“ਮੈਂ ਹਰ ਚੀਜ਼ ਨੂੰ ਠੀਕ ਕਰਨ ਦਾ ਢੰਗ ਲੱਭਣ ਦੀ ਕੋਸ਼ਿਸ਼ ਕਰਦਾ ਹਾਂ।”
ਸੁਨੀਲ ਕੁਮਾਰ ਇੱਕ ਠਠੇਰਾ (ਧਾਤ ਦੇ ਬਰਤਨ ਬਣਾਉਣ ਵਾਲ਼ਾ) ਹੈ। “ਲੋਕ ਸਾਡੇ ਕੋਲ ਉਹ ਚੀਜ਼ਾਂ ਲੈ ਕੇ ਆਉਂਦੇ ਹਨ, ਜੋ ਹੋਰਾਂ ਤੋਂ ਰਿਪੇਅਰ ਨਹੀਂ ਹੁੰਦੀਆਂ। ਕਈ ਵਾਰ ਤਾਂ ਮਕੈਨਿਕ ਆਪਣੇ ਔਜ਼ਾਰ ਵੀ ਲੈ ਆਉਂਦੇ ਹਨ।”
ਉਹ ਅਜਿਹੇ ਲੋਕਾਂ ਦੀ ਪੀੜ੍ਹੀ ਤੋਂ ਆਉਂਦਾ ਹੈ ਜੋ ਤਾਂਬਾ, ਕਾਂਸੀ ਅਤੇ ਪਿੱਤਲ ਤੋਂ ਘਰਾਂ ਅਤੇ ਰਸੋਈ ਵਿੱਚ ਵਰਤੇ ਜਾਣ ਵਾਲ਼ੇ ਕਈ ਤਰ੍ਹਾਂ ਦੇ ਧਾਤ ਦੇ ਬਰਤਨ ਬਣਾਉਂਦੇ ਆ ਰਹੇ ਹਨ। “ਕੋਈ ਵੀ ਆਪਣੇ ਹੱਥ ਗੰਦੇ ਨਹੀਂ ਕਰਨਾ ਚਾਹੁੰਦਾ,” 25 ਸਾਲ ਤੋਂ ਠਠੇਰੇ ਦਾ ਕੰਮ ਕਰ ਰਹੇ 40 ਸਾਲਾ ਸੁਨੀਲ ਨੇ ਕਿਹਾ। “ਮੈਂ ਪੂਰਾ ਦਿਨ ਤੇਜ਼ਾਬ, ਕੋਲੇ ਅਤੇ ਸੇਕ ਨਾਲ਼ ਕੰਮ ਕਰਦਾ ਹਾਂ। ਮੈਂ ਇਹ ਕੰਮ ਇਸ ਲਈ ਕਰਦਾ ਹਾਂ ਕਿਉਂਕਿ ਇਹ ਮੇਰਾ ਸ਼ੌਕ ਹੈ।”
ਠਠੇਰਾ (ਜਾਂ ਠਠਿਆਰ) ਪੰਜਾਬ ਵਿੱਚ ਪਛੜੀਆਂ ਜਾਤੀਆਂ ਵਿੱਚ ਆਉਂਦੇ ਹਨ ਅਤੇ ਉਹਨਾਂ ਦਾ ਰਵਾਇਤੀ ਕੰਮ ਧਾਤ ਨੂੰ ਹੱਥੀਂ ਵਰਤੇ ਜਾਣ ਵਾਲ਼ੇ ਔਜ਼ਾਰਾਂ ਨਾਲ਼ ਵੱਖੋ-ਵੱਖਰੇ ਰੂਪ ਜਿਹਨਾਂ ਵਿੱਚ ਮਜ਼ਬੂਤ ਕੁੰਡੇ ਅਤੇ ਤਾਲੇ ਸ਼ਾਮਲ ਹਨ, ਦੇਣਾ ਰਿਹਾ ਹੈ। ਆਪਣੇ 67 ਸਾਲਾ ਪਿਤਾ ਕੇਵਲ ਕ੍ਰਿਸ਼ਨ ਨਾਲ਼ ਉਹ ਰਿਪੇਅਰ ਵਿੱਚ ਵਰਤਿਆ ਜਾਂਦਾ ਸਕਰੈਪ ਦਾ ਮਾਲ ਖਰੀਦਦਾ ਹੈ।
ਪਿਛਲੇ ਕੁਝ ਦਹਾਕਿਆਂ ਵਿੱਚ ਲੋਹ-ਧਾਤਾਂ ਜਿਵੇਂ ਕਿ ਸਟੀਲ ਦੀ ਵਧਦੀ ਮਕਬੂਲੀਅਤ ਨੇ ਹੱਥੀਂ ਬਣਾਏ ਜਾਂਦੇ ਬਰਤਨਾਂ ਦਾ ਕੰਮ ਘਟਾ ਦਿੱਤਾ ਹੈ। ਅੱਜ ਦੇ ਸਮੇਂ, ਰਸੋਈ ਵਿੱਚ ਵਰਤਿਆ ਜਾਂਦਾ ਜ਼ਿਆਦਾਤਰ ਸਮਾਨ ਸਟੀਲ ਦਾ ਬਣਿਆ ਹੁੰਦਾ ਹੈ ਅਤੇ ਜ਼ਿਆਦਾ ਮਜ਼ਬੂਤ, ਪਰ ਮਹਿੰਗੇ ਪਿੱਤਲ ਤੇ ਤਾਂਬੇ ਦੀ ਮੰਗ ਬਹੁਤ ਜ਼ਿਆਦਾ ਘਟ ਗਈ ਹੈ।
ਪੰਜਾਬ ਦੇ ਸੰਗਰੂਰ ਜ਼ਿਲ੍ਹੇਦੇ ਕਸਬੇ ਲਹਿਰਾਗਾਗਾ ਜਿੱਥੇ ਸੁਨੀਲ ਅਤੇ ਉਹਨਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਇਹ ਕੰਮ ਕਰ ਰਿਹਾ ਹੈ, ਇੱਥੇ ਕਰੀਬ 40 ਸਾਲ ਪਹਿਲਾਂ ਦੋ ਹੋਰ ਠਠੇਰੇ ਸਨ। “ਮੰਦਿਰ ਕੋਲ ਇੱਕ ਹੋਰ ਠਠੇਰੇ ਦੀ ਦੁਕਾਨ ਹੁੰਦੀ ਸੀ ਪਰ ਉਸਦੀ ਤਿੰਨ ਲੱਖ ਰੁਪਏ ਦੀ ਲਾਟਰੀ ਨਿਕਲਣ ਤੋਂ ਬਾਅਦ ਉਸਨੇ ਇਹ ਕੰਮ ਛੱਡ ਦਿੱਤਾ,” ਸੁਨੀਲ ਨੇ ਮਿਲਣ ਵਾਲ਼ੇ ਨਿਗੂਣੇ ਮਿਹਨਤਾਨੇ ਨੂੰ ਕੰਮ ਛੱਡਣ ਦਾ ਕਾਰਨ ਦੱਸਦਿਆਂ ਕਿਹਾ।
ਆਪਣਾ ਗੁਜ਼ਾਰਾ ਚਲਾਉਣ ਲਈ ਸੁਨੀਲ ਕੁਮਾਰ ਵਰਗੇ ਠਠੇਰਿਆਂ ਨੇ ਸਟੀਲ ਦਾ ਕੰਮ –ਰਿਪੇਅਰ ਅਤੇ ਬਰਤਨ ਬਣਾਉਣ ਦਾ– ਕਰਨਾ ਸ਼ੁਰੂ ਕਰ ਦਿੱਤਾ ਹੈ।
ਲਹਿਰਾਗਾਗਾ ਵਿੱਚ ਸਿਰਫ਼ ਸੁਨੀਲ ਦੀ ਦੁਕਾਨ ਹੈ, ਜਿੱਥੇ ਲੋਕ ਆਪਣੇ ਬਰਤਨ ਸਾਫ਼ (ਧੁਆ), ਰਿਪੇਅਰ ਅਤੇ ਪਾਲਸ਼ ਕਰਾ ਸਕਦੇ ਹਨ। ਦੂਰ-ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਵੀ ਲੋਕ ਇਸ ਕੰਮ ਲਈ ਉਸਦੀ ਦੁਕਾਨ ’ਤੇ ਆਉਂਦੇ ਹਨ। ਭਾਵੇਂ ਕਿ ਦੁਕਾਨ ਦਾ ਕੋਈ ਨਾਂ ਨਹੀਂ, ਨਾ ਹੀ ਕੋਈ ਬੋਰਡ ਲੱਗਿਆ ਹੈ, ਪਰ ਹਰ ਕੋਈ ਇਸਨੂੰ ਠਠੇਰੇ ਦੀ ਦੁਕਾਨ ਦੇ ਤੌਰ ’ਤੇ ਪਛਾਣਦਾ ਹੈ।
“ਸਾਡੇ ਘਰ ਵਿੱਚ ਪਿੱਤਲ ਦੇ ਭਾਂਡੇ ਹਨ ਪਰ ਉਹ ਉਹਨਾਂ ਦੇ ਭਾਵਨਾਤਮਕ ਅਤੇ ਕੀਮਤ ਦੇ ਮੁੱਲ ਕਰਕੇ ਰੱਖੇ ਹੋਏ ਹਨ, ਹਰ ਰੋਜ਼ ਦੀ ਵਰਤੋਂ ਲਈ ਨਹੀਂ,” 25 ਕਿਲੋਮੀਟਰ ਦੂਰ ਪੈਂਦੇ ਕਸਬੇ ਦਿੜ੍ਹਬਾ ਤੋਂ ਸੁਨੀਲ ਦੀ ਦੁਕਾਨ ’ਤੇ ਚਾਰ ਬਾਟੀਆਂ ਧੁਆਉਣ ਆਈ ਇੱਕ ਬੀਬੀ ਨੇ ਦੱਸਿਆ।“ਸਟੀਲ ਦੇ ਬਰਤਨ ਲਗਾਤਾਰ ਵਰਤੋਂ ਦੇ ਬਾਅਦ ਆਪਣਾ ਮੁੱਲ ਗੁਆ ਲੈਂਦੇ ਹਨ। ਇਹਨਾਂ ਦਾ ਭੋਰਾ ਮੁੱਲ ਨਹੀਂ ਪੈਂਦਾ। ਪਰ ਪਿੱਤਲ ਦੇ ਭਾਂਡੇ ਓਨੇ ਹੀ ਕੀਮਤੀ ਰਹਿੰਦੇ ਹਨ,” ਉਸਨੇ ਕਿਹਾ।
ਪਿੱਤਲ ਦੇ ਬਰਤਨਾਂ ’ਚ ਮੁੜ ਪਹਿਲਾਂ ਵਰਗੀ ਚਮਕ ਲਿਆਉਣ ਦਾ ਇੱਕ ਮੁੱਖ ਕੰਮ ਹੈ ਜੋ ਸੁਨੀਲ ਵਰਗੇ ਠਠੇਰਿਆਂ ਨੂੰ ਮਿਲਦਾ ਹੈ। ਜਦ ਅਸੀਂ ਉਸ ਨੂੰ ਸਤੰਬਰ ਵਿੱਚ ਮਿਲੇ, ਤਾਂ ਉਹ ਇੱਕ ਮਾਂ ਵੱਲੋਂ ਆਪਣੀ ਬੇਟੀ ਦੇ ਵਿਆਹ ਵਿੱਚ ਦਿੱਤੇ ਜਾਣ ਵਾਲ਼ੇ ਬਰਤਨਾਂ ’ਤੇ ਕੰਮ ਰਿਹਾ ਹੈ। ਇਹਨਾਂ ਬਰਤਨਾਂ ਨੂੰ ਇਸਤੇਮਾਲ ਨਹੀਂ ਕੀਤਾ ਗਿਆ ਪਰ ਐਨੇ ਸਾਲਾਂ ਵਿੱਚ ਇਹਨਾਂ ਦਾ ਰੰਗ ਬਦਲ ਗਿਆ ਹੈ, ਤੇ ਸੁਨੀਲ ਇਹਨਾਂ ਬਰਤਨਾਂ ਨੂੰ ਨਵੇਂ ਵਰਗੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਾਫ਼ ਕਰਨ (ਧੋਣ) ਦੀ ਪ੍ਰਕਿਰਿਆ ਦੀ ਸ਼ੁਰੂਆਤ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਪਿੱਤਲ ਦੇ ਬਰਤਨਾਂ ’ਤੇ ਆਕਸੀਜਨ ਦੀ ਪ੍ਰਤੀਕਿਰਿਆ ਕਾਰਨ ਹਰੇ ਦਾਗ ਪਏ ਹਨ ਜਾਂ ਨਹੀਂ। ਇਸ ਤੋਂ ਬਾਅਦ ਹਰੇ ਦਾਗ ਹਟਾਉਣ ਲਈ ਬਰਤਨ ਨੂੰ ਛੋਟੀ ਜਿਹੀ ਭੱਠੀ ਉੱਤੇ ਸੇਕਿਆ ਜਾਂਦਾ ਹੈ ਅਤੇ ਜਿਵੇਂ ਹੀ ਸੇਕ ਨਾਲ਼ ਦਾਗ ਕਾਲੇ ਪੈ ਜਾਂਦੇ ਹਨ, ਬਰਤਨ ਨੂੰ ਪਤਲੇ ਕੀਤੇ ਤੇਜ਼ਾਬਨਾਲ਼ ਸਾਫ਼ ਕੀਤਾ ਜਾਂਦਾ ਹੈ; ਉਸ ਤੋਂ ਬਾਅਦ ਬਰਤਨ ਵਿੱਚ ਚਮਕ ਲਿਆਉਣ ਲਈ ਇਮਲੀ ਦਾ ਪੇਸਟ ਬਰਤਨ ਦੇ ਅੰਦਰਲੇ ਅਤੇ ਬਾਹਰਲੇ ਹਿੱਸਿਆਂ ਉੱਤੇ ਘਸਾਇਆ ਜਾਂਦਾ ਹੈ। ਇਸ ਨਾਲ਼ ਬਰਤਨ ਦਾ ਰੰਗ ਭੂਰੇ ਤੋਂ ਸੁਨਹਿਰੀ ਲਾਲ ਵਿੱਚ ਬਦਲ ਜਾਂਦਾ ਹੈ।
ਬਰਤਨਾਂ ਨੂੰ ਸਾਫ਼ ਕਰਨ ਤੋਂ ਬਾਅਦ ਸੁਨਹਿਰੀ ਰੰਗ ਵਿੱਚ ਬਦਲਣ ਲਈ ਸੁਨੀਲ ਗਰਾਈਂਡਰ ਵਰਤਦਾ ਹੈ। “ਜਦ ਸਾਡੇ ਕੋਲ ਗਰਾਈਂਡਰ ਨਹੀਂ ਸੀ, ਤਾਂ ਅਸੀਂ ਇਸੇ ਕੰਮ ਲਈ ਰੇਗਮਾਰ ਵਰਤਦੇ ਸੀ,” ਉਸਨੇ ਦੱਸਿਆ।
ਅਗਲਾ ਕਦਮ ਟਿੱਕੇ ਲਗਾਉਣ ਦਾ ਹੈ – ਇੱਕ ਮਕਬੂਲ ਡਿਜ਼ਾਈਨ ਜਿਸ ਵਿੱਚ ਬਰਤਨ ’ਤੇ ਟਿੱਕੇ (ਬਿੰਦੀਆਂ ਵਾਂਗ) ਲਾਏ ਜਾਂਦੇ ਹਨ ਪਰ ਕਈ ਗਾਹਕ ਸਿਰਫ਼ ਪਾਲਸ਼ ਜਾਂ ਕੋਈ ਹੋਰ ਡਿਜ਼ਾਈਨ ਲਈ ਵੀ ਕਹਿ ਦਿੰਦੇ ਹਨ।
ਕੜਾਹੀ ’ਤੇ ਟਿੱਕੇ ਲਾਉਣ ਤੋਂ ਪਹਿਲਾਂ, ਸੁਨੀਲ ਹਥੌੜਿਆਂ ਨੂੰ ਪਾਲਸ਼ ਕਰਦਾ ਹੈ ਤਾਂ ਜੋ ਬਰਤਨ ਉੱਤੇ ਚਮਕਣੇ ਟਿੱਕੇ ਸਫਾਈ ਨਾਲ਼ ਲੱਗ ਸਕਣ। ਪਾਲਸ਼ ਕੀਤੇ ਹਥੌੜੇ ਸ਼ੀਸ਼ੇ ਵਾਂਗ ਚਮਕਦੇ ਹਨ। ਕੜਾਹੀ ਨੂੰ ਜ਼ਮੀਨ ਵਿੱਚ ਗੱਡੇ ਹਥੌੜੇ (ਮੂੰਗਲੀ) ਉੱਤੇ ਟਿਕਾ ਕੇ ਉਹ ਇਸ ਨੂੰਘੁਮਾਉਂਦੇ ਜਾਂਦੇ ਹਨ ਤੇ ਹਥੌੜੀ ਨਾਲ਼ ਸੱਟ ਮਾਰਦੇ ਜਾਂਦੇ ਹਨ, ਜਿਸ ਨਾਲ਼ ਕੜਾਹੀ ਵਿੱਚ ਟਿੱਕੇਦਾਰ ਡਿਜ਼ਾਈਨ ਵਿੱਚ ਸੁਨਹਿਰੀ ਚਮਕ ਆ ਜਾਂਦੀ ਹੈ।
ਪਿੱਤਲ ਦੇ ਬਰਤਨ ਜਿਹਨਾਂ ਨੂੰ ਸਹੀ ਤਰੀਕੇ ਨਾਲ਼ ਨਹੀਂ ਵਰਤਿਆ ਜਾਂਦਾ ਜਾਂ ਕਈ ਸਾਲ ਲਗਾਤਾਰ ਵਰਤਿਆ ਜਾਂਦਾ ਹੈ, ਉਹਨਾਂ ਵਿੱਚ ਦੁਬਾਰਾ ਸੁਨਹਿਰੀ ਚਮਕ ਲਿਆਉਣ ਲਈ ਉਹਨਾਂ ਨੂੰ ਸਾਫ਼ ਕਰਾਉਣ (ਧੁਆਉਣ) ਅਤੇ ਪਾਲਸ਼ ਕਰਾਉਣ ਦੀ ਲੋੜ ਪੈਂਦੀ ਹੈ।
ਜੇ ਖਾਣਾ ਬਣਾਉਣ ਲਈ ਵਰਤਣੇ ਹੋਣ ਤਾਂ ਪਿੱਤਲ ਦੇ ਬਰਤਨਾਂ ’ਤੇ ਟੀਨ ਦੀ ਪਰਤ ਚੜ੍ਹਾਉਣੀ ਪੈਂਦੀ ਹੈ – ਇਸ ਪ੍ਰਕਿਰਿਆ ਨੂੰ ਕਲਈ ਕਰਨਾ ਕਹਿੰਦੇ ਹਨ ਜਿਸ ਦੌਰਾਨ ਪਿੱਤਲ ਜਾਂ ਹੋਰ ਗੈਰ-ਲੋਹਧਾਤਾਂ ਨਾਲ਼ ਬਣੇ ਬਰਤਨਾਂ ਦੇ ਅੰਦਰਲੇ ਹਿੱਸੇ ’ਤੇ ਟੀਨ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਜੋ ਇਹਨਾਂ ਬਰਤਨਾਂ ਵਿੱਚ ਪਕਾਏ ਜਾਂ ਰੱਖੇ ਖਾਣੇ ਦੀ ਧਾਤ ਨਾਲ਼ ਰਸਾਇਣਕ ਪ੍ਰਤੀਕਿਰਿਆ ਨਾ ਹੋਵੇ।
‘ਭਾਂਡੇ ਕਲਈ ਕਰਾ ਲਉ!’ ਕੁਝ ਸਾਲ ਪਹਿਲਾਂ ਤੱਕ ਭਾਂਡੇ ਕਲਈ ਕਰਨ ਵਾਲਿਆਂ ਦਾ ਇਹ ਹੋਕਾ ਆਮ ਹੀ ਸੁਣ ਜਾਇਆ ਕਰਦਾ ਸੀ, ਜਿਸ ਨਾਲ਼ ਉਹ ਪਿੱਤਲ ਦੇ ਬਰਤਨ ਕਲਈ ਕਰਾਉਣ ਵਾਲ਼ੇ ਗਾਹਕਾਂ ਨੂੰ ਬੋਲ ਮਾਰਦੇ ਸਨ। ਸੁਨੀਲ ਦਾ ਕਹਿਣਾ ਹੈ ਕਿ ਜੇ ਬਰਤਨਾਂ ਨੂੰ ਸਹੀ ਤਰ੍ਹਾਂ ਵਰਤਿਆ ਜਾਵੇ ਤਾਂ ਪੰਜ ਸਾਲ ਤੱਕ ਕਲਈ ਕਰਾਉਣ ਦੀ ਲੋੜ ਨਹੀਂ ਪੈਂਦੀ। ਪਰ ਕੁਝ ਲੋਕ ਇੱਕ ਸਾਲ ਬਾਅਦ ਹੀ ਬਰਤਨ ਕਲਈ ਕਰਾਉਣ ਆ ਜਾਂਦੇ ਹਨ।
ਕਲਈ ਕਰਨ ਤੋਂ ਪਹਿਲਾਂ, ਪਿੱਤਲ ਦੇ ਬਰਤਨ ਨੂੰ ਪਤਲੇ ਕੀਤੇ ਤੇਜ਼ਾਬ ਅਤੇ ਇਮਲੀ ਦੇ ਪੇਸਟ ਨਾਲ਼ ਸਾਫ਼ ਕੀਤਾ ਜਾਂਦਾ ਹੈ ਅਤੇ ਫੇਰ ਅੱਗ ਉੱਤੇ ਉਦੋਂ ਤੱਕ ਸੇਕਿਆ ਜਾਂਦਾ ਹੈ ਜਦ ਤੱਕ ਗਰਮ ਹੋ ਕੇ ਇਸਦਾ ਰੰਗ ਗੁਲਾਬੀ ਨਾ ਹੋ ਜਾਵੇ। ਉਸ ਤੋਂ ਬਾਅਦ ਬਰਤਨ ਦੇ ਅੰਦਰਲੇ ਹਿੱਸੇ ਉੱਤੇ ਟੀਨ ਦੀ ਪੱਤੀ ਘਸਾਈ ਜਾਂਦੀ ਹੈ ਅਤੇ ਨਾਲੋ ਨਾਲ਼ ਕਾਸਟਿਕ ਸੋਡਾ, ਅਮੋਨੀਅਮ ਕਲੋਰਾਈਡ ਅਤੇ ਪਾਣੀ ਦੇ ਸੁਮੇਲ ਤੋਂ ਬਣਿਆ ਨੌਸ਼ਾਦਰ ਦਾ ਚੂਰਾ ਰਗੜਿਆ ਜਾਂਦਾ ਹੈ। ਰੂੰ ਦੇ ਫੰਬੇ ਨਾਲ਼ ਲਗਾਤਾਰ ਘਸਾਉਣ ਨਾਲ਼ ਚਿੱਟੇ ਰੰਗ ਦਾ ਧੂੰਆ ਪੈਦਾ ਹੁੰਦਾ ਹੈ ਅਤੇ ਫੇਰ ਕੁਝ ਹੀ ਪਲਾਂ ਵਿੱਚ ਬਰਤਨ ਦਾ ਅੰਦਰੂਨੀ ਹਿੱਸਾ ਚਾਂਦੀ ਰੰਗਾ ਹੋ ਜਾਂਦਾ ਹੈ, ਅਤੇ ਫੇਰ ਬਰਤਨ ਨੂੰ ਠੰਢੇ ਪਾਣੀ ਵਿੱਚ ਪਾ ਦਿੱਤਾ ਜਾਂਦਾ ਹੈ।
ਪਿਛਲੇ ਕੁਝ ਦਹਾਕਿਆਂ ਵਿੱਚ ਪਿੱਤਲ ਦੇ ਬਰਤਨਾਂ ਤੋਂ ਜ਼ਿਆਦਾ ਸਟੀਲ ਦੇ ਬਰਤਨ ਵਰਤੋਂ ਵਿੱਚ ਆ ਗਏ ਹਨ ਕਿਉਂਕਿ ਇਹਨਾਂ ਨੂੰ ਸਾਫ਼ ਕਰਨਾ ਆਸਾਨ ਹੈ, ਅਤੇ ਖਾਣੇ ਨਾਲ਼ ਕਿਸੇ ਤਰ੍ਹਾਂ ਦੀ ਰਸਾਇਣਕ ਪ੍ਰਤੀਕਿਰਿਆ ਦਾ ਡਰ ਨਹੀਂ ਹੁੰਦਾ। ਪਿੱਤਲ ਦੇ ਬਰਤਨ ਭਾਵੇਂ ਕੀਮਤੀ ਮੰਨੇ ਜਾਂਦੇ ਹਨ ਅਤੇ ਲੰਬਾ ਸਮਾਂ ਚਲਦੇ ਹਨ, ਪਰ ਇਹਨਾਂ ਦਾਖ਼ਾਸ ਧਿਆਨ ਰੱਖਣਾ ਪੈਂਦਾ ਹੈ। ਸੁਨੀਲ ਆਪਣੇ ਗਾਹਕਾਂ ਨੂੰ ਇਹਨਾਂ ਬਰਤਨਾਂ ਨੂੰ ਵਰਤੋਂ ਦੇ ਤੁਰੰਤ ਬਾਅਦ ਸਾਫ਼ ਕਰਨ ਦਾ ਸੁਝਾਅ ਦਿੰਦਾ ਹੈ।
*****
ਸੁਨੀਲ ਦੇ ਪਿਤਾ, ਕੇਵਲ ਕ੍ਰਿਸ਼ਨ ਲਗਭਗ 50 ਸਾਲ ਪਹਿਲਾਂ ਮਲੇਰਕੋਟਲਾ ਤੋਂ ਲਹਿਰਾਗਾਗਾ ਆ ਗਏ ਸਨ, ਜਦ ਉਹ 12 ਕੁ ਸਾਲ ਦੇ ਜਵਾਨ ਲੜਕੇ ਸਨ। “ਸ਼ੁਰੂ ਵਿੱਚ ਮੈਂ ਕੁਝ ਕੁ ਦਿਨਾਂ ਲਈ ਹੀ ਆਇਆ ਸੀ, ਪਰ ਫੇਰ ਮੈਂ ਇੱਥੇ ਹੀ ਰਹਿ ਗਿਆ,” ਉਹਨਾਂ ਨੇ ਦੱਸਿਆ। ਉਹਨਾਂ ਦਾ ਪਰਿਵਾਰ ਪੀੜ੍ਹੀ-ਦਰ-ਪੀੜ੍ਹੀ ਇਹੀ ਕੰਮ ਕਰਦਾ ਆ ਰਿਹਾ ਹੈ – ਕੇਵਲ ਦੇ ਪਿਤਾ ਕੇਦਾਰ ਨਾਥ ਅਤੇ ਦਾਦਾ ਜਯੋਤੀ ਰਾਮ ਮਾਹਿਰ ਕਾਰੀਗਰ ਸਨ। ਪਰ ਸੁਨੀਲ ਇਹ ਗੱਲ ਯਕੀਨ ਨਾਲ਼ ਨਹੀਂ ਕਹਿ ਸਕਦਾ ਕਿ ਉਸਦਾ ਬੇਟਾ ਇਹੀ ਕੰਮ ਕਰੇਗਾ: “ਜੇ ਮੇਰੇ ਬੇਟੇ ਨੂੰ ਇਸ ਵਿੱਚ ਆਨੰਦ ਆਇਆ ਤਾਂ ਹੀ ਉਹ ਇਹ ਕੰਮ ਕਰੇਗਾ।”
ਪਹਿਲਾਂ ਹੀ, ਸੁਨੀਲ ਦਾ ਭਰਾ ਇਸ ਪਰਿਵਾਰਕ ਕੰਮ ਤੋਂ ਪਾਸੇ ਜਾ ਚੁੱਕਾ ਹੈ ਅਤੇ ਇੱਕ ਪ੍ਰਾਈਵੇਟ ਟੈਲੀਫੋਨ ਕੰਪਨੀ ਵਿੱਚ ਕੰਮ ਕਰਦਾ ਹੈ। ਹੋਰ ਰਿਸ਼ਤੇਦਾਰ ਵੀ ਵੱਖੋ-ਵੱਖਰੀ ਦੁਕਾਨਦਾਰੀ ਵਿੱਚ ਪੈ ਗਏ ਹਨ।
ਸੁਨੀਲ ਨੇ ਇਹ ਕਲਾ ਆਪਣੇ ਪਿਤਾ ਤੋਂ ਸਿੱਖੀ। “ਜਦ ਮੈਂ ਦਸਵੀਂ ਜਮਾਤ ਵਿੱਚ ਸੀ, ਮੇਰੇ ਪਿਤਾ ਦੇ ਸੱਟ ਲੱਗ ਗਈ। ਮੈਨੂੰ ਪੜ੍ਹਾਈ ਛੱਡਣੀ ਪਈ ਅਤੇ ਗੁਜ਼ਾਰਾਚਲਾਉਣ ਲਈ ਕੰਮ ਵਿੱਚ ਪੈਣਾ ਪਿਆ,” ਬਰਤਨਾਂ ’ਤੇ ਟਿੱਕੇ ਲਗਾਉਂਦਿਆਂ ਉਸਨੇ ਦੱਸਿਆ। “ਜਦ ਮੈਂ ਸਕੂਲ ਵਿੱਚ ਸੀ ਤਾਂ ਵਿਹਲੇ ਸਮੇਂ ਦੁਕਾਨ ’ਤੇ ਆ ਜਾਂਦਾ ਅਤੇ ਕੁਝ ਨਾ ਕੁਝ ਬਣਾਉਣ ਦੀ ਕੋਸ਼ਿਸ਼ ਕਰਦਾ। ਇੱਕ ਵਾਰ ਮੈਂ ਪਿੱਤਲ ਦਾ ਇੱਕ ਨਿੱਕਾ ਜਿਹਾ ਕੂਲਰ ਬਣਾਇਆ,” ਉਸਨੇ ਮਾਣ ਨਾਲ਼ ਕਿਹਾ।
ਸਭ ਤੋਂ ਪਹਿਲਾਂ ਉਸਨੇ ਇੱਕ ਛੋਟੀ ਜਿਹੀ ਪਤੀਲੀ ਬਣਾਈ ਸੀ ਜੋ ਉਸਨੇ ਵੇਚੀ ਵੀ ਸੀ। ਉਸਨੇ ਦੱਸਿਆ ਕਿ ਉਦੋਂ ਤੋਂ ਹੀ ਉਹ ਕੁਝ ਨਾ ਕੁਝ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ, ਜਦ ਵੀ ਉਸਨੂੰ ਕੰਮ ਤੋਂ ਸਮਾਂ ਲੱਗੇ। “ਮੈਂ ਆਪਣੀ ਭੈਣ ਲਈ ਇੱਕ ਗੱਲਾ ਬਣਾਇਆ, ਜਿਸ ’ਤੇ ਇੱਕ ਚਿਹਰਾ ਬਣਿਆ ਹੋਇਆ ਸੀ,” ਉਸਨੇ ਦੱਸਿਆ। ਆਪਣੇ ਘਰ ਵਿੱਚ ਵਰਤੋਂ ਲਈ ਉਸਨੇ ਪਾਣੀ ਵਾਲ਼ੇ ਕੈਂਪਰ ਵਿੱਚ ਵੀ ਦੋ ਪਿੱਤਲ ਦੇ ਬਰਤਨ ਪਾਏ ਹੋਏ ਹਨ।
ਪਿਛਲੇ ਕੁਝ ਦਹਾਕਿਆਂ ਵਿੱਚ ਸਟੀਲ ਦੇ ਬਰਤਨਾਂ ਦੀ ਮਕਬੂਲੀਅਤ ਪਿੱਤਲ ਦੇ ਬਰਤਨਾਂ ਨਾਲ਼ੋਂ ਵੱਧ ਗਈ ਹੈ ਕਿਉਂਕਿ ਇਹਨਾਂ ਨੂੰ ਧੋਣਾ ਆਸਾਨ ਹੈ, ਅਤੇ ਖਾਣੇ ਨਾਲ਼ ਰਸਾਇਣਕ ਪ੍ਰਤੀਕਿਰਿਆ ਦਾ ਡਰ ਨਹੀਂ ਹੁੰਦਾ
ਪੰਜਾਬ ਦੇ ਜੰਡਿਆਲਾ ਗੁਰੂ ਦੇ ਠਠੇਰਾ ਭਾਈਚਾਰੇ ਨੂੰ 2014 ਵਿੱਚ UNESCO ਵੱਲੋਂ ਅਦਿੱਖ ਸੱਭਿਆਚਾਰਕ ਵਿਰਸੇ ਦੀ ਕੈਟਾਗਿਰੀ ਹੇਠ ਮਾਨਤਾ ਦਿੱਤੀ ਗਈ ਸੀ।ਇਹ ਉਹਨਾਂ ਕੁਝ ਜਗ੍ਹਾਵਾਂ ਵਿੱਚੋਂ ਹੈ ਜਿੱਥੇ ਠਠੇਰਾ ਭਾਈਚਾਰਾ ਅਤੇ ਉਹਨਾਂ ਦਾ ਧੰਦਾ ਅਜੇ ਵੀ UNESCO ਦੀ ਮਾਨਤਾ ਅਤੇ ਅੰਮ੍ਰਿਤਸਰ ਦੇ ਗੁਰਦੁਆਰਿਆਂ ਵਿੱਚ ਪਿੱਤਲ ਦੇ ਬਰਤਨਾਂ ਦੀ ਵਰਤੋਂ ਕਰਕੇ ਬਚਿਆ ਹੋਇਆ ਹੈ।
ਗੁਰਦੁਆਰਿਆਂ ਵਿੱਚ ਅਜੇ ਵੀ ਖਾਣਾ ਬਣਾਉਣ ਅਤੇ ਵਰਤਾਉਣ ਲਈ ਪਿੱਤਲ ਦੀਆਂ ਵੱਡੀਆਂ ਦੇਗਾਂ ਅਤੇ ਬਾਲਟੀਆਂ ਵਰਤੀਆਂ ਜਾਂਦੀਆਂ ਹਨ। ਪਰ ਕਈ ਗੁਰਦੁਆਰਿਆਂ ਵਿੱਚ ਇਹਨਾਂ ਦੀ ਸਾਂਭ-ਸੰਭਾਲ ਦੀ ਦਿੱਕਤ ਕਾਰਨ ਪਿੱਤਲ ਦੇ ਬਰਤਨ ਵਰਤਣੇ ਬੰਦ ਕਰ ਦਿੱਤੇ ਗਏ ਹਨ।
“ਅਸੀਂ ਹੁਣ ਮੁੱਖ ਤੌਰ ’ਤੇ ਰਿਪੇਅਰ ਦਾ ਕੰਮ ਕਰਦੇ ਹਾਂ। ਸਾਡੇ ਕੋਲ ਨਵੇਂ ਬਰਤਨ ਬਣਾਉਣ ਦਾ ਸਮਾਂ ਹੀ ਨਹੀਂ ਹੁੰਦਾ,” ਮੂਲ ਤੋਂ ਪਿੱਤਲ ਅਤੇ ਕਾਂਸੀ ਦੇ ਬਰਤਨ ਬਣਾਉਣ ਦੇ ਸਮੇਂ ਤੋਂ ਆਏ ਵੱਡੇ ਬਦਲਾਅ ਦਾ ਜ਼ਿਕਰ ਕਰਦਿਆਂ ਸੁਨੀਲ ਨੇ ਕਿਹਾ। ਇੱਕ ਕਾਰੀਗਰ ਇੱਕ ਦਿਨ ਵਿੱਚ 10-12 ਪਤੀਲੇ ਬਣਾ ਲੈਂਦਾ ਸੀ। ਪਰ ਮੰਗ ਵਿੱਚ ਬਦਲਾਅ, ਖਰਚਾ, ਅਤੇ ਸਮੇਂ ਦੀ ਘਾਟ ਕਾਰਨ ਬਰਤਨ ਬਣਾਉਣ ਵਾਲਿਆਂ ਦਾ ਧਿਆਨ ਉਤਪਾਦਨ ਤੋਂ ਹਟ ਗਿਆ ਹੈ।
“ਅਸੀਂ ਨਵੇਂ ਬਰਤਨ ਆਰਡਰ ’ਤੇ ਤਿਆਰ ਕਰ ਦਿੰਦੇ ਹਾਂ, ਪਰ ਨਵੇਂ (ਬਰਤਨ) ਬਣਾ ਕੇ ਦੁਕਾਨ ਵਿੱਚ ਨਹੀਂ ਰੱਖਦੇ,” ਉਸਨੇ ਦੱਸਿਆ ਅਤੇ ਨਾਲ਼ ਹੀ ਕਿਹਾ ਕਿ ਵੱਡੀਆਂ ਕੰਪਨੀਆਂ ਠਠੇਰਿਆਂ ਤੋਂ ਬਰਤਨ ਅਤੇ ਹੋਰ ਉਤਪਾਦ ਖਰੀਦ ਕੇ ਚਾਰ ਗੁਣਾ ਕੀਮਤ ’ਤੇ ਵੇਚਦੀਆਂ ਹਨ।
ਠਠੇਰੇ ਧਾਤ ਦੀ ਗੁਣਵੱਤਾ ਅਤੇ ਭਾਰ, ਅਤੇ ਕੀ ਚੀਜ਼ ਬਣਾਉਣੀ ਹੈ, ਉਸਦੇ ਹਿਸਾਬ ਨਾਲ਼ ਪਿੱਤਲ ਦੇ ਬਰਤਨਾਂ ਦੀ ਕੀਮਤ ਤੈਅ ਕਰਦੇ ਹਨ। ਉਦਾਹਰਨ ਦੇ ਤੌਰ ’ਤੇ, ਇੱਕ ਕੜਾਹੀ 800 ਰੁਪਏ ਕਿਲੋ ਦੇ ਹਿਸਾਬ ਨਾਲ਼ ਵਿਕ ਸਕਦੀ ਹੈ। ਪਿੱਤਲ ਦੇ ਬਰਤਨ ਕਿਉਂਕਿ ਭਾਰ ਦੇ ਮੁਤਾਬਕ ਵੇਚੇ ਜਾਂਦੇ ਹਨ, ਇਸ ਕਰਕੇ ਮੁੜ ਵੇਚਣ ’ਤੇ ਉਹਨਾਂ ਦਾ ਮੁੱਲ ਸਟੀਲ ਦੇ ਬਰਤਨਾਂ ਤੋਂ ਜ਼ਿਆਦਾ ਹੀ ਪੈਂਦਾ ਹੈ।
“ਅਸੀਂ ਪਹਿਲਾਂ ਨਵੇਂ ਬਰਤਨ ਵੀ ਬਣਾਉਂਦੇ ਸੀ। ਤਕਰੀਬਨ 50 ਸਾਲ ਪਹਿਲਾਂ ਸਰਕਾਰ ਸਾਨੂੰ ਜਿਸਤ ਅਤੇ ਤਾਂਬੇ ਦਾ ਕੋਟਾ (ਘੱਟ ਰੇਟ ਤੇ) ਦਿੰਦੀ ਸੀ। ਪਰ ਹੁਣ ਸਰਕਾਰ ਕੋਟਾ ਸਾਡੇ ਵਰਗੇ ਛੋਟੇ ਦੁਕਾਨਦਾਰਾਂ ਨੂੰ ਨਹੀਂ, ਸਗੋਂ ਵੱਡੀਆਂ ਕੰਪਨੀਆਂ ਨੂੰ ਦਿੰਦੀ ਹੈ,” ਕੇਵਲ ਕ੍ਰਿਸ਼ਨ ਨੇ ਦੁਖੀ ਹੁੰਦਿਆਂ ਕਿਹਾ। ਆਪਣੀ ਉਮਰ ਦੇ ਸੱਠਵਿਆਂ ਵਿੱਚ ਉਹ ਦੁਕਾਨ ਦੇ ਕੰਮ ਦੀ ਨਿਗਰਾਨੀ ਕਰਦਿਆਂ ਸਮਾਂ ਬਿਤਾਉਂਦੇ ਹਨ ਅਤੇ ਇਹ ਵੀ ਉਮੀਦ ਕਰ ਰਹੇ ਹਨ ਕਿ ਸਰਕਾਰ ਕੋਟਾ ਬਹਾਲ ਕਰ ਦੇਵੇ।
ਕੇਵਲ ਨੇ ਦੱਸਿਆ ਕਿ ਕਿਵੇਂ ਉਹ ਰਵਾਇਤੀ ਤੌਰ ’ਤੇ 26 ਕਿਲੋ ਜਿਸਤ ਅਤੇ 14 ਕਿਲੋ ਤਾਂਬਾ ਮਿਲਾ ਕੇ ਪਿੱਤਲ ਬਣਾਉਂਦੇ ਸਨ। “ਧਾਤਾਂ ਨੂੰ ਗਰਮ ਕਰਕੇ ਆਪਸ ਵਿੱਚ ਮਿਲਾ ਕੇ ਛੋਟੀਆਂ ਕੌਲੀਆਂ ਵਿੱਚ ਠੰਢਾ ਹੋਣ ਲਈ ਰੱਖ ਦਿੱਤਾ ਜਾਂਦਾ ਹੈ। ਫੇਰ ਕੌਲੀਆਂ ਦੇ ਆਕਾਰ ਵਿਚਲੀ ਧਾਤ ਨੂੰ ਰੋਲਿੰਗ ਪਿੰਨ ਜ਼ਰੀਏ ਚਾਦਰ ਵਿੱਚ ਢਾਲਿਆ ਜਾਂਦਾ ਹੈ, ਜਿਸਨੂੰ ਫੇਰ ਵੱਖੋ-ਵੱਖਰੇ ਬਰਤਨਾਂ ਜਾਂ ਸਜਾਵਟ ਵਾਲ਼ੀਆਂ ਵਸਤਾਂ ਲਈ ਵੱਖ-ਵੱਖ ਆਕਾਰਾਂ ਵਿੱਚ ਢਾਲਿਆ ਜਾਂਦਾ ਹੈ,” ਉਹਨਾਂ ਨੇ ਕਿਹਾ।
ਇਸ ਇਲਾਕੇ ਵਿੱਚ ਹੁਣ ਕੁਝ ਹੀ ਰੋਲਿੰਗ ਮਿੱਲਾਂ ਬਚੀਆਂ ਹਨ ਜਿੱਥੋਂ ਠਠੇਰੇ ਬਰਤਨ ਜਾਂ ਸਜਾਵਟੀ ਵਸਤਾਂ ਬਣਾਉਣ ਲਈ ਧਾਤ ਦੀਆਂ ਚਾਦਰਾਂ ਲੈ ਸਕਦੇ ਹਨ। “ਜਾਂ ਤਾਂ ਅਸੀਂ ਇਹ (ਚਾਦਰਾਂ) ਅੰਮ੍ਰਿਤਸਰ ਦੇ ਜੰਡਿਆਲਾ ਗੁਰੂ (ਲਹਿਰਾਗਾਗਾ ਤੋਂ 234 ਕਿਲੋਮੀਟਰ ਦੂਰ) ਜਾਂ ਹਰਿਆਣਾ ਦੇ ਜਗਾਧਰੀ (203 ਕਿਲੋਮੀਟਰ ਦੂਰ) ਤੋਂ ਲੈ ਕੇ ਆਉਂਦੇ ਹਾਂ। ਅਸੀਂ ਧਾਤ ਦੀਆਂ ਚਾਦਰਾਂ ਲਿਆ ਕੇ ਗਾਹਕ ਦੇ ਕਹਿਣ ਮੁਤਾਬਕ ਬਰਤਨਾਂ ਵਿੱਚ ਢਾਲ ਦਿੰਦੇ ਹਾਂ,” ਸੁਨੀਲ ਨੇ ਦੱਸਿਆ।
ਕੇਵਲ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ (ਸਤੰਬਰ ਵਿੱਚ ਐਲਾਨੀ ਗਈ) ਦਾ ਜ਼ਿਕਰਕੀਤਾ ਜਿਸ ਮੁਤਾਬਕ ਸਰਕਾਰ ਲੁਹਾਰ, ਤਾਲੇ ਬਣਾਉਣ ਵਾਲ਼ੇ, ਅਤੇ ਖਿਡੌਣੇ ਬਣਾਉਣ ਵਾਲਿਆਂ ਸਣੇ 15 ਕਾਰੀਗਰਾਂ ਨੂੰ ਬਿਨ੍ਹਾਂ ਕੁਝ ਗਿਰਵੀ ਰਖਾਏ 3 ਲੱਖ ਰੁਪਏ ਤੱਕ ਦਾ ਕਰਜ਼ਾਦੇਵੇਗੀ, ਪਰ ਇਹਨਾਂ ਵਿੱਚ ਠਠੇਰੇ ਸ਼ਾਮਲ ਨਹੀਂ।
ਰਿਪੇਅਰ ਦੇ ਕੰਮ ਵਿੱਚ ਬੱਝਵੀਂ ਕਮਾਈ ਨਹੀਂ।ਕਦੇ ਤਾਂ ਤਕਰੀਬਨ 1,000 ਰੁਪਏ ਦਿਹਾੜੀ ਬਹਿ ਜਾਂਦੀ ਹੈ ਤੇ ਕਦੇ ਨਹੀਂ ਵੀ। ਸੁਨੀਲ ਸੋਚਦਾ ਹੈ ਕਿ ਨਵੇਂ ਬਰਤਨ ਬਣਾਉਣ ਨਾਲ਼ ਉਹਨਾਂ ਦਾ ਧੰਦਾ ਜ਼ਿਆਦਾਮੁਨਾਫ਼ਕ ਹੋ ਸਕਦਾ ਹੈ। ਪਿਛਲੇ ਕੁਝ ਸਮੇਂ ਵਿੱਚ, ਉਸਨੂੰ ਅਹਿਸਾਸ ਹੋਇਆ ਹੈ ਕਿ ਪਿੱਤਲ ਦੇ ਬਰਤਨਾਂ ਵਿੱਚ ਲੋਕ ਮੁੜ ਤੋਂ ਦਿਲਚਸਪੀ ਲੈਣ ਲੱਗੇ ਹਨ ਅਤੇ ਉਸਨੂੰ ਉਮੀਦ ਹੈ ਕਿ ਇਹ ਰਵਾਇਤ ਬਚੀ ਰਹੇਗੀ।