ਇਹ ਸਤੰਬਰ 2023 ਦੀ ਗੱਲ ਹੈ ਜਦੋਂ ਅਸੀਂ ਪੱਛਮੀ ਘਾਟ ਦੀ ‘ਫੁੱਲਾਂ ਦੀ ਘਾਟੀ’ ਵਜੋਂ ਮਸ਼ਹੂਰ ਕਾਸ ਪਠਾਰ 'ਤੇ ਖੜ੍ਹੇ ਸਾਂ। ਇਹ ਥਾਂ ਸੈਂਕੜੇ ਕਿਸਮਾਂ ਦੇ ਫੁੱਲਾਂ ਦਾ ਘਰ ਹੈ ਜਿੱਥੇ ਹਰ ਸਾਲ ਗੁਲਾਬੀ ਤੇ ਜਾਮਣੀ ਫੁੱਲ ਲਹਿਰਾਉਂਦੇ ਹਨ ਤੇ ਹਜਾਰਾਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਇਹ ਥਾਂ ਸਿਰਫ਼ ਫੁੱਲਾਂ ਦੀ ਹੀ ਨਹੀਂ ਸਗੋਂ ਜੈਵ-ਵਿਭਿੰਨਤਾ ਲਈ ਵੀ ਜਾਣੀ ਜਾਂਦੀ ਹੈ।
ਪਰ ਇਸ ਸਾਲ ਜ਼ਮੀਨ 'ਤੇ ਸਿਰਫ਼ ਕੁਝ ਸੁੱਕੇ ਫੁੱਲ ਕਿਰੇ ਪਏ ਸਨ।
ਸਮੁੰਦਰ ਤਲ ਤੋਂ 1,200 ਮੀਟਰ ਦੀ ਉਚਾਈ 'ਤੇ ਸਥਿਤ, ਕਾਸ ਤਲਹਟੀ ਨੂੰ 2012 ਵਿੱਚ ਯੂਨੈਸਕੋ ਦੀ ਵਿਸ਼ਵਵਿਰਾਸਤ ਸਾਈਟ ਘੋਸ਼ਿਤ ਕੀਤਾ ਗਿਆ ਸੀ। ਉਦੋਂ ਤੋਂ, ਇਹ ਮਹਾਰਾਸ਼ਟਰ ਵਿੱਚ ਇੱਕ ਪ੍ਰਮੁੱਖ ਸੈਲਾਨੀਆਕਰਸ਼ਣ ਕੇਂਦਰ ਬਣ ਗਿਆ ਹੈ, ਖ਼ਾਸ ਕਰ ਅਗਸਤ ਤੋਂ ਅਕਤੂਬ ਤੱਕ - ਫੁੱਲਾਂ ਦੇ ਮੌਸਮ ਦੌਰਾਨ ਅਤੇ ਇਹੀ ਖ਼ਾਸੀਅਤ ਇਸ ਜਗ੍ਹਾ ਲਈ ਸਮੱਸਿਆ ਬਣ ਗਈ ਹੈ। ਬੱਸ ਇੱਥੋਂ ਹੀ ਹਰ ਚੀਜ਼ ਵਿਗੜਦੀ ਚਲੀ ਗਈ।
"ਪਹਿਲਾਂ, ਇੱਥੇ ਕੋਈ ਨਹੀਂ ਆਉਂਦਾ ਸੀ। ਕਾਸ ਸਾਡੇ ਲਈ ਸਿਰਫ਼ ਇੱਕ ਪਹਾੜੀ ਸੀ। ਅਸੀਂ ਉੱਥੇ ਪਸ਼ੂਆਂ ਅਤੇ ਬੱਕਰੀਆਂ ਨੂੰ ਚਰਾਉਂਦੇ ਸੀ," ਸੁਲਾਬਾਈ ਬਦਾਪੁਰੀ ਕਹਿੰਦੀ ਹਨ। "ਹੁਣ ਲੋਕ ਫੁੱਲਾਂ 'ਤੇ ਤੁਰਦੇ ਨੇ, ਫ਼ੋਟੋਆਂ ਖਿੱਚਦੇ ਨੇ, ਉਨ੍ਹਾਂ ਨੂੰ ਮਧੋਲ਼ ਸੁੱਟਦੇ ਨੇ, ਜੜ੍ਹੋਂ ਪੁੱਟ ਸੁੱਟਦੇ ਨੇ!" ਇਸ ਸਭ ਤੋਂ ਉਦਾਸ 57 ਸਾਲਾ ਸੁਲਾਬਾਈ ਅੱਗੇ ਕਹਿੰਦੀ ਹਨ, "ਇਹ ਕੋਈ ਬਾਗ਼ ਨਹੀਂ ਹੈ; ਇਹ ਫੁੱਲ ਤਾਂ ਪੱਥਰਾਂ ਦੀ ਹਿੱਕ 'ਤੇ ਖਿੜ੍ਹਦੇ ਨੇ।''
ਕਾਸ ਪਠਾਰ ਖੇਤਰ ਸਤਾਰਾ ਜ਼ਿਲ੍ਹੇ ਦੇ ਸਤਾਰਾ ਤਾਲੁਕਾ ਵਿੱਚ 1,600 ਹੈਕਟੇਅਰ ਦਾ ਪਠਾਰ ਹੈ, ਜਿਸ ਨੂੰ ਕਾਸ ਪਠਾਰ ਵੀ ਕਿਹਾ ਜਾਂਦਾ ਹੈ।
"ਭੀੜ ਨੂੰ ਸੰਭਾਲ਼ਣਾ ਮੁਸ਼ਕਲ ਹੈ," ਸੁਲਾਬਾਈ ਕਹਿੰਦੀਹਨ, ਜੋ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਪਠਾਰ ਦੀ ਰਾਖੀ ਕਰਦੀ ਹਨ। ਉਹ ਇੱਥੋਂ ਦੇ ਉਨ੍ਹਾਂ 30 ਲੋਕਾਂ ਵਿੱਚੋਂ ਇੱਕ ਹਨ ਜੋ ਕਾਸ ਖੇਤਰ ਵਿਖੇ ਕਾਸ ਜੰਗਲ ਪ੍ਰਬੰਧਨ ਵਿੱਚ ਚੌਕੀਦਾਰ, ਕੂੜਾਇਕੱਠਾ ਕਰਨ ਵਾਲ਼ੇ, ਗੇਟਕੀਪਰ ਅਤੇ ਗਾਈਡ ਵਜੋਂ ਕੰਮ ਕਰਦੇ ਹਨ। ਇਹ ਕਮੇਟੀ ਸਾਂਭ-ਸੰਭਾਲ਼ ਦੇ ਉਦੇਸ਼ ਨਾਲ਼ ਬਣਾਈ ਗਈ ਸੀ।
ਸਤਾਰਾ ਦੀ ਜੁਆਇੰਟ ਮੈਨੇਜਮੈਂਟ ਫਾਰੈਸਟ ਕਮੇਟੀ ਦੇ ਅਨੁਸਾਰ, ਫੁੱਲਾਂ ਦੇ ਮੌਸਮ ਦੌਰਾਨ ਸੈਲਾਨੀਆਂ ਦੀ ਔਸਤ ਗਿਣਤੀ ਹਰ ਰੋਜ਼ 2,000 ਨੂੰ ਪਾਰ ਕਰ ਜਾਂਦੀ ਹੈ। ਪੈਰ-ਮਿੱਧਵੀਂ ਭੀੜ ਨੂੰ ਸੁਲਾਬਾਈ ਬੇਨਤੀ ਕਰਦਿਆਂ ਕਹਿੰਦੀ ਹਨ, "ਆਹੋ ਮੈਡਮ! ਕਿਰਪਾ ਕਰਕੇ ਫੁੱਲਾਂ ਨੂੰ ਨਾ ਕੁਚਲੋ। ਉਹ ਬੜੇ ਹੀ ਮਲ਼ੂਕ ਨੇ। ਅਕਤੂਬਰ ਆਉਂਦਿਆਂ-ਆਉਂਦਿਆਂ ਉਨ੍ਹਾਂ ਨੇ ਮਰ ਹੀ ਜਾਣਾ ਏ।'' ਸੈਲਾਨੀ ਇੱਕ ਵਾਰ ਮੁਆਫੀ ਮੰਗਦੇ ਹਨ ਤੇ ਦੋਬਾਰਾ ਫ਼ੋਟੋਆਂ ਖਿੱਚਣ ਵਿੱਚ ਮਸ਼ਰੂਫ਼ ਹੋ ਜਾਂਦੇ ਹਨ।
ਫੁੱਲਾਂ ਦੇ ਮੌਸਮ ਦੌਰਾਨ, ਇਹ ਪਠਾਰ 850 ਪੌਦਿਆਂ ਦੀਆਂ ਕਿਸਮਾਂ ਦਾ ਘਰ ਬਣ ਜਾਂਦਾ ਹੈ। ਇਨ੍ਹਾਂ ਵਿੱਚੋਂ 624 ਪ੍ਰਜਾਤੀਆਂ ਨੂੰ ਰੈੱਡ ਡਾਟਾ ਬੁੱਕ ਨਾਂ ਦੀ ਕਿਤਾਬ ਵਿੱਚ ਸੂਚੀਬੱਧ ਕੀਤਾ ਗਿਆ ਹੈ, ਜੋ ਹਰ ਕਿਸਮ ਦੀਆਂ ਖ਼ਤਰੇ ਵਿੱਚ ਪਈਆਂ ਪ੍ਰਜਾਤੀਆਂ ਨੂੰ ਰਿਕਾਰਡ ਕਰਦੀ ਹੈ ਅਤੇ ਇਨ੍ਹਾਂ ਵਿੱਚੋਂ 39 (ਪੌਦੇ) ਤਾਂ ਸਿਰਫ਼ ਕਾਸ ਦੀ ਤਲਹਟੀ ਵਿੱਚ ਹੀ ਪਾਈਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ, ਇੱਥੇ 400 ਤੋਂ ਵੱਧ ਔਸ਼ਧੀ ਪੌਦੇ ਉੱਗਦੇ ਹਨ। "ਕੁਝ ਬਜ਼ੁਰਗ ਸਨ ਜੋ ਔਸ਼ਧੀ ਪੌਦਿਆਂ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਜਾਣਦੇ ਸਨ ਜੋ ਗੋਡਿਆਂ ਦੇ ਦਰਦ, ਜ਼ੁਕਾਮ, ਬੁਖਾਰ ਨੂੰ ਠੀਕ ਕਰ ਸਕਦੇ ਹਨ। ਹਰ ਕੋਈ ਇਸ ਬਾਰੇ ਨਹੀਂ ਜਾਣਦਾ ਸੀ," ਨੇੜਲੇ ਵੰਜੋਲਵਾੜੀ ਪਿੰਡ ਦੇ 62 ਸਾਲਾ ਕਿਸਾਨ, ਲਕਸ਼ਮਣ ਸ਼ਿੰਦੇ ਕਹਿੰਦੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੌਦਿਆਂ ਤੋਂ ਇਲਾਵਾ, ਕਾਸ ਵੱਖ-ਵੱਖ ਡੱਡੂਆਂ ਸਮੇਤ ਲਗਭਗ 139 ਕਿਸਮਾਂ ਦੇ ਜਲਥਲੀ ਜੀਵਾਂ ਦਾ ਘਰ ਵੀ ਹੈ। ਇੱਥੇ ਰਹਿਣ ਵਾਲ਼ੇ ਥਣਧਾਰੀ ਜੀਵ, ਸੱਪ ਅਤੇ ਕੀੜੇ ਵਾਤਾਵਰਣ ਪ੍ਰਣਾਲੀ ਦੇ ਕੰਮਕਾਜ ਵਿੱਚ ਸਹਾਇਤਾ ਕਰਦੇ ਹਨ।
ਪੁਣੇ ਦੀ ਸੁਤੰਤਰ ਖੋਜਕਰਤਾ ਪ੍ਰੇਰਨਾ ਅਗਰਵਾਲ ਨੇ ਪੰਜ ਸਾਲਾਂ ਤੋਂ ਇਸ ਜ਼ਮੀਨ 'ਤੇ ਜਨਤਕ ਸੈਰ-ਸਪਾਟੇ ਦੇ ਵਾਤਾਵਰਣ ਪ੍ਰਭਾਵ ਦਾ ਅਧਿਐਨ ਕੀਤਾ ਹੈ। "ਇਹ ਦੇਸੀ ਪ੍ਰਜਾਤੀਆਂ ਭੀੜ ਅਤੇ ਪੈਰਾਂ ਹੇਠ ਮਧੋਲ਼ੇ ਜਾਣ ਵਰਗੇ ਬਾਹਰੀ ਖ਼ਤਰਿਆਂ ਨੂੰ ਸਹਿਣ ਕਰਨ ਦੇ ਸਮਰੱਥ ਨਹੀਂ ਹਨ। ਬਲੈਡਰਵੋਰਟ (ਯੂਟ੍ਰੀਕੁਲੇਰੀਆ ਪਰਪਸਸੇਨ) ਜਲਦੀ ਹੀ ਨੁਕਸਾਨੇ ਜਾਂਦੇ ਹਨ। ਮਾਲਾਬਾਰ ਪਹਾੜੀ ਬੋਰੇਜ [ਐਡੀਲੋਕੈਰੀਅਮ ਮਾਲਾਬਾਰਿਕਮ] ਪ੍ਰਜਾਤੀਆਂ ਦੇ ਪੌਦੇ ਵੀ ਇਸ ਖੇਤਰ ਵਿੱਚ ਘਟਦੇ ਹੀ ਜਾ ਰਹੇ ਹਨ," ਉਹ ਕਹਿੰਦੀ ਹਨ।
ਇਸ ਵਿਡੰਬਨਾ ਦਾ ਦੂਜਾ ਪੱਖ ਇਹ ਵੀ ਹੈ ਕਿ ਇਸ ਸੈਰ-ਸਪਾਟੇ ਨੇ ਅਗਸਤ ਅਤੇ ਅਕਤੂਬਰ ਦੇ ਵਿਚਕਾਰ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਲਈ ਅਸਥਾਈ ਰੁਜ਼ਗਾਰ ਦੇ ਮੌਕੇ ਖੋਲ੍ਹ ਦਿੱਤੇ ਹਨ। "ਮੈਨੂੰ 300 ਰੁਪਏ ਦਿਹਾੜੀ ਮਿਲ਼ਦੀ ਹੈ, ਜੋ ਖੇਤ-ਮਜ਼ਦੂਰੀ ਨਾਲ਼ੋਂ ਬਿਹਤਰ ਹੀ ਹੈ," ਸੁਲਾਬਾਈ, ਕਸਾਨੀ, ਏਕੀਵ ਅਤੇ ਅਟਾਲੀ ਦੇ ਖੇਤਾਂ ਵਿੱਚ 150 ਰੁਪਏ ਦੀ ਦਿਹਾੜੀ ਲਈ ਮਜ਼ਦੂਰੀ ਕਰਨ ਵਾਲ਼ਿਆਂ ਨਾਲ਼ ਆਪਣੀ ਕਮਾਈ ਦੀ ਤੁਲਨਾ ਕਰਦੇ ਹੋਏ ਕਹਿੰਦੀ ਹਨ।
ਬਾਕੀ ਸਾਰਾ ਸਾਲ, ਉਹ ਆਪਣੇ ਪਰਿਵਾਰ ਦੀ ਇੱਕ ਏਕੜ ਮੀਂਹ-ਅਧਾਰਤ ਜ਼ਮੀਨ 'ਤੇ ਝੋਨੇ ਦੀ ਖੇਤੀ ਕਰਦੀ ਹਨ। "ਖੇਤੀ ਤੋਂ ਛੁੱਟ ਸਾਨੂੰ ਹੋਰ ਬਹੁਤਾ ਕੰਮ ਨਹੀਂ ਮਿਲ਼ਦਾ। ਇਨ੍ਹਾਂ ਤਿੰਨ ਮਹੀਨਿਆਂ ਤੋਂ ਕੁਝ ਕੁ ਕਮਾਈ ਹੋ ਹੀ ਜਾਂਦੀ ਹੈ," ਸੁਲਾਬਾਈ ਕਹਿੰਦੀ ਹਨ, ਜੋ ਕਾਸ ਤਲਹਟੀ ਤੋਂ ਚਾਰ ਕਿਲੋਮੀਟਰ ਦੂਰ, ਕਸਾਨੀ ਪਿੰਡ ਦੀ ਰਹਿਣ ਵਾਲ਼ੀ ਹਨ। ਉਹ ਹਰ ਰੋਜ਼ ਪੈਦਲ ਕੰਮ 'ਤੇ ਜਾਂਦੀ ਹਨ, ਜੋ "ਮੇਰੇ ਲਈ ਇੱਕ ਘੰਟੇ ਦੀ ਪੈਦਲ ਯਾਤਰਾ" ਹੈ।
ਹਰ ਸਾਲ, ਪਹਾੜੀ ਇਲਾਕਿਆਂ ਵਿੱਚ 2,000-2,500 ਮਿਲੀਮੀਟਰ ਭਾਰੀ ਮੀਂਹ ਪੈਂਦਾ ਹੈ। ਬਰਸਾਤ ਦੇ ਮੌਸਮ ਦੌਰਾਨ ਇਨ੍ਹਾਂ ਪੱਥਰਾਂ ਦੀਆਂ ਵਿੱਥਾਂ ਵਿਚਲੀ ਮਿੱਟੀ ਵਿਲੱਖਣ ਬਨਸਪਤੀ ਅਤੇ ਪੌਦਿਆਂ ਦੀਆਂ ਦੇਸੀ ਕਿਸਮਾਂ ਲਈ ਘਰ ਪ੍ਰਦਾਨ ਕਰਦੀ ਹੈ। ਡਾ. ਅਪਰਨਾ ਵਟਵੇ ਦਾ ਕਹਿਣਾ ਹੈ, "ਕਾਸ 'ਤੇ ਮੌਜੂਦ ਲੇਟਰਾਈਟ ਚੱਟਾਨ ਆਪਣੇ ਛਿੱਦੇਦਾਰ ਢਾਂਚੇ ਵਿੱਚ ਪਾਣੀ ਨੂੰ ਬਰਕਰਾਰ ਰੱਖਦੇ ਹੋਏ ਸਪੋਂਜ ਵਜੋਂ ਕੰਮ ਕਰਦੀ ਹੈ ਅਤੇ ਫਿਰ ਹੌਲ਼ੀ-ਹੌਲ਼ੀ ਇਸ ਪਾਣੀ ਨੂੰ ਨੇੜੇ ਦੇ ਝਰਨਿਆਂ ਵਿੱਚ ਵੰਡ ਦਿੰਦੀ ਹੈ।''ਪੁਣੇ ਦੇ ਇਹ ਸੰਭਾਲ਼ਕਰਤਾ ਅਤੇ ਬਨਸਪਤੀ ਵਿਗਿਆਨੀ ਚੇਤਾਵਨੀ ਦਿੰਦੀ ਹਨ ਕਿ "ਇਨ੍ਹਾਂ ਪਠਾਰਾਂ ਨੂੰ ਹੋਏ ਕਿਸੇ ਵੀ ਨੁਕਸਾਨ ਨਾਲ਼ ਖੇਤਰ ਵਿੱਚ ਪਾਣੀ ਦਾ ਪੱਧਰ ਵਿਗੜ ਸਕਦਾ ਹੈ।"
ਵਟਵੇ ਨੇ ਮਹਾਰਾਸ਼ਟਰ ਦੇ ਉੱਤਰ ਪੱਛਮੀ ਘਾਟਾਂ ਅਤੇ ਕੋਂਕਣ ਦੇ 67 ਪਠਾਰਾਂ ਵਿੱਚ ਖੇਤਰੀ ਅਧਿਐਨ ਕੀਤੇ ਹਨ। "ਇਹ (ਕਾਸ) ਇੱਕ ਸੰਵੇਦਨਸ਼ੀਲ ਜਗ੍ਹਾ ਹੈ। ਬੁਨਿਆਦੀ ਢਾਂਚੇ ਦੀਆਂ ਅਤਿਅੰਤ ਗਤੀਵਿਧੀਆਂ ਵਾਤਾਵਰਣ ਦੇ ਕੰਮਕਾਜ ਵਿੱਚ ਰੁਕਾਵਟ ਪਾਉਂਦੀਆਂ ਹਨ," ਉਹ ਪਠਾਰ ਦੇ 15 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਵੱਧ ਰਹੇ ਸੈਰ-ਸਪਾਟੇ ਅਤੇ ਪਰਿਚਾਰਕਾਂ, ਹੋਟਲਾਂ ਅਤੇ ਰਿਜ਼ਾਰਟਾਂ ਦਾ ਹਵਾਲ਼ਾ ਦਿੰਦੇ ਹੋਏ ਕਹਿੰਦੀ ਹਨ।
ਇੱਥੇ ਰਹਿਣ ਵਾਲ਼ੇ ਬਹੁਤ ਸਾਰੇ ਥਣਧਾਰੀ ਜਾਨਵਰ, ਸੱਪ ਅਤੇ ਕੀੜੇ-ਮਕੌੜੇ ਆਪਣੇ ਖੁੱਸਦੇ ਜਾਂਦੇ ਭੋਜਨ ਵਸੀਲਿਆਂ ਦੇ ਖ਼ਤਰੇ ਹੇਠ ਹਨ ਕਿਉਂਕਿ ਕੀੜੇ ਅਤੇ ਫੁੱਲ ਮਨੁੱਖੀ ਕਾਰਨਾਂ ਕਰਕੇ ਅਲੋਪ ਹੋ ਰਹੇ ਹਨ। "ਇਨ੍ਹਾਂ ਜੀਵ-ਜੰਤੂਆਂ ਦੇ ਦਸਤਾਵੇਜੀਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਕਿਸੇ ਹੋਰ ਥਾਵੇਂ ਜਾ ਨਹੀਂ ਸਕਦੇ ਤੇ ਨਾ ਹੀ ਕਿਤੇ ਹੋਰ ਜਿਊਂਦੇ ਹੀ ਬਚ ਸਕਦੇ ਹਨ। ਜੇ ਤੁਸੀਂ ਅਜਿਹੇ ਸੰਵੇਦਨਸ਼ੀਲ ਨਿਵਾਸ ਸਥਾਨਾਂ ਨੂੰ ਪ੍ਰਦੂਸ਼ਿਤ ਕਰਦੇ ਹੋ ਜਾਂ ਘਟਾਉਂਦੇ ਹੋ, ਤਾਂ ਦੱਸੋ ਇਨ੍ਹਾਂ ਜੀਵਾਂ ਦਾ ਕੀ ਬਣੂਗਾ। ਉਹ ਖ਼ਤਮ ਹੋਣ ਦੀ ਕਗਾਰ 'ਤੇ ਹਨ," ਵਿਗਿਆਨੀ ਸਮੀਰ ਪਾਧੇ ਕਹਿੰਦੇ ਹਨ। ਜਿਵੇਂ-ਜਿਵੇਂ ਕੀੜੇ ਅਤੇ ਫੁੱਲ ਅਲੋਪ ਹੋ ਜਾਂਦੇ ਹਨ, ਫੁਲਾਕੇ ਦੇ ਪੈਟਰਨ ਵਿੱਚ ਤੇਜ਼ੀ ਨਾਲ਼ ਗਿਰਾਵਟ ਆਉਂਦੀ ਜਾਂਦੀ ਹੈ, ਜੋ ਪੂਰੀ ਵਾਤਾਵਰਣ ਪ੍ਰਣਾਲੀ ਨੂੰ ਮੁਸੀਬਤ ਵਿੱਚ ਪਾ ਦਿੰਦਾ ਹੈ, ਉਹ ਕਹਿੰਦੇ ਹਨ। ਇਸ ਤੋਂ ਇਲਾਵਾ, ਪਾਧੇ ਕਹਿੰਦੇ ਹਨ ਕਿ ਦੇਸੀ ਪ੍ਰਜਾਤੀਆਂ ਦੇ ਵਿਨਾਸ਼ ਨਾਲ਼ ਪਹਾੜੀਆਂ ਦੇ ਕਿਨਾਰੇ ਸਥਿਤ ਪਿੰਡਾਂ ਦੇ ਪਰਾਗਣ ਅਤੇ ਜਲ ਸਰੋਤਾਂ 'ਤੇ ਅਸਰ ਪੈਂਦਾ ਹੈ।
ਲਕਸ਼ਮਣ ਨੇ ਸਾਨੂੰ ਜੰਗਲੀ ਹਲਦ (ਹਿਚੇਨੀਆ ਕੈਲੀਨਾ/ਕਸਤੂਰੀ ਹਲਦੀ) ਦਾ ਪੌਦਾ ਦਿਖਾਇਆ, ਜੋ ਗੋਡੇ ਅਤੇ ਜੋੜਾਂ ਦੇ ਦਰਦ ਲਈ ਪ੍ਰਭਾਵਸ਼ਾਲੀ ਹੈ। ਚਾਰ ਦਹਾਕੇ ਪਹਿਲਾਂ ਦੇ ਸਮੇਂ ਨੂੰ ਯਾਦ ਕਰਦਿਆਂ, ਉਹ ਕਹਿੰਦੇ ਹਨ, "ਉਨ੍ਹਾਂ ਦਿਨਾਂ ਵਿੱਚ ਫੁੱਲ [ਕਾਸ ਵਿਖੇ] ਬਹੁਤ ਸੰਘਣੇ ਹੁੰਦੇ ਸਨ।'' ਫੁੱਲਾਂ ਦੇ ਮੌਸਮ ਵਿੱਚ ਉਹ ਪਲਾਸਟਿਕ ਤੇ ਹੋਰ ਕੂੜਾ ਇਕੱਠਾ ਕਰਕੇ ਦਿਹਾੜੀ ਦੇ 300 ਰੁਪਏ ਕਮਾਉਂਦੇ ਹਨ। ਸਾਲ ਦੇ ਬਾਕੀ ਸਮੇਂ, ਉਹ ਆਪਣੀ ਦੋ ਏਕੜ ਜ਼ਮੀਨ 'ਤੇ ਝੋਨੇ ਦੀ ਕਾਸ਼ਤ ਕਰਦੇ ਹਨ।
"ਅਸੀਂ ਇੱਥੇ ਪੈਦਾ ਹੋਏ ਅਤੇ ਵੱਡੇ ਹੋਏ। ਅਸੀਂ ਇੱਥੇ ਹਰ ਕੋਨੇ ਨੂੰ ਜਾਣਦੇ ਹਾਂ। ਫਿਰ ਵੀ ਕੋਈ ਸਾਨੂੰ ਗੰਭੀਰਤਾ ਨਾਲ਼ ਨਹੀਂ ਲੈਂਦਾ ਕਿਉਂਕਿ ਅਸੀਂ ਪੜ੍ਹੇ-ਲਿਖੇ ਨਹੀਂ। ਪਰ ਜੋ ਸ਼ਿਕਸ਼ਤ (ਪੜ੍ਹੇ-ਲਿਖੇ) ਹਨ ਵੀ ਉਹ ਵੀ ਭਲ਼ਾ ਕੁਦਰਤ ਨਾਲ਼ ਕੈਸਾ ਸਲੂਕ ਕਰ ਰਹੇ ਨੇ?" ਸੁਲਾਬਾਈ ਕਹਿੰਦੀ ਹਨ।
ਕਾਸ ਹੁਣ ਪਹਿਲਾਂ ਵਰਗਾ ਨਹੀਂ ਰਿਹਾ। "ਇਹ ਬੇਕਾਰ ਲੱਗਦਾ ਹੈ। ਇਹ ਉਹ ਕਾਸ ਹੈ ਹੀ ਨਹੀਂ ਜੋ ਮੈਂ ਬਚਪਨ ਵਿੱਚ ਵੇਖਦੀ ਸਾਂ," ਸੁਲਾਬਾਈ ਨੇ ਦਰਦਭਰੇ ਸੁਰ ਵਿੱਚ ਕਿਹਾ।
ਤਰਜਮਾ: ਕਮਲਜੀਤ ਕੌਰ