''ਹੁਣ ਟੀਵੀ ਅਤੇ ਮੋਬਾਈਲ ਆ ਗਏ ਹਨ। ਲੋਕ ਇਸੇ ਨਾਲ਼ ਮਨੋਰੰਜਨ ਕਰ ਲੈਂਦੇ ਨੇ," ਮੁਸਲਿਮ ਖ਼ਲੀਫ਼ਾ ਢੋਲਕ ਦੇ ਛੱਲਿਆਂ ਨੂੰ ਕੱਸਦਿਆਂ ਕਹਿੰਦੇ ਹਨ।
ਮੁਸਲਿਮ ਖ਼ਲੀਫ਼ਾ 12 ਵੀਂ ਸਦੀ ਦੇ ਯੋਧਿਆਂ ਆਲਹਾ ਅਤੇ ਊਦਲ ਦੀਆਂ ਵੀਰ-ਗਾਥਾਵਾਂ ਗਾਉਂਦੇ ਹਨ (ਕਈ ਵਾਰ ਊਦਲ ਦੀ ਬਜਾਏ ਰੁਦਲ ਵੀ ਲਿਖਿਆ ਜਾਂਦਾ ਹੈ)। ਇਹ ਲੋਕ ਗਵੱਈਆ ਅਤੇ ਢੋਲਚੀ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲ਼ੇ ਹਨ, ਅਤੇ ਲਗਭਗ ਪੰਜ ਦਹਾਕਿਆਂ ਤੋਂ ਘੁੰਮ-ਘੁੰਮ ਕੇ ਗਾਉਂਦੇ-ਵਜਾਉਂਦੇ ਰਹੇ ਹਨ; ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਟੁਣਕਾਰ ਅਤੇ ਸੁਰੀਲਾਪਣ ਹੈ, ਜੋ ਉਨ੍ਹਾਂ ਨੂੰ ਇੱਕ ਚੰਗਾ ਗਵੱਈਆ ਬਣਾਉਂਦੀ ਹੈ।
ਅਪ੍ਰੈਲ-ਮਈ ਵਿੱਚ ਝੋਨੇ, ਕਣਕ ਅਤੇ ਮੱਕੀ ਦੀ ਵਾਢੀ ਦੇ ਸੀਜ਼ਨ ਦੌਰਾਨ, ਉਹ ਖੇਤਾਂ ਵਿੱਚ ਘੁੰਮਦੇ ਹਨ ਅਤੇ ਢੋਲਕ ਦੀ ਥਾਪ 'ਤੇ ਗਾਉਂਦੇ ਹਨ ਤੇ ਕਿਸਾਨਾਂ ਨੂੰ ਵੀਰ-ਗਾਥਾ ਸੁਣਾਉਂਦੇ ਹਨ। ਲਗਭਗ ਦੋ ਘੰਟੇ ਸੋਹਲੇ ਸੁਣਾਉਣ ਬਦਲੇ, ਉਨ੍ਹਾਂ ਨੂੰ ਲਗਭਗ 10 ਕਿਲੋ ਅਨਾਜ ਮਿਲ਼ਦਾ ਹੈ। "ਤਿੰਨਾਂ ਫ਼ਸਲਾਂ ਦੀ ਵਾਢੀ ਵਿੱਚ ਇੱਕ ਮਹੀਨਾ ਲੱਗਦਾ ਏ, ਇਸ ਲਈ ਪੂਰਾ ਮਹੀਨਾ ਮੈਂ ਖੇਤਾਂ ਵਿੱਚ ਘੁੰਮਦਾ ਰਹਿੰਨਾਂ," ਉਹ ਕਹਿੰਦੇ ਹਨ। ਵਿਆਹਾਂ ਦੇ ਤਿੰਨ ਮਹੀਨਿਆਂ ਦੇ ਸੀਜ਼ਨ ਦੌਰਾਨ ਉਨ੍ਹਾਂ ਦੀ ਮੰਗ ਵੱਧ ਜਾਂਦੀ ਹੈ, ਇਸ ਸਮੇਂ ਉਹ 10 ਤੋਂ 15,000 ਰੁਪਏ ਕਮਾ ਲੈਂਦੇ ਹਨ।
ਆਲਹਾ-ਊਦਲ ਦੀ ਬਹਾਦਰੀ ਦੀ ਕਹਾਣੀ ਇੰਨੀ ਲੰਬੀ ਹੈ ਕਿ ਪੂਰੀ ਕਹਾਣੀ ਸੁਣਨ ਵਿੱਚ ਕਈ ਦਿਨ ਲੱਗ ਜਾਂਦੇ ਹਨ ਅਤੇ ਇਸ ਲਈ ਇੱਕ ਪ੍ਰਤੀਬੱਧ ਤੇ ਇਕਾਗਰਤਾ ਨਾਲ਼ ਸੁਣਨ ਵਾਲ਼ਾ ਸਰੋਤਾ ਹੋਣਾ ਜ਼ਰੂਰੀ ਹੈ। ਖ਼ਲੀਫ਼ਾ ਕਹਿੰਦੇ ਹਨ, "ਅੱਜ ਇੰਨੀ ਦੇਰ ਤੱਕ ਸੁਣੇਗਾ ਕੌਣ?" ਖਾਲਿਸਪੁਰ ਪਿੰਡ ਦੇ 60 ਸਾਲਾ ਲੋਕ-ਗਵੱਈਆ ਦੀ ਵੀਰ-ਗਾਥਾ ਦੀ ਮੰਗ 'ਚ ਹੁਣ ਗਿਰਾਵਟ ਦੇਖਣ ਨੂੰ ਮਿਲ਼ ਰਹੀ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਕਮਾਈ 'ਤੇ ਪੈ ਰਿਹਾ ਹੈ। ਉਹ ਅਫ਼ਸੋਸ ਕਰਦਿਆਂ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਖੁਦ ਆਲਹਾ-ਊਦਲ ਵਿੱਚ ਦਿਲਚਸਪੀ ਨਹੀਂ ਰੱਖਦੇ।
ਖ਼ਲੀਫ਼ਾ ਇਸਲਾਮ ਦਾ ਪਾਲਣ ਕਰਦੇ ਹਨ ਪਰ ਨਟ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹੈ, ਜਿਸ ਨੂੰ ਬਿਹਾਰ ਵਿੱਚ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਹੈ। ਬਿਹਾਰ ਵਿੱਚ ਨਟ ਭਾਈਚਾਰੇ ਦੀ ਆਬਾਦੀ 58,819 ਹੈ, ਪਰ ਮਈ ਮਹੀਨੇ ਵਿੱਚ ਪਾਰੀ ਨਾਲ਼ ਗੱਲ ਕਰਦਿਆਂ, ਮੁਸਲਿਮ ਖ਼ਲੀਫ਼ਾ ਨੇ ਦੱਸਿਆ, "10-20 ਪਿੰਡਾਂ ਵਿੱਚ ਸ਼ਾਇਦ ਹੀ ਕੋਈ ਵਿਰਲਾ [ਆਲਹਾ-ਊਦਲ] ਗਵੱਈਆ ਮਿਲ਼ਦਾ ਹੋਵੇ।''
ਖਾਲਿਸਪੁਰ ਪਿੰਡ ਸਥਿਤ ਉਨ੍ਹਾਂ ਦੀ ਝੌਂਪੜੀ ਦੇ ਖੰਭੇ ਨਾਲ਼ ਢੋਲਕੀ ਲਟਕ ਰਹੀ ਹੈ। ਕਮਰੇ ਵਿੱਚ ਇੱਕ ਚੌਂਕੀ ਜਿਹੀ ਹੈ ਅਤੇ ਥੋੜ੍ਹਾ ਬਹੁਤ ਸਾਮਾਨ ਪਿਆ ਹੋਇਆ ਹੈ। ਇਸੇ ਝੌਂਪੜੀ ਅੰਦਰ ਮੁਸਲਿਮ ਖ਼ਲੀਫ਼ਾ ਦੀਆਂ ਛੇ ਪੀੜ੍ਹੀਆਂ ਰਹਿੰਦੀਆਂ ਰਹੀਆਂ ਸਨ; ਉਹ ਹੁਣ ਇੱਥੇ ਆਪਣੀ ਪਤਨੀ ਮੋਮੀਨਾ ਨਾਲ਼ ਰਹਿੰਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਆਲਹਾ-ਊਦਲ ਦੀ ਵੀਰ-ਗਾਥਾ ਸੁਣਾਉਣ ਦੀ ਬੇਨਤੀ ਕੀਤੀ, ਤਾਂ ਉਨ੍ਹਾਂ ਨੇ ਸਾਨੂੰ ਅਗਲੀ ਸਵੇਰ ਆਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਸ਼ਾਮ ਦਾ ਸਮਾਂ ਗਾਉਣ ਲਈ ਅਨੁਕੂਲ ਨਹੀਂ ਹੈ। ਅਗਲੀ ਸਵੇਰ ਜਦੋਂ ਅਸੀਂ ਉਨ੍ਹਾਂ ਦੇ ਘਰ ਅਪੜੇ ਤਾਂ ਚੌਂਕੀ 'ਤੇ ਢੋਲਕੀ ਰੱਖੀ ਹੋਈ ਸੀ ਤੇ ਉਹ ਖ਼ੁਦ ਮੁੱਛਾਂ ਨੂੰ ਕਲਫ਼ ਲਾ ਰਹੇ ਸਨ।
ਅਗਲੇ ਪੰਜ ਮਿੰਟਾਂ ਲਈ, ਉਨ੍ਹਾਂ ਨੇ ਢੋਲਕੀ ਦੇ ਦੋਵਾਂ ਪਰਦਿਆਂ ਨੂੰ ਕੱਸਣ ਲਈ ਪਿੱਤਲ ਦੇ ਛੱਲਿਆਂ ਨੂੰ ਹਿਲਾਉਂਦਿਆਂ ਰੱਸੀ ਦੇ ਦੂਜੇ ਸਿਰੇ ਵੱਲ ਨੂੰ ਕੀਤਾ ਅਤੇ ਇਹ ਯਕੀਨੀ ਬਣਾਉਣ ਲਈ ਕਿ ਅਵਾਜ਼ ਠੀਕ ਆ ਰਹੀ ਹੈ ਕਿ ਨਹੀਂ, ਆਪਣੀਆਂ ਉਂਗਲਾਂ ਨਾਲ਼ ਢੋਲਕੀ ਵਜਾਈ। ਅਗਲੇ ਪੰਜ ਮਿੰਟਾਂ ਲਈ, ਉਨ੍ਹਾਂ ਨੇ ਗੀਤ ਗਾਇਆ, ਜਿਸ ਵਿੱਚ ਆਲਹਾ-ਊਦਲ, ਬੇਤਵਾ ਨਦੀ, ਯੁੱਧ, ਉਨ੍ਹਾਂ ਦੀ ਵੀਰਤਾ ਆਦਿ ਦਾ ਜ਼ਿਕਰ ਕੀਤਾ ਗਿਆ ਸੀ। ਉਹ ਕਹਿੰਦੇ ਹਨ ਕਿ ਕਿਸੇ ਸਮੇਂ ਉਹ ਆਲਹਾ-ਊਦਲ ਗਾਉਣ ਲਈ 10 ਕੋਹਾਂ (ਲਗਭਗ 31 ਕਿਲੋਮੀਟਰ) ਤੋਂ ਵੱਧ ਦੀ ਯਾਤਰਾ ਕਰਦੇ ਸਨ।
ਗਾਣਾ ਸੁਣਾਉਣ ਤੋਂ ਬਾਅਦ, ਉਨ੍ਹਾਂ ਨੇ ਢੋਲਕੀ ਦੇ ਛੱਲਿਆਂ ਨੂੰ ਨੀਵਾਂ ਕਰਕੇ ਚਮੜੇ ਨੂੰ ਢਿੱਲਾ ਕੀਤਾ ਅਤੇ ਉਸਨੂੰ ਵਾਪਸ ਕਿੱਲੀ ਨਾਲ਼ ਲਟਕਾ ਦਿੱਤਾ। "ਜੇ ਤੁਸੀਂ ਚਮੜਾ ਢਿੱਲਾ ਨਹੀਂ ਕਰਦੇ, ਤਾਂ ਪਰਦਾ ਵਿਗੜ ਜਾਵੇਗਾ ਅਤੇ ਜੇ ਮੀਂਹ ਵਿੱਚ ਬਿਜਲੀ ਚਮਕੀ ਤਾਂ ਢੋਲਕੀ ਫੱਟ ਵੀ ਜਾਂਦੀ ਏ," ਉਹ ਕਹਿੰਦੇ ਹਨ। "ਪਰ ਅਜਿਹਾ ਕਿਉਂ ਹੁੰਦਾ ਏ, ਮੈਨੂੰ ਵੀ ਨਹੀਂ ਪਤਾ।''
ਉਨ੍ਹਾਂ ਦੀ ਢੋਲਕੀ ਲੱਕੜ ਦੀ ਬਣੀ ਹੋਈ ਹੈ ਅਤੇ ਲਗਭਗ 40 ਸਾਲ ਪੁਰਾਣੀ ਹੈ। ਹਾਲਾਂਕਿ ਰੱਸੀ ਅਤੇ ਚਮੜਾ ਸਮੇਂ-ਸਮੇਂ 'ਤੇ ਬਦਲਦੇ ਰਹਿੰਦੇ ਰਹੇ, ਪਰ ਢਾਂਚਾ ਨਹੀਂ ਬਦਲਿਆ ਹੈ। ਉਹ ਕਹਿੰਦੇ ਹਨ, "ਢੋਲਕੀ ਦਾ ਢਾਂਚਾ ਬਚਿਆ ਹੋਇਆ ਹੈ। ਇਸ ਵਿੱਚ ਸਰ੍ਹੋਂ ਦਾ ਤੇਲ ਲਗਾਉਂਦੇ ਰਹਿਣ ਨਾਲ਼ ਸਿਓਂਕ [ਦੀਮਕ] ਨਹੀਂ ਲੱਗਦੀ।''
ਮੁਸਲਿਮ ਖ਼ਲੀਫ਼ਾ 20-30 ਸਾਲ ਪਹਿਲਾਂ ਦੇ ਸਮੇਂ ਨੂੰ ਆਲਹਾ-ਊਦਲ ਗਵੱਈਆਂ ਦਾ ਸੁਨਹਿਰੀ ਦੌਰ ਮੰਨਦੇ ਹਨ, ਜਦੋਂ 'ਬਿਦੇਸੀਆ ਨੱਚ' ਪ੍ਰੋਗਰਾਮਾਂ ਵਿੱਚ ਆਲਹਾ-ਉਦਲ ਗਵੱਈਆਂ ਦੀ ਮੰਗ ਸੀ। "ਇੱਥੋਂ ਤੱਕ ਕਿ ਵੱਡੇ ਜ਼ਿਮੀਂਦਾਰ ਵੀ ਉਨ੍ਹਾਂ ਨੂੰ ਇਹ ਵੀਰ-ਗਾਥਾ ਸੁਣਾਉਣ ਲਈ ਇੱਥੇ ਬੁਲਾਉਂਦੇ ਸਨ।''
ਆਲਹਾ-ਊਦਲ ਵੀਰ-ਗਾਥਾ ਇੰਨੀ ਲੰਬੀ ਹੈ [52 ਖੰਡ] ਕਿ ਪੂਰੀ ਕਹਾਣੀ ਸੁਣਾਉਣ ਵਿੱਚ ਕਈ-ਕਈ ਦਿਨ ਲੱਗ ਜਾਂਦੇ ਹਨ। 'ਪਰ ਅੱਜ ਇੰਨੀ ਦੇਰ ਸੁਣੇਗਾ ਹੀ ਕੌਣ?' ਖ਼ਲੀਫ਼ਾ ਕਹਿੰਦੇ ਹਨ
ਬਿਦੇਸੀਆ ਮਸ਼ਹੂਰ ਭੋਜਪੁਰੀ ਨਾਟਕਕਾਰ ਮਰਹੂਮ ਭਿਖਾਰੀ ਠਾਕੁਰ ਦਾ ਇੱਕ ਬਹੁਤ ਮਸ਼ਹੂਰ ਨਾਟਕ ਹੈ। ਰੁਜ਼ਗਾਰ ਲਈ ਸ਼ਹਿਰ ਪ੍ਰਵਾਸ ਕਰ ਗਿਆਂ ਨੂੰ ਮੂਲ਼ ਪਾਤਰ ਮੰਨਣ ਵਾਲ਼ਾ ਇਹ ਨਾਟਕ ਗਾਇਨ ਅਤੇ ਡਾਂਸ ਸ਼ੈਲੀ ਵਿੱਚ ਪੇਸ਼ ਕੀਤਾ ਜਾਂਦਾ ਹੈ।
ਖ਼ਲੀਫ਼ਾ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਮਕਾਨ ਮਾਲਕ ਉਨ੍ਹਾਂ ਵਰਗੇ ਆਲਹਾ-ਊਦਲ ਗਵੱਈਆਂ ਨੂੰ ਬਹੁਤ ਪਸੰਦ ਕਰਦੇ ਸਨ। "ਗਾਣਿਆਂ ਦੀ ਮੰਗ ਪੂਰੇ ਸਾਲ ਇੰਨੀ ਜ਼ਿਆਦਾ ਸੀ ਕਿ ਕਿਤੇ ਫ਼ੁਰਸਤ ਹੀ ਨਾ ਮਿਲ਼ਿਆ ਕਰਦੀ। ਉਹ ਇੰਨਾ ਜ਼ਿਆਦਾ ਗਾਉਂਦੇ ਸਨ ਕਿ ਗਲ਼ਾ ਹੀ ਬੈਠ ਜਾਂਦਾ। ਕਈ ਵਾਰ ਉਨ੍ਹਾਂ ਨੂੰ ਇਨਕਾਰ ਕਰਨਾ ਪੈਂਦਾ ਸੀ।''
*****
ਵੀਰ-ਗਾਥਾ ਮਹਾਂਕਾਵਿ ਆਲਹਾ-ਊਦਲ ਭਾਰਤ ਦੇ ਉੱਤਰੀ ਰਾਜਾਂ ਵਿੱਚ ਬਹੁਤ ਮਸ਼ਹੂਰ ਰਿਹਾ ਹੈ। ਮੈਗਜ਼ੀਨ 'ਦਿ ਵਰਲਡ ਆਫ ਮਿਊਜ਼ਿਕ' ਨਾਮੀ ਮੈਗ਼ਜ਼ੀਨ 'ਚ ਕਰੀਨ ਸ਼ੋਮਰ ਵੱਲੋਂ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ ਉੱਤਰ ਪ੍ਰਦੇਸ਼ ਦੇ ਮਹੋਬਾ 'ਤੇ 12ਵੀਂ ਸਦੀ 'ਚ ਚੰਦੇਲਾ ਰਾਜਾ ਪਰਮਲ ਦਾ ਰਾਜ ਸੀ। ਆਲਹਾ ਅਤੇ ਊਦਲ, ਦੋ ਭਰਾ ਉਨ੍ਹਾਂ ਦੇ ਜਰਨੈਲ ਸਨ। ਕਿਹਾ ਜਾਂਦਾ ਹੈ ਕਿ ਮਹੋਬਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਵਾਲ਼ੇ ਦੋਵੇਂ ਭਰਾ ਬਹਾਦਰ ਅਤੇ ਹੁਨਰਮੰਦ ਯੋਧੇ ਸਨ। ਆਲਹਾ-ਊਦਲ ਦੀ ਇਹ ਵੀਰ-ਗਾਥਾ ਮਹੋਬਾ ਅਤੇ ਦਿੱਲੀ ਵਿਚਾਲੇ ਹੋਈ ਭਿਆਨਕ ਲੜਾਈ ਨਾਲ਼ ਖਤਮ ਹੁੰਦੀ ਹੈ।
ਮੁਸਲਿਮ ਖ਼ਲੀਫ਼ਾ ਅਨੁਸਾਰ, ਉਨ੍ਹਾਂ ਦੇ ਪੁਰਖੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਸਨ ਅਤੇ ਉਹ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਉੱਥੋਂ ਭੱਜ ਗਏ ਸਨ ਅਤੇ ਬਿਹਾਰ ਵਿੱਚ ਸ਼ਰਨ ਲੈ ਲਈ ਸੀ। ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਪੁਰਖੇ ਰਾਜਪੂਤ ਜਾਤੀ ਨਾਲ਼ ਸਬੰਧਤ ਸਨ। ਜਦੋਂ ਉਨ੍ਹਾਂ ਦੇ ਪੁਰਖੇ ਬਿਹਾਰ ਆਏ, ਤਾਂ ਉਨ੍ਹਾਂ ਕੋਲ ਆਲਹਾ-ਊਦਲ ਦੀ ਕਹਾਣੀ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਗਾਉਣਾ ਸ਼ੁਰੂ ਕੀਤਾ ਅਤੇ ਇਸ ਨੂੰ ਆਮਦਨੀ ਦਾ ਸਰੋਤ ਬਣਾਇਆ। ਉਦੋਂ ਤੋਂ, ਇਹ ਕਲਾ ਉਨ੍ਹਾਂ ਦੇ ਪਰਿਵਾਰ ਵਿੱਚ ਪੀੜ੍ਹੀ ਤੋਂ ਪੀੜ੍ਹੀ ਤੱਕ ਜਾਂਦੀ ਰਹੀ ਹੈ।
ਮੁਸਲਿਮ ਖ਼ਲੀਫ਼ਾ ਦੇ ਪਿਤਾ ਸਿਰਾਜੁਲ ਖ਼ਲੀਫ਼ਾ ਦੀ ਮੌਤ ਹੋ ਗਈ ਸੀ ਜਦੋਂ ਉਹ ਸਿਰਫ਼ ਦੋ ਸਾਲ ਦੇ ਸਨ। ਫਿਰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਇਕੱਲੇ ਪਾਲ਼ਿਆ। ਉਹ ਕਹਿੰਦੇ ਹਨ, "ਜਦੋਂ ਮੈਂ ਹੋਸ਼ ਸਾਂਭੀ ਤੇ ਕਿਤੇ ਕੋਈ ਗਵੱਈਆ ਆਲਹਾ-ਊਦਲ ਗਾਉਂਦਾ ਹੁੰਦਾ ਤਾਂ ਸੁਣਨ ਚਲਾ ਜਾਂਦਾ, ਇਹ ਸਰਸਵਤੀ ਦਾ ਆਸ਼ੀਰਵਾਦ ਹੀ ਸੀ ਕਿ ਇੱਕ ਵਾਰ ਜੋ ਗੀਤ ਸੁਣ ਲੈਂਦਾ, ਮੈਨੂੰ ਯਾਦ ਹੋ ਜਾਂਦਾ ਸੀ। ਮੇਰੇ ਦਿਮਾਗ਼ 'ਤੇ ਇਹੀ (ਆਲਹਾ-ਊਦਲ ਗਾਥਾ) ਸਵਾਰ ਰਹਿੰਦਾ, ਕਿਸੇ ਹੋਰ ਕੰਮ ਵਿੱਚ ਮਨ ਹੀ ਨਾ ਲੱਗਦਾ।''
ਇਸੇ ਸਮੇਂ ਦੌਰਾਨ ਉਹ ਰਹਿਮਾਨ ਖ਼ਲੀਫ਼ਾ ਨਾਮ ਦੇ ਇੱਕ ਗਾਇਕ ਦੇ ਸੰਪਰਕ ਵਿੱਚ ਆਏ, ਜਿਸ ਨੂੰ ਉਹ 'ਉਸਤਾਦ' ਵਜੋਂ ਸੰਬੋਧਿਤ ਕਰਦੇ ਹਨ। "ਮੈਂ ਉਨ੍ਹਾਂ ਨਾਲ਼ ਪ੍ਰੋਗਰਾਮਾਂ 'ਚ ਜਾਣ ਲੱਗਾ। ਉਨ੍ਹਾਂ ਦੀ ਸੇਵਾ ਕਰਦਾ, ਉਨ੍ਹਾਂ ਦਾ ਸਮਾਨ ਵੀ ਢੋਅ ਲਿਆ ਕਰਦਾ,'' ਉਹ ਕਹਿੰਦੇ ਹਨ। ਕਈ ਵਾਰ ਰਹਿਮਾਨ ਖ਼ਲੀਫ਼ਾ ਉਨ੍ਹਾਂ ਨੂੰ ਢੋਲਕੀ ਫੜ੍ਹਾ ਦਿੰਦੇ ਅਤੇ ਕਹਿੰਦੇ, 'ਚੱਲ ਗਾ'। "ਉਨ੍ਹਾਂ ਦੇ ਨਾਲ਼ ਰਹਿੰਦੇ ਹੋਏ, ਮੈਂ ਆਲਹਾ-ਊਦਲ ਦੀ ਵੀਰ-ਗਾਥਾ ਦੇ 10-20 ਭਾਗ ਯਾਦ ਕਰ ਲਏ।''
ਖ਼ਲੀਫ਼ਾ ਪੜ੍ਹੇ-ਲਿਖੇ ਨਹੀਂ ਹਨ, ਪਰ ਇੰਝ ਨਹੀਂ ਹੈ ਕਿ ਉਨ੍ਹਾਂ ਨੂੰ ਪੜ੍ਹਨ ਵਿੱਚ ਦਿਲਚਸਪੀ ਨਹੀਂ ਸੀ। ਉਹ ਸਰਕਾਰੀ ਸਕੂਲ ਵੀ ਜਾਂਦੇ ਸਨ, ਪਰ ਇੱਕ ਦਿਨ ਇੱਕ ਅਧਿਆਪਕ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ, ਇਸ ਲਈ ਉਨ੍ਹਾਂ ਨੇ ਹਮੇਸ਼ਾ ਲਈ ਸਕੂਲ ਜਾਣਾ ਬੰਦ ਕਰ ਦਿੱਤਾ।
ਉਹ ਕਹਿੰਦੇ ਹਨ, "ਮੈਂ 7-8 ਸਾਲ ਦਾ ਹੋਵਾਂਗਾ। ਮੇਰੀ ਆਵਾਜ਼ ਸ਼ੁਰੂ ਤੋਂ ਹੀ ਚੰਗੀ ਸੀ, ਇਸ ਲਈ ਸਕੂਲ ਦੇ ਅਧਿਆਪਕ ਮੈਨੂੰ ਬਹੁਤ ਪਸੰਦ ਕਰਦੇ ਸਨ ਅਤੇ ਮੈਨੂੰ ਗਾਣਾ ਸੁਣਾਉਣ ਲਈ ਕਹਿੰਦੇ। ਇੱਕ ਦਿਨ ਪ੍ਰਾਰਥਨਾ ਗਾਉਂਦੇ ਸਮੇਂ ਮੇਰੇ ਕੋਲ਼ੋਂ ਕੁਝ ਗੜਬੜ ਹੋ ਗਈ, ਇਸ ਲਈ ਇੱਕ ਅਧਿਆਪਕ ਨੇ ਮੈਨੂੰ ਜ਼ੋਰ ਦੇਣੀ ਥੱਪੜ ਮਾਰਿਆ। ਇਸ ਤੋਂ ਨਾਰਾਜ਼ ਹੋ ਕੇ ਮੈਂ ਸਕੂਲ ਜਾਣਾ ਬੰਦ ਕਰ ਦਿੱਤਾ।''
ਮੁਸਲਿਮ ਖ਼ਲੀਫ਼ਾ ਦੀ ਜ਼ਿੰਦਗੀ ਆਪਣੇ ਆਪ ਵਿੱਚ ਕਿਸੇ ਗਾਥਾ ਤੋਂ ਘੱਟ ਨਹੀਂ ਹੈ। ਉਹ ਸੰਤੁਸ਼ਟ ਹਨ ਕਿ ਉਨ੍ਹਾਂ ਨੇ ਆਲਹਾ-ਊਦਲ ਗਾਉਣ ਦਾ ਆਪਣਾ ਸ਼ੌਕ ਪੁਗਾਇਆ, ਪਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਇੱਕ ਹਿਰਖ ਵੀ ਹੈ। ਇਸ ਕਲਾ ਦੀ ਬਦੌਲਤ ਉਨ੍ਹਾਂ ਨੇ ਆਪਣੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਅਤੇ ਚਾਰੇ ਬੱਚਿਆਂ ਦਾ ਵਿਆਹ ਵੀ ਇਸੇ ਢੋਲਕੀ ਸਹਾਰੇ ਕੀਤਾ ਪਰ ਹੁਣ ਉਹ ਦੌਰ ਬੀਤ ਗਿਆ ਹੈ ਅਤੇ ਇਸ ਕੰਮ ਨਾਲ਼ ਘਰ ਚਲਾਉਣਾ ਤੱਕ ਮੁਸ਼ਕਲ ਹੋ ਗਿਆ ਹੈ। ਹੁਣ ਉਨ੍ਹਾਂ ਨੂੰ ਸਿਰਫ਼ ਘਰੇਲੂ ਸਮਾਗਮਾਂ 'ਚ ਹੀ ਬੁਲਾਇਆ ਜਾਂਦਾ ਹੈ, ਜਿਸ ਬਦਲੇ ਉਨ੍ਹਾਂ ਨੂੰ 300 ਤੋਂ 500 ਰੁਪਏ ਮਿਲ਼ਦੇ ਹਨ।
ਇੱਕ ਦਿਨ ਉਨ੍ਹਾਂ ਦਾ ਕਾਲਜਾ ਵਲੂੰਧਰਿਆ ਹੀ ਗਿਆ ਜਦੋਂ ਉਨ੍ਹਾਂ ਦੇ ਇੱਕਲੌਤੇ ਪੁੱਤਰ ਨੇ ਪੁੱਛਿਆ ਕਿ ਉਨ੍ਹਾਂ ਨੇ ਕਿਹੜੀ ਦੌਲਤ ਬਣਾਈ ਹੈ। "ਇਹ ਸੁਣ ਕੇ ਮੈਨੂੰ ਚੁੱਪ ਰਹਿਣਾ ਪਿਆ," ਉਹ ਥੋੜ੍ਹਾ ਉਦਾਸ ਹੋ ਕੇ ਕਹਿੰਦੇ ਹਨ,''ਫਿਰ ਮੈਨੂੰ ਅਹਿਸਾਸ ਹੋਇਆ ਕਿ ਗਾਉਣ-ਵਜਾਉਣ ਨਾਲ਼ ਸੱਚਿਓ ਕੋਈ ਦੌਲਤ ਜੁੜੀ ਹੀ ਨਹੀਂ। ਆਪਣਾ ਘਰ ਤੱਕ ਬਣਾਉਣ ਲਈ ਜ਼ਮੀਨ ਦਾ ਇੱਕ ਟੁਕੜਾ ਵੀ ਨਾ ਖਰੀਦਿਆ ਗਿਆ। ਮੈਂ ਜਿੱਥੇ ਵੀ ਗਿਆ, ਮੈਨੂੰ ਸਤਿਕਾਰ ਤਾਂ ਬੜਾ ਮਿਲਿਆ, ਪਰ ਕਮਾਈ ਸਿਰਫ਼ ਢਿੱਡ ਭਰਨ ਜੋਗੀ ਹੀ ਹੁੰਦੀ ਰਹੀ।''
"ਮੇਰੀਆਂ ਛੇ ਪੀੜ੍ਹੀਆਂ ਇੱਥੇ ਹੀ ਰਹਿੰਦੀਆਂ ਰਹੀਆਂ ਹਨ। ਜਿਸ ਜ਼ਮੀਨ 'ਤੇ ਮੇਰੀ ਝੌਂਪੜੀ ਹੈ, ਉਹ ਛੱਪੜ ਦੇ ਕਿਨਾਰੇ ਸਰਕਾਰੀ ਜ਼ਮੀਨ ਹੈ।''
ਉਨ੍ਹਾਂ ਦੀ ਪਤਨੀ ਮੋਮਿਨਾ (55) ਕਦੇ ਬੜੀ ਹੁਨਰਮੰਦ ਟੈਟੂ-ਬਣਾਉਣ ਵਾਲ਼ੀ ਰਹੀ ਹਨ। ਹੁਣ ਉਹ ਦਮੇ ਦੀ ਮਰੀਜ਼ ਹਨ ਅਤੇ ਠੀਕ ਤਰ੍ਹਾਂ ਸੁਣ ਵੀ ਨਹੀਂ ਸਕਦੀ। ਉਹ ਕਹਿੰਦੀ ਹਨ, "ਪਹਿਲਾਂ ਮੈਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੀ ਅਤੇ ਹੱਥੀਂ ਟੈਟੂ ਬਣਾਉਂਦੀ। ਹੁਣ ਸਰੀਰ ਵਿੱਚ ਕੋਈ ਵੀ ਕੰਮ ਕਰਨ ਦੀ ਸ਼ਕਤੀ ਹੀ ਨਹੀਂ ਬਚੀ। ਮੇਰਾ ਪਤੀ ਹੀ ਮੈਨੂੰ ਪਾਲ਼ੀ ਜਾਂਦਾ ਹੈ।''
ਖ਼ਲੀਫ਼ਾ ਦੀ ਜ਼ਿੰਦਗੀ 'ਚ ਨਿੱਜੀ ਪਛਤਾਵਾ ਤਾਂ ਹੈ ਹੀ, ਪਰ ਇੱਕ ਵੱਡੀ ਸਮੱਸਿਆ ਵੀ ਹੈ। ਉਹ ਜਾਣਦੇ ਹਨ ਕਿ ਨੌਜਵਾਨ ਪੀੜ੍ਹੀ ਨੂੰ ਆਲਹਾ-ਊਦਲ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਨ੍ਹਾਂ ਤੋਂ ਬਾਅਦ ਪਰਿਵਾਰ ਵਿੱਚ ਇਸ ਕਲਾ ਨੂੰ ਅੱਗੇ ਵਧਾਉਣ ਵਾਲ਼ਾ ਕੋਈ ਨਹੀਂ ਹੋਵੇਗਾ।
"ਮੇਰੇ ਪਿਤਾ-ਦਾਦਾ ਅਤੇ ਉਨ੍ਹਾਂ ਦੇ ਪੁਰਖੇ ਆਲਹਾ-ਊਦਲ ਗਾਉਂਦੇ ਸਨ। ਹੁਣ ਮੈਂ ਗਾ ਰਿਹਾ ਹਾਂ, ਪਰ ਮੇਰੇ ਬੇਟੇ ਨੇ ਇਹ ਨਹੀਂ ਸਿੱਖਿਆ। ਬੱਚੇ ਦਿਲਚਸਪੀ ਨਹੀਂ ਰੱਖਦੇ। "ਅਸੀਂ ਸ਼ੌਕ ਨਾਲ਼ ਗਾਉਣਾ ਵਜਾਉਣਾ ਸ਼ੁਰੂ ਕੀਤਾ ਸੀ। ਪਰ ਅੱਜ ਦੇ ਬੱਚੇ ਇਸ ਵੱਲ ਧਿਆਨ ਨਹੀਂ ਦਿੰਦੇ।''
"ਪਹਿਲਾਂ, ਵਿਆਹਾਂ ਵਿੱਚ, ਖੁਰਦਕ [ਸ਼ਹਿਨਾਈ ਅਤੇ ਤਬਲਾ ਵਰਗੇ ਸਾਜ਼ਾਂ ਦਾ ਸਾਥ] ਵਜਾਇਆ ਜਾਂਦਾ ਸੀ। ਬਾਅਦ ਵਿੱਚ ਇਸ ਦੀ ਥਾਂ ਅੰਗਰੇਜ਼ੀ ਵਾਜਿਆਂ (ਜਿਸ ਵਿੱਚ ਡਰੰਮ, ਤੁਰ੍ਹੀ, ਸ਼ਹਿਨਾਈ, ਕੀ-ਬੋਰਡ ਇਕੱਠਿਆਂ ਵਜਾਏ ਜਾਂਦੇ ਹਨ) ਨੇ ਲੈ ਲਈ। ਅੰਗਰੇਜ਼ੀ ਤੋਂ ਬਾਅਦ ਟਰਾਲੀ ਆਈ, ਜਿਸ ਵਿੱਚ ਸਥਾਨਕ ਗਾਇਕ ਅੰਗਰੇਜ਼ੀ ਸੰਗੀਤ ਦੀ ਧੁਨ 'ਤੇ ਗਾਉਂਦੇ ਹਨ ਅਤੇ ਹੁਣ ਡੀਜੇ ਚੱਲ ਰਿਹਾ ਹੈ। ਬਾਕੀ ਸਾਰੇ ਯੰਤਰ ਹੁਣ ਚਲਨ ਵਿੱਚ ਨਹੀਂ ਰਹੇ।''
"ਦੁੱਖ ਦੀ ਗੱਲ ਹੈ ਕਿ ਮੇਰੇ ਮਰਨ ਤੋਂ ਬਾਅਦ, ਇਹ ਕਲਾ ਅਲੋਪ ਹੋ ਜਾਵੇਗੀ," ਉਹ ਕਹਿੰਦੇ ਹਨ।
ਇਹ ਕਹਾਣੀ ਬਿਹਾਰ ਦੇ ਇੱਕ ਟਰੇਡ ਯੂਨੀਅਨਿਸਟ ਦੀ ਯਾਦ ਵਿੱਚ ਇੱਕ ਫੈਲੋਸ਼ਿਪ ਤਹਿਤ ਲਿਖੀ ਗਈ ਹੈ, ਜਿਨ੍ਹਾਂ ਦੀ ਜ਼ਿੰਦਗੀ ਰਾਜ ਵਿੱਚ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰਿਆਂ ਲਈ ਲੜਦਿਆਂ ਬੀਤੀ ਸੀ।
ਤਰਜਮਾ: ਕਮਲਜੀਤ ਕੌਰ