''ਦੋ ਦਿਨ ਪਹਿਲਾਂ ਅਸੀਂ ਸਾਰਿਆਂ ਨੇ ਫ਼ੋਟੋਆਂ ਖਿੱਚੀਆਂ ਸੀ ਆਪੋ-ਆਪਣੇ ਮਸਲਾਂ ਦੀਆਂ। ਮੇਰੇ ਤਾਂ ਸਿਕਸ ਪੈਕ ਐਬਸ ਨੇ, ਬਗ਼ੈਰ ਐਕਸਰਸਾਈਜ਼ ਕੀਤਿਆਂ ਤੇ ਸ਼ਾਹਬਾਜ਼ ਦੇ ਬਾਇਸੈਪਸ ਤਾਂ ਦੇਖੋ!'' ਨੌਜਵਾਨ ਆਦਿਲ ਹੱਸਦਿਆਂ ਹੋਇਆਂ ਆਪਣੇ ਸਹਿਕਰਮੀਆਂ ਵੱਲ ਇਸ਼ਾਰਾ ਕਰਦੇ ਹਨ।
ਮੁਹੰਮਦ ਆਦਿਲ ਤੇ ਸ਼ਾਹਬਾਜ਼ ਅੰਸਾਰੀ ਮੇਰਠ ਵਿਖੇ ਜਿਮ ਤੇ ਫਿਟਨੈੱਸ ਸਬੰਧੀ ਸਾਜ਼ੋ-ਸਮਾਨ ਬਣਾਉਣ ਦੇ ਕਾਰਖ਼ਾਨੇ ਵਿੱਚ ਕੰਮ ਕਰਦੇ ਹਨ ਤੇ ਉਹ ਦਿਹਾੜੀ ਦਾ ਓਨਾ ਭਾਰ ਚੁੱਕ ਲੈਂਦੇ ਹਨ ਜਿੰਨਾ ਜਿਮ ਲਾਉਣ ਵਾਲ਼ੇ ਹਫ਼ਤੇ ਵਿੱਚ ਵੀ ਨਾ ਚੁੱਕ ਸਕਣ। ਇੰਨਾ ਭਾਰਾ ਕੰਮ ਬੇਸ਼ੱਕ ਫਿਟ ਰਹਿਣ ਲਈ ਨਹੀਂ ਕੀਤਾ ਜਾਂਦਾ, ਇਹ ਤਾਂ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿਖੇ ਵੱਸਦੇ ਮੁਸਲਮਾਨ ਪਰਿਵਾਰਾਂ ਦੇ ਨੌਜਵਾਨਾਂ ਦੀ ਤ੍ਰਾਸਦੀ ਹੈ ਕਿ ਰੋਜ਼ੀਰੋਟੀ ਕਮਾਉਣ ਲਈ ਉਨ੍ਹਾਂ ਕੋਲ਼ ਹੋਰ ਕੋਈ ਚਾਰਾ ਨਹੀਂ। ਦਰਅਸਲ ਪੱਛਮੀ ਯੂਪੀ ਦਾ ਇਹ ਸ਼ਹਿਰ ਖੇਡਾਂ ਦੇ ਉਤਪਾਦ ਬਣਾਉਣ ਦਾ ਗੜ੍ਹ ਹੈ।
''ਹਾਲੇ ਕੁਝ ਦਿਨ ਪਹਿਲਾਂ ਮੁੰਡੇ ਆਪਣੇ ਬਾਈਸੈਪ ਤੇ ਐਬਸ (ਢਿੱਡ ਦੀਆਂ ਮਾਸਪੇਸ਼ੀਆਂ) ਦੀ ਤੁਲਨਾ ਕਰਨ ਲਈ ਫ਼ੋਟੋਆਂ ਖਿੱਚ ਰਹੇ ਸਨ,'' 30 ਸਾਲਾ ਮੁਹੰਮਦ ਸਾਕਿਬ ਕਹਿੰਦੇ ਹਨ। ਮੇਰਠ ਦੇ ਉੱਦਮੀ, ਸਾਕਿਬ ਸੂਰਜ ਕੁੰਡ ਰੋਡ 'ਤੇ ਕਿਰਾਏ ਦਾ ਸ਼ੋਅਰੂਮ ਚਲਾਉਂਦੇ ਹਨ ਜਿੱਥੇ ਖੇਡਾਂ ਨਾਲ਼ ਜੁੜੇ ਸਾਜ਼ੋ-ਸਮਾਨ ਵੇਚੇ ਜਾਂਦੇ ਹਨ। ਖੇਡਾਂ ਦੇ ਸਮਾਨ ਦਾ ਇਹ ਬਜ਼ਾਰ ਕੋਈ ਕਿਲੋਮੀਟਰ ਦੇ ਦਾਇਦੇ ਵਿੱਚ ਫੈਲਿਆ ਹੋਇਆ ਹੈ।
ਉਹ ਅੱਗੇ ਕਹਿੰਦੇ ਹਨ,''ਸਧਾਰਣ ਜਿਹਾ ਡੰਬਲ ਇਸਤੇਮਾਲ ਕਰਨ ਵਾਲ਼ੇ ਲੋਕਾਂ, ਜੋ ਘਰ ਸੰਭਾਲ਼ਦੇ ਨੇ, ਤੋਂ ਲੈ ਕੇ ਸੈਟਅਪ ਤੱਕ, ਜੋ ਪ੍ਰੋਫ਼ੈਸ਼ਨਲ ਖਿਡਾਰੀ ਯੂਜ਼ ਕਰਦੇ ਨੇ, ਅੱਜਕੱਲ੍ਹ ਸਭ ਨੂੰ ਜਿਮ ਤੇ ਫਿਟਨੈੱਸ ਉਪਕਰਣ ਚਾਹੀਦੇ ਹੀ ਨੇ।''
ਸਾਡੀ ਪੂਰੀ ਗੱਲਬਾਤ ਦੌਰਾਨ ਬਿਜਲਈ ਤਿੰਨ-ਪਹੀਏ ਮਿਨੀ ਮੈਟਰੋ ਇਸ ਭੀੜ-ਭੜੱਕੇ ਵਾਲ਼ੇ ਬਜ਼ਾਰ ਵਿੱਚ ਆਉਂਦੇ ਜਾਂਦੇ ਰਹੇ, ਕਈਆਂ ਵਿੱਚ ਲੋਹੇ ਦੇ ਸਰੀਏ ਤੇ ਪਾਈਪ ਲੱਦੇ ਹੁੰਦੇ ਤੇ ਕਈਆਂ ਵਿੱਚ ਘਰੇਲੂ ਜਿਮ ਵਾਸਤੇ ਲੋੜੀਂਦੇ ਡੰਬਲ ਵਗੈਰਾ ਹੁੰਦੇ। ''ਜਿਮ ਮਸ਼ੀਨਾਂ ਦੇ ਪੁਰਜੇ ਅੱਡ-ਅੱਡ ਬਣਦੇ ਹਨ ਤੇ ਫਿਰ ਉਨ੍ਹਾਂ ਨੂੰ ਜੋੜਿਆ ਜਾਂਦਾ ਹੈ,'' ਸਾਕਿਬ ਕਹਿੰਦੇ ਹਨ ਜਿਵੇਂ ਹੀ ਉਨ੍ਹਾਂ ਦਾ ਧਿਆਨ ਲੋਹੇ ਦੇ ਪੁਰਜੇ ਲੱਦੇ ਆਟੋਆਂ ਵੱਲ ਪੈਂਦਾ ਹੈ।
ਲੋਹੇ ਦਾ ਸਮਾਨ ਬਣਾਉਣ ਲਈ ਮੇਰਠ ਦੀ ਜੋ ਕੇਂਦਰੀ ਭੂਮਿਕਾ ਹੈ, ਉਹ ਨਵੀਂ ਨਹੀਂ ਹੈ। ''ਇੱਥੋਂ ਦਾ ਕੈਂਚੀ ਉਦਯੋਗ ਦੁਨੀਆ ਭਰ ਵਿੱਚ ਮਕਬੂਲ ਹੈ,'' ਸਾਕਿਬ ਦੱਸਦੇ ਹਨ। ਸਾਲ 2013 ਵਿੱਚ ਮੇਰਠ ਦੇ ਕੈਂਚੀ ਉਦਯੋਗ, ਤਿੰਨ ਸਦੀਆਂ ਪੁਰਾਣਾ, ਨੇ ਜਿਓਗ੍ਰਾਫਿਕਲ ਇੰਡੀਕੇਸ਼ਨ (ਜੀਆਈ) ਟੈਗ ਹਾਸਲ ਕੀਤਾ।
ਹਾਲਾਂਕਿ, ਮੇਰਠ ਵਿਖੇ ਜਿਮ ਉਪਕਰਣਾਂ ਦੇ ਨਿਰਮਾਣ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ, ਤੇ 1990 ਦੇ ਦਹਾਕੇ ਦੀ ਸ਼ੁਰੂਆਤ ਤੋਂ ਸ਼ੁਰੂ ਹੁੰਦਾ ਹੈ। ਸਾਕਿਬ ਦੱਸਦੇ ਹਨ,''ਕੁਝ ਪੰਜਾਬੀ ਤੇ ਕੁਝ ਲੋਕਮ ਫਰਮ ਵਾਲ਼ੇ, ਜੋ ਮੇਰਠ ਦੇ ਸਪੋਰਟਸ ਇੰਡਸਟ੍ਰੀ ਵਿੱਚ ਪਹਿਲਾਂ ਤੋਂ ਸਨ, ਉਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਸੀ। ਲੋਹੇ ਦੇ ਕੰਮ ਕਰਨ ਵਾਲ਼ੇ ਕਾਰੀਗਰ ਇੱਥੇ ਸਨ ਹੀ, ਰਾਅ ਮੈਟੀਰਿਅਲ ਜਿਹੇ ਰਿਸਾਈਕਲ ਕੀਤੇ ਹੋਏ ਆਇਰਨ ਪਾਈਪ, ਰੌਡ, ਸ਼ੀਟ ਜਿਸ ਤੋਂ ਜਿਮ ਇਕੁਵਿਪਮੈਂਟ ਤਿਆਰ ਹੁੰਦੇ ਨੇ, ਉਹ ਵੀ ਅਰਾਮ ਨਾਲ਼ ਸ਼ਹਿਰ ਦੀ ਲੋਹਾ ਮੰਡੀ ਵਿੱਚ ਮਿਲ਼ਦੇ ਸਨ।''
ਬਹੁਤੇਰੇ ਲੁਹਾਰ ਤੇ ਲੋਹੇ ਦੀ ਢਲਾਈ ਕਰਨ ਵਾਲ਼ੇ ਮੁਸਲਮਾਨ ਹਨ ਤੇ ਘੱਟ ਕਮਾਈ ਵਾਲ਼ੇ ਪਰਿਵਾਰਾਂ ਤੋਂ ਆਉਂਦੇ ਹਨ। ''ਘਰ ਦਾ ਵੱਡਾ ਮੁੰਡਾ ਕਾਫ਼ੀ ਛੋਟੀ ਉਮਰੇ ਹੀ ਸਿਖਲਾਈ ਪਾ ਜਾਂਦਾ ਹੈ,'' ਸਾਕਿਬ ਕਹਿੰਦੇ ਹਨ। ''ਸੈਫ਼ੀ/ਲੁਹਾਰ (ਹੋਰ ਪਿਛੜਿਆ ਵਰਗ) ਉਪ-ਜਾਤੀ ਦਾ ਮੰਨਣਾ ਹੈ ਕਿ ਇਸ ਪੇਸ਼ੇ ਵਿੱਚ ਕਾਫ਼ੀ ਹੁਨਰ ਦੀ ਲੋੜ ਹੈ,'' ਉਹ ਅੱਗੇ ਜੋੜਦੇ ਹਨ। ਸਾਕਿਬ ਖ਼ੁਦ ਅੰਸਾਰੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਜੋ ਮੁਸਲਮਾਨ ਜੁਲਾਹਿਆਂ ਦੀ ਉਪ-ਜਾਤੀ ਹੈ ਤੇ ਰਾਜ ਵਿਖੇ ਬਤੌਰ ਓਬੀਸੀ ਸੂਚੀਬੱਧ ਹੈ।
''ਕਈ ਇਕਾਈਆਂ ਇਸਲਾਮਾਬਾਦ, ਜ਼ਾਕਿਰ ਹੁਸੈਨ ਕਲੋਨੀ, ਲਿਸਾੜੀ ਗੇਟ ਤੇ ਜ਼ੈਦੀ ਫ਼ਾਰਮ ਜਿਹੇ ਮੁਸਲਮਾਨ-ਬਹੁਗਿਣਤੀ ਵਾਲ਼ੇ ਇਲਾਕਿਆਂ ਵਿੱਚ ਸਥਿਤ ਹਨ,'' ਸਾਕਿਬ ਦੱਸਦੇ ਹਨ। ਮੇਰਠ ਵਿੱਚ ਮੁਸਲਮਾਨ ਅਬਾਦੀ ਕੋਈ 34 ਫ਼ੀਸਦ ਹੈ ਜੋ ਰਾਜ ਅੰਦਰ ਸੱਤਵੀਂ ਵੱਡੀ ਅਬਾਦੀ ਹੈ (ਮਰਦਮਸ਼ੁਮਾਰੀ 2011)।
ਲੋਹ-ਕਾਮਿਆਂ ਵਿੱਚ ਵੱਡੀ ਅਬਾਦੀ ਮੁਸਲਮਾਨਾਂ ਦਾ ਹੋਣਾ ਇਕੱਲੇ ਮੇਰਠ ਲਈ ਕੋਈ ਅਲੋਕਾਰੀ ਗੱਲ ਨਹੀਂ ਹੈ। ਭਾਰਤ ਦੇ ਮੁਸਲਿਮ ਭਾਈਚਾਰੇ ਦੀ ਸਮਾਜਿਕ, ਆਰਥਿਕ ਤੇ ਵਿਦਿਅਕ ਪੱਧਰ 2006 ਦੀ ਰਿਪੋਰਟ ( ਸੱਚਰ ਕਮੇਟੀ ਰਿਪੋਰਟ ) ਮੁਤਾਬਕ, ਫੈਬਰੀਕੇਟਡ ਧਾਤੂ ਉਤਪਾਦ ਉਨ੍ਹਾਂ ਤਿੰਨ ਨਿਰਮਾਣ ਖੇਤਰਾਂ ਵਿੱਚੋਂ ਇੱਕ ਹਨ ਜਿੱਥੇ ਕੰਮ ਕਰਨ ਵਾਲ਼ੀ ਮੁਕਾਬਲਤਨ ਵੱਡੀ ਅਬਾਦੀ ਮੁਸਲਮਾਨਾਂ ਦੀ ਹੈ।
ਸਾਕਿਬ ਤੇ ਉਨ੍ਹਾਂ ਦੇ ਭਰਾ (ਦੋਵਾਂ ਦੀ ਉਮਰ ਕਰੀਬ 30 ਸਾਲ), ਮੁਹੰਮਦ ਨਾਜ਼ਿਮ ਤੇ ਮੁਹੰਮਦ ਆਸਿਮ ਨੇ ਸ਼ਹਿਰ ਦੇ ਲੋਹਾ-ਉਦਯੋਗ ਵਿਖੇ ਬਤੌਰ ਮਜ਼ਦੂਰ ਕੰਮ ਸ਼ੁਰੂ ਕੀਤਾ ਸੀ। ਉਹ ਛੋਟੇ ਮੁੰਡੇ ਹੀ ਸਨ ਜਦੋਂ ਸਾਲ 2000 ਦੇ ਕਰੀਬ ਉਨ੍ਹਾਂ ਦੇ ਪਿਤਾ ਦਾ ਥੋਕ ਕੱਪੜਾ ਕਾਰੋਬਾਰ ਘਾਟੇ ਵਿੱਚ ਚਲਾ ਗਿਆ। ਬੱਸ ਫਿਰ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਆਸਿਮ ਨੇ ਅਹਿਮਦਨਗਰ ਵਿਖੇ ਆਪਣੇ ਘਰੇ ਰਹਿੰਦਿਆਂ ਡੰਬਲ ਪਲੇਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂਕਿ ਨਾਜ਼ਿਮ ਆਟੋ-ਪਾਰਟ ਨਿਰਮਾਣ ਕਾਰੋਬਾਰ ਵਿੱਚ ਕੰਮ ਕਰਨ ਲੱਗੇ। ਸਾਕਿਬ ਨੇ ਧਾਤੂ ਫੈਬਰੀਕੇਸ਼ਨ ਕਾਰਖਾਨਾ ਵਿੱਚ ਮਾਸਟਰ ਕਾਰੀਗਰ ਫਖਰੂਦੀਨ ਅਲੀ ਸੈਫੀ ਦੇ ਨਾਲ਼ ਬਤੌਰ ਸਹਾਇਕ ਕੰਮ ਕਰਨਾ ਸ਼ੁਰੂ ਕੀਤਾ। ''ਉਨ੍ਹਾਂ ਨੇ ਮੈਨੂੰ ਲੋਹੇ ਦੀਆਂ ਅੱਡ-ਅੱਡ ਚੀਜ਼ਾਂ ਬਣਾਉਣੀ ਸਿਖਾਈਆਂ। ਲੋਹੇ ਨੂੰ ਕੱਟਣਾ, ਮੋੜਨਾ, ਵੈਲਡਿੰਗ ਕਰਨਾ ਤੇ ਅਸੈਂਬਲ ਕਰਕੇ ਜਿਮ ਇਕੁਵਿਪਮੈਂਟ, ਝੂਲੇ, ਜਾਲ਼ੀ ਗੇਟਸ ਵਗੈਰਾ ਬਣਾਉਣੇ ਸਿਖਾਏ।''
ਹੁਣ ਇਹ ਭਰਾ ਤਤੀਨਾ ਸਾਨੀ ਪਿੰਡ ਵਿਖੇ ਆਪਣੀ ਫ਼ਿਟਨੈੱਸ ਤੇ ਜਿਮ ਉਪਕਰਣ ਬਣਾਉਣ ਦੀ ਫ਼ੈਕਟਰੀ ਚਲਾਉਂਦੇ ਹਨ, ਜੋ ਸ਼ਹਿਰ ਵਿੱਚ ਉਨ੍ਹਾਂ ਦੇ ਸ਼ੋਅਰੂਮ ਤੋਂ ਕਰੀਬ ਨੌ ਕਿਲੋਮੀਟਰ ਦੂਰ ਇੱਕ ਛੋਟੀ ਜਿਹੀ ਬਸਤੀ ਹੈ। ਮੇਰਠ ਲੋਹੇ ਦੀਆਂ ਕਲਾਕ੍ਰਿਤੀਆਂ ਦੇ ਨਿਰਮਾਣ ਦਾ ਕੇਂਦਰ ਹੈ ਜਿਵੇਂ ਔਜ਼ਾਰ, ਕੈਂਚੀ ਅਤੇ ਲੋਹੇ ਦਾ ਫਰਨੀਚਰ ਜ਼ਿਲ੍ਹੇ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਚੀਜ਼ਾਂ ਵਿੱਚੋਂ ਇੱਕ ਹਨ (ਮਰਦਮਸ਼ੁਮਾਰੀ 2011)।
"ਮੇਰਠ ਦੇ ਅਣਗਿਣਤ ਹੁਨਰਮੰਦ ਲੋਹੇ ਦੇ ਕਾਮੇ ਮੇਰੇ ਨਾਲ਼ੋਂ ਜ਼ਿਆਦਾ ਜਾਣਦੇ ਹਨ," ਸਾਕਿਬ ਕਹਿੰਦੇ ਹਨ। ''ਪਰ ਇਹੀ ਕਾਰਨ ਹੈ ਕਿ ਮੈਂ ਇੱਕ ਮਜ਼ਦੂਰ ਤੋਂ ਮਾਲਕ ਬਣ ਗਿਆ, ਅਤੇ ਮੈਂ ਅਜੇ ਬਹੁਤ ਜ਼ਿਆਦਾ ਨਹੀਂ ਬਣ ਸਕਿਆ ਹਾਂ।''
ਉਨ੍ਹਾਂ ਦੀ ਯਾਤਰਾ ਇੱਕ ਮੌਕੇ ਕਾਰਨ ਸੰਭਵ ਹੋ ਸਕੀ। ਭਰਾਵਾਂ ਦੁਆਰਾ ਬਚਾਏ ਪੈਸੇ ਨਾਲ਼, ਉਹ ਕੰਪਿਊਟਰ ਐਪਲੀਕੇਸ਼ਨ ਯਾਨੀ ਐੱਮਸੀਏ ਵਿੱਚ ਮਾਸਟਰ ਕਰਨ ਦੇ ਯੋਗ ਹੋ ਗਏ। "ਨਾਜ਼ਿਮ ਅਤੇ ਆਸਿਫ ਭਰਾ ਘਬਰਾਏ ਹੋਏ ਸਨ," ਸਾਕਿਬ ਕਹਿੰਦੇ ਹਨ। ''ਪਰ ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਐੱਮਸੀਏ ਕਰਕੇ ਮੈਂ ਜੋ ਕੁਝ ਸਿੱਖਿਆ ਹੈ, ਉਸ ਨਾਲ਼ ਅਸੀਂ ਜਿਮ ਅਤੇ ਫਿਟਨੈਸ ਇੰਡਸਟਰੀ 'ਚ ਆਪਣਾ ਕਾਰੋਬਾਰ ਖੋਲ੍ਹ ਸਕਾਂਗੇ।''
*****
ਫ਼ੈਕਟਰੀ ਦੇ ਆਲ਼ੇ-ਦੁਆਲ਼ੇ ਘੁੰਮਦੇ ਹੋਏ ਸਾਕਿਬ ਕਹਿੰਦੇ ਹਨ, "ਜਿਮ ਸਾਜ਼ੋ-ਸਾਮਾਨ ਬਣਾਉਣ ਲਈ ਕੱਟਣ, ਵੈਲਡਿੰਗ, ਬਫਿੰਗ, ਫਿਨੀਸ਼ਿੰਗ, ਪੇਂਟਿੰਗ, ਪਾਊਡਰ ਕੋਟਿੰਗ ਅਤੇ ਪੈਕਿੰਗ ਕਰਕੇ ਲੋਹੇ ਦੇ ਹਿੱਸੇ ਕਰਦੇ ਹਨ। ਛੋਟੇ ਹਿੱਸਿਆਂ ਨੂੰ ਬਾਅਦ ਵਿੱਚ ਇਕੱਠਾ ਕੀਤਾ ਜਾਂਦਾ ਹੈ, ਫਿਟਿੰਗ ਕੀਤੀ ਜਾਂਦੀ ਹੈ। ਜਿਵੇਂ ਹੀ ਤੁਸੀਂ ਫ਼ੈਕਟਰੀ ਵਿੱਚ ਆਉਂਦੇ ਹੋ, ਤੁਹਾਨੂੰ ਨਹੀਂ ਪਤਾ ਹੋਵੇਗਾ ਕਿ ਕਿਹੜਾ ਹਿੱਸਾ ਬਣਾਇਆ ਜਾ ਰਿਹਾ ਹੈ, ਕਿਉਂਕਿ ਤੁਸੀਂ ਜਿਮ ਵਿੱਚ ਇੱਕ ਫੈਨਸੀ ਫਿਟਿੰਗ ਉਪਕਰਣ ਦੇਖਿਆ ਹੋਵੇਗਾ।''
ਉਹ ਜਿਨ੍ਹਾਂ ਜਿਮਾਂ ਦਾ ਜ਼ਿਕਰ ਕਰ ਰਹੇ ਹਨ ਉਹ ਉਸ ਫ਼ੈਕਟਰੀ ਤੋਂ ਬਹੁਤ ਵੱਖਰੇ ਹਨ ਜਿਸ ਵਿੱਚ ਅਸੀਂ ਮੌਜੂਦ ਹਾਂ। ਤਿੰਨ ਕੰਧਾਂ ਅਤੇ ਉੱਪਰ ਇੱਕ ਟੀਨ ਸ਼ੈੱਡ ਦੀ ਛੱਤ ਦੇ ਨਾਲ਼, ਫ਼ੈਕਟਰੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ - ਨਿਰਮਾਣ ਖੇਤਰ, ਪੇਂਟਿੰਗ ਖੇਤਰ ਅਤੇ ਪੈਕਿੰਗ ਖੇਤਰ। ਖੁੱਲ੍ਹੇ ਸਿਰੇ ਤੋਂ ਹਵਾ ਆਉਂਦੀ ਹੈ। ਇਹ ਗਰਮੀਆਂ ਦੇ ਲੰਬੇ ਮਹੀਨਿਆਂ ਦੌਰਾਨ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ, ਜਦੋਂ ਤਾਪਮਾਨ ਲਗਭਗ 40 ਅਤੇ ਕਈ ਵਾਰ 45 ਡਿਗਰੀ ਸੈਲਸੀਅਸ ਤੋਂ ਉੱਪਰ ਜਾ ਸਕਦਾ ਹੈ।
ਫ਼ੈਕਟਰੀ 'ਚ ਤੁਰਦੇ ਸਮੇਂ ਸਾਨੂੰ ਆਪਣੇ ਪੈਰਾਂ ਨੂੰ ਜ਼ਮੀਨ 'ਤੇ ਰੱਖਦੇ ਸਮੇਂ ਖਾਸ ਧਿਆਨ ਰੱਖਣਾ ਪੈਂਦਾ ਹੈ।
15 ਫੁੱਟ ਲੰਬੀਆਂ ਲੋਹੇ ਦੀਆਂ ਰਾਡਾਂ ਅਤੇ ਪਾਈਪਾਂ, 400 ਕਿਲੋਗ੍ਰਾਮ ਤੋਂ ਵੱਧ ਭਾਰ ਵਾਲ਼ੇ ਠੋਸ ਲੋਹੇ ਦੇ ਸਿਲੰਡਰ ਹਿੱਸੇ, ਭਾਰੀਆਂ ਪਲੇਟਾਂ ਕੱਟਣ ਲਈ ਵਰਤੇ ਜਾਂਦੇ ਠੋਸ ਅਤੇ ਫਲੈਟ ਧਾਤੂ ਦੀਆਂ ਚਾਦਰਾਂ, ਉਤਪਾਦਨ ਦੇ ਵੱਖ-ਵੱਖ ਪੜਾਵਾਂ ਵਿੱਚ ਵਰਤੀਆਂ ਜਾਂਦੀਆਂ ਵੱਡੀਆਂ ਬਿਜਲੀ ਮਸ਼ੀਨਾਂ ਅਤੇ ਜਿਮ ਉਪਕਰਣ ਸਾਰੇ ਫਰਸ਼ 'ਤੇ ਪਏ ਹਨ। ਉਨ੍ਹਾਂ ਦੇ ਵਿਚਕਾਰ ਇੱਕ ਤੰਗ, ਬਗ਼ੈਰ ਨਿਸ਼ਾਨੋਂ ਪਗਡੰਡੀ ਜਿਹਾ ਰਸਤਾ ਹੈ ਅਤੇ ਮਾਸਾ ਜਿੰਨੀ ਚੂਕ ਹੋਣ ਦਾ ਮਤਲਬ ਹੈ ਕਿਸੇ ਤਿੱਖੀ ਧਾਰ ਨਾਲ਼ ਡੂੰਘੇ ਕੱਟੇ ਜਾਣ ਦਾ ਡਰ। ਪੈਰਾਂ 'ਤੇ ਭਾਰੀ ਚੀਜ਼ ਡਿੱਗਣ ਕਾਰਨ ਹੱਡੀ ਟੁੱਟਣ ਦਾ ਖ਼ਤਰਾ ਵੀ ਹੁੰਦਾ ਹੈ।
ਭੂਰੀਆਂ, ਸਲੇਟੀ ਅਤੇ ਕਾਲ਼ੇ ਰੰਗ ਦੀਆਂ ਇਨ੍ਹਾਂ ਭਾਰੀਆਂ ਸਥਿਰ ਚੀਜ਼ਾਂ ਵਿਚਕਾਰ ਇੱਕੋ ਇੱਕ ਗਤੀਸ਼ੀਲਤਾ ਅਤੇ ਚਮਕ ਕਾਰੀਗਰਾਂ ਦੇ ਆਉਣ ਨਾਲ਼ ਆਉਂਦੀ ਹੈ। ਰੰਗੀਨ ਟੀ-ਸ਼ਰਟਾਂ ਪਹਿਨ ਕੇ, ਉਹ ਇਲੈਕਟ੍ਰਿਕ ਮਸ਼ੀਨਾਂ ਚਲਾ ਰਹੇ ਹਨ ਜੋ ਧਾਤਾਂ ਦੇ ਸੰਪਰਕ ਵਿੱਚ ਆਉਣ 'ਤੇ ਚੰਗਿਆੜੇ ਛੱਡਦੀਆਂ ਹਨ।
ਇੱਥੇ ਮੁਹੰਮਦ ਆਸਿਫ਼ ਤਤੀਨਾ ਸਾਨੀ ਦਾ ਇਕਲੌਤਾ ਕਾਰੀਗਰ ਹੈ। ਹੋਰ ਲੋਕ ਮੇਰਠ ਦੇ ਆਸ ਪਾਸ ਦੇ ਇਲਾਕਿਆਂ ਤੋਂ ਆਉਂਦੇ ਹਨ। "ਮੈਂ ਇੱਥੇ ਢਾਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਪਰ ਇਹ ਮੇਰੀ ਪਹਿਲੀ ਨੌਕਰੀ ਨਹੀਂ ਹੈ। ਪਹਿਲਾਂ, ਮੈਂ ਇੱਕ ਹੋਰ ਜਿਮ ਮਸ਼ੀਨ ਫ਼ੈਕਟਰੀ ਵਿੱਚ ਕੰਮ ਕਰਦਾ ਸੀ," ਆਸਿਫ ਨੇ ਕਿਹਾ, ਜੋ ਲੋਹੇ ਦੀਆਂ ਪਾਈਪਾਂ ਕੱਟਣ ਦੇ ਮਾਹਰ ਹਨ। ਖਿੰਡੇ-ਪੁੰਡੇ ਢੇਰ ਵਿੱਚੋਂ 15 ਫੁੱਟ ਲੰਬੀ ਪਾਈਪਾਂ ਕੱਢਕੇ, ਉਹ ਉਨ੍ਹਾਂ ਨੂੰ ਪਾਈਪ ਕੱਟਣ ਵਾਲੀ ਮਸ਼ੀਨ 'ਤੇ ਰੱਖਣ ਤੋਂ ਪਹਿਲਾਂ ਆਪਣੇ ਖੱਬੇ ਪਾਸੇ ਖਾਲੀ ਫਰਸ਼ 'ਤੇ ਇੱਕ-ਇੱਕ ਕਰਕੇ ਧੱਕਦੇ ਹਨ। ਕਟਾਈ ਕਿੱਥੋਂ ਕਰਨੀ ਹੈ, ਇਹ ਨਿਸ਼ਾਨ ਲਗਾਉਣ ਲਈ ਉਹ ਇੰਚ ਟੇਪ ਦੀ ਵਰਤੋਂ ਕਰਦੇ ਹਨ। ਉਸ ਜਗ੍ਹਾ 'ਤੇ, ਜਿਮ ਸਾਜ਼ੋ-ਸਾਮਾਨ ਬਣਾਉਣ ਲਈ ਲੋੜੀਂਦੀ ਲੰਬਾਈ ਅਤੇ ਡਿਜ਼ਾਈਨ ਕੱਟਿਆ ਜਾਣਾ ਹੈ।
"ਮੇਰੇ ਪਿਤਾ ਜੋ ਆਟੋ ਚਲਾਉਂਦੇ ਹਨ, ਉਹ ਉਨ੍ਹਾਂ ਦਾ ਨਹੀਂ ਹੈ। ਉਸ ਦੀ ਕਮਾਈ ਕਾਫ਼ੀ ਨਹੀਂ ਸੀ, ਇਸ ਲਈ ਮੈਨੂੰ ਜਿੰਨੀ ਜਲਦੀ ਹੋ ਸਕੇ ਕੰਮ ਸ਼ੁਰੂ ਕਰਨਾ ਪਿਆ।'' ਉਹ ਮਹੀਨੇ ਦਾ ਮਸਾਂ 6,500 ਰੁਪਏ ਹੀ ਕਮਾਉਂਦੇ ਹਨ।
ਫ਼ੈਕਟਰੀ ਦੇ ਇੱਕ ਹੋਰ ਹਿੱਸੇ ਵਿਚ ਮੁਹੰਮਦ ਨੌਸ਼ਾਦ ਆਰਾ ਮਸ਼ੀਨ ਨਾਲ਼ ਲੋਹੇ ਦੇ ਠੋਸ ਸਿਲੰਡਰ ਦੇ ਆਕਾਰ ਦੇ ਟੁਕੜੇ ਨੂੰ ਕੱਟ ਰਹੇ ਹਨ। 32 ਸਾਲਾ ਨੌਸ਼ਾਦ ਇੱਥੇ ਲੇਥ ਮਸ਼ੀਨ 'ਤੇ ਵੀ ਕੰਮ ਕਰਦੇ ਹਨ ਅਤੇ 2006 ਤੋਂ ਆਸਿਮ ਨਾਲ਼ ਕੰਮ ਕਰ ਰਹੇ ਹਨ। "ਇਨ੍ਹਾਂ ਨੂੰ ਫਿਟਿੰਗ ਲਈ ਵੱਖ-ਵੱਖ ਕਿਸਮਾਂ ਦੇ ਜਿਮ ਉਪਕਰਣਾਂ ਵਿੱਚ ਫਿੱਟ ਕੀਤਾ ਜਾਵੇਗਾ," ਨੌਸ਼ਾਦ ਭਾਰ ਦੇ ਅਨੁਸਾਰ ਇੱਕ ਦੂਜੇ ਦੇ ਉੱਪਰ ਰੱਖੇ ਗਏ ਲੋਹੇ ਦੇ ਕਈ ਡਿਸਕ ਆਕਾਰ ਦੇ ਟੁਕੜਿਆਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ।
ਨੌਸ਼ਾਦ ਦੇ ਕੰਮ ਵਾਲੀ ਥਾਂ ਦੇ ਖੱਬੇ ਪਾਸੇ 42 ਸਾਲਾ ਮੁਹੰਮਦ ਆਸਿਫ ਸੈਫੀ ਅਤੇ 27 ਸਾਲਾ ਆਮਿਰ ਅੰਸਾਰੀ ਨੇ 8-ਸਟੇਸ਼ਨਾਂ ਦਾ ਮਲਟੀ-ਜਿਮ ਸਥਾਪਤ ਕੀਤਾ। ਇਹ ਕੁਪਵਾੜਾ ਦੇ ਫੌਜੀ ਕੈਂਪ ਵਿੱਚ ਪਹੁੰਚਾਈ ਜਾਣ ਵਾਲ਼ੀ ਖੇਪ ਦਾ ਹਿੱਸਾ ਹੈ।
ਕੰਪਨੀ ਦੇ ਗਾਹਕਾਂ 'ਚ ਸ਼੍ਰੀਨਗਰ ਅਤੇ ਕਟੜਾ (ਜੰਮੂ-ਕਸ਼ਮੀਰ), ਅੰਬਾਲਾ (ਹਰਿਆਣਾ), ਬੀਕਾਨੇਰ (ਰਾਜਸਥਾਨ) ਅਤੇ ਸ਼ਿਲਾਂਗ 'ਚ ਭਾਰਤੀ ਫੌਜ ਦੇ ਅਦਾਰੇ ਸ਼ਾਮਲ ਹਨ ਅਤੇ ਸਾਕਿਬ ਮੁਤਾਬਕ ''ਨਿੱਜੀ ਜਿਮ ਸੈੱਟਅਪ ਦੀ ਸੂਚੀ ਮਨੀਪੁਰ ਤੋਂ ਕੇਰਲ ਰਾਜ ਤੱਕ ਹੈ। ਅਸੀਂ ਨੇਪਾਲ ਅਤੇ ਭੂਟਾਨ ਨੂੰ ਵੀ ਨਿਰਯਾਤ ਕਰਦੇ ਹਾਂ।''
ਦੋਵੇਂ ਆਰਕ ਵੈਲਡਿੰਗ ਮਾਹਰ ਹਨ ਅਤੇ ਛੋਟੇ ਹਿੱਸੇ ਬਣਾਉਣ ਦੇ ਨਾਲ਼-ਨਾਲ਼ ਵੱਡੇ ਔਜ਼ਾਰ ਜੋੜਨ ਨਾਲ਼ ਕੰਮ ਕਰਦੇ ਹਨ। ਕੀਤੇ ਗਏ ਆਰਡਰਾਂ ਅਤੇ ਮਸ਼ੀਨਾਂ ਦੇ ਆਧਾਰ 'ਤੇ, ਉਹ ਹਰ ਮਹੀਨੇ ਲਗਭਗ 50-60,000 ਰੁਪਏ ਕਮਾਉਂਦੇ ਹਨ।
ਆਮਿਰ ਕਹਿੰਦੇ ਹਨ, "ਆਰਕ ਵੇਲਡਰ ਦੇ ਸਾਹਮਣੇ ਇੱਕ ਪਤਲਾ ਇਲੈਕਟ੍ਰੋਡ ਹੈ, ਜੋ ਮੋਟੇ ਲੋਹੇ ਨੂੰ ਵੀ ਪਿਘਲਾਉਂਦਾ ਹੈ। ਜਦੋਂ ਧਾਤ ਦੇ ਦੋ ਟੁਕੜੇ ਜੁੜੇ ਹੁੰਦੇ ਹਨ, ਤਾਂ ਇਲੈਕਟ੍ਰੋਡਾਂ ਨੂੰ ਹੱਥ ਨਾਲ਼ ਚਲਾਉਣਾ ਪੈਂਦਾ ਹੈ। ਇਸ ਨਾਲ਼ ਇਹ ਸੌਖਾ ਨਹੀਂ ਹੋ ਜਾਂਦਾ, ਅਤੇ ਮੁਹਾਰਤ ਹਾਸਲ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਸਾਕਿਬ ਆਪਣੀ ਤਨਖਾਹ ਬਾਰੇ ਦੱਸਦੇ ਹਨ, "ਆਮਿਰ ਅਤੇ ਆਸਿਫ ਠੇਕੇ 'ਤੇ ਕੰਮ ਕਰਦੇ ਹਨ। ਜਿਨ੍ਹਾਂ ਨੌਕਰੀਆਂ ਲਈ ਸਭ ਤੋਂ ਵੱਧ ਹੁਨਰ ਦੀ ਲੋੜ ਹੁੰਦੀ ਹੈ ਉਹ ਠੇਕੇ 'ਤੇ ਕੀਤੀਆਂ ਜਾਂਦੀਆਂ ਹਨ, ਨਾ ਕਿ ਉਹ ਜੋ ਘੱਟ ਹੁਨਰਮੰਦ ਹਨ। ਮਾਹਰਾਂ ਦੀ ਮੰਗ ਵਧੇਰੇ ਹੈ ਅਤੇ ਉਹ ਮਾਲਕ ਤੋਂ ਬਿਹਤਰ ਤਨਖਾਹ ਮੰਗਣ ਦੀ ਸਥਿਤੀ ਵਿੱਚ ਹਨ।''
ਅਚਾਨਕ ਦੁਕਾਨ ਦੀਆਂ ਲਾਈਟਾਂ ਮੱਧਮ ਹੋ ਗਈਆਂ। ਲਾਈਟਾਂ ਬੰਦ ਹੋ ਗਈਆਂ; ਫ਼ੈਕਟਰੀ ਦਾ ਜਨਰੇਟਰ ਚਾਲੂ ਹੋਣ ਤੱਕ ਕੰਮ ਕੁਝ ਸਕਿੰਟਾਂ ਲਈ ਰੁੱਕ ਜਾਂਦਾ ਹੈ। ਮਜ਼ਦੂਰ ਹੁਣ ਜਨਰੇਟਰਾਂ ਅਤੇ ਇਲੈਕਟ੍ਰਿਕ ਮਸ਼ੀਨਾਂ ਦੇ ਸ਼ੋਰ ਵਿੱਚ ਆਪਣੀ ਗੱਲ ਰੱਖਣ ਲਈ ਉੱਚੀ ਚੀਕ ਰਹੇ ਹਨ।
ਅਗਲੇ ਵਰਕਸਟੇਸ਼ਨ 'ਤੇ, 21 ਸਾਲਾ ਇਬਾਦ ਸਲਮਾਨੀ ਜਿਮ ਉਪਕਰਣ ਜੋੜਾਂ ਨੂੰ ਮਜ਼ਬੂਤ ਕਰਨ ਲਈ ਮੈਟਲ ਇਨਰਸਟ ਗੈਸ (ਐਮਆਈਜੀ) ਵੇਲਡਰ ਦੀ ਵਰਤੋਂ ਕਰ ਰਹੇ ਹਨ। "ਲੋਹਾ ਪਿਘਲ਼ ਜਾਵੇਗਾ ਜੇ ਤੁਹਾਨੂੰ ਨਹੀਂ ਪਤਾ ਕਿ ਮੋਟੇ ਅਤੇ ਪਤਲੇ ਟੁਕੜਿਆਂ ਨੂੰ ਕਿਸ ਤਾਪਮਾਨ 'ਤੇ ਵੇਲਡ ਕਰਨਾ ਹੈ," ਇਬਾਦ ਕਹਿੰਦੇ ਹਨ, ਜੋ ਹਰ ਮਹੀਨੇ 10,000 ਰੁਪਏ ਤੱਕ ਕਮਾਉਂਦੇ ਹਨ।
ਧਾਤ ਦੇ ਇੱਕ ਟੁਕੜੇ 'ਤੇ ਕੰਮ ਕਰਨ ਲਈ ਝੁਕ ਕੇ, ਇਬਾਦ ਆਪਣੀਆਂ ਅੱਖਾਂ ਅਤੇ ਬਾਹਾਂ ਨੂੰ ਇਸ ਸਮੇਂ ਦੌਰਾਨ ਪੈਦਾ ਹੋਣ ਵਾਲੀਆਂ ਚੰਗਿਆੜੀਆਂ ਤੋਂ ਬਚਾਉਣ ਲਈ ਇੱਕ ਢਾਲ਼ ਦੀ ਵਰਤੋਂ ਕਰਦੇ ਹਨ। "ਸਾਡੇ ਕੋਲ਼ ਸਾਰੇ ਸੁਰੱਖਿਆ ਉਪਕਰਣ ਹਨ," ਸਾਕਿਬ ਕਹਿੰਦੇ ਹਨ। ''ਕੀ ਸੁਰੱਖਿਅਤ ਹੈ ਅਤੇ ਕੀ ਨਹੀਂ, ਕਾਰੀਗਰ ਆਪਣੇ ਆਰਾਮ ਅਤੇ ਮੁਸ਼ਕਲ ਦੇ ਅਨੁਸਾਰ ਉਨ੍ਹਾਂ ਦੀ ਜਾਂਚ ਕਰਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਦੇ ਹਨ।''
ਆਸਿਫ ਸੈਫੀ ਕਹਿੰਦੇ ਹਨ, "ਉਂਗਲਾਂ ਸੜ ਜਾਂਦੀਆਂ ਨੇ। ਲੋਹੇ ਦੀਆਂ ਪਾਈਪਾਂ ਪੈਰਾਂ 'ਤੇ ਡਿੱਗਦੀਆਂ ਨੇ। ਚੀਰੇ ਆਦਿ ਪੈਣਾ ਆਮ ਗੱਲ ਹੈ। ਉਹ ਬਚਪਨ ਤੋਂ ਹੀ ਅਜਿਹਾ ਕਰਦੇ ਆ ਰਹੇ ਹਨ, ਇਹ ਇੱਕ ਆਦਤ ਬਣ ਗਈ ਹੈ। ਕੰਮ ਨਹੀਂ ਛੱਡਿਆ ਜਾ ਸਕਦਾ।''
ਸਭ ਤੋਂ ਬਜ਼ੁਰਗ ਕਾਰੀਗਰ, 60 ਸਾਲਾ ਬਾਬੂ ਖਾਨ, ਆਪਣੀਆਂ ਬਾਹਾਂ ਨੂੰ ਸੂਤੀ ਕੱਪੜੇ ਦੇ ਟੁਕੜਿਆਂ ਨਾਲ਼ ਢੱਕਦੇ ਹਨ ਅਤੇ ਆਪਣੇ ਧੜ ਅਤੇ ਲੱਤਾਂ ਨੂੰ ਚੰਗਿਆੜੀਆਂ ਤੋਂ ਬਚਾਉਣ ਲਈ ਆਪਣੀ ਕਮਰ ਦੁਆਲ਼ੇ ਇੱਕ ਵੱਡਾ ਕੱਪੜਾ ਬੰਨ੍ਹਦੇ ਹਨ। ਉਹ ਕਹਿੰਦੇ ਹਨ, "ਪਹਿਲਾਂ ਮੈਂ ਲੋਹੇ ਦੀਆਂ ਰਾਡਾਂ ਨੂੰ ਵੈਲਡ ਕਰਦਾ ਸਾਂ ਦੂਜੀ ਫ਼ੈਕਟਰੀ ਵਿੱਚ। ਇੱਥੇ ਮੈਂ ਬਫ਼ਿੰਗ ਕਰਦਾ ਹਾਂ।''
ਸਾਕਿਬ ਦੱਸਦੇ ਹਨ ਕਿ "ਬਫਿੰਗ ਨਾਲ਼ ਲੋਹੇ 'ਤੇ ਕਟਾਈ ਅਤੇ ਵੈਲਡਿੰਗ ਦੇ ਪਏ ਸਾਰੇ ਨਿਸ਼ਾਨ ਬਰਾਬਰ ਹੋ ਜਾਂਦੇ ਨੇ। ਇਹ ਪੂਰੀ ਪ੍ਰਕਿਰਿਆ ਦਾ ਆਖਰੀ ਤਕਨੀਕੀ ਕੰਮ ਹੈ।" ਬਾਬੂ ਨੂੰ 10,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ।
ਜਦੋਂ ਸਤਹ ਮੁਲਾਇਮ ਹੁੰਦੀ ਹੈ, ਤਾਂ 45 ਸਾਲਾ ਸ਼ਾਕਿਰ ਅੰਸਾਰੀ ਦੇ ਜਿੰਮੇ ਸਾਜ਼ੋ-ਸਾਮਾਨ ਦੇ ਹਿੱਸਿਆਂ ਦੇ ਜੋੜਾਂ ਨੂੰ ਢੱਕਣ ਲਈ ਬਾਡੀ ਫਿਲਰ ਪੁੱਟੀ ਲਗਾਉਣਾ ਹੁੰਦਾ ਹੈ ਤੇ ਉਹ ਉਨ੍ਹਾਂ ਨੂੰ ਸੈਂਡਪੇਪਰ ਨਾਲ਼ ਚੀਕਣਾ ਕਰਦੇ ਹਨ। ਸ਼ਾਕਿਰ, ਸਾਕਿਬ ਦੇ ਜੀਜਾ ਹਨ ਅਤੇ ਇੱਥੇ ਛੇ ਸਾਲਾਂ ਤੋਂ ਕੰਮ ਕਰ ਰਹੇ ਹਨ। ਉਹ ਠੇਕੇ 'ਤੇ ਕੰਮ ਕਰਦੇ ਹਨ ਅਤੇ ਮਹੀਨੇ ਵਿੱਚ 50,000 ਰੁਪਏ ਤੱਕ ਕਮਾ ਲੈਂਦੇ ਹਨ। "ਮੇਰਾ ਡੀਜ਼ਲ ਨਾਲ਼ ਚੱਲਣ ਵਾਲ਼ੇ ਆਟੋ ਲਈ ਲੋਹੇ ਦੇ ਨੋਜ਼ਲ ਬਣਾਉਣ ਦਾ ਕਾਰੋਬਾਰ ਸੀ। ਪਰ ਕੰਪ੍ਰੈਸਡ ਨੈਚੁਰਲ ਗੈਸ (ਸੀ.ਐੱਨ.ਜੀ.) ਆਟੋ ਦੀ ਸ਼ੁਰੂਆਤ ਤੋਂ ਬਾਅਦ, ਮੇਰਾ ਕੰਮ ਪੂਰੀ ਤਰ੍ਹਾਂ ਚੌਪਟ ਹੋ ਗਿਆ।''
ਇੱਕ ਵਾਰ ਜਦੋਂ ਸ਼ਾਕਿਰ ਡਿਵਾਈਸ 'ਤੇ ਪ੍ਰਾਈਮਰ ਅਤੇ ਪੇਂਟ ਲਗਾ ਕੇ ਕੰਮ ਪੂਰਾ ਕਰ ਲੈਂਦੇ ਹਨ ਤਾਂ ਇਸ ਨੂੰ ਮਸ਼ੀਨ ਨਾਲ਼ ਪਾਊਡਰ-ਲੇਪ ਕੀਤਾ ਜਾਂਦਾ ਹੈ। "ਉਹ ਇਸ ਨੂੰ ਟਿਕਾਊ ਬਣਾਉਂਦਾ ਹੈ ਅਤੇ ਜੰਗ ਨਹੀਂ ਲੱਗਣ ਦਿੰਦਾ," ਸਾਕਿਬ ਕਹਿੰਦੇ ਹਨ।
ਸਾਰੇ ਨਵੇਂ ਬਣੇ ਸਾਜ਼ੋ-ਸਾਮਾਨ ਦੇ ਹਿੱਸੇ ਗੇਟ ਦੇ ਨੇੜੇ ਇੱਕ ਜਗ੍ਹਾ 'ਤੇ ਪੈਕ ਕੀਤੇ ਜਾਂਦੇ ਹਨ ਜਿੱਥੋਂ ਉਨ੍ਹਾਂ ਨੂੰ ਟਰੱਕਾਂ 'ਤੇ ਲੋਡ ਕੀਤਾ ਜਾਂਦਾ ਹੈ। ਪੈਕਰਾਂ ਅਤੇ ਫਿਟਰਾਂ ਮੁਹੰਮਦ ਆਦਿਲ, ਸਮੀਰ ਅੱਬਾਸੀ, ਮੋਹਸਿਨ ਕੁਰੈਸ਼ੀ ਅਤੇ ਸ਼ਾਹਬਾਜ਼ ਅੰਸਾਰੀ ਦੀ ਟੀਮ ਮੈਂਬਰਾਂ ਦੀ ਉਮਰ 17-18 ਸਾਲ ਦੇ ਵਿਚਕਾਰ ਹੈ ਅਤੇ ਉਹ 6,500 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ।
ਆਰਮੀ ਜਿਮ ਲਈ ਕੁਪਵਾੜਾ ਜਾ ਰਿਹਾ ਟਰੱਕ ਆ ਗਿਆ ਹੈ ਅਤੇ ਉਹ ਇਸ ਨੂੰ ਲੋਡ ਕਰਨਾ ਸ਼ੁਰੂ ਕਰ ਦੇਣਗੇ।
"ਜਿੱਥੇ ਆਰਡਰ ਟਰੱਕ ਰਾਹੀਂ ਜਾਂਦਾ ਹੈ, ਅਸੀਂ ਰੇਲ ਗੱਡੀ ਰਾਹੀਂ ਚਲੇ ਜਾਂਦੇ ਹਾਂ," ਸਮੀਰ ਕਹਿੰਦੇ ਹਨ, "ਇਸ ਕੰਮ ਦੇ ਕਾਰਨ, ਅਸੀਂ ਪਹਾੜ, ਸਮੁੰਦਰ ਅਤੇ ਮਾਰੂਥਲ ਦੇਖ ਲਿਆ ਹੈ।''
ਤਰਜਮਾ: ਕਮਲਜੀਤ ਕੌਰ