ਦਿੱਲੀ ਹਮਾਰੀ ਹੈ!
ਦੇਸ਼ ਪਰ ਵਹੀ ਰਾਜ ਕਰੇਗਾ,
ਜੋ ਕਿਸਾਨ ਮਜ਼ਦੂਰ ਕੀ ਬਾਤ ਕਰੇਗਾ!
ਇਹ ਅਵਾਜ਼ ਉਨ੍ਹਾਂ ਕਿਸਾਨਾਂ ਦੀ ਸੀ ਜੋ 14 ਮਾਰਚ 2024 ਨੂੰ ਵੀਰਵਾਰ ਦੇ ਦਿਨ ਮਜ਼ਦੂਰ ਮਹਾਪੰਚਾਇਤ ਵਾਸਤੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਇਕੱਠੇ ਹੋਏ ਸਨ।
''ਅਸੀਂ ਤਿੰਨ ਕੁ ਸਾਲ ਪਹਿਲਾਂ (2020-21) ਨੂੰ ਟਿਕਰੀ ਬਾਰਡਰ ਵਿਖੇ ਸਾਲ ਲੰਬਾ ਅੰਦੋਲਨ ਚਲਾਇਆ ਸੀ,'' ਇਹ ਗੱਲ ਉਨ੍ਹਾਂ ਔਰਤਾਂ ਦੇ ਸਮੂਹ ਨੇ ਪਾਰੀ ਨੂੰ ਆਖੀ ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਰਾਮਲੀਲਾ ਮੈਦਾਨ ਵਿਖੇ ਆਇਆ ਹੈ। ''ਜੇ ਲੋੜ ਪਈ ਤਾਂ ਅਸੀਂ ਦੋਬਾਰਾ ਆਵਾਂਗੇ।''
ਮੈਦਾਨ ਨੇੜਲੀਆਂ ਸੜਕਾਂ ਬੱਸਾਂ ਨਾਲ਼ ਭਰੀਆਂ ਹੋਈਆਂ ਸਨ। ਇਹ ਬੱਸਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਨੂੰ ਲੈ ਕੇ ਪਹੁੰਚੀਆਂ। ਸਵੇਰੇ 9 ਵਜੇ, ਇਤਿਹਾਸਕ ਮੈਦਾਨ ਵੱਲ ਜਾਣ ਵਾਲ਼ੀ ਸੜਕ ਦੇ ਕਿਨਾਰੇ, ਪਾਰਕ ਕੀਤੀਆਂ ਬੱਸਾਂ ਦੇ ਮਗਰ ਪੁਰਸ਼ ਤੇ ਔਰਤਾਂ ਦੇ ਛੋਟੇ-ਛੋਟੇ ਸਮੂਹ ਲੰਗਰ ਛੱਕ ਰਹੇ ਸਨ, ਜੋ ਉਨ੍ਹਾਂ ਨੇ ਲੋਹ 'ਤੇ ਤਿਆਰ ਕੀਤਾ ਸੀ।
ਊਰਜਾ ਨਾਲ਼ ਭਰਪੂਰ ਇਸ ਸਵੇਰ ਲਈ ਇਹ ਥਾਂ ਹੀ ਉਨ੍ਹਾਂ ਲਈ ਪਿੰਡ ਬਣ ਗਈ ਸੀ ਤੇ ਸਾਰੇ ਪੁਰਸ਼ ਤੇ ਮਹਿਲਾ ਕਿਸਾਨ ਝੰਡਿਆਂ ਦੇ ਨਾਲ਼ ਰਾਮਲੀਲੀ ਮੈਦਾਨ ਵਿੱਚ ਪ੍ਰਵੇਸ਼ ਕਰ ਰਹੇ ਸਨ। 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰਿਆਂ ਨਾਲ਼ ਅਸਮਾਨ ਗੂੰਜ ਰਿਹਾ ਸੀ! ਸਵੇਰੇ 10:30 ਵਜੇ ਤੱਕ ਜ਼ਮੀਨ 'ਤੇ ਹਰੇ ਰੰਗ ਦੇ ਪਾਲੀਥੀਨ ਦੀ ਬੁਣੀ ਹੋਈ ਸ਼ੀਟ 'ਤੇ ਸੈਂਕੜੇ ਕਿਸਾਨ ਤੇ ਖੇਤ ਮਜ਼ਦੂਰ ਚੌਂਕੜੀ ਮਾਰੀ ਬੈਠੇ ਹੋਏ ਸਨ ਤੇ ਕਿਸਾਨ ਮਜ਼ਦੂਰ ਮਹਾਪੰਚਾਇਤ ਸ਼ੁਰੂ ਹੋਣ ਦੀ ਉਡੀਕ ਬੇਸਬਰੀ ਨਾਲ਼ ਕਰ ਰਹੇ ਸਨ।
ਰਾਮਲੀਲਾ ਮੈਦਾਨ ਦੇ ਦਰਵਾਜ਼ੇ ਸਵੇਰੇ ਹੀ ਖੋਲ੍ਹੇ ਗਏ ਸਨ, ਕਿਉਂਕਿ ਪ੍ਰਸ਼ਾਸ਼ਨਕ ਅਧਿਕਾਰੀਆਂ ਮੁਤਾਬਕ ਮੈਦਾਨ 'ਚ ਪਾਣੀ ਭਰਿਆ ਹੋਇਆ ਸੀ। ਕਿਸਾਨ ਨੇਤਾਵਾਂ ਦਾ ਦੋਸ਼ ਹੈ ਕਿ ਮੀਟਿੰਗ ਵਿੱਚ ਵਿਘਨ ਪਾਉਣ ਲਈ ਮੈਦਾਨ ਵਿੱਚ ਜਾਣਬੁੱਝ ਕੇ ਪਾਣੀ ਭਰਨ ਕੋਸ਼ਿਸ਼ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲ਼ੀ ਦਿੱਲੀ ਪੁਲਿਸ ਦਾ ਕਹਿਣਾ ਸੀ ਕਿ ਇਕੱਠ ਵਿੱਚ 5,000 ਤੋਂ ਵੱਧ ਲੋਕ ਸ਼ਾਮਲ ਨਾ ਕੀਤੇ ਜਾਣ। ਹਾਲਾਂਕਿ, ਮੈਦਾਨ ਵਿੱਚ ਦਸ ਗੁਣਾ ਦੇ ਕਰੀਬ ਕਿਸਾਨ ਮੌਜੂਦ ਸਨ। ਉੱਥੇ ਵੱਡੀ ਗਿਣਤੀ ਵਿੱਚ ਮੀਡੀਆ ਕਰਮੀ ਵੀ ਮੌਜੂਦ ਸਨ।
ਸੈਸ਼ਨ ਦੀ ਸ਼ੁਰੂਆਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਯਾਦ ਵਿੱਚ ਮੌਨ ਰੱਖਣ ਨਾਲ਼ ਹੋਈ। ਸ਼ੁਭਕਰਨ ਦੀ 21 ਫਰਵਰੀ ਨੂੰ ਪਟਿਆਲਾ ਦੇ ਢਾਬੀ ਗੁਜਰਾਂ ਵਿਖੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਦੋਂ ਮੌਤ ਹੋਈ, ਜਦੋਂ ਪੁਲਿਸ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲ਼ੇ ਅਤੇ ਰਬੜ ਦੀਆਂ ਗੋਲ਼ੀਆਂ ਵਰ੍ਹਾ ਰਹੀ ਸੀ।
ਮਹਾਪੰਚਾਇਤ ਵਿੱਚ ਸਭ ਤੋਂ ਪਹਿਲਾਂ ਡਾ. ਸੁਨੀਲਮ ਨੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦਾ ਸੰਕਲਪ ਪੱਤਰ ਪੜ੍ਹਿਆ। ਮੰਚ 'ਤੇ ਐੱਸਕੇਐੱਮ ਅਤੇ ਉਸ ਨਾਲ਼ ਜੁੜੇ ਸੰਗਠਨਾਂ ਦੇ 25 ਤੋਂ ਵੱਧ ਆਗੂ ਮੌਜੂਦ ਸਨ; ਉਨ੍ਹਾਂ ਵਿੱਚ ਸ਼ਾਮਲ ਤਿੰਨ ਮਹਿਲਾ ਆਗੂਆਂ ਵਿੱਚ ਮੇਧਾ ਪਾਟੇਕਰ ਵੀ ਸ਼ਾਮਲ ਰਹੀ। ਸਾਰਿਆਂ ਨੇ ਐੱਮਐੱਸਪੀ ਲਈ ਕਨੂੰਨੀ ਗਰੰਟੀ ਦੀ ਲੋੜ ਦੇ ਨਾਲ਼, ਹੋਰ ਸਾਰੀਆਂ ਮੰਗਾਂ 'ਤੇ 5 ਤੋਂ 10 ਮਿੰਟਾਂ ਤੱਕ ਆਪਣੀ ਗੱਲ ਰੱਖੀ।
ਕਿਸਾਨ ਕੇਂਦਰ ਸਰਕਾਰ ਦੀਆਂ ਦਮਨਕਾਰੀ ਕਾਰਵਾਈਆਂ- ਫਰਵਰੀ 2024 ਵਿੱਚ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲ਼ੇ ਵਰ੍ਹਾਏ ਤੇ ਲਾਠੀਚਾਰਜ ਨੂੰ ਲੈ ਕੇ ਕਾਫ਼ੀ ਗੁੱਸੇ ਵਿੱਚ ਹਨ। ਪੜ੍ਹੋ: ‘ਇਓਂ ਜਾਪ ਰਿਹਾ ਜਿਓਂ ਸ਼ੰਭੂ ਕੋਈ ਬਾਰਡਰ ਨਾ ਹੋ ਕੇ ਜੇਲ੍ਹ ਹੋਵੇ’
ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਸਰਕਾਰ ਵੱਲੋਂ ਸੜਕਾਂ 'ਤੇ ਅੜਿੱਕੇ ਡਾਹੁਣ ਲਈ ਲਾਈਆਂ ਸਾਰੀਆਂ ਰੋਕਾਂ ਦਾ ਜਵਾਬ ਦਿੰਦੇ ਹੋਏ ਇੱਕ ਬੁਲਾਰੇ ਨੇ ਜ਼ੋਰਦਾਰ ਲਲਕਾਰ ਮਾਰਦਿਆਂ ਕਿਹਾ: ''ਦਿੱਲੀ ਹਮਾਰੀ ਹੈ। ਦੇਸ਼ ਪਰ ਵਹੀ ਰਾਜ ਕਰੇਗਾ, ਜੋ ਕਿਸਾਨ ਮਜ਼ਦੂਰ ਕੀ ਬਾਤ ਕਰੇਗਾ!''
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਕਰਨਾਟਕ, ਕੇਰਲ, ਮੱਧ ਪ੍ਰਦੇਸ਼ ਤੇ ਉਤਰਾਖੰਡ ਦੇ ਕਿਸਾਨ ਤੇ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ 'ਕਾਰਪੋਰੇਟ ਕੰਪਨੀਆਂ ਦੇ ਹੱਕ ਵਿੱਚ ਕੰਮ ਕਰਨ ਵਾਲ਼ੀ ਫ਼ਿਰਕੂਵਾਦੀ, ਤਾਨਾਸ਼ਾਹ ਸਰਕਾਰ' ਨੂੰ ਸਬਕ ਸਿਖਾਉਣ ਦੀ ਵੀ ਲਲਕਾਰ ਮਾਰੀ।'
ਰਾਕੇਸ਼ ਟਿਕੈਤ ਨੇ ਆਪਣੇ ਭਾਸ਼ਣ ਵਿੱਚ ਕਿਹਾ,''22 ਜਨਵਰੀ 2021 ਤੋਂ ਬਾਅਦ ਸਰਕਾਰ ਨੇ ਕਿਸਾਨ ਸੰਗਠਨਾਂ ਨਾਲ਼ ਕੋਈ ਗੱਲ਼ ਨਹੀਂ ਕੀਤੀ। ਜਦੋਂ ਗੱਲਬਾਤ ਹੋਈ ਹੀ ਨਹੀਂ, ਤਾਂ ਮੁੱਦਿਆਂ ਦਾ ਹੱਲ ਵੀ ਕਿਵੇਂ ਨਿਕਲ਼ ਸਕਦਾ?'' ਟਿਕੈਤ, ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਹਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਵੀ।
ਕੁੱਲ ਭਾਰਤੀ ਕਿਸਾਨ ਸਭਾ (ਏਆਈਕੇਐੱਸ) ਦੇ ਸਕੱਤਰ ਡਾ. ਵੀਜੂ ਕ੍ਰਿਸ਼ਣਨ ਦਾ ਕਹਿਣਾ ਸੀ,''ਸਾਲ 2020-21 ਵਿੱਚ ਕਿਸਾਨ ਅੰਦੋਲਨ ਦੇ ਅਖ਼ੀਰੀ ਦਿਨਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ C2 + 50 ਪ੍ਰਤੀਸ਼ਤ 'ਤੇ ਐੱਮਐੱਸਪੀ ਦੀ ਕਨੂੰਨੀ ਗਰੰਟੀ ਦਵੇਗੀ। ਉਸ ਵਾਅਦੇ 'ਤੇ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਨੇ ਗਰੰਟੀ ਦਿੱਤੀ ਸੀ ਕਿ ਕਰਜ਼ਾ ਮੁਆਫ਼ੀ ਕੀਤੀ ਜਾਵੇਗੀ, ਪਰ ਹੁਣ ਤੱਕ ਹੋਇਆ ਕੁਝ ਵੀ ਨਹੀਂ।'' ਪੜ੍ਹੋ: ਕਿਸਾਨ ਅੰਦੋਲਨ ਦੀ ਪਾਰੀ ਦੀ ਮੁਕੰਮਲ ਕਵਰੇਜ ।
ਮੰਚ ਤੋਂ ਆਪਣੀ ਗੱਲ ਰੱਖਦੇ ਵੇਲ਼ੇ, ਕ੍ਰਿਸ਼ਣਨ ਨੇ ਸਾਲ ਤੋਂ ਵੱਧ ਸਮਾਂ ਚੱਲੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ 736 ਕਿਸਾਨਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਸਰਕਾਰ ਦਾ ਵਾਅਦਾ ਹਾਲੇ ਤੱਕ ਅਧਵਾਟੇ ਲਮਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਨਕਾਰੀਆਂ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਨੂੰ ਵਾਪਸ ਲੈ ਲਏ ਜਾਣ ਦਾ ਵਾਅਦਾ ਵੀ ਹਾਲੇ ਤੀਕਰ ਪੂਰਾ ਨਹੀਂ ਹੋਇਆ। ਮਹਾਪੰਚਾਇਤ ਦੌਰਾਨ ਪਾਰੀ ਨਾਲ਼ ਗੱਲ ਕਰਦਿਆਂ ਉਨ੍ਹਾਂ ਦਾ ਕਹਿਣਾ ਸੀ,''ਵਾਅਦੇ ਮੁਤਾਬਕ ਬਿਜਲੀ ਐਕਟ ਵਿੱਚ ਸੋਧਾਂ ਨੂੰ ਵੀ ਵਾਪਸ ਲਿਆ ਜਾਣਾ ਸੀ, ਪਰ ਉਹ ਵੀ ਪੂਰਾ ਨਹੀਂ ਹੋਇਆ।''
ਕ੍ਰਿਸ਼ਣਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਭਾਰੀ ਵਿਰੋਧ ਦੇ ਬਾਵਜੂਦ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਮੁੱਦਾ ਵੀ ਚੁੱਕਿਆ, ਜਿਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਪੰਜ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਕਥਿਤ ਤੌਰ 'ਤੇ ਵਾਹਨ ਨਾਲ਼ ਕੁਚਲ ਦਿੱਤਾ ਸੀ।
ਟਿਕੈਤ ਨੇ ਕਿਹਾ ਕਿ ਆਉਣ ਵਾਲ਼ੀਆਂ ਲੋਕ ਸਭਾ ਚੋਣਾਂ 'ਚ ਚਾਹੇ ਕੋਈ ਵੀ ਪਾਰਟੀ ਚੁਣੀ ਜਾਵੇ, ''ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਚੱਲ ਰਹੇ ਅੰਦੋਲਨ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਹੋ ਜਾਂਦੇ।''
ਆਪਣੇ ਸੰਖੇਪ ਭਾਸ਼ਣ ਦੇ ਅੰਤ ਵਿੱਚ ਰਾਕੇਸ਼ ਟਿਕੈਤ ਨੇ ਮੌਜੂਦ ਹਰ ਵਿਅਕਤੀ ਨੂੰ ਹੱਥ ਚੁੱਕਣ ਅਤੇ ਮਹਾਪੰਚਾਇਤ ਦੇ ਮਤੇ ਪਾਸ ਕਰਨ ਦਾ ਸੱਦਾ ਦਿੱਤਾ। ਦੁਪਹਿਰ 1:30 ਵਜੇ, ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਪ੍ਰਸਤਾਵਾਂ ਦੇ ਸਮਰਥਨ ਵਿੱਚ ਝੰਡੇ ਵੀ ਲਹਿਰਾਏ ਤੇ ਹੱਥ ਵੀ। ਇਤਿਹਾਸਕ ਰਾਮਲੀਲਾ ਮੈਦਾਨ 'ਚ ਤੇਜ਼ ਧੁੱਪ 'ਚ ਜਿੱਥੋਂ ਤੱਕ ਨਜ਼ਰ ਦੇਖ ਸਕਦੀ ਸੀ, ਸਿਰਫ਼ ਲਾਲ, ਪੀਲ਼ੀਆਂ, ਹਰੀਆਂ, ਚਿੱਟੀਆਂ ਅਤੇ ਨੀਲੀਆਂ ਪੱਗਾਂ, ਪਰਨੇ, ਚੁੰਨ੍ਹੀਆਂ ਅਤੇ ਟੋਪੀਆਂ ਹੀ ਦਿਖਾਈ ਦੇ ਰਹੀਆਂ ਸਨ।
ਪੰਜਾਬੀ ਤਰਜਮਾ: ਕਮਲਜੀਤ ਕੌਰ