ਸ਼ਸ਼ੀ ਰੁਪੇਜਾ ਨੂੰ ਪੂਰੀ ਤਰ੍ਹਾਂ ਯਕੀਨ ਤਾਂ ਨਹੀਂ, ਪਰ ਉਨ੍ਹਾਂ ਨੂੰ ਇਓਂ ਜਾਪਦਾ ਜਿਵੇਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਪਹਿਲੀ ਵਾਰ ਕਸੀਦਾ ਕੱਢਦਿਆਂ ਹੀ ਦੇਖਿਆ ਸੀ। "ਉਨ੍ਹਾਂ ਨੇ ਮੈਨੂੰ ਜ਼ਰੂਰ ਫੁਲਕਾਰੀ ਕੱਢਦੇ ਹੀ ਦੇਖਿਆ ਹੋਣਾ ਅਤੇ ਸੋਚਿਆ ਹੋਣਾ ਮੈਂ ਕਿੰਨੀ ਮਿਹਨਤ ਕਰ ਰਹੀ ਹਾਂ," ਸ਼ਸ਼ੀ ਹੱਸਦਿਆਂ ਉਨ੍ਹਾਂ ਖੂਬਸੂਰਤ ਯਾਦਾਂ ਬਾਰੇ ਦੱਸਦੀ ਹਨ। ਉਨ੍ਹਾਂ ਦੇ ਹੱਥਾਂ ਵਿੱਚ ਇੱਕ ਫੁਲਕਾਰੀ ਹੈ ਜੋ ਅਜੇ ਪੂਰੀ ਹੋਣੀ ਹੈ।
ਪੰਜਾਬ ਵਿਖੇ ਸਰਦੀਆਂ ਦਾ ਠੰਡਾ ਦਿਨ ਹੈ ਅਤੇ ਸ਼ਸ਼ੀ ਆਪਣੇ ਗੁਆਂਢ ਵਿੱਚ ਆਪਣੀ ਸਹੇਲੀ, ਬਿਮਲਾ ਨਾਲ਼ ਬੈਠੀ ਧੁੱਪ ਦਾ ਅਨੰਦ ਮਾਣ ਰਹੀ ਹਨ। ਰੋਜ਼ਮੱਰਾ ਦੀ ਗੱਲਾਂ ਵਿੱਚ ਮਸ਼ਰੂਫ਼ ਹੁੰਦੇ ਹੋਇਆਂ ਵੀ ਮਜ਼ਾਲ ਆ ਕਿ ਦੋਵਾਂ ਦੇ ਹੱਥ ਇੱਕ ਪਲ ਲਈ ਵੀ ਰੁਕੇ ਹੋਣ। ਪਰ ਗੱਪਾਂ ਮਾਰਦਿਆਂ ਵੀ ਉਨ੍ਹਾਂ ਦੀ ਨੀਝ ਆਪਣੇ ਛੋਹਲੇ ਹੱਥੀਂ ਚੱਲਦੀਆਂ ਸੂਈਆਂ ਤੋਂ ਭਟਕਦੀ ਨਹੀਂ। ਸੂਈਆਂ ਵਿੱਚ ਪਰੋਏ ਰੰਗੀਨ ਧਾਗੇ ਫੁਲਕਾਰੀ ਦੇ ਛਾਪਿਆਂ ਦਾ ਪਿੱਛਾ ਕਰਦੇ ਜਾਪਦੇ ਹਨ।
"ਇੱਕ ਸਮਾਂ ਸੀ ਜਦੋਂ ਹਰ ਘਰ ਵਿੱਚ ਔਰਤਾਂ ਫੁਲਕਾਰੀ ਕੱਢਦੀਆਂ ਸਨ, ਹਰ ਘਰ ਵਿੱਚ," ਪਟਿਆਲਾ ਸ਼ਹਿਰ ਦੀ 56 ਸਾਲਾ ਕਾਰੀਗਰ ਲਾਲ ਦੁਪੱਟੇ 'ਤੇ ਬੜੇ ਧਿਆਨ ਨਾਲ਼ ਇੱਕ ਹੋਰ ਤੋਪਾ ਭਰਦਿਆਂ ਕਹਿੰਦੀ ਹਨ।
ਫੁਲਕਾਰੀ ਫੁੱਲਾਂ ਦੇ ਨਮੂਨਿਆਂ ਵਾਲ਼ੀ ਇੱਕ ਕਸ਼ੀਦਾਕਾਰੀ ਹੈ, ਜੋ ਆਮ ਤੌਰ 'ਤੇ ਦੁਪੱਟਿਆਂ, ਸਲਵਾਰ-ਕਮੀਜ਼ ਅਤੇ ਸਾੜੀ 'ਤੇ ਕੱਢੀ ਜਾਂਦੀ ਹੈ। ਸਭ ਤੋਂ ਪਹਿਲਾਂ, ਲੱਕੜ ਦੇ ਨੱਕਾਸ਼ੀਦਾਰ ਬਲਾਕਾਂ ਨੂੰ ਸਿਆਹੀ ਵਿੱਚ ਡੁਬੋ ਕੇ ਕੱਪੜੇ 'ਤੇ ਛਾਪਾ ਜਿਹਾ ਲਾਇਆ ਜਾਂਦਾ ਹੈ। ਉਸ ਤੋਂ ਬਾਅਦ, ਕਾਰੀਗਰ ਪੱਟ (ਰੇਸ਼ਮ) ਅਤੇ ਸੂਤੀ ਰੰਗੀਨ ਧਾਗਿਆਂ ਨਾਲ਼ ਕਦੇ ਛਾਪਿਆਂ ਦੇ ਅੰਦਰ ਤੇ ਕਦੇ ਉੱਪਰ-ਉੱਪਰ ਕਢਾਈ ਕਰਦੇ ਜਾਂਦੇ ਹਨ। ਧਾਗੇ ਪਟਿਆਲੇ ਸ਼ਹਿਰ ਤੋਂ ਮੰਗਵਾਏ ਜਾਂਦੇ ਹਨ।
"ਸਾਡਾ ਇਲਾਕਾ ਤ੍ਰਿਪੁੜੀ, ਫੁਲਕਾਰੀ ਦਾ ਮਸ਼ਹੂਰ ਕੇਂਦਰ ਰਿਹਾ ਹੈ," ਸ਼ਸ਼ੀ ਕਹਿੰਦੇ ਹਨ। ਉਹ (ਸ਼ਸ਼ੀ) ਵਿਆਹ ਤੋਂ ਬਾਅਦ ਹਰਿਆਣਾ ਛੱਡ ਪੰਜਾਬ ਦੇ ਪਟਿਆਲੇ ਆਣ ਵੱਸੀ, ਇਹ ਗੱਲ ਕੋਈ ਚਾਰ ਦਹਾਕੇ ਪਹਿਲਾਂ ਦੀ ਹੈ। "ਮੈਂ ਤ੍ਰਿਪੁੜੀ ਦੀਆਂ ਔਰਤਾਂ ਨੂੰ ਫੁਲਕਾਰੀ ਕੱਢਦੇ ਦੇਖਦੀ ਰਹਿੰਦੀ ਤੇ ਆਪ ਵੀ ਸਿੱਖ ਗਈ।" ਸ਼ਸ਼ੀ ਇਸ ਇਲਾਕੇ ਵਿੱਚ ਵਿਆਹੀ ਆਪਣੀ ਭੈਣ ਨੂੰ ਮਿਲ਼ਣ ਆਇਆ ਕਰਦੀ, ਬੱਸ ਉਦੋਂ ਹੀ ਉਨ੍ਹਾਂ ਅੰਦਰ ਫੁਲਕਾਰੀ ਕੱਢਣ ਦੀ ਦਿਲਚਸਪੀ ਜਾਗੀ। ਉਸ ਵੇਲ਼ੇ ਉਹ 18 ਸਾਲ ਦੀ ਸਨ ਤੇ ਸਾਲ ਕੁ ਬਾਅਦ ਉਨ੍ਹਾਂ ਦਾ ਵਿਆਹ ਇਸੇ ਇਲਾਕੇ ਵਿੱਚ ਰਹਿਣ ਵਾਲ਼ੇ ਵਿਨੋਦ ਕੁਮਾਰ ਨਾਲ਼ ਹੋ ਗਿਆ।
ਇਹ ਕਲਾ, ਜਿਸ ਵਾਸਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ 2010 ਵਿੱਚ ਭੂਗੋਲਿਕ ਸੰਕੇਤ (ਜੀਆਈ) ਟੈਗ ਮਿਲ਼ਿਆ ਸੀ, ਇਸ ਖਿੱਤੇ ਦੀਆਂ ਔਰਤਾਂ ਵਿੱਚ ਹਰਮਨ-ਪਿਆਰਾ ਕੰਮ ਹੈ, ਖਾਸ ਕਰਕੇ ਜੋ ਔਰਤਾਂ ਘਰੋਂ ਬਾਹਰ ਨਹੀਂ ਜਾਣਾ ਚਾਹੁੰਦੀਆਂ। ਇਸ ਕੰਮ ਲਈ 20-50 ਕਾਰੀਗਰਾਂ ਦਾ ਸਮੂਹ ਬਣਾਇਆ ਜਾਂਦਾ ਹੈ ਅਤੇ ਵੰਡ-ਵੰਡਾ ਕੇ ਕਢਾਈ ਦੇ ਕੰਮਾਂ ਨੂੰ ਮੁਕੰਮਲ ਕੀਤਾ ਜਾਂਦਾ ਹੈ।
"ਹੁਣ ਹੱਥੀਂ ਫੁਲਕਾਰੀ ਕੱਢਣ ਵਾਲ਼ੇ ਕਾਰੀਗਰ ਬਹੁਤ ਘੱਟ ਮਿਲ਼ਦੇ ਹਨ," ਸ਼ਸ਼ੀ ਕਹਿੰਦੀ ਹਨ। ਮਸ਼ੀਨ ਨਾਲ਼ ਸਸਤੀ ਪੈਣ ਵਾਲ਼ੀ ਕਢਾਈ ਨੇ ਇਸ ਪੂਰੀ ਕਲਾ 'ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਇਸ ਦੇ ਬਾਵਜੂਦ, ਹੱਥ-ਕਲਾ ਦੇ ਪਾਰਖੂਆਂ ਕਾਰਨ ਬਜ਼ਾਰ ਵਿੱਚ ਕਾਰੀਗਰੀ ਦੀ ਕਦਰ ਤਾਂ ਬਾਕੀ ਹੈ- ਤ੍ਰਿਪੁੜੀ ਦੇ ਮੁੱਖ ਬਾਜ਼ਾਰ ਵਿੱਚ ਫੁਲਕਾਰੀ ਦੀ ਕਢਾਈ ਵਾਲ਼ੇ ਕੱਪੜੇ ਵੇਚਣ ਵਾਲ਼ੀਆਂ ਬਹੁਤ ਸਾਰੀਆਂ ਦੁਕਾਨਾਂ ਹਨ।
23 ਸਾਲ ਦੀ ਉਮਰੇ ਸ਼ਸ਼ੀ ਨੇ ਕਲਾ ਤੋਂ ਆਪਣੀ ਪਹਿਲੀ ਕਮਾਈ ਕੀਤੀ। ਉਨ੍ਹਾਂ ਨੇ 10 ਸੂਟ (ਸਲਵਾਰ ਕਮੀਜ਼) ਖ਼ਰੀਦੇ, ਕਢਾਈ ਕੱਢੀ ਤੇ ਸਥਾਨਕ ਗਾਹਕਾਂ ਨੂੰ ਵੇਚ ਦਿੱਤੇ ਤੇ 1,000 ਰੁਪਏ ਵੱਟੇ। ਫੁਲਕਾਰੀ ਦੇ ਕੰਮ ਨੇ ਮੁਸ਼ਕਲ ਦਿਨਾਂ ਵਿੱਚ ਘਰ ਚਲਾਉਣ ਵਿੱਚ ਉਨ੍ਹਾਂ ਦੀ ਖਾਸੀ ਮਦਦ ਕੀਤੀ। "ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਵੀ ਘਰਾਂ ਦੇ ਬਹੁਤ ਖਰਚੇ ਹੁੰਦੇ ਸਨ," ਸ਼ਸ਼ੀ ਕਹਿੰਦੀ ਹਨ।
ਸ਼ਸ਼ੀ ਦੇ ਪਤੀ ਦਰਜ਼ੀ ਦਾ ਕੰਮ ਕਰਦੇ ਸਨ ਤੇ ਉਨ੍ਹਾਂ ਨੂੰ ਘਾਟਾ ਪੈਣ ਲੱਗਿਆ, ਫਿਰ ਕਿਤੇ ਜਾ ਕੇ ਸ਼ਸ਼ੀ ਨੇ ਖੁੱਲ੍ਹ ਕੇ ਕੰਮ ਕਰਨਾ ਸ਼ੁਰੂ ਕੀਤਾ। ਘਾਟੇ ਦੀ ਚਿੰਤਾ ਕਾਰਨ ਉਨ੍ਹਾਂ (ਪਤੀ) ਦੀ ਸਿਹਤ ਵਿਗੜਨ ਲੱਗੀ ਅਤੇ ਉਹ ਬਹੁਤਾ ਕੰਮ ਕਰਨ ਦੀ ਹਾਲਤ ਵਿੱਚ ਨਾ ਰਹੇ, ਉਸ ਵੇਲ਼ੇ ਸ਼ਸ਼ੀ ਨੇ ਅੱਗੇ ਵੱਧ ਕੇ ਘਰ ਦੀ ਜ਼ਿੰਮੇਵਾਰੀ ਸੰਭਾਲ਼ੀ। "ਤੀਰਥ ਯਾਤਰਾ ਤੋਂ ਜਦੋਂ ਮੇਰੇ ਪਤੀ ਘਰ ਮੁੜੇ ਤਾਂ ਆਪਣੀ ਦਰਜੀ ਦੀ ਦੁਕਾਨ ਦੀ ਬਦਲੀ ਨੁਹਾਰ ਦੇਖ ਦੰਗ ਰਹਿ ਗਏ," ਇਹ ਯਾਦ ਕਰਦਿਆਂ ਕਿ ਕਿਵੇਂ ਉਨ੍ਹਾਂ ਨੇ ਆਪਣੇ ਪਤੀ ਦੀ ਸਿਲਾਈ ਮਸ਼ੀਨ ਨੂੰ ਲਾਂਭੇ ਕਰਕੇ ਦੁਕਾਨ ਨੂੰ ਧਾਗਿਆਂ ਅਤੇ ਡਿਜ਼ਾਈਨ ਟ੍ਰੇਸਿੰਗ ਬਲਾਕਾਂ ਨਾਲ਼ ਸਜਾ ਲਿਆ ਸੀ, ਸ਼ਸ਼ੀ ਦੱਸਦੀ ਹਨ। ਉਨ੍ਹਾਂ ਨੇ 5,000 ਰੁਪਏ ਦੀ ਆਪਣੀ ਜਮ੍ਹਾਂ-ਪੂੰਜੀ ਇੱਥੇ ਖਰਚ ਕਰ ਲਈ ਸੀ।
ਕਢਾਈ ਦੇ ਕੰਮ ਵਿੱਚ ਮੁਹਾਰਤ ਰੱਖਣ ਵਾਲ਼ੀ ਇਹ ਸਾਹਸੀ ਕਾਰੀਗਰ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਹਨ ਜਦੋਂ ਉਹ ਪਟਿਆਲਾ ਸ਼ਹਿਰ ਦੇ ਲਾਹੌਰੀ ਗੇਟ ਵਰਗੇ ਭੀੜ-ਭੜੱਕੇ ਵਾਲ਼ੇ ਇਲਾਕੇ ਵਿੱਚ ਆਪਣੇ ਹੱਥੀਂ ਬਣੇ ਫੁਲਕਾਰੀ ਦੇ ਕੱਪੜੇ ਵੇਚਿਆ ਕਰਦੀ ਸਨ। ਇੱਥੋਂ ਤੱਕ ਕਿ ਉਹ ਰੇਲ ਫੜ੍ਹ 50 ਕਿਲੋਮੀਟਰ ਦੂਰ ਅੰਬਾਲਾ ਜ਼ਿਲ੍ਹੇ ਵੀ ਚਲੀ ਜਾਇਆ ਕਰਦੀ ਤੇ ਘਰ-ਘਰ ਜਾ ਕੇ ਮਾਲ਼ ਵੇਚਦੀ। "ਮੈਂ ਆਪਣੇ ਪਤੀ ਨਾਲ਼ ਜੋਧਪੁਰ, ਜੈਸਲਮੇਰ ਅਤੇ ਕਰਨਾਲ਼ ਵਿਖੇ ਫੁਲਕਾਰੀ ਕੱਪੜਿਆਂ ਦੀਆਂ ਬੜੀਆਂ ਐਗਜੀਬਿਸ਼ਨਾਂ ਲਾਈਆਂ," ਉਹ ਕਹਿੰਦੀ ਹਨ। ਹਾਲਾਂਕਿ, ਹੁਣ ਉਹ ਆਪਣੀ ਥਕਾਵਟ ਵਾਲ਼ੀ ਰੁਟੀਨ ਤੋਂ ਇੰਨੀ ਬੋਰ ਹੋ ਗਈ ਹਨ ਕਿ ਉਨ੍ਹਾਂ ਨੇ ਫੁਲਕਾਰੀ ਕੱਪੜੇ ਵੇਚਣਾ ਛੱਡ ਦਿੱਤਾ ਹੈ। ਕਿਉਂਕਿ ਹੁਣ ਕੰਮ ਦੀ ਖਾਸ ਮਜ਼ਬੂਰੀ ਰਹੀ ਨਹੀਂ ਤਾਂ ਉਹ ਸਿਰਫ਼ ਸ਼ੌਕ ਵਜੋਂ ਕਢਾਈ ਕੱਢਦੀ ਹਨ। ਹੁਣ, ਉਨ੍ਹਾਂ ਦੇ 35 ਸਾਲਾ ਬੇਟੇ ਦੀਪਾਂਸ਼ੂ ਰੂਪੇਜਾ ਫੁਲਕਾਰੀ ਕੱਪੜੇ ਵੇਚਦੇ ਹਨ ਅਤੇ ਪਟਿਆਲਾ ਵਿੱਚ ਹੁਨਰਮੰਦ ਕਾਰੀਗਰਾਂ ਦੀ ਮਦਦ ਨਾਲ਼ ਆਪਣਾ ਕਾਰੋਬਾਰ ਚਲਾਉਂਦੇ ਹਨ।
"ਮਸ਼ੀਨੀ ਕਢਾਈ ਚਲਨ ਵਿੱਚ ਹੋਣ ਦੇ ਬਾਵਜੂਦ ਵੀ, ਹੱਥੀਂ ਕੱਢੀ ਫੁਲਕਾਰੀ ਦੀ ਮੰਗ ਹਾਲੇ ਬਾਕੀ ਹੈ," ਦੀਪਾਂਸ਼ੂ ਕਹਿੰਦੇ ਹਨ। ਤੋਪੇ ਦੀ ਬਾਰੀਕੀ ਤੋਂ ਇਲਾਵਾ ਦੋਵਾਂ ਤਰ੍ਹਾਂ ਦੀਆਂ ਕਢਾਈਆਂ ਦੀ ਕੀਮਤ 'ਚ ਵੀ ਖ਼ਾਸਾ ਫਰਕ ਹੈ। ਹੱਥੀਂ ਕੱਢਿਆ ਫੁਲਕਾਰੀ ਦੁਪੱਟਾ 2,000 ਰੁਪਏ ਵਿੱਚ ਵਿਕਦਾ ਹੈ, ਜਦੋਂ ਕਿ ਮਸ਼ੀਨੀਂ ਕੱਢਿਆ ਦੁਪੱਟਾ ਸਿਰਫ਼ 500 ਰੁਪਏ ਵਿੱਚ।
"ਅਸੀਂ ਕਢਾਈ ਕੱਢੇ ਫੁੱਲਾਂ ਦੀ ਗਿਣਤੀ ਅਤੇ ਡਿਜ਼ਾਈਨ ਦੀ ਬਾਰੀਕੀ ਦੇ ਅਧਾਰ ਤੇ ਭੁਗਤਾਨ ਕਰਦੇ ਹਾਂ," ਦੀਪਾਂਸ਼ੂ ਕਹਿੰਦੇ ਹਨ। ਇਹ ਕਾਰੀਗਰ ਦੇ ਹੁਨਰ 'ਤੇ ਵੀ ਨਿਰਭਰ ਕਰਦਾ ਹੈ। ਆਮ ਤੌਰ 'ਤੇ ਇੱਕ ਫੁੱਲ ਲਈ 3 ਰੁਪਏ ਤੋਂ ਲੈ ਕੇ 16 ਰੁਪਏ ਤੱਕ ਦਾ ਮੁੱਲ ਦਿੱਤਾ ਜਾਂਦਾ ਹੈ।
55 ਸਾਲਾ ਬਲਵਿੰਦਰ ਕੌਰ ਵੀ ਦੀਪਾਂਸ਼ੂ ਦੇ ਨਾਲ਼ ਕੰਮ ਕਰਦੀ ਹਨ। ਉਹ ਪਟਿਆਲਾ ਜ਼ਿਲ੍ਹੇ ਦੇ ਮਿਆਲ (ਕਲਾਂ) ਪਿੰਡ ਵਿੱਚ ਰਹਿੰਦੀ ਹਨ ਅਤੇ ਮਹੀਨੇ ਵਿੱਚ 3 ਤੋਂ 4 ਵਾਰੀਂ 30 ਕਿਲੋਮੀਟਰ ਦਾ ਪੈਂਡਾ ਮਾਰ ਤ੍ਰਿਪੁੜੀ ਸਥਿਤ ਦੀਪਾਂਸ਼ੂ ਦੀ ਦੁਕਾਨ ਤੱਕ ਜਾਂਦੀ ਹਨ। ਦੁਕਾਨ ਤੋਂ ਹੀ ਉਨ੍ਹਾਂ ਨੂੰ ਧਾਗੇ ਅਤੇ ਕੱਪੜੇ ਮਿਲ਼ਦੇ ਹਨ ਜਿਨ੍ਹਾਂ 'ਤੇ ਛਾਪੇ ਲੱਗੇ ਹੁੰਦੇ ਤੇ ਕਢਾਈ ਕਰਨੀ ਬਾਕੀ ਹੁੰਦੀ ਹੈ।
ਬਲਵਿੰਦਰ ਕੌਰ ਇੱਕ ਹੁਨਰਮੰਦ ਫੁਲਕਾਰੀ ਕਾਰੀਗਰ ਹਨ ਅਤੇ ਸਲਵਾਰ-ਕਮੀਜ਼ 'ਤੇ 100 ਫੁੱਲ ਕੱਢਣ ਲਈ ਉਨ੍ਹਾਂ ਨੂੰ ਸਿਰਫ਼ ਦੋ ਦਿਨ ਲੱਗਦੇ ਹਨ। "ਕਿਸੇ ਨੇ ਵੀ ਮੈਨੂੰ ਸਲੀਕੇਦਾਰ ਢੰਗ ਨਾਲ਼ ਫੁਲਕਾਰੀ ਕੱਢਣੀ ਸਿਖਾਈ ਨਹੀਂ," ਬਲਵਿੰਦਰ ਕਹਿੰਦੀ ਹਨ, ਜੋ 19 ਸਾਲ ਦੀ ਉਮਰ ਤੋਂ ਹੀ ਇਹ ਕੰਮ ਕਰ ਰਹੀ ਹਨ। "ਮੇਰੇ ਪਰਿਵਾਰ ਕੋਲ਼ ਨਾ ਤਾਂ ਜ਼ਮੀਨ ਸੀ ਅਤੇ ਨਾ ਹੀ ਕਿਸੇ ਕੋਲ਼ ਸਰਕਾਰੀ ਨੌਕਰੀ," ਬਲਵਿੰਦਰ ਕਹਿੰਦੀ ਹਨ। ਉਨ੍ਹਾਂ ਦੇ ਤਿੰਨ ਬੱਚੇ ਹਨ ਤੇ ਪਤੀ ਦਿਹਾੜੀਦਾਰ ਮਜ਼ਦੂਰ ਸਨ, ਪਰ ਜਿਨ੍ਹੀਂ ਦਿਨੀਂ ਬਲਵਿੰਦਰ ਨੇ ਕੰਮ ਕਰਨਾ ਸ਼ੁਰੂ ਕੀਤਾ ਉਨ੍ਹੀਂ ਦਿਨੀਂ ਉਹ ਬੇਰੁਜ਼ਗਾਰ ਸਨ।
ਬਲਵਿੰਦਰ ਨੂੰ ਯਾਦ ਹੈ, ਉਸ ਦੀ ਮਾਂ ਕਹਿੰਦੀ ਸੀ, " ਹੁਣ... ਜੋ ਤੇਰੀ ਕਿਸਮਤ ਐ ਤੈਨੂ ਮਿਲ ਗਿਐ । ਹੁਣ ਕੁਝ ਨਾ ਕੁਝ ਕਰ ; ਤੇ ਖਾ । '' ਉਨ੍ਹਾਂ ਦੇ ਕੁਝ ਜਾਣਕਾਰਾਂ ਨੂੰ ਤ੍ਰਿਪੁੜੀ ਦੇ ਕੱਪੜਾ ਵਪਾਰੀਆਂ ਤੋਂ ਫੁਲਕਾਰੀ ਕੱਢਣ ਦੇ ਮੋਟੇ ਆਰਡਰ ਮਿਲ਼ਦੇ ਸਨ। "ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਪੈਸੇ ਦੀ ਲੋੜ ਏ ਅਤੇ ਉਨ੍ਹਾਂ ਤੋਂ ਕਢਾਈ ਲਈ ਪਹਿਲੀ ਵਾਰ ਇੱਕ ਦੁਪੱਟਾ ਮੰਗਿਆ ਤੇ ਉਨ੍ਹਾਂ ਮੇਰੀ ਬੇਨਤੀ ਮੰਨ ਲਈ।''
ਸ਼ੁਰੂ ਵਿਚ ਜਦੋਂ ਬਲਵਿੰਦਰ ਨੂੰ ਫੁਲਕਾਰੀ ਕੱਢਣ ਲਈ ਕੱਪੜੇ ਦਿੱਤੇ ਜਾਂਦੇ ਤਾਂ ਵਪਾਰੀ ਉਨ੍ਹਾਂ ਤੋਂ ਸਕਿਊਰਿਟੀ ਰਖਵਾਉਂਦੇ (ਡਿਪਾਜਿਟ)। ਉਨ੍ਹਾਂ ਨੂੰ ਅਕਸਰ 500 ਰੁਪਏ ਬਤੌਰ ਸਕਿਊਰਿਟੀ ਜਮ੍ਹਾ ਕਰਾਉਣੇ ਪੈਂਦੇ। ਪਰ ਜਲਦੀ ਹੀ, "ਵਪਾਰੀਆਂ ਨੇ ਮੇਰੇ ਕੰਮ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ," ਬਲਵਿੰਦਰ ਕਹਿੰਦੀ ਤੇ ਨਾਲ਼ ਹੀ ਦੱਸਦੀ ਹਨ ਕਿ ਤ੍ਰਿਪੁੜੀ ਦਾ ਹਰ ਫੁਲਕਾਰੀ ਕੱਪੜਾ ਵਪਾਰੀ ਉਨ੍ਹਾਂ ਨੂੰ ਪਛਾਣਦਾ ਹੈ। "ਕੰਮ ਦੀ ਕੋਈ ਕਮੀ ਨਹੀਂ ਹੈ," ਉਹ ਕਹਿੰਦੀ ਹਨ, ਉਨ੍ਹਾਂ ਨੂੰ ਹਰ ਮਹੀਨੇ ਕਢਾਈ ਲਈ ਲਗਭਗ 100 ਕੱਪੜੇ ਮਿਲ਼ ਜਾਂਦੇ ਹਨ। ਉਨ੍ਹਾਂ ਨੇ ਫੁਲਕਾਰੀ ਕੱਢਣ ਵਾਲ਼ੀਆਂ (ਔਰਤਾਂ) ਦਾ ਇੱਕ ਸਮੂਹ ਵੀ ਬਣਾਇਆ ਹੈ, ਜੋ ਕੰਮ ਉਹ ਖੁਦ ਪੂਰਾ ਨਹੀਂ ਕਰ ਪਾਉਂਦੀ, ਅੱਗੇ ਸਮੂਹ ਵਿੱਚ ਦੇ ਦਿੰਦੀ ਹਨ। "ਮੈਂ ਕਿਸੇ ਹੋਰ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ," ਉਹ ਕਹਿੰਦੀ ਹਨ।
ਜਦੋਂ ਬਲਵਿੰਦਰ ਨੇ 35 ਕੁ ਸਾਲ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਇੱਕ ਦੁਪੱਟੇ ਲਈ 60 ਰੁਪਏ ਮਿਲ਼ਦੇ ਸਨ। ਹੁਣ ਓਨੇ ਹੀ ਬਾਰੀਕੀ ਦੇ ਕੰਮ ਬਦਲੇ ਉਨ੍ਹਾਂ ਨੂੰ 2,500 ਰੁਪਏ ਮਿਲ਼ਦੇ ਹਨ। ਬਲਵਿੰਦਰ ਦੇ ਹੱਥੀਂ ਕੱਢੀਆਂ ਫੁਲਕਾਰੀਆਂ ਵਿਦੇਸ਼ ਜਾਣ ਵਾਲ਼ੇ ਲੋਕ ਤੋਹਫ਼ੇ ਵਜੋਂ ਵੀ ਲੈ ਜਾਂਦੇ ਹਨ। "ਮੇਰਾ ਕੰਮ ਅਮਰੀਕਾ ਅਤੇ ਕੈਨੇਡਾ ਵਰਗੇ ਦੂਰ-ਦੁਰਾਡੇ ਦੇ ਦੇਸ਼ਾਂ ਵਿੱਚ ਜਾਂਦਾ ਏ। ਮੈਨੂੰ ਚੰਗਾ ਲੱਗਦਾ ਏ ਕਿ ਭਾਵੇਂ ਮੈਂ ਤਾਂ ਨਹੀਂ ਜਾ ਸਕੀ, ਮੇਰਾ ਕੰਮ ਤਾਂ ਬਾਹਰ ਜਾਂਦਾ ਹੀ ਏ," ਉਹ ਮਾਣ ਨਾਲ਼ ਕਹਿੰਦੀ ਹਨ।
ਇਸ ਰਿਪੋਰਟ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਹੇਠ ਫੰਡ ਪ੍ਰਾਪਤ ਹੈ ।
ਤਰਜਮਾ: ਨਿਰਮਲਜੀਤ ਕੌਰ