ਅਸਥਾਈ ਸਟੇਜ, ਜਿਸ 'ਤੇ ਔਰਤਾਂ ਨੱਚ ਰਹੀਆਂ ਸਨ 'ਤੇ ਇੱਕ ਨੌਜਵਾਨ ਚੜ੍ਹਿਆ ਤੇ 19 ਸਾਲਾ ਮੁਸਕਾਨ ਦਾ ਹੱਥ ਫੜ੍ਹ ਲਿਆ। " ਅਭੀਏ ਗੋਲੀ ਮਾਰ ਦੇਂਗੇ ਤੋ ਤੁਰੰਤ ਨਾਚਨੇ ਲਗੋਗੀ (ਜੇ ਹੁਣੇ ਤੈਨੂੰ ਗੋਲ਼ੀ ਮਾਰ ਦਿਆਂ ਤਾਂ ਤੁਰੰਤ ਨੱਚਣ ਲੱਗੇਂਗੀ," ਉਸਨੇ ਕਿਹਾ।
ਦਰਸ਼ਕਾਂ ਦੀ ਭੀੜ ਵਿੱਚੋਂ ਇੱਕ ਨੌਜਵਾਨ ਜਦੋਂ ਸਟੇਜ 'ਤੇ ਚੜ੍ਹਿਆ ਤਾਂ ਡਾਂਸ ਦੇਖਣ ਆਈ ਭੀੜ ਤਾੜੀਆਂ ਵਜਾ ਕੇ ਅਤੇ ਸੀਟੀਆਂ ਵਜਾ ਕੇ ਉਸ ਦਾ ਹੌਂਸਲਾ ਵਧਾ ਰਹੀ ਸੀ। ਮੁਟਿਆਰ ਡਾਂਸਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸਨੇ ਇੱਕ ਗੰਦੇ ਭੋਜਪੁਰੀ ਗਾਣੇ 'ਤੇ ਨੱਚਣ ਤੋਂ ਇਨਕਾਰ ਕਰ ਦਿੱਤਾ। ਉਹ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਮਰਦਾਂ ਦੀ ਅਸ਼ਲੀਲ ਇਸ਼ਾਰੇ ਕਰ ਰਹੀ ਭੂਸਰੀ ਭੀੜ ਮੂਹਰੇ ਬੇਚੈਨ ਮਹਿਸੂਸ ਕਰ ਰਹੀ ਸੀ।
ਰੁਨਾਲੀ ਆਰਕੈਸਟਰਾ ਗਰੁੱਪ ਦੀ ਕਲਾਕਾਰ ਮੁਸਕਾਨ ਉਨ੍ਹਾਂ ਸੱਤ ਡਾਂਸਰਾਂ ਵਿੱਚੋਂ ਇੱਕ ਸਨ ਜੋ ਡਾਂਸ-ਗੀਤ ਸ਼ੋਅ ਵਿੱਚ ਪ੍ਰਦਰਸ਼ਨ ਕਰ ਰਹੀਆਂ ਸਨ। ਇਸ ਪੂਰੀ ਮੰਡਲੀ ਨੂੰ ਸਥਾਨਕ ਬੋਲੀ ਵਿੱਚ 'ਆਰਕੈਸਟਰਾ' ਕਿਹਾ ਜਾਂਦਾ ਹੈ। ਇਹ ਸ਼ੋਅ ਚਿਰਈਆ ਬਲਾਕ ਵਿੱਚ ਦੁਰਗਾ ਪੂਜਾ ਦੇ ਜਸ਼ਨਾਂ ਦੇ ਇੱਕ ਹਿੱਸੇ ਵਜੋਂ ਅਯੋਜਿਤ ਕੀਤਾ ਗਿਆ ਸੀ।
ਮੁਸਕਾਨ ਕਹਿੰਦੀ ਹਨ,"ਅਜਿਹੀਆਂ ਧਮਕੀਆਂ ਸਾਡੇ ਡਾਂਸਰਾਂ ਲਈ ਆਮ ਗੱਲ ਨੇ।'' ਉਹ ਪਿਛਲੇ ਤਿੰਨ ਸਾਲਾਂ ਤੋਂ ਅਜਿਹੇ ਆਰਕੈਸਟਰਾ ਸਮਾਗਮਾਂ ਵਿੱਚ ਪ੍ਰਦਰਸ਼ਨ ਕਰ ਰਹੀ ਹਨ।
ਛੇਤੀ ਹੀ ਇਹ ਧਮਕੀਆਂ ਫ਼ੋਕੀਆਂ ਨਾ ਰਹਿ ਕੇ ਇਨ੍ਹਾਂ ਡਾਂਸਰਾਂ ਦੇ ਸਰੀਰਕ ਛੇੜਖਾਨੀ ਦੀਆਂ ਕੋਸ਼ਿਸ਼ਾਂ ਵਿੱਚ ਬਦਲ ਜਾਂਦੀਆਂ ਹਨ। " ਕਮਰ ਪੇ ਹਾਥ ਰਖਨਾ ਜਾਂ ਬਲਾਊਜ ਮੇਂ ਹਾਥ ਘੁਸਾਨੇ ਕੀ ਕੋਸ਼ਿਸ਼ ਕਰਨਾ ਯਹਾਂ ਮਰਦੋਂ ਕੀ ਰੋਜ਼ਮੱਰਾ ਕੀ ਹਰਕਤੇਂ ਹੈਂ ," ਰਾਧਾ ਕਹਿੰਦੀ ਹਨ, ਜੋ ਖੁਦ ਇੱਕ ਡਾਂਸਰ ਹਨ।
ਬਿਹਾਰ ਵਿੱਚ, ਆਰਕੈਸਟਰਾ ਸਮਾਗਮ ਆਮ ਤੌਰ 'ਤੇ ਤਿਉਹਾਰਾਂ, ਨਿੱਜੀ ਪਾਰਟੀਆਂ ਅਤੇ ਵਿਆਹਾਂ ਵਰਗੇ ਮੌਕਿਆਂ 'ਤੇ ਆਯੋਜਿਤ ਕੀਤੇ ਜਾਂਦੇ ਹਨ। ਡਾਂਸਰਾਂ ਨੂੰ ਉਨ੍ਹਾਂ ਦੇ ਹਰ ਪ੍ਰਦਰਸ਼ਨ ਦੇ ਅਧਾਰ 'ਤੇ 1,500 ਰੁਪਏ ਤੋਂ 2,000 ਰੁਪਏ ਦਿੱਤੇ ਜਾਂਦੇ ਹਨ। ਇੱਥੋਂ ਤੱਕ ਕਿ ਸਰਬੋਤਮ ਡਾਂਸਰਾਂ ਨੂੰ ਵੀ ਉਨ੍ਹਾਂ ਦੀ ਪੇਸ਼ਕਾਰੀ ਲਈ 5,000 ਰੁਪਏ ਤੋਂ ਵੱਧ ਨਹੀਂ ਮਿਲ਼ਦੇ। ਇਨ੍ਹਾਂ ਡਾਂਸਰਾਂ ਨੂੰ ਪ੍ਰੋਗਰਾਮਾਂ ਦੀ ਗਿਣਤੀ ਵਧਾਉਣ ਲਈ ਕਮਿਸ਼ਨ ਦਿੱਤਾ ਜਾਂਦਾ ਹੈ। ਇਹ ਡਾਂਸਰ ਇੱਕ ਤੋਂ ਵੱਧ ਆਰਕੈਸਟਰਾ ਸਮਾਗਮਾਂ ਦੇ ਪ੍ਰਬੰਧਕਾਂ ਦੇ ਸੰਪਰਕ ਵਿੱਚ ਹੁੰਦੀਆਂ ਹਨ।
ਮੁਸਕਾਨ ਦੱਸਦੀ ਹਨ, "ਸੋਨੇਪੁਰ ਮੇਲੇ ਦੇ ਆਰਕੈਸਟਰਾ ਪ੍ਰੋਗਰਾਮਾਂ ਵਿੱਚ ਭਾਰਤ ਅਤੇ ਨੇਪਾਲ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 200 ਕੁੜੀਆਂ ਆਪਣਾ ਨਾਚ ਦਿਖਾਉਣ ਲਈ ਆਉਂਦੀਆਂ ਹਨ।'' ਸੋਨੇਪੁਰ ਮੇਲੇ ਵਿੱਚ ਹੀ ਉਨ੍ਹਾਂ ਦੀ ਜਾਣ-ਪਛਾਣ ਆਰਕੈਸਟਰਾ ਦਾ ਆਯੋਜਨ ਕਰਨ ਵਾਲ਼ੇ ਇੱਕ ਪ੍ਰਬੰਧਕ ਨਾਲ਼ ਕਰਵਾਈ ਗਈ ਸੀ ਅਤੇ ਉਦੋਂ ਤੋਂ ਹੀ ਉਹ ਬਤੌਰ ਪੇਸ਼ੇਵਰ ਡਾਂਸਰ ਦੇ ਪ੍ਰਦਰਸ਼ਨ ਕਰ ਰਹੀ ਹਨ। ਸੋਨੇਪੁਰ ਮੇਲਾ ਹਰ ਸਾਲ ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ।
ਇਨ੍ਹਾਂ ਪ੍ਰੋਗਰਾਮਾਂ ਲਈ, 15 ਤੋਂ 35 ਸਾਲ ਦੀਆਂ ਜਵਾਨ ਔਰਤਾਂ ਨੂੰ ਡਾਂਸਰਾਂ ਵਜੋਂ ਨਿਯੁਕਤ ਕੀਤਾ ਜਾਂਦਾ ਹੈ। "ਕੁਝ ਕੁੜੀਆਂ ਤਾਂ ਹਾਲੇ ਵੀ ਆਪਣੇ ਪਰਿਵਾਰਾਂ ਦੇ ਸੰਪਰਕ ਵਿੱਚ ਨੇ। ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ਆਪਣੇ ਘਰ ਵੀ ਜਾਂਦੀਆਂ ਨੇ," ਮੁਸਕਾਨ ਕਹਿੰਦੀ ਹਨ,"ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀਆਂ ਧੀਆਂ ਦੇ ਕੰਮ ਬਾਰੇ ਪਤਾ ਰਹਿੰਦਾ ਹੈ।" ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੁੰਦਾ "ਆਖਰਕਾਰ, ਉਨ੍ਹਾਂ ਨੂੰ ਵੀ ਜਿਉਣ ਲਈ ਪੈਸੇ ਦੀ ਲੋੜ ਹੁੰਦੀ ਹੈ। ਇਸੇ ਲਈ ਉਹ ਚੁੱਪ ਰਹਿੰਦੇ ਹਨ। ਇਹ ਪੇਸ਼ਾ ਸਾਰਿਆਂ ਦਾ ਢਿੱਡ ਭਰਦਾ ਹੈ।''
ਇਨ੍ਹਾਂ ਸਾਰੀਆਂ ਪਰੇਸ਼ਾਨੀ ਦੇ ਬਾਵਜੂਦ, ਆਰਕੈਸਟਰਾ ਦਾ ਕੰਮ ਮੁਸਕਾਨ ਨੂੰ ਰੋਜ਼ੀ-ਰੋਟੀ ਦੇਣ ਵਿੱਚ ਮਦਦਗਾਰ ਸਾਬਤ ਹੋਇਆ ਹੈ। ਇਸ ਸੱਚਾਈ ਨੂੰ ਉਹ ਖੁਦ ਵੀ ਮੰਨਦੀ ਹਨ। ਜਦੋਂ ਮੁਸਕਾਨ ਸਿਰਫ਼ 13 ਸਾਲ ਦੀ ਸਨ ਤਾਂ ਉਨ੍ਹਾਂ ਦਾ ਵਿਆਹ ਕੋਲ਼ਕਾਤਾ ਦੇ 29 ਸਾਲਾ ਵਿਅਕਤੀ ਨਾਲ਼ ਹੋਇਆ ਸੀ। ਤਿੰਨ ਸਾਲ ਤੱਕ ਤਸੀਹੇ ਝੱਲਣ ਤੋਂ ਬਾਅਦ ਆਖ਼ਰ ਉਹ ਆਪਣੇ ਸਹੁਰੇ ਘਰੋਂ ਭੱਜ ਆਈ।
"ਮੇਰੇ ਧੀ ਪੈਦਾ ਹੋਈ, ਇਹ ਗੱਲ ਮੇਰੇ ਪਤੀ ਨੂੰ ਬਰਦਾਸ਼ਤ ਹੀ ਨਾ ਹੋਈ ਅਤੇ ਉਹ ਸਾਡੀ ਬੱਚੀ ਨੂੰ ਵੇਚਣਾ ਚਾਹੁੰਦਾ ਸੀ," ਮੁਸਕਾਨ ਬਿਹਾਰ ਜਾਣ ਵਾਲ਼ੀ ਰੇਲ ਗੱਡੀ ਵਿੱਚ ਚੜ੍ਹਨ ਦੀ ਘਟਨਾ ਨੂੰ ਯਾਦ ਕਰਦਿਆਂ ਕਹਿੰਦੀ ਹਨ। ਉਸ ਸਮੇਂ ਉਨ੍ਹਾਂ ਦੀ ਬੇਟੀ ਸਿਰਫ਼ ਇੱਕ ਸਾਲ ਦੀ ਸੀ। ਫਿਰ ਉਨ੍ਹਾਂ ਨੂੰ ਸੋਨੇਪੁਰ ਮੇਲੇ ਵਿੱਚ ਕੰਮ ਮਿਲ਼ ਗਿਆ।
ਸਮਾਜ ਆਰਕੈਸਟਰਾ ਡਾਂਸਰਾਂ ਨਾਲ਼ ਬਹੁਤ ਭੇਦਭਾਵ ਕਰਦਾ ਹੈ ਅਤੇ ਉਨ੍ਹਾਂ ਬਾਰੇ ਇੰਨੇ ਤੁਅੱਸਬ ਪਾਲ਼ੇ ਜਾਂਦੇ ਹਨ ਕਿ ਇਹ ਸੋਚ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। "ਰਿਹਾਇਸ਼ ਲੱਭਣਾ ਸਾਡੇ ਲਈ ਸੌਖ਼ਾ ਕੰਮ ਨਹੀਂ ਹੈ," ਮੁਸਕਾਨ ਕਹਿੰਦੀ ਹਨ। ਉਹ ਤੇ ਉਨ੍ਹਾਂ ਦੀ ਧੀ ਪਟਨਾ ਦੇ ਬਾਹਰਵਾਰ ਪੈਂਦੇ ਇਲਾਕੇ, ਦੀਘਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀਆਂ ਹਨ। ਦੋ ਕਮਰਿਆਂ ਦੇ ਇਸ ਪੱਕੇ ਘਰ ਵਿੱਚ ਉਨ੍ਹਾਂ ਦੇ ਨਾਲ਼ ਛੇ ਹੋਰ ਕੁੜੀਆਂ ਰਹਿੰਦੀਆਂ ਹਨ। ਉਹ ਸਭ ਵੀ ਪੇਸ਼ੇ ਤੋਂ ਡਾਂਸਰਾਂ ਹੀ ਹਨ। "ਮੈਨੂੰ ਇਨ੍ਹਾਂ ਕੁੜੀਆਂ ਨਾਲ਼ ਇੱਥੇ ਰਹਿਣਾ ਪਸੰਦ ਹੈ। ਇਹ ਜਗ੍ਹਾ ਬਹੁਤੀ ਮਹਿੰਗੀ ਨਹੀਂ ਹੈ ਅਤੇ ਅਸੀਂ ਸਾਰੀਆਂ ਕਿਰਾਏ ਅਤੇ ਹੋਰ ਖ਼ਰਚਿਆਂ ਨੂੰ ਆਪਸ ਵਿੱਚ ਵੰਡ ਲੈਂਦੀਆਂ ਹਾਂ," ਮੁਸਕਾਨ ਕਹਿੰਦੀ ਹਨ।
ਇੰਨੀਆਂ ਮੁਸੀਬਤਾਂ ਅਤੇ ਭੇਦਭਾਵ ਬਰਦਾਸ਼ਤ ਕਰਨ ਦੇ ਬਾਵਜੂਦ, ਮੁਸਕਾਨ ਲਈ, ਇਹ ਜ਼ਿੰਦਗੀ ਆਪਣੇ ਜ਼ਾਲਮ ਪਤੀ ਨਾਲ਼ ਰਹਿਣ ਨਾਲ਼ੋਂ ਤਾਂ ਵਧੀਆ ਹੀ ਹੈ। " ਯਹਾਂ (ਆਰਕੈਸਟਰਾ ਸਮਾਗਮਾਂ ਵਿੱਚ) ਤੋ ਸਿਰਫ਼ ਛੂ ਕੇ ਛੋੜ ਦੇਤੇ ਹੈਂ, ਕਮ ਸੇ ਕਮ ਪਹਿਲੇ ਕੀ ਤਰ੍ਹਾਂ ਰੋਜ਼ ਰਾਤ ਕੋ ਰੇਪ ਤੋ ਨਹੀਂ ਹੋਤਾ।"
ਆਰਕੈਸਟਰਾ ਸਮਾਗਮਾਂ ਦੀਆਂ ਦਿੱਕਤਾਂ ਤੋਂ ਪਰੇਸ਼ਾਨ ਰਹਿਣ ਵਾਲ਼ੀ ਮੁਸਕਾਨ ਨਹੀਂ ਚਾਹੁੰਦੀ ਕਿ ਉਨ੍ਹਾਂ ਦੀ ਧੀ ਵੱਡੀ ਹੋ ਕੇ ਡਾਂਸਰ ਬਣੇ। ਉਹ ਚਾਹੁੰਦੀ ਹਨ ਕਿ ਉਨ੍ਹਾਂ ਦੀ ਧੀ ਪੜ੍ਹੇ-ਲਿਖੇ ਤੇ "ਬਿਹਤਰ ਜ਼ਿੰਦਗੀ" ਜੀਵੇ। ਮੁਸਕਾਨ ਨੇ ਖੁਦ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ।
"ਸਾਡੇ ਵਿੱਚੋਂ ਬਹੁਤੇ ਜਣਿਆਂ ਕੋਲ਼ ਪਛਾਣ ਪੱਤਰ ਨਹੀਂ ਹਨ। ਇਸ ਕਾਰਨ ਸਕੂਲਾਂ 'ਚ ਦਾਖ਼ਲਾ ਲੈਣਾ ਮੁਸ਼ਕਲ ਹੋ ਜਾਂਦਾ ਹੈ। ਮੇਰੀ ਖ਼ੁਦ ਸਮਝ ਤੋਂ ਬਾਹਰ ਹੈ ਕਿ ਮੈਂ ਆਪਣੀ ਧੀ ਨੂੰ ਸਕੂਲ ਕਿਵੇਂ ਭੇਜੂੰਗੀ," ਉਹ ਚਿੰਤਤ ਲਹਿਜੇ ਵਿੱਚ ਕਹਿੰਦੀ ਹਨ, "ਸਾਨੂੰ ਮਦਦ ਦੀ ਲੋੜ ਹੈ, ਪਰ ਮੈਨੂੰ ਨਹੀਂ ਪਤਾ ਕਿ ਸਾਡੀ ਮਦਦ ਕੌਣ ਕਰੇਗਾ।''
ਪ੍ਰਿਆ, ਜੋ ਪਟਨਾ ਵਿੱਚ ਇੱਕ ਆਰਕੈਸਟਰਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਈ ਹਨ, ਇੱਥੇ ਮੁਸਕਾਨ ਨਾਲ਼ ਠਹਿਰੀ ਹਨ। ਉਹ ਜੁਗਲ਼ਬੰਦੀ ਵਿੱਚ ਪ੍ਰਦਰਸ਼ਨ ਕਰਦੀ ਹਨ, ਉਹ ਸਿਰਫ਼ 16 ਸਾਲ ਦੀ ਉਮਰ ਤੋਂ ਆਪਣੇ ਪਤੀ ਨਾਲ਼ ਇਹ ਕੰਮ ਕਰ ਰਹੀ ਹਨ।
"ਮੈਂ ਇਹ ਕੰਮ ਹਮੇਸ਼ਾ ਲਈ ਨਹੀਂ ਕਰ ਸਕਦੀ," ਪ੍ਰਿਆ ਕਹਿੰਦੀ ਹਨ, ਜੋ ਹੁਣ 20 ਸਾਲ ਦੀ ਹੋ ਚੁੱਕੀ ਹਨ। ਉਹ ਭਵਿੱਖ ਵਿੱਚ ਆਪਣੇ ਪਤੀ ਨਾਲ਼ ਮਿਲ ਕੇ ਆਪਣਾ ਇੱਕ ਜਨਰਲ ਸਟੋਰ (ਰਾਸ਼ਨ ਦੀ ਦੁਕਾਨ) ਖੋਲ੍ਹਣਾ ਚਾਹੁੰਦੀ ਹਨ। "ਮੈਂ ਵੀ ਛੇਤੀ ਹੀ ਇੱਕ ਬੱਚਾ ਪੈਦਾ ਕਰਨਾ ਚਾਹੁੰਦੀ ਹਾਂ ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਦੇ ਸਿਰ 'ਤੇ ਆਰਕੈਸਟਰਾ ਦੇ ਕੰਮ ਦਾ ਕੋਈ ਪਰਛਾਵਾਂ ਵੀ ਪਵੇ," ਉਹ ਅੱਗੇ ਕਹਿੰਦੀ ਹਨ।
ਇੱਕ ਹੋਰ ਡਾਂਸਰ ਮਨੀਸ਼ਾ ਨੇ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਰਕੈਸਟਰਾ ਪ੍ਰੋਗਰਾਮਾਂ ਵਿੱਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਅਤੇ ਉਨ੍ਹਾਂ ਦੀ ਮਾਂ, ਜੋ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਹੈ, ਕੋਲ਼ ਪਰਿਵਾਰ ਚਲਾਉਣ ਲਈ ਕਾਫ਼ੀ ਪੈਸਾ ਨਹੀਂ ਰਹਿੰਦਾ। "ਇਹ ਅਸਥਾਈ ਕੰਮ ਹੈ; ਮੈਂ ਇਸ ਪੇਸ਼ੇ ਵਿੱਚ ਲੰਬੇ ਸਮੇਂ ਤੱਕ ਨਹੀਂ ਰਹਾਂਗੀ। ਕੁਝ ਸਮੇਂ ਬਾਅਦ, ਜਦੋਂ ਮੇਰੇ ਕੋਲ਼ ਕਾਫ਼ੀ ਪੈਸਾ ਹੋ ਗਿਆ ਤਾਂ ਮੈਂ ਵਾਪਸ ਚਲੀ ਜਾਵਾਂਗੀ ਅਤੇ ਇੱਕ ਚੰਗੇ ਆਦਮੀ ਨਾਲ਼ ਵਿਆਹ ਕਰਵਾ ਲਵਾਂਗੀ।''
ਜਨਤਾ ਬਜ਼ਾਰ ਦੀਆਂ ਗਲੀਆਂ 'ਚ ਅਜਿਹੇ ਕਈ ਪ੍ਰਬੰਧਕਾਂ ਦੇ ਦਫ਼ਤਰ ਹਨ ਜੋ ਆਰਕੈਸਟਰਾ ਪ੍ਰੋਗਰਾਮਾਂ ਦੇ ਖੇਤਰ 'ਚ ਸਰਗਰਮ ਹਨ। ਜਨਤਾ ਬਜ਼ਾਰ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਛਪਰਾ ਕਸਬੇ ਦੇ ਨੇੜੇ ਇੱਕ ਸਥਾਨਕ ਬਜ਼ਾਰ ਹੈ। ਅਜਿਹੇ ਹੀ ਇੱਕ ਆਰਕੈਸਟਰਾ ਆਯੋਜਕ ਵਿੱਕੀ ਕਹਿੰਦੇ ਹਨ, " ਜਨਤਾ ਬਜ਼ਾਰ ਤੋ ਪੂਰਾ ਹੋਲਸੇਲ ਬਜ਼ਾਰ ਜੈਸਾ ਹੈ ਆਰਕੈਸਟਰਾ ਡਾਂਸਰੋਂ ਕਾ। ''
ਵਿੱਕੀ ਇਨ੍ਹਾਂ ਡਾਂਸਰਾਂ ਨਾਲ਼ ਹੁੰਦੇ ਦੁਰਵਿਵਹਾਰ ਅਤੇ ਉਨ੍ਹਾਂ ਦੀਆਂ ਹੋਰ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। "ਡਾਂਸਰਾਂ ਬਾਰੇ ਇੱਕ ਧਾਰਨਾ ਹੈ ਕਿ ਉਹ 'ਬੁਰੀਆਂ ਔਰਤਾਂ' ਹਨ ਅਤੇ ਲੋਕ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ। ਇਨ੍ਹਾਂ ਬਦਨੀਅਤ ਆਦਮੀਆਂ ਬਾਰੇ ਕੋਈ ਗੱਲ ਨਹੀਂ ਹੁੰਦੀ ਜੋ ਇਨ੍ਹਾਂ ਔਰਤਾਂ ਦੀ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ," ਉਹ ਕਹਿੰਦੇ ਹਨ, "ਮੈਂ ਇੱਕ ਵਿਆਹੁਤਾ ਆਦਮੀ ਹਾਂ ਤੇ ਮੇਰਾ ਇੱਕ ਪਰਿਵਾਰ ਹੈ। ਮੈਂ ਇਨ੍ਹਾਂ ਡਾਂਸਰਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦਾ ਹਾਂ।" ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੂੰ ਅਕਸਰ ਵੱਡੇ ਆਰਕੈਸਟਰਾ ਸਮਾਗਮਾਂ ਲਈ ਕਿਰਾਏ ਦੇ ਸੁਰੱਖਿਆ ਕਰਮੀ ਰੱਖਣੇ ਪੈਂਦੇ ਹਨ।
ਵਿੱਕੀ ਦੱਸਦੇ ਹਨ, "ਪੀਪੀ ਵਿੱਚ ਉਨ੍ਹਾਂ ਨਾਲ਼ ਹੋਰ ਵੀ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ।'' ਪੀਪੀ ਤੋਂ ਉਨ੍ਹਾਂ ਦਾ ਭਾਵ ਨਿੱਜੀ (ਪ੍ਰਾਈਵੇਟ) ਪਾਰਟੀਆਂ ਤੋਂ ਹੈ, ਜੋ ਆਮ ਤੌਰ 'ਤੇ ਪ੍ਰਭਾਵਸ਼ਾਲੀ ਲੋਕਾਂ ਦੁਆਰਾ ਰੱਖੀਆਂ ਜਾਂਦੀਆਂ ਹਨ। ਇੱਕ ਹੋਰ ਆਯੋਜਕ ਰਾਜੂ ਕਹਿੰਦੇ ਹਨ, "ਅਕਸਰ ਪੁਲਿਸ ਦੀਆਂ ਨਜ਼ਰਾਂ ਦੇ ਸਾਹਮਣੇ ਇਨ੍ਹਾਂ ਡਾਂਸਰਾਂ ਨਾਲ਼ ਬਦਸਲੂਕੀ ਕੀਤੀ ਜਾਂਦੀ ਹੈ।''
ਰਿਪੋਰਟ ਵਿੱਚ ਸ਼ਾਮਲ ਲੋਕਾਂ ਦੇ ਨਾਮ ਬਦਲ ਦਿੱਤੇ ਗਏ ਹਨ।
ਤਰਜਮਾ: ਕਮਲਜੀਤ ਕੌਰ