ਰੁਬੇਲ ਸ਼ੇਖ ਤੇ ਅਨਿਲ ਖਾਨ ਡਰਾਈਵਿੰਗ ਕਰ ਰਹੇ ਹਨ... ਪਰ ਜ਼ਮੀਨ ਦੇ ਨੇੜੇ ਕਿਤੇ ਵੀ ਨਹੀਂ। ਉਹ ਜ਼ਮੀਨ ਨਾਲ਼ੋਂ 80 ਡਿਗਰੀ ਲੰਬਕਾਰ ਕੋਣ ਦੀ ਢਾਲ਼ਵੀ ਰੇਲਿੰਗ ‘ਤੇ 20 ਫੁੱਟ ਦੀ ਉਚਾਈ 'ਤੇ ਗੱਡੀ ਭਜਾ ਰਹੇ ਹਨ। ਅਗਰਤਲਾ ਦੇ ਇਸ ਮੇਲ਼ੇ ਦਾ ਹਜ਼ੂਮ ਉਨ੍ਹਾਂ ਨੂੰ ਦੇਖ ਕੇ ਜੋਸ਼ ਨਾਲ਼ ਚੀਕਦਾ ਹੈ। ਰੁਬੇਲ ਤੇ ਅਨਿਲ ਕਾਰ ਦੀ ਖਿੜਕੀਆਂ ਵਿੱਚੋਂ ਦੀ ਬਾਹਰ ਆ ਕੇ ਹੱਥ ਹਿਲਾਉਂਦੇ ਹਨ।
ਉਹ ਮੌਤ-ਕਾ-ਕੂਆਂ ਵਿੱਚ ਪੇਸ਼ਕਾਰੀ ਕਰ ਰਹੇ ਹਨ। ਇਸ ਸਟੇਜ ਦੀਆਂ ਢਾਲ਼ਵੀਆਂ ਲੰਬਕਾਰੀ ਕੰਧਾਂ ਹਨ ਜਿੱਥੇ ਉਹ ਕਦੇ ਕਾਰ ਤੇ ਕਦੇ ਮੋਟਰਸਾਈਕਲ ਨਾਲ਼ ਕਲਾਬਾਜ਼ੀਆਂ ਕਰਦੇ ਦੇਖੇ ਜਾ ਸਕਦੇ ਹਨ।
ਉਹ ਇਸ ਖ਼ੂਹ ਵਿੱਚ ਘੰਟਿਆਂ ਤੱਕ ਗੱਡੀ ਚਲਾਉਂਦੇ ਹੋਏ 10-10 ਮਿੰਟ ਦਾ ਸ਼ੋਅ ਦਿਖਾ ਰਹੇ ਹਨ। ਮੇਲੇ ਦੀ ਇਸ ਸਟੇਜ ਦਾ ਖ਼ੂਹਨੁਮਾ ਢਾਂਚਾ ਬਣਾਉਣ ਵਿੱਚ ਕਈ-ਕਈ ਦਿਨ ਲੱਗ ਜਾਂਦੇ ਹਨ। ਇਹ ਖ਼ੂਹ ਲੱਕੜ ਦੇ ਤਖ਼ਤਿਆਂ ਨੂੰ ਇਕੱਠੇ ਰੱਖ ਕੇ ਬਣਾਇਆ ਗਿਆ ਹੈ। ਜ਼ਿਆਦਾਤਰ ਡਰਾਈਵਰ ਖ਼ੂਹ ਦੀ ਉਸਾਰੀ ਦੌਰਾਨ ਖ਼ੁਦ ਵੀ ਸ਼ਾਮਲ ਰਹਿੰਦੇ ਹਨ ਕਿਉਂਕਿ ਇਹਦੀ ਸਾਰੀ ਤਕਨੀਕ ਅਤੇ ਉਸਾਰੀ ਹੀ ਉਨ੍ਹਾਂ ਦੀਆਂ ਦਲੇਰ ਕਲਾਬਾਜ਼ੀਆਂ ਤੇ ਸੁਰੱਖਿਆ ਦੀ ਕੁੰਜੀ ਹੈ.
ਮੌਤ-ਕਾ-ਕੂਆਂ ਨਾਮ ਤੋਂ ਹੀ ਖੇਡ ਬਾਰੇ ਪਤਾ ਚੱਲ ਜਾਂਦਾ ਹੈ। ਇਹ ਮੇਲਾ ਅਕਤੂਬਰ ਦੇ ਮਹੀਨੇ ਦੁਰਗਾ ਪੂਜਾ ਦੇ ਨੇੜੇ-ਤੇੜੇ ਤ੍ਰਿਪੁਰਾ ਦੇ ਅਗਰਤਲਾ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਵੱਖ-ਵੱਖ ਕਿਸਮਾਂ ਦੇ ਝੂਲੇ ਜਿਵੇਂ ਕਿ ਫੇਰ੍ਹੀ ਵੀਲ੍ਹ, ਮੈਰੀ-ਗੋ-ਰਾਊਂਡ, ਖਿਡੌਣਾ ਰੇਲਾਂ ਵੱਡੇ ਆਕਰਸ਼ਣ ਦਾ ਕਾਰਨ ਬਣਦੇ ਹਨ।
"ਅਸੀਂ ਇਸ ਕੰਧ 'ਤੇ ਕੋਈ ਵੀ ਕਾਰ ਚਲਾ ਸਕਦੇ ਹਾਂ। ਪਰ ਸਾਨੂੰ ਮਾਰੂਤੀ 800 ਸਭ ਤੋਂ ਵੱਧ ਪਸੰਦ ਹੈ। ਇਸ ਦੀਆਂ ਖਿੜਕੀਆਂ ਵੱਡੀਆਂ ਹਨ ਅਤੇ ਪੇਸ਼ਕਾਰੀ ਦੌਰਾਨ ਇਸ ਤੋਂ ਬਾਹਰ ਨਿਕਲ਼ਿਆ ਜਾ ਸਕਦਾ ਹੈ," ਰੁਬੇਲ ਕਹਿੰਦੇ ਹਨ। ਉਹ ਯਾਮਾਹਾ ਆਰਐਕਸ-135 ਮਾਡਲ ਦੀਆਂ ਚਾਰ ਬਾਈਕਾਂ ਦੀ ਵੀ ਵਰਤੋਂ ਕਰਦੇ ਹਨ। "ਅਸੀਂ ਪੁਰਾਣੇ ਮੋਟਰਸਾਈਕਲਾਂ ਦੀ ਵਰਤੋਂ ਕਰਦੇ ਹਾਂ, ਪਰ ਸਮੇਂ-ਸਮੇਂ 'ਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ਼ ਕੀਤੀ ਜਾਂਦੀ ਹੈ।''
ਪੱਛਮੀ ਬੰਗਾਲ ਦੇ ਮਾਲਦਾ ਦੇ ਰਹਿਣ ਵਾਲ਼ੇ ਰੁਬੇਲ ਡਰਾਈਵਰਾਂ ਦੇ ਮੁਖੀ ਵੀ ਹਨ ਅਤੇ ਇਨ੍ਹਾਂ ਵਾਹਨਾਂ ਦੇ ਮਾਲਕ ਵੀ। ਉਹ ਕਹਿੰਦੇ ਹਨ ਕਿ ਉਹ ਪਿਛਲੇ 10 ਸਾਲਾਂ ਤੋਂ ਇੱਕੋ ਬਾਈਕ ਦੀ ਵਰਤੋਂ ਕਰ ਰਹੇ ਹਨ ਪਰ, "ਸਮੇਂ-ਸਿਰ ਉਨ੍ਹਾਂ ਦੀ ਸਰਵਿਸ ਵਗੈਰਾ ਹੁੰਦੀ ਰਹਿੰਦੀ ਹੈ।''
ਪੇਂਡੂ ਖੇਤਰਾਂ ਦੇ ਬਹੁਤ ਸਾਰੇ ਛੋਟੇ ਬੱਚੇ ਇਨ੍ਹਾਂ ਮੇਲਿਆਂ ਦਾ ਹਿੱਸਾ ਬਣਦੇ ਹਨ। ਝਾਰਖੰਡ ਦੇ ਗੋਡਾ ਜ਼ਿਲ੍ਹੇ ਦੇ ਮੁਹੰਮਦ ਜੱਗਾ ਅੰਸਾਰੀ ਕਹਿੰਦੇ ਹਨ, "ਬਚਪਨ ਵਿੱਚ, ਸਾਡੇ ਪਿੰਡ ਵਿੱਚ ਮੇਲੇ ਲੱਗਦੇ ਹੁੰਦੇ ਸਨ ਅਤੇ ਮੈਨੂੰ ਉਹ ਬੜੇ ਚੰਗੇ ਲੱਗਦੇ।'' ਇਸਲਈ ਬਚਪਨ ਵਿੱਚ ਹੀ ਉਹ ਸਰਕਸ ਵਿੱਚ ਜਾ ਰਲ਼ੇ ਤੇ ਨਿੱਕੇ-ਮੋਟੇ ਕੰਮ ਕਰਨ ਲੱਗੇ। "ਹੌਲ਼ੀ-ਹੌਲ਼ੀ, ਮੈਂ ਸਾਈਕਲ/ਵਾਹਨ 'ਤੇ ਕਰਤਬ ਕਰਨੇ ਸਿੱਖ ਲਏ," 29 ਸਾਲਾ ਮੁਹੰਮਦ ਕਹਿੰਦੇ ਹਨ ਅਤੇ ਅੱਗੇ ਗੱਲ ਪੂਰੀ ਕਰਦਿਆਂ ਕਹਿੰਦੇ ਹਨ,"ਇਹ ਕੰਮ ਮੈਨੂੰ ਬਹੁਤ ਸਾਰੀਆਂ ਥਾਵਾਂ 'ਤੇ ਘੁੰਮਣ-ਫਿਰਨ ਦਾ ਮੌਕਾ ਦਿੰਦਾ ਹੈ, ਇਹੀ ਉਹ ਚੀਜ਼ ਹੈ ਜੋ ਮੈਨੂੰ ਸਭ ਤੋਂ ਵੱਧ ਪਸੰਦ ਹੈ।''
ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਵਾਰਿਸਾਲੀਗੰਜ ਪਿੰਡ ਦੇ ਰਹਿਣ ਵਾਲ਼ੇ ਪੰਕਜ ਕੁਮਾਰ ਨੇ ਵੀ ਛੋਟੀ ਉਮਰ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। "ਮੈਂ 10ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਅਤੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ।''
ਅੰਸਾਰੀ ਤੇ ਪੰਕਜ ਜਿਹੇ ਹੋਰ ਕਲਾਕਾਰ ਤੇ ਸਟੇਜ ਬਣਾਉਣ ਵਾਲ਼ੇ ਵਿਅਕਤੀ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹਨ ਅਤੇ ਸਾਰੇ ਇਕੱਠੇ ਹੀ ਵੱਖੋ-ਵੱਖ ਥਾਈਂ ਲੱਗਣ ਵਾਲ਼ੇ ਮੇਲਿਆਂ ਵਿੱਚ ਵੀ ਜਾਂਦੇ ਹਨ। ਉਹ ਆਮ ਤੌਰ 'ਤੇ ਇੱਕ ਤੰਬੂ ਵਿੱਚ ਡੇਰਾ ਲਗਾਉਂਦੇ ਹਨ ਜਿੱਥੇ ਮੇਲਾ ਆਯੋਜਿਤ ਕੀਤਾ ਜਾਂਦਾ ਹੈ। ਰੁਬੇਲ ਅਤੇ ਅੰਸਾਰੀ ਦੇ ਨਾਲ਼ ਉਨ੍ਹਾਂ ਦੇ ਪਰਿਵਾਰ ਵੀ ਹਨ। ਹਾਲਾਂਕਿ, ਪੰਕਜ ਉਦੋਂ ਆਪਣੇ ਪਿੰਡ ਵਾਪਸ ਆ ਜਾਂਦੇ ਹਨ ਜਦੋਂ ਕੋਈ ਕੰਮ ਨਹੀਂ ਹੁੰਦਾ।
ਮੌਤ-ਕਾ-ਕੁਆਂ ਬਣਾਉਣ ਦਾ ਕੰਮ ਖ਼ੂਹ ਦੀ ਉਸਾਰੀ ਨਾਲ਼ ਸ਼ੁਰੂ ਹੋਇਆ। "ਇਹਨੂੰ ਖੜ੍ਹਾ ਕਰਨ ਵਿੱਚ ਤਿੰਨ ਤੋਂ ਛੇ ਦਿਨ ਲੱਗਦੇ ਹਨ। ਪਰ ਇਸ ਸਾਲ ਸਾਡੇ ਕੋਲ਼ ਸਮਾਂ ਨਹੀਂ ਸੀ, ਇਸ ਲਈ ਅਸੀਂ ਸਿਰਫ਼ ਤਿੰਨ ਦਿਨਾਂ ਵਿੱਚ ਪੂਰਾ ਢਾਂਚਾ ਖੜ੍ਹਾ ਕੀਤਾ," ਰੁਬੇਲ ਕਹਿੰਦੇ ਹਨ। ਅਤੇ ਉਹ ਇਹ ਵੀ ਕਹਿੰਦੇ ਹਨ ਕਿ ਜੇ ਉਨ੍ਹਾਂ ਕੋਲ਼ ਸਮਾਂ ਹੁੰਦਾ ਤਾਂ ਉਹ ਬੜੇ ਅਰਾਮ ਨਾਲ਼ ਤਿਆਰ ਕਰਦੇ।
ਆਖ਼ਰਕਾਰ ਖੇਡ ਸ਼ੁਰੂ ਹੋਣ ਦਾ ਸਮਾਂ ਆ ਗਿਆ ਹੈ। ਸ਼ਾਮ ਦੇ 7 ਵੱਜੇ ਹਨ ਅਤੇ ਅਗਰਤਲਾ ਦੇ ਮੇਲੇ ਵਿੱਚ ਟਿਕਟਾਂ ਲਈ ਕਤਾਰਾਂ ਲੱਗੀਆਂ ਹੋਈਆਂ ਹਨ। ਟਿਕਟਾਂ ਦੀ ਕੀਮਤ 70 ਰੁਪਏ ਹੈ ਤੇ ਬੱਚਿਆਂ ਲਈ ਮੁਫਤ। ਮੌਤ-ਕਾ-ਕੁਆਂ ਵਿੱਚ ਹਰ ਪੇਸ਼ਕਾਰੀ 10 ਮਿੰਟ ਚੱਲਦੀ ਹੈ ਜਿਸ ਵਿੱਚ ਘੱਟੋ-ਘੱਟ ਚਾਰ ਲੋਕ ਦੋ ਕਾਰਾਂ ਤੇ ਦੋ ਮੋਟਰਸਾਈਕਲਾਂ 'ਤੇ ਸਟੰਟ ਕਰਦੇ ਹਨ। ਉਹ ਇੱਕ ਰਾਤ ਵਿੱਚ ਘੱਟੋ ਘੱਟ 30 ਵਾਰ ਪ੍ਰਦਰਸ਼ਨ ਕਰਦੇ ਹਨ ਅਤੇ ਵਿਚਾਲੇ ਸਿਰਫ਼ 15-20 ਮਿੰਟ ਦਾ ਬ੍ਰੇਕ ਹੁੰਦਾ ਹੈ।
ਅਗਰਤਲਾ ਮੇਲੇ ਵਿੱਚ ਉਨ੍ਹਾਂ ਦੇ ਸ਼ੋਅ ਨੂੰ ਇੰਨਾ ਭਰਵਾਂ ਹੁੰਗਾਰਾ ਮਿਲਿਆ ਕਿ ਉਨ੍ਹਾਂ ਨੇ ਪੰਜ ਦਿਨ ਦੀ ਥਾਵੇਂ ਪ੍ਰਦਰਸ਼ਨ ਦੋ ਦਿਨ ਹੋਰ ਵਧਾ ਦਿੱਤਾ।
"ਸਾਡੀ ਦਿਹਾੜੀ 600-700 ਰੁਪਏ ਹੈ। ਖੇਡ ਦੌਰਾਨ ਲੋਕ ਸਾਨੂੰ ਜੋ ਵੀ ਪੈਸਾ ਦਿੰਦੇ ਹਨ, ਉਹ ਸਾਡੀ ਮੁੱਖ ਆਮਦਨੀ ਹੈ," ਮੁਹੰਮਦ ਅੰਸਾਰੀ ਕਹਿੰਦੇ ਹਨ। ਜੇ ਬਹੁਤ ਸਾਰੇ ਸ਼ੋਅ ਹੋਣ ਤਾਂ ਉਹ ਇੱਕ ਮਹੀਨੇ ਵਿੱਚ 25,000 ਰੁਪਏ ਕਮਾ ਲੈਂਦੇ ਹਨ।
ਰੁਬੇਲ ਦਾ ਕਹਿਣਾ ਹੈ ਕਿ ਇਹ ਸ਼ੋਅ ਪੂਰਾ ਸਾਲ ਨਹੀਂ ਕੀਤਾ ਜਾ ਸਕਦਾ। "ਬਰਸਾਤ ਦੇ ਮੌਸਮ ਵਿੱਚ ਇਹਨੂੰ ਕਰਨਾ ਮੁਸ਼ਕਲ ਹੁੰਦਾ ਹੈ।'' ਜਦੋਂ ਇਹ ਕੰਮ ਨਹੀਂ ਹੁੰਦਾ ਤਾਂ ਰੁਬੇਲ ਪਿੰਡ ਮੁੜ ਜਾਂਦੇ ਹਨ ਤੇ ਖੇਤੀ ਕਰਨ ਲੱਗਦੇ ਹਨ।
ਖੇਡ ਦੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰਦਿਆਂ ਪੰਕਜ ਕਹਿੰਦੇ ਹਨ,"ਮੈਂ ਖ਼ਤਰੇ ਚੁੱਕਣ ਤੋਂ ਨਹੀਂ ਡਰਦਾ। ਜੇ ਤੁਹਾਨੂੰ ਡਰ ਨਹੀਂ ਲੱਗਦਾ ਤਾਂ ਡਰਨ ਵਾਲ਼ੀ ਗੱਲ ਹੀ ਕੀ ਹੈ।" ਹਰ ਕੋਈ ਕਹਿੰਦਾ ਹੈ ਕਿ ਜਦੋਂ ਤੋਂ ਉਹ ਇਕੱਠੇ ਪ੍ਰਦਰਸ਼ਨ ਕਰ ਰਹੇ ਹਨ ਉਦੋਂ ਤੋਂ ਇੱਕ ਵੀ ਘਾਤਕ ਹਾਦਸਾ ਨਹੀਂ ਹੋਇਆ ਹੈ।
ਰੁਬੇਲ ਕਹਿੰਦੇ ਹਨ, "ਆਪਣੇ ਪ੍ਰਦਰਸ਼ਨ ਦੌਰਾਨ ਲੋਕਾਂ ਦੇ ਹੱਸਦੇ ਚਿਹਰੇ ਦੇਖਣਾ ਮੈਨੂੰ ਚੰਗਾ ਲੱਗਦਾ ਹੈ।''
ਤਰਜਮਾ: ਕਮਲਜੀਤ ਕੌਰ