ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਪੈਂਦੇ ਲੰਘਜ਼ਾ ਪਿੰਡ ਵਾਪਸ ਜਾਣ ਦਾ ਵਿਚਾਰ ਹੀ ਖੁਮਾ ਥੀਕ ਨੂੰ ਧੁਰ ਅੰਦਰ ਤੱਕ ਝਿੰਜੋੜ ਕੇ ਰੱਖ ਦਿੰਦਾ ਹੈ। ਇਹ 64 ਸਾਲਾ ਕਿਸਾਨ ਪਿਛਲੇ 30 ਸਾਲਾਂ ਤੋਂ ਲੰਘਜ਼ਾ ਵਿਖੇ ਰਹਿੰਦੇ ਰਹੇ ਹਨ। ਇਹ ਉਹ ਨਿੱਘ ਭਰੀ ਅਤੇ ਜਾਣੀ-ਪਛਾਣੀ ਜਗ੍ਹਾ ਸੀ ਜਿੱਥੇ ਉਹਨਾਂ ਨੇ ਆਪਣੇ ਪੁੱਤਰ ਡੇਵਿਡ ਨੂੰ ਪਾਲ ਕੇ ਵੱਡਾ ਕੀਤਾ, ਉਸ ਨੂੰ ਸਕੂਲ ਲਈ ਖਾਣਾ ਤਿਆਰ ਕਰ ਕੇ ਦਿੰਦੇ ਰਹੇ, ਅਤੇ ਜਿਥੇ ਉਹ ਦੋਨੋਂ ਆਪਣੇ ਝੋਨੇ ਦੇ ਖੇਤਾਂ ਵਿੱਚ ਇਕੱਠੇ ਕੰਮ ਕਰਦੇ ਰਹੇ। ਇਹ ਉਹੀ ਜਗ੍ਹਾ ਹੈ ਜਿਥੇ ਪਹਿਲੀ ਵਾਰ ਉਹ ਦਾਦਾ ਜੀ ਬਣੇ। ਲੰਗਜ਼ਾ ਖੁਮਾ ਦਾ ਸਾਰਾ ਸੰਸਾਰ ਸੀ। ਉਹ ਸੰਸਾਰ ਜਿਥੇ ਉਹ ਪੂਰੀ ਤਰ੍ਹਾਂ ਸੰਤੁਸ਼ਟ ਸਨ।
2 ਜੁਲਾਈ 2023 ਤੱਕ ।
ਉਸ ਦਿਨ ਨੇ ਖੁਮਾ ਦੀਆਂ ਜ਼ਿੰਦਗੀ ਭਰ ਦੀਆਂ ਯਾਦਾਂ ਨੂੰ ਬੁਰੀ ਤਰ੍ਹਾਂ ਮਿਟਾ ਦਿੱਤਾ ਅਤੇ ਪਿੱਛੇ ਛੱਡ ਦਿੱਤੀ ਇੱਕ ਅਜਿਹੀ ਤਸਵੀਰ ਜਿਸਨੂੰ ਉਹ ਆਪਣੇ ਦਿਮਾਗ ਵਿੱਚੋਂ ਕੱਢਣ ’ਚ ਅਸਮਰਥ ਹਨ। ਅਜਿਹੀ ਤਸਵੀਰ ਜੋ ਉਹਨਾਂ ਨੂੰ ਨਾ ਤਾਂ ਸੌਣ ਦਿੰਦੀ ਹੈ ਅਤੇ ਨਾ ਹੀ ਜਾਗਣ ਦਿੰਦੀ ਹੈ। ਇਹ ਲੰਗਜ਼ਾ ਦੇ ਬਿਲਕੁਲ ਪ੍ਰਵੇਸ਼ ਦੁਆਰ ’ਤੇ ਬਾਂਸ ਦੀ ਵਾੜ ’ਤੇ ਟੰਗੇ ਉਸ ਦੇ ਪੁੱਤਰ ਦੇ ਸਿਰ ਦੀ ਤਸਵੀਰ ਹੈ।
ਭਾਰਤ ਦੇ ਉੱਤਰੀ ਭਾਗ ਦੇ ਮਨੀਪੁਰ ਰਾਜ ਵਿੱਚ ਪੈਂਦਾ ਖੁਮਾ ਦਾ ਘਰ 3 ਮਈ 2023 ਤੋਂ ਇੱਕ ਨਸਲੀ ਸੰਘਰਸ਼ ਵਿੱਚ ਉਲਝਾ ਹੋਇਆ ਹੈ। ਮਾਰਚ ਦੇ ਅੰਤ ਵਿੱਚ ਮਨੀਪੁਰ ਦੀ ਉੱਚ ਅਦਾਲਤ ਨੇ ਮੀਤੀ ਭਾਈਚਾਰੇ ਨੂੰ ਇੱਕ “ਕਬਾਇਲੀ ਭਾਈਚਾਰੇ” ਦਾ ਦਰਜਾ ਦੇ ਦਿੱਤਾ ਸੀ ਜਿਸ ਨਾਲ ਉਹਨਾਂ ਨੂੰ ਵਿੱਤੀ ਲਾਭ ਅਤੇ ਸਰਕਾਰੀ ਨੌਕਰੀਆਂ ਵਿੱਚ ਕੋਟਾ ਮਿਲਦਾ। ਇਹ ਉਹਨਾਂ ਨੂੰ ਪਹਾੜੀ ਹਿੱਸਿਆਂ ਵਿੱਚ ਵੀ ਜ਼ਮੀਨ ਖ਼ਰੀਦਣ ਦੀ ਇਜਾਜ਼ਤ ਦਿੰਦਾ ਜਿੱਥੇ ਕੁਕੀ ਭਾਈਚਾਰਾ ਕਾਬਜ ਸੀ। ਬਾਅਦ ਵਿੱਚ ਸਰਵ-ਉੱਚ ਅਦਾਲਤ ਨੇ ਇਸ ਫ਼ੈਸਲੇ ’ਤੇ ਰੋਕ ਲਗਾ ਦਿੱਤੀ।
ਕੁਕੀ ਭਾਈਚਾਰਾ, ਜੋ ਕਿ ਰਾਜ ਦੀ ਅਬਾਦੀ ਦਾ 28 ਫੀਸਦ ਹਿੱਸਾ ਬਣਦਾ ਹੈ, ਮੰਨਦਾ ਹੈ ਕਿ ਇਹ ਫ਼ੈਸਲਾ ਰਾਜ ਵਿੱਚ ਮੀਤੀ ਸਮਾਜ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰੇਗਾ ਜੋ ਕਿ ਪਹਿਲਾਂ ਹੀ ਰਾਜ ਦੀ ਕੁੱਲ ਅਬਾਦੀ ਦਾ 53 ਫੀਸਦ ਹਿੱਸਾ ਹਨ।
3 ਮਈ ਨੂੰ ਕੁਕੀ ਭਾਈਚਾਰੇ ਦੇ ਕੁਝ ਲੋਕਾਂ ਨੇ ਅਦਾਲਤ ਦੇ ਫ਼ੈਸਲੇ ਦਾ ਵਿਰੋਧ ਕਰਨ ਲਈ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਇੱਕ ਰੈਲੀ ਕੱਢੀ।
ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੱਕ ਐਂਗਲੋ-ਕੁਕੀ ਯੁੱਧ ਯਾਦਗਾਰੀ ਦਰਵਾਜਾ, ਜੋ 1917 ਵਿੱਚ ਚੂਰਾਚਾਂਦਪੁਰ ਵਿੱਚ ਬਸਤੀਵਾਦ ਅੰਗਰੇਜੀ ਸਾਮਰਾਜ ਵਿਰੁੱਧ ਕੁਕੀ ਬਗਾਵਤ ਨੂੰ ਦਰਸਾਉਂਦਾ ਸੀ, ਨੂੰ ਮੀਤੀ ਲੋਕਾਂ ਦੁਆਰਾ ਅੱਗ ਲਗਾ ਦਿੱਤੀ ਗਈ। ਇਸ ਨਾਲ ਸਾਰੇ ਪਾਸੇ ਦੰਗੇ ਸ਼ੁਰੂ ਹੋ ਗਏ ਜਿਸ ਵਿੱਚ ਪਹਿਲੇ ਚਾਰ ਦਿਨਾਂ ਵਿੱਚ ਹੀ 60 ਲੋਕ ਮਾਰੇ ਗਏ।
ਇਹ ਹਿੰਸਾ ਅਤੇ ਤਬਾਹੀ ਦੀ ਜੰਗਲੀ ਅੱਗ ਸੀ ਜੋ ਵਹਿਸ਼ੀ ਕਤਲ, ਸਿਰ ਕਲਮ, ਸਮੂਹਿਕ ਬਲਾਤਕਾਰ ਅਤੇ ਅੱਗ ਸਮੇਤ ਸਾਰੇ ਸੂਬੇ ਵਿੱਚ ਫੈਲਣੀ ਸੀ। ਹੁਣ ਤੱਕ ਲਗਭਗ 190 ਲੋਕ ਮਾਰੇ ਗਏ ਹਨ ਅਤੇ 60,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ- ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੁਕੀ ਭਾਈਚਾਰੇ ਨਾਲ ਸਬੰਧਤ ਹਨ। ਕੁਕੀ ਲੋਕਾਂ ਨੇ ਰਾਜ ਅਤੇ ਪੁਲਿਸ ’ਤੇ ਇਸ ਘਰੇਲੂ ਯੁੱਧ ਵਿੱਚ ਮੀਤੀ ਹਿੰਸਾਕਾਰੀਆਂ ਨੂੰ ਉਕਸਾਉਣ ਦਾ ਦੋਸ਼ ਲਗਾਇਆ ਹੈ।
ਦੋਵਾਂ ਭਾਈਚਾਰਿਆਂ ਵਿੱਚ ਭਰੋਸੇ ਦੀ ਕਮੀ ਨੇ ਉਹਨਾਂ ਨੂੰ ਆਪਣੇ ਦੁਸ਼ਮਣਾ, ਜੋ ਕਿਸੇ ਸਮੇਂ ਗੁਆਂਢੀ ਹੋਇਆ ਕਰਦੇ ਸਨ, ਤੋਂ ਰਾਖੀ ਲਈ ਪਿੰਡ ਦੇ ਸੁਰੱਖਿਆਂ ਬਲਾਂ ਦਾ ਨਿਰਮਾਣ ਕਰਨ ਲਈ ਮਜ਼ਬੂਰ ਕੀਤਾ ਹੈ।
2 ਜੁਲਾਈ ਨੂੰ ਸਾਜਰੇ ਖੁਮਾ ਦਾ ਬੇਟਾ, 33 ਸਾਲਾ ਡੇਵਿਡ, ਲੰਗਜ਼ਾ ਦੇ ਕੁਕੀ ਪਿੰਡ ਦੇ ਰਾਖਿਆਂ ਵਿੱਚ ਸ਼ਾਮਿਲ ਸੀ ਜਦੋਂ ਅਚਾਨਕ ਇੱਕ ਹਥਿਆਰਬੰਦ ਮੀਤੀ ਭੀੜ ਵੱਲੋਂ ਹਮਲਾ ਹੋਇਆ। ਲੰਗਜ਼ਾ ਕੁਕੀ-ਪ੍ਰਭਾਵੀ ਚੂਰਾਚਾਂਦਪੁਰਾ ਜ਼ਿਲ੍ਹੇ ਅਤੇ ਮੀਤੀ-ਪ੍ਰਭਾਵੀ ਇੰਫਾਲ ਘਾਟੀ ਦੀ ਸਰਹੱਦ ਤੇ ਸਥਿਤ ਹੈ ਜਿਸ ਕਾਰਨ ਇਸ ਇਲਾਕੇ ਦਾ ਮਾਹੌਲ ਅਸਥਿਰ ਰਹਿੰਦਾ ਹੈ।
ਇਹ ਮਹਿਸੂਸ ਕਰਦੇ ਹੋਏ ਕਿ ਵਸਨੀਕਾਂ ਕੋਲ਼ ਜ਼ਿਆਦਾ ਸਮਾਂ ਨਹੀਂ ਹੈ, ਡੇਵਿਡ ਤੇਜੀ ਨਾਲ ਪਿੱਛੇ ਆਇਆ ਅਤੇ ਲੋਕਾਂ ਨੂੰ ਆਪਣੀ ਜਾਨ ਬਚਾ ਕੇ ਭੱਜਣ ਲਈ ਕਿਹਾ ਜਦਕਿ ਆਪ ਹਥਿਆਰਬੰਦ ਭੀੜ ਨੂੰ ਰੋਕਣ ਵਿੱਚ ਜੁੜ ਗਿਆ। “ਅਸੀ ਜਿਨ੍ਹਾਂ ਵੀ ਹੋ ਸਕਿਆ ਸਮਾਨ ਇਕੱਠਾ ਕੀਤਾ ਅਤੇ ਪਹਾੜਾਂ ਵਿੱਚ ਅੰਦਰੂਨੀ ਖੇਤਰਾਂ ਵੱਲ ਭੱਜੇ ਜਿੱਥੇ ਸਾਡੇ ਭਾਈਚਾਰੇ ਦੇ ਲੋਕ ਕਾਬਜ ਸਨ,” ਖੁਮਾ ਕਹਿੰਦੇ ਹਨ। “ਡੇਵਿਡ ਨੇ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਪਿੱਛੇ ਆ ਜਾਵੇਗਾ। ਉਸਦੇ ਕੋਲ ਸਕੂਟਰ ਸੀ।”
ਡੇਵਿਡ ਅਤੇ ਦੂਜੇ ਰਾਖਿਆਂ ਨੇ ਆਪਣੇ ਪਰਿਵਾਰਾਂ ਦੇ ਬਚ ਕੇ ਭੱਜਣ ਲਈ ਕਾਫੀ ਸਮਾਂ ਬਚਾ ਲਿਆ ਸੀ। ਪਰ ਉਹ ਆਪ ਨਾ ਨਿਕਲ ਸਕੇ। ਉਸਦੇ ਸਕੂਟਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਫੜ੍ਹ ਲਿਆ ਗਿਆ ਅਤੇ ਪਿੰਡ ਵਿੱਚ ਹੀ ਉਸਦਾ ਸਿਰ ਕਲਮ ਕਰ ਦਿੱਤਾ ਗਿਆ। ਉਸਦੇ ਸਰੀਰ ਦੇ ਟੁਕੜੇ-ਟਕੜੇ ਕਰ ਕੇ ਸਾੜ ਦਿੱਤੇ ਗਏ।
“ਮੈਂ ਉਸ ਦਿਨ ਤੋਂ ਹੀ ਸਦਮੇ ਵਿੱਚ ਹਾਂ,” ਖੁਮਾ ਕਹਿੰਦੇ ਹਨ, ਜੋ ਇਸ ਸਮੇਂ ਚੂਰਾਚਾਂਦਪੁਰ ਜ਼ਿਲ੍ਹੇ ਦੀਆਂ ਅੰਦਰੂਨੀ ਪਹਾੜੀਆਂ ਵਿੱਚ ਆਪਣੇ ਭਰਾ ਕੋਲ਼ ਰਹਿ ਰਹੇ ਹਨ। “ਮੈਂ ਰਾਤ ਨੂੰ ਅਕਸਰ ਆਪਣੀ ਨੀਂਦ ਵਿੱਚੋਂ ਕੰਬ ਕੇ ਉੱਠ ਖੜ੍ਹਦਾ ਹਾਂ। ਮੈਂ ਚੰਗੀ ਤਰ੍ਹਾਂ ਸੌਂ ਨਹੀਂ ਸਕਦਾ। ਮੇਰੇ ਦਿਮਾਗ਼ ਵਿੱਚ ਮੇਰੇ ਬੇਟੇ ਦੇ ਕੱਟੇ ਹੋਏ ਸਿਰ ਨਾਲ ਤੁਰਦੇ ਹੋਏ ਇੱਕ ਆਦਮੀ ਦੀ ਤਸਵੀਰ ਘੁੰਮਦੀ ਰਹਿੰਦੀ ਹੈ। ਮੈਂ ਇਸ ਨੂੰ ਆਪਣੇ ਦਿਮਾਗ਼ ਵਿੱਚੋਂ ਨਹੀਂ ਕੱਢ ਸਕਦਾ।”
ਪੂਰੇ ਮਨੀਪੁਰ ਵਿੱਚ ਖੁਮਾ ਵਰਗੇ ਹਜ਼ਾਰਾਂ ਲੋਕ ਹਨ ਜੋ ਬੇਘਰ ਹੋ ਗਏ ਹਨ। ਉਹਨਾਂ ਨੂੰ ਹੁਣ ਇਹ ਵੀ ਨਹੀਂ ਪਤਾ ਕਿ ਆਪਣਾ ਘਰ ਕਿਸਨੂੰ ਕਹਿੰਦੇ ਹਨ। ਸਰੋਤਾਂ ਦੀ ਘਾਟ ਅਤੇ ਦੁਖਦਾਈ ਯਾਦਾਂ ਨਾਲ ਜੂਝ ਰਹੇ ਘਰੇਲੂ ਯੁੱਧ ਦੇ ਪੀੜਤਾਂ ਨੂੰ ਜਾਂ ਤਾਂ ਉਦਾਰ ਰਿਸ਼ਤੇਦਾਰਾਂ ਦੁਆਰਾ ਪਨਾਹ ਦਿੱਤੀ ਗਈ ਹੈ ਜਾਂ ਫਿਰ ਉਹ ਲੋਕ-ਭਲਾਈ ਸੰਸਥਾਵਾਂ ਦੁਆਰਾ ਪ੍ਰਬੰਧਿਤ ਰਾਹਤ ਕੈਂਪਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹਨ।
ਚੂਰਾਚਾਂਦਪੁਰ ਜ਼ਿਲ੍ਹੇ ਦੀ ਲੰਕਾ ਤਹਿਸੀਲ ਦੇ ਲਿੰਗਸੀਫਾਈ ਪਿੰਡ ਵਿੱਚ ਬੌਸ਼ੀ ਥਾਂਗ, 35, ਨੇ ਆਪਣੇ 3 ਤੋਂ 12 ਸਾਲ ਦੇ ਵਿਚਕਾਰ ਚਾਰ ਬੱਚਿਆਂ ਨਾਲ ਇੱਕ ਰਾਹਤ ਕੈਂਪ ਵਿੱਚ ਪਨਾਹ ਲਈ ਹੈ ਕਿਉਂਕਿ 3 ਮਈ ਨੂੰ ਕੰਗਪੋਕਪੀ ਜ਼ਿਲ੍ਹੇ ਵਿੱਚ ਪੈਂਦੇ ਉਹਨਾਂ ਦੇ ਪਿੰਡ ਹਾਓ ਖੋਂਗ ਚਿੰਗ ਉੱਤੇ ਹਮਲਾ ਕੀਤਾ ਗਿਆ ਸੀ। “ਮੀਤੀ ਭੀੜ ਨੇ ਨੇੜੇ ਦੇ ਤਿੰਨ ਪਿੰਡਾਂ ਨੂੰ ਅੱਗ ਲਗਾ ਦਿੱਤੀ ਸੀ ਅਤੇ ਹੁਣ ਸਾਡੇ ਵੱਲ ਆ ਰਹੇ ਸੀ,” ਉਹ ਕਹਿੰਦੀ ਹਨ। “ਸਾਡੇ ਕੋਲ਼ ਜ਼ਿਆਦਾ ਸਮਾਂ ਨਹੀਂ ਸੀ ਇਸ ਲਈ ਬੱਚਿਆਂ ਅਤੇ ਔਰਤਾਂ ਨੂੰ ਪਹਿਲਾਂ ਨਿਕਲਣ ਲਈ ਕਹਿ ਦਿੱਤਾ ਗਿਆ ਸੀ।”
ਉਹਨਾਂ ਦੇ ਪਤੀ ਲਾਲ ਤਿਨ ਥਾਂਗ, 34, ਦੂਜੇ ਆਦਮੀਆਂ ਨਾਲ ਪਿੱਛੇ ਪਿੰਡ ਵਿੱਚ ਹੀ ਰਹਿ ਗਏ ਸਨ, ਜਦਕਿ ਬੌਸ਼ੀ ਜੰਗਲਾਂ ਦੇ ਅੰਦਰ ਵੱਲ ਨਾਗਾ ਪਿੰਡ ਵੱਲ ਭੱਜ ਆਏ ਸਨ। ਨਾਗਾ ਕਬੀਲੇ ਵਾਲਿਆਂ ਨੇ ਉਹਨਾਂ ਨੂੰ ਅਤੇ ਬੱਚਿਆਂ ਨੂੰ ਪਨਾਹ ਦਿੱਤੀ ਜਿੱਥੇ ਉਹਨਾਂ ਨੇ ਸਾਰੀ ਰਾਤ ਆਪਣੇ ਪਤੀ ਦੇ ਇੰਤਜ਼ਾਰ ਕਰਦੇ ਹੋਏ ਬਿਤਾਈ।
ਨਾਗਾ ਭਾਈਚਾਰੇ ਦੇ ਇੱਕ ਆਦਮੀ ਨੇ ਉਹਨਾਂ ਦੇ ਪਿੰਡ ਜਾ ਕੇ ਇਹ ਦੇਖਣ ਦੀ ਪੇਸ਼ਕਸ਼ ਕੀਤੀ ਕਿ ਲਾਲ ਤਿਨ ਥਾਂਗ ਸੁਰੱਖਿਅਤ ਹਨ ਜਾਂ ਨਹੀਂ। ਪਰ ਉਹ ਅਜਿਹੀ ਖ਼ਬਰ ਨਾਲ ਵਾਪਸ ਆਏ ਜਿਸ ਨੇ ਬੌਸ਼ੀ ਦੇ ਸਭ ਤੋਂ ਭਿਆਨਕ ਡਰ ਦੀ ਪੁਸ਼ਟੀ ਕਰ ਦਿੱਤੀ। ਉਹਨਾਂ ਦੇ ਪਤੀ ਨੂੰ ਫੜ੍ਹ ਲਿਆ ਗਿਆ ਸੀ, ਤਸੀਹੇ ਦਿੱਤੇ ਗਏ ਅਤੇ ਜਿੰਦਾ ਸਾੜ ਦਿੱਤਾ ਗਿਆ। “ਇੱਥੋਂ ਤੱਕ ਕਿ ਮੇਰੇ ਕੋਲ ਮੇਰੇ ਪਤੀ ਦੀ ਮੌਤ ਦਾ ਸੋਗ ਜਾਂ ਅੰਤਿਮ ਸੰਸਕਾਰ ਦਾ ਵੀ ਸਮਾਂ ਨਹੀਂ ਸੀ,” ਬੌਸ਼ੀ ਕਹਿੰਦੀ ਹਨ। “ਮੈਂ ਬੱਚਿਆਂ ਨੂੰ ਸੁਰੱਖਿਅਤ ਕਰਨ ਵਿੱਚ ਰੁਝ ਗਈ। ਅਗਲੀ ਸਵੇਰ, ਕੁਝ ਨਾਗਾ ਲੋਕ ਮੈਨੂੰ ਇੱਕ ਕੁਕੀ ਪਿੰਡ ਛੱਡ ਆਏ, ਜਿਥੋਂ ਮੈਂ ਚੂਰਾਚਾਂਦਪੁਰ ਆ ਗਈ। ਮੈਨੂੰ ਨਹੀਂ ਲਗਦਾ ਕਿ ਮੈਂ ਕਦੇ ਦੁਬਾਰਾ ਵਾਪਸ ਘਰ ਜਾ ਸਕਾਂਗੀ। ਸਾਡੇ ਘਰ-ਬਾਰ ਨਾਲੋਂ ਸਾਡੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ।”
ਬੌਸ਼ੀ ਅਤੇ ਉਹਨਾਂ ਦੇ ਪਤੀ ਕੋਲ ਪਿੰਡ ਵਿੱਚ ਪੰਜ ਏਕੜ ਝੋਨੇ ਦੇ ਖੇਤ ਸਨ, ਜਿਸ ਨਾਲ ਉਹਨਾਂ ਦੀ ਰੋਜ਼ੀ-ਰੋਟੀ ਚਲਦੀ ਸੀ। ਪਰ ਉਹ ਹੁਣ ਵਾਪਸ ਜਾਣ ਦੀ ਸੋਚ ਵੀ ਨਹੀਂ ਸਕਦੀ। ਫਿਲਹਾਲ ਕੁਕੀ ਲੋਕਾਂ ਲਈ ਚੂਰਾਚਾਂਦਪੁਰ ਇੱਕ ਸੁਰੱਖਿਅਤ ਜਗ੍ਹਾ ਹੈ ਕਿਉਂਕਿ ਇੱਥੇ ਨੇੜੇ-ਤੇੜੇ ਕੋਈ ਮੀਤੀ ਨਹੀਂ ਹਨ। ਬੌਸ਼ੀ, ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਮੀਤੀ ਪਿੰਡ ਨੇੜੇ ਗੁਜ਼ਾਰੀ ਹੈ, ਅੱਜ ਉਹ ਉਹਨਾਂ ਨਾਲ ਮਿਲਣ ਦੇ ਵਿਚਾਰ ਨਾਲ ਵੀ ਘਬਰਾ ਜਾਂਦੀ ਹਨ। “ਸਾਡੇ ਪਿੰਡ ਦੇ ਆਲੇ-ਦੁਆਲੇ ਕਾਫੀ ਮੀਤੀ ਪਿੰਡ ਸਨ,” ਉਹ ਦੱਸਦੀ ਹਨ। “ਉਹ ਬਜ਼ਾਰ ਚਲਾਉਂਦੇ ਸਨ ਅਤੇ ਅਸੀਂ ਉਹਨਾਂ ਦੇ ਗਾਹਕ ਸਨ। ਇਹ ਇੱਕ ਤਰ੍ਹਾਂ ਦਾ ਦੋਸਤਾਨਾ ਰਿਸ਼ਤਾ ਸੀ।”
ਪਰ ਅੱਜ ਮਨੀਪੁਰ ਵਿੱਚ ਇਹਨਾਂ ਦੋਵਾਂ ਸਮਾਜਾਂ ਵਿੱਚ ਭਰੋਸਾ ਪੂਰੀ ਤਰ੍ਹਾਂ ਟੁੱਟ ਗਿਆ ਹੈ। ਰਾਜ ਨੂੰ ਵੰਡਿਆ ਗਿਆ ਹੈ ਜਿਸ ਵਿੱਚ ਇੰਫਾਲ ਘਾਟੀ ਵਿੱਚ ਮੀਤੀ ਸਮਾਜ ਜਦਕਿ ਕੁਕੀ ਭਾਈਚਾਰਾ ਘਾਟੀ ਦੇ ਆਲੇ-ਦੁਆਲੇ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਕਰ ਦਿੱਤਾ ਗਿਆ ਹੈ। ਇੱਕ- ਦੂਜੇ ਦੇ ਇਲਾਕੇ ਵਿੱਚ ਪੈਰ ਰੱਖਣਾ ਮੌਤ ਦੀ ਸਜ਼ਾ ਹੈ। ਇੰਫਾਲ ਦੇ ਕੁਕੀ ਇਲਾਕੇ ਪੂਰੀ ਤਰ੍ਹਾਂ ਉਜਾੜ ਪਏ ਹਨ। ਕੁਕੀ ਪ੍ਰਭਾਵੀ ਜ਼ਿਲ੍ਹਿਆਂ ਵਿੱਚ ਮੀਤੀ ਲੋਕਾਂ ਨੂੰ ਪਹਾੜਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ।
ਇੰਫਾਲ ਦੇ ਮੀਤੀ ਰਾਹਤ ਕੈਂਪ ਵਿੱਚ 50 ਸਾਲਾ ਹੇਮਾ ਬਾਟੀ ਮੋਰੰਗਥਮ ਯਾਦ ਕਰਦੀ ਦੱਸਦੀ ਹਨ ਕਿ ਕਿਸ ਤਰ੍ਹਾਂ ਉਹ ਆਪਣੇ ਅਧਰੰਗੀ ਭਰਾ ਨਾਲ ਬਚ ਨਿਕਲਣ ਵਿੱਚ ਸਫਲ ਹੋਏ। “ਮੇਰਾ ਇੱਕ ਕਮਰੇ ਵਾਲਾ ਘਰ ਵੀ ਸਾੜ ਦਿੱਤਾ ਗਿਆ,” ਉਹ ਕਹਿੰਦੀ ਹਨ। “ਮੇਰੇ ਭਤੀਜੇ ਨੇ ਪੁਲਿਸ ਨੂੰ ਬੁਲਾਇਆ ਸੀ। ਅਸੀਂ ਆਸ ਕਰ ਰਹੇ ਸੀ ਕਿ ਉਹ ਸਾਡੇ ਸੜ ਜਾਣ ਤੋਂ ਪਹਿਲਾਂ ਆ ਜਾਣਗੇ।”
ਕੁਕੀ ਭੀੜ ਨੇ ਭਾਰਤ-ਮਿਆਂਮਾਰ ਸਰਹੱਦ ’ਤੇ ਪੈਂਦੇ ਮੋਰੇਹ ਕਸਬੇ ਨੂੰ ਘੇਰ ਲਿਆ ਸੀ ਅਤੇ ਹੇਮਾ ਆਪਣੇ ਭਰਾ ਦੇ ਹਿੱਲਣ ਦੀ ਅਸਮਰੱਥਤਾ ਕਾਰਨ ਭੱਜ ਨਹੀਂ ਸੀ ਸਕਦੇ। “ਉਸਨੇ ਮੈਨੂੰ ਚਲੇ ਜਾਣ ਲਈ ਕਿਹਾ ਪਰ ਜੇ ਮੈਂ ਇਸ ਤਰ੍ਹਾਂ ਕਰਦੀ ਤਾਂ ਮੈਂ ਕਦੇ ਵੀ ਆਪਣੇ-ਆਪ ਨੂੰ ਮਾਫ਼ ਨਹੀਂ ਕਰ ਸਕਣਾ ਸੀ,” ਉਹ ਕਹਿੰਦੀ ਹਨ।
ਹੇਮਾ ਦੇ ਪਤੀ ਦੀ ਦੁਰਘਟਨਾ ਵਿੱਚ ਮੌਤ ਹੋਣ ਤੋਂ ਬਾਅਦ ਉਹ ਤਿੰਨੋਂ ਹੀ ਇੱਕ ਦੂਜੇ ਦਾ ਆਸਰਾ ਬਣੇ ਹੋਏ ਸਨ। ਦੂਜਿਆਂ ਦੀ ਸੁਰੱਖਿਆ ਲਈ ਕਿਸੇ ਇੱਕ ਦੀ ਕੁਰਬਾਨੀ ਦੇਣਾ ਕਦੇ ਵੀ ਕੋਈ ਵਿਕਲਪ ਨਹੀਂ ਰਿਹਾ। ਜੋ ਵੀ ਹੋਣਾ ਸੀ ਉਹ ਤਿੰਨਾਂ ਨੂੰ ਹੋਣਾ ਸੀ।
ਜਦੋਂ ਪੁਲਿਸ ਆਈ, ਹੇਮਾ ਅਤੇ ਉਹਨਾਂ ਦੇ ਭਤੀਜੇ ਨੇ ਉਹਨਾਂ ਦੇ ਭਰਾ ਨੂੰ ਚੁੱਕਿਆ ਅਤੇ ਆਪਣੇ ਸੜਦੇ ਹੋਏ ਘਰ ਵਿੱਚੋਂ ਦੀ ਹੁੰਦੇ ਹੋਏ ਪੁਲਿਸ ਕਾਰ ਵੱਲ ਲੈ ਕੇ ਆਏ। ਪੁਲਿਸ ਨੇ ਉਹਨਾਂ ਨੂੰ 110 ਕਿਲੋਮੀਟਰ ਦੂਰ ਸੁਰੱਖਿਅਤ ਇੰਫਾਲ ਵਿਖੇ ਛੱਡ ਦਿੱਤਾ। “ਮੈਂ ਉਦੋਂ ਤੋਂ ਇਸ ਰਾਹਤ ਕੈਂਪ ਵਿੱਚ ਹਾਂ,” ਉਹਨਾਂ ਦਾ ਕਹਿਣਾ ਹੈ। “ਮੇਰਾ ਭਤੀਜਾ ਅਤੇ ਮੇਰਾ ਭਰਾ ਸਾਡੇ ਕਿਸੇ ਰਿਸ਼ਤੇਦਾਰ ਕੋਲ ਹਨ।”
ਹੇਮਾ ਜੋ ਮੋਰੇਹ ਵਿੱਚ ਇੱਕ ਕਿਰਿਆਨੇ ਦੀ ਦੁਕਾਨ ਚਲਾਉਂਦੀ ਸਨ, ਹੁਣ ਜੀਵਨ ਨਿਰਬਾਹ ਲਈ ਦਾਨ ’ਤੇ ਨਿਰਭਰ ਹਨ। ਉਹ 20 ਹੋਰ ਅਜਨਬੀਆਂ ਨਾਲ ਇਕ ਭੀੜੇ ਜਿਹੇ ਕਮਰੇ ਵਿੱਚ ਸੌਂਦੀ ਹਨ। ਉਹ ਇੱਕੋ ਰਸੋਈ ਵਿੱਚੋਂ ਭੋਜਨ ਕਰਦੀ ਹਨ ਅਤੇ ਦਾਨ ਕੀਤੇ ਹੋਏ ਕਪੜੇ ਪਹਿਨਦੀ ਹਨ। “ਇਥੇ ਚੰਗੀ ਭਾਵਨਾ ਨਹੀਂ ਆਉਂਦੀ,” ਉਹ ਕਹਿੰਦੀ ਹਨ। “ਇੱਥੋਂ ਤੱਕ ਕਿ ਮੇਰੇ ਪਤੀ ਦੀ ਮੌਤ ਤੋਂ ਬਾਅਦ ਵੀ ਮੈਂ ਹਮੇਸ਼ਾ ਸਵੈ-ਨਿਰਭਰ ਰਹੀ ਹਾਂ। ਮੈਂ ਆਪਣੇ ਭਰਾ ਅਤੇ ਖ਼ੁਦ ਦੀ ਦੇਖਭਾਲ ਕੀਤੀ ਹੈ। ਮੈਨੂੰ ਨਹੀਂ ਪਤਾ ਕਿ ਸਾਨੂੰ ਇਸ ਤਰ੍ਹਾਂ ਕਿੰਨਾ ਸਮਾਂ ਰਹਿਣਾ ਪਵੇਗਾ।”
ਮਨੀਪੁਰ ਦੇ ਵਸਨੀਕ ਹੌਲੀ- ਹੌਲੀ ਆਪਣੇ ਘਰ ਗੁਆਉਣ, ਆਪਣਾ ਰੋਜ਼ੀ- ਰੋਟੀ ਅਤੇ ਆਪਣੇ ਪਿਆਰਿਆਂ ਨੂੰ ਗੁਆਉਣਾ ਸਵੀਕਾਰ ਕਰ ਰਹੇ ਹਨ।
ਭਾਵੇਂ ਖੁਮਾ ਉਹਨਾਂ ਲੋਕਾਂ ਤੋਂ ਵੱਖ ਨਹੀਂ ਹਨ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਖੋਇਆ ਹੈ, ਡੇਵਿਡ ਦੀ ਮੌਤ ਨੂੰ ਸਵੀਕਾਰ ਕਰਨਾ ਉਹਨਾਂ ਲਈ ਬਹੁਤ ਮੁਸ਼ਕਿਲ ਹੈ। 30 ਸਾਲ ਪਹਿਲਾਂ ਉਹਨਾਂ ਨੇ ਹੈਜੇ ਨਾਲ ਆਪਣੀ ਧੀ ਨੂੰ ਗੁਆ ਲਿਆ ਸੀ। 25 ਸਾਲ ਪਹਿਲਾਂ ਕੈਂਸਰ ਕਾਰਨ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ਸੀ। ਪਰ ਡੇਵਿਡ ਦੀ ਮੌਤ ਨੇ ਬਹੁਤ ਵੱਡਾ ਖਲਾਅ ਪੈਦਾ ਕਰ ਦਿੱਤਾ ਹੈ- ਇਹ ਨੌਜਵਾਨ ਉਹਨਾਂ ਦਾ ਸਭ ਕੁਝ ਸੀ।
ਖੁਮਾ ਨੇ ਡੇਵਿਡ ਨੂੰ ਆਪਣੇ ਹੱਥਾਂ ਨਾਲ ਪਾਲ ਕੇ ਵੱਡਾ ਕੀਤਾ ਸੀ। ਉਹ ਸਕੂਲ ਦੀਆਂ ਅਧਿਆਪਕ-ਮਾਪੇ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ। ਹਾਈ ਸਕੂਲ ਤੋਂ ਗ੍ਰੈਜੂਏਟ ਕਰਨ ਤੋਂ ਬਾਅਦ ਕਿਸ ਕਾਲਜ ਵਿੱਚ ਪੜ੍ਹਾਈ ਕਰਨੀ ਹੈ ਇਸ ਦੀ ਸਲਾਹ ਉਹਨਾਂ ਨੇ ਦਿੱਤੀ। ਉਹ ਉਸ ਨਾਲ ਹੀ ਸਨ ਜਦੋਂ ਉਸ ਨੇ ਪਹਿਲੀ ਵਾਰ ਇਹ ਕਿਹਾ ਕਿ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ।
ਇੰਨੇ ਸਾਲ ਇੱਕ-ਦੂਜੇ ਨਾਲ ਰਹਿਣ ਤੋਂ ਬਾਅਦ ਉਹਨਾਂ ਦਾ ਪਰਿਵਾਰ ਇੱਕ ਵਾਰ ਫਿਰ ਦੁਬਾਰਾ ਵੱਧਣ ਲੱਗਾ ਸੀ। ਡੇਵਿਡ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਇੱਕ ਸਾਲ ਬਾਅਦ ਇੱਕ ਬੱਚਾ ਹੋ ਗਿਆ ਸੀ। ਉਹ ਆਪਣੇ ਪੋਤਾ-ਪੋਤੀ ਨਾਲ ਇੱਕ ਸੀਨੀਅਰ ਸਿਟੀਜਨ ਵਜੋਂ ਖੇਡਦੇ ਅਤੇ ਉਸ ਨੂੰ ਪਾਲਦੇ ਦੀ ਕਲਪਨਾ ਕਰ ਰਹੇ ਸਨ। ਪਰ ਪਰਿਵਾਰ ਇੱਕ ਵਾਰ ਫਿਰ ਅਲੱਗ ਹੋ ਗਿਆ। ਡੇਵਿਡ ਦੀ ਪਤਨੀ ਅਤੇ ਬੱਚਾ ਕਿਸੇ ਦੂਜੇ ਪਿੰਡ ਵਿੱਚ ਉਸਦੀ ਮਾਂ ਕੋਲ ਹਨ। ਖੁਮਾ ਆਪਣੇ ਭਰਾ ਕੋਲ ਹਨ। ਉਹਨਾਂ ਕੋਲ ਸਿਰਫ ਯਾਦਾਂ ਹੀ ਬਚੀਆਂ ਹਨ। ਕੁਝ, ਜੋ ਉਹ ਹਮੇਸ਼ਾ ਕੋਲ ਰੱਖਣਾ ਚਾਹੁੰਦੇ ਹਨ। ਇੱਕ, ਜਿਸ ਤੋਂ ਉਹ ਛੁਟਕਾਰਾ ਪਾਉਣਾ ਚਾਹੁੰਦੇ ਹਨ।
ਤਰਜਮਾ: ਇੰਦਰਜੀਤ ਸਿੰਘ