀਤ ਨੇ ਆਪਣੇ ਹੀ ਪੱਧਰ ’ਤੇ ਇਹ ਕਦਮ ਚੁੱਕਿਆ ਜੋ ਇੱਕ ਇਤਿਹਾਸਕ ਘਟਨਾ ਹੋ ਨਿੱਬੜੀ।''

ਕਈ ਦਹਾਕਿਆਂ ਮਗਰੋਂ ਉਨ੍ਹਾਂ ਪਲਾਂ ਨੂੰ ਯਾਦ ਕਰਦਿਆਂ ਸੁਰਜੀਤ ਨੇ ਕਿਹਾ, ‘‘ਮੈਂ ਉਸ ਦਿਨ ਜੋ ਕੀਤਾ, ਉਸ ’ਤੇ ਮੈਨੂੰ ਅੱਜ ਵੀ ਫ਼ਖ਼ਰ ਹੈ।’’ ਉਸ ਘਟਨਾ ਤੋਂ 60 ਸਾਲ ਬਾਅਦ ਸੁਰਜੀਤ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਬਣੇ।

PHOTO • Daily Milap / courtesy Prof. Chaman Lal
PHOTO • Courtesy: Prof Chaman Lal

ਲਾਹੌਰ ਸਾਜ਼ਸ਼ ਮਾਮਲੇ ਨੂੰ ਲੈ ਕੇ ਦਿ ਡੇਲੀ ਮਿਲਾਪ ਵੱਲੋਂ 1930ਵਿਆਂ ਦਾ ਪੋਸਟਰ (ਖੱਬੇ)। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਮੁਕੱਦਮੇ ਦੀ ਪੇਸ਼ੀ ਦੌਰਾਨ ਭਰੀ ਅਦਾਲਤ ਵਿੱਚ ਜੁੱਤੀ ਵਗਾਹ ਮਾਰੀ ਸੀ

PHOTO • Courtesy: Amarjit Chandan
PHOTO • P. Sainath

ਖੱਬੇ: 1932 ਵਿੱਚ 16 ਸਾਲਾਂ ਹਰਕਿਸ਼ਨ ਸਿੰਘ ਸੁਰਜੀਤ ਨੇ ਹੁਸ਼ਿਆਰਪੁਰ ਕੋਰਟ ਦੀ ਛੱਤ ’ਤੇ ਬਰਤਾਨੀਆ ਦਾ ਝੰਡਾ ਉਤਾਰ ਕੇ ਤਿਰੰਗਾ ਲਹਿਰਾ ਦਿੱਤਾ ਸੀ। ਫਰਵਰੀ 1967 ਵਿੱਚ ਪੰਜਾਬ ਦੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਦੋਬਾਰਾ ਇੱਥੇ ਦੇਖਿਆ ਗਿਆ। ਸੱਜੇ: ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਭਤੀਜੇ, ਪ੍ਰੋ: ਜਗਮੋਹਨ ਸਿੰਘ, ਝੁੱਗੀਆਂ ਦੇ ਨਾਲ਼ ਰਾਮਗੜ੍ਹ ਵਿਖੇ ਆਪਣੇ ਘਰ ਵਿੱਚ

ਹਰਕਿਸ਼ਨ ਸੁਰਜੀਤ ਦੇ ਝੰਡਾ ਲਹਿਰਾਉਣ ਦੀ ਘਟਨਾ ਤੋਂ ਕੁਝ ਸਾਲ ਬਾਅਦ ਉਨ੍ਹਾਂ ਦੇ ਹੀ ਸਾਥੀ ਭਗਤ ਸਿੰਘ ਝੁੱਗੀਆਂ, ਜੋ ਉਨ੍ਹਾਂ ਤੋਂ ਉਮਰ ਵਿੱਚ ਕਾਫੀ ਛੋਟੇ ਸਨ, ਨੇ ਸਿਰਫ਼ 11 ਸਾਲ ਦੀ ਉਮਰ ਵਿੱਚ ਵਿਲੱਖਣ ਢੰਗ ਨਾਲ਼ ਵਿਰੋਧ ਦਰਜ ਕਰਵਾਇਆ। ਝੁੱਗੀਆਂ ਤੀਜੀ ਜਮਾਤ ਵਿੱਚੋਂ ਪਹਿਲੇ ਨੰਬਰ ’ਤੇ ਆਇਆ ਸੀ। ਸਿੱਖਿਆ ਵਿਭਾਗ ਦੇ ਮੁਨਸ਼ੀ ਨੇ ਉਸ ਨੂੰ ਇਨਾਮ ਦਿੰਦਿਆਂ ਕਿਹਾ ਕਿ ਬੋਲੋ 'ਬਰਤਾਨੀਆ ਜ਼ਿੰਦਾਬਾਦ, ਹਿਟਲਰ ਮੁਰਦਾਬਾਦ’। ਝੁੱਗੀਆਂ ਨੇ ਲੋਕਾਂ ਵੱਲ ਵੇਖਦਿਆਂ ਕਿਹਾ, ‘‘ਬਰਤਾਨੀਆ ਮੁਰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ।’’

ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਤੋਂ ਬਾਅਦ ਉਹ ਕਦੇ ਵੀ ਸਕੂਲ ਨਹੀਂ ਜਾ ਸਕਿਆ। ਪਰ ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਤੱਕ ਉਹ ਉਸ ਘਟਨਾ ਨੂੰ ਫਖ਼ਰ ਨਾਲ਼ ਸੁਣਾਉਂਦਾ ਰਿਹਾ। ਝੁੱਗੀਆਂ ਦੀ ਕਹਾਣੀ ਜੋ ਉਨ੍ਹਾਂ ਨੇ ‘ਪਾਰੀ’ ਦੇ ਬਾਨੀ ਸੰਪਾਦਕ ਪੀ ਸਾਈਨਾਥ ਨੂੰ ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ ਕਰੀਬ 95 ਸਾਲ ਦੀ ਉਮਰ ਵਿੱਚ ਸੁਣਾਈ ਸੀ।

ਅਜਿਹੇ ਹੀ ਜਜ਼ਬਾਤ 12 ਜੂਨ ਨੂੰ ਉਸ ਸਮੇਂ ਵੇਖਣ ਨੂੰ ਮਿਲੇ ਜਦੋਂ ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ (ਛੇ ਕਿੱਲਿਆਂ ਦੇ ਮਾਲ਼ਕ) ਉਸ ਨੂੰ ਮਿਲ ਕੇ ਮੁਹਾਲੀ ਵਿੱਚ ਪੱਤਰਕਾਰਾਂ ਨਾਲ਼ ਗੱਲਬਾਤ ਕਰ ਰਿਹਾ ਸੀ। ਉਸਨੇ ਫਖ਼ਰ ਨਾਲ਼ ਕਿਹਾ, ‘‘ਨਾ ਸਾਨੂੰ ਉਸ ਘਟਨਾ ’ਤੇ ਅਫਸੋਸ ਹੈ, ਨਾ ਕੁਲਵਿੰਦਰ ਨੂੰ। ਇਸ ਲਈ ਮੁਆਫ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।’’

ਪੰਜਾਬ ਦਾ ਮੌਜੂਦਾ ਇਤਿਹਾਸ ਵੀ ਇਸੇ ਤਰ੍ਹਾਂ ਦੇ ਵਿਅਕਤੀਗਤ ਵਿਰੋਧ ਪ੍ਰਦਰਸ਼ਨਾਂ ਦੀਆਂ ਘਟਨਾਵਾਂ ਨਾਲ਼ ਭਰਿਆ ਪਿਆ ਹੈ। 2014 ਵਿੱਚ ਕਿਸਾਨਾਂ ਵੱਲੋਂ ਲਗਾਤਾਰ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਸਨ। ਨਸ਼ਾ ਸਿਖ਼ਰ ’ਤੇ ਸੀ। ਬੇਰੁਜ਼ਗਾਰੀ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਸੀ। ਕਿਸੇ ਪਾਸੇ ਕੋਈ ਉਮੀਦ ਨਜ਼ਰ ਨਾ ਆਉਂਦੀ ਦੇਖ ਕੇ ਵਿਕਰਮ ਸਿੰਘ ਧਨੌਲਾ ਆਪਣੇ ਪਿੰਡੋਂ ਖੰਨੇ ਵੱਲ ਚੱਲ ਪਿਆ ਜੋ ਕਰੀਬ ਸੌ ਕਿਲੋਮੀਟਰ ਦੀ ਵਿੱਥ ’ਤੇ ਸੀ। ਉਥੇ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਜ਼ਾਦੀ ਦਿਵਸ ਦੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨਾ ਸੀ। ਵਿਕਰਮ ਚੁੱਪ-ਚਾਪ ਦਰਸ਼ਕਾਂ ਵਿੱਚ ਜਾ ਬੈਠਿਆ।

PHOTO • Courtesy: Vikram Dhanaula
PHOTO • Shraddha Agarwal

ਸਾਲ 2014 'ਚ ਵਿਕਰਮ ਸਿੰਘ ਧਨੌਲਾ (ਖੱਬੇ) ਨੇ ਬੇਰੁਜ਼ਗਾਰ ਨੌਜਵਾਨਾਂ ਅਤੇ ਪ੍ਰੇਸ਼ਾਨ ਕਿਸਾਨਾਂ ਪ੍ਰਤੀ ਜੋ ਸੂਬੇ ਦਾ ਉਦਾਸੀਨ ਰਵੱਈਆ ਰਿਹਾ ਸੀ ਉਹਦੇ ਖਿਲਾਫ਼ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟੀ ਸੀ। 2021 ਵਿੱਚ, ਪੰਜਾਬ ਦੀਆਂ ਔਰਤਾਂ ਕਿਸਾਨ ਵਿਰੋਧ ਪ੍ਰਦਰਸ਼ਨਾਂ ਵਿੱਚ ਸਭ ਤੋਂ ਅੱਗੇ ਸਨ (ਸੱਜੇ)

ਜਿਉਂ ਹੀ ਬਾਦਲ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਸਨੇ ਆਪਣੀ ਜੁੱਤੀ ਉਨ੍ਹਾਂ ਵੱਲ ਵਗਾਹ ਮਾਰੀ। ਘਟਨਾ ਨੂੰ ਯਾਦ ਕਰਕੇ ਵਿਕਰਮ ਦੱਸਦਾ ਹੈ,''ਮੇਰੇ ਤੇ ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਇੰਨਾ ਕੁ ਫਾਸਲਾ ਸੀ ਕਿ ਮੈਂ ਆਸਾਨੀ ਨਾਲ਼ ਉਨ੍ਹਾਂ ਦੇ ਮੂੰਹ ’ਤੇ ਜੁੱਤੀ ਮਾਰ ਸਕਦਾ ਸਾਂ। ਪਰ ਮੈਂ ਜੁੱਤੀ ਪੋਡੀਅਮ ਵੱਲ ਸੁੱਟੀ। ਮੇਰਾ ਮਕਸਦ ਸੀ ਕਿ ਉਹ ਨਕਲੀ ਦਵਾਈਆਂ ਅਤੇ ਬੀਜਾਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਵੱਲ ਧਿਆਨ ਦੇਣ, ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦਾ ਕੋਈ ਹੱਲ ਕਰਨ।’’

ਧਨੌਲਾ, ਜੋ ਅੱਜ ਵੀ ਬਰਨਾਲਾ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ, ਧਨੌਲਾ ਵਿਖੇ ਹੀ ਰਹਿੰਦੇ ਹਨ, ਨੂੰ 26 ਦਿਨ ਜੇਲ੍ਹ ਕੱਟਣੀ ਪਈ ਅਤੇ ਪੁਲੀਸ ਤਸੀਹੇ ਝੱਲਣੇ ਪਏ। ਦਸ ਸਾਲਾਂ ਬਾਅਦ ਇੱਕ ਸਵਾਲ ਜੇਹਨ ਵਿੱਚ ਸੁਭਾਵਕ ਹੀ ਆਉਂਦਾ ਹੈ ਕਿ ਜੋ ਵਿਕਰਮ ਨੇ ਕੀਤਾ ਕੀ ਉਹ ਸਹੀ ਸੀ? ‘‘ਜੋ ਕੁਝ ਮੈਂ ਕੀਤਾ ਜਾਂ ਕੁਲਵਿੰਦਰ ਨੇ ਕੀਤਾ, ਕੋਈ ਵੀ ਵਿਅਕਤੀ ਇਹ ਸਭ ਕੁਝ ਕਰਨ ਲਈ ਉਸ ਸਮੇਂ ਮਜਬੂਰ ਹੁੰਦਾ ਹੈ, ਜਦੋਂ ਉਸ ਨੂੰ ਕਿਸੇ ਪਾਸੇ ਕੋਈ ਰਾਹ ਨਜ਼ਰ ਨਹੀਂ ਆਉਂਦਾ,’’ ਉਨ੍ਹਾਂ ਪਾਰੀ ਨੂੰ ਦੱਸਿਆ। ਭਾਵੇਂ ਗੱਲ ਅੰਗਰੇਜ਼ਾਂ ਦੇ ਸਮੇਂ ਦੀ ਹੋਵੇ ਜਾਂ ਭਾਜਪਾ ਦੇ ਰਾਜ ਦੀ, ਪੰਜਾਬ ਦਾ ਇਤਿਹਾਸ ਅਜਿਹੇ ਵਿਅਕਤੀਗਤ ਵਿਰੋਧਾਂ ਨਾਲ਼ ਭਰਿਆ ਪਿਆ ਹੈ ਜੋ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣਾ ਵਿਰੋਧ ਦਰਜ ਕਰਵਾਉਂਦੇ ਆਏ ਹਨ।

ਕੰਗਨਾ ਰਣੌਤ ਦਾ ਪੰਜਾਬ ਨਾਲ਼ ਰਿਸ਼ਤਾ 2020 ਵਿੱਚ ਵਿਗੜ ਗਿਆ ਸੀ, ਜਦੋਂ ਉਸਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼,  ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਔਰਤਾਂ ਖਿਲਾਫ਼ ਭੱਦੀਆਂ ਟਿੱਪਣੀਆਂ ਕੀਤੀਆਂ ਸਨ। ਧਿਆਨ ਰਹੇ ਇਹ ਕਨੂੰਨ ਕੇਂਦਰ ਸਰਕਾਰ ਨੇ 19 ਨਵੰਬਰ 2021 ਨੂੰ ਵਾਪਸ ਲੈ ਲਏ ਸਨ।

ਅਜਿਹੇ ਹੀ ਇੱਕ ਟਵੀਟ ਵਿੱਚ ਹੱਸਦਿਆਂ ਕੰਗਨਾ ਨੇ ਕਿਹਾ, ‘‘ਹਾ ਹਾ ਹਾ ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਨੇ ਸਭ ਤੋਂ ਸ਼ਕਤੀਸ਼ਾਲੀ ਭਾਰਤੀ ਕਿਹਾ ਸੀ, ਇਹ ਸੌ ਰੁਪਏ ਵਿੱਚ ਉਪਲੱਬਧ ਹੈ।’’

ਇੰਝ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਕੰਗਨਾ ਦੇ ਉਨ੍ਹਾਂ ਸ਼ਬਦਾਂ ਨੂੰ ਅਜੇ ਤੱਕ ਨਹੀਂ ਭੁਲਾਇਆ। ਉਹ ਸ਼ਬਦ ਵਾਰ-ਵਾਰ ਮੁੜ ਗੂੰਜਦੇ ਹਨ। ਇਹ 6 ਜੂਨ ਨੂੰ ਇੱਕ ਵਾਰ ਫਿਰ ਗੂੰਜੇ ਜਦੋਂ ਕੁਲਵਿੰਦਰ ਕੌਰ ਨੇ ਕਿਹਾ, ‘‘ਇਹ ਕਹਿ ਰਹੀ ਸੀ ਨਾ, ਔਰਤਾਂ ਸੌ-ਸੌ ਰੁਪਏ ਲੈ ਕੇ ਧਰਨੇ ਵਿੱਚ ਬੈਠੀਆਂ। ਉਸ ਸਮੇਂ ਮੇਰੀ ਮਾਂ ਵੀ ਧਰਨੇ ਵਿੱਚ ਬੈਠੀ ਸੀ।’’ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਨੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਉਸਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਦੇ ਹੋਏ ਦੀ ਸੀਸੀਟੀਵੀ ਫੁਟੇਜ ਦੇਖੀ ਹੈ। ਹਾਂ, ਇੱਕ ਗੱਲ ਪੱਕੀ ਹੈ ਕਿ ਇਹ ਸਭ ਕੁਝ 6 ਜੂਨ ਨੂੰ ਹੀ ਸ਼ੁਰੂ ਨਹੀਂ ਹੋਇਆ।

ਵੀਡਿਓ ਦੇਖੋ: ਪੰਜਾਬ ਦੇ ਲੋਕਾਂ ਨੇ ਕੰਗਨਾ ਦੇ ਸ਼ਬਦਾਂ ਨੂੰ ਕਦੇ ਭੁਲਾਇਆ ਹੀ ਨਹੀਂ

ਇਹ ਵਰਤਾਰਾ ਆਮ ਹੀ ਰਿਹਾ। ਪੰਜਾਬ ਵਿੱਚ ਆਮ ਤੌਰ ’ਤੇ ਸਧਾਰਨ ਪਰਿਵਾਰਾਂ ਨਾਲ਼ ਸਬੰਧ ਰੱਖਣ ਵਾਲੇ ਆਮ ਲੋਕਾਂ ਵੱਲੋਂ ਵਿਅਕਤੀਗਤ ਵਿਰੋਧ ਕੀਤੇ ਗਏ

ਥੱਪੜ ਵੱਜਣ ਦੀ ਘਟਨਾ ਤੋਂ ਬਹੁਤ ਪਹਿਲਾਂ ਤਿੰਨ ਦਸੰਬਰ 2021 ਨੂੰ ਕੰਗਨਾ ਰਣੌਤ ਮਨਾਲੀ ਤੋਂ ਚੰਡੀਗੜ੍ਹ ਆ ਰਹੀ ਸੀ। ਉਸ ਦੀ ਕਾਰ ਨੂੰ ਪੰਜਾਬ ਵਿੱਚ ਦਾਖ਼ਲ ਹੁੰਦਿਆਂ ਹੀ ਕਿਸਾਨ ਔਰਤਾਂ ਨੇ ਕੀਰਤਪੁਰ ਸ਼ਾਹੀ ਮਾਰਗ ’ਤੇ ਰੋਕ ਲਿਆ ਅਤੇ ਮੁਆਫ਼ੀ ਮੰਗਣ ਤੋਂ ਬਾਅਦ ਹੀ ਜਾਣ ਦਿੱਤਾ ਗਿਆ। ਇਹ ਮੌਜੂਦਾ ਮਸਲਾ ਕੁਲਵਿੰਦਰ ਕੌਰ, ਉਸਦੇ ਭਰਾ ਸ਼ੇਰ ਸਿੰਘ ਮਾਹੀਵਾਲ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਸਵੈ-ਮਾਣ ਅਤੇ ਵੱਕਾਰ ਦਾ ਸਵਾਲ ਵੀ ਹੈ।

''ਸਾਡੀਆਂ ਕਈ ਪੀੜ੍ਹੀਆਂ ਨੇ ਭਾਰਤੀ ਫੌਜ ਵਿੱਚ ਸੇਵਾ ਨਿਭਾਈ ਹੈ,'' ਪਾਰੀ ਨਾਲ਼ ਗੱਲਬਾਤ ਕਰਦਿਆਂ ਸ਼ੇਰ ਸਿੰਘ ਮਾਹੀਵਾਲ ਨੇ ਦੱਸਿਆ। ''ਕੁਲਵਿੰਦਰ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਅਤੇ ਦਾਦੇ ਦੇ ਤਿੰਨ ਪੁੱਤਰ ਫੌਜ ਵਿੱਚ 1965 ਤੇ 1971 ਦੀਆਂ ਜੰਗਾਂ ਲੜ ਚੁੱਕੇ ਹਨ। ਕੀ ਤੁਹਾਨੂੰ ਅਜੇ ਵੀ ਲੱਗਦਾ ਹੈ ਕਿ ਸਾਨੂੰ ਕੰਗਨਾ ਰਣੌਤ ਵਰਗਿਆਂ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਹੈ, ਜੋ ਸਾਨੂੰ ਅਤਿਵਾਦੀ ਹੋਣ ਦਾ ਸਰਟੀਫਿਕੇਟ ਵੰਡਦੇ ਫਿਰ ਰਹੇ ਨੇ?’’ ਬੁਲੰਦ ਸੁਰ ਵਿੱਚ ਸ਼ੇਰ ਸਿੰਘ ਪੁੱਛਦੇ ਹਨ।

35 ਸਾਲਾ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਦੋ ਬੱਚਿਆਂ, ਪੰਜ ਸਾਲ ਦੇ ਪੁੱਤਰ ਤੇ ਨੌ ਸਾਲ ਦੀ ਧੀ ਦੀ ਮਾਂ ਹੈ ਅਤੇ ਉਸ ਦਾ ਪਤੀ ਵੀ ਸੀ. ਆਈ. ਐੱਸ. ਐੱਫ. ਵਿੱਚ ਸਿਪਾਹੀ ਵਜੋਂ ਤਾਇਨਾਤ ਹੈ।  ਇਸ ਸਮੇਂ ਕੁਲਵਿੰਦਰ ਦੀ ਨੌਕਰੀ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਪੰਜਾਬ ਦੀ ਤਸੀਰ ਨੂੰ ਸਮਝਣ ਵਾਲੇ ਲੋਕ ਦੱਸਦੇ ਹਨ ਕਿ ਵਿਅਕਤੀਗਤ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਇਸ ਦੀ ਕੀਮਤ ਤਾਰਨੀ ਹੀ ਪੈਂਦੀ ਹੈ, ਪਰ ਉਨ੍ਹਾਂ ਦਾ ਸਾਹਸ ਇੱਕ ਰੌਸ਼ਨ ਭਵਿੱਖ ਦੇ ਬੀਜ ਬੀਜਦਾ ਹੈ। ਸੀਪੀਆਈ ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਕਹਿੰਦੇ ਹਨ, ''ਜੋਗਾ ਤੇ ਕੁਲਵਿੰਦਰ ਕੌਰ ਦੋਵੇਂ ਹੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਾਡੇ ਸੁਪਨੇ ਅਜੇ ਵੀ ਜਿਊਂਦੇ ਹਨ।'' ਛੇ ਦਹਾਕੇ ਪਹਿਲਾਂ ਜਗੀਰ ਸਿੰਘ ਜੋਗਾ ਨਾਲ਼ ਜੁੜਨ ਵਾਲ਼ੇ ਅਰਸ਼ੀ ਪਿੰਡ (ਜੋਗਾ) ਤੋਂ 25 ਕਿਲੋਮੀਟਰ ਦੂਰ ਦਾਤੇਵਸ ਪਿੰਡ ਦੇ ਰਹਿਣ ਵਾਲ਼ੇ ਹਨ, ਦੋਵੇਂ ਹੀ ਪਿੰਡ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਹਨ।

ਜੋਗਾ ਨੂੰ ਨਾਭੇ ਜੇਲ੍ਹ ਵਿੱਚੋਂ ਹੀ ਲੋਕਾਂ ਨੇ 1954 ਵਿੱਚ ਪੰਜਾਬ ਅਸੈਂਬਲੀ ਵਿੱਚ ਚੁਣ ਕੇ ਭੇਜ ਦਿੱਤਾ ਸੀ। ਸੁਰਜੀਤ, ਭਗਤ ਸਿੰਘ ਝੁੱਗੀਆਂ ਅਤੇ ਪ੍ਰੇਮ ਦੱਤ ਪੰਜਾਬ ਦੇ ਵਿਅਕਤੀਗਤ ਵਿਰੋਧਾਂ ਦੀ ਵੀਰ ਗਾਥਾ ਦੇ ਨਾਇਕ ਹਨ।

ਵੀਡਿਓ ਵਿੱਚ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਾਹੀਵਾਲ ਘਟਨਾ ਦੀ ਜਾਣਕਾਰੀ ਦਿੰਦਿਆਂ

ਵਿਅਕਤੀਗਤ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਇਸ ਦੀ ਕੀਮਤ ਤਾਰਨੀ ਹੀ ਪੈਂਦੀ ਹੈ, ਪਰ ਉਨ੍ਹਾਂ ਦਾ ਸਾਹਸ ਇੱਕ ਰੌਸ਼ਨ ਭਵਿੱਖ ਦੇ ਬੀਜ ਬੀਜਦਾ ਹੈ

ਕੁਲਵਿੰਦਰ ਕੌਰ ਦੇ ਹੱਕ ਵਿੱਚ ਪ੍ਰਦਰਸ਼ਨ ਅਤੇ ਮੁਜ਼ਾਹਰੇ ਪੰਜਾਬ ਚੰਡੀਗੜ੍ਹ ਵਿੱਚ ਥਾਂ-ਥਾਂ ਹੋ ਰਹੇ ਹਨ। ਇਹ ਪ੍ਰਦਰਸ਼ਨ ਕੰਗਨਾ ਦੇ ਥੱਪੜ ਮਾਰਨ ਨਾਲੋਂ ਇਸ ਗੱਲ ’ਤੇ ਜ਼ਿਆਦਾ ਮਾਣ ਕਰ ਰਹੇ ਹਨ ਕਿ ਇੱਕ ਸਧਾਰਨ ਸਿਪਾਹੀ ਇੱਕ ਸ਼ਕਤੀਸ਼ਾਲੀ ਸੰਸਦ ਮੈਂਬਰ ਅੱਗੇ ਪੰਜਾਬ ਦੀ ਸਾਖ਼ ਤੇ ਸਵੈ-ਮਾਣ ਨੂੰ ਬਚਾਉਣ ਲਈ ਖੜ੍ਹੀ। ਉਹ ਕੁਲਵਿੰਦਰ ਕੌਰ ਦੇ ਇਸ ਕਦਮ ਨੂੰ ਪੰਜਾਬ ਦੇ ਵਿਅਕਤੀਗਤ ਵਿਰੋਧਾਂ ਦੀ ਲਗਾਤਾਰਤਾ ਵਜੋਂ ਦੇਖ ਰਹੇ ਹਨ।

ਇਹ ਘਟਨਾ ਬਹੁਤ ਸਾਰੇ ਗੀਤਾਂ, ਕਵਿਤਾਵਾਂ, ਮੀਮਾਂ ਅਤੇ ਕਾਰਟੂਨਾਂ ਦੀ ਪ੍ਰੇਰਨਾ ਸਰੋਤ ਬਣੀ। ‘ਪਾਰੀ’ ਵੱਲੋਂ ਇਸ ਰਿਪੋਰਟ ਦੇ ਨਾਲ਼ ਹੀ ਪੰਜਾਬੀ ਦੇ ਉੱਘੇ ਨਾਟਕਕਾਰ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਸਵਰਾਜਬੀਰ ਦੀ ਲਿਖੀ ਕਵਿਤਾ ਵੀ ਸਾਂਝੀ ਕੀਤੀ ਹੈ।

ਕੁਲਵਿੰਦਰ ਕੌਰ ਦੇ ਹੱਕ ਵਿੱਚ ਹੋ ਰਹੇ ਪ੍ਰਦਰਸ਼ਨ ਤੇ ਕਾਨੂੰਨੀ ਸਹਾਇਤਾ ਦੇ ਐਲਾਨਾਂ ਦੇ ਬਾਵਜੂਦ ਇੰਝ ਜਾਪ ਰਿਹਾ ਹੈ, ਸ਼ਾਇਦ ਉਹ ਆਪਣੀ ਨੌਕਰੀ ਨਾ ਬਚਾਅ ਪਾਵੇ। ਹਾਲਾਂਕਿ, ਜਦੋਂ ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਇਸ ਸਭ ਦੌਰਾਨ ਇਹ ਵੀ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਇਦ ਇਸ ਤੋਂ ਕਿਤੇ ਵੱਡੀ ਨੌਕਰੀ ਸੂਬਾਈ ਵਿਧਾਨ ਸਭਾ ਵਿੱਚ ਉਸ ਦੀ ਉਡੀਕ ਕਰ ਰਹੀ ਹੈ। ਪੰਜਾਬੀਆਂ ਦਾ ਇੱਕ ਵੱਡਾ ਹਿੱਸਾ ਇਹ ਸੋਚਦਾ ਹੈ ਕਿ ਉਹ ਜ਼ਿਮਨੀ ਚੋਣ ਜ਼ਰੂਰ ਲੜੇਗੀ।

PHOTO • PARI Photos

ਖੱਬੇ: ਘਟਨਾ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ 'ਤੇ ਮੌਜੂਦ ਕੁਲਵਿੰਦਰ ਕੌਰ। ਸੱਜੇ:9 ਜੂਨ 2024 ਨੂੰ ਮੋਹਾਲੀ ਵਿਖੇ ਕੰਗਨਾ ਦੇ ਵਿਰੋਧ ਤੇ ਕੁਲਵਿੰਦਰ ਦੇ ਹੱਕ ਵਿੱਚ ਪ੍ਰਦਰਸ਼ਨ ਦੀ ਝਲਕ

___________________________________________________

ਦੱਸ ਨੀ ਮਾਏ, ਦੱਸ ਨੀ

- ਸਵਰਾਜਬੀਰ

ਦੱਸ ਨੀ ਮਾਏ, ਦੱਸ ਨੀ
ਦੱਸ ਦਿਲੇ ਦਾ ਹਾਲ ਨੀ ਮਾਏ
ਮੇਰੇ ਸੰਘ ’ਚ ਆਉਣ ਉਬਾਲ ਨੀ ਮਾਏ
ਬਣੇ ਜਿਨ੍ਹਾਂ ਦਾ ਕੋਈ ਬੋਲ ਨਾ
ਮੇਰੇ ਦਿਲ ’ਚ ਉੱਠਣ ਜਵਾਲ ਨੀ ਮਾਏ

ਦੱਸ ਨੀ ਮਾਏ, ਦੱਸ ਨੀ
ਦੱਸ ਨੀ ਮਾਏ, ਦੱਸ ਨੀ
ਕੌਣ ਨਿੱਤ ਚਪੇੜਾਂ ਮਾਰਦਾ ਏ
ਨਿੱਤ ਪਰਦੇ ’ਤੇ ਚਿੰਘਾੜਦਾ ਏ

ਚਪੇੜਾਂ ਮਾਰਦੇ ਸਿਕਦਾਰ ਮਾਏ
ਚਪੇੜਾਂ ਮਾਰਦੇ ਜ਼ਰਦਾਰ ਮਾਏ
ਨਿੱਤ ਪਏ ਗ਼ਰੀਬ ਨੂੰ ਮਾਰ ਸਹਿਣੀ
ਝੂਠੇ ਸਰਕਾਰਾਂ ਦੇ ਕੌਲ ਕਰਾਰ ਮਾਏ

ਪਰ ਕਦੇ ਕਦੇ
ਕਦੇ ਕਦੇ
ਪਰ ਕਦੇ ਕਦੇ
ਕੋਈ ਥੱਕੀ ਹਾਰੀ ਗ਼ਰੀਬ ਮਾਏ
ਉਠੇ ਖਿਆਲ ਦਿਲ ’ਚ ਅਜੀਬ ਮਾਏ
ਹੱਥ ਉਹ ਵੀ ਕਦੇ ਉਲਾਰਦੀ ਏ
ਸਿਕਦਾਰਾਂ ਨੂੰ ਵੰਗਾਰ ਦੀ ਏ

ਇਹ ਚਪੇੜ ਨੲ੍ਹੀਂ ਚਪੇੜ ਮਾਏ
ਇਹ ਦਿਲ ਮੇਰੇ ਦੀ ਚੀਖ ਮਾਏ
ਗ਼ਲਤ ਆਖੇ ਕੋਈ ਠੀਕ ਮਾਏ
ਇਹ ਦਿਲ ਮੇਰੇ ਦੀ ਚੀਖ ਮਾਏ
ਕੁਝ ਗ਼ਲਤ ਤੇ ਕੁਝ ਠੀਕ ਮਾਏ

ਬੈਠੀ ਤੂੰ ਸੀ ਆਪਣਿਆਂ ਨਾਲ਼ ਮਾਏ
ਕੀਤੇ ਜ਼ਰਦਾਰਾਂ ਜਦੋਂ ਸਵਾਲ ਮਾਏ
ਪਏ ਦਿਲ ਮੇਰੇ ਨੂੰ ਹਾਲ ਮਾਏ

ਇਹ ਦਿਲ ਮੇਰੇ ਦੀ ਕੂਕ ਨੀ ਮਾਏ
ਇਹ ਦਿਲ ਮੇਰੇ ਦੀ ਹੂਕ ਨੀ ਮਾਏ

ਇਹ ਦਿਲ ਮੇਰੀ ਦੀ ਚੀਖ ਮਾਏ
ਕੁਝ ਗ਼ਲਤ ਤੇ ਕੁਝ ਠੀਕ ਮਾਏ

(ਧੰਨਵਾਦ: ਨਵਸ਼ਰਨ, ਸੁਮੇਲ ਸਿੰਘ ਸਿੱਧੂ ਤੇ ਚਰਨਜੀਤ ਸੋਹਲ)

Vishav Bharti

وشو بھارتی، چنڈی گڑھ میں مقیم صحافی ہیں، جو گزشتہ دو دہائیوں سے پنجاب کے زرعی بحران اور احتجاجی تحریکوں کو کور کر رہے ہیں۔

کے ذریعہ دیگر اسٹوریز Vishav Bharti

پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Illustration : Antara Raman

انترا رمن سماجی عمل اور اساطیری خیال آرائی میں دلچسپی رکھنے والی ایک خاکہ نگار اور ویب سائٹ ڈیزائنر ہیں۔ انہوں نے سرشٹی انسٹی ٹیوٹ آف آرٹ، ڈیزائن اینڈ ٹکنالوجی، بنگلورو سے گریجویشن کیا ہے اور ان کا ماننا ہے کہ کہانی اور خاکہ نگاری ایک دوسرے سے مربوط ہیں۔

کے ذریعہ دیگر اسٹوریز Antara Raman