“ਮੇਰੇ ਸਹੁਰਿਆਂ ਨੇ ਚੰਗੀ ਵਹੁਟੀ ਲਿਆਉਣ ਲਈ ਉਹਨੂੰ ਪੈਸੇ ਦਿੱਤੇ ਸਨ। ਇੱਥੇ ਇਹ ਇੱਕ ਆਮ ਪ੍ਰਥਾ ਹੈ।” 20 ਸਾਲਾ ਰੂਮਾ ਖੀਚੜ ਮੇਰੇ ਨਾਲ ਆਪਣੀ ਕਹਾਣੀ ਸਾਂਝੀ ਕਰਦੀ ਹਨ। “ਕਿਤੋਂ ਦੂਰੋਂ ਆ ਕੇ ਇੱਥੇ [ਰਾਜਸਥਾਨ] ਵੱਸਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਮੇਰੀ ਜੇਠਾਣੀ.....”
“ਪਚਾਸ ਹਜ਼ਾਰ ਲਗਾ ਕੇ ਉਸ ਕੋ ਲਾਏ ਥੇ! ਫ਼ਿਰ ਭੀ ਸਾਤ ਸਾਲ ਕੀ ਬੱਚੀ ਛੋੜ ਕੇ ਭਾਗ ਗਈ ਵੋ” 67 ਸਾਲਾ ਯਸ਼ੋਧਾ ਖੀਚੜ(ਬਦਲਿਆ ਨਾਮ) ਆਪਣੀ ਨੂੰਹ ਦੀ ਗੱਲ ਕੱਟਦੀ ਹੋਈ ਆਪਣਾ ਪੱਖ ਪੇਸ਼ ਕਰਦਿਆਂ ਕਹਿੰਦੀ ਹਨ।
ਪੰਜਾਬ ਤੋਂ ਲਿਆਂਦੀ ਆਪਣੀ ਵੱਡੀ ਨੂੰਹ, ਜੋ ਕਿ ਭੱਜ ਗਈ ਸੀ, ਬਾਰੇ ਗੱਲ ਕਰਦਿਆਂ ਯਸ਼ੋਧਾ ਦਾ ਗੁੱਸਾ ਅੱਜ ਵੀ ਬਰਕਰਾਰ ਹੈ ਤੇ ਉਹ ਕਹਿੰਦੀ ਹਨ,“ਉਹ ਔਰਤ! ਉਹ ਤਿੰਨ ਸਾਲ ਰਹੀ। ਉਸ ਨੂੰ ਹਮੇਸ਼ਾ ਹੀ ਭਾਸ਼ਾ ਦੀ ਸਮੱਸਿਆ ਰਹਿੰਦੀ ਸੀ। ਉਹਨੇ ਕਦੇ ਵੀ ਸਾਡੀ ਭਾਸ਼ਾ ਨਹੀਂ ਸਿੱਖੀ। ਰੱਖੜੀ ਦੇ ਦਿਨ, ਉਸ ਨੇ ਕਿਹਾ ਕਿ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਭਾਈ ਅਤੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਹੈ। ਅਸੀਂ ਉਸ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਪਰ ਉਹ ਕਦੇ ਮੁੜ ਕੇ ਹੀ ਨਹੀਂ ਆਈ। ਸੱਤ ਸਾਲ ਹੋ ਚੁੱਕੇ ਹਨ।”
ਯਸ਼ੋਧਾ ਦੀ ਦੂਜੀ ਨੂੰਹ, ਰੂਮਾ ਕਿਸੇ ਹੋਰ ਦਲਾਲ ਜ਼ਰੀਏ ਜੁਨਜੁਨੂ (ਜਿਸ ਨੂੰ ਜੁਨਜੁਨੂੰ ਵੀ ਕਿਹਾ ਜਾਂਦਾ ਹੈ) ਲਿਆਂਦਾ ਗਿਆ ਸੀ।
ਉਹਨਾਂ ਨੂੰ ਇਹ ਵੀ ਪਤਾ ਨਹੀਂ ਕਿ ਉਹਨਾਂ ਦਾ ਵਿਆਹ ਕਿਹੜੀ ਉਮਰ ਵਿੱਚ ਹੋਇਆ ਸੀ। “ਮੈਂ ਕਦੇ ਸਕੂਲ ਨਹੀਂ ਗਈ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਨਹੀਂ ਦੱਸ ਸਕਦੀ ਕਿ ਮੇਰਾ ਜਨਮ ਕਿਹੜੇ ਵਰ੍ਹੇ ਹੋਇਆ ਸੀ,” ਆਪਣੀ ਸਲੇਟੀ ਅਲਮਾਰੀ ਵਿੱਚ ਆਪਣਾ ਅਧਾਰ ਕਾਰਡ ਲੱਭਦੀ ਹੋਈ ਉਹ ਕਹਿੰਦੀ ਹਨ।
ਮੈਂ ਉਹਨਾਂ ਦੀ ਪੰਜ ਸਾਲ ਦੀ ਬੇਟੀ ਨੂੰ ਕਮਰੇ ਵਿੱਚ ਮੰਜੇ ’ਤੇ ਖੇਡਦੀ ਹੋਈ ਦੇਖਦੀ ਹਾਂ।
“ਸ਼ਾਇਦ ਮੇਰਾ ਆਧਾਰ ਮੇਰੇ ਪਤੀ ਦੇ ਪਰਸ ਵਿੱਚ ਹੈ। ਮੇਰਾ ਅਦਾਜ਼ਾ ਹੈ ਮੈਂ ਹੁਣ 22 ਵਰ੍ਹਿਆਂ ਦੀ ਹੈ,” ਰੂਮਾ ਦਾ ਕਹਿਣਾ ਹੈ।
“ਇੱਕ ਦੁਰਘਟਨਾ ਵਿੱਚ ਮੇਰੇ ਮਾਪਿਆਂ ਦੇ ਤੁਰ ਜਾਣ ਤੋਂ ਬਾਅਦ ਮੈਂ ਗੋਲਾਘਾਟ [ਅਸਾਮ] ਵਿੱਚ ਹੀ ਜੰਮੀ-ਪਲੀ ਹਾਂ,” ਉਹ ਅੱਗੇ ਜਾਰੀ ਕਰਦੀ ਹਨ। “ਮੈਂ ਸਿਰਫ਼ 5 ਵਰ੍ਹਿਆਂ ਦੀ ਸੀ ਅਤੇ ਉਦੋਂ ਤੋਂ ਮੇਰੇ ਪਰਿਵਾਰ ਵਿੱਚ ਸਿਰਫ਼ ਮੇਰਾ ਭਾਈ, ਭਾਬੀ, ਨਾਨਾ ਅਤੇ ਨਾਨੀ ਹਨ,” ਉਹ ਅੱਗੇ ਕਹਿੰਦੀ ਹਨ।
2016 ਵਿੱਚ ਇੱਕ ਦੁਪਹਿਰ ਰੂਮਾ ਨੇ ਆਪਣੇ ਭਾਈ ਨੂੰ ਅਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਨਾਨਕੇ ਘਰ ਵਿੱਚ ਰਾਜਸਥਾਨੀ ਪੋਸ਼ਾਕ ਪਹਿਨੇ ਦੋ ਅਣਜਾਣ ਵਿਅਕਤੀਆਂ ਨੂੰ ਲਿਆਉਂਦੇ ਦੇਖਿਆ। ਉਹਨਾਂ ਵਿੱਚੋਂ ਇੱਕ, ਜਵਾਨ ਕੁੜੀਆਂ ਨੂੰ ਦੁਲਹਣ ਵੱਜੋਂ ਵੇਚਣ ਵਾਲਾ ਦਲਾਲ ਸੀ।
ਰੂਮਾ ਕਹਿੰਦੀ ਹਨ, “ਦੂਜੇ ਰਾਜਾਂ ਦੇ ਲੋਕਾਂ ਦਾ ਮੇਰੇ ਸ਼ਹਿਰ ਆਉਣਾ ਆਮ ਗੱਲ ਨਹੀਂ ਸੀ।” ਉਹਨਾਂ ਨੇ ਉਸਦੇ ਪਰਿਵਾਰ ਨੂੰ ਬਿਨਾ ਕਿਸੇ ਦਾਜ-ਦਹੇਜ ਦੇ ਇੱਕ ਚੰਗਾ ਪਤੀ ਲੱਭਣ ਦਾ ਵਾਅਦਾ ਕੀਤਾ। ਉਹਨਾਂ ਨੇ ਕੁਝ ਪੈਸੇ ਅਤੇ ਬਿਨਾਂ ਕਿਸੇ ਖਰਚੇ ਦੇ ਵਿਆਹ ਦੀ ਪੇਸ਼ਕਸ਼ ਵੀ ਕੀਤੀ।
‘ਲਾਇਕ ਕੁੜੀ’ ਰੂਮਾ ਨੂੰ ਮਿਲਣ ਆਏ ਆਦਮੀਆਂ ਵਿੱਚੋਂ ਇੱਕ ਨਾਲ ਵਿਦਾ ਕਰ ਦਿੱਤਾ ਗਿਆ। ਇੱਕ ਹਫ਼ਤੇ ਦੇ ਅੰਦਰ ਦੋ ਆਦਮੀਆਂ ਨੇ ਉਸ ਨੂੰ ਜੁਨਜੁਨੂਂ ਜ਼ਿਲ੍ਹੇ ਦੇ ਕਿਸ਼ਨਪੁਰ ਪਿੰਡ ਵਿੱਚ ਪਹੁੰਚਾ ਦਿੱਤਾ — ਅਸਾਮ ਵਿਚਲੇ ਆਪਣੇ ਘਰ ਤੋਂ 2,500 ਕਿਲੋਮੀਟਰ ਦੂਰ।
ਵਿਆਹ ਲਈ ਰਾਜ਼ੀ ਹੋਣ ਬਦਲੇ ਜੋ ਪੈਸਿਆਂ ਦਾ ਦਾਅਵਾ ਕੀਤਾ ਗਿਆ ਸੀ, ਉਹ ਰੂਮਾ ਦੇ ਪਰਿਵਾਰ ਤੱਕ ਕਦੇ ਨਹੀਂ ਪਹੁੰਚੇ। ਉਹਨਾਂ ਦਾ ਸਹੁਰਾ ਪਰਿਵਾਰ ਇਹ ਦਾਅਵਾ ਕਰਦਾ ਹੈ ਕਿ ਉਹਨਾਂ ਦੇ ਲੜਕੀ ਦੇ ਪਰਿਵਾਰ ਦੇ ਹਿੱਸੇ ਸਮੇਤ ਸਾਰੀ ਰਕਮ ਦਾ ਭੁਗਤਾਨ ਦਲਾਲ ਨੂੰ ਕਰ ਦਿੱਤਾ ਸੀ।
“ਜ਼ਿਆਦਾਤਰ ਘਰਾਂ ਵਿੱਚ ਤੁਹਾਨੂੰ ਵੱਖੋ-ਵੱਖ ਰਾਜਾਂ ਦੀਆਂ ਨੂੰਹਾਂ ਮਿਲਣਗੀਆਂ,” ਰੂਮਾ ਦਾ ਕਹਿਣਾ ਹੈ। ਸਥਾਨਕ ਲੋਕ ਅਤੇ ਖੇਤਰ ਵਿੱਚ ਕੰਮ ਕਰਨ ਵਾਲੇ ਕਾਰਕੁਨਾਂ ਦਾ ਕਹਿਣਾ ਹੈ ਕਿ ਰਾਜਸਥਾਨ ਵਿੱਚ ਲਿਆਂਦੀਆਂ ਜਾਣ ਵਾਲੀਆਂ ਜਵਾਨ ਕੁੜੀਆਂ ਜ਼ਿਆਦਾਤਰ ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸ਼ਾ ਅਤੇ ਉੱਤਰ ਪ੍ਰਦੇਸ਼ ਤੋਂ ਹੁੰਦੀਆਂ ਹਨ।
ਰਾਜਸਥਾਨ ਵਿੱਚ ਵਹੁਟੀ ਲੱਭਣਾ ਮੁਸ਼ਕਿਲ ਹੈ — ਇਹ ਰਾਜ ਬਾਲ ਲਿੰਗਿਕ ਅਨੁਪਾਤ (0-6 ਸਾਲ ਦਾ ਉਮਰ ਵਰਗ) ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚੋਂ ਇੱਕ ਹੈ। 33 ਜ਼ਿਲ੍ਹਿਆਂ ਵਿੱਚੋਂ ਜੁਨਜੁਨੂ ਦੇ ਹਾਲਾਤ ਸਭ ਤੋਂ ਮਾੜੇ ਹਨ। 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਪੇਂਡੂ ਜੁਨਜੁਨੂ ਵਿੱਚ ਬਾਲ ਲਿੰਗਿਕ ਅਨੁਪਾਤ ਪ੍ਰਤੀ 1,000 ਮੁੰਡਿਆਂ ਮਗ਼ਰ 832 ਕੁੜੀਆਂ ਸਨ, ਜੋ ਕਿ ਰਾਸ਼ਟਰੀ ਅੰਕੜਿਆਂ ਤੋਂ ਵੀ ਘੱਟ ਹੈ ਜੋ ਕਿ ਪ੍ਰਤੀ 1,000 ਮੁੰਡਿਆਂ ਮਗ਼ਰ 923 ਕੁੜੀਆਂ ਹਨ।
ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਕਾਰਕੁਨ ਵਿਕਾਸ ਕੁਮਾਰ ਰਾਹਰ ਦਾ ਕਹਿਣਾ ਹੈ ਕਿ ਲੜਕੀਆਂ ਦੀ ਕਮੀ ਇਸ ਲਈ ਹੈ ਕਿਉਂਕਿ ਜ਼ਿਲ੍ਹੇ ਵਿੱਚ ਲਿੰਗ ਚੋਣ ਲੜਕਿਆਂ ਦੇ ਪੱਖ ਵਿੱਚ ਹੈ। “ਵਿਆਹੁਣ ਯੋਗ ਲੜਕੀਆਂ ਦੀ ਘਾਟ ਹੋਣ ਕਾਰਨ ਮਾਪੇ ਨੇੜੇ ਦੇ ਦਲਾਲਾਂ ਤੱਕ ਪਹੁੰਚ ਕਰਦੇ ਹਨ। ਬਦਲੇ ਵਿੱਚ ਦਲਾਲ ਇਹੋ ਜਿਹੇ ਪਰਿਵਾਰਾਂ ਨੂੰ ਦੂਜੇ ਰਾਜਾਂ ਤੋਂ ਬਹੁਤ ਗਰੀਬ ਪਿਛੋਕੜ ਵਾਲੀਆਂ ਕੁੜੀਆਂ ਦੀ ਪੇਸ਼ਕਸ਼ ਕਰਦੇ ਹਨ,” ਉਹ ਦੱਸਦੇ ਹਨ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( National Family Health Survey-5 ) ਵਿੱਚ ਦਰਜ 2019-20 ਦੇ ਤਾਜ਼ੇ ਅੰਕੜਿਆਂ ਅਨੁਸਾਰ ਰਾਜਸਥਾਨ ਦੇ ਸ਼ਹਿਰੀ ਖੇਤਰ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਪੈਦਾ ਹੋਏ ਬੱਚਿਆਂ ਦਾ ਜਨਮ ਸਮੇਂ ਲਿੰਗ ਅਨੁਪਾਤ ਪ੍ਰਤੀ 1,000 ਮੁੰਡਿਆਂ ਮਗ਼ਰ 940 ਕੁੜੀਆਂ ਹੈ। ਪੇਂਡੂ ਖੇਤਰ ਵਿੱਚ ਇਹ ਘਟ ਕੇ ਪ੍ਰਤੀ 1,000 ਮੁੰਡਿਆਂ ਮਗ਼ਰ 879 ਕੁੜੀਆਂ ਰਹਿ ਗਿਆ ਹੈ। ਜੁਨਜੁਨੂ ਦੀ 70 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਜਨਸੰਖਿਆ ਪੇਂਡੂ ਖੇਤਰ ਵਿੱਚ ਰਹਿੰਦੀ ਹੈ।
ਰਾਹਰ ਇੱਕ ਸਥਾਨਕ ਗੈਰ-ਸਰਕਾਰੀ ਸੰਸਥਾ, ਸਿੱਖਿਅਕ ਰੋਜ਼ਗਾਰ ਕੇਂਦਰ ਪ੍ਰਬੰਧਕ ਸਮਿਤੀ (SRKPS) ਦੇ ਕੋਆਰਡੀਨੇਟਰ ਹਨ। ਉਹ ਕਹਿੰਦੇ ਹਨ,“ਲੋਕ [ਵਹੁਟੀਆਂ ਲਈ] 20,000 ਰੁਪਏ ਤੋਂ ਲੈ ਕੇ 2.5 ਲੱਖ ਤੱਕ ਪੈਸਿਆਂ ਦੀ ਪੇਸ਼ਕਸ਼ ਕਰਦੇ ਹਨ, ਦਲਾਲ ਦਾ ਹਿੱਸਾ ਵਿੱਚ ਮਿਲਾ ਕੇ।”
ਪਰ ਕਿਓਂ ?
“ਇਸ ਤੋਂ ਬਿਨਾਂ ਕਿਸੇ ਨੂੰ [ਵਹੁਟੀ] ਕਿਵੇਂ ਮਿਲ ਸਕਦੀ ਹੈ?” ਯਸ਼ੋਧਾ ਪੁੱਛਦੀ ਹਨ। “ਇੱਥੇ ਕੋਈ ਵੀ ਤੁਹਾਨੂੰ ਆਪਣੀ ਧੀ ਦੇਣ ਲਈ ਤਿਆਰ ਨਹੀਂ ਹੁੰਦਾ ਜਿੰਨਾ ਸਮਾਂ ਤੁਹਾਡੇ ਕੋਲ ਸਰਕਾਰੀ ਨੌਕਰੀ ਨਹੀਂ ਹੈ।”
ਯਸ਼ੋਧਾ ਦੇ ਦੋ ਪੁੱਤਰ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਵਟਾਉਂਦੇ ਹਨ ਅਤੇ ਆਪਣੇ 6 ਡੰਗਰਾਂ ਦੀ ਦੇਖਭਾਲ ਕਰਦੇ ਹਨ। ਪਰਿਵਾਰ ਕੋਲ 18 ਵਿੱਘੇ ਹਨ ਜਿੱਥੇ ਉਹ ਬਾਜਰਾ, ਕਣਕ. ਕਪਾਹ ਅਤੇ ਸਰ੍ਹੋਂ ਉਗਾਉਂਦੇ ਹਨ। (ਰਾਜਸਥਾਨ ਵਿੱਚ ਇੱਕ ਵਿੱਘਾ 0.625 ਏਕੜ ਦੇ ਬਰਾਬਰ ਹੈ)
“ਮੇਰੇ ਪੁੱਤਰਾਂ ਨੂੰ ਇੱਥੋਂ ਕੁੜੀਆਂ ਨਹੀਂ ਮਿਲੀਆਂ, ਇਸ ਲਈ ਬਾਹਰੋਂ [ਤਸਕਰੀ ਕਰ ਕੇ] ਲਿਆਉਣਾ ਹੀ ਸਾਡੀ ਲਈ ਆਖਰੀ ਚਾਰਾ ਸੀ। ਅਸੀਂ ਕਦੋਂ ਤੱਕ ਆਪਣੇ ਪੁੱਤਰਾਂ ਨੂੰ ਕੁਆਰੇ ਤੇ ਅਣਵਿਆਹੇ ਰੱਖੀ ਰੱਖਦੇ?” ਯਸ਼ੋਧਾ ਪੁੱਛਦੀ ਹਨ।
ਸੰਯੁਕਤ ਰਾਸ਼ਟਰ ਦੇ ਡਰੱਗਜ਼ ਅਤੇ ਅਪਰਾਧ (The United Nations Office of Drugs and Crime - UNODC) ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਰੋਕਣ, ਦਬਾਉਣ ਅਤੇ ਸਜ਼ਾ ਦੇਣ ਦੇ ਪ੍ਰੋਟੋਕੋਲ ਵਿੱਚ ਤਸਕਰੀ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰਦੀ ਹਨ: “ਮੁਨਾਫੇ ਲਈ ਸੋਸ਼ਣ ਦੇ ਉਦੇਸ਼ ਨਾਲ ਲੋਕਾਂ ਦੀ ਜਬਰਦਸਤੀ ਭਰਤੀ, ਆਵਾਜਾਈ, ਤਬਾਦਲੇ, ਸ਼ਰਨ ਜਾਂ ਪ੍ਰਾਪਤੀ ਜਾਂ ਧੋਖਾਧੜੀ ਕਰਨੀ” ਤਸਕਰੀ ਅਖਵਾਉਂਦੀ ਹੈ। ਭਾਰਤ ਵਿੱਚ ਇਹ ਇੱਕ ਫ਼ੋਜਦਾਰੀ ਅਪਰਾਧ ਗਿਣਿਆ ਜਾਂਦਾ ਹੈ ਜੋ IPC ਦੀ ਧਾਰਾ 370 ਅਧੀਨ ਸਜ਼ਾਯੋਗ ਹੈ। ਇਸਦੇ ਲਈ 7 ਤੋਂ 10 ਸਾਲ ਤੱਕ ਦੀ ਕੈਦ ਦੀ ਸਜ਼ਾ ਮਿਲ ਸਕਦੀ ਹੈ।
“ਰਾਜਸਥਾਨ ਦੇ ਹਰ ਜ਼ਿਲ੍ਹੇ ਵਿੱਚ ਇੱਕ ਐਂਟੀ-ਹਿਉਮਨ ਟਰੈਫਿਕਿੰਗ ਯੂਨਿਟ ਹੈ,” ਜੁਨਜੁਨੂ ਦੇ ਪੁਲਿਸ ਸੁਪਰਡੈਂਟ ਮ੍ਰਿਦੁਲ ਕਛਾਵਾ ਕਹਿੰਦੇ ਹਨ ਜੋ ਇਸ ਪ੍ਰਥਾ ਨੂੰ ਰੋਕਣ ਲਈ ਆਪਣੇ ਯਤਨਾਂ ਬਾਰੇ PARI ਨੂੰ ਦੱਸਦੇ ਹਨ। “ਕੁਝ ਮਹੀਨੇ ਪਹਿਲਾਂ ਅਸਾਮ ਪੁਲਿਸ ਨੇ ਇੱਕ ਲੜਕੀ ਦੀ ਤਸਕਰੀ ਦੇ ਸਬੰਧ ਵਿੱਚ ਸਾਡੇ ਨਾਲ ਸੰਪਰਕ ਕੀਤਾ ਸੀ। ਅਸੀਂ ਜਾਂਚ ਕੀਤੀ, ਲੜਕੀ ਨੂੰ ਬਚਾਇਆ ਅਤੇ ਵਾਪਿਸ ਭੇਜ ਦਿੱਤਾ। ਪਰ ਕੁਝ ਮਾਮਲਿਆਂ ਵਿੱਚ ਤਸਕਰੀ ਨਾਲ ਆਈ ਔਰਤ ਵਾਪਸ ਜਾਣ ਤੋਂ ਇਨਕਾਰ ਕਰ ਦਿੰਦੀ ਹੈ। ਜਦੋਂ ਉਹ ਕਹਿੰਦੀ ਹੈ ਕਿ ਉਹ ਇੱਥੇ ਆਪਣੀ ਮਰਜੀ ਨਾਲ ਹੈ। ਫ਼ਿਰ ਇਹ ਮਸਲਾ ਗੁੰਝਲਦਾਰ ਹੋ ਜਾਂਦਾ ਹੈ।”
ਬੇਸ਼ੱਕ ਰੂਮਾ ਕਦੇ- ਕਦਾਈਂ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਹਨ ਪਰ ਆਪਣੇ ਸਹੁਰੇ ਘਰ ਵੀ ਰਹਿਣਾ ਚਾਹੁੰਦੀ ਹਨ। “ਮੈਂ ਇੱਕ ਆਮ ਔਰਤ ਵਾਂਗ ਖੁਸ਼ ਹਾਂ,” ਉਹ ਕਹਿੰਦੀ ਹਨ। “ਇੱਥੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਮੈਂ ਵਾਰ- ਵਾਰ ਆਪਣੇ ਘਰ ਨਹੀਂ ਜਾ ਸਕਦੀ ਕਿਉਂਕਿ ਇਹ ਬਹੁਤ ਦੂਰ ਹੈ ਪਰ ਹਾਂ, ਮੈਂ ਜਲਦੀ ਆਪਣੇ ਭਰਾ ਅਤੇ ਪਰਿਵਾਰ ਨੂੰ ਮਿਲਣਾ ਚਾਹਾਂਗੀ।” ਰੂਮਾ ਨੇ ਹੁਣ ਤੱਕ ਆਪਣੇ ਸਹੁਰੇ ਘਰ ਕਿਸੇ ਤਰ੍ਹਾਂ ਦੇ ਕੋਈ ਸਰੀਰਕ ਜਾਂ ਸ਼ਬਦੀ ਸੋਸ਼ਣ ਦਾ ਸਾਹਮਣਾ ਨਹੀਂ ਕੀਤਾ ਹੈ।
ਜਿੱਥੇ ਰੂਮਾ ਇੱਕ ‘ਆਮ ਕੁੜੀֹ’ ਵਾਂਗ ਮਹਿਸੂਸ ਕਰਦੀ ਹੈ, ਸੀਤਾ (ਨਾਮ ਬਦਲਿਆ ਗਿਆ) ਜੋ ਆਪਣੇ ਵੀਹਵੇਂ ਦਹਾਕੇ ਵਿੱਚ ਹੈ ਅਤੇ 2019 ਵਿੱਚ ਪੱਛਮੀ ਬੰਗਾਲ ਤੋਂ ਲਿਆਂਦੀ ਗਈ ਸੀ, ਦੀ ਇੱਕ ਵੱਖਰੀ ਕਹਾਣੀ ਹੈ ਜਿਸ ਨੂੰ ਉਹ ਸਾਂਝੀ ਕਰਨ ਤੋਂ ਡਰਦੀ ਹੈ। “ਮੈਂ ਨਹੀਂ ਚਾਹੁੰਦੀ ਕਿ ਤੁਸੀਂ ਮੇਰੇ ਜ਼ਿਲ੍ਹੇ ਜਾਂ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨਾਮ ਵਰਤੋ।”
“2019 ਵਿੱਚ ਇੱਕ ਰਾਜਸਥਾਨੀ ਦਲਾਲ ਜੁਨਜੁਨੂ ਤੋਂ ਵਿਆਹ ਦੀ ਪੇਸ਼ਕਸ਼ ਲੈ ਕੇ ਮੇਰੇ ਪਰਿਵਾਰ ਨੂੰ ਮਿਲਣ ਆਇਆ। ਉਸਨੇ ਸਾਡੇ ਪਰਿਵਾਰ ਨੂੰ ਝੂਠ ਬੋਲਿਆ ਕਿ ਪਰਿਵਾਰ ਕੋਲ ਬਹੁਤ ਪੈਸਾ ਹੈ ਅਤੇ ਮੇਰੇ ਹੋਣ ਵਾਲੇ ਪਤੀ ਦੀ ਚੰਗੀ ਨੌਕਰੀ ਹੈ। ਫ਼ਿਰ ਉਸਨੇ ਮੇਰੇ ਪਿਤਾ ਨੂੰ 1.5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਅਤੇ ਮੈਨੂੰ ਤੁਰੰਤ ਲੈ ਜਾਣ ਲਈ ਜ਼ੋਰ ਪਾਇਆ।” ਉਸ ਨੇ ਕਿਹਾ ਕਿ ਵਿਆਹ ਰਾਜਸਥਾਨ ਵਿੱਚ ਹੋਵੇਗਾ ਅਤੇ ਉਹ ਉਹਨਾਂ ਨੂੰ ਫੋਟੋਆਂ ਭੇਜ ਦੇਵੇਗਾ।
ਇਹ ਸੋਚਦੇ ਹੋਏ ਕਿ ਉਹ ਆਪਣੇ ਪਿਤਾ ਦੇ ਕਰਜ਼ਿਆਂ ਵਿੱਚ ਅਤੇ ਚਾਰ ਛੋਟੇ ਬੱਚਿਆਂ ਦੀ ਮਦਦ ਕਰ ਰਹੀ ਹੈ, ਸੀਤਾ ਉਸੇ ਦਿਨ ਰਵਾਨਾ ਹੋ ਗਈ।
“ਦੋ ਦਿਨਾਂ ਬਾਅਦ ਮੈਂ ਇੱਕ ਕਮਰੇ ਵਿੱਚ ਬੰਦ ਸੀ ਅਤੇ ਇੱਕ ਆਦਮੀ ਅੰਦਰ ਆਇਆ। ਮੈਂ ਸੋਚਿਆ ਕਿ ਉਹ ਮੇਰਾ ਪਤੀ ਹੈ,” ਉਹ ਅੱਗੇ ਦੱਸਦੀ ਹੈ। “ਉਸਨੇ ਮੇਰੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ। ਮੈਂ ਉਸ ਨੂੰ ਵਿਆਹ ਬਾਰੇ ਪੁੱਛਿਆ ਅਤੇ ਉਸਨੇ ਮੈਨੂੰ ਥੱਪੜ ਮਾਰਿਆ। ਮੇਰਾ ਬਲਾਤਕਾਰ ਕੀਤਾ ਗਿਆ। ਮੈ ਅਗਲ ਦੋ ਦਿਨ ਥੋੜ੍ਹੇ ਜਿਹੇ ਖਾਣੇ ਨਾਲ ਉਸੇ ਕਮਰੇ ਵਿੱਚ ਕੱਢੇ ਅਤੇ ਫਿਰ ਮੈਨੂੰ ਮੇਰੇ ਸਹੁਰੇ ਘਰ ਲਿਆਂਦਾ ਗਿਆ। ਉਂਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਪਤੀ ਕੋਈ ਦੂਜਾ ਆਦਮੀ ਹੈ ਅਤੇ ਮੇਰੇ ਤੋਂ ਅੱਠ ਸਾਲ ਵੱਡਾ ਹੈ।”
“ਜੁਨਜੁਨੂ ਵਿੱਚ SRKPS ਦੇ ਸੰਸਥਾਪਕ ਰਾਜਨ ਚੌਧਰੀ ਕਹਿੰਦੇ ਹਨ, “ਇੱਥੇ ਦਲਾਲਾਂ ਕੋਲ ਹਰ ਉਮਰ ਅਤੇ ਹਰ ਵਿੱਤ ਲਈ ਵਹੁਟੀ ਦੀ ਪੇਸ਼ਕਸ਼ ਹੈ। “ਮੈਂ ਇੱਕ ਵਾਰ ਇੱਕ ਦਲਾਲ ਨੂੰ ਕਿਹਾ ਕਿ ਮੈਂ 60 ਸਾਲ ਦਾ ਹਾਂ, ਕੀ ਮੇਰੇ ਲਈ ਕੁੜੀ ਲੱਭ ਸਕਦਾ ਹੈਂ? ਮੈਨੂੰ ਅਸ਼ਚਰਜ ਹੋਇਆ ਜਦੋਂ ਉਸਨੇ ਕਿਹਾ ਕਿ ਇਹ ਤਾਂ ਬਹੁਤ ਅਸਾਨ ਕੰਮ ਹੈ ਪਰ ਇਸਦੇ ਲਈ ਪੈਸੇ ਜ਼ਿਆਦਾ ਲੱਗਣਗੇ। ਜੋ ਤਰਕੀਬ ਉਸਨੇ ਦੱਸੀ ਉਸਦੇ ਅਨੁਸਾਰ ਇੱਕ ਜਵਾਨ ਆਦਮੀ ਨੇ ਨਾਲ ਜਾਣਾ ਸੀ ਜਿਸਨੂੰ ਹੋਣ ਵਾਲੇ ਲਾੜੇ ਵੱਜੋਂ ਪੇਸ਼ ਕਰਨਾ ਸੀ।” ਜਦੋਂ ਪਰਿਵਾਰ ਆਪਣੀ ਧੀ ਨੂੰ ਨਾਲ ਤੋਰ ਦਿੰਦੇ ਤਾਂ ਦਲਾਲ ਉਸ ਨੂੰ ਰਾਜਸਥਾਨ ਲਿਆ ਕੇ ਉਹਨਾਂ ਦਾ ਵਿਆਹ ਕਰਵਾ ਦਿੰਦਾ।
ਰਾਜਨ ਅਨੁਸਾਰ ਜੁਨਜੁਨੂ ਵਿੱਚ ਵਹੁਟੀਆਂ ਦੀ ਤਸਕਰੀ ਕਰਨ ਦਾ ਮੁੱਖ ਕਾਰਨ ਜ਼ਿਲ੍ਹੇ ਵਿੱਚ ਲਿੰਗਿਕ ਅਨੁਪਾਤ ਵਿੱਚ ਵਿਗਾੜ ਪੈਣਾ ਹੈ। “ਜ਼ਿਲ੍ਹੇ ਦੇ ਅੰਦਰ ਅਤੇ ਬਾਹਰ ਮਾਦਾ ਭਰੂਣ ਨੂੰ ਨਿਸ਼ਾਨਾ ਬਣਾਉਣ ਵਾਲੇ ਗ਼ੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਵੱਡੇ ਪੱਧਰ ’ਤੇ ਕੀਤੇ ਜਾਂਦੇ ਹਨ,” ਉਹ ਦੱਸਦੇ ਹਨ।
ਵਰਸ਼ਾ ਦੰਗੀ ਜੁਨਜੁਨੂ ਦੇ ਅਲਸੀਸਾਰ ਪਿੰਡ ਦੀ ਨਿਵਾਸੀ ਹਨ ਜੋ ਰੂਮਾ ਦੇ ਘਰ ਤੋਂ 30 ਕਿਲੋਮੀਟਰ ਦੂਰ ਹੈ। 2016 ਵਿੱਚ ਉਹਨਾਂ ਦਾ ਵਿਆਹ ਉਹਨਾਂ ਤੋਂ 15 ਸਾਲ ਵੱਡੇ ਆਦਮੀ ਨਾਲ ਹੋਇਆ ਸੀ। ਇਸ ਤਰ੍ਹਾਂ ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਤੋਂ ਆਪਣੇ ਪਤੀ ਦੇ ਘਰ ਲਿਆਂਦਾ ਗਿਆ।
“ਉਹ ਮੇਰੇ ਤੋਂ ਵੱਡੇ ਸੀ ਪਰ ਮੈਨੂੰ ਪਿਆਰ ਕਰਦੇ ਸੀ,” ਵਰਸ਼ਾ ਕਹਿੰਦੀ ਹਨ। “ਇਹ ਮੇਰੀ ਸੱਸ ਹੀ ਸੀ ਜਿਹਨਾਂ ਨੂੰ ਮੇਰੇ ਇੱਥੇ ਆਉਣ ਦੇ ਪਹਿਲੇ ਦਿਨ ਤੋਂ ਹੀ ਸਮੱਸਿਆ ਰਹੀ ਹੈ। ਹੁਣ ਕਿਉਂਕਿ ਮੇਰੇ ਪਤੀ ਨਹੀਂ ਰਹੇ, ਹਾਲਾਤ ਬਹੁਤ ਬੁਰੇ ਹੋ ਗਏ ਹਨ,” 32 ਸਾਲਾ ਵਰਸ਼ਾ ਦੱਸਦੀ ਹਨ।
“ਯਹਾਂ ਕਾ ਏਕ ਵਿਚੋਲੀਆ ਥਾ ਜੋ MP ਮੇਂ ਆਤਾ ਥਾ। ਮੇਰੇ ਘਰਵਾਲੋਂ ਕੇ ਪਾਸ ਪੈਸੇ ਨਹੀਂ ਥੇ ਦਹੇਜ ਦੇਨੇ ਕੇ ਲੀਏ, ਤੋ ਉਨਹੋਂ ਨੇ ਮੁਝੇ ਭੇਜ ਦੀਆ ਯਹਾਂ ਪਰ, ਵਿਚੋਲੀਏ ਕੇ ਸਾਥ। [ਇੱਕ ਦਲਾਲ ਹੁੰਦਾ ਸੀ ਜੋ ਅਕਸਰ ਮੱਧ ਪ੍ਰਦੇਸ਼ ਆਇਆ ਕਰਦਾ ਸੀ। ਮੇਰੇ ਪਰਿਵਾਰ ਕੋਲ ਮੇਰੇ ਵਿਆਹ ਦੇ ਦਾਜ ਦੇਣ ਲਈ ਪੈਸੇ ਨਹੀਂ ਸੀ, ਇਸ ਲਈ ਉਹਨਾਂ ਨੇ ਮੈਨੂੰ ਉਸ ਦਲਾਲ ਨਾਲ ਇੱਥੇ ਭੇਜ ਦਿੱਤਾ],” ਉਹ ਕਹਿੰਦੀ ਹਨ।
ਉਹ ਨਾਲ ਦੇ ਗੁਆਂਢੀਆਂ ਦੇ ਘਰ ਲੁਕ ਕੇ ਸਾਡੇ ਨਾਲ ਗੱਲ ਕਰ ਰਹੀ ਹਨ: “ਇਹ ਧਿਆਨ ਰੱਖਣਾ ਕਿ ਜਦੋਂ ਮੇਰੀ ਸੱਸ ਜਾਂ ਮੇਰੀ ਦਰਾਣੀ ਇੱਥੇ ਆਉਣ, ਤੁਸੀਂ ਮੇਰੇ ਨਾਲ ਇਸ ਬਾਰੇ ਗੱਲ ਨਾ ਕਰੋ। ਜੇਕਰ ਉਹਨਾਂ ਵਿੱਚੋਂ ਕਿਸੇ ਨੇ ਵੀ ਸਾਡੀਆਂ ਗੱਲਾਂ ਸੁਣ ਲਈਆਂ ਤਾਂ ਇਹ ਮੇਰੇ ਲਈ ਨਰਕ ਬਣ ਜਾਵੇਗਾ।”
‘ਇੱਕ ਦਲਾਲ ਹੁੰਦਾ ਸੀ ਜੋ ਅਕਸਰ ਮੱਧ ਪ੍ਰਦੇਸ਼ ਆਇਆ ਕਰਦਾ ਸੀ। ਮੇਰੇ ਪਰਿਵਾਰ ਕੋਲ ਮੇਰੇ ਵਿਆਹ ਦੇ ਦਾਜ ਦੇਣ ਲਈ ਪੈਸੇ ਨਹੀਂ ਸੀ, ਇਸ ਲਈ ਉਹਨਾਂ ਨੇ ਮੈਨੂੰ ਉਸ ਦਲਾਲ ਨਾਲ ਇੱਥੇ ਭੇਜ ਦਿੱਤਾ’
ਜਦੋਂ ਉਹ ਗੱਲ ਕਰ ਰਹੀ ਹਨ ਉਹਨਾਂ ਦਾ ਚਾਰ ਸਾਲ ਦਾ ਬੇਟਾ ਬਿਸਕੁਟ ਲਈ ਤੰਗ ਕਰ ਰਿਹਾ ਹੈ। ਗੁਆਂਢੀ ਨੇ ਉਸ ਨੂੰ ਥੋੜ੍ਹੇ ਜਿਹੇ ਦੇ ਦਿੱਤੇ। “ਜੇਕਰ ਇਹ ਲੋਕ ਨਾ ਹੁੰਦੇ,” ਗੁਆਂਢੀਆਂ ਵੱਲ ਇਸ਼ਾਰਾ ਕਰਦੀ ਹੋਈ ਉਹ ਕਹਿੰਦੀ ਹਨ, “ਮੈਂ ਅਤੇ ਮੇਰੇ ਬੱਚੇ ਨੇ ਭੁੱਖੇ ਮਰ ਜਾਣਾ ਸੀ। ਮੇਰਾ ਅਤੇ ਮੇਰੀ ਦਰਾਣੀ ਦਾ ਚੁੱਲ੍ਹਾ ਵੱਖੋ-ਵੱਖ ਹੈ। ਜਦੋਂ ਦੇ ਮੇਰੇ ਪਤੀ ਦੀ ਮੌਤ ਹੋਈ ਹੈ, ਇੱਕ ਸਮੇਂ ਦਾ ਖਾਣਾ ਵੀ ਮੁਸ਼ਕਿਲ ਹੁੰਦਾ ਹੈ।” ਇਹ ਦੱਸਦੇ ਹੋਏ ਵਰਸ਼ਾ ਰੋਣ ਲੱਗ ਜਾਂਦੀ ਹਨ ਕਿ ਕਿਸ ਤਰ੍ਹਾਂ 2022 ਵਿੱਚ ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੂੰ ਬਹੁਤ ਘੱਟ ਰਾਸ਼ਨ ਸਹਾਰੇ ਜ਼ਿੰਦਗੀ ਕੱਟਣੀ ਪੈ ਰਹੀ ਹੈ।
“ਹਰ ਦਿਨ ਮੈਨੂੰ ਘਰ ਤੋਂ ਬਾਹਰ ਨਿਕਲਣ ਨੂੰ ਕਿਹਾ ਜਾਂਦਾ ਹੈ। ਮੇਰੀ ਸੱਸ ਕਹਿੰਦੀ ਹੈ ਕਿ ਜੇ ਮੈਂ ਇੱਥੇ ਰਹਿਣਾ ਹੈ ਤਾਂ ਮੈਨੂੰ ਕਿਸੇ ਦੇ ਨਾਮ ਦਾ ਚੂੜਾ ਪਾਉਣਾ ਪਏਗਾ,” ਰਾਜਸਥਾਨੀ ਰੀਤੀ-ਰਿਵਾਜ ਵੱਲ ਇਸ਼ਾਰਾ ਕਰਦੇ ਹੋਏ ਵਰਸ਼ਾ ਕਹਿੰਦੀ ਹਨ ਜਿੱਥੇ ਵਿਧਵਾ ਨੂੰ ਪਤੀ ਦੇ ਪਰਿਵਾਰ ਵਿੱਚੋਂ ਕਿਸੇ ਹੋਰ ਆਦਮੀ ਨਾਲ, ਬਿਨਾ ਉਸਦੀ ਉਮਰ ਦੀ ਪਰਵਾਹ ਕੀਤੇ ਬਿਨਾ, ਵਿਆਹ ਕਰਵਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ। “ਉਹਨਾਂ ਨੂੰ ਇਹ ਚਿੰਤਾ ਹੈ ਕਿ ਮੈਂ ਆਪਣੇ ਪਤੀ ਦੀ ਜਾਇਦਾਦ ਵਿੱਚੋਂ ਹਿੱਸਾ ਮੰਗਾਂਗੀ,” ਇਸਦੇ ਪਿੱਛੇ ਦਾ ਕਾਰਨ ਦੱਸਦੀ ਹੋਈ ਵਰਸ਼ਾ ਕਹਿੰਦੀ ਹਨ।
ਇਹ ਜ਼ਿਲ੍ਹਾ ਜ਼ਿਆਦਾਤਰ ਪੇਂਡੂ ਹੈ ਅਤੇ 66 ਪ੍ਰਤੀਸ਼ਤ ਅਬਾਦੀ ਖੇਤੀਬਾੜੀ ਨਾਲ ਜੁੜੀ ਹੋਈ ਹੈ। ਉਸਦੇ ਪਤੀ ਇੱਕ ਕਿਸਾਨ ਸਨ ਅਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਕੋਈ ਵੀ ਉਹਨਾਂ ਦੇ ਹਿੱਸੇ ਦੀ ਜ਼ਮੀਨ ’ਤੇ ਖੇਤੀ ਨਹੀਂ ਕਰਦਾ। ਪਰਿਵਾਰ ਕੋਲ਼ 20 ਵਿੱਘੇ ਜ਼ਮੀਨ ਹੈ ਜੋ ਦੋ ਭਾਈਆਂ ਦੀ ਸਾਂਝੀ ਹੈ।
ਵਰਸ਼ਾ ਦਾ ਕਹਿਣਾ ਹੈ ਕਿ ਉਹਨਾਂ ਦੀ ਸੱਸ ਉਹਨਾਂ ਨੂੰ ਵਾਰ- ਵਾਰ ਮਿਹਣੇ ਮਾਰਦੀ ਹਨ, “ਹਮ ਤੁਮਕੋ ਢਾਈ ਲਾਖ ਮੇਂ ਖਰੀਦ ਕੇ ਲਾਏ ਹੈਂ, ਜੋ ਕਾਮ ਬੋਲਾ ਜਾਏ ਵੋ ਤੋ ਕਰਨਾ ਹੀ ਪੜੇਗਾ। [ਅਸੀਂ ਤੈਨੂੰ 2.5 ਲੱਖ ਦੇ ਕੇ ਖਰੀਦ ਕੇ ਲਿਆਏ ਹਾਂ। ਤੈਨੂੰ ਉਹ ਕੰਮ ਤਾਂ ਕਰਨਾ ਹੀ ਪਏਗਾ ਜੋ ਅਸੀਂ ਕਹਾਂਗੇ।]”
“ਮੈਨੂੰ ‘ਖਰੀਦੀ ਹੋਈ’ ਦੇ ਟੈਗ ਨਾਲ ਜਿਓਣਾ ਪੈਂਦਾ ਹੈ ਅਤੇ ਇਸਦੇ ਨਾਲ ਹੀ ਮੈਂ ਮਰਾਂਗੀ।”
*****
ਇਹ ਦਸੰਬਰ 2022 ਦੀ ਗੱਲ ਹੈ। ਛੇ ਮਹੀਨੇ ਬਾਅਦ PARI ਨਾਲ ਫੋਨ ’ਤੇ ਗੱਲ ਕਰਦੇ ਹੋਏ ਉਹਨਾਂ ਦੇ ਬੋਲਣ ਦਾ ਲਹਿਜ਼ਾ ਵੱਗਰਾ ਸੀ। “ਆਜ ਸੁਬਹ ਹਮ ਅਪਨੇ ਘਰ ਆ ਗਏ ਹੈਂ [ਇਸ ਸਵੇਰ ਅਸੀਂ ਆਪਣੇ ਘਰ ਆ ਗਏ ਹਾਂ],” ਉਹ ਬੋਲਦੀ ਹਨ। ਉਹਨਾਂ ਦੇ ਸਹੁਰੇ ਪਰਿਵਾਰ ਵਿੱਚ ਉਹ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਦਿਓਰ ਨਾਲ ਰਹਿਣ ਲਈ ਜਾਂ ਫਿਰ ਨਿਕਲ ਜਾਣ ਲਈ ਕਹਿੰਦੇ ਰਹਿੰਦੇ ਸੀ। “ਇੱਥੋ ਤੱਕ ਕਿ ਉਹਨਾਂ ਨੇ ਮੈਨੂੰ ਕੁੱਟਿਆ ਵੀ, ਇਸ ਲਈ ਮੈਨੂੰ ਉੱਥੋਂ ਨਿਕਲਣਾ ਪਿਆ,” ਉਹ ਦੱਸਦੀ ਹਨ।
ਉਹਨਾਂ ਨੇ ਫੈਸਲਾ ਕੀਤਾ ਕਿ ਉਹ ਹੁਣ ਹੋਰ ਨਹੀਂ ਸਹਿਣਗੇ। ਉਹਨਾਂ ਦਾ ਦਿਓਰ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਆਪਣੀ ਪਤਨੀ ਨਾਲ ਰਹਿੰਦਾ ਸੀ। “ਸਾਡੇ ਪਿੰਡ ਵਿੱਚ ਇਹ ਆਮ ਗੱਲ ਹੈ ਕਿ ਵਿਧਵਾ ਨੂੰ ਘਰ ਦੇ ਕਿਸੇ ਹੋਰ ਆਦਮੀ ਦੇ ਲੜ ਲਾ ਦਿੱਤਾ ਜਾਂਦਾ ਹੈ। ਉਮਰ ਜਾਂ ਵਿਆਹੁਤਾ ਸਥਿਤੀ ਕੁਝ ਮਾਇਨੇ ਨਹੀਂ ਰੱਖਦੇ,” ਵਰਸ਼ਾ ਕਹਿੰਦੀ ਹਨ।
ਵਰਸ਼ਾ ਆਪਣੇ ਬੇਟੇ ਦੇ ਟੀਕਾ ਲਗਵਾਉਣ ਦੇ ਬਹਾਨੇ ਘਰੋਂ ਨਿਕਲ ਗਈ। ਬਾਹਰ ਨਿਕਲਣ ’ਤੇ ਉਹਨਾਂ ਨੇ ਮੱਧ-ਪ੍ਰਦੇਸ਼ ਜਾਣ ਵਾਲੀ ਰੇਲਗੱਡੀ ਫੜੀ। “ਮੇਰੇ ਗੁਆਂਢ ਦੀਆਂ ਔਰਤਾਂ ਨੇ ਸਾਡੀਆਂ ਟਿਕਟਾਂ ਲਈ ਪੈਸੇ ਇਕੱਠੇ ਕਰ ਕੇ ਦਿੱਤੇ ਸਨ। ਪਰ ਰਸਤੇ ਵਿੱਚ ਮੇਰੇ ਕੋਲ ਕੋਈ ਪੈਸਾ ਨਹੀਂ ਸੀ,” ਉਹ ਦੱਸਦੀ ਹਨ।
“ਮੈਂ 100 ਨੰਬਰ ਮਿਲਾ ਕੇ ਪੁਲਿਸ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਪੰਚਾਇਤ ਮੇਰੀ ਮਦਦ ਕਰੇਗੀ। ਜਦੋਂ ਮੇਰਾ ਮਸਲਾ ਪੰਚਾਇਤ ਕੋਲ ਗਿਆ, ਉਹਨਾਂ ਨੇ ਮੇਰੀ ਮਦਦ ਲਈ ਕੁਝ ਨਹੀਂ ਕੀਤਾ।”
ਇੱਕ ਨਵੇਂ ਵਿਸ਼ਵਾਸ ਅਤੇ ਇੱਕ ਏਜੰਸੀ ਦੀ ਭਾਵਨਾ ਨਾਲ ਗੱਲ ਕਰਦੇ ਹੋਏ ਉਹ ਕਹਿੰਦੀ ਹਨ, “ਮੈਂ ਸਚਮੁੱਚ ਚਾਹੁੰਦੀ ਹਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਮੇਰੇ ਵਰਗੀਆਂ ਔਰਤਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ।”
ਤਰਜਮਾ: ਇੰਦਰਜੀਤ ਸਿੰਘ