ਪਾਰੀ ਦੇ ਫੇਸਸ ਪ੍ਰੋਜੈਕਟ ਦਾ ਉਦੇਸ਼ ਸਾਡੇ ਦੇਸ਼ ਦੇ ਲੋਕਾਂ ਦੇ ਚਿਹਰਿਆਂ ਤੇ ਰੋਜ਼ੀ-ਰੋਟੀ ਦੇ ਵਸੀਲਿਆਂ ਦੀ ਵਿਭਿੰਨਤਾ ਨੂੰ ਇਕੱਠਾ ਕਰਨਾ ਹੈ। ਇਸ ਸਮੇਂ ਹਜ਼ਾਰਾਂ ਚਿਹਰਿਆਂ ਨਾਲ਼ ਭਰਪੂਰ ਇਸ ਡਾਟਾਬੇਸ ਨੇ ਜ਼ਿਲ੍ਹਾ ਅਤੇ ਪਿੰਡ ਦੇ ਆਧਾਰ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਦੇ ਚਿਹਰੇ ਅਤੇ ਰੋਜ਼ੀ-ਰੋਟੀ ਦੇ ਵਸੀਲਿਆਂ ਬਾਰੇ ਧਿਆਨ ਨਾਲ਼ ਜਾਣਕਾਰੀ ਇਕੱਤਰ ਕੀਤੀ ਹੈ।
ਇਸ ਸਾਲ ਸਾਡਾ ਇਹ ਪ੍ਰੋਜੈਕਟ ਦੇਸ਼ ਦੇ 53 ਨਵੇਂ ਬਲਾਕਾਂ ਤੱਕ ਪਹੁੰਚ ਗਿਆ। ਉਦਾਹਰਣ ਵਜੋਂ, ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਦੁਬਰਾਜਪੁਰ ਬਲਾਕ ਵਿੱਚ, ਜਿੱਥੇ ਸਾਡੇ ਯੋਗਦਾਨਕਰਤਾ ਨੇ ਸੇਵਾਮੁਕਤ ਡਾਕੀਆ ਸਮੀਰ ਪਾਠਕ ਨਾਲ਼ ਮੁਲਾਕਾਤ ਕੀਤੀ। ਸਾਡੇ ਡਾਟਾਬੇਸ ਵਿੱਚ ਸ਼ਾਮਲ ਕੀਤੇ ਗਏ ਨਵੇਂ ਕਬੀਲੇ ਹਨ: ਕਨੀਕਰ, ਮਲਹਾਰ, ਕੋਲੀ, ਪਾਨੀਆਂ, ਕਟੂਨਾਇਕਨ, ਮਲਾਈ ਆਰੀਅਨ, ਅਦਿਆਨ ਅਤੇ ਬੋਡੋ।
ਪ੍ਰੋਜੈਕਟ ਦੀ ਸ਼ੁਰੂਆਤ ਵਿੱਚ, ਬਹੁਤ ਸਾਰੇ ਵਿਦਿਆਰਥੀ ਫ਼ੋਟੋਗ੍ਰਾਫ਼ੀ ਰਾਹੀਂ ਪੇਂਡੂ ਭਾਰਤ ਨਾਲ਼ ਜੁੜਨ ਅਤੇ ਉੱਥੋਂ ਜੀਵਨ ਨੂੰ ਦਸਤਾਵੇਜ਼ ਬਣਾਉਣ ਦੇ ਸੰਕਲਪ ਨਾਲ਼ ਜੁੜੇ। ਪਿਛਲੇ ਕੁਝ ਸਾਲਾਂ ਵਿੱਚ ਸਾਡੇ ਯੋਗਦਾਨਕਰਤਾ- ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਜੇ ਵੀ ਵਿਦਿਆਰਥੀ ਹਨ- ਨੇ ਇਸ ਪ੍ਰੋਜੈਕਟ ਲਈ ਦੇਸ਼ ਭਰ ਦੇ ਕਈ ਜ਼ਿਲ੍ਹਿਆਂ ਦੇ ਕਈ ਬਲਾਕਾਂ ਦੇ ਲੋਕਾਂ ਦੀਆਂ ਫ਼ੋਟੋਆਂ ਇਕੱਠੀਆਂ ਕੀਤੀਆਂ ਹਨ।
ਸਾਡਾ ਉਦੇਸ਼ ਰਾਜ ਦੇ ਹਰੇਕ ਜ਼ਿਲ੍ਹੇ ਦੇ ਹਰੇਕ ਬਲਾਕ ਤੋਂ ਘੱਟੋ ਘੱਟ ਇੱਕ ਬਾਲਗ਼ ਔਰਤ, ਇੱਕ ਬਾਲਗ਼ ਪੁਰਸ਼ ਅਤੇ ਇੱਕ ਬੱਚੇ ਜਾਂ ਕਿਸ਼ੋਰ ਦੀ ਤਸਵੀਰ ਇਕੱਤਰ ਕਰਨਾ ਹੈ। ਪੇਂਡੂ ਭਾਰਤ ਤੋਂ ਇਲਾਵਾ, ਪ੍ਰੋਜੈਕਟ ਨੇ ਛੋਟੇ ਅਤੇ ਵੱਡੇ ਕਸਬਿਆਂ ਵਿੱਚ ਰਹਿਣ ਵਾਲ਼ੇ ਪ੍ਰਵਾਸੀ ਮਜ਼ਦੂਰਾਂ ਦੀਆਂ ਤਸਵੀਰਾਂ ਵੀ ਇਕੱਤਰ ਕੀਤੀਆਂ।
ਕੇਰਲ ਦੇ ਅਲਾਪੁਜ਼ਾ ਜ਼ਿਲ੍ਹੇ ਦੇ ਹਰੀਪਦ ਬਲਾਕ ਦੇ ਚਾਰ ਕੋਇਰ ਮਜ਼ਦੂਰਾਂ ਵਿੱਚੋਂ ਇੱਕ,
ਸੁਮੰਗਲਾ
ਨੂੰ ਮਿਲੋ, ਅਜਿਹਾ ਪੇਸ਼ਾ ਜੋ ਇਸ ਸਾਲ ਸਾਡੇ ਡਾਟਾਬੇਸ ਵਿੱਚ ਜੁੜਿਆ ਹੈ। ਮਿਲ਼ੇ ਵੇਰਵਿਆਂ ਤੋਂ ਇਹੀ ਪਤਾ ਲੱਗਦਾ ਹੈ ਕਿ ਪੇਂਡੂ ਭਾਰਤ ਦੀਆਂ ਔਰਤਾਂ ਮਹਿਜ਼ ਗ੍ਰਹਿਣੀਆਂ ਹੀ ਨਹੀਂ ਸਗੋਂ ਮੱਛੀ, ਸਬਜ਼ੀ ਵਿਕ੍ਰੇਤਾ ਹਨ, ਸਿਲਾਈ ਤੇ ਬੁਣਾਈ ਕਰਦੀਆਂ ਹਨ। ਥੋੜ੍ਹੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਉਹ ਬਹੁਤ ਸਾਰੇ ਕੰਮ ਕਰਦੀਆਂ ਹਨ।
ਕਿਉਂਕਿ ਜ਼ਿਆਦਾਤਰ ਯੋਗਦਾਨਕਰਤਾ ਵਿਦਿਆਰਥੀ ਹਨ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਸਾਲ ਸਾਡੇ ਇਸ ਪ੍ਰੋਜੈਕਟ ਦੇ ਜ਼ਿਆਦਾਤਰ ਚਿਹਰੇ ਵੱਖ-ਵੱਖ ਉਮਰ ਦੇ ਵਿਦਿਆਰਥੀ ਦੇ ਹਨ!
ਸਾਡੇ ਕੋਲ਼ ਮੇਘਾਲਿਆ ਦੇ ਪੂਰਬੀ ਖਾਸੀ ਹਿਲਜ਼ ਦੇ ਮੋਫਲਾਂਗ ਬਲਾਕ ਤੋਂ ਨੋਬੀਕਾ ਖਸੈਨ ਦੀ ਇੱਕ ਫ਼ੋਟੋ ਵੀ ਹੈ (ਇਸ ਸਾਲ ਇੱਕ ਹੋਰ ਨਵਾਂ ਵਾਧਾ)। ਨੋਬੀਕਾ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਰਵਾਇਤੀ ਖਾਸੀ ਲੋਕ ਡਾਂਸਰ ਵੀ ਹੈ। "ਮੈਨੂੰ ਰਵਾਇਤੀ ਕੱਪੜੇ ਪਹਿਣਨਾ ਪਸੰਦ ਹੈ," ਨੋਬੀਕਾ ਕਹਿੰਦੀ ਹੈ, "ਹਾਲਾਂਕਿ ਨੱਚਣ ਤੋਂ ਪਹਿਲਾਂ ਇਸ ਪਹਿਰਾਵੇ ਨੂੰ ਪਹਿਨਣ ਵਿੱਚ ਬਹੁਤ ਸਮਾਂ ਲੱਗਦਾ ਹੈ।''
ਸਾਡੇ ਕੰਮ ਵਿੱਚ ਜੇਕਰ ਤੁਹਾਡੀ ਦਿਲਚਸਪੀ ਬਣਦੀ ਹੈ ਤੇ ਤੁਸੀਂ ਪਾਰੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਸਾਨੂੰ [email protected] ' ਤੇ ਲਿਖੋ। ਤੁਹਾਡੇ ਨਾਲ਼ ਕੰਮ ਕਰਨ ਲਈ ਅਸੀਂ ਫ੍ਰੀਲਾਂਸ ਤੇ ਸੁਤੰਤਰ ਲੇਖਕਾਂ, ਪੱਤਰਕਾਰਾਂ, ਫ਼ੋਟੋਗ੍ਰਾਫ਼ਰਾਂ, ਫ਼ਿਲਮ ਨਿਰਮਾਤਾਵਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਾਂ ਤੇ ਖ਼ੋਜਾਰਥੀਆਂ ਦਾ ਸੁਆਗਤ ਕਰਦੇ ਹਾਂ।
ਪਾਰੀ ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਤੇ ਸਾਡਾ ਭਰੋਸਾ ਉਨ੍ਹਾਂ ਲੋਕਾਂ ਦੇ ਦਾਨ ਸਿਰ ਰਹਿੰਦਾ ਹੈ ਜੋ ਸਾਡੀ ਬਹੁ-ਭਾਸ਼ਾਈ ਆਨਲਾਈਨ ਮੈਗ਼ਜ਼ੀਨ ਤੇ ਆਰਕਾਈਵ ਦੇ ਪ੍ਰਸ਼ੰਸਕ ਹਨ। ਜੇਕਰ ਤੁਸੀਂ ਪਾਰੀ ਨੂੰ ਦਾਨ ਦੇਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ DONATE ' ਤੇ ਕਲਿਕ ਕਰੋ।
ਤਰਜਮਾ: ਕਮਲਜੀਤ ਕੌਰ