ਜਦੋਂ ਕੇਕੁਵੇਉਹ ਇੱਕ ਛੋਟੀ ਕੁੜੀ ਸੀ, ਤਾਂ ਉਸਦੀ ਮਾਂ ਅਤੇ ਦਾਦੀ ਬਿੱਛੂ ਬੂਟੀ ਜਾਂ ਥੀਵੋ ਪੌਦੇ ਦੇ ਤਣੇ ਦੀ ਵਰਤੋਂ ਕਰਕੇ ਬੁਣਾਈ ਕਰਦੀਆਂ ਸਨ। ਉਸ ਸਮੇਂ, ਉਹ ਮਾਂ ਵੱਲੋਂ ਅੱਧ-ਵਿਚਾਲੇ ਛੱਡਿਆ ਇੱਕ ਪੀਸ ਚੁੱਕਦੀ ਤੇ ਆਪੇ ਕੰਮ ਸਿੱਖਣ ਦੀ ਕੋਸ਼ਿਸ਼ ਕਰਦੀ। ਪਰ ਉਹਨੂੰ ਪੰਗੇ ਲੈਣ ਦਾ ਇਹ ਕੰਮ ਲੁੱਕ ਕੇ ਕਰਨਾ ਪੈਂਦਾ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਸਖ਼ਤੀ ਨਾਲ਼ ਹੁਕਮ ਦਿੱਤਾ ਸੀ ਕਿ ਉਹ ਇਸ ਨੂੰ ਨਾ ਛੂਹੇ। ਇਸ ਤਰ੍ਹਾਂ ਕੇਕੁਵੇਉਹ ਨੇ ਲੁਕਵੇਂ ਰੂਪ ਵਿੱਚ, ਬਗੈਰ ਕਿਸੇ ਸਿਖਲਾਈ ਦੇ ਨਾਗਾ ਭਾਈਚਾਰੇ ਦੁਆਰਾ ਵਰਤੇ ਜਾਂਦੇ ਰਵਾਇਤੀ ਸ਼ਾਲ-ਬੁਣਾਈ ਦੇ ਹੁਨਰਾਂ ਨੂੰ ਸਿੱਖ ਲਿਆ।

ਅੱਜ, ਉਹ ਇੱਕ ਕੁਸ਼ਲ ਬੁਣਕਰ ਹਨ ਜੋ ਆਪਣੇ ਖੇਤ ਦੇ ਕੰਮ ਅਤੇ ਘਰੇਲੂ ਕੰਮਾਂ ਤੋਂ ਸਮਾਂ ਕੱਢ ਕੇ ਬੁਣਾਈ ਕਰਦੇ ਹਨ। "ਜਦੋਂ ਚੌਲ਼ ਉਬਲ਼ ਰਹੇ ਹੋਣ ਜਾਂ ਕੋਈ ਸਾਡੇ ਜੁਆਕਾਂ ਨੂੰ ਘੁਮਾਉਣ ਲੈ ਗਿਆ ਹੋਵੇ, ਅਜਿਹੇ ਮੌਕੇ ਵੀ ਅਸੀਂ ਬੁਣਾਈ ਕਰਨੋਂ ਨਹੀਂ ਖੁੰਝਦੇ," ਉਹ ਆਪਣੀ ਵੱਡੀ ਉਂਗਲ ਨਾਲ਼ ਇਸ਼ਾਰਾ ਕਰਦਿਆਂ ਕਹਿੰਦੇ ਹਨ।

ਕੇਕੁਵੇਉਹ, ਆਪਣੇ ਗੁਆਂਢੀ ਭੇਹੁਜੁਲਹ ਅਤੇ ਏਯਿਹਿਲੁ: ਚਟਸੋ ਦੇ ਨਾਲ਼, ਰੁਕੀਜੋ ਕਲੋਨੀ ਵਿਖੇ ਆਪਣੇ ਟੀਨ ਦੀ ਛੱਤ ਵਾਲ਼ੇ ਘਰ ਵਿੱਚ ਬੈਠੇ ਸਾਡੇ ਨਾਲ਼ ਗੱਲਾਂ ਕਰ ਰਹੇ ਹਨ। ਕੇਕੁਵੇਉਹ ਦੇ ਅਨੁਮਾਨਾਂ ਅਨੁਸਾਰ, ਨਾਗਾਲੈਂਡ ਰਾਜ ਦੇ ਫੇਕ ਜ਼ਿਲ੍ਹੇ ਦੇ ਫਾਚੇਰੋ ਪਿੰਡ ਦੇ 266 ਪਰਿਵਾਰਾਂ ਵਿੱਚੋਂ ਲਗਭਗ 11 ਪ੍ਰਤੀਸ਼ਤ ਬੁਣਾਈ ਵਿੱਚ ਲੱਗੇ ਹੋਏ ਹਨ। ਇਹ ਜ਼ਿਆਦਾਤਰ ਕੰਮ ਚਾਖੇਚਾਂ ਭਾਈਚਾਰੇ (ਅਨੁਸੂਚਿਤ ਕਬੀਲੇ ਦੇ ਅਧੀਨ ਸੂਚੀਬੱਧ) ਦੇ ਕੁਝਾਮੀ ਉਪ-ਸਮੂਹ ਦੀਆਂ ਔਰਤਾਂ ਦੁਆਰਾ ਕੀਤਾ ਜਾਂਦਾ ਹੈ। "ਸਾਡੇ ਪਤੀ ਸਾਡੀ ਮਦਦ ਕਰਦੇ ਹਨ। ਉਹ ਖਾਣਾ ਵੀ ਬਣਾ ਲੈਂਦੇ ਹਨ, ਪਰ ਉਹ ਖਾਣਾ ਪਕਾਉਣ ਵਿੱਚ ਸਾਡੇ ਵਾਂਗਰ 'ਮਾਹਰ' ਤਾਂ ਨਹੀਂ ਹਨ। ਸਾਨੂੰ ਖਾਣਾ ਪਕਾਉਂਣਾ ਪੈਂਦਾ ਹੈ, ਖੇਤੀ ਕਰਦਿਆਂ, ਬੁਣਾਈ ਕਰਦਿਆਂ ਹੋਰ ਕੰਮ ਵੀ ਕਰਦੇ ਰਹਿਣਾ ਪੈਂਦਾ ਹੈ।''

PHOTO • Moalemba Jamir
PHOTO • Moalemba Jamir

ਖੱਬੇ : ਕੇਕੁਵੇਉਹ ਉਨ੍ਹਾਂ ਦੁਆਰਾ ਬਣਾਈ ਗਈ ਸ਼ਾਲ ਦਿਖਾ ਰਹੇ ਹਨ। ਸੱਜੇ : ਰੁਕੀਜੂ ਕਲੋਨੀ ਵਿਖੇ ਬੁਣਕਰ। ( ਖੱਬਿਓਂ ਸੱਜੇ ) ਵੇਹੁਸੁਲੂ , ਨਿਖੁ ਥੁਲੁ , ਉਨ੍ਹਾਂ ਦੇ ਗੁਆਂਢੀ ( ਲਾਲ ਸ਼ਾਲ ਵਿੱਚ ਲਿਪਟੀ ) , ਕੇਕੁਵੇਉਹ ਅਤੇ ਏਯਿਹਿਲੁ: ਚਟਸੋ ) ਕੇਕੁਵੇਈ - ਯੂ ਦੇ ਘਰ

PHOTO • Moalemba Jamir
PHOTO • Moalemba Jamir

ਖੱਬੇ : ਕੇਕੁਵੇਉਹ ਦੀ ਰਸੋਈ ਵਿੱਚ ਬਿੱਛੂ ਬੂਟੀ ਦੇ ਛਿਲਕੇ ਤੋਂ ਬਣਿਆ ਧਾਗਾ। ਕੁਝ ਨਾਗਾ ਕਬੀਲੇ ਇਸ ਧਾਗੇ ਦੀ ਵਰਤੋਂ ਬੁਣਾਈ ਲਈ ਕਰਦੇ ਹਨ। ਚਾਖੇਚਾਂ ਕਬੀਲਾ ਅਜਿਹੇ ਧਾਗੇ ਤੋਂ ਬਣੇ ਉਤਪਾਦਾਂ ਨੂੰ ਸਾਜੁ : ਖੂਹ , ਥੇਬਵੋਰਾ ਜਾਂ ਲੂਸਾ ਕਹਿੰਦਾ ਹੈ। ਸੱਜੇ : ਕੇਕੁਵੇਉਹ ਆਪਣੀ ਰਸੋਈ ਵਿੱਚ ਸ਼ਾਲ ਬੁਣਦੇ ਹੋਏ , ਇਸੇ ਥਾਵੇਂ ਉਹ ਬੁਣਾਈ ਦਾ ਆਪਣਾ ਜ਼ਿਆਦਾਤਰ ਕੰਮ ਕਰਦੇ ਹਨ

ਕੇਕੁਵੇਉਹ, ਵੇਹੁਸੇਲੇ ਅਤੇ ਏਜ਼ੀਹਿਲੂ ਚੋਤਸੋ ਨੇ ਵੀ ਛੋਟੀ ਉਮਰੇ ਹੀ ਬੁਣਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਸਿੱਖਣ ਦੀ ਪ੍ਰਕਿਰਿਆ ਧਾਗੇ ਨੂੰ ਫਿਰਕੀ ਵਿੱਚ ਲਪੇਟਣ, ਤਾਣਾ-ਪੇਟਾ ਚਾੜ੍ਹਨ ਜਿਹੇ ਕੰਮਾਂ ਤੋਂ ਸ਼ੁਰੂ ਹੁੰਦੀ ਹੈ।

35 ਸਾਲਾ ਏਜ਼ੀਹਿਲੂ ਚੋਤਸੋ ਨੇ 20 ਸਾਲ ਦੀ ਉਮਰ ਤੋਂ ਹੀ ਬੁਣਨਾ ਸ਼ੁਰੂ ਕਰ ਦਿੱਤਾ ਸੀ।  "ਮੈਂ ਵੱਖ-ਵੱਖ ਤਰ੍ਹਾਂ ਦੇ ਕੱਪੜੇ ਬੁਣਦੀ ਹਾਂ - ਸ਼ਾਲ ਅਤੇ ਰੈਪ-ਅਰਾਊਂਡ (wrap-around)। ਪਹਿਲਾਂ, ਮੈਂ ਲਗਭਗ 30 ਪੀਸ ਬੁਣ ਲਿਆ ਕਰਦੀ, ਪਰ ਹੁਣ ਬੱਚਿਆਂ ਦੀ ਸਾਂਭ-ਸੰਭਾਲ਼ ਕਰਦਿਆਂ ਦੇਖਭਾਲ਼ ਕਰਦਿਆਂ ਮੈਂ ਇੱਕ ਜਾਂ ਦੋ ਹਫ਼ਤਿਆਂ ਵਿੱਚ ਬਾਮੁਸ਼ਕਲ ਇੱਕ ਸ਼ਾਲ ਹੀ ਬੁਣ ਪਾਉਂਦੀ ਹਾਂ," ਉਹ ਕਹਿੰਦੇ ਹਨ।

"ਸਵੇਰੇ ਅਤੇ ਸ਼ਾਮੀਂ, ਮੈਂ ਆਪਣੇ ਬੱਚਿਆਂ ਦੀ ਦੇਖਭਾਲ਼ ਕਰਦੀ ਅਤੇ ਦਿਨ ਵੇਲ਼ੇ ਮੈਂ ਬੁਣਾਈ ਕਰਦੀ ਹਾਂ," ਉਹ ਕਹਿੰਦੇ ਹਨ, ਪਰ ਹੁਣ ਗਰਭਵਤੀ (ਚੌਥਾ ਬੱਚਾ) ਹੋਣ ਤੋਂ ਬਾਅਦ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਇਹ ਔਰਤਾਂ ਆਪਣੇ ਅਤੇ ਆਪਣੇ ਪਰਿਵਾਰ ਲਈ ਮੇਖਲਾ (ਰਵਾਇਤੀ ਨਾਗਾ ਸਰੋਂਗ) ਅਤੇ ਸ਼ਾਲ ਜਿਹੇ ਆਪਣੇ ਰਵਾਇਤੀ ਪਹਿਰਾਵੇ ਬੁਣਦੀਆਂ ਹਨ। ਪਰਿਵਾਰ ਦੀ ਚੌਥੀ ਪੀੜ੍ਹੀ ਦੇ ਬੁਣਕਰ, ਭੇਹੁਜੁਲਹ, ਅੰਗਾਮੀ ਕਬੀਲੇ ਲਈ ਕੱਪੜੇ ਵੀ ਬੁਣਦੇ ਹਨ। "ਮੈਂ ਸਾਲਾਨਾ ਪੈਣ ਵਾਲ਼ੇ ਹਾਰਨਬਿਲ ਤਿਉਹਾਰ ਦੌਰਾਨ ਵਧੇਰੇ ਬੁਣਾਈ ਕਰਦੀ ਹਾਂ ਕਿਉਂਕਿ ਉਦੋਂ ਮੰਗ ਜ਼ਿਆਦਾ ਹੁੰਦੀ ਹੈ," ਉਹ ਕਹਿੰਦੇ ਹਨ।

ਨਾਗਾਲੈਂਡ ਰਾਜ ਸਰਕਾਰ ਦੁਆਰਾ ਆਯੋਜਿਤ ਹਾਰਨਬਿਲ ਫੈਸਟੀਵਲ 1 ਦਸੰਬਰ ਤੋਂ ਸ਼ੁਰੂ ਹੋਵੇਗਾ ਅਤੇ 10 ਦਿਨਾਂ ਤੱਕ ਚੱਲੇਗਾ। ਇਹ ਤਿਉਹਾਰ ਰਵਾਇਤੀ ਸਭਿਆਚਾਰ ਅਤੇ ਜੀਵਨ ਨੂੰ ਦਰਸਾਉਂਦਾ ਹੈ। ਇਸ ਸਮਾਗਮ ਲਈ ਭਾਰਤ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ।

PHOTO • Moalemba Jamir
PHOTO • Moalemba Jamir

ਨਿਖੁ ਥੁਲੁ ( ਖੱਬੇ ) ਅਤੇ ਭੇਹੁਜੁਲਹ ( ਸੱਜੇ ) ਆਪਣੇ ਘਰ ਵਿੱਚ ਬੁਣਾਈ ਕਰ ਰਹੇ ਹਨ

*****

ਹਰੇਕ ਨਾਗਾ ਕਬੀਲੇ ਦਾ ਆਪਣਾ ਵਿਲੱਖਣ ਸ਼ਾਲ ਹੁੰਦਾ ਹੈ, ਜੋ ਭਾਈਚਾਰੇ ਦੀ ਪਛਾਣ ਹੈ ਅਤੇ ਚਾਖੇਚਾਂ ਸ਼ਾਲਾਂ ਨੂੰ 2017 ਵਿੱਚ ਭੂਗੋਲਿਕ ਪਛਾਣ (ਜੀਆਈ) ਟੈਗ ਮਿਲ਼ਿਆ ਸੀ।

"ਇਹ ਸ਼ਾਲ ਪਛਾਣ, ਰੁਤਬੇ ਅਤੇ ਲਿੰਗ ਦਾ ਪ੍ਰਤੀਕ ਹਨ," ਫੇਕ ਸਰਕਾਰੀ ਕਾਲਜ ਵਿੱਚ ਇਤਿਹਾਸ ਪੜ੍ਹਾਉਣ ਵਾਲ਼ੇ ਡਾਕਟਰ ਜ਼ੋਕੁਸ਼ਾਈ ਰਾਖੋ ਕਹਿੰਦੇ ਹਨ। "ਕੋਈ ਵੀ ਸਮਾਰੋਹ ਜਾਂ ਤਿਉਹਾਰ ਸ਼ਾਲ ਤੋਂ ਬਿਨਾਂ ਪੂਰੇ ਨਹੀਂ ਮੰਨੇ ਜਾਂਦੇ।''

"ਰਵਾਇਤੀ ਸ਼ਾਲ ਸਾਡੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਦਰਸਾਉਂਦੇ ਹਨ," ਨਾਗਾਲੈਂਡ ਦੇ ਵਿਲੱਖਣ ਕੱਪੜਿਆਂ ਦੇ ਪ੍ਰਚਾਰ ਅਤੇ ਸੰਭਾਲ਼ ਲਈ ਸਮਰਪਿਤ ਰੋਜ਼ੀ-ਰੋਟੀ ਪ੍ਰੋਗਰਾਮ, ਚਿਜਾਮੀ ਵੀਵਿੰਗ ਇੰਸਟੀਚਿਊਟ ਦੇ ਪ੍ਰੋਜੈਕਟ ਕੋਆਰਡੀਨੇਟਰ ਨੀਤਸ਼ੋਪੇਉ (ਅਤਸ਼ੋਲ) ਥੋਪੀ ਦੱਸਦੇ ਹਨ।

"ਹਰ ਸ਼ਾਲ ਜਾਂ ਮੇਖਲਾ ਦੀ ਵੀ ਆਪਣੀ ਹੀ ਸ਼੍ਰੇਣੀ ਹੁੰਦੀ ਹੈ। ਉਦਾਹਰਣ ਵਜੋਂ, ਅਣਵਿਆਹੇ ਵਿਅਕਤੀਆਂ, ਵਿਆਹੇ ਜੋੜਿਆਂ, ਮੁਟਿਆਰਾਂ ਜਾਂ ਗਭਰੇਟ ਪੁਰਸ਼ਾਂ ਲਈ ਵਿਸ਼ੇਸ਼ ਸ਼ਾਲ ਹੁੰਦੇ ਹਨ ਅਤੇ ਕੁਝ ਸ਼ਾਲ ਅੰਤਿਮ ਸੰਸਕਾਰ ਦੇ ਹਿਸਾਬ ਨਾਲ਼ ਵੀ ਬੁਣੇ ਜਾਂਦੇ ਹਨ," ਉਹ ਦੱਸਦੇ ਹਨ। ਅਤਸ਼ੋਲ ਦੇ ਅਨੁਸਾਰ, ਭਾਲਾ, ਢਾਲ਼, ਮਿਥੁਨ, ਹਾਥੀ, ਚੰਦਰਮਾ, ਸੂਰਜ, ਫੁੱਲ ਅਤੇ ਤਿਤਲੀਆਂ ਕੁਝ ਆਮ ਸੰਕੇਤ/ਚਿੰਨ੍ਹ ਹਨ ਜੋ ਚਾਖੇਚਾਂ ਸ਼ਾਲਾਂ ਵਿੱਚ ਉਚੇਚੇ ਤੌਰ 'ਤੇ ਬੁਣੇ ਜਾਂਦੇ ਹਨ।

PHOTO • Courtesy: Neitshopeü (Atshole) Thopi
PHOTO • Courtesy: Chizokho Vero

ਖੱਬੇ : ਹਾਲ ਹੀ ਦੇ ਸਾਲਾਂ ਵਿੱਚ , ਰੀਰਾ ਅਤੇ ਰੂਰਾ ਸ਼ਾਲਾਂ ਵਾਂਗਰ ਥੁ ਹਪਿਖੂ/ਸੁਹਕੇਚੂਹਰਾ/ਹਾਪਿਦਾਸਾ ਸ਼ਾਲ ਵੀ ਚਾਖੇਚਾਂ ਕਬੀਲੇ ਦੀ ਪਛਾਣ ਬਣ ਗਏ ਹਨ। ਰਵਾਇਤੀ ਤੌਰ ' ਤੇ , ਇਹ ਸ਼ਾਲ ਉਨ੍ਹਾਂ ਜੋੜਿਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ' ਫੀਸਟ ਆਫ਼ ਮੈਰਿਟ ' ਲਈ ਨਿਰਧਾਰਤ ਸਾਰੀਆਂ ਪੇਸ਼ਕਾਰੀਆਂ ਅਦਾ ਕਰ ਲਈਆਂ ਹੁੰਦੀਆਂ ਹਨ। ਹਾਪੀਦਾਸਾ ਸ਼ਾਲ ਸਭ ਤੋਂ ਉੱਚਾ ਸਨਮਾਨ ਰੱਖਦਾ ਹੈ ਅਤੇ ਇਹ ਖੁਸ਼ਹਾਲੀ ਅਤੇ ਉਦਾਰਤਾ ਦਾ ਪ੍ਰਤੀਕ ਹੈ। ਸੱਜੇ : ' ਰੂਰਾ ' ਸ਼ਾਲ ਰੀਰਾ ਸ਼ਾਲ ਦੀ ਮਹਿਲਾ ਹਮਰੁਤਬਾ ਹੈ। ਇਸ ਦਾ ਆਮ ਤੌਰ ' ਤੇ ਇੱਕ ਕਾਸਟਿੰਗ ਡਿਜ਼ਾਈਨ ਹੁੰਦਾ ਹੈ ਅਤੇ ਇਹ ਚਿੱਟੇ ਰੰਗ ਦੀ ਹੁੰਦੀ ਹੈ। ਅੱਡ ਤੋਂ ਵੱਡੀ ਚਿੱਟੀ ਪੱਟੀ ਰੌਸ਼ਨੀ , ਖੁਸ਼ੀ ਅਤੇ ਮਨ ਦੀ ਸ਼ਾਂਤੀ ਨੂੰ ਦਰਸਾਉਂਦੀ ਹੈ , ਅਤੇ ਏਰੂ ਡਿਜ਼ਾਈਨ ਦੌਲਤ ਅਤੇ ਇਨਾਮ ਦਾ ਪ੍ਰਤੀਕ ਹੈ

PHOTO • Courtesy: Chizokho Vero
PHOTO • Courtesy: Neitshopeü (Atshole) Thopi

ਖੱਬੇ : ਰਵਾਇਤੀ ਚਾਖੇਚਾਂ ਸ਼ਾਲ। ਸੱਜੇ : ਪੁਰਸ਼ਾਂ ਦੇ ' ਰੀਰਾ ' ਸ਼ਾਲ ਵਿੱਚ ਭਾਲਾ , ਢਾਲ , ਜਾਨਵਰਾਂ ਦੀ ਹੱਡੀ ਅਤੇ ਚਾਕੂ ਹੈਂਡਲ ਵਰਗੇ ਸੰਕੇਤ ਬੁਣੇ ਹੁੰਦੇ ਹਨ

ਪਰ ਪਾਰੀ ਨਾਲ਼ ਗੱਲ ਕਰਨ ਵਾਲ਼ੀਆਂ ਔਰਤਾਂ ਇਨ੍ਹਾਂ ਸ਼੍ਰੇਣੀਆਂ ਅਤੇ ਬੁਣਾਈ ਲਈ ਵਰਤੇ ਜਾਣ ਵਾਲ਼ੇ ਸੰਕੇਤਾਂ ਦੀ ਮਹੱਤਤਾ ਤੋਂ ਬਹੁਤਾ ਜਾਣੂ ਨਹੀਂ ਲੱਗੀਆਂ, ਜਿਸ ਤੋਂ ਇਹ ਸੰਕੇਤ ਮਿਲ਼ਦਾ ਹੈ ਕਿ ਭਾਵੇਂ ਇਹ ਕਲਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਗਈ ਹੈ, ਪਰ ਉਹ ਉਨ੍ਹਾਂ ਦੇ ਪਿੱਛੇ ਦੀਆਂ ਕਹਾਣੀਆਂ ਨੂੰ ਨਹੀਂ ਜਾਣਦੀਆਂ। ਕੇਕੂਵੇਹ ਅਤੇ ਉਨ੍ਹਾਂ ਦੇ ਗੁਆਂਢੀਆਂ ਨੂੰ ਇਹ ਵੀ ਨਹੀਂ ਪਤਾ ਕਿ ਚਾਖੇਚਾਂ ਸ਼ਾਲਾਂ ਨੂੰ ਜੀਆਈ ਟੈਗ ਮਿਲ਼ਿਆ ਹੈ, ਪਰ ਉਹ ਕਹਿੰਦੇ ਹਨ ਕਿ ਬੁਣਾਈ ਨੇ ਆਰਥਿਕ ਐਮਰਜੈਂਸੀ ਵਿੱਚ ਬਹੁਤ ਮਦਦ ਕੀਤੀ ਹੈ। ਭੇਹੁਜੁਲਹ ਤਾਣੇ 'ਚੋਂ ਧਾਗਾ ਲੰਘਾਉਂਦਿਆਂ ਤੇ ਫਿਰ ਤਾਣੇ ਨੂੰ ਲੱਕੜ ਦੇ ਕੰਘੇ ਨਾਲ਼ ਕੱਸਦੇ ਹਨ ਤੇ ਪਾਰੀ ਨੂੰ ਦੱਸਦੇ ਹਨ,"ਜਦੋਂ ਤੱਕ ਫ਼ਸਲ ਦੀ ਕਟਾਈ ਨਹੀਂ ਸੀ ਹੋ ਜਾਂਦੀ ਸਾਨੂੰ ਇੱਕ ਨਵਾਂ ਪੈਸਾ ਨਹੀਂ ਸੀ ਮਿਲ਼ਦਾ ਹੁੰਦਾ, ਪਰ ਬੁਣਾਈ ਕਰਦਿਆਂ ਜਦੋਂ ਕਦੇ ਵੀ ਪੈਸੇ ਦੀ ਲੋੜ ਹੁੰਦੀ ਹੈ ਅਸੀਂ ਕੱਪੜੇ ਵੇਚ ਕੇ ਪੈਸੇ ਵੱਟ ਸਕਦੇ ਹੁੰਦੇ ਹਾਂ।"

*****

ਬੁਣਕਰ ਆਮ ਤੌਰ 'ਤੇ ਫੇਕ ਜ਼ਿਲ੍ਹੇ ਦੀ ਸਬ-ਡਵੀਜ਼ਨ, ਫਾਚੇਰੋ ਦੇ ਬਾਜ਼ਾਰ ਤੋਂ ਕੱਚਾ ਮਾਲ਼ ਖਰੀਦਦੇ ਹਨ। ਬੁਣਾਈ ਵਿੱਚ ਦੋ ਕਿਸਮਾਂ ਦੇ ਧਾਗੇ ਵਰਤੇ ਜਾਂਦੇ ਹਨ- ਸੂਤੀ ਤੇ ਉੱਨੀ, ਜੋ ਹੁਣ ਬੁਣਾਈ ਦਾ ਆਮ ਹਿੱਸਾ ਹਨ। ਪੌਦਿਆਂ ਤੋਂ ਮਿਲ਼ਣ ਵਾਲ਼ੇ ਰਵਾਇਤੀ ਕੁਦਰਤੀ ਰੇਸ਼ੇ ਦੀ ਵਰਤੋਂ ਦਾ ਅਭਿਆਸ ਸਮੇਂ ਦੇ ਨਾਲ਼ ਮੱਠਾ ਪੈਂਦਾ ਜਾ ਰਿਹਾ ਹੈ ਕਿਉਂਕਿ ਵੱਡੇ ਪੱਧਰ 'ਤੇ ਉਤਪਾਦਿਤ ਧਾਗੇ ਦੀ ਉਪਲਬੱਧਤਾ ਮੁਕਾਬਲਤਨ ਵਧੇਰੇ ਆਸਾਨ ਹੈ।

"ਅਜਿਹੇ ਸਮੇਂ (ਨਵੰਬਰ-ਦਸੰਬਰ) ਜਦੋਂ ਮੰਗ ਜ਼ਿਆਦਾ ਹੁੰਦੀ ਹੈ, ਅਸੀਂ ਆਮ ਤੌਰ 'ਤੇ ਇੱਕ ਨਿਰਧਾਰਤ ਦੁਕਾਨ ਤੋਂ ਵੱਡੀ ਮਾਤਰਾ ਵਿੱਚ ਧਾਗਾ ਖਰੀਦਦੇ ਹਾਂ, ਇਹੀ ਦੁਕਾਨ ਵਾਲ਼ੇ ਫਿਰ ਸਾਡੇ ਦੁਆਰਾ ਤਿਆਰ ਮਾਲ਼ ਨੂੰ ਵਿਕਰੀ ਲਈ ਰੱਖਦੀ ਤੇ ਆਰਡਰ ਵੀ ਲੈਂਦੀ ਹਨ," ਵੇਹੁਸੇਲ ਕਹਿੰਦੇ ਹਨ। ਸਥਾਨਕ ਉੱਨ ਅਤੇ ਦੋ ਪਲਾਈ ਧਾਗੇ ਦੀ ਕੀਮਤ 550 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਥਾਈਲੈਂਡ ਧਾਗੇ ਦੀ ਕੀਮਤ 640 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਬੁਣਕਰ ਬੁਣਾਈ ਲਈ ਬਾਂਸ ਅਤੇ ਲੱਕੜ ਤੋਂ ਬਣੇ ਰਵਾਇਤੀ ਨਾਗਾ (ਕਮਰ) ਕਰਘੇ ਦੀ ਵਰਤੋਂ ਕਰਦੇ ਹਨ।

ਕੇਕੁਵੇਉਹ ਚੇਜ਼ਰਹੋ ਜਾਂ ਬੈਕ ਸਟ੍ਰੈਪ ਅਤੇ ਰੈਡਜ਼ੂ ਜਾਂ ਲੱਕੜ ਦੀ ਰੈਪਿੰਗ ਮਸ਼ੀਨ ਬਾਰੇ ਕਹਿੰਦੇ ਹਨ। ਉਹ ਦੱਸਦੇ ਹਨ ਕਿ ਬੈਕ ਸਟ੍ਰੈਪ, ਕੇਪੇ (ਲੱਕੜ ਦੀ ਬਾਰ ਜਾਂ ਰਾਡ) ਨਾਲ਼ ਜੁੜਿਆ ਹੁੰਦਾ ਹੈ। ਇਹ ਖਿੱਚ ਪੈਦਾ ਕਰਦਾ ਤੇ ਬੁਣੇ ਹੋਏ ਸਿਰੇ ਨੂੰ ਲਪੇਟਦਾ ਹੈ। ਪਰ, 'ਰਾਡਜੋਹ' ਤੋਂ ਬਿਨਾਂ ਵੀ,  ਰੈਪ ਬੀਮ, ਜਿਸ ਨੂੰ 'ਰਾਡਜੋਹ: ਕੁਲੋ' ਕਿਹਾ ਜਾਂਦਾ ਹੈ, ਨੂੰ ਤਣਾਅ ਪੈਦਾ ਕਰਨ ਲਈ ਕੰਧ ਜਾਂ ਕਿਸੇ ਵੀ ਸਹਾਇਕ ਢਾਂਚੇ ਨਾਲ ਸਮਾਂਤਰ ਜੋੜਿਆ ਜਾ ਸਕਦਾ ਹੈ।

PHOTO • Moalemba Jamir

ਖੱਬੇ : ਬੁਣਾਈ ਲਈ ਬਹੁਤ ਸਾਰੇ ਸਾਧਨਾਂ ਦੀ ਲੋੜ ਹੁੰਦੀ ਹੈ। ਸੱਜੇ : ਕੇਕੁਵੇਉਹ ' ਰਾਡਜੋਹ ਕੁਲੋ ' ਨਾਂ ਦੀ ਇੱਕ ਘੁੰਮਦੀ ਬੀਮ ' ਤੇ ਬੁਣ ਰਹੇ ਹਨ ਜੋ ਉਨ੍ਹਾਂ ਦੀ ਰਸੋਈ ਦੀ ਕੰਧ ਨਾਲ਼ ਸਮਾਂਤਰ ਜੁੜਿਆ ਹੋਇਆ ਹੈ

PHOTO • Moalemba Jamir
PHOTO • Moalemba Jamir

ਖੱਬੇ : ਭੇਹੁਜੁਲਹ ਅੰਗਾਮੀ ਕਬੀਲਿਆਂ ਦੁਆਰਾ ਪਹਿਨੇ ਜਾਣ ਵਾਲ਼ੇ ਸ਼ਾਲ ' ਤੇ ਇੱਕ ਨਮੂਨਾ ਬੁਣ ਰਹੇ ਹਨ ਸੱਜੇ : ਨਿਖੁ ਥੁਲੁ ਕੰਮ ਵਿੱਚ ਰੁੱਝੇ ਹੋਏ ਹਨ

ਬੁਣਕਰ ਬੁਣਨ ਦੀ ਪ੍ਰਕਿਰਿਆ ਲਈ ਲੋੜੀਂਦੇ ਪੰਜ ਤੋਂ ਅੱਠ ਔਜ਼ਾਰਾਂ ਦੀ ਵਰਤੋਂ ਕਰਦੇ ਹਨ: ਲੋਜੀ ਜਾਂ ਲੱਕੜ ਦਾ ਬੀਟਰ ਸ਼ਾਲ ਦੀ ਗੁਣਵੱਤਾ, ਕੋਮਲਤਾ ਅਤੇ ਤੰਦ ਪਕਿਆਈ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ;  ਮੇਫੇਤਸ਼ੂਕਾ ਵਜੋਂ ਜਾਣੀ ਜਾਂਦੀ ਇੱਕ ਬੁਣਾਈ ਸ਼ਟਲ ਧਾਗੇ ਵਾਲੀ ਇੱਕ ਸਧਾਰਣ ਛੜੀ ਹੈ। ਗੁੰਝਲਦਾਰ ਨਮੂਨਿਆਂ ਨੂੰ ਡਿਜ਼ਾਈਨ ਕਰਨ ਲਈ, ਬੁਣਕਰ ਪਤਲੇ ਬਾਂਸ ਹੈਡਲ ਸਟਿਕਸ ਦੀ ਵਰਤੋਂ ਕਰਦੇ ਹਨ - ਲੋਨੂ ਥਸੂਕਾ - ਧਾਗੇ ਦੇ ਨਾਲਿਆਂ ਨਾਲ ਬੰਨ੍ਹੇ ਹੋਏ ਰਹਿੰਦੇ ਹਨ। ਲੋਪੂ ਜਾਂ ਬਾਂਸ ਸ਼ੈਡ ਸਟਿਕ ਦੀ ਵਰਤੋਂ ਬੁਣਾਈ ਦੌਰਾਨ ਤਾਣਿਆਂ ਨੂੰ ਉੱਪਰਲੇ ਅਤੇ ਹੇਠਲੇ ਤੰਦਾਂ ਨੂੰ ਵੱਖ-ਵੱਖ ਕਰਨ ਲਈ ਕੀਤੀ ਜਾਂਦੀ ਹੈ। ਬਾਂਸ ਦੀਆਂ ਪਤਲੀਆਂ ਰਾਡਾਂ ਜਿਨ੍ਹਾਂ ਨੂੰ ਕੇਝੇਚੁਹਕਾ ਅਤੇ ਨਾਚੇ ਸੁਕਾ ਕਿਹਾ ਜਾਂਦਾ ਹੈ, ਤਾਣੇ ਨੂੰ ਵੱਖ ਕਰਨ ਅਤੇ ਕ੍ਰਮ ਵਿੱਚ ਰੱਖਣ ਲਈ ਲੀਜ਼ ਰਾਡਾਂ ਵਜੋਂ ਕੰਮ ਕਰਦੀਆਂ ਹਨ।

*****

ਇੱਥੇ ਦੀ ਮੁੱਖ ਫਸਲ ਮਈ-ਜੂਨ ਵਿੱਚ ਉਗਾਇਆ ਜਾਣ ਵਾਲ਼ਾ ਝੋਨਾ ਹੈ, ਜਿਸ ਦੀ ਵਰਤੋਂ ਸਵੈ-ਖਪਤ ਲਈ ਕੀਤੀ ਜਾਂਦੀ ਹੈ। ਆਪਣੀ ਛੋਟੀ ਜਿਹੀ ਜ਼ਮੀਨ 'ਤੇ, ਭੇਹੁਜੁਲਹ ਖੁਵੀ (ਐਲੀਅਮ ਚੀਨੀ) ਵੀ ਉਗਾਉਂਦੇ ਹਨ - ਇੱਕ ਕਿਸਮ ਦੀ ਖੁਸ਼ਬੂਦਾਰ ਜੜ੍ਹੀ-ਬੂਟੀ ਜੋ ਸਲਾਦ ਅਤੇ ਹੋਰ ਪਕਵਾਨਾਂ ਵਿੱਚ ਵਰਤੀ ਜਾਂਦੀ ਹੈ ਜੋ ਵੇਹੁਸੇਲ ਸਥਾਨਕ ਬਾਜ਼ਾਰ ਵਿੱਚ ਵੇਚਦੀ ਹੈ।

"ਬਿਜਾਈ ਅਤੇ ਵਾਢੀ ਦੇ ਵਿਚਕਾਰ ਦੀ ਮਿਆਦ ਦੌਰਾਨ ਨਦੀਨਾਂ ਦੀ ਪੁਟਾਈ, ਪਾਲਣ-ਪੋਸ਼ਣ ਅਤੇ ਜੰਗਲੀ ਜੀਵਾਂ ਤੋਂ ਫ਼ਸਲਾਂ ਦੀ ਰੱਖਿਆ ਜਿਹਾ ਖੇਤੀ ਚੱਕਰ ਚੱਲਦਾ ਰਹਿੰਦਾ ਹੈ," ਉਹ ਕਹਿੰਦੇ ਹਨ, ਇੰਝ ਇਸ ਚੱਕਰ ਦੌਰਾਨ ਉਨ੍ਹਾਂ ਨੂੰ ਬੁਣਾਈ ਲਈ ਬਹੁਤ ਹੀ ਸੀਮਤ ਸਮਾਂ ਮਿਲ਼ ਪਾਉਂਦਾ ਹੈ।

ਕੇਕੁਵੇਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਖੇਤੀ ਵਿੱਚ ਘੱਟ ਯੋਗਦਾਨ ਪਾਉਣ ਤੇ ਬੁਣਾਈ ਦੇ ਕੰਮ ਵਿੱਚ ਉਲਝੇ ਰਹਿਣ ਦੇ ਤਾਅਨੇ ਮਾਰੇ ਸਨ। ਪਰ ਉਨ੍ਹਾਂ ਨੇ ਆਪਣਾ ਮਨ ਨਹੀਂ ਬਦਲਿਆ। "ਹਾਲਾਂਕਿ ਮੈਂ ਖੇਤ ਵਿੱਚ ਜ਼ਿਆਦਾ ਨਾ ਜਾਂਦੀ, ਪਰ ਬੁਣਾਈ ਸਾਡੇ ਲਈ ਰੋਜ਼ੀ-ਰੋਟੀ ਦਾ ਇੱਕ ਮਹੱਤਵਪੂਰਨ ਸਰੋਤ ਬਣ ਗਈ। ਆਪਣੇ ਵਿਆਹ ਤੋਂ ਪਹਿਲਾਂ, ਮੈਂ ਆਪਣੇ ਭਰਾ ਦੇ ਬੱਚਿਆਂ ਦੀ ਟਿਊਸ਼ਨ ਫੀਸ ਤਾਰਨ ਵਿੱਚ ਪਰਿਵਾਰ ਦੀ ਮਦਦ ਕਰਦੀ ਸਾਂ ਅਤੇ ਤਿਉਹਾਰਾਂ ਦੌਰਾਨ ਵੱਧ ਤੋਂ ਵੱਧ ਮਦਦ ਕਰਦੀ ਸਾਂ," ਉਹ ਕਹਿੰਦੇ ਹਨ। ਜਦੋਂ ਖੇਤੀ ਨਾ ਹੁੰਦੀ ਤਾਂ ਬੁਣਾਈ ਤੋਂ ਜੋ ਪੈਸਾ ਕਮਾਇਆ ਜਾਂਦਾ, ਉਸੇ ਨਾਲ਼ ਪਰਿਵਾਰ ਦਾ ਰਾਸ਼ਨ ਲਿਆਉਣ ਵਿੱਚ ਮਦਦ ਮਿਲ਼ਦੀ।

PHOTO • Moalemba Jamir
PHOTO • Moalemba Jamir

ਖੱਬੇ ਅਤੇ ਸੱਜੇ : ਕੇਕੁਵੇਉਹ ਆਪਣੀ ਧੀ ਨਾਲ਼। ਉਨ੍ਹਾਂ ਨੂੰ ਆਪਣੇ ਖੇਤ ਅਤੇ ਘਰੇਲੂ ਕੰਮਾਂ ਵਿਚਕਾਰ ਬੁਣਨ ਲਈ ਸਮਾਂ ਕੱਢਣਾ ਪੈਂ ਦਾ ਹੈ

PHOTO • Moalemba Jamir
PHOTO • Moalemba Jamir

ਖੱਬੇ : ਕੇਕੁਵੇਉਹ ਦੀ ਰਿਹਾਇਸ਼ ਦਾ ਇੱਕ ਦ੍ਰਿਸ਼ ਸੱਜੇ : ਕੇਕੁਵੇਉਹ ਅਤੇ ਭੇਹੁਜੁਲਹ ਤਿੰਨ ਭਾਗਾਂ ਵਾਲ਼ੇ ਅੰਗਾਮੀ ਨਾਗਾ ਕਬਾਇਲੀ ਸ਼ਾਲ ਦਾ ਪੂਰਾ ਹਿੱਸਾ ਦਿਖਾਉਂਦੇ ਹੋਏ

ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਕਮਾਈ ਕਾਫ਼ੀ ਨਹੀਂ ਹੈ।

"ਜੇ ਅਸੀਂ ਦਿਹਾੜੀ 'ਤੇ ਜਾਈਏ ਤਾਂ ਅਸੀਂ ਲਗਭਗ 500 ਤੋਂ 600 ਰੁਪਏ/ਦਿਹਾੜੀ ਦੇ ਕਮਾ ਸਕਦੇ ਹਾਂ ਤੇ ਬੁਣਾਈ ਤੋਂ ਅਸੀਂ ਹਫ਼ਤੇ ਦਾ ਲਗਭਗ 1,000 ਤੋਂ 1,500 ਰੁਪਏ ਹੀ ਕਮਾ ਪਾਉਂਦੇ ਹਾਂ," ਭੇਹੁਜੁਲਹ ਕਹਿੰਦੇ ਹਨ। "ਮਰਦ ਦਿਹਾੜੀ ਤੋਂ ਇੱਕ ਦਿਨ ਵਿੱਚ ਲਗਭਗ 600 ਤੋਂ 1,000 ਰੁਪਏ ਕਮਾਉਂਦੇ ਹਨ, ਜਦੋਂ ਕਿ ਔਰਤਾਂ ਨੂੰ ਸਿਰਫ਼ 100 ਤੋਂ 150 ਰੁਪਏ ਮਿਲ਼ਦੇ ਹਨ," ਕੇਕੁਵੇਉਹ ਕਹਿੰਦੇ ਹਨ।

" ਪੋਇਸਾ ਪਿਲੀ ਹੋਇਸ਼ੇ [ਜਦੋਂ ਤੱਕ ਮੈਨੂੰ ਪੈਸੇ ਮਿਲ਼ਦੇ ਹਨ, ਇਹ ਠੀਕ ਹੈ]," ਇਜ਼ੀਹਿਲੂਹ ਚੋਟਸੋ ਹਲਕੀ ਅਵਾਜ਼ ਵਿੱਚ ਕਹਿੰਦੇ ਹਨ ਅਤੇ ਫਿਰ ਗੰਭੀਰ ਹੁੰਦਿਆਂ ਕਹਿੰਦੇ ਹਨ,"ਇੱਥੇ ਸਰਕਾਰ ਤੋਂ ਕੋਈ ਮਦਦ ਨਹੀਂ ਮਿਲ਼ਦੀ।''

ਸਿਹਤ ਸਬੰਧੀ ਸਮੱਸਿਆਵਾਂ ਵੀ ਹਨ। ਭੇਹੁਜੁਲਹ ਤੁਰੰਤ ਕਹਿੰਦੇ ਹਨ ਕਿ ਲੰਬੇ ਸਮੇਂ ਤੱਕ ਇੱਕੋ ਪੋਜੀਸ਼ਨ ਵਿੱਚ ਬੈਠਣਾ ਜਾਂ ਝੁਕਣਾ ਹਮਰਬਿਖਾ (ਲੱਕ-ਪੀੜ੍ਹ) ਦਾ ਕਾਰਨ ਬਣ ਸਕਦਾ ਹੈ। ਇਹ ਉਨ੍ਹਾਂ ਦੇ ਕੰਮ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ।

ਬਜ਼ਾਰ ਵਿੱਚ ਮਸ਼ੀਨੀਂ ਉਤਪਾਦਾਂ ਨਾਲ਼ ਵੀ ਮੁਕਾਬਲਾ ਕਰਨਾ ਪੈਂਦਾ ਹੈ। ਕੇਕੁਵੇਉਹ ਕਹਿੰਦੇ ਹਨ, "ਬਜ਼ਾਰੋਂ ਕੱਪੜੇ ਖਰੀਦਣ ਲੱਗਿਆਂ ਲੋਕ ਕੋਈ ਸ਼ਿਕਾਇਤ ਨਹੀਂ ਕਰਦੇ ਤੇ ਜਿੰਨੇ ਪੈਸੇ ਮੰਗੇ ਜਾਣ ਦੇ ਦਿੰਦੇ ਹਨ। ਪਰ ਜਦੋਂ ਗੱਲ ਸਥਾਨਕ ਬੁਣਕਰਾਂ ਦੁਆਰਾ ਬਣਾਏ ਕੱਪੜੇ ਖਰੀਦਣ ਦੀ ਆਉਂਦੀ ਹੈ, ਭਾਵੇਂ ਇੱਕ ਤੰਦ ਵੀ ਢਿੱਲੀ ਹੋਵੇ, ਰਿਆਇਤ/ਛੋਟ ਮੰਗਣ ਲੱਗਦੇ ਹਨ।''

ਇਸ ਰਿਪੋਰਟ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ( ਐਮਐਮਐਫ ) ਫੈਲੋਸ਼ਿਪ ਦੁਆਰਾ ਸਮਰਥਨ ਦਿੱਤਾ ਗਿਆ ਸੀ।

ਤਰਜਮਾ: ਕਮਲਜੀਤ ਕੌਰ

Moalemba Jamir

موآ جامر (موآلیمبا) دی مورَنگ ایکسپریس میں ایسوسی ایٹ ایڈیٹر ہیں۔ وہ صحافت میں ۱۰ سال سے زیادہ کا تجربہ رکھتے ہیں اور ان کی دلچسپی حکومت اور پبلک پالیسی، مقبول عام ثقافت اور ماحولیات جیسے موضوعات میں رہتی ہے۔ وہ سال ۲۰۲۳ کے پاری-ایم ایم ایف فیلو ہیں۔

کے ذریعہ دیگر اسٹوریز Moalemba Jamir
Editor : Sarbajaya Bhattacharya

سربجیہ بھٹاچاریہ، پاری کی سینئر اسسٹنٹ ایڈیٹر ہیں۔ وہ ایک تجربہ کار بنگالی مترجم ہیں۔ وہ کولکاتا میں رہتی ہیں اور شہر کی تاریخ اور سیاحتی ادب میں دلچسپی رکھتی ہیں۔

کے ذریعہ دیگر اسٹوریز Sarbajaya Bhattacharya
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur