ਕੋਲ੍ਹਾਪੁਰ ਜ਼ਿਲ੍ਹੇ ਦੇ ਪਿੰਡ ਓਚਾਗਾਓਂ ਦੇ ਕਿਸਾਨ ਸੰਜੈ ਚਵਾਨ ਕਹਿੰਦੇ ਹਨ, '' ਸੀਮੇਂਟ ਚਾ ਜੰਗਲ ਅਚ ਝਾਲੇਲਾ ਆਹੇ (ਇਹ ਲਗਭਗ ਸੀਮੇਂਟ ਦਾ ਜੰਗਲ ਹੀ ਬਣ ਗਿਆ ਹੈ)। ਪਿਛਲੇ ਇੱਕ ਦਹਾਕੇ ਦੌਰਾਨ ਓਚਾਗਾਓਂ ਵਿਖੇ ਫ਼ੈਕਟਰੀਆਂ ਤੇ ਸਨਅਤ ਦਾ ਬੇਤਹਾਸ਼ਾ ਵਾਧਾ ਦੇਖਣ ਨੂੰ ਆਇਆ ਹੈ ਤੇ ਨਾਲ਼ ਦੀ ਨਾਲ਼ ਜ਼ਮੀਨਦੋਜ਼ ਪਾਣੀ ਦੇ ਡਿੱਗਦੇ ਪੱਧਰ ਦਾ ਵੀ।
''ਹੁਣ ਤਾਂ ਸਾਡੇ ਖ਼ੂਹ ਵੀ ਸੁੱਕ ਗਏ ਹਨ,'' 48 ਸਾਲਾ ਕਿਸਾਨ ਦਾ ਕਹਿਣਾ ਹੈ।
ਮਹਾਰਾਸ਼ਟਰ ਦੀ ਗਰਾਉਂਡ ਵਾਟਰ ਯੀਅਰ ਬੁੱਕ (2019) ਦੀ ਮੰਨੀਏ ਤਾਂ ਕੋਲ੍ਹਾਪੁਰ, ਸਾਂਗਲੀ, ਸਤਾਰਾ ਸਣੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਕਰੀਬ 14 ਫ਼ੀਸਦ ਖੂਹਾਂ ਦਾ ਪਾਣੀ ਸੁੰਗੜਦਾ/ਘੱਟਦਾ ਹੋਇਆ ਪ੍ਰਤੀ ਹੋ ਰਿਹਾ ਹੈ। ਬੋਰ ਕਰਨ ਵਾਲ਼ੇ (ਡ੍ਰਲਿੰਗ) ਠੇਕੇਦਾਰ, ਰਤਨ ਰਾਠੌੜ ਕਹਿੰਦੇ ਹਨ, ਪਿਛਲੇ ਦੋ ਦਹਾਕਿਆਂ ਵਿੱਚ ਖ਼ੂਹ ਦੀ ਔਸਤਨ ਡੂੰਘਾਈ 30 ਫੁੱਟ ਤੋਂ ਵੱਧ ਕੇ 60 ਫੁੱਟ ਹੋ ਗਈ ਹੈ।
ਸੰਜੈ ਅੱਗੇ ਕਹਿੰਦੇ ਹਨ ਕਿ ਓਚਾਗਾਓਂ ਵਿੱਚ ਘਰ-ਘਰ ਹੀ ਬੋਰਵੈੱਲ ਹੈ ਜੋ ਵੱਡੀ ਮਾਤਰਾ ਵਿੱਚ ਧਰਤੀ ਦਾ ਪਾਣੀ ਖਿੱਚੀ ਤੁਰੀ ਜਾਂਦੇ ਹਨ। ਓਚਾਗਾਓਂ ਦੇ ਸਾਬਕਾ ਡਿਪਟੀ ਸਰਪੰਚ ਮਧੁਕਰ ਚਵਾਨ ਕਹਿੰਦੇ ਹਨ,''ਵੀਹ ਸਾਲ ਪਹਿਲਾਂ ਤੱਕ ਓਚਾਗਾਓਂ ਵਿੱਚ 15-20 ਬੋਰਵੈੱਲ ਸਨ। ਅੱਜ ਇਨ੍ਹਾਂ ਦੀ ਗਿਣਤੀ 700-800 ਹੋ ਗਈ ਹੈ।''
ਓਚਾਗਾਓਂ ਵਿੱਚ ਪਾਣੀ ਦੀ ਰੋਜ਼ ਦੀ ਮੰਗ 25 ਤੋਂ 30 ਲੱਖ ਲੀਟਰ ਵਿਚਾਲੇ ਹੈ, ਪਰ ''[...] ਪਿੰਡ ਦੀ ਜ਼ਮੀਨ ਹੇਠਾਂ ਤਾਂ ਇੱਕ ਦਿਨ ਛੱਡ ਕੇ ਦੂਜੇ ਦਿਨ ਸਿਰਫ਼ 10-12 ਲੱਖ ਲੀਟਰ ਪਾਣੀ ਹੀ ਹੋ ਸਕਦਾ ਹੈ,'' ਮਧੁਕਰ ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪਿੰਡ ਹੇਠਲੇ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ ਇਹ ਸੰਕਟ ਆਉਣ ਵਾਲ਼ੇ ਸਮੇਂ ਵਿੱਚ ਵਿਕਰਾਲ ਰੂਪ ਧਾਰਨ ਕਰ ਲਵੇਗਾ।
ਇਹ ਲਘੂ ਫ਼ਿਲਮ ਕੋਲ੍ਹਾਪੁਰ ਦੇ ਜ਼ਮੀਨਦੋਜ਼ ਪਾਣੀ ਦੇ ਘੱਟਦੇ ਜਾਂਦੇ ਪੱਧਰ ਤੋਂ ਪ੍ਰਭਾਵਤ ਕਿਸਾਨਾਂ ਦੀ ਹਾਲਤ ਦਰਸਾਉਂਦੀ ਹੈ।
ਤਰਜਮਾ: ਕਮਲਜੀਤ ਕੌਰ