ਮੇਰੀ ਮਾਂ ਅਕਸਰ ਮੈਨੂੰ ਕਿਹਾ ਕਰਦੀ ਸੀ,''ਕੁਮਾਰ, ਜੇ ਕਿੱਧਰੇ ਮੈਂ ਮੱਛੀ ਵਾਲ਼ਾ ਉਹ ਭਾਂਡਾ ਨਾ ਚੁੱਕਿਆ ਹੁੰਦਾ ਤਾਂ ਅਸੀਂ ਅੱਜ ਇੰਨੀ ਦੂਰ ਤੱਕ ਅੱਪੜ ਨਹੀਂ ਪਾਉਣਾ ਸੀ।'' ਇਹ ਉਹ ਸਾਲ ਸੀ ਜਦੋਂ ਮੇਰੇ ਪੈਦਾ ਹੋਣ ਬਾਅਦ ਉਨ੍ਹਾਂ ਨੇ ਮੱਛੀ ਵੇਚਣੀ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਮੇਰੇ ਜੀਵਨ ਵਿੱਚ ਮੱਛੀਆਂ ਦੀ ਅੱਡ ਥਾਂ ਬਣੀ ਰਹੀ।
ਮੱਛੀ ਦੀ ਹਵਾੜ ਸਾਡੇ ਘਰ ਦਾ ਹਿੱਸਾ ਬਣੀ ਰਹਿੰਦੀ। ਇੱਕ ਖੂੰਜੇ ਵਿੱਚ ਸੁੱਕੀਆਂ ਮੱਛੀਆਂ ਦਾ ਝੋਲ਼ਾ ਲਮਕਦਾ ਹੀ ਰਹਿੰਦਾ। ਪਹਿਲਾ ਮੀਂਹ ਪੈਂਦਾ ਤਾਂ ਕਾਰਪ ਮੱਛੀ ਆਉਂਦੀ ਸੀ ਜਿਹਨੂੰ ਅੰਮਾ ਰਿੰਨ੍ਹਿਆ ਕਰਦੀ। ਉਹ ਸੁਆਦੀ ਖਾਣਾ ਪਾਲ਼ੇ ਨਾਲ਼ ਲੜਨ ਵਿੱਚ ਮਦਦਗਾਰ ਰਹਿੰਦਾ। ਜਦੋਂ ਅੰਮਾ ਸ਼ੋਰਬੇ ਵਾਲ਼ੀ ਕੈਟਫਿਸ਼, ਸਪੌਟੇਡ ਸਨੇਕਹੈੱਡ ਜਾਂ ਸੇਲਾਪੀ ਪਕਾਉਂਦੀ ਤਾਂ ਇਹਦੀ ਮਹਿਕਾ ਪੂਰੇ ਘਰ ਵਿੱਚ ਤੈਰਨ ਲੱਗਦੀ।
ਜਦੋਂ ਮੈਂ ਛੋਟਾ ਸਾਂ ਤਾਂ ਮੱਛੀ ਫੜ੍ਹਨ ਵਾਸਤੇ ਅਕਸਰ ਸਕੂਲੋਂ ਛੁੱਟੀ ਮਾਰ ਲਿਆ ਕਰਦਾ। ਉਨ੍ਹੀਂ ਦਿਨੀਂ ਹਰ ਥਾਵੇਂ ਪਾਣੀ ਹੀ ਪਾਣੀ ਹੁੰਦਾ ਸੀ। ਮਦੁਰਈ ਦੇ ਜਵਾਹਰਲਾਲਪੁਰਮ ਇਲਾਕੇ ਵਿਖੇ, ਸਾਡੇ ਪੂਰੇ ਜ਼ਿਲ੍ਹੇ ਵਿੱਚ ਖੂਹ, ਨਦੀਆਂ, ਝੀਲਾਂ ਤੇ ਤਲਾਅ ਹੁੰਦੇ ਸਨ। ਮੈਂ ਆਪਣੇ ਦਾਦਾ ਜੀ ਨਾਲ਼ ਇੱਕ ਤਲਾਅ ਤੋਂ ਦੂਜੇ ਤਲਾਅ ਘੁੰਮਦਾ ਰਹਿੰਦਾ। ਸਾਡੇ ਕੋਲ਼ ਇੱਕ ਲਮਕਣ ਵਾਲ਼ੀ ਟੋਕਰੀ ਹੁੰਦੀ ਸੀ, ਜਿਹਨੂੰ ਅਸੀਂ ਪਾਣੀ ਵਿੱਚ ਪਾਉਂਦੇ ਤੇ ਮੱਛੀਆਂ ਫੜ੍ਹਦੇ। ਨਦੀ ਵਿੱਚ ਮੱਛੀਆਂ ਫੜ੍ਹਨ ਲਈ ਅਸੀਂ ਚਾਰੇ ਦੀ ਵਰਤੋਂ ਕਰਿਆ ਕਰਦੇ।
ਅੰਮਾ ਸਾਨੂੰ ਭੂਤ-ਪ੍ਰੇਤ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਡਰਾਈ ਰੱਖਦੀ ਤਾਂਕਿ ਅਸੀਂ ਵਹਿੰਦੇ ਪਾਣੀ ਕੋਲ਼ ਨਾ ਜਾਈਏ। ਪਰ ਝੀਲਾਂ ਦਾ ਪਾਣੀ ਸੀ ਕਿ ਵਹਿੰਦਾ ਹੀ ਰਹਿੰਦਾ ਤੇ ਅਸੀਂ ਵੀ ਪਾਣੀ ਦੇ ਕੋਲ਼ ਹੀ ਮੰਡਰਾਉਂਦੇ ਰਹਿੰਦੇ। ਮੈਂ ਪਿੰਡ ਦੇ ਦੂਜੇ ਮੁੰਡਿਆਂ ਨਾਲ਼ ਮੱਛੀ ਫੜ੍ਹਦਾ ਹੁੰਦਾ ਸਾਂ। ਜਿਸ ਸਾਲ ਮੈਂ 10ਵੀਂ ਪਾਸ ਕੀਤੀ, ਪਾਣੀ ਦੀ ਕਿੱਲਤ ਹੋਣ ਲੱਗੀ। ਝੀਲਾਂ ਦਾ ਪੱਧਰ ਡਿੱਗ ਗਿਆ ਤੇ ਇਹਦਾ ਅਸਰ ਖੇਤੀ 'ਤੇ ਵੀ ਪੈਣ ਲੱਗਿਆ।
ਸਾਡੇ ਪਿੰਡ ਜਵਾਹਰਲਾਲਪੁਰਮ ਵਿਖੇ ਤਿੰਨ ਝੀਲਾਂ ਸਨ- ਵੱਡੀ ਝੀਲ, ਛੋਟੀ ਝੀਲ ਤੇ ਮਾਰੂਥਨਕੁਲਮ ਝੀਲ। ਮੇਰੇ ਘਰ ਦੇ ਨੇੜੇ ਵੱਡੀ ਝੀਲ ਤੇ ਛੋਟੀ ਝੀਲ ਨੂੰ ਨੀਲਾਮ ਕਰਕੇ ਪਿੰਡ ਵਾਲ਼ਿਆਂ ਨੂੰ ਠੇਕੇ 'ਤੇ ਦੇ ਦਿੱਤਾ ਜਾਂਦਾ ਸੀ। ਉਹ ਲੋਕ ਇਸ ਵਿੱਚ ਮੱਛੀਆਂ ਪਾਲ਼ਦੇ ਸਨ ਤੇ ਇਸੇ ਕਮਾਈ ਨਾਲ਼ ਉਨ੍ਹਾਂ ਦਾ ਘਰ ਚੱਲਦਾ ਸੀ। ਥਾਈ (ਅੱਧ ਜਨਵਰੀ ਤੋਂ ਅੱਧ ਫਰਵਰੀ) ਮਹੀਨੇ ਦੌਰਾਨ ਦੋਵਾਂ ਝੀਲਾਂ ਵਿੱਚ ਮੱਛੀਆਂ ਦੀ ਪੈਦਾਵਾਰ ਹੁੰਦੀ ਸੀ- ਇਸ ਸਮੇਂ ਨੂੰ ਮੱਛੀਆਂ ਫੜ੍ਹਨ ਦਾ ਮੌਸਮ ਕਿਹਾ ਜਾਂਦਾ ਹੈ।
ਜਦੋਂ ਮੇਰੇ ਪਿਤਾ ਝੀਲਾਂ ਵਾਲ਼ੀਆਂ ਮੱਛੀਆਂ ਖਰੀਦਣ ਜਾਂਦੇ ਤਾਂ ਮੈਂ ਵੀ ਉਨ੍ਹਾਂ ਦੇ ਨਾਲ਼ ਜਾਇਆ ਕਰਦਾ। ਉਨ੍ਹਾਂ ਦੇ ਸਾਈਕਲ ਦੇ ਮਗਰ ਇੱਕ ਬਕਸਾ ਬੱਝਿਆ ਹੁੰਦਾ ਸੀ ਤੇ ਅਸੀਂ ਮੱਛੀ ਖਰੀਦਣ ਵਾਸਤੇ ਕਦੇ-ਕਦਾਈਂ ਤਾਂ 20-30 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਕਈ ਪਿੰਡਾਂ ਦੀ ਯਾਤਰਾ ਕਰ ਲੈਂਦੇ ਸਾਂ।
ਮਦੁਰਈ ਜ਼ਿਲ੍ਹੇ ਦੀਆਂ ਕਈ ਝੀਲਾਂ ਵਿੱਚ ਮੱਛੀਆਂ ਦੀ ਪੈਦਾਵਾਰ ਦੇ ਤਿਓਹਾਰ ਮਨਾਏ ਜਾਂਦੇ ਹਨ ਤੇ ਨੇੜਲੇ ਪਿੰਡਾਂ ਦੇ ਲੋਕੀਂ ਮੱਛੀ ਫੜ੍ਹਨ ਲਈ ਝੀਲਾਂ 'ਤੇ ਪਹੁੰਚਦੇ ਹਨ। ਉਹ ਚੰਗੇ ਮੀਂਹ, ਚੰਗੀ ਫ਼ਸਲ ਤੇ ਸਾਰੇ ਲੋਕਾਂ ਦੀ ਰਾਜ਼ੀ-ਖ਼ੁਸ਼ੀ ਦੀ ਪ੍ਰਾਰਥਨਾ ਕਰਦੇ ਹਨ। ਲੋਕ ਮੰਨਦੇ ਹਨ ਕਿ ਮੱਛੀ ਫੜ੍ਹਨ ਨਾਲ਼ ਰੱਜਵਾਂ ਮੀਂਹ ਪੈਂਦਾ ਹੈ ਤੇ ਜੇ ਮੱਛੀ ਦੀ ਪੈਦਾਵਾਰ ਦਾ ਤਿਓਹਾਰ ਨਾ ਮਨਾਇਆ ਗਿਆ ਤਾਂ ਸੋਕਾ ਪੈ ਜਾਵੇਗਾ।
ਅੰਮਾ ਸਦਾ ਕਹਿੰਦੀ ਸੀ ਕਿ ਪੈਦਾਵਾਰ ਦੌਰਾਨ ਮੱਛੀ ਦਾ ਭਾਰ ਸਭ ਤੋਂ ਜ਼ਿਆਦਾ ਹੋਣਾ ਭਾਵ ਬਿਹਤਰ ਮੁਨਾਫ਼ਾ। ਲੋਕ ਅਕਸਰ ਜਿਊਂਦੀ ਮੱਛੀ ਲੈਣਾ ਪਸੰਦ ਕਰਦੇ ਹਨ। ਆਫ਼ ਸੀਜ਼ਨ ਵਿੱਚ ਮੱਛੀਆਂ ਦਾ ਭਾਰ ਘੱਟ ਹੋ ਜਾਂਦਾ ਹੈ ਤੇ ਉਹ ਕਾਫ਼ੀ ਮਾਤਾਰ ਵਿੱਚ ਫੜ੍ਹੀਆਂ ਨਹੀਂ ਜਾਂਦੀਆਂ।
ਮੱਛੀ ਵੇਚਣ ਕਾਰਨ ਹੀ ਸਾਡੇ ਪਿੰਡ ਦੀਆਂ ਕਈ ਔਰਤਾਂ ਦਾ ਜੀਵਨ ਬਚ ਸਕਿਆ ਹੈ; ਇਸ ਕੰਮ ਨੇ ਉਨ੍ਹਾਂ ਔਰਤਾਂ ਨੂੰ ਰੋਜ਼ੀਰੋਟੀ ਦਿੱਤੀ ਜਿਨ੍ਹਾਂ ਦੇ ਪਤੀਆਂ ਦੀ ਮੌਤ ਹੋ ਗਈ ਸੀ।
ਮੱਛੀਆਂ ਨੇ ਹੀ ਮੈਨੂੰ ਇੱਕ ਚੰਗਾ ਫ਼ੋਟੋਗ੍ਰਾਫ਼ਰ ਵੀ ਬਣਾਇਆ। 2013 ਵਿੱਚ ਜਦੋਂ ਮੈਂ ਕੈਮਰਾ ਖਰੀਦਿਆ ਤਾਂ ਮੈਂ ਮੱਛੀ ਖਰੀਦਣ ਜਾਂਦੇ ਵੇਲ਼ੇ ਉਹਨੂੰ ਨਾਲ਼ ਲੈ ਜਾਂਦਾ ਸਾਂ। ਕਦੇ-ਕਦਾਈਂ ਮੈਂ ਮੱਛੀ ਖਰੀਦਣਾ ਹੀ ਭੁੱਲ ਜਾਂਦਾ ਤੇ ਮੱਛੀਆਂ ਦੀਆਂ ਫ਼ੋਟੋਆਂ ਹੀ ਲੈਂਦਾ ਰਹਿ ਜਾਂਦਾ। ਮੈਂ ਉਦੋਂ ਤੱਕ ਸਭ ਭੁੱਲਿਆ ਰਹਿੰਦਾ ਜਦੋਂ ਤੱਕ ਕਿ ਮੇਰਾ ਫ਼ੋਨ ਨਹੀਂ ਵੱਜਣ ਲੱਗਦਾ ਤੇ ਅੰਮਾ ਮੈਨੂੰ ਦੇਰ ਲਾਉਣਾ ਲਈ ਡਾਂਟਣ ਨਾ ਲੱਗਦੀ। ਉਹ ਮੈਨੂੰ ਯਾਦ ਦਵਾਉਂਦੀ ਕਿ ਲੋਕ ਉਨ੍ਹਾਂ ਕੋਲ਼ੋਂ ਮੱਛੀ ਖਰੀਦਣ ਦੀ ਉਡੀਕ ਕਰ ਰਹੇ ਹਨ ਤੇ ਇਹ ਸੁਣਦਿਆਂ ਹੀ ਮੈਂ ਛੂਟ ਵੱਟ ਜਾਂਦਾ।
ਝੀਲਾਂ ਕੰਢੇ ਸਿਰਫ਼ ਇਨਸਾਨ ਹੀ ਨਾ ਮਿਲ਼ਦੇ। ਇੱਥੇ ਤਾਂ ਪੰਛੀ ਤੇ ਡੰਗਰ ਵੀ ਹੁੰਦੇ ਸਨ। ਮੈਂ ਇੱਕ ਟੇਲੀ ਲੈਂਸ ਖਰੀਦਿਆ ਤੇ ਜਲੀ ਤੇ ਜੰਗਲੀ ਜੀਵਾਂ ਜਿਵੇਂ ਸਾਰਸ, ਬਤਖ਼, ਛੋਟੇ ਪੰਛੀਆਂ ਦੀਆਂ ਫ਼ੋਟੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪੰਛੀਆਂ ਨੂੰ ਦੇਖਣ ਤੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਵਿੱਚ ਮੈਨੂੰ ਬੜਾ ਮਜ਼ਾ ਆਉਂਦਾ।
ਇਨ੍ਹੀਂ ਦਿਨੀਂ ਨਾ ਤਾਂ ਮੀਂਹ ਪੈਂਦਾ ਹੈ, ਨਾ ਹੀ ਝੀਲਾਂ ਵਿੱਚ ਪਾਣੀ ਹੀ ਬਚਿਆ ਹੈ ਤੇ ਨਾ ਹੀ ਕੋਈ ਮੱਛੀ ਹੀ।
*****
ਜਿਓਂ ਹੀ ਕੈਮਰਾ ਮੇਰੇ ਕੋਲ਼ ਆਇਆ, ਮੈਂ ਮਛੇਰਿਆਂ- ਪਿਚਈ ਅੰਨਾ, ਮੋਕਾ ਅੰਨਾ, ਕਾਰਤਿਕ, ਮਾਰਧੂ, ਸੇਂਥਿਲ ਕਲਈ ਦੀਆਂ ਫ਼ੋਟੋਆਂ ਖਿੱਚਣ ਲੱਗਿਆ, ਜੋ ਝੀਲਾਂ ਵਿੱਚ ਆਪਣਾ ਜਾਲ਼ ਸੁੱਟਿਆ ਕਰਦੇ। ਉਨ੍ਹਾਂ ਨਾਲ਼ ਜਾਲ਼ ਸੁੱਟਦਿਆਂ ਤੇ ਮੱਛੀ ਫੜ੍ਹਦਿਆਂ ਮੈਂ ਬੜਾ ਕੁਝ ਸਿੱਖਿਆ। ਇਹ ਸਾਰੇ ਮਦੁਰਈ ਦੇ ਪੂਰਬੀ ਬਲਾਕ ਦੇ ਪੁਦੁਪੱਟੀ ਪਿੰਡ ਦੇ ਆਸ-ਪਾਸ ਰਹਿਣ ਵਾਲ਼ੇ ਹਨ। ਕਰੀਬ 600 ਲੋਕਾਂ ਦੇ ਇਸ ਪਿੰਡ ਵਿੱਚ ਬਹੁਤੇਰੇ ਭਾਵ 500 ਲੋਕ ਮੱਛੀਆਂ ਫੜ੍ਹਨ ਦਾ ਕੰਮ ਕਰਦੇ ਹਨ ਤੇ ਇਹੀ ਉਨ੍ਹਾਂ ਦੀ ਰੋਜ਼ੀਰੋਟੀ ਦਾ ਮੁੱਢਲਾ ਵਸੀਲਾ ਹੈ।
ਸੀ. ਪਿਚਈ 60 ਸਾਲਾ ਮਛੇਰੇ ਹਨ, ਜਿਨ੍ਹਾਂ ਨੇ ਤਿਰੂਨੇਲਵੇਲੀ, ਰਾਜਪਾਲਯਮ, ਤੇਨਕਾਸੀ, ਕਰਾਈਕੁਡੀ, ਦੇਵਕੋਟਈ ਤੇ ਹੋਰਨਾਂ ਥਾਵਾਂ ਦੀਆਂ ਝੀਲਾਂ ਵਿੱਚ ਮੱਛੀਆਂ ਫੜ੍ਹਨ ਵਾਸਤੇ ਦੂਰ-ਦੂਰ ਤੱਕ ਯਾਤਰਾਵਾਂ ਕੀਤੀਆਂ ਹਨ। ਉਨ੍ਹਾਂ ਨੇ ਦਸ ਸਾਲ ਦੀ ਉਮਰੇ ਆਪਣੇ ਪਿਤਾ ਕੋਲ਼ੋਂ ਮੱਛੀਆਂ ਫੜ੍ਹਨਾ ਸਿੱਖਿਆ ਤੇ ਉਹ ਮੱਛੀ ਫੜ੍ਹਨ ਲਈ ਉਨ੍ਹਾਂ ਦੇ ਨਾਲ਼ ਘੁੰਮਦੇ ਰਹਿੰਦੇ ਸਨ। ਕਦੇ-ਕਦਾਈਂ ਤਾਂ ਇਹਦੇ ਵਾਸਤੇ ਉਹ ਕੁਝ ਦਿਨਾਂ ਤੱਕ ਰੁੱਕ ਵੀ ਜਾਇਆ ਕਰਦੇ ਸਨ।
ਪਿਚਈ ਦੱਸਦੇ ਹਨ,''ਅਸੀਂ ਸਾਲ ਦੇ ਛੇ ਮਹੀਨੇ ਮੱਛੀਆਂ ਫੜ੍ਹਦੇ ਹਾਂ। ਅਗਲੇ ਛੇ ਮਹੀਨੇ ਅਸੀਂ ਉਸੇ ਫੜ੍ਹੀ ਮੱਛੀ ਨੂੰ ਵੇਚਦੇ ਰਹਿੰਦੇ ਹਾਂ ਤੇ ਫਿਰ ਬਚ ਗਈ ਮੱਛੀ ਨੂੰ ਸੁਕਾ ਲੈਂਦੇ ਹਾਂ ਤਾਂਕਿ ਪੂਰਾ ਸਾਲ ਆਮਦਨੀ ਦਾ ਜ਼ਰੀਆ ਬਣਿਆ ਹੀ ਰਹੇ।''
ਉਹ ਕਹਿੰਦੇ ਹਨ ਕਿ ਇੱਥੇ ਮੱਛੀਆਂ ਉਨ੍ਹਾਂ ਆਂਡਿਆਂ ਤੋਂ ਪੈਦਾ ਹੁੰਦੀਆਂ ਹਨ ਜੋ ਮਿੱਟੀ ਵਿੱਚ ਦੱਬੇ ਹੁੰਦੇ ਹਨ ਤੇ ਮੀਂਹ ਪੈਣ ਨਾਲ਼ ਪੋਸ਼ਤ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ,''ਕੇਲੁਥੀ, ਕੋਰਵਾ, ਵਰਾ, ਪਾਂਪੁਪਿਡੀ ਕੇਂਡਾਪੁਡੀ, ਵੇਲਿਚੀ ਜਿਹੀਆਂ ਦੇਸੀ ਮੱਛੀਆਂ ਹੁਣ ਓਨੀ ਮਾਤਰਾ ਵਿੱਚ ਨਹੀਂ ਮਿਲ਼ਦੀਆਂ, ਜਿੰਨੀਆਂ ਕਿ ਪਹਿਲਾਂ ਮਿਲ਼ਦੀਆਂ ਸਨ। ਖੇਤਾਂ ਵਿੱਚ ਇਸਤੇਮਾਲ ਹੋਣ ਵਾਲ਼ੇ ਕੀਟਨਾਸ਼ਕਾਂ ਕਾਰਨ ਪ੍ਰਦੂਸ਼ਤ ਪਾਣੀ ਝੀਲਾਂ ਵਿੱਚ ਪਹੁੰਚ ਜਾਂਦਾ ਹੈ। ਹੁਣ ਸਾਰੀਆਂ ਮੱਛੀਆਂ ਨੂੰ ਮਨਸੂਈ ਤਰੀਕੇ ਨਾਲ਼ ਪ੍ਰਜਨਨ ਕਰਾਇਆ ਤੇ ਖੁਆਇਆ ਜਾਂਦਾ ਹੈ, ਜਿਸ ਨਾਲ਼ ਝੀਲਾਂ ਦਾ ਉਪਜਾਊਪੁਣਾ ਹੋਰ ਤਬਾਹ ਹੋ ਜਾਂਦਾ ਹੈ।''
ਮੱਛੀ ਫੜ੍ਹਨ ਦਾ ਕੰਮ ਨਾ ਹੋਣ ਦੀ ਸੂਰਤ ਵਿੱਚ ਪਿਚਈ ਨਰੇਗਾ (ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ) ਤਹਿਤ ਨਹਿਰ ਪੁੱਟਣ ਜਿਹੇ ਦਿਹਾੜੀ-ਧੱਪੇ ਵਾਲ਼ੇ ਕੰਮ ਕਰਦੇ ਹਨ, ਜਿਹਨੂੰ ਸਥਾਨਕ ਤੌਰ 'ਤੇ ਨੂਰ ਨਾਲ ਪਨੀ ਕਿਹਾ ਜਾਂਦਾ ਹੈ, ਭਾਵ ਜੋ ਕੰਮ ਵੀ ਮਿਲ਼ ਜਾਵੇ।
ਇੱਕ ਹੋਰ ਮਛੇਰੇ 30 ਸਾਲਾ ਮੋਕਾ ਮੁਤਾਬਕ ਮੱਛੀ ਪਾਲਣ ਦਾ ਮੌਸਮ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਦਿਹਾੜੀ-ਧੱਪਾ ਹੀ ਕਰਨਾ ਪਵੇਗਾ। ਉਨ੍ਹਾਂ ਦੀ ਪਤਨੀ ਇੱਕ ਹੋਟਲ ਵਿੱਚ ਕੰਮ ਕਰਦੀ ਹੈ ਤੇ ਉਨ੍ਹਾਂ ਦੇ ਦੋ ਬੱਚੇ ਤੀਜੀ ਤੇ ਦੂਜੀ ਵਿੱਚ ਪੜ੍ਹ ਰਹੇ ਹਨ।
ਬਚਪਨ ਵਿੱਚ ਹੀ ਮਾਂ ਦੀ ਮੌਤ ਕਾਰਨ ਉਨ੍ਹਾਂ ਦੀ ਦਾਦੀ ਨੇ ਹੀ ਉਨ੍ਹਾਂ ਨੂੰ ਪਾਲਿਆ-ਪੋਸਿਆ। ਉਹ ਕਹਿੰਦੇ ਹਨ,''ਮੈਨੂੰ ਪੜ੍ਹਾਈ ਵਿੱਚ ਕੋਈ ਰੁਚੀ ਨਹੀਂ ਸੀ ਤੇ ਮੈਂ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ। ਪਰ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ ਤਾਂਕਿ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਮਿਲ਼ ਜਾਣ।''
*****
ਮਾਲਕਲਈ ਹੱਥੀਂ ਮੱਛੀਆਂ ਫੜ੍ਹਨ ਵਾਲ਼ਾ ਜਾਲ਼ ਬਣਾਉਂਦੇ ਹਨ। ਇਹ ਹੁਨਰ ਉਨ੍ਹਾਂ ਨੇ ਆਪਣੇ ਪੁਰਖਿਆਂ ਕੋਲ਼ੋਂ ਸਿੱਖਿਆ। 32 ਸਾਲਾ ਮਾਲਕਲਈ ਦਾ ਕਹਿਣਾ ਹੈ,''ਸਿਰਫ਼ ਸਾਡੇ ਪਿੰਡ ਓਥਾਕਦਾਈ ਵਿਖੇ ਅਸੀਂ ਹਾਲੇ ਤੀਕਰ ਮੱਛੀਆਂ ਫੜ੍ਹਨ ਵਾਸਤੇ ਹੱਥੀਂ ਬਣਾਇਆ ਜਾਲ਼ ਇਸਤੇਮਾਲ ਕਰਦੇ ਹਾਂ। ਅੱਜ ਦੇ ਜਾਲ਼ ਮੇਰੇ ਦਾਦਾ ਜੀ ਵੱਲੋਂ ਵਰਤੀਂਦੇ ਜਾਲ਼ਾਂ ਨਾਲ਼ੋਂ ਕਾਫ਼ੀ ਅੱਡ ਹਨ। ਉਹ ਨਾਰੀਅਲ ਦੇ ਰੁੱਖਾਂ ਦੇ ਰੇਸ਼ਾ (ਮੁੰਜ) ਤੋਂ ਜਾਲ਼ ਬੁਣਦੇ ਸਨ। ਉਹ ਜਾਲ਼ ਬੁਣਨ ਲਈ ਕੋਕੋ ਘਾਹ (ਮੁੰਜ) ਲੱਭਣ ਜਾਂਦੇ ਹੁੰਦੇ ਸਨ, ਜਿਹਦੀ ਸਾਡੇ ਪਿੰਡ ਵਿੱਚ ਕਾਫ਼ੀ ਮਾਨਤਾ ਹੋਇਆ ਹੋਇਆ ਕਰਦੀ ਸੀ। ਦੂਸਰੀ ਥਾਵੇਂ ਮੱਛੀਆਂ ਫੜ੍ਹਨ ਜਾਂਦੇ ਵੇਲ਼ੇ ਲੋਕ ਇਹਨੂੰ ਆਪਣੇ ਨਾਲ਼ ਲੈ ਜਾਂਦੇ ਸਨ।
''ਮੱਛੀ ਤੇ ਮੱਛੀ ਫੜ੍ਹਨਾ ਸਾਡੀ ਜ਼ਿੰਦਗੀ ਦਾ ਇੱਕ ਖ਼ਾਸਮ-ਖ਼ਾਸ ਹਿੱਸਾ ਹੈ ਤੇ ਸਾਡੇ ਪਿੰਡ ਵਿੱਚ ਕਈ ਮਛੇਰੇ ਹਨ। ਜਦੋਂ ਕੋਈ ਹੁਨਰਮੰਦ ਮਛੇਰਾ ਮਰਦਾ ਹੈ ਤਾਂ ਪਿੰਡ ਵਾਲ਼ੇ ਉਹਦੀ ਅਰਥੀ ਵਿੱਚੋਂ ਬਾਂਸ ਦੀ ਇੱਕ ਸੋਟੀ ਕੱਢ ਕੇ ਉਸ ਤੋਂ ਨਵੇਂ ਜਾਲ਼ ਦਾ ਅਧਾਰ ਤਿਆਰ ਕਰਦੇ ਹਨ। ਇੰਝ ਉਹਦੀ ਵਿਰਾਸਤ ਦਾ ਸਨਮਾਨ ਕੀਤਾ ਜਾਂਦਾ ਹੈ। ਸਾਡੇ ਪਿੰਡ ਵਿੱਚ ਇਹ ਪ੍ਰਥਾ ਜਾਰੀ ਹੈ।
''ਸਾਡੇ ਲੋਕ ਝੀਲ ਦਾ ਪਾਣੀ ਦੇਖ ਕੇ ਹੀ ਦੱਸ ਸਕਦੇ ਹਨ ਕਿ ਇਸ ਵਿੱਚ ਕਿੰਨੀਆਂ ਕੁ ਵੱਡੀਆਂ ਮੱਛੀਆਂ ਹੋਣਗੀਆਂ। ਉਹ ਪਾਣੀ ਤਲ਼ੀ 'ਤੇ ਰੱਖਦੇ ਹਨ ਤੇ ਜੇ ਪਾਣੀ ਗੰਦਲਾ ਹੋਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀਆਂ ਮੱਛੀਆਂ ਹੋਣਗੀਆਂ। ਜੇ ਪਾਣੀ ਸਾਫ਼ ਹੈ ਤਾਂ ਮੱਛੀਆਂ ਦੀ ਗਿਣਤੀ ਘੱਟ ਹੋਵੇਗੀ।
''ਮੱਛੀ ਫੜ੍ਹਨ ਲਈ ਮਦੁਰਈ ਜ਼ਿਲ੍ਹੇ ਦੇ ਚਾਰੇ ਪਾਸੇ ਜਾਂਦੇ ਸਨ- ਤੋਂਡੀ, ਕਰਾਈਕੁਡੀ, ਇੱਥੋਂ ਤੱਕ ਕਿ ਕੰਨਿਆਕੁਮਾਰੀ ਸਮੁੰਦਰ (ਹਿੰਦ ਮਹਾਂਸਾਗਰ) ਤੱਕ ਵੀ। ਅਸੀਂ ਤੇਨਕਾਸੀ ਦੀਆਂ ਸਾਰੀਆਂ ਝੀਲਾਂ ਦਾ ਦੌਰਾ ਕਰਦੇ ਤੇ ਬੰਨ੍ਹਾਂ 'ਤੇ ਵੀ ਜਾਂਦੇ। ਕਦੇ-ਕਦਾਈਂ ਅਸੀਂ ਕਰੀਬ ਪੰਜ-ਦਸ ਟਨ ਤੱਕ ਮੱਛੀਆਂ ਫੜ੍ਹ ਲੈਂਦੇ। ਭਾਵੇਂ ਸਾਡੀਆਂ ਫੜ੍ਹੀਆਂ ਗਈਆਂ ਮੱਛੀਆਂ ਦਾ ਅਕਾਰ ਕਿੰਨਾ ਵੀ ਹੁੰਦਾ, ਸਾਡੀ ਮਜ਼ਦੂਰੀ ਉਹੀ ਰਹਿੰਦੀ ਸੀ।
''ਮਦੁਰਈ ਵਿੱਚ ਕਦੇ 200 ਦੇ ਕਰੀਬ ਝੀਲਾਂ ਹੋਇਆ ਕਰਦੀਆਂ ਸਨ ਪਰ ਤੇਜ਼ੀ ਨਾਲ਼ ਸ਼ਹਿਰੀਕਰਨ ਹੋਣ ਨਾਲ਼ ਇਹ ਝੀਲਾਂ ਵਿੱਚ ਗਾਇਬ ਹੋ ਰਹੀਆਂ ਹਨ। ਇਸਲਈ ਅਸੀਂ ਲੋਕਾਂ ਨੂੰ ਮੱਛੀ ਫੜ੍ਹਨ ਲਈ ਦੂਜੀਆਂ ਥਾਵਾਂ 'ਤੇ ਜਾਣਾ ਪੈਂਦਾ ਹੈ। ਜਿਵੇਂ-ਜਿਵੇਂ ਝੀਲਾਂ ਗਾਇਬ ਹੋ ਰਹੀਆਂ ਹਨ, ਸਾਡੇ ਜਿਹੇ ਰਵਾਇਤੀ ਮਛੇਰਿਆਂ ਦੀ ਜ਼ਿੰਦਗੀ 'ਤੇ ਮਾੜਾ ਅਸਰ ਪੈ ਰਿਹਾ ਹੈ। ਮੱਛੀ ਦੇ ਕਾਰੋਬਾਰੀ ਵੀ ਇਹਦੇ ਅਸਰ ਤੋਂ ਬਚੇ ਨਹੀਂ ਹਨ।
''ਮੇਰੇ ਪਿਤਾ ਤਿੰਨ ਭੈਣ-ਭਰਾ ਸਨ ਤੇ ਮੇਰੇ ਵੀ ਤਿੰਨ ਭੈਣ-ਭਰਾ ਹਨ। ਅਸੀਂ ਸਾਰੇ ਮੱਛੀ ਫੜ੍ਹਦੇ ਹਾਂ। ਮੇਰਾ ਵਿਆਹ ਹੋ ਚੁੱਕਿਆ ਹੈ ਤੇ ਮੇਰੀਆਂ ਤਿੰਨ ਧੀਆਂ ਤੇ ਇੱਕ ਬੇਟਾ ਹੈ। ਸਾਡੇ ਪਿੰਡ ਦੇ ਨੌਜਵਾਨ ਹੁਣ ਸਕੂਲ-ਕਾਲਜ ਜਾਂਦੇ ਹਨ ਤੇ ਫਿਰ ਵੀ ਉਨ੍ਹਾਂ ਦੀ ਰੁਚੀ ਮੱਛੀ ਫੜ੍ਹਨ ਵਿੱਚ ਹੀ ਰਹਿੰਦੀ ਹੈ। ਸਕੂਲ-ਕਾਲਜ ਦੇ ਘੰਟਿਆਂ ਦੇ ਬਾਅਦ ਵੀ ਉਹ ਆਪਣਾ ਸਮਾਂ ਮੱਛੀਆਂ ਫੜ੍ਹਨ ਵਿੱਚ ਗੁਜ਼ਾਰਦੇ ਹਨ।''
ਤਰਜਮਾ: ਕਮਲਜੀਤ ਕੌਰ