ਪੁਜਾਰੀ ਅੰਜਨੇਯੂਲੂ ਆਪਣੀ ਬਾਂਹ ਪਸਾਰੀ ਤੇ ਖੁੱਲ੍ਹੀ ਤਲ਼ੀ 'ਤੇ ਨਾਰੀਅਲ ਟਿਕਾਈ ਮੁਦੱਲਾਪੁਰਮ ਦੇ ਖੇਤਾਂ ਵਿੱਚ ਤੁਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਤਲ਼ੀ 'ਤੇ ਰੱਖੇ ਨਾਰੀਅਲ ਦੇ ਆਪਣੇ ਆਪ ਘੁੰਮਣ, ਝੁਕਣ ਤੇ ਜ਼ਮੀਨ 'ਤੇ ਡਿੱਗਣ ਦੀ ਉਡੀਕ ਹੈ। ਅਖ਼ੀਰ ਉਹ ਘੜੀ ਆ ਵੀ ਜਾਂਦੀ ਹੈ। ਉਹ ਸਾਨੂੰ ਭਰੋਸਾ ਦਿਵਾਉਣ ਵਾਲ਼ੀ ਨਜ਼ਰ ਨਾਲ਼ ਦੇਖਦੇ ਹਨ ਅਤੇ ਜ਼ਮੀਨ 'ਤੇ 'ਐਕਸ' ਨਿਸ਼ਾਨ ਲਗਾਉਂਦੇ ਹਨ। "ਇਹੀ ਉਹ ਥਾਂ ਹੈ ਜਿੱਥੇ ਤੁਹਾਨੂੰ ਪਾਣੀ ਮਿਲ਼ੇਗਾ। ਇੱਥੇ ਬੋਰਵੈੱਲ ਪੁੱਟੋ ਤੁਹਾਨੂੰ ਯਕੀਨ ਹੋ ਜਾਵੇਗਾ," ਉਹ ਅਨੰਤਪੁਰ ਜ਼ਿਲ੍ਹੇ ਦੇ ਇਸੇ ਪਿੰਡ ਵਿੱਚ ਸਾਨੂੰ ਦੱਸਦੇ ਹਨ।
ਨੇੜਲੇ ਹੋਰ ਪਿੰਡ ਵਿੱਚ, ਰਾਯੂਲੂ ਦੋਮਾਟਿਮਾਨਾ ਵੀ ਕਿਸੇ ਹੋਰ ਦੇ ਖੇਤ ਵਿੱਚ ਇਹੀ ਤਰਕੀਬ ਲੜਾ ਰਹੇ ਹਨ। ਉਨ੍ਹਾਂ ਨੇ ਆਪਣੇ ਦੋਵੇਂ ਹੱਥਾਂ ਵਿੱਚ ਤਿੱਖੀਆਂ ਟਹਿਣੀਆਂ ਵਾਲ਼ੀ ਇੱਕ ਵੱਡੀ ਸ਼ਾਖਾ ਫੜ੍ਹੀ ਹੋਈ ਹੈ ਜੋ ਉਨ੍ਹਾਂ ਨੂੰ ਰਾਇਲਾਪਦੋਡੀ ਵਿਖੇ ਪਾਣੀ ਦੇ ਸਰੋਤ ਤੱਕ ਲੈ ਜਾਵੇਗੀ। "ਜਦੋਂ ਸ਼ਾਖਾ ਉੱਪਰ ਵੱਲ ਝਟਕੇ ਖਾਣਾ ਸ਼ੁਰੂ ਕਰ ਦੇਵੇਗੀ, ਸਮਝੋ ਉੱਥੇ ਪਾਣੀ ਮਿਲ਼ ਜਾਵੇਗਾ," ਉਹ ਕਹਿੰਦੇ ਹਨ। ਰਾਇਲੂ ਝਿਜਕਦੇ ਹੋਏ ਦਾਅਵਾ ਕਰਦੇ ਹਨ ਕਿ "ਉਨ੍ਹਾਂ ਦੀ ਇਹ ਤਰਕੀਬ 90٪ ਸਫ਼ਲ ਹੈ।''
ਅਨੰਤਪੁਰ ਦੇ ਇੱਕ ਵੱਖਰੇ ਮੰਡਲ ਵਿੱਚ, ਚੰਦਰਸ਼ੇਖਰ ਰੈਡੀ ਇੱਕ ਅਜਿਹੇ ਸਵਾਲ ਨਾਲ਼ ਜੂਝ ਰਹੇ ਹਨ ਜਿਸ ਨੇ ਸਦੀਆਂ ਤੋਂ ਦਾਰਸ਼ਨਿਕਾਂ ਨੂੰ ਹੈਰਾਨ ਕਰਕੇ ਰੱਖਿਆ ਹੈ। ਕੀ ਮੌਤ ਤੋਂ ਬਾਅਦ ਜੀਵਨ ਹੈ? ਰੈਡੀ ਨੂੰ ਇਹੀ ਲੱਗਦਾ ਹੈ ਜਿਵੇਂ ਉਹ ਇਸ ਸਵਾਲ ਦਾ ਜਵਾਬ ਜਾਣਦੇ ਹਨ। "ਪਾਣੀ ਹੀ ਜ਼ਿੰਦਗੀ ਹੈ," ਉਹ ਕਹਿੰਦੇ ਹਨ ਅਤੇ ਇਸੇ ਲਈ ਉਨ੍ਹਾਂ ਨੇ ਇੱਕ ਕਬਰਿਸਤਾਨ ਵਿੱਚ ਚਾਰ ਬੋਰਵੈੱਲ ਪੁੱਟੇ ਹਨ। ਉਨ੍ਹਾਂ ਦੇ ਖੇਤ ਵਿੱਚ ਵੀ 32 ਬੋਰਵੈੱਲ ਹਨ ਅਤੇ ਉਨ੍ਹਾਂ ਨੇ ਪਾਣੀ ਦੇ ਇਨ੍ਹਾਂ ਸਰੋਤਾਂ ਨੂੰ 8 ਕਿਲੋਮੀਟਰ ਦੀ ਪਾਈਪਲਾਈਨ ਵਿਛਾ ਕੇ ਆਪਣੇ ਪਿੰਡ ਜੰਬੂਲਾਦੀਨ ਤੱਕ ਪਹੁੰਚਾਇਆ ਹੈ।
ਅਨੰਤਪੁਰ ਵਿੱਚ ਪਾਣੀ ਦੇ ਸੰਕਟ ਨਾਲ਼ ਜੂਝ ਰਹੇ ਲੋਕਾਂ ਨੇ ਅੰਧਵਿਸ਼ਵਾਸ, ਰਹੱਸਵਾਦ, ਰੱਬ, ਸਰਕਾਰ, ਤਕਨਾਲੋਜੀ ਅਤੇ ਨਾਰੀਅਲ ਤੋਂ ਲੈ ਕੇ ਹਰ ਸ਼ੈਅ ਅਜਮਾ ਲਈ ਹੈ। ਇਨ੍ਹਾਂ ਸਾਰੀਆਂ ਚਾਲਾਂ ਦੀ ਪਰਖ ਦੇ ਬਾਵਜੂਦ, ਉਨ੍ਹਾਂ ਦੀ ਸਫ਼ਲਤਾ ਬਹੁਤ ਨਿਰਾਸ਼ ਕਰਨ ਵਾਲ਼ੀ ਹੈ। ਪਰ ਪੁਜਾਰੀ ਅੰਜਨੇਯੂਲੂ ਕੁਝ ਹੋਰ ਹੀ ਦਾਅਵਾ ਕਰਦੇ ਹਨ।
ਗੱਲਬਾਤ ਅਤੇ ਵਿਵਹਾਰ ਵਿੱਚ ਬਹੁਤ ਨਿਮਰ ਅਤੇ ਹਲੀਮੀ ਨਾਲ਼ ਭਰੇ, ਪੁਜਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਰੀਕਾ ਕਦੇ ਅਸਫ਼ਲ ਨਹੀਂ ਹੁੰਦਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਗਿਆਨ ਦਿੱਤਾ ਹੈ। "ਇਹ ਉਦੋਂ ਹੀ ਅਸਫ਼ਲ ਹੁੰਦਾ ਹੈ ਜਦੋਂ ਲੋਕ ਉਨ੍ਹਾਂ 'ਤੇ ਗ਼ਲਤ ਸਮੇਂ ਅਜਿਹਾ ਕਰਨ ਲਈ ਦਬਾਅ ਪਾਉਂਦੇ ਹਨ," ਉਹ ਕਹਿੰਦੇ ਹਨ। (ਪਰਮੇਸ਼ੁਰ ਦੇ 'ਨਿਰਦੇਸ਼' 'ਤੇ, ਉਹ ਬੋਰਵੈੱਲ ਖੋਦਣ ਲਈ 300 ਰੁਪਏ ਲੈਂਦੇ ਹਨ)। ਉਹ ਸਾਨੂੰ ਨਾਲ਼ ਲੈ ਕੇ ਖੇਤਾਂ ਵਿੱਚ ਘੁੰਮਦੇ ਹਨ। ਨਾਰੀਅਲ ਉਨ੍ਹਾਂ ਦੀ ਤਲ਼ੀ 'ਤੇ ਇਓਂ ਹੀ ਟਿਕਿਆ ਰਹਿੰਦਾ ਹੈ।
ਹਾਲਾਂਕਿ, ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਸ਼ੱਕ ਰਹੇਗਾ। ਉਦਾਹਰਣ ਵਜੋਂ, ਇਸ ਤਰੀਕੇ ਨੂੰ ਅਜਮਾਉਣ ਦੀ ਕੋਸ਼ਿਸ਼ ਕਰਨ ਵਾਲ਼ਾ ਕਿਸਾਨ ਇਹਦੀ ਨਾਕਾਮੀ ਤੋਂ ਅੱਜ ਤੱਕ ਗੁੱਸੇ ਵਿੱਚ ਹੈ। "ਸਾਨੂੰ ਜੋ ਥੋੜ੍ਹਾ ਜਿਹਾ ਪਾਣੀ ਮਿਲਿਆ ਉਹ ***** ਨਾਰੀਅਲ ਦੇ ਅੰਦਰ ਹੀ ਸੀ," ਗਾਲ਼ ਕੱਢਦਿਆਂ ਨਿਰਾਸ਼ਾ ਭਰੇ ਸੁਰ ਵਿੱਚ ਉਨ੍ਹਾਂ ਕਿਹਾ।
ਇਸ ਦੌਰਾਨ, ਰਾਇਲੂ ਦੇ ਹੱਥ ਫੜ੍ਹੀ ਸ਼ਾਖਾ ਉੱਪਰ ਵੱਲ ਝਟਕੇ ਖਾਣ ਲੱਗਦੀ ਹੈ। ਉਨ੍ਹਾਂ ਨੂੰ ਯਕੀਨਨ ਪਾਣੀ ਮਿਲ਼ ਚੁੱਕਿਆ ਹੈ। ਜਿੱਥੇ ਉਹ ਖੜ੍ਹੇ ਹਨ, ਉੱਥੇ ਇੱਕ ਪਾਸੇ ਛੱਪੜ ਅਤੇ ਦੂਜੇ ਪਾਸੇ ਬੋਰਵੈੱਲ ਹੈ ਜੋ ਅਜੇ ਵੀ ਕੰਮ ਕਰ ਰਿਹਾ ਹੈ। ਰਾਇਲੂ ਕਹਿੰਦੇ ਹਨ ਕਿ ਉਹ ਰੱਬ ਵਿੱਚ ਵਿਸ਼ਵਾਸ ਨਹੀਂ ਕਰਦੇ। ਕਾਨੂੰਨ ਦੀ ਗੱਲ ਵੱਖ ਹੈ। "ਆਪਣੇ ਇਸ ਹੁਨਰ ਕਾਰਨ ਮੈਨੂੰ ਜਾਅਲਸਾਜ਼ੀ ਦੇ ਦੋਸ਼ ਵਿੱਚ ਅਦਾਲਤ ਤੱਕ ਨਹੀਂ ਘਸੀਟਿਆ ਜਾ ਸਕਦਾ ਜਾਂ ਕੀ ਮੈਂ ਕੁਝ ਗਲਤ ਕਹਿ ਰਿਹਾ ਹਾਂ?" ਉਹ ਸਾਨੂੰ ਸਹਿਮਤੀ ਦੀ ਉਮੀਦ ਨਾਲ਼ ਦੇਖਦੇ ਹਨ। ਅਸੀਂ ਵੀ ਉਨ੍ਹਾਂ ਨਾਲ਼ ਸਹਿਮਤ ਜਾਪਦੇ ਹਾਂ। ਆਖ਼ਰਕਾਰ, ਉਨ੍ਹਾਂ ਦੀ ਸਫ਼ਲਤਾ ਦੀ ਦਰ ਸਰਕਾਰ ਦੇ ਵਾਟਰ-ਸਰਵੇਅਰ ਨਾਲ਼ੋਂ ਮਾੜੀ ਤਾਂ ਨਹੀਂ ਹੀ ਹੈ।
ਇਸ ਮਾਮਲੇ ਵਿੱਚ ਭੂ-ਜਲ ਵਿਭਾਗ ਦੇ ਭੂ-ਵਿਗਿਆਨੀਆਂ ਦਾ ਰਿਕਾਰਡ ਨਾ ਸਿਰਫ਼ ਨਿਰਾਸ਼ਾਜਨਕ ਹੈ, ਬਲਕਿ ਕੁਝ ਮਾਮਲਿਆਂ ਵਿੱਚ ਇਹ ਲਾਪਰਵਾਹੀ ਦੀ ਜਿਉਂਦੀ ਜਾਗਦੀ ਉਦਾਹਰਣ ਹੈ। ਜੇ ਅਧਿਕਾਰਤ ਰਿਕਾਰਡ ਉਪਲਬਧ ਹੋ ਸਕਦੇ ਹੁੰਦੇ, ਤਾਂ ਇਸ ਦੀ ਆਸਾਨੀ ਨਾਲ਼ ਪੁਸ਼ਟੀ ਕੀਤੀ ਜਾ ਸਕਦੀ ਸੀ। ਅਜਿਹੀ ਸਥਿਤੀ ਵਿੱਚ, ਲੋਕਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਬਜਾਏ ਵਾਟਰ-ਡਿਵਾਈਨਰ ਨੂੰ ਥੋੜ੍ਹੀ ਜਿਹੀ ਰਕਮ ਦਾ ਭੁਗਤਾਨ ਕਰਨਾ ਸਸਤਾ ਅਤੇ ਸੁਵਿਧਾਜਨਕ ਉਪਾਅ ਹੈ ਅਤੇ ਜੇ ਤੁਹਾਡੇ ਨਾਮ ਨਾਲ਼ 'ਮਾਹਰ' ਦਾ ਟੈਗ ਵੀ ਲੱਗਿਆ ਹੋਵੇ ਤਾਂ ਗਾਹਕਾਂ ਦੀ ਆਮਦ ਹੋਣੀ ਲਾਜ਼ਮੀ ਹੈ। ਹਾਲਾਂਕਿ, ਜਿਨ੍ਹਾਂ ਛੇ ਜ਼ਿਲ੍ਹਿਆਂ ਦਾ ਅਸੀਂ ਦੌਰਾ ਕੀਤਾ, ਉਨ੍ਹਾਂ ਵਿੱਚ ਇਨ੍ਹਾਂ ਮਾਹਰਾਂ ਦੁਆਰਾ ਦੱਸੀਆਂ ਗਈਆਂ ਜ਼ਿਆਦਾਤਰ ਥਾਵਾਂ 'ਤੇ ਪਾਣੀ ਨਹੀਂ ਨਿਕਲ਼ਿਆ, ਜਦੋਂ ਕਿ ਕਈ ਥਾਵਾਂ 'ਤੇ ਬੋਰਵੈੱਲ 400 ਫੁੱਟ ਦੀ ਡੂੰਘਾਈ ਤੱਕ ਪੁੱਟੇ ਗਏ ਸਨ। ਪੁਜਾਰੀ ਅਤੇ ਰਾਯੂਲੂ ਤਾਂ ਵਾਟਰ-ਡਿਵਾਈਨਰ, ਯਾਨਿ ਕਿ ਪਾਣੀ ਲੱਭਣ ਵਾਲ਼ੀਆਂ ਦੈਵੀ ਸ਼ਕਤੀਆਂ ਹੋਣ ਦਾ ਦਾਅਵਾ ਕਰਨ ਵਾਲ਼ਿਆਂ ਦੀ ਲਗਾਤਾਰ ਵੱਧ ਰਹੀ ਫੌਜ ਦੇ ਸਿਰਫ਼ ਦੋ ਹੀ ਮੈਂਬਰ ਹਨ।
ਪਾਣੀ ਦੀ ਭਾਲ਼ ਦੇ ਇਸ ਬ੍ਰਹਮ ਕਾਰੋਬਾਰ ਵਿੱਚ ਲੱਗੇ ਸਾਰੇ ਲੋਕਾਂ ਦੇ ਆਪਣੇ ਰਵਾਇਤੀ ਤਰੀਕੇ ਹਨ। ਉਹ ਰਾਜ ਭਰ ਵਿੱਚ ਮੌਜੂਦ ਹਨ ਅਤੇ ਨਲਗੋਂਡਾ ਸਥਿਤ ਦ ਹਿੰਦੂ ਦੇ ਇੱਕ ਨੌਜਵਾਨ ਰਿਪੋਰਟਰ ਐੱਸ ਰਾਜੂ ਨੇ ਉਨ੍ਹਾਂ ਦੀਆਂ ਹਾਸੋਹੀਣੀ ਤਕਨੀਕਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ। ਇੱਕ ਵਿਸ਼ਵਾਸ ਦੇ ਅਨੁਸਾਰ, ਦੇਵਤਾ 'ਓ' ਪਾਜ਼ੇਟਿਵ ਬਲੱਡ ਗਰੁੱਪ ਦਾ ਹੋਣਾ ਚਾਹੀਦਾ ਹੈ। ਦੂਜਾ ਡਿਵਾਈਨਰ ਹੇਠਾਂ ਉਸ ਥਾਵੇਂ ਪਾਣੀ ਦੀ ਭਾਲ਼ ਕਰਦਾ ਹੈ ਜਿੱਥੇ ਸੱਪ ਆਪਣਾ ਘਰ ਬਣਾਉਂਦੇ ਹਨ। ਅਨੰਤਪੁਰ ਵਿੱਚ ਪਾਣੀ ਦੀ ਭਾਲ਼ ਵਿੱਚ ਅਜਿਹੇ ਸਨਕੀਆਂ ਦੀ ਕੋਈ ਕਮੀ ਨਹੀਂ ਹੈ।
ਸਤ੍ਹਾ 'ਤੇ ਨਜ਼ਰ ਆਉਂਦੇ ਇਨ੍ਹਾਂ ਦ੍ਰਿਸ਼ਾਂ ਦੇ ਅੰਦਰ ਉਸ ਜ਼ਿਲ੍ਹੇ ਵਿੱਚ ਜਿਊਂਦੇ ਬਚੇ ਰਹਿਣ ਦੀ ਇੱਕ ਡਰਾਉਣੀ ਜਦੋ-ਜਹਿਦ ਲੁਕੀ ਹੈ ਜੋ ਬੀਤੇ ਚਾਰ ਸਾਲਾਂ ਤੋਂ ਬਰਬਾਦ ਫ਼ਸਲਾਂ ਦੀ ਮਾਰ ਝੱਲ ਰਿਹਾ ਹੈ। ਰੈਡੀ ਦੇ ਕਬਰਿਸਤਾਨ ਦੇ ਬੋਰਵੈੱਲ ਤੋਂ ਵੀ ਓਨਾ ਪਾਣੀ ਨਹੀਂ ਮਿਲ਼ ਰਿਹਾ ਜਿੰਨੀ ਉਨ੍ਹਾਂ ਉਮੀਦ ਕੀਤੀ ਸੀ। ਕੁੱਲ ਮਿਲਾ ਕੇ, ਪਿੰਡ ਦੇ ਅਧਿਕਾਰੀ (ਵੀਓ) ਨੇ ਪਾਣੀ ਦੀ ਭਾਲ਼ ਵਿੱਚ 10 ਲੱਖ ਰੁਪਏ ਤੋਂ ਵੱਧ ਪੈਸੇ ਖਰਚ ਕਰ ਸੁੱਟੇ ਹਨ। ਉਨ੍ਹਾਂ ਦਾ ਕਰਜ਼ਾ ਹਰ ਮਹੀਨੇ ਵੱਧਦਾ ਹੀ ਜਾ ਰਿਹਾ ਹੈ। "ਪਿਛਲੇ ਹਫ਼ਤੇ ਹੀ, ਮੈਂ ਸਰਕਾਰ ਦੀ ਹੈਲਪਲਾਈਨ 'ਤੇ ਕਾਲ ਕੀਤੀ," ਉਹ ਕਹਿੰਦੇ ਹਨ। "ਇੰਝ ਮੇਰੀ ਗੱਡੀ ਕਿਵੇਂ ਚੱਲੇਗੀ? ਸਾਨੂੰ ਪਾਣੀ ਚਾਹੀਦਾ ਹੀ ਚਾਹੀਦਾ ਹੈ।''
ਇਹ ਹੈਲਪਲਾਈਨ ਆਂਧਰਾ ਪ੍ਰਦੇਸ਼ ਦੇ ਵਾਈ.ਐੱਸ. ਜੋਸ਼ੀ ਨੇ ਸਥਾਪਤ ਕੀਤੀ ਸੀ। ਰਾਜਸ਼ੇਖਰ ਰੈੱਡੀ ਸਰਕਾਰ ਦਾ ਉਦੇਸ਼ ਵੱਧ ਰਹੀਆਂ ਖੇਤੀਬਾੜੀ ਸਮੱਸਿਆਵਾਂ ਅਤੇ ਕਿਸਾਨਾਂ ਦੀਆਂ ਲਗਾਤਾਰ ਖੁਦਕੁਸ਼ੀਆਂ ਨਾਲ਼ ਨਜਿੱਠਣਾ ਸੀ। ਆਂਧਰਾ ਪ੍ਰਦੇਸ਼ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਦੂਜੇ ਰਾਜਾਂ ਤੋਂ ਅੱਗੇ ਰਿਹਾ ਹੈ, ਅਨੰਤਪੁਰ ਵਿੱਚ ਇਹਦੀ ਗਿਣਤੀ ਸਭ ਤੋਂ ਵੱਧ ਹੈ। 'ਸਰਕਾਰੀ' ਅੰਕੜਿਆਂ ਅਨੁਸਾਰ ਪਿਛਲੇ ਸੱਤ ਸਾਲਾਂ ਵਿੱਚ 500 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋਏ ਹਨ। ਹਾਲਾਂਕਿ, ਹੋਰ ਸੁਤੰਤਰ ਏਜੰਸੀਆਂ ਇਸ ਅੰਕੜੇ ਨੂੰ ਗੁੰਮਰਾਹਕੁੰਨ ਦੱਸਦੀਆਂ ਹਨ ਅਤੇ ਉਨ੍ਹਾਂ ਦੇ ਅਨੁਸਾਰ ਇਹ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ।
ਹਾਲਾਂਕਿ, ਰੈੱਡੀ ਵੱਲੋਂ ਹੈਲਪਲਾਈਨ 'ਤੇ ਕਾਲ ਕਰਨਾ ਆਪਣੇ-ਆਪ ਖਤਰਨਾਕ ਪ੍ਰਭਾਵ ਪਾ ਰਿਹਾ ਹੈ। ਉਹ ਪਾਣੀ ਦੀ ਉਪਲਬਧਤਾ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਖੇਤਰ ਵਿੱਚ ਰਹਿਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸਮੂਹ ਤੋਂ ਆਉਂਦੇ ਹਨ। ਪਾਣੀ ਦੇ ਸੁਪਨਿਆਂ ਦੇ ਪਿੱਛੇ ਭੱਜਦੇ ਹੋਏ ਉਹ ਕਰਜ਼ੇ ਦੀ ਦਲ਼ਦਲ਼ ਵਿੱਚ ਡੁੱਬ ਰਹੇ ਹਨ। ਉਨ੍ਹਾਂ ਦਾ ਬਾਗ਼ਬਾਨੀ ਦਾ ਕਾਰੋਬਾਰ, ਜਿਸ ਵਿੱਚ ਉਨ੍ਹਾਂ ਨੇ ਭਾਰੀ ਨਿਵੇਸ਼ ਕੀਤਾ ਹੈ, ਬਰਬਾਦ ਹੋਣ ਦੀ ਕਗਾਰ 'ਤੇ ਹੈ। ਉਨ੍ਹਾਂ ਦੇ ਟਿਊਬਵੈੱਲਾਂ ਦਾ ਵੀ ਇਹੋ ਹਾਲ ਹੈ।
ਅਥਾਹ ਧਨ ਵਾਲ਼ੇ ਕਾਰੋਬਾਰੀ ਪਹਿਲਾਂ ਹੀ ਇਸ ਸੰਕਟ ਦਾ ਲਾਭ ਉਠਾਉਣ ਲਈ ਤਿਆਰ ਹਨ। ਨਿੱਜੀ ਪਾਣੀ ਦਾ ਬਾਜ਼ਾਰ ਤੇਜ਼ੀ ਨਾਲ਼ ਵਧ ਰਿਹਾ ਸੀ। 'ਪਾਣੀ ਦੇ ਮਾਲਕ' ਆਪਣੇ ਟਿਊਬਵੈੱਲਾਂ ਅਤੇ ਪੰਪਾਂ ਰਾਹੀਂ ਪਾਣੀ ਵੇਚ ਕੇ ਖੇਤੀ ਨਾਲ਼ੋਂ ਕਈ ਗੁਣਾ ਜ਼ਿਆਦਾ ਪੈਸਾ ਕਮਾ ਰਹੇ ਹਨ।
ਬੇਸਹਾਰਾ ਕਿਸਾਨਾਂ ਕੋਲ਼ 7,000 ਰੁਪਏ ਦੀ ਮੋਟੀ ਰਕਮ ਦੇ ਕੇ ਆਪਣੀ ਇੱਕ ਏਕੜ ਜ਼ਮੀਨ 'ਤੇ ਪਾਣੀ ਛਿੜਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਇਸਦਾ ਮਤਲਬ ਉਸ ਗੁਆਂਢੀ ਨੂੰ ਭੁਗਤਾਨ ਕਰਨਾ ਵੀ ਹੋ ਸਕਦਾ ਹੈ ਜਿਸਨੇ ਕਿਸੇ ਤਰ੍ਹਾਂ ਪਾਣੀ ਉਪਲਬਧ ਕਰਾਉਣ ਲਈ ਵਾੜੇ ਤੱਕ ਪਹੁੰਚ ਪ੍ਰਾਪਤ ਕੀਤੀ ਹੈ। ਮਾਮੂਲੀ ਛਿੜਕਾਅ ਲਈ, ਕਿਸਾਨ ਚਾਹੇ ਤਾਂ ਪਾਣੀ ਨਾਲ਼ ਭਰਿਆ ਟੈਂਕਰ ਵੀ ਖਰੀਦ ਸਕਦਾ ਹੈ।
ਅਜਿਹੀ ਪ੍ਰਣਾਲੀ ਵਿੱਚ, ਕਾਰੋਬਾਰ ਜਲਦੀ ਹੀ ਭਾਈਚਾਰੇ ਦੀ ਅਣਦੇਖੀ ਕਰਨੀ ਸ਼ੁਰੂ ਕਰ ਦਿੰਦਾ ਹੈ। "ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਾਡੇ ਪ੍ਰਤੀ ਏਕੜ ਖੇਤੀ ਖਰਚ ਵਿੱਚ ਕਿੰਨਾ ਫ਼ਰਕ ਪਿਆ ਹੈ?" ਰੈਡੀ ਪੁੱਛਦੇ ਹਨ। ਇਨ੍ਹਾਂ ਵਪਾਰੀਆਂ ਦੀ ਕਤਾਰ ਵਿੱਚ ਹੁਣ ਆਪਣਾ ਚਮਤਕਾਰ ਦਿਖਾਉਣ ਵਾਲ਼ੇ ਇਹ ਵਾਟਰ-ਡਿਵਾਈਨਰ ਤੇ ਹਾਈਵੇਅ 'ਤੇ ਭੱਜਦੀਆਂ-ਨੱਸਦੀਆਂ ਬੋਰਵੈੱਲ ਡ੍ਰਿਲਿੰਗ ਰਿਗ ਮਸ਼ੀਨਾਂ ਵੀ ਸ਼ਾਮਲ ਹੋ ਗਈਆਂ ਹਨ ਤੇ ਦੋਵੇਂ ਇੱਕ ਦੂਜੇ ਲਈ ਕਮਾਈ ਦਾ ਮੌਕਾ ਪੈਦਾ ਕਰ ਰਹੇ ਹਨ। ਦੂਜੇ ਪਾਸੇ ਪੀਣ ਵਾਲ਼ੇ ਪਾਣੀ ਦਾ ਸੰਕਟ ਵੀ ਘੱਟ ਗੰਭੀਰ ਨਹੀਂ ਹੈ। ਇੱਕ ਅਨੁਮਾਨ ਮੁਤਾਬਕ ਡੇਢ ਲੱਖ ਦੀ ਆਬਾਦੀ ਵਾਲ਼ਾ ਹਿੰਦੂਪੁਰ ਪਿੰਡ ਪੀਣ ਵਾਲ਼ੇ ਪਾਣੀ 'ਤੇ ਸਾਲਾਨਾ 80 ਲੱਖ ਰੁਪਏ ਖਰਚ ਕਰਦਾ ਹੈ। ਇੱਕ ਸਥਾਨਕ ਪਾਣੀ ਦੇ ਵਪਾਰੀ ਨੇ ਨਗਰ ਪਾਲਿਕਾ ਦਫ਼ਤਰ ਦੇ ਆਲ਼ੇ-ਦੁਆਲ਼ੇ ਚੰਗੀ ਭਲ਼ੀ ਜਾਇਦਾਦ ਖੜ੍ਹੀ ਕਰ ਲਈ ਹੈ।
ਅੰਧਵਿਸ਼ਵਾਸ, ਜਾਦੂਵਾਦ, ਰੱਬ, ਸਰਕਾਰ, ਤਕਨਾਲੋਜੀ ਅਤੇ ਨਾਰੀਅਲ ਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਨੰਤਪੁਰ ਵਿਖੇ ਪਾਣੀ ਬੇਤਹਾਸ਼ਾ ਭਾਲ਼ ਵਿੱਚ ਸੁੱਟ ਦਿੱਤਾ ਗਿਆ ਹੈ। ਪਰ ਇੰਨੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਪਾਣੀ ਦੀ ਭਾਲ਼ ਦੀ ਸਾਂਝੀ ਕਵਾਇਦ ਬਹੁਤੀ ਸਫ਼ਲ ਨਹੀਂ ਹੋ ਸਕੀ ਹੈ
ਆਖ਼ਰਕਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਚਾਰ ਦਿਨਾਂ ਦੀ ਇਸ ਬੁਛਾੜ 'ਚ ਘੱਟ ਤੋਂ ਘੱਟ ਬੀਜ ਬੀਜਣ ਦਾ ਕੰਮ ਤਾਂ ਹੋ ਹੀ ਜਾਵੇਗਾ। ਇਸ ਦਾ ਮਤਲਬ ਹੈ ਕਿ ਉਮੀਦਾਂ ਮੁੜ ਆਉਣਗੀਆਂ ਅਤੇ ਕਿਸਾਨ ਖੁਦਕੁਸ਼ੀਆਂ ਵੀ ਟਲ਼ ਜਾਣਗੀਆਂ। ਪਰ ਸਮੱਸਿਆ ਤੋਂ ਮੁਕੰਮਲ ਛੁਟਕਾਰਾ ਸ਼ਾਇਦ ਹੀ ਮਿਲ਼ ਸਕੇਗਾ। ਚੰਗੀ ਫ਼ਸਲ ਤੋਂ ਹਰ ਕੋਈ ਖੁਸ਼ ਹੋਵੇਗਾ, ਪਰ ਫਿਰ ਹੋਰ ਮੁਸ਼ਕਲਾਂ ਵੀ ਤੇਜ਼ੀ ਨਾਲ਼ ਸਾਹਮਣੇ ਆਉਣਗੀਆਂ।
"ਵਿਡੰਬਨਾ ਇਹ ਹੈ ਕਿ ਚੰਗੀ ਫ਼ਸਲ ਹੋਣ ਦੇ ਬਾਵਜੂਦ, ਕੁਝ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਗੇ," ਈਕੋਲਾਜੀ ਸੈਂਟਰ ਆਫ਼ ਦਿ ਰੂਰਲ ਡਿਵਲੈਪਮੈਂਟ ਟ੍ਰਸਟ, ਅਨੰਤਪੁਰ ਦੇ ਨਿਰਦੇਸ਼ਕ, ਮੱਲਾ ਰੈਡੀ ਕਹਿੰਦੇ ਹਨ। ''ਇੱਕ ਕਿਸਾਨ ਵੱਧ ਤੋਂ ਵੱਧ 1 ਲੱਖ ਰੁਪਏ ਦੀ ਕਮਾਈ ਕਰਨ ਵਿੱਚ ਸਮਰੱਥ ਹੋਵੇਗਾ ਪਰ ਕਈ ਸਾਲਾਂ ਤੋਂ ਫ਼ਸਲ ਖ਼ਰਾਬ ਹੋਣ ਕਾਰਨ ਹਰ ਇੱਕ ਦੇ ਸਿਰ 'ਤੇ 5 ਤੋਂ 6 ਲੱਖ ਰੁਪਏ ਦਾ ਬੋਝ ਹੈ। ਇਸ ਸੰਕਟ ਕਾਰਨ ਕਈ ਵਿਆਹਾਂ 'ਚ ਦੇਰੀ ਵੀ ਹੋਈ ਹੈ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਹੁਣ ਪੂਰਿਆਂ ਕਰਨਾ ਹੋਵੇਗਾ।
"ਖੇਤੀ ਅਤੇ ਹੋਰ ਕੰਮਾਂ ਦੀ ਲਾਗਤ ਵੀ ਵੱਧ ਗਈ ਹੈ। ਉਨ੍ਹਾਂ ਦਾ ਵੀ ਮੁਕਾਬਲਾ ਕਰਨਾ ਪਵੇਗਾ। ਇੱਕ ਕਿਸਾਨ ਇੱਕੋ ਸਮੇਂ ਇੰਨੇ ਸਾਰੇ ਮੋਰਚਿਆਂ 'ਤੇ ਕਿਵੇਂ ਲੜ ਸਕਦਾ ਹੈ? ਅਗਲੇ ਕੁਝ ਮਹੀਨਿਆਂ 'ਚ ਸ਼ਾਹੂਕਾਰਾਂ ਦਾ ਦਬਾਅ ਵੀ ਕਾਫੀ ਵਧ ਜਾਵੇਗਾ ਅਤੇ ਕਰਜ਼ਾ ਲੈਣ ਦੀ ਪ੍ਰਕਿਰਿਆ ਸਥਾਈ ਤੌਰ 'ਤੇ ਕਦੇ ਵੀ ਖਤਮ ਨਹੀਂ ਹੋਣੀ।''
ਜਿੱਥੋਂ ਤੱਕ ਇੱਥੋਂ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਸਵਾਲ ਹੈ, ਉਹ ਮੀਂਹ ਨਾਲ਼ੋਂ ਵੀ ਜ਼ਿਆਦਾ ਰਫ਼ਤਾਰ ਨਾਲ਼ ਵਰ੍ਹਦੀਆਂ ਜਾਪਦੀਆਂ ਹਨ ਜਿਵੇਂ ਕਿ ਦਲਦਲ ਵਿੱਚ ਸਮਾ ਗਏ ਪਾਣੀ ਦਾ ਪਿੱਛਾ ਕਰਦੇ ਸੁਪਨੇ ਹੋਣ।
ਤਰਜਮਾ: ਕਮਲਜੀਤ ਕੌਰ