ਅਨੋਪਰਮ ਸੁਤਾਰ ਨੇ ਕਦੇ ਵੀ ਸੰਗੀਤ ਸਾਜ਼ ਨਹੀਂ ਵਜਾਇਆ, ਪਰ ਉਹ ਆਪਣੇ ਤਜ਼ਰਬੇ ਤੋਂ ਇਹ ਪਤਾ ਲਗਾ ਸਕਦੇ ਹਨ ਕਿ ਕਿਹੜੀ ਲੱਕੜ ਸਭ ਤੋਂ ਵਧੀਆ ਅਵਾਜ਼ ਪੈਦਾ ਕਰਦੀ ਹੈ। ਅੱਠਵੀਂ ਪੀੜ੍ਹੀ ਦੇ ਤਜ਼ਰਬੇਕਾਰ ਖਰਤਾਲ ਨਿਰਮਾਤਾ ਕਹਿੰਦੇ ਹਨ, "ਮੈਂ ਲੱਕੜ ਦੇ ਟੁਕੜੇ ਨੂੰ ਦੇਖ ਕੇ ਦੱਸ ਸਕਦਾ ਹਾਂ ਕਿ ਇਸ ਤੋਂ ਵਧੀਆ ਸੰਗੀਤ ਸਾਜ਼ ਬਣਾਉਣਾ ਸੰਭਵ ਹੈ ਜਾਂ ਨਹੀਂ।''

ਖਰਤਾਲ, ਰਾਜਸਥਾਨ ਦੇ ਲੋਕ ਅਤੇ ਭਗਤੀ ਸੰਗੀਤ ਵਿੱਚ ਵਰਤਿਆ ਜਾਣ ਵਾਲ਼ਾ ਇੱਕ ਆਘਾਤੀ ਸਾਜ਼ ਹੈ, ਜੋ ਲੱਕੜ ਦੇ ਚਾਰ ਟੁਕੜਿਆਂ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ, ਕਹਿਣ ਦਾ ਭਾਵ ਸਾਜ਼ ਨੂੰ ਦੋਵੇਂ ਪਾਸਿਓਂ ਇੰਝ ਫੜ੍ਹਿਆ ਜਾਂਦਾ ਹੈ- ਜਿਵੇਂ ਇੱਕ ਪਾਸਾ ਅੰਗੂਠਾ ਫੜ੍ਹਦਾ ਹੈ ਤੇ ਦੂਜਾ ਹਿੱਸਾ ਬਾਕੀਆਂ ਦੀਆਂ ਚਾਰ ਉਂਗਲਾਂ। ਜਦੋਂ ਆਪਸ ਵਿੱਚ ਵਜਾਇਆ ਜਾਂਦਾ ਹੈ ਤਾਂ ਬੜੀ ਛਣਕਾਹਟ ਨਿਕਲ਼ਦੀ ਹੈ। ਇਸ ਸਾਜ਼ ਵਿੱਚ, ਸਿਰਫ਼ ਤਾ ਅਤੇ ਕਾ ਦੇ ਨੋਟਾਂ ਦੀ ਵਰਤੋਂ ਕੀਤੀ ਜਾਂਦੀ ਹੈ। " ਕਲਾਕਾਰ ਬਨਵਾਤੇ ਹੈਂ ," 57 ਸਾਲਾ ਉਹ ਕਹਿੰਦੇ ਹਨ।

ਰਾਜਸਥਾਨੀ ਖਰਤਾਲਾਂ ਵਿੱਚ ਆਮ ਤੌਰ 'ਤੇ ਮੰਜੀਰਾ ਜਾਂ ਕਰਾਤਾਲਾ ਵਰਗੀਆਂ ਘੰਟੀਆਂ ਨਹੀਂ ਲੱਗੀਆਂ ਹੁੰਦੀਆਂ।

ਇੱਕ ਹੁਨਰਮੰਦ ਕਾਰੀਗਰ, ਦੋ ਘੰਟਿਆਂ ਵਿੱਚ ਖਰਤਾਲ ਦੇ ਚਾਰ ਜੋੜੇ ਬਣਾ ਸਕਦਾ ਹੈ। "ਪਹਿਲਾਂ, ਇਸ ਵਿੱਚ ਪੂਰਾ-ਪੂਰਾ ਦਿਨ ਲੱਗ ਜਾਂਦਾ ਸੀ," ਉਹ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ। ਅਨੋਪਰਮ ਦਾ ਪਰਿਵਾਰ ਲਗਭਗ ਦੋ ਸਦੀਆਂ ਤੋਂ ਖਰਤਾਲ ਬਣਾਉਣ ਦੇ ਪੇਸ਼ੇ ਵਿੱਚ ਲੱਗਾ ਹੋਇਆ ਹੈ: " ਬਚਪਨ ਸੇ ਯੇਹੀ ਕਾਮ ਹੈ ਹਮਾਰਾ ''

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ, ਮਰਹੂਮ ਉਸਲਾਰਾਮ ਇੱਕ ਬਹੁਤ ਦਿਆਲੂ ਤੇ ਧੀਰਜਵਾਨ ਗੁਰੂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਬੜੇ ਸਬਰ ਨਾਲ਼ ਕੰਮ ਸਿਖਾਇਆ। "ਮੈਂ ਬਹੁਤ ਸਾਰੀਆਂ ਗ਼ਲਤੀਆਂ ਕੀਤੀਆਂ। ਲੇਕਿਨ ਵੋ ਕਭੀ ਨਹੀਂ ਚਿਲਾਤੇ ਥੇ, ਪਿਆਰ ਸੇ ਸਮਝਾਤੇ ਥੇ। '' ਖਰਤਾਲ ਬਣਾਉਣ ਦੀ ਕਲਾ ਸਿਰਫ਼ ਸੁਤਾਰ ਭਾਈਚਾਰੇ ਦੇ ਲੋਕਾਂ ਨੇ ਹੀ ਅਪਣਾਈ ਹੋਈ ਹੈ।

PHOTO • Sanket Jain
PHOTO • Sanket Jain

ਖੱਬੇ: ਖਰਤਾਲ ਬਣਾਉਣ ਲਈ ਸਹੀ ਲੱਕੜ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੈ, ਅਨੋਪਰਮ ਸੁਤਾਰ ਕਹਿੰਦੇ ਹਨ, ਜੋ ਇਸ ਔਜ਼ਾਰ ਨੂੰ ਹੱਥ ਨਾਲ਼ ਬਣਾਉਂਦੇ ਹਨ। ਸੱਜੇ: ਅਨੋਪਰਮ ਦੀ ਵਰਕਸ਼ਾਪ ਵਿੱਚ ਪਏ ਰਵਾਇਤੀ ਸੰਦ। ਖੱਬਿਓਂ ਸੱਜੇ - ਪੇਚਕਸ (ਦੋ), ਨਈਆ (ਚਾਰ), ਇੱਕ ਚੌਰਸੀ, ਬਿੰਦਾ (ਦੋ), ਦੋ ਹੋਰ ਪੇਚਕਸ, ਇੱਕ ਰੇਤੀ ਅਤੇ ਇੱਕ ਮਰਫਾ

PHOTO • Sanket Jain
PHOTO • Sanket Jain

ਅਨੋਪਰਮ ਜੈਸਲਮੇਰ ਖੇਤਰ ਦੇ ਪ੍ਰਸਿੱਧ ਸੰਗੀਤ ਸਾਜ਼, ਕਮਾਈਚਾ ਅਤੇ ਸਾਰੰਗੀ (ਖੱਬੇ) ਵੀ ਬਣਾਉਂਦੇ ਹਨ। ਉਹ ਦਰਵਾਜ਼ੇ ਵੀ ਬਣਾਉਂਦੇ ਹਨ ਅਤੇ ਉਨ੍ਹਾਂ 'ਤੇ ਫੁੱਲਾਂ ਦੇ ਡਿਜ਼ਾਈਨ ਉਕੇਰਦੇ ਹਨ (ਸੱਜੇ)। ਅਜਿਹਾ ਦਰਵਾਜ਼ਾ ਬਣਾਉਣ ਵਿੱਚ ਅਨੋਪਰਮ ਨੂੰ ਇੱਕ ਹਫ਼ਤਾ ਲੱਗਦਾ ਹੈ

ਬਾੜਮੇਰ ਜ਼ਿਲ੍ਹੇ ਦੇ ਹਰਸਾਨੀ ਪਿੰਡ ਦਾ ਰਹਿਣ ਵਾਲ਼ੇ ਅਨੋਪਰਮ 1981 'ਚ ਕੰਮ ਦੀ ਭਾਲ਼ 'ਚ ਜੈਸਲਮੇਰ ਸ਼ਹਿਰ ਆਏ ਸਨ। "ਸਾਨੂੰ ਪਿੰਡ ਵਿੱਚ ਲੱਕੜ ਦਾ ਲੋੜੀਂਦਾ ਕੰਮ ਨਾ ਮਿਲ਼ਿਆ," ਉਹ ਕਹਿੰਦੇ ਹਨ। ਇਹ ਤਜ਼ਰਬੇਕਾਰ ਕਾਰਪੇਂਟਰ ਹਾਰਮੋਨੀਅਮ, ਕਮਾਈਚਾ, ਸਾਰੰਗੀ ਅਤੇ ਵੀਨਾ ਵੀ ਬਣਾਉਂਦਾ ਹੈ। "ਪਰ ਉਨ੍ਹਾਂ ਦੀ ਮੰਗ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਨੂੰ ਕਮਾਈਚਾ ਅਤੇ ਸਾਰੰਗੀ ਬਣਾਉਣ ਵਿੱਚ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਲੱਗਦਾ ਹੈ। ਕਮਾਈਚਾ 8,000 ਰੁਪਏ ਅਤੇ ਸਾਰੰਗੀ 4,000 ਰੁਪਏ ਵਿੱਚ ਵਿਕਦੇ ਹਨ।

ਸੰਗੀਤ ਸਾਜ਼ਾਂ ਤੋਂ ਇਲਾਵਾ, ਉਨ੍ਹਾਂ ਨੇ ਦਰਵਾਜ਼ਿਆਂ ਦੀ ਨੱਕਾਸ਼ੀ ਵਿੱਚ ਵੀ ਮੁਹਾਰਤ ਹਾਸਲ ਕੀਤੀ ਹੈ। ਉਹ ਦਰਵਾਜ਼ਿਆਂ 'ਤੇ ਵਿਲੱਖਣ ਕਿਸਮ ਦੇ ਫੁੱਲ ਉਕੇਰਨ ਵਿੱਚ ਮਾਹਰ ਹਨ। ਆਪਣੇ ਕੰਮ ਦੇ ਹਿੱਸੇ ਵਜੋਂ, ਉਹ ਘਰੇਲੂ ਚੀਜ਼ਾਂ ਜਿਵੇਂ ਕਿ ਅਲਮਾਰੀ, ਕੁਰਸੀ, ਡਰੈਸਿੰਗ ਯੂਨਿਟ ਆਦਿ ਵੀ ਬਣਾਉਂਦੇ ਹਨ।

ਰਾਜਸਥਾਨ ਦੇ ਜੈਸਲਮੇਰ ਅਤੇ ਜੋਧਪੁਰ ਜ਼ਿਲ੍ਹਿਆਂ ਵਿੱਚ ਖਰਤਾਲੇ ਸ਼ੀਸ਼ਮ ਜਾਂ ਸਫੇਦਾ (ਯੂਕੈਲਿਪਟਸ) ਦੀ ਲੱਕੜ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਸਹੀ ਲੱਕੜ ਦੀ ਚੋਣ ਕਰਨਾ ਇਸ ਕੰਮ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਦਮ ਹੈ। ਉਹ ਕਹਿੰਦੇ ਹਨ, " ਦੇਖ ਕੇ ਲੇਨਾ ਪੜਤਾ ਹੈ ," ਉਹ ਕਹਿੰਦੇ ਹਨ,"ਨੌਜਵਾਨ ਪੀੜ੍ਹੀ ਨੂੰ ਇਹ ਵੀ ਨਹੀਂ ਪਤਾ ਕਿ ਖਰਤਾਲ ਵਰਗੇ ਔਜ਼ਾਰ ਬਣਾਉਣ ਲਈ ਕਿਸ ਕਿਸਮ ਦੀ ਲੱਕੜ ਦੀ ਲੋੜ ਹੁੰਦੀ ਹੈ।''

ਜੈਸਲਮੇਰ ਸ਼ਹਿਰ ਵਿੱਚ ਲੱਕੜ ਖਰੀਦਣ ਵਾਲ਼ੇ ਅਨੋਪਰਮ ਖਰਤਾਲ ਬਣਾਉਣ ਲਈ ਸ਼ੀਸ਼ਮ ਅਤੇ ਸਫੇਦਾ ਦੇ ਰੁੱਖਾਂ ਦੀ ਵਰਤੋਂ ਕਰਦੇ ਹਨ। ਪਰ ਹੁਣ ਇੱਕ ਚੰਗਾ ਰੁੱਖ ਲੱਭਣਾ ਇੱਕ ਚੁਣੌਤੀ ਬਣ ਗਿਆ ਹੈ, ਉਹ ਕਹਿੰਦੇ ਹਨ।

ਉਹ ਖਰਤਾਲ ਦੇ ਦੋ ਜੋੜੇ ਬਣਾਉਣ ਲਈ 2.5 ਫੁੱਟ ਲੰਬੇ ਲੱਕੜ ਦੇ ਟੁਕੜੇ ਦੀ ਵਰਤੋਂ ਕਰਦੇ ਹਨ, ਜਿਸ ਦੀ ਕੀਮਤ ਲਗਭਗ 150 ਰੁਪਏ ਹੈ। ਫਿਰ ਉਹ ਲੱਕੜ 'ਤੇ 7.25 ਇੰਚ ਲੰਬਾ, 2.25 ਇੰਚ ਚੌੜਾ ਅਤੇ 6 ਮਿਲੀਮੀਟਰ ਡੂੰਘਾ ਨਿਸ਼ਾਨ ਲਗਾ ਕੇ ਆਰੀ ਨਾਲ਼ ਕੱਟ ਲੈਂਦੇ ਹਨ।

" ਬੁਰਾਦਾ ਉੜਤਾ ਹੈ ਅਤੇ ਨਾਕ , ਆਂਖ ਮੇਂ ਚਲਾ ਜਾਤਾ ਹੈ ," ਉਹ ਕਹਿੰਦੇ ਹਨ। ਇਸ ਨਾਲ਼ ਉਨ੍ਹਾਂ ਨੂੰ ਖੰਘ ਵੀ ਆਉਂਦੀ ਹੈ। ਮਾਸਕ ਪਹਿਨਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਦਿਨ ਵਿੱਚ ਅੱਠ ਘੰਟੇ ਤੋਂ ਵੱਧ ਮਾਸਕ ਪਹਿਨਣ ਨਾਲ਼ ਦਮ ਘੁੱਟ ਸਕਦਾ ਹੈ। "ਜੈਸਲਮੇਰ ਦੀ ਗਰਮੀ ਤਾਂ ਹੋਰ ਵੀ ਭੈੜੀ ਹੋ ਜਾਂਦੀ ਹੈ," ਉਹ ਕਹਿੰਦੇ ਹਨ। ਜੈਸਲਮੇਰ ਖੇਤਰ ਵਿੱਚ ਤਾਪਮਾਨ 45 ਡਿਗਰੀ ਤੱਕ ਪਹੁੰਚ ਜਾਂਦਾ ਹੈ।

PHOTO • Sanket Jain
PHOTO • Sanket Jain

ਅਨੋਪਰਮ ਖਰਤਾਲ  ਲੱਕੜ 'ਤੇ 7.25 ਇੰਚ ਲੰਬਾ, 2.25 ਇੰਚ ਚੌੜਾ ਅਤੇ 6 ਮਿਲੀਮੀਟਰ ਡੂੰਘਾ (ਖੱਬੇ) ਨਿਸ਼ਾਨ ਲਗਾਉਂਦੇ ਹਨ। ਫਿਰ ਆਰੀ ਦੀ ਵਰਤੋਂ ਕਰਦਿਆਂ ਲੱਕੜ ਦੇ ਚਾਰ ਹਿੱਸੇ (ਸੱਜੇ) ਕਰ ਲੈਂਦੇ ਹਨ

PHOTO • Sanket Jain
PHOTO • Sanket Jain

ਉਹ ਰੰਦਾ (ਖੱਬੇ) ਮਾਰ-ਮਾਰ ਕੇ ਲੱਕੜ ਦੀ ਸਤ੍ਹਾ ਨੂੰ ਚੀਕਣਾ ਕਰਦੇ ਹਨ, ਫਿਰ ਕਿਸੇ ਹੋਰ ਆਰੀ ਨਾਲ਼ ਖਰਤਾਲ (ਸੱਜੇ) ਦੇ  ਕੋਨਿਆਂ ਨੂੰ ਕੁਤਰਦੇ ਹਨ

ਲੱਕੜ ਨੂੰ ਕੱਟਣ ਤੋਂ ਬਾਅਦ ਇਸ ਦੀ ਸਤਹ ਨੂੰ ਚੀਕਣਾ ਕਰਨ ਲਈ ਉਹ ਰੰਦਾ ਮਾਰਦੇ ਹਨ। "ਇਹ ਕੰਮ ਬੜੇ ਹੀ ਧਿਆਨ ਨਾਲ਼ ਕੀਤਾ ਜਾਣਾ ਚਾਹੀਦਾ ਹੈ। ਜੇ ਥੋੜ੍ਹੀ ਜਿਹੀ ਲਾਪਰਵਾਹੀ ਵੀ ਹੋ ਗਈ ਤਾਂ ਲੱਕੜ ਬਰਬਾਦ ਹੋ ਜਾਵੇਗੀ ਤੇ ਸਾਨੂੰ ਇੱਕ ਹੋਰ ਟੁਕੜਾ ਲੈਣਾ ਪਵੇਗਾ ਅਤੇ ਦੁਬਾਰਾ ਕੰਮ ਕਰਨਾ ਪਵੇਗਾ," ਉਹ ਕਹਿੰਦੇ ਹਨ। ਸੰਗੀਤ ਧੁਨਾਂ ਕੱਢਣ ਲਈ ਵਾਰ-ਵਾਰ ਥਪਕੀ ਮਾਰੀ ਜਾਂਦੀ ਰਹਿੰਦੀ ਹੈ ਤੇ ਥਪਕੀ ਦਾ ਉਤਰਾਅ-ਚੜ੍ਹਾਅ ਹੀ ਸੁਰ ਕੱਢਦਾ ਤੇ ਬਦਲਦਾ ਹੈ।

ਕਈ ਵਾਰ ਆਰੀ ਨਾਲ਼ ਉਨ੍ਹਾਂ ਦੇ ਹੱਥ ਜ਼ਖਮੀ ਹੋ ਜਾਂਦੇ ਹਨ ਤੇ ਹਥੌੜੇ ਨਾਲ਼ ਸੱਟ ਮਾਰਿਆਂ ਵੀ ਉਨ੍ਹਾਂ ਦੇ ਹੱਥਾਂ ਵਿੱਚ ਦਰਦ ਰਹਿੰਦਾ ਹੈ। ਪਰ ਉਹ ਇਸ ਸਭ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਕੰਮ ਵਿੱਚ ਇਹ ਸਭ ਹੁੰਦਾ ਹੀ ਰਹਿੰਦਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਉਸਲਾਰਾਮ ਦੇ ਹੱਥ ਵੀ ਫੱਟੜ ਹੋਏ ਰਹਿੰਦੇ ਸਨ।

ਲੱਕੜ ਦੇ ਟੁਕੜੇ ਦੀ ਸਤਹ ਨੂੰ ਚੀਕਣਾ ਕਰਨ ਵਿੱਚ ਉਨ੍ਹਾਂ ਨੂੰ ਲਗਭਗ ਇੱਕ ਘੰਟਾ ਲੱਗਦਾ ਹੈ। ਫਿਰ ਉਹ ਲੱਕੜ ਦੇ ਕੋਨਿਆਂ ਨੂੰ ਇੱਕ ਹੋਰ ਛੋਟੀ ਆਰੀ ਨਾਲ਼ ਕੱਟ-ਕੱਟ ਕੇ ਗੋਲ਼ਾਈ ਦਿੰਦੇ ਹਨ। ਇਸ ਤਰ੍ਹਾਂ ਕੱਟੇ ਗਏ ਕੋਨਿਆਂ ਨੂੰ ਧਿਆਨ ਨਾਲ਼ ਵੇਖਣ ਤੋਂ ਬਾਅਦ, ਅਨੋਪਰਮ ਲੱਕੜ ਨੂੰ ਸ਼ੀਸ਼ੇ ਵਾਂਗ ਚਮਕਾਉਣ ਲਈ ਰੇਗਮਾਰ ਨਾਲ਼ ਰਗੜਦੇ ਹਨ।

ਖਰਤਾਲ ਖਰੀਦਣ ਤੋਂ ਬਾਅਦ, ਧੁਨਾਂ ਨੂੰ ਸੋਧਣ ਲਈ ਸੰਗੀਤਕਾਰ ਦੁਬਾਰਾ ਵੀ ਸੈਂਡਪੇਪਰ ਦੀ ਵਰਤੋਂ ਕਰਦਾ ਹੈ। ਸਰ੍ਹੋਂ ਦੇ ਤੇਲ ਨਾਲ਼ ਸਾਜ਼ ਦਾ ਰੰਗ ਭੂਰਾ ਹੋ ਜਾਂਦਾ ਹੈ।

ਉਹ ਸਫ਼ੈਦੇ ਦੀ ਲੱਕੜ ਦੇ ਬਣੇ ਚਾਰ (ਦੋ ਜੋੜੇ) ਖਰਤਾਲ 350 ਰੁਪਏ ਵਿੱਚ ਵੇਚਦੇ ਹਨ, ਜਦੋਂ ਕਿ ਸ਼ੀਸ਼ਮ ਲੱਕੜ ਤੋਂ ਬਣੇ ਖਰਤਾਲ 450 ਰੁਪਏ ਵਿੱਚ ਵੇਚੇ ਜਾਂਦੇ ਹਨ। "ਸ਼ੀਸ਼ਮ ਲੱਕੜ ਤੋਂ ਬਣਿਆ ਖਰਤਾਲ ਆਪਣੀ ਚੰਗੀ ਆਵਾਜ਼ ਅਤੇ ਸੁਰਾਂ ਲਈ ਜਾਣਿਆ ਜਾਂਦਾ ਹੈ," ਉਹ ਕਹਿੰਦੇ ਹਨ।

PHOTO • Sanket Jain
PHOTO • Sanket Jain

ਖੱਬੇ : ਅਨੋਪਰਮ ਕਹਿੰਦੇ ਹਨ ਕਿ ਖਰਤਾਲ ਸੰਦਾਂ ਦੀ ਮੰਗ ਵਧੀ ਹੈ ਪਰ ਉਨ੍ਹਾਂ ਕਾਰੀਗਰਾਂ ਦੀ ਗਿਣਤੀ ਘੱਟ ਰਹੀ ਹੈ ਜੋ ਉਨ੍ਹਾਂ ਨੂੰ ਹੱਥ ਨਾਲ਼ ਬਣਾ ਸਕਦੇ ਹਨ। ਸੱਜੇ : ਸ਼ੀਸ਼ਮ ਲੱਕੜ ਤੋਂ ਬਣੇ ਖਰਤਾਲ ਇੱਕ ਵਧੀਆ ਧੁਨ ਪੈਦਾ ਕਰਦੇ ਹਨ

PHOTO • Sanket Jain
PHOTO • Sanket Jain

ਖੱਬੇ : ਦਰਵਾਜ਼ੇ ਬਣਾਉਣ ਲਈ , ਅਨੋਪਰਮ ਬਿਜਲੀ ਉਪਕਰਣਾਂ ਅਤੇ ਮਸ਼ੀਨਾਂ ਦੀ ਵਰਤੋਂ ਕਰਦੇ ਹਨ। ਸੱਜੇ : ਅਨੋਪਰਮ ਦਰਵਾਜ਼ੇ ਨੂੰ ਸਜਾਉਣ ਲਈ ਵਰਤੀ ਜਾਂਦੀ ਲੱਕੜ ਦਾ ਇੱਕ ਟੁਕੜਾ ਕੱਟ ਰਹੇ ਹਨ

ਅਨੋਪਰਮ ਨੂੰ ਮਹੀਨੇ ਵਿੱਚ 5-10 ਜੋੜੇ ਖਰਤਾਲ ਬਣਾਉਣ ਦਾ ਆਰਡਰ ਮਿਲ਼ਦਾ ਹੈ। ਸ਼ੁਰੂ ਵਿੱਚ ਇਹ ਗਿਣਤੀ ਦੋ ਤੋਂ ਚਾਰ ਜੋੜਿਆਂ ਦੀ ਹੁੰਦੀ ਸੀ। ਰਾਜਸਥਾਨ ਆਉਣ ਵਾਲ਼ੇ ਕਈ ਵਿਦੇਸ਼ੀ ਸੈਲਾਨੀਆਂ ਕਾਰਨ ਇਸ ਉਪਕਰਣ ਦੀ ਮੰਗ ਵਧੀ ਹੈ, ਪਰ ਇਸ ਨੂੰ ਬਣਾਉਣ ਵਾਲ਼ੇ ਲੋਕਾਂ ਦੀ ਗਿਣਤੀ ਘੱਟ ਗਈ ਹੈ। ਦੋ ਦਹਾਕੇ ਪਹਿਲਾਂ, ਇੱਥੇ 15 ਤੋਂ ਵੱਧ ਕਾਰਪੇਂਟਰ ਸਨ ਜੋ ਇਸ ਔਜ਼ਾਰ ਨੂੰ ਬਣਾ ਸਕਦੇ ਸਨ। ਪਰ ਅੱਜ ਦੇ ਨੌਜਵਾਨ ਚੰਗੀ ਕਮਾਈ ਦੀ ਭਾਲ਼ ਵਿੱਚ ਸ਼ਹਿਰਾਂ ਵਿੱਚ ਜਾਂਦੇ ਹਨ ਅਤੇ ਫਰਨੀਚਰ ਬਣਾਉਣ ਦਾ ਕੰਮ ਕਰਦੇ ਹਨ। ਇਸ ਨਾਲ਼ ਚੰਗੀ ਕਮਾਈ ਹੁੰਦੀ ਹੈ।

ਕੁਝ ਕਾਰੀਗਰ ਜੋ ਸੈਲਾਨੀਆਂ ਨੂੰ ਖਰਤਾਲ ਵੇਚਦੇ ਹਨ, ਵਿਦੇਸ਼ੀਆਂ ਨਾਲ਼ ਆਨਲਾਈਨ ਸੈਸ਼ਨ ਵੀ ਕਰਦੇ ਹਨ। ਉਹ ਇਸ ਸੰਦਰਭ ਵਿੱਚ ਵੱਖ-ਵੱਖ ਭਾਸ਼ਾਵਾਂ ਨਾਲ਼ ਵੀ ਨਜਿੱਠਦੇ ਹਨ।

"ਇਹ ਇੱਕ ਬਹੁਤ ਪੁਰਾਣੀ ਕਲਾ ਹੈ ਪਰ ਨੌਜਵਾਨ ਪੀੜ੍ਹੀ ਖਰਤਾਲ ਬਣਾਉਣਾ ਸਿੱਖਣ ਵਿੱਚ ਦਿਲਚਸਪੀ ਨਹੀਂ ਰੱਖਦੀ," ਅਨੋਪਰਮ ਕਹਿੰਦੇ ਹਨ, ਇਹ ਦੱਸਦੇ ਹੋਏ ਕਿ ਪਿਛਲੇ 30 ਸਾਲਾਂ ਵਿੱਚ, ਉਨ੍ਹਾਂ ਨੇ ਲਗਭਗ ਸੱਤ ਲੋਕਾਂ ਨੂੰ ਇਹ ਸਾਜ਼ ਬਣਾਉਣਾ ਸਿਖਾਇਆ ਹੈ। "ਮੇਰਾ ਮੰਨਣਾ ਹੈ ਕਿ ਉਹ ਜਿੱਥੇ ਵੀ ਹਨ, ਖਰਤਾਲ ਬਣਾਉਂਦੇ ਰਹਿੰਦੇ ਹਨ।''

ਉਨ੍ਹਾਂ ਦੇ ਬੇਟੇ ਪ੍ਰਕਾਸ਼ (28) ਅਤੇ ਕੈਲਾਸ਼ (24) ਨੇ ਖਰਤਾਲ ਬਣਾਉਣਾ ਨਹੀਂ ਸਿੱਖਿਆ ਹੈ। ਉਹ ਦੂਜੇ ਰਾਜਾਂ ਵਿੱਚ ਕਾਰਪੇਂਟਰ ਵਜੋਂ ਕੰਮ ਕਰਦੇ ਹਨ, ਘਰਾਂ ਅਤੇ ਦਫ਼ਤਰਾਂ ਦਾ ਫਰਨੀਚਰ ਬਣਾਉਂਦੇ ਹਨ। ਉਨ੍ਹਾਂ ਦੀ ਬੇਟੀ ਸੰਤੋਸ਼ ਆਪਣੀ ਉਮਰ ਦੇ 20ਵੇਂ ਦਹਾਕੇ ਵਿੱਚ ਹੈ ਅਤੇ ਇੱਕ ਘਰੇਲੂ ਔਰਤ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਦੇ ਬੱਚੇ ਕਦੇ ਕੰਮ ਕਰਨਾ ਸਿੱਖਣਗੇ, ਉਹ ਕਹਿੰਦੇ ਹਨ, " ਕੋਈ ਭਰੋਸਾ ਨਹੀਂ ਹੈ ''

ਸਾਡੀ ਗੱਲਬਾਤ ਸੁਣ ਰਹੇ ਇੱਕ ਗਾਹਕ ਨੇ ਦ਼ਖਲ ਦਿੱਤਾ ਅਤੇ ਅਨੋਪਰਮ ਨੂੰ ਪੁੱਛਿਆ, " ਆਪ ਕਿਉਂ ਬੜੇ ਸ਼ਹਿਰ ਨਹੀਂ ਗਏ ਜ਼ਿਆਦਾ ਪੈਸਾ ਕਮਾਨੇ। '' ਜਿਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ, " ਹਮ ਇਸਮੇ ਖਸ਼ ਹੈਂ "

ਇਹ ਕਹਾਣੀ ਸੰਕੇਤ ਜੈਨ ਦੀ ਪੇਂਡੂ ਕਾਰੀਗਰਾਂ ਬਾਰੇ ਲੜੀ ਦਾ ਹਿੱਸਾ ਹੈ ਅਤੇ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਦੁਆਰਾ ਮਦਦ ਕੀਤੀ ਗਈ ਹੈ।

ਤਰਜਮਾ: ਕਮਲਜੀਤ ਕੌਰ

Sanket Jain

سنکیت جین، مہاراشٹر کے کولہاپور میں مقیم صحافی ہیں۔ وہ پاری کے سال ۲۰۲۲ کے سینئر فیلو ہیں، اور اس سے پہلے ۲۰۱۹ میں پاری کے فیلو رہ چکے ہیں۔

کے ذریعہ دیگر اسٹوریز Sanket Jain
Editor : Sanviti Iyer

سنویتی ایئر، پیپلز آرکائیو آف رورل انڈیا کی کنٹینٹ کوآرڈینیٹر ہیں۔ وہ طلباء کے ساتھ بھی کام کرتی ہیں، اور دیہی ہندوستان کے مسائل کو درج اور رپورٹ کرنے میں ان کی مدد کرتی ہیں۔

کے ذریعہ دیگر اسٹوریز Sanviti Iyer
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur