ਭਿਅੰਕਰ ਗਰਮੀ ਦੇ ਮਹੀਨੇ ਬੀਤ ਗਏ ਤੇ ਅਖੀਰ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿੱਚ ਸਰਦੀਆਂ ਦਸਤਕ ਦੇਣ ਨੂੰ ਤਿਆਰ ਹੋਈਆਂ। ਰਾਤ ਦੀ ਡਿਊਟੀ ਲਈ ਤਿਆਰ ਹੁੰਦਿਆਂ ਦਾਮਿਨੀ (ਬਦਲਿਆ ਹੋਇਆ ਨਾਮ) ਰਾਤ ਦੀ ਹਵਾ ਦਾ ਅਨੰਦ ਮਾਣ ਰਹੇ ਸਨ। "ਮੈਂ ਉਸ ਦਿਨ ਪੀਐੱਸਓ (ਪੁਲਿਸ ਸਟੇਸ਼ਨ ਆਫਿਸਰ) ਦੀ ਡਿਊਟੀ 'ਤੇ ਸੀ ਅਤੇ ਮੈਨੂੰ ਹਥਿਆਰ ਅਤੇ ਵਾਕੀ-ਟਾਕੀ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ," ਉਹ ਕਹਿੰਦੇ ਹਨ।

ਕੰਮ ਦੌਰਾਨ, ਐੱਸਐੱਚਓ ਉਰਫ਼ ਪੁਲਿਸ ਇੰਸਪੈਕਟਰ (ਐੱਸਐੱਚਓ/ ਪੀਆਈ) ਨੇ ਉਨ੍ਹਾਂ ਨੂੰ ਥਾਣੇ ਤੋਂ ਆਪਣੀ ਵਾਕੀ-ਟਾਕੀ ਲਈ ਚਾਰਜ ਕੀਤੀਆਂ ਬੈਟਰੀਆਂ ਕੰਪਲੈਕਸ ਵਿਖੇ ਪੈਂਦੀ ਆਪਣੀ ਸਰਕਾਰੀ ਰਿਹਾਇਸ਼ 'ਤੇ ਲਿਆਉਣ ਲਈ ਕਿਹਾ। ਅੱਧੀ ਰਾਤ ਤੋਂ ਬਾਅਦ ਅਜਿਹੇ ਕੰਮ ਲਈ ਦਾਮਿਨੀ ਨੂੰ ਘਰ ਬੁਲਾਉਣ ਨੂੰ ਇੱਕ ਨਿਯਮ ਬਣਾ ਲਿਆ ਗਿਆ, ਹਾਲਾਂਕਿ ਇਹ ਸੀ ਪ੍ਰੋਟੋਕੋਲ਼ ਦੇ ਵਿਰੁੱਧ। "ਅਧਿਕਾਰੀ ਅਕਸਰ ਸਾਜ਼ੋ-ਸਾਮਾਨ ਘਰ ਲੈ ਕੇ ਜਾਂਦੇ ਹਨ... ਸਾਨੂੰ ਵੀ ਆਪਣੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ," ਦਾਮਿਨੀ ਦੱਸਦੇ ਹਨ।

ਤੜਕੇ ਦੇ ਕਰੀਬ 1:30 ਵਜੇ ਦਾਮਿਨੀ ਪੀਆਈ (ਐੱਸ) ਦੇ ਘਰ ਵੱਲ ਤੁਰ ਪਏ।

ਅੰਦਰ ਤਿੰਨ ਆਦਮੀ ਬੈਠੇ ਸਨ: ਪੀਆਈ, ਇੱਕ ਸਮਾਜ ਸੇਵਕ ਅਤੇ ਇੱਕ ਸੀ ਥਾਣਾ ਕਰਮਚਾਰੀ (ਛੋਟੇ ਅਰਧ-ਸਰਕਾਰੀ ਕੰਮਾਂ ਲਈ ਥਾਣੇ ਵਿੱਚ ਤਾਇਨਾਤ ਇੱਕ ਨਾਗਰਿਕ ਵਾਲੰਟੀਅਰ)। "ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਵਾਕੀ-ਟਾਕੀ ਦੀਆਂ ਬੈਟਰੀਆਂ ਬਦਲਣ ਲਈ ਕਮਰੇ ਦੀ ਮੇਜ਼ ਵੱਲ ਮੁੜ ਗਈ," ਨਵੰਬਰ 2017 ਦੀ ਉਸ ਰਾਤ ਨੂੰ ਯਾਦ ਕਰਦਿਆਂ ਬੇਚੈਨ ਹੋ-ਹੋ ਜਾਂਦੇ ਦਾਮਿਨੀ ਕਹਿੰਦੇ ਹਨ। ਜਿਓਂ ਹੀ ਉਹ ਮੇਜ਼ ਵੱਲ ਨੂੰ ਮੁੜੀ, ਮਗਰੋਂ ਦਰਵਾਜ਼ਾ ਬੰਦ ਹੋਣ ਦੀ ਅਵਾਜ਼ ਕੰਨੀਂ ਪਈ। "ਮੈਂ ਜਿਵੇਂ-ਕਿਵੇਂ ਕਮਰੇ ਤੋਂ ਬਾਹਰ ਜਾਣਾ ਚਾਹੁੰਦੀ ਸੀ। ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਵੀ ਪਰ ਦੋ ਆਦਮੀਆਂ ਨੇ ਮੇਰੇ ਹੱਥਾਂ ਨੂੰ ਕੱਸ ਕੇ ਫੜ੍ਹ ਲਿਆ ਤੇ ਮੈਨੂੰ ਬਿਸਤਰੇ 'ਤੇ ਸੁੱਟ ਦਿੱਤਾ। ਫਿਰ... ਇਕ-ਇੱਕ ਕਰਕੇ ਉਨ੍ਹਾਂ ਨੇ ਮੇਰੇ ਨਾਲ਼ ਬਲਾਤਕਾਰ ਕੀਤਾ।''

ਰਾਤ ਕਰੀਬ 2.30 ਵਜੇ ਵਿਲ਼ਕਦੀ-ਕੁਰਲਾਉਂਦੀ ਦਾਮਿਨੀ ਘਰੋਂ ਬਾਹਰ ਨਿਕਲ਼ੇ, ਆਪਣੀ ਬਾਈਕ 'ਤੇ ਸਵਾਰ ਹੋਏ ਤੇ ਘਰ ਲਈ ਰਵਾਨਾ ਹੋ ਗਏ। "ਮੇਰਾ ਦਿਮਾਗ਼ ਸੁੰਨ ਪੈ ਚੁੱਕਿਆ ਸੀ। ਮੈਂ ਬੱਸ ਸੋਚਦੀ ਰਹੀ... ਮੇਰੇ ਕੈਰੀਅਰ ਬਾਰੇ... ਕਿ ਮੈਂ ਹਾਸਲ ਕੀ ਕਰਨਾ ਚਾਹੁੰਦੀ ਸਾਂ ਤੇ ਹਾਸਲ ਹੋਇਆ ਕੀ...ਇਹ ਸਭ?" ਭਾਰੇ ਮਨ ਨਾਲ਼ ਦਾਮਿਨੀ ਕਹਿੰਦੇ ਹਨ।

PHOTO • Jyoti

ਮਹਾਰਾਸ਼ਟਰ ਦਾ ਮਰਾਠਵਾੜਾ ਖੇਤਰ ਲੰਬੇ ਸਮੇਂ ਤੋਂ ਪਾਣੀ ਦੇ ਗੰਭੀਰ ਸੰਕਟ ਨਾਲ਼ ਜੂਝ ਰਿਹਾ ਹੈ , ਜਿਸ ਨਾਲ਼ ਖੇਤੀ ਤੋਂ ਸਥਿਰ ਆਮਦਨ ਦੇ ਮੌਕੇ ਖਤਮ ਹੋ ਗਏ ਹਨ। ਪੁਲਿਸ ਵਰਗੀਆਂ ਸਰਕਾਰੀ ਨੌਕਰੀਆਂ ਦੀ ਮੰਗ ਬਹੁਤ ਜ਼ਿਆਦਾ ਹੈ

*****

ਦਾਮਿਨੀ ਬਚਪਨ ਤੋਂ ਹੀ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਬਣਨਾ ਚਾਹੁੰਦੇ ਸੀ। ਉਨ੍ਹਾਂ ਦੀਆਂ ਤਿੰਨੋਂ ਡਿਗਰੀਆਂ - ਬੈਚਲਰ ਆਫ਼ ਆਰਟਸ (ਅੰਗਰੇਜ਼ੀ), ਬੈਚਲਰ ਆਫ਼ ਐਜੂਕੇਸ਼ਨ ਅਤੇ ਬੈਚਲਰ ਆਫ਼ ਲਾਅ- ਉਨ੍ਹਾਂ ਦੀ ਇੱਛਾ ਅਤੇ ਇਸ ਪਾਸੇ ਸਖ਼ਤ ਮਿਹਨਤ ਦਾ ਸਬੂਤ ਹਨ। "ਮੈਂ ਹਮੇਸ਼ਾਂ ਇੱਕ ਚੋਟੀ ਦਾ ਵਿਦਿਆਰਥੀ ਸਾਂ... ਮੈਂ ਇੰਡੀਅਨ ਪੁਲਿਸ ਸਰਵਿਸ (ਆਈਪੀਐੱਸ) ਵਿੱਚ ਬਤੌਰ ਕਾਂਸਟੇਬਲ ਭਰਤੀ ਹੋਣ ਅਤੇ ਫਿਰ ਨਾਲ਼ੋਂ-ਨਾਲ਼ ਪੁਲਿਸ ਇੰਸਪੈਕਟਰ ਭਰਤੀ ਪ੍ਰੀਖਿਆ ਦੀ ਤਿਆਰੀ ਕਰਨ ਬਾਰੇ ਸੋਚਿਆ ਸੀ, "ਉਹ ਕਹਿੰਦੇ ਹਨ।

ਦਾਮਿਨੀ 2007 ਵਿੱਚ ਪੁਲਿਸ ਵਿਭਾਗ ਵਿੱਚ ਸ਼ਾਮਲ ਹੋਏ ਸਨ। ਪਹਿਲੇ ਕੁਝ ਸਾਲਾਂ ਲਈ, ਉਨ੍ਹਾਂ ਨੇ ਟ੍ਰੈਫਿਕ ਵਿਭਾਗ ਅਤੇ ਮਰਾਠਵਾੜਾ ਦੇ ਪੁਲਿਸ ਥਾਣਿਆਂ ਵਿੱਚ ਕਾਂਸਟੇਬਲ ਵਜੋਂ ਕੰਮ ਕੀਤਾ। ਦਾਮਿਨੀ ਯਾਦ ਕਰਦੇ ਹਨ, "ਮੈਂ ਉੱਚਾ ਅਹੁਦਾ ਹਾਸਲ ਕਰਨ ਲਈ, ਹਰ ਮਾਮਲੇ ਵਿੱਚ ਆਪਣੇ ਹੁਨਰ ਨੂੰ ਨਿਖਾਰਨ ਲਈ ਸਖਤ ਮਿਹਨਤ ਕਰ ਰਹੇ ਸਨ।'' ਫਿਰ ਵੀ, ਉਨ੍ਹਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ, ਮਰਦ-ਪ੍ਰਧਾਨ ਪੁਲਿਸ ਥਾਣਿਆਂ ਦੇ ਤਜ਼ਰਬੇ ਨਿਰਾਸ਼ਾਜਨਕ ਹੀ ਰਹੇ।

"ਪੁਰਸ਼ ਸਹਿਕਰਮੀ ਫਿਕਰੇ ਤੇ ਵਿਅੰਗ ਘੜ੍ਹਦੇ ਰਹਿੰਦੇ, ਅਸਿੱਧੇ ਤੌਰ 'ਤੇ। ਖ਼ਾਸ ਤੌਰ 'ਤੇ ਜਾਤ ਅਤੇ ਲਿੰਗ ਨੂੰ ਲੈ ਕੇ," ਦਾਮਿਨੀ ਕਹਿੰਦੇ ਹਨ, ਜਿਨ੍ਹਾਂ ਦਾ ਤਾਅਲੁੱਕ ਦਲਿਤ ਭਾਈਚਾਰੇ ਨਾਲ਼ ਹੈ। "ਇੱਕ ਵਾਰ ਇੱਕ ਕਰਮਚਾਰੀ ਨੇ ਮੈਨੂੰ ਕਿਹਾ, ' ਤੁਮਹੀ ਜਾਰ ਸਾਹੇਬੰਚਾ ਮਰਜੀਪ੍ਰਮਾਨੇ ਰਹਿਲਿਆਤ ਤਰ ਤੁਹਾਲਾ ਡਿਊਟੀ ਵਾਗਰੇ ਕਾਮੀ ਲਾਗੇਲ। ਪੈਸੇ ਪਾਨ ਦਿਉ ਤੁਹਾਲਾ ' (ਜੇ ਤੁਸੀਂ ਸਰ ਦੀ ਗੱਲ ਸੁਣੋਗੇ, ਤਾਂ ਤੁਹਾਨੂੰ ਘੱਟ ਕੰਮ ਦਿੱਤਾ ਜਾਵੇਗਾ ਅਤੇ ਚੰਗੀ ਤਨਖਾਹ ਮਿਲੇਗੀ)।'' ਉਹ ਬੰਦਾ ਜਿਹਨੇ ਦਾਮਿਨੀ ਨਾਲ਼ ਬਲਾਤਕਾਰ ਕੀਤਾ, ਠਾਣਾ ਕਰਮਚਾਰੀ ਸੀ। ਥਾਣੇ ਵਿੱਚ ਅਰਧ-ਸਰਕਾਰੀ ਕੰਮ ਕਰਨ ਤੋਂ ਇਲਾਵਾ, ਉਹ ਪੁਲਿਸ ਵੱਲੋਂ ਕਾਰੋਬਾਰੀਆਂ ਤੋਂ 'ਜਬਰੀ ਵਸੂਲੀ' (ਕਾਨੂੰਨੀ ਕਾਰਵਾਈ ਜਾਂ ਪਰੇਸ਼ਾਨੀ ਦੀ ਧਮਕੀ ਦੇ ਕੇ ਗੈਰ-ਕਾਨੂੰਨੀ ਤਰੀਕੇ ਨਾਲ਼ ਪੈਸੇ ਪ੍ਰਾਪਤ ਕਰਨਾ) ਵੀ ਕਰਦਾ ਸੀ ਅਤੇ ਸੈਕਸ ਵਰਕਰਾਂ ਅਤੇ ਮਹਿਲਾ ਕਾਂਸਟੇਬਲਾਂ ਨੂੰ ਪੀਆਈ ਦੇ ਘਰ ਜਾਂ ਹੋਟਲ ਕਮਰਿਆਂ ਤੱਕ ਲਿਆਉਣ ਦਾ ਜਾਲ਼ ਬੁਣਦਾ ਸੀ," ਦਾਮਿਨੀ ਕਹਿੰਦੇ ਹਨ।

''ਭਾਵੇਂ ਅਸੀਂ ਸ਼ਿਕਾਇਤ ਕਰਨਾ ਚਾਹੁੰਦੇ ਹੋਈਏ ਪਰ ਤਾਂ ਸਾਡੇ ਜ਼ਿਆਦਾਤਰ ਸੀਨੀਅਰ ਪੁਰਸ਼ ਹੀ ਹੁੰਦੇ ਹਨ। ਉਹ ਸਾਡੀ ਗੱਲ ਅਣਸੁਣੀ ਕਰ ਦਿੰਦੇ ਹਨ,'' ਦਾਮਿਨੀ ਕਹਿੰਦੇ ਹਨ। ਜਿੱਥੋਂ ਤੱਕ ਮਹਿਲਾ ਪੁਲਿਸ ਸੀਨੀਅਰ ਅਧਿਕਾਰੀ ਵੀ ਔਰਤਾਂ ਨਾਲ ਦੁਰਵਿਵਹਾਰ ਅਤੇ ਤਸ਼ੱਦਦ ਲਈ ਕੋਈ ਅਜਨਬੀ ਨਹੀਂ ਹਨ। ਮਹਾਰਾਸ਼ਟਰ ਦੀ ਪਹਿਲੀ ਮਹਿਲਾ ਕਮਿਸ਼ਨਰ ਹੋਣ ਦਾ ਮਾਣ ਹਾਸਲ ਕਰਨ ਵਾਲ਼ੀ ਸੇਵਾਮੁਕਤ ਆਈਪੀਐੱਸ ਅਧਿਕਾਰੀ ਡਾ ਮੀਰਾਨ ਚੱਢਾ ਬੋਰਵਾਂਕਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਲਈ ਕੰਮ ਦਾ ਮਾਹੌਲ ਹਮੇਸ਼ਾ ਸੁਰੱਖਿਅਤ ਨਹੀਂ ਰਿਹਾ ਹੈ। "ਕੰਮ ਵਾਲ਼ੀ ਥਾਂ 'ਤੇ ਜਿਣਸੀ ਸ਼ੋਸ਼ਣ ਇੱਕ ਹਕੀਕਤ ਹੈ। ਜਿੱਥੇ, ਪੁਲਿਸ ਕਾਂਸਟੇਬਲ ਪੱਧਰ ਦੀਆਂ ਔਰਤਾਂ ਨੂੰ ਇਹ ਸੰਤਾਪ ਸਭ ਤੋਂ ਵੱਧ ਹੰਢਾਉਣਾ ਪੈਂਦਾ ਹੈ, ਉੱਥੇ ਸੀਨੀਅਰ ਮਹਿਲਾ ਅਧਿਕਾਰੀਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਮੈਂ ਵੀ ਇਸ ਦਾ ਸਾਹਮਣਾ ਕੀਤਾ ਹੈ," ਉਹ ਕਹਿੰਦੇ ਹਨ।

ਸਾਲ 2013 'ਚ ਕੰਮ ਵਾਲ਼ੀ ਥਾਂ 'ਤੇ ਔਰਤਾਂ ਦਾ ਜਿਣਸੀ ਸ਼ੋਸ਼ਣ (ਰੋਕਥਾਮ, ਰੋਕਥਾਮ ਅਤੇ ਨਿਪਟਾਰਾ) ਐਕਟ ਲਾਗੂ ਕੀਤਾ ਗਿਆ ਸੀ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ ਮਾਲਕਾਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਥਾਣੇ ਇਸ ਐਕਟ ਦੇ ਅਧੀਨ ਆਉਂਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਪ੍ਰਬੰਧਾਂ ਦੀ ਪਾਲਣਾ ਕਰਨੀ ਪੈਂਦੀ ਹੈ। ਐੱਸਐੱਚਓ ਜਾਂ ਪੀਆਈ ਇੱਥੇ 'ਰੁਜ਼ਗਾਰਦਾਤਾ' ਹਨ ਅਤੇ ਉਹ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਜ਼ਿੰਮੇਵਾਰ ਹਨ," ਬੈਂਗਲੁਰੂ ਵਿੱਚ ਅਲਟਰਨੇਟਿਵ ਲਾਅ ਫੋਰਮ ਦੀ ਵਕੀਲ, ਪੂਰਨਾ ਰਵੀਸ਼ੰਕਰ ਕਹਿੰਦੇ ਹਨ। ਇਹ ਐਕਟ ਕੰਮ ਵਾਲ਼ੀ ਥਾਂ 'ਤੇ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਨਾਲ਼ ਨਜਿੱਠਣ ਲਈ ਅੰਦਰੂਨੀ ਸ਼ਿਕਾਇਤ ਕਮੇਟੀਆਂ (ਆਈ.ਸੀ.ਸੀ.) ਦੇ ਗਠਨ ਦਾ ਹੁਕਮ ਦਿੰਦਾ ਹੈ, ਜਿਸ ਵਿੱਚ ਪੀਆਈ ਦੇ ਖਿਲਾਫ ਵੀ ਸ਼ਿਕਾਇਤ ਸ਼ਾਮਲ ਹੈ, ਜਿਵੇਂ ਕਿ ਦਾਮਿਨੀ ਦੇ ਮਾਮਲੇ ਵਿੱਚ ਹੋਇਆ ਸੀ। ਪਰ ਡਾ. ਬੋਰਵਾਂਕਰ ਦਾ ਕਹਿਣਾ ਹੈ ਕਿ ਅਸਲੀਅਤ ਵੱਖਰੀ ਹੈ: "ਆਈਸੀਸੀ ਆਮ ਤੌਰ 'ਤੇ ਸਿਰਫ਼ ਕਾਗਜ਼ਾਂ 'ਤੇ ਮੌਜੂਦ ਹੁੰਦੇ ਹਨ।''

ਸੈਂਟਰ ਫਾਰ ਦਿ ਸਟੱਡੀ ਆਫ ਡਿਵੈਲਪਿੰਗ ਸੋਸਾਇਟੀਜ਼ (ਸੀਐੱਸਡੀਐੱਸ) ਦੇ ਤੁਲਨਾਤਮਕ ਲੋਕਤੰਤਰ ਲਈ ਲੋਕਨੀਤੀ-ਪ੍ਰੋਗਰਾਮ ਫਾਰ ਕੰਪੇਰੇਟਿਵ ਡੈਮੋਕ੍ਰੇਸੀ ਦੁਆਰਾ ਕਰਵਾਏ ਗਏ 'ਸਟੇਟਸ ਆਫ਼ ਪੋਲਾਸਿੰਗ ਇਨ ਇੰਡੀਆ' ਸਿਰਲੇਖ ਹੇਠ 2019 ਦੇ ਸਰਵੇਖਣ ਵਿੱਚ ਮਹਾਰਾਸ਼ਟਰ ਸਮੇਤ 21 ਰਾਜਾਂ ਵਿੱਚ 105 ਥਾਵਾਂ 'ਤੇ 11,834 ਪੁਲਿਸ ਕਰਮਚਾਰੀਆਂ ਦੀ ਇੰਟਰਵਿਊ ਕੀਤੀ ਗਈ ਸੀ। ਇਸ ਤੋਂ ਪਤਾ ਲੱਗਿਆ ਹੈ ਕਿ ਲਗਭਗ ਇੱਕ ਚੌਥਾਈ (24 ਫੀਸਦ) ਮਹਿਲਾ ਪੁਲਿਸ ਕਰਮਚਾਰੀਆਂ ਨੇ ਆਪਣੇ ਕਾਰਜ ਸਥਾਨ ਜਾਂ ਅਧਿਕਾਰ ਖੇਤਰ ਵਿੱਚ ਅਜਿਹੀਆਂ ਕਮੇਟੀਆਂ ਦੀ ਗੈਰਹਾਜ਼ਰੀ ਦੀ ਰਿਪੋਰਟ ਕੀਤੀ। ਇਸੇ ਕਾਰਨ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਨੂੰ ਮਾਪਣਾ ਇੱਕ ਚੁਣੌਤੀ ਬਣੀ ਹੋਈ ਹੈ।

"ਨਾ ਸਾਨੂੰ ਇਸ ਐਕਟ ਬਾਰੇ ਕਦੇ ਵੀ ਸੂਚਿਤ ਕੀਤਾ ਗਿਆ ਤੇ ਨਾ ਹੀ ਕੋਈ ਕਮੇਟੀ ਹੀ ਸੀ," ਦਾਮਿਨੀ ਸਪੱਸ਼ਟ ਕਰਦੇ ਹਨ।

ਸਾਲ 2014 ਤੋਂ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਕੰਮ ਵਾਲ਼ੀ ਥਾਂ ਜਾਂ ਦਫ਼ਤਰ ਕੰਪਲੈਕਸ ਵਿਖੇ ਜਿਣਸੀ ਸ਼ੋਸ਼ਣ ਦੇ ਮਾਮਲਿਆਂ 'ਤੇ 'ਔਰਤਾਂ ਦੀ ਇੱਜ਼ਤ ਦਾ ਅਪਮਾਨ' ( ਭਾਰਤੀ ਦੰਡਾਵਲੀ ਦੀ ਸੋਧੀ ਧਾਰਾ 354 ਭਾਰਤੀ ਨਿਆਂ ਸੰਹਿਤਾ ਜਾਂ ਬੀਐੱਨਐੱਸ ਧਾਰਾ 74 ਦੇ ਬਰਾਬਰ) ਤਹਿਤ ਅੰਕੜੇ ਇਕੱਠੇ ਕਰ ਰਿਹਾ ਹੈ। ਸਾਲ 2022 'ਚ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ ਪੂਰੇ ਭਾਰਤ 'ਚ ਇਸ ਸ਼੍ਰੇਣੀ 'ਚ ਘੱਟੋ-ਘੱਟ 422 ਮਾਮਲੇ ਦਰਜ ਕੀਤੇ, ਜਿਨ੍ਹਾਂ ਵਿੱਚੋਂ 46 ਮਾਮਲੇ ਮਹਾਰਾਸ਼ਟਰ ਦੇ ਸਨ।

*****

ਜਦੋਂ ਦਾਮਿਨੀ ਨਵੰਬਰ 2017 ਦੀ ਰਾਤ ਨੂੰ ਘਰ ਪਹੁੰਚੇ, ਤਾਂ ਉਨ੍ਹਾਂ ਦਾ ਮਨ ਸਵਾਲਾਂ, ਗੱਲ ਬਾਹਰ ਕੱਢਣ ਦੇ ਨਤੀਜਿਆਂ ਅਤੇ ਹਰ ਰੋਜ਼ ਆਪਣੇ ਬਲਾਤਕਾਰੀਆਂ ਦੇ ਮੂੰਹ ਵੇਖਣ ਦੇ ਡਰ ਤੇ ਸਹਿਮ ਨਾਲ਼ ਜਿਓਂ ਭਰਨ ਲੱਗਿਆ । "ਮੈਂ ਸੋਚਦੀ ਰਹੀ ਕੀ [ਬਲਾਤਕਾਰ] ਆਪਣੇ ਸੀਨੀਅਰਾਂ ਦੀ ਗੱਲ ਨਾ ਮੰਨਣ ਦਾ ਨਤੀਜਾ ਸੀ... ਸਵਾਲ ਇਹ ਸੀ ਕਿ ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ," ਦਾਮਿਨੀ ਯਾਦ ਕਰਦੇ ਹਨ। ਚਾਰ-ਪੰਜ ਦਿਨਾਂ ਬਾਅਦ, ਦਾਮਿਨੀ ਨੇ ਕੰਮ 'ਤੇ ਜਾਣ ਦੀ ਹਿੰਮਤ ਕੀਤੀ, ਪਰ ਉਨ੍ਹਾਂ ਨੇ ਇਸ ਘਟਨਾ ਬਾਰੇ ਕੁਝ ਨਾ ਕਹਿਣ ਜਾਂ ਕਰਨ ਦਾ ਫੈਸਲਾ ਕੀਤਾ। "ਮੇਰਾ ਦਿਲ ਤਕਲੀਫ਼ ਤੇ ਉਲਝਣ ਨਾਲ਼ ਪਾਟ ਰਿਹਾ ਸੀ। ਮੈਂ ਇਸ ਸਬੰਧ ਵਿੱਚ ਚੁੱਕੇ ਜਾਣ ਵਾਲ਼ੇ ਸਾਰੇ ਕਦਮਾਂ (ਜਿਵੇਂ ਸਮਾਂ ਰਹਿੰਦਿਆਂ ਡਾਕਟਰੀ ਜਾਂਚ) ਤੋਂ ਜਾਣੂ ਸੀ ਪਰ ... ਪਰ ਮੈਂ ਉਲਝ ਕੇ ਰਹਿ ਗਈ," ਦਾਮਿਨੀ ਹੋਰ ਬੋਲਣ ਤੋਂ ਝਿਜਕੇ।

ਪਰ ਇੱਕ ਹਫ਼ਤੇ ਬਾਅਦ, ਉਹ ਮਰਾਠਵਾੜਾ ਦੇ ਜ਼ਿਲ੍ਹਾ ਪੁਲਿਸ ਸੁਪਰਡੈਂਟ (ਐੱਸਪੀ) ਨੂੰ ਮਿਲ਼ੇ ਅਤੇ ਇੱਕ ਲਿਖਤੀ ਸ਼ਿਕਾਇਤ ਦਿੱਤੀ। ਐੱਸਪੀ ਨੇ ਦਾਮਿਨੀ ਨੂੰ ਐੱਫਆਈਆਰ ਦਰਜ ਕਰਾਉਣ ਲਈ ਨਹੀਂ ਕਿਹਾ, ਉਲਟਾ ਦਾਮਿਨੀ ਦੇ ਸਾਹਵੇਂ ਉਹ ਘੜੀ ਆਣ ਖੜ੍ਹੀ ਜਿਹਦਾ ਦਾਮਿਨੀ ਸਾਹਮਣਾ ਕਰਨੋਂ ਵੀ ਡਰਦੇ ਸਨ। "ਐੱਸਪੀ ਨੇ ਦਾਮਿਨੀ ਨੂੰ ਥਾਣੇ ਤੋਂ ਆਪਣਾ ਸਰਵਿਸ ਰਿਕਾਰਡ ਲਿਆਉਣ ਲਈ ਕਿਹਾ। ਦੋਸ਼ੀ ਪੀਆਈ ਨੇ ਇਸ ਵਿੱਚ ਜ਼ਿਕਰ ਕੀਤਾ ਸੀ ਕਿ ਮੇਰਾ ਵਿਵਹਾਰ ਚੰਗਾ ਨਹੀਂ ਸੀ ਅਤੇ ਕੰਮ ਦੌਰਾਨ ਮੇਰਾ ਵਤੀਰਾ ਅਸ਼ਲੀਲ ਹਰਕਤਾਂ ਵਾਲ਼ਾ ਰਹਿੰਦਾ ਸੀ," ਦਾਮਿਨੀ ਕਹਿੰਦੇ ਹਨ।

ਕੁਝ ਦਿਨਾਂ ਬਾਅਦ, ਦਾਮਿਨੀ ਨੇ ਐੱਸਪੀ ਨੂੰ ਦੂਜਾ ਸ਼ਿਕਾਇਤ ਪੱਤਰ ਲਿਖਿਆ ਪਰ ਕੋਈ ਜਵਾਬ ਨਹੀਂ ਮਿਲਿਆ। ''ਅਜਿਹਾ ਕੋਈ ਦਿਨ ਨਹੀਂ ਸੀ ਜਦੋਂ ਮੈਂ ਉੱਚ ਅਧਿਕਾਰੀਆਂ ਨੂੰ ਮਿਲ਼ਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਤੇ ਨਾਲ਼ੋਂ-ਨਾਲ਼ ਮੈਂ ਮੈਨੂੰ ਸੌਂਪੀ ਗਈ ਡਿਊਟੀ ਵੀ ਨਿਭਾਉਂਦੀ ਰਹੀ," ਉਹ ਯਾਦ ਕਰਦੇ ਹਨ। "ਉਸੇ ਸਮੇਂ ਦੌਰਾਨ, ਮੈਨੂੰ ਪਤਾ ਲੱਗਿਆ ਕਿ ਮੈਂ ਗਰਭਵਤੀ ਸੀ।''

ਅਗਲੇ ਮਹੀਨੇ, ਉਨ੍ਹਾਂ ਨੇ ਚਾਰ ਪੰਨਿਆਂ ਦਾ ਇੱਕ ਹੋਰ ਸ਼ਿਕਾਇਤ ਪੱਤਰ ਲਿਖਿਆ, ਜੋ ਉਨ੍ਹਾਂ ਨੇ ਡਾਕ ਅਤੇ ਵਟਸਐਪ ਰਾਹੀਂ ਐੱਸਪੀ ਨੂੰ ਭੇਜਿਆ। ਬਲਾਤਕਾਰ ਦੇ ਦੋ ਮਹੀਨੇ ਬਾਅਦ ਜਨਵਰੀ 2018 ਵਿੱਚ ਮੁੱਢਲੀ ਜਾਂਚ ਦੇ ਆਦੇਸ਼ ਦਿੱਤੇ ਗਏ। ''ਮਹਿਲਾ ਸਹਾਇਕ ਪੁਲਿਸ ਸੁਪਰਡੈਂਟ (ਏਐੱਸਪੀ) ਜਾਂਚ ਦੀ ਇੰਚਾਰਜ ਸੀ। ਹਾਲਾਂਕਿ ਮੈਂ ਆਪਣੀ ਗਰਭਅਵਸਥਾ ਦੀ ਰਿਪੋਰਟ ਉਸ ਨੂੰ ਸੌਂਪ ਦਿੱਤੀ ਸੀ, ਪਰ ਉਸਨੇ ਆਪਣੀ ਜਾਂਚ ਵਿੱਚ ਇਸ ਰਿਪੋਰਟ ਨੂੰ ਸ਼ਾਮਲ ਤੱਕ ਨਾ ਕੀਤਾ। ਏਐੱਸਪੀ ਨੇ ਸਿੱਟਾ ਕੱਢਿਆ ਕਿ ਕੋਈ ਜਿਣਸੀ ਸ਼ੋਸ਼ਣ ਹੋਇਆ ਹੀ ਨਹੀਂ ਅਤੇ ਮੈਨੂੰ ਜੂਨ 2019 ਵਿੱਚ ਅਗਲੇਰੀ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ," ਦਾਮਿਨੀ ਕਹਿੰਦੇ ਹਨ।

PHOTO • Priyanka Borar

'ਭਾਵੇਂ ਅਸੀਂ ਸ਼ਿਕਾਇਤ ਕਰਨਾ ਚਾਹੁੰਦੇ ਹੋਈਏ ਪਰ ਤਾਂ ਸਾਡੇ ਜ਼ਿਆਦਾਤਰ ਸੀਨੀਅਰ ਪੁਰਸ਼ ਹੀ ਹੁੰਦੇ ਹਨ। ਉਹ ਸਾਡੀ ਗੱਲ ਅਣਸੁਣੀ ਕਰ ਦਿੰਦੇ ਹਨ,' ਦਾਮਿਨੀ ਕਹਿੰਦੇ ਹਨ। ਜਿੱਥੋਂ ਤੱਕ ਮਹਿਲਾ ਪੁਲਿਸ ਸੀਨੀਅਰ ਅਧਿਕਾਰੀ ਵੀ ਔਰਤਾਂ ਨਾਲ ਦੁਰਵਿਵਹਾਰ ਅਤੇ ਤਸ਼ੱਦਦ ਲਈ ਕੋਈ ਅਜਨਬੀ ਨਹੀਂ ਹਨ

ਇਸ ਸਾਰੇ ਸੰਘਰਸ਼ ਦੌਰਾਨ ਦਾਮਿਨੀ ਨੂੰ ਪਰਿਵਾਰ ਦਾ ਸਮਰਥਨ ਵੀ ਨਹੀਂ ਮਿਲਿਆ। ਘਟਨਾ ਤੋਂ ਇੱਕ ਸਾਲ ਪਹਿਲਾਂ ਉਹ 2016 'ਚ ਆਪਣੇ ਪਤੀ ਤੋਂ ਵੱਖ ਹੋ ਗਏ ਸਨ। ਚਾਰ ਭੈਣਾਂ ਅਤੇ ਇੱਕ ਭਰਾ ਤੋਂ ਵੱਡੇ ਦਾਮਿਨੀ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਰਿਟਾਇਰਡ ਪੁਲਿਸ ਕਾਂਸਟੇਬਲ ਪਿਤਾ ਤੇ ਘਰੇਲੂ ਮਾਂ, ਉਨ੍ਹਾਂ ਦੀ ਬਾਂਹ ਜ਼ਰੂਰ ਫੜ੍ਹਨਗੇ। "ਪਰ ਇੱਕ ਮੁਲਜ਼ਮ ਨੇ ਮੇਰੇ ਪਿਤਾ ਨੂੰ ਭੜਕਾਇਆ...ਤੇ ਕਿਹਾ ਮੈਂ ਕੰਮ ਦੌਰਾਨ ਜਿਣਸੀ ਗਤੀਵਿਧੀਆਂ ਵਿੱਚ ਲਿਪਟੀ ਰਹਿੰਦੀ ਹਾਂ ... ਮੈਂ 'ਫਾਲਤੂ' (ਬੇਕਾਰ) ਹਾਂ... ਇਹ ਵੀ ਕਿਹਾ ਕਿ ਮੈਨੂੰ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਨਹੀ ਕਰਾਉਣੀ ਚਾਹੀਦੀ ਤੇ ਕਿਸੇ ਗੜਬੜੀ ਵਿੱਚ ਫਸਣ ਤੋਂ ਬਚਣਾ ਚਾਹੀਦਾ," ਉਹ ਕਹਿੰਦੇ ਹਨ। ਇਸ ਤੋਂ ਬਾਅਦ ਦਾਮਿਨੀ ਦੇ ਪਿਤਾ ਨੇ ਉਨ੍ਹਾਂ ਨਾਲ਼ ਗੱਲ ਕਰਨੀ ਬੰਦ ਕਰ ਦਿੱਤੀ, ਉਨ੍ਹਾਂ ਦੇ ਇਸ ਵਤੀਰੇ ਨੇ ਦਾਮਿਨੀ ਨੂੰ ਹੋਰ ਹੈਰਾਨ ਕੀਤਾ। "ਮੇਰੇ ਲਈ ਇਹ ਹਕੀਕਤ ਸਵੀਕਾਰਨੀ ਬੜੀ ਮੁਸ਼ਕਲ ਹੋ ਰਹੀ ਸੀ, ਪਰ ਮੈਂ ਇਸ ਨੂੰ ਨਜ਼ਰਅੰਦਾਜ਼ ਕਰਨ ਦਾ ਫੈਸਲਾ ਕੀਤਾ। ਹੋਰ ਕੀਤਾ ਵੀ ਕੀ ਜਾ ਸਕਦਾ ਸੀ?"

ਮਾਮਲਾ ਬਦ ਤੋਂ ਬਦਤਰ ਬਣਨ ਲੱਗਿਆ ਜਦੋਂ ਦਾਮਿਨੀ ਨੂੰ ਮਹਿਸੂਸ ਹੋਣ ਲੱਗਿਆਕਿ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। "ਦੋਸ਼ੀ, ਖ਼ਾਸ ਕਰਕੇ ਕਰਮਚਾਰੀ ਹਰ ਜਗ੍ਹਾ ਮੇਰਾ ਪਿੱਛਾ ਕਰਦਾ ਸੀ। ਮੈਨੂੰ ਹਮੇਸ਼ਾ ਸਾਵਧਾਨ ਰਹਿਣਾ ਪੈਂਦਾ। ਨਾ ਮੈਂ ਠੀਕ ਤਰ੍ਹਾਂ ਸੌਂ ਪਾਉਂਦੀ ਤੇ ਨਾ ਹੀ ਠੀਕ ਤਰ੍ਹਾਂ ਖਾਣਾ ਹੀ ਖਾ ਪਾਉਂਦੀ। ਮੇਰਾ ਦਿਮਾਗ਼ ਅਤੇ ਸਰੀਰ ਜਵਾਬ ਦੇਣ ਲੱਗੇ।''

ਫਿਰ ਵੀ, ਉਨ੍ਹਾਂ ਨੇ ਹਾਰ ਨਾ ਮੰਨੀ। ਫਰਵਰੀ 2018 ਵਿੱਚ, ਉਨ੍ਹਾਂ ਨੇ ਜ਼ਿਲ੍ਹੇ ਦੇ ਇੱਕ ਤਾਲੁਕਾ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਜੇਐਮਐਫਸੀ) ਅਦਾਲਤ ਵਿੱਚ ਪਹੁੰਚ ਕੀਤੀ। ਉਨ੍ਹਾਂ ਦਾ ਕੇਸ ਉਨ੍ਹਾਂ ਦੇ ਉੱਚ ਅਧਿਕਾਰੀਆਂ ਤੋਂ ਕਿਸੇ ਸਰਕਾਰੀ ਕਰਮਚਾਰੀ ਵਿਰੁੱਧ ਕਾਨੂੰਨੀ ਕਾਰਵਾਈ ਲੈਣ ਦੀ ਇਜਾਜ਼ਤ ਨਾ ਮਿਲ਼ਣ ਕਾਰਨ ਖਾਰਜ ਕਰ ਦਿੱਤਾ ਗਿਆ ਸੀ ਹੁਣ ਸੋਧੇ ਹੋਏ ਅਪਰਾਧਿਕ ਪ੍ਰਕਿਰਿਆ ਕੋਡ ਦੀ ਧਾਰਾ 197 ਦੇ ਤਹਿਤ, ਜੋ ਕਿ ਨਵੀਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ

https://www.mha.gov.in/sites/default/files/2024-04/250884_2_english_01042024.pdf

ਜਾਂ ਬੀਐੱਨਐੱਸਐੱਸ ਦੇ ਤਹਿਤ ਧਾਰਾ 218 ਦੇ ਬਰਾਬਰ ਹੈ)। ਇੱਕ ਹਫ਼ਤੇ ਬਾਅਦ ਜਦੋਂ ਉਨ੍ਹਾਂ ਨੇ ਇੱਕ ਹੋਰ ਅਰਜ਼ੀ ਦਾਇਰ ਕੀਤੀ, ਤਾਂ ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਆਖਰਕਾਰ ਥਾਣੇ ਨੂੰ ਐੱਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ।

"ਤਿੰਨ ਮਹੀਨਿਆਂ ਦੀ ਭੱਜਨੱਸ ਤੇ ਘੋਰ ਨਿਰਾਸ਼ਾ ਦੇ ਉਸ ਦੌਰ ਤੋਂ ਬਾਅਦ, ਅਦਾਲਤ ਦੇ ਆਦੇਸ਼ ਨੇ ਮੇਰਾ ਮਨੋਬਲ ਵਧਾ ਦਿੱਤਾ," ਦਾਮਿਨੀ ਯਾਦ ਕਰਦੇ ਹਨ। ਪਰ ਇਹ ਖੁਸ਼ੀ ਥੋੜ੍ਹ-ਚਿਰੀ ਸੀ। ਐੱਫਆਈਆਰ ਦਰਜ ਹੋਣ ਦੇ ਦੋ ਦਿਨ ਬਾਅਦ, ਪੀਆਈ ਦੀ ਰਿਹਾਇਸ਼, ਅਪਰਾਧ ਵਾਲ਼ੀ ਥਾਂ ਦੀ ਤਲਾਸ਼ੀ ਲਈ ਗਈ। ਬੇਸ਼ੱਕ, ਕੋਈ ਸਬੂਤ ਨਹੀਂ ਮਿਲ਼ਿਆ ਕਿਉਂਕਿ ਪੀਆਈ ਘਰ ਦਾਮਿਨੀ ਨਾਲ਼ ਹੋਈ ਉਸ ਵਾਰਦਾਤ ਨੂੰ ਤਿੰਨ ਮਹੀਨੇ ਬੀਤ ਚੁੱਕੇ ਸਨ। ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

ਉਸੇ ਮਹੀਨੇ, ਦਾਮਿਨੀ ਦਾ ਗਰਭਪਾਤ ਹੋ ਗਿਆ ਤੇ ਬੱਚਾ ਬਚ ਨਾ ਸਕਿਆ।

*****

ਦਾਮਿਨੀ ਮਾਮਲੇ ਦੀ ਆਖਰੀ ਸੁਣਵਾਈ ਜੁਲਾਈ 2019 ਵਿੱਚ ਹੋਈ ਸੀ ਅਤੇ ਹੁਣ ਪੰਜ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਮੁਅੱਤਲੀ ਦੌਰਾਨ, ਉਨ੍ਹਾਂ ਨੇ ਵਾਰ-ਵਾਰ ਆਪਣੇ ਕੇਸ ਨੂੰ ਇੰਸਪੈਕਟਰ ਜਨਰਲ (ਆਈਜੀ) ਕੋਲ਼ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਮਿਲ਼ਣ ਦਾ ਸਮਾਂ ਨਾ ਦਿੱਤਾ ਗਿਆ। ਇੱਕ ਦਿਨ ਉਨ੍ਹਾਂ ਨੇ ਆਪਣੇ ਮੂਹਰੇ ਖੜ੍ਹੀ ਅਧਿਕਾਰੀ ਦੀ ਕਾਰ ਨੂੰ ਰੋਕਿਆ ਤੇ ਪੂਰੀ ਦੀ ਪੂਰੀ ਹੱਡ-ਬੀਤੀ ਕਹਿ ਸੁਣਾਈ। ''ਮੈਂ ਉਨ੍ਹਾਂ ਨੂੰ ਅਪੀਲ ਕੀਤੀ, ਮੇਰੇ ਖਿਲਾਫ਼ ਵਰਤੀਂਦੇ ਹੱਥਕੰਡਿਆਂ ਤੋਂ ਜਾਣੂ ਕਰਵਾਇਆ। ਫਿਰ ਉਨ੍ਹਾਂ ਨੇ ਮੇਰੀ ਬਹਾਲੀ ਦਾ ਆਦੇਸ਼ ਦਿੱਤਾ," ਦਾਮਿਨੀ ਯਾਦ ਕਰਦੇ ਹਨ। ਉਹ ਅਗਸਤ 2022 ਵਿੱਚ ਪੁਲਿਸ ਫੋਰਸ ਵਿੱਚ ਦੁਬਾਰਾ ਸ਼ਾਮਲ ਹੋ ਗਏ।

ਅੱਜ, ਉਹ ਮਰਾਠਵਾੜਾ ਦੇ ਇੱਕ ਦੂਰ-ਦੁਰਾਡੇ ਪਿੰਡ ਵਿਖੇ ਇਕੱਲਿਆਂ ਰਹਿੰਦੇ ਹਨ। ਉਨ੍ਹਾਂ ਦਾ ਘਰ ਚੁਫ਼ੇਰਿਓਂ ਖੇਤਾਂ ਨਾਲ਼ ਘਿਰਿਆ ਜਿੱਥੇ ਮਨੁੱਖੀ ਗਿਣਤੀ ਬਹੁਤ ਘੱਟ ਹੈ।

PHOTO • Jyoti

ਜਿੰਨਾ ਕੁ ਦਾਮਿਨੀ ਨੂੰ ਚੇਤੇ ਹੈ ਉਹ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਬਣਨਾ ਚਾਹੁੰਦੇ ਸਨ ਅਤੇ ਉੱਚ ਬੇਰੁਜ਼ਗਾਰੀ ਵਾਲ਼ੇ ਇਸ ਖੇਤਰ ਵਿੱਚ ਇੱਕ ਸੁਰੱਖਿਅਤ ਭਵਿੱਖ ਬਣਾਉਣਾ ਚਾਹੁੰਦੇ ਸਨ

"ਮੈਂ ਇੱਥੇ ਸੁਰੱਖਿਅਤ ਹਾਂ। ਕੁਝ ਕੁ ਕਿਸਾਨਾਂ ਨੂੰ ਛੱਡ ਇੱਥੇ ਹੋਰ ਕੋਈ ਨਹੀਂ ਆਉਂਦਾ।'' ਉਨ੍ਹਾਂ ਦੀ ਅਵਾਜ਼ ਵਿੱਚ ਰਾਹਤ ਜਾਪੀ, ਅੱਜ ਉਹ ਆਪਣੀ ਛੇ ਮਹੀਨਿਆਂ ਦੀ ਧੀ ਨਾਲ਼ ਖ਼ੁਸ਼ ਹਨ, ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ। "ਮੈਂ ਹਮੇਸ਼ਾਂ ਚਿੰਤਤ ਰਿਹਾ ਕਰਦੀ, ਪਰ ਜਦੋਂ ਤੋਂ ਇਹ ਪੈਦਾ ਹੋਈ ਹੈ, ਮੇਰੇ ਜੀਵਨ ਵਿੱਚ ਖ਼ੁਸ਼ੀ ਮੁੜ ਆਈ ਹੈ। ਬੱਚੀ ਦੇ ਪੈਦਾ ਹੋਣ ਤੋਂ ਬਾਅਦ ਤੋਂ ਹੀ ਦਾਮਿਨੀ ਤੇ ਉਨ੍ਹਾਂ ਦੇ ਪਿਤਾ ਦੇ ਰਿਸ਼ਤੇ ਵਿੱਚ ਵੀ ਸੁਧਾਰ ਹੋ ਰਿਹਾ ਹੈ।

ਉਹ ਹੁਣ ਉਸ ਥਾਣੇ ਵਿੱਚ ਕੰਮ ਨਹੀਂ ਕਰ ਰਹੇ ਜਿੱਥੇ ਉਨ੍ਹਾਂ ਨਾਲ਼ ਬਲਾਤਕਾਰ ਹੋਇਆ ਸੀ। ਹੁਣ ਉਹ ਉਸੇ ਜ਼ਿਲ੍ਹੇ ਦੇ ਇੱਕ ਹੋਰ ਥਾਣੇ ਵਿੱਚ ਹੈੱਡ ਕਾਂਸਟੇਬਲ ਦਾ ਅਹੁਦਾ ਸੰਭਾਲ਼ਦੇ ਹਨ। ਥਾਣੇ ਦੇ ਦੋ ਸਹਿਕਰਮੀ ਅਤੇ ਨਜ਼ਦੀਕੀ ਦੋਸਤ ਜਾਣਦੇ ਹਨ ਕਿ ਉਹ ਜਿਣਸੀ ਹਮਲੇ ਦਾ ਸ਼ਿਕਾਰ ਰਹੇ ਹਨ। ਪੁਰਾਣੇ ਜਾਂ ਨਵੇਂ ਥਾਣੇ ਦਾ ਕੋਈ ਕਰਮੀ ਉਨ੍ਹਾਂ ਦੀ ਰਹਾਇਸ਼ ਬਾਰੇ ਕੁਝ ਵੀ ਨਹੀਂ ਜਾਣਦਾ। ਖ਼ੁਲਾਸੇ ਤੋਂ ਬਾਅਦ ਸ਼ਾਇਦ ਉਹ ਸੁਰੱਖਿਅਤ ਮਹਿਸੂਸ ਨਾ ਕਰਦੇ।

"ਜਦੋਂ ਮੈਂ ਵਰਦੀ ਵਿੱਚ ਨਹੀਂ ਹੁੰਦੀ ਤਾਂ ਮੈਂ ਆਪਣੇ ਚਿਹਰੇ ਨੂੰ ਕੱਪੜੇ ਨਾਲ਼ ਢੱਕ ਲੈਂਦੀ ਹਾਂ। ਮੈਂ ਇਕੱਲੀ ਬਾਹਰ ਨਹੀਂ ਜਾਂਦੀ। ਮੈਂ ਇਸ ਗੱਲੋਂ ਹਮੇਸ਼ਾ ਸਾਵਧਾਨ ਰਹਿੰਦੀ ਹਾਂ ਕਿਤੇ ਉਨ੍ਹਾਂ ਨੂੰ ਮੇਰੇ ਘਰ ਦਾ ਪਤਾ ਨਾ ਚੱਲ ਜਾਵੇ," ਦਾਮਿਨੀ ਕਹਿੰਦੇ ਹਨ।

ਇਸ ਖ਼ਤਰੇ ਦਾ ਕਿਆਸ ਲਾਉਣਾ ਮੁਸ਼ਕਲ ਹੈ।

ਦਾਮਿਨੀ ਦਾ ਦੋਸ਼ ਹੈ ਕਿ ਦੋਸ਼ੀ ਕਰਮਚਾਰੀ ਅਕਸਰ ਉਨ੍ਹਾਂ ਦੇ ਕੰਮ ਵਾਲ਼ੀ ਨਵੀਂ ਥਾਂ 'ਤੇ ਜਾਂ ਪੁਲਿਸ ਚੌਕੀਆਂ 'ਤੇ ਆਉਂਦਾ ਹੀ ਰਹਿੰਦਾ ਹੈ ਜਿੱਥੇ ਦਾਮਿਨੀ ਤੈਨਾਤ ਹਨ, ਉਨ੍ਹਾਂ ਦੀ ਕੁੱਟਮਾਰ ਵੀ ਕਰਦਾ ਹੈ। "ਇੱਕ ਵਾਰ, ਉਹਨੇ ਬੱਸ ਸਟਾਪ 'ਤੇ ਮੈਨੂੰ ਕੁੱਟਿਆ, ਤੇ ਜ਼ਿਲ੍ਹਾ ਅਦਾਲਤ ਵਿੱਚ ਮੇਰੇ ਕੇਸ ਦੀ ਸੁਣਵਾਈ ਹੋਈ।" ਆਪਣੀ ਧੀ ਦੀ ਸੁਰੱਖਿਆ ਨੂੰ ਲੈ ਕੇ ਦਾਮਿਨੀ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ। "ਜੇ ਉਨ੍ਹਾਂ ਮੇਰੀ ਧੀ ਨਾਲ਼ ਕੁਝ ਮਾੜਾ ਕਰ ਦਿੱਤਾ ਤਾਂ ਕੀ ਹੋਵੇਗਾ?" ਆਪਣੀ ਬੱਚੀ ਨੂੰ ਕੱਸ ਕੇ ਹਿੱਕ ਨਾਲ਼ ਲਾਉਂਦਿਆਂ ਦਾਮਿਨੀ ਪੁੱਛਦੇ ਹਨ।

ਇਹ ਰਿਪੋਰਟਰ ਮਈ 2024 ਵਿੱਚ ਦਾਮਿਨੀ ਨੂੰ ਮਿਲ਼ੀ ਸਨ। ਮਰਾਠਵਾੜਾ ਦੀ ਲੂਹ ਸੁੱਟਣ ਵਾਲ਼ੀ ਧੁੱਪ, ਨਿਆਂ ਲਈ ਲਗਭਗ ਸੱਤ ਸਾਲ ਜੂਝਦੇ ਰਹਿਣ ਅਤੇ ਕਿਸੇ ਵੇਲ਼ੇ ਵੀ ਹਮਲਾ ਹੋਣ ਦੇ ਸਹਿਣ ਹੇਠ ਵੀ ਦਾਮਿਨੀ ਦਾ ਉਤਸ਼ਾਹ ਆਪਣੇ ਸਿਖਰ 'ਤੇ ਸੀ; ਉਹ ਦ੍ਰਿੜ ਸੰਕਲਪ ਸਨ। ''ਮੈਂ ਸਾਰੇ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਦੇਖਣਾ ਚਾਹੁੰਦੀ ਹੀ। ਮਾਲਾ ਲਧਾਯਾਚ ਆਹੇ (ਮੈਂ ਲੜਨਾ ਚਾਹੁੰਦੀ ਹਾਂ)।''

ਇਹ ਸਟੋਰੀ ਭਾਰਤ ਵਿੱਚ ਜਿਣਸੀ ਅਤੇ ਲਿੰਗ-ਅਧਾਰਤ ਹਿੰਸਾ (ਐਸਜੀਬੀਵੀ) ਤੋਂ ਬਚੇ ਲੋਕਾਂ ਦੀ ਦੇਖਭਾਲ਼ ਲਈ ਸਮਾਜਿਕ, ਸੰਸਥਾਗਤ ਅਤੇ ਢਾਂਚਾਗਤ ਰੁਕਾਵਟਾਂ 'ਤੇ ਕੇਂਦ੍ਰਤ ਇੱਕ ਰਾਸ਼ਟਰਵਿਆਪੀ ਰਿਪੋਰਟਿੰਗ ਪ੍ਰੋਜੈਕਟ ਦਾ ਹਿੱਸਾ ਹੈ। ਇਹ ਡਾਕਟਰਜ਼ ਵਿਦਾਊਟ ਬਾਰਡਰਜ਼ ਇੰਡੀਆ ਸਮਰਥਿਤ ਪਹਿਲ ਕਦਮੀ ਦਾ ਹਿੱਸਾ ਹੈ।

ਸੁਰੱਖਿਆ ਦੇ ਲਿਹਾਜ਼ ਕਾਰਨ ਹਾਦਸਿਆਂ ਦੇ ਸ਼ਿਕਾਰ ਲੋਕਾਂ ਤੇ ਪਰਿਵਾਰਕ ਮੈਂਬਰਾਂ ਦੇ ਨਾਮ ਬਦਲ ਦਿੱਤੇ ਗਏ।

ਤਰਜਮਾ: ਕਮਲਜੀਤ ਕੌਰ

Jyoti

جیوتی پیپلز آرکائیو آف رورل انڈیا کی ایک رپورٹر ہیں؛ وہ پہلے ’می مراٹھی‘ اور ’مہاراشٹر۱‘ جیسے نیوز چینلوں کے ساتھ کام کر چکی ہیں۔

کے ذریعہ دیگر اسٹوریز Jyoti
Editor : Pallavi Prasad

پلّوی پرساد ممبئی میں مقیم ایک آزاد صحافی، ینگ انڈیا فیلو اور لیڈی شری رام کالج سے گریجویٹ ہیں۔ وہ صنف، ثقافت اور صحت پر لکھتی ہیں۔

کے ذریعہ دیگر اسٹوریز Pallavi Prasad
Series Editor : Anubha Bhonsle

انوبھا بھونسلے ۲۰۱۵ کی پاری فیلو، ایک آزاد صحافی، آئی سی ایف جے نائٹ فیلو، اور ‘Mother, Where’s My Country?’ کی مصنفہ ہیں، یہ کتاب بحران زدہ منی پور کی تاریخ اور مسلح افواج کو حاصل خصوصی اختیارات کے قانون (ایفسپا) کے اثرات کے بارے میں ہے۔

کے ذریعہ دیگر اسٹوریز Anubha Bhonsle
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur