ਸ਼ੈਲਾ ਨਾਚ ਛਤੀਸਗੜ੍ਹ ਦੇ ਸਰਗੁਜਾ ਤੇ ਜਾਸ਼ਪੁਰ ਜ਼ਿਲ੍ਹਿਆਂ ਦਾ ਮਸ਼ਹੂਰ ਨਾਚ ਹੈ। ਰਾਜਵਾੜੇ, ਯਾਦਵ, ਨਾਇਕ, ਮਾਨਿਕਪੁਰੀ ਭਾਈਚਾਰਿਆਂ ਦੇ ਲੋਕ ਇਸ ਨਾਚ ਦੀ ਪੇਸ਼ਕਾਰੀ ਕਰਦੇ ਹਨ। ''ਅਸੀਂ ਸ਼ੇਤ ਤਿਓਹਾਰ ਦੇ ਦਿਨ ਤੋਂ ਹੀ ਨੱਚਣਾ ਸ਼ੁਰੂ ਕਰ ਦਿੰਦੇ ਹਾਂ। ਬਾਕੀ ਛੱਤੀਸਗੜ੍ਹ ਤੇ ਓੜੀਸ਼ਾ ਵਿੱਚ ਇਸ ਤਿਓਹਾਰ ਨੂੰ ਛੇਰਛੇਰਾ ਵੀ ਕਹਿੰਦੇ ਹਨ,'' ਕ੍ਰਿਸ਼ਨਾ ਕੁਮਾਰ ਰਾਜਵਾੜੇ ਦਾ ਕਹਿਣਾ ਹੈ ਜੋ ਸਰਗੁਜਾ ਜ਼ਿਲ੍ਹੇ ਦੇ ਲਾਹਪਾਤਰਾ ਪਿੰਡ ਦੇ ਵਾਸੀ ਹਨ।
ਛੱਤੀਸਗੜ੍ਹ ਦੀ ਰਾਜਧਾਨੀ, ਰਾਏਪੁਰ ਵਿਖੇ ਰਾਜ ਵੱਲੋਂ ਪ੍ਰਾਯੋਜਿਤ ਹਸਤਕਲਾ ਦੇ ਤਿਓਹਾਰ ਮੌਕੇ 15 ਸ਼ੈਲਾ ਨਾਚਿਆਂ ਦੀ ਇੱਕ ਟੋਲੀ ਪੇਸ਼ਕਾਰੀ ਕਰਨ ਆਈ ਹੈ। ਕ੍ਰਿਸ਼ਨਾ ਕੁਮਾਰ ਇਸੇ ਟੋਲੀ ਹਿੱਸਾ ਹਨ।
ਨਾਚਿਆਂ ਦੇ ਗੂੜ੍ਹੇ ਰੰਗੇ ਲਿਬਾਸ, ਸਜਾਵਟੀ ਪੱਗਾਂ ਤੇ ਹੱਥ ਵਿੱਚ ਫੜ੍ਹੀਆਂ ਰੰਗ-ਬਿਰੰਗੀਆਂ ਸੋਟੀਆਂ- ਸਭ ਕੁਝ ਰਲ਼ ਕੇ ਇਸ ਨਾਚ ਨੂੰ ਰੰਗਾਂ ਦਾ ਨਾਚ ਬਣਾ ਦਿੰਦਾ ਹੈ। ਇਸ ਨਾਚ ਨੂੰ ਬੰਸਰੀ, ਮੰਡਰ, ਮਾਹੁਰੀ ਤੇ ਝਾਲ ਦੀ ਧੁਨ ਦਿੱਤੀ ਜਾਂਦੀ ਹੈ।
ਇਹ ਨਾਚ ਸਿਰਫ਼ ਪੁਰਸ਼ ਹੀ ਕਰਦੇ ਹਨ ਤੇ ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀਆਂ ਪੁਸ਼ਾਕਾਂ ਮੋਰ ਦੇ ਖੰਭਾਂ ਨਾਲ਼ ਸਜਾਈਆਂ ਹੁੰਦੀਆਂ ਹਨ, ਇਹ ਦਿਖਾਉਣ ਵਾਸਤੇ ਕਿ ਮੋਰ ਵੀ ਇਸ ਨਾਚ ਦਾ ਹਿੱਸਾ ਹਨ।
ਛੱਤੀਸਗੜ੍ਹ ਦੀ ਬਹੁਤੇਰੀ ਅਬਾਦੀ ਆਦਿਵਾਸੀਆਂ ਦੀ ਹੈ। ਇੱਥੋਂ ਦੇ ਵਾਸੀ ਖੇਤੀਬਾੜੀ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਇਸੇ ਕਾਰਨ ਇਸ ਖੇਤਰ ਦੇ ਨਾਚ ਤੇ ਸੰਗੀਤ ਵਿੱਚ ਖੇਤੀ ਹੀ ਝਲਕਦੀ ਹੈ। ਵਾਢੀ ਹੋਣ ਤੋਂ ਬਾਅਦ, ਲੋਕੀਂ ਮਸਤ ਹੋ ਕੇ ਨਾਚ ਕਰਦੇ ਹਨ ਤੇ ਨੱਚਦਿਆਂ-ਨੱਚਦਿਆਂ ਪਿੰਡ ਦੇ ਇੱਕ ਖੂੰਜੇ ਤੋਂ ਦੂਜੇ ਤੱਕ ਜਾਂਦੇ ਹਨ।
ਤਰਜਮਾ: ਕਮਲਜੀਤ ਕੌਰ