"ਮੈਂ ਆਪਣੀ ਖੱਬੀ ਅੱਖ ਨਾਲ਼ ਦੇਖ ਨਹੀਂ ਸਕਦੀ। ਤਿੱਖੀ ਰੌਸ਼ਨੀ ਨਾਲ਼ ਤਕਲੀਫ਼ ਹੁੰਦੀ ਹੈ। ਇੰਨੇ ਦਰਦ ਵਿੱਚ ਰਹਿਣਾ ਕਾਫੀ ਤਕਲੀਫ਼ਦੇਹ ਹੈ," ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਨਗਾਓਂ ਕਸਬੇ ਦੀ ਇੱਕ ਘਰੇਲੂ ਔਰਤ, ਪ੍ਰਮਿਲਾ ਨਸਕਰ ਕਹਿੰਦੀ ਹਨ। ਚਾਲ਼ੀਵੇਂ ਨੂੰ ਢੁਕਣ ਵਾਲ਼ੀ ਪ੍ਰਮਿਲਾ, ਕੋਲਕਾਤਾ ਦੇ ਰੀਜਨਲ ਇੰਸਟੀਚਿਊਟ ਆਫ਼ ਓਪਥਲਮੋਲੋਜੀ ਦੇ ਹਫ਼ਤਾਵਾਰੀ ਕੋਰਨੀਆ ਕਲੀਨਿਕ ਵਿਖੇ ਸਾਡੇ ਨਾਲ਼ ਬੈਠੀ ਸਨ। ਉਹ ਉੱਥੇ ਇਲਾਜ ਲਈ ਆਈ ਸਨ।

ਮੈਂ ਪ੍ਰਮਿਲਾ ਨਸਕਰ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਸਾਂ। ਇੱਕ ਫੋਟੋਗ੍ਰਾਫਰ ਲਈ, ਇੱਕ ਅੱਖ ਗੁਆਉਣਾ ਬੇਹੱਦ ਡਰਾਉਣਾ ਵਿਚਾਰ ਹੈ। 2007 ਵਿੱਚ, ਮੈਨੂੰ ਕੋਰਨੀਅਲ ਅਲਸਰ ਵੀ ਹੋਇਆ ਸੀ। ਉਸ ਸਮੇਂ ਮੇਰੀ ਖੱਬੀ ਅੱਖ ਦੀ ਨਜ਼ਰ ਜਾਣ ਹੀ ਵਾਲ਼ੀ ਸੀ। ਉਸ ਸਮੇਂ ਮੈਂ ਵਿਦੇਸ਼ ਵਿੱਚ ਸੀ ਅਤੇ ਮੈਨੂੰ ਇਲਾਜ ਲਈ ਭਾਰਤ ਵਾਪਸ ਆਉਣਾ ਪਿਆ। ਆਪਣੀ ਨਜ਼ਰ ਵਾਪਸ ਪਾਉਣ ਲਈ ਡੇਢ ਮਹੀਨੇ ਦੀ ਪ੍ਰਕਿਰਿਆ ਮੇਰੇ ਲਈ ਕਿਸੇ ਤਸੀਹੇ ਤੋਂ ਘੱਟ ਨਾ ਰਹੀ। ਇਸ ਬੀਮਾਰੀ ਤੋਂ ਉਭਰਿਆਂ ਮੈਨੂੰ ਭਾਵੇਂ ਡੇਢ ਦਹਾਕਾ ਹੋ ਗਿਆ ਹੈ, ਪਰ ਮੈਨੂੰ ਅਜੇ ਵੀ ਅੰਨ੍ਹਾ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ। ਮੈਂ ਇਹ ਤੁਸੱਵਰ ਵੀ ਨਹੀਂ ਕਰਨਾ ਚਾਹੁੰਦਾ ਕਿ ਜੇ ਕਦੇ ਇੱਕ ਫੋਟੋਗ੍ਰਾਫ਼ਰ ਆਪਣੀ ਨਿਗਾਹ ਗੁਆ ਬੈਠੇ ਤਾਂ ਉਹਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ!

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਅਨੁਸਾਰ, ਵਿਸ਼ਵ ਪੱਧਰ 'ਤੇ, " ਘੱਟੋ ਘੱਟ 2.2 ਅਰਬ ਲੋਕਾਂ ਦੀ ਨੇੜੇ ਦੀ ਜਾਂ ਦੂਰ ਦੀ ਨਜ਼ਰ ਕਮਜ਼ੋਰ ਹੈ। ਇਨ੍ਹਾਂ ਵਿੱਚੋਂ ਘੱਟੋ ਘੱਟ 1 ਅਰਬ ਜਾਂ ਦ੍ਰਿਸ਼ਟੀਦੋਸ਼ ਤੋਂ ਪੀੜਤ ਲਗਭਗ ਅੱਧੇ ਲੋਕ ਇਲਾਜ ਦੀਆਂ ਸੁਵਿਧਾਵਾਂ ਤੋਂ ਵਾਂਝੇ ਹਨ ਤੇ ਉਨ੍ਹਾਂ ਦੇ ਰੋਗ ਦਾ ਨਿਵਾਰਣ ਹਾਲੇ ਤੀਕਰ ਨਹੀਂ ਹੋ ਪਾਇਆ ਹੈ..."

ਮੋਤੀਆਬਿੰਦ ਤੋਂ ਬਾਅਦ ਦੁਨੀਆ ਭਰ ਵਿੱਚ ਅੰਨ੍ਹੇਪਣ ਦਾ ਦੂਜਾ ਸਭ ਤੋਂ ਆਮ ਕਾਰਨ ਕੋਰਨੀਅਲ ਬਿਮਾਰੀਆਂ ਹਨ। ਕੋਰਨੀਅਲ ਦ੍ਰਿਸ਼ਟੀਹੀਣਤਾ ਦਾ ਮਹਾਂਮਾਰੀ ਵਿਗਿਆਨ ਕਾਫੀ ਗੁੰਝਲਦਾਰ ਹੈ ਅਤੇ ਇਹਦੇ ਮਗਰ ਕਈ ਤਰ੍ਹਾਂ ਦੀ ਸੋਜਸ਼ ਅਤੇ ਵਾਇਰਲ ਲਾਗਾਂ ਸ਼ਾਮਲ ਹਨ ਜਿਸ ਕਾਰਨ ਕੋਰਨੀਅਲ ਵਿੱਚ ਝਰੀਟ (ਧੱਬੇ) ਪੈਦਾ ਹੋ ਜਾਂਦੀ ਹੈ, ਜੋ ਅਖੀਰ ਅੰਨ੍ਹੇਪਣ ਦਾ ਕਾਰਨ ਬਣਦੀ ਹੈ। ਇੱਕ ਹੋਰ ਗੱਲ ਧਿਆਨਦੇਣ ਯੋਗ ਹੈ ਕਿ ਕੋਰਨੀਆ ਨਾਲ਼ ਸਬੰਧਤ ਬੀਮਾਰੀਆਂ ਅੱਡੋ-ਅੱਡ ਦੇਸ਼ਾਂ ਮੁਤਾਬਕ ਵੱਖੋ-ਵੱਖ ਹੁੰਦੀਆਂ ਹਨ।

PHOTO • Ritayan Mukherjee
PHOTO • Ritayan Mukherjee

ਇਸ ਬਿਮਾਰੀ ਵਿੱਚ ਅੱਖਾਂ ਦੇ ਦਰਦ ਦੀ ਤੀਬਰਤਾ ਬਰਦਾਸ਼ਤ ਤੋਂ ਬਾਹਰ ਹੋ ਸਕਦੀ ਹੈ ਕੋਰਨੀਅਲ ਅੰਨ੍ਹੇਪਣ ਦੇ ਬਹੁਤ ਸਾਰੇ ਲੱਛਣਾਂ ਵਿੱਚੋਂ ਇੱਕ ਇਹ ਵੀ ਹੈ। ਹੋਰ ਆਮ ਲੱਛਣਾਂ ਵਿੱਚ ਤਿੱਖੀ ਰੌਸ਼ਨੀ ਨਾਲ਼ ਚੁਭਣ , ਧੁੰਦਲੀ ਨਜ਼ਰ , ਅੱਖਾਂ ' ਚੋਂ ਪਾਣੀ ਵਗਣਾ , ਅੱਖਾਂ ਵਿੱਚ ਚਿਪਚਿਪਾਹਟ ਆਦਿ ਸ਼ਾਮਲ ਹਨ। ਹਾਲਾਂਕਿ ਇਹ ਲੱਛਣ ਹੋਰ ਬਿਮਾਰੀਆਂ ਦਾ ਸੰਕੇਤ ਵੀ ਦੇ ਸਕਦੇ ਹਨ , ਸੰਭਾਵਨਾ ਇਹ ਵੀ ਹੈ ਕਿ ਸ਼ੁਰੂਆਤ ਵਿੱਚ ਕੋਈ ਲੱਛਣ ਦਿੱਸੇ ਹੀ ਨਾ , ਇਸ ਲਈ ਅੱਖਾਂ ਦੇ ਡਾਕਟਰ ਨਾਲ਼ ਸੰਪਰਕ ਕਰਨਾ ਜ਼ਰੂਰੀ ਹੈ

ਸਾਲ 2018 'ਚ ਇੰਟਰਨੈਸ਼ਨਲ ਜਰਨਲ ਆਫ਼ ਮੈਡੀਕਲ ਸਾਇੰਸ ਐਂਡ ਕਲੀਨਿਕਲ ਇਨਵੈਨਸ਼ਨਜ਼ 'ਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਭਾਰਤ 'ਚ ਅੰਦਾਜ਼ਨ 60.08 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਦੀ ਘੱਟੋ-ਘੱਟ ਇੱਕ ਅੱਖ 'ਚ ਕੋਰਨੀਅਲ ਬੀਮਾਰੀਆਂ ਕਾਰਨ 6/60 ਤੋਂ ਘੱਟ ਨਜ਼ਰ ਬਾਕੀ ਹੈ। ਇਹ ਦੋ-ਪੱਖੀ ਮਾਮਲਾ ਹੈ ਜਿਸ ਵਿਚ ਲਗਭਗ 1 ਮਿਲੀਅਨ ਲੋਕ ਸ਼ਾਮਲ ਹਨ। ਆਮ ਤੌਰ 'ਤੇ 6/60 ਵਿਜ਼ਨ ਦਾ ਮਤਲਬ ਹੈ ਕਿ ਸਾਧਾਰਨ ਦ੍ਰਿਸ਼ਟੀ ਵਾਲਾ ਵਿਅਕਤੀ ਕਿਸੇ ਵਸਤੂ ਨੂੰ ਵੱਧ ਤੋਂ ਵੱਧ 6 ਮੀਟਰ ਤੱਕ ਦੇਖ ਸਕਦਾ ਹੈ, ਜਿਸ ਨੂੰ ਆਮ ਦ੍ਰਿਸ਼ਟੀ ਵਾਲਾ ਵਿਅਕਤੀ 60 ਮੀਟਰ ਦੀ ਦੂਰੀ ਤੋਂ ਦੇਖ ਸਕਦਾ ਹੈ। ਇਸ ਅਧਿਐਨ ਦੇ ਅਨੁਮਾਨ ਮੁਤਾਬਕ ਇਹ ਗਿਣਤੀ 2020 ਤੱਕ 1.06 ਕਰੋੜ ਦੇ ਅੰਕੜੇ ਨੂੰ ਛੂਹ ਸਕਦੀ ਸੀ। ਪਰ ਇਸ ਸਬੰਧ ਵਿੱਚ ਫਿਲਹਾਲ ਕੋਈ ਸਪਸ਼ਟ ਅੰਕੜੇ ਉਪਲਬਧ ਨਹੀਂ ਹਨ।

ਇੰਡੀਅਨ ਜਰਨਲ ਆਫ ਓਪਥਲਮੋਲੋਜੀ ਵਿੱਚ ਪ੍ਰਕਾਸ਼ਤ ਇੱਕ ਸਮੀਖਿਆ ਲੇਖ ਵਿੱਚ ਕਿਹਾ ਗਿਆ ਹੈ ਕਿ "ਭਾਰਤ ਵਿੱਚ ਕੋਰਨੀਅਲ ਅੰਨ੍ਹੇਪਣ (ਸੀਬੀ) ਤੋਂ ਪੀੜਤ ਲੋਕਾਂ ਦੀ ਗਿਣਤੀ 12 ਲੱਖ ਹੈ, ਜੋ ਕੁੱਲ ਅੰਨ੍ਹੇਪਣ ਦਾ 0.36 ਪ੍ਰਤੀਸ਼ਤ ਹੈ ਤੇ ਹਰ ਸਾਲ ਲਗਭਗ 25,000 ਤੋਂ 30,000 ਲੋਕ ਇਸ ਗਿਣਤੀ ਵਿੱਚ ਸ਼ਾਮਲ ਹੁੰਦੇ ਜਾਂਦੇ ਹਨ। ਖੇਤਰੀ ਓਪਥਲਮੋਲੋਜੀ ਇੰਸਟੀਚਿਊਟ (ਆਰਆਈਓ) ਦੀ ਸਥਾਪਨਾ 1978 ਵਿੱਚ ਕੋਲਕਾਤਾ ਮੈਡੀਕਲ ਕਾਲਜ ਵਿੱਚ ਕੀਤੀ ਗਈ ਸੀ। ਆਰ.ਆਈ.ਓ. ਨੇ ਸੰਸਥਾ ਦੇ ਮੌਜੂਦਾ ਡਾਇਰੈਕਟਰ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਦੀ ਨਿਗਰਾਨੀ ਹੇਠ ਮਹੱਤਵਪੂਰਨ ਵਾਧਾ ਵੇਖਿਆ ਹੈ। ਆਰ.ਆਈ.ਓ. ਦਾ ਕੋਰਨੀਆ ਕਲੀਨਿਕ, ਜੋ ਹਫ਼ਤੇ ਵਿੱਚ ਇੱਕ ਵਾਰ ਖੁੱਲ੍ਹਦਾ ਹੈ ਤੇ ਇੱਕ ਦਿਨ ਵਿੱਚ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ।

ਡਾ. ਆਸ਼ੀਸ਼ ਮਜੂਮਦਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਚਲਾਇਆ ਜਾ ਰਿਹਾ ਇਹ ਕਲੀਨਿਕ ਲੋੜਵੰਦਾਂ ਦੀ ਸਭ ਤੋਂ ਵੱਧ ਮਦਦ ਕਰਦਾ ਹੈ। ਮੇਰੇ ਖੁਦ ਦੇ ਮਾਮਲੇ ਦਾ ਸੰਦਰਭ ਦਿੰਦਿਆਂ ਡਾ. ਆਸ਼ੀਸ਼ ਨੇ ਕਿਹਾ, "ਭਾਵੇਂ ਤੁਹਾਨੂੰ ਕੋਰਨੀਅਲ ਅਲਸਰ ਨਕਲੀ ਕੰਟੈਕਟ ਲੈਂਸ ਸੋਲਿਊਸ਼ਨ ਕਾਰਨ ਹੋਇਆ, ਪਰ ਇਹ ਸ਼ਬਦ- 'ਕੋਰਨੀਅਲ ਅੰਨ੍ਹਾਪਣ'  ਅੱਖਾਂ ਦੀਆਂ ਵੱਖ-ਵੱਖ ਸਥਿਤੀਆਂ ਦਾ ਵਰਣਨ ਕਰਦਾ ਹੈ ਜੋ ਕੋਰਨੀਆ ਦੀ ਪਾਰਦਰਸ਼ਤਾ ਨੂੰ ਬਦਲਦੀਆਂ ਹਨ, ਜਿਸ ਨਾਲ਼ ਕੋਰਨੀਆ ਵਿੱਚ ਝਰੀਟਾਂ ਆ ਜਾਂਦੀਆਂ ਹਨ ਤੇ ਚੀਜ਼ਾਂ ਮੁਸ਼ਕਲ ਨਾਲ਼ ਦਿਖਾਈ ਦਿੰਦੀਆਂ ਹਨ। ਕੋਰਨੀਅਲ ਅੰਨ੍ਹੇਪਣ ਦੇ ਮੁੱਖ ਕਾਰਨਾਂ ਵਿੱਚ ਬੈਕਟੀਰੀਆ, ਵਾਇਰਸ, ਫੰਗਸ ਅਤੇ ਪ੍ਰੋਟੋਜੋਆ ਨਾਲ਼ ਲੱਗਣ ਵਾਲ਼ੀਆਂ ਲਾਗਾਂ ਤੇ ਸੱਟ, ਕੰਟੈਕਟ ਲੈਂਸ ਦੀ ਵਰਤੋਂ ਜਾਂ ਸਟੀਰੌਇਡ ਦਵਾਈਆਂ ਦੀ ਵਰਤੋਂ ਸ਼ਾਮਲ ਹਨ। ਅੱਖਾਂ ਨਾਲ਼ ਜੁੜੀਆਂ ਦੂਸਰੀਆਂ ਹੋਰ ਬੀਮਾਰੀਆਂ ਟ੍ਰੈਕੋਮਾ ਤੇ ਅੱਖਾਂ ਦਾ ਰੁੱਖਾਪਣ ਆਦਿ ਹਨ।''

ਲਗਭਗ 45 ਸਾਲਾ ਨਿਰੰਜਨ ਮੰਡਲ ਆਰਆਈਓ ਦੇ ਕੋਰਨੀਆ ਕਲੀਨਿਕ ਦੇ ਇੱਕ ਕੋਨੇ ਵਿੱਚ ਚੁੱਪਚਾਪ ਖੜ੍ਹੇ ਸਨ। ਉਨ੍ਹਾਂ ਨੇ ਕਾਲ਼ੀ ਐਨਕ ਲਾਈ ਹੋਈ ਸੀ। "ਮੇਰੀ ਖੱਬੀ ਅੱਖ ਦਾ ਕੋਰਨੀਆ ਨੁਕਸਾਨਿਆ ਗਿਆ ਸੀ," ਉਨ੍ਹਾਂ ਨੇ ਮੈਨੂੰ ਦੱਸਿਆ। "ਹੁਣ ਦਰਦ ਤਾਂ ਰੁੱਕ ਗਿਆ ਹੈ, ਪਰ ਮੇਰੀ ਨਜ਼ਰ ਅਜੇ ਵੀ ਧੁੰਦਲੀ ਹੈ। ਡਾਕਟਰ ਨੇ ਭਰੋਸਾ ਦਿੱਤਾ ਹੈ ਕਿ ਇਹ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਮੈਂ ਇੱਕ ਉਸਾਰੀ ਕੰਪਨੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਹਾਂ ਅਤੇ ਜੇ ਮੇਰੀਆਂ ਦੋਵੇਂ ਅੱਖਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ, ਤਾਂ ਭਵਿੱਖ ਵਿੱਚ ਮੇਰੇ ਲਈ ਉਹੀ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ।''

ਜਦੋਂ ਮੈਂ ਨਿਰੰਜਨ ਨਾਲ਼ ਗੱਲ ਕਰ ਰਿਹਾ ਸੀ, ਤਾਂ ਮੈਂ ਇੱਕ ਹੋਰ ਡਾਕਟਰ ਨੂੰ ਕਰੀਬ 30 ਸਾਲ ਦੀ ਉਮਰ ਦੇ ਇੱਕ ਮਰੀਜ਼ ਸ਼ੇਖ ਜਹਾਂਗੀਰ ਨੂੰ ਆਮ ਲਹਿਜ਼ੇ ਵਿੱਚ ਫਟਕਾਰ ਪਾਉਂਦੇ ਸੁਣਿਆ, "ਜਦੋਂ ਮੈਂ ਤੈਨੂੰ ਮਨ੍ਹਾ ਕੀਤਾ ਸੀ ਫਿਰ ਤੂੰ ਆਪਣੀ ਮਰਜ਼ੀ ਨਾਲ਼ ਦਵਾਈਆਂ ਲੈਣੀਆਂ ਕਿਉਂ ਬੰਦ ਕਰ ਦਿੱਤੀਆਂ ਅਤੇ ਇਹ ਗੱਲ ਤੂੰ ਮੈਨੂੰ ਦੋ ਮਹੀਨਿਆਂ ਬਾਅਦ ਦੱਸੀ! ਤੈਨੂੰ ਦੱਸਦਿਆਂ ਮੈਨੂੰ ਚੰਗਾ ਤਾਂ ਬਿਲਕੁਲ ਨਹੀਂ ਲੱਗ ਰਿਹਾ ਕਿ ਹੁਣ ਤੇਰੀ ਸੱਜੀ ਅੱਖ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਵੇਗੀ।''

ਡਾਕਟਰ ਆਸ਼ੀਸ਼ ਵੀ ਇਹੀ ਖਦਸ਼ਾ ਜ਼ਾਹਰ ਕਰਦੇ ਹਨ। ਉਹ ਕਹਿੰਦੇ ਹਨ, "ਅਸੀਂ ਕਈ ਵਾਰ ਦੇਖਿਆ ਹੈ ਕਿ ਜੇ ਮਰੀਜ਼ ਨੂੰ ਸਮੇਂ ਸਿਰ ਇੱਥੇ ਲਿਆਂਦਾ ਜਾਵੇ ਤਾਂ ਉਸ ਦੀਆਂ ਅੱਖਾਂ ਬਚਾਈਆਂ ਜਾ ਸਕਦੀਆਂ ਹਨ। ਕੋਰਨੀਅਲ ਨੁਕਸਾਨ ਤੋਂ ਠੀਕ ਹੋਣਾ ਇੱਕ ਲੰਬੀ ਅਤੇ ਮੁਸ਼ਕਲ ਪ੍ਰਕਿਰਿਆ ਹੈ, ਅਤੇ ਇਲਾਜ ਬੰਦ ਕਰਨ ਨਾਲ਼ ਅੰਨ੍ਹੇਪਣ ਦਾ ਖ਼ਤਰਾ ਬਣਿਆ ਰਹਿੰਦਾ ਹੈ।"

PHOTO • Ritayan Mukherjee
PHOTO • Ritayan Mukherjee

ਖੱਬੇ: ਨਿਰੰਜਨ ਮੰਡਲ , ਜੋ ਇਲਾਜ ਲਈ ਕੋਲਕਾਤਾ ਦੇ ਰੀਜਨਲ ਇੰਸਟੀਚਿਊਟ ਆਫ ਓਪਥਲਮੋਲੋਜੀ (ਆਰਆਈਓ) ਆਏ ਸਨ। ਇਹ ਉਨ੍ਹਾਂ ਦਾ ਲਗਾਤਾਰ ਚੌਥਾ ਦੌਰਾ ਹੈ। ਆਰਆਈਓ ਦੇ ਡਾਇਰੈਕਟਰ ਡਾ. ਅਸੀਮ ਕੁਮਾਰ ਘੋਸ਼ ਆਪਣੇ ਕਮਰੇ ' ਚ ਇਕ ਮਰੀਜ਼ ਦੀ ਜਾਂਚ ਕਰ ਰਹੇ ਹਨ

ਪਰ ਮਰੀਜ਼ਾਂ ਦੇ ਸਮੇਂ ਸਿਰ ਆਰਆਈਓ ਨਾ ਆਉਣ ਪਿੱਛੇ ਉਨ੍ਹਾਂ ਦੇ ਆਪਣੇ ਕਾਰਨ ਹਨ। ਨਰਾਇਣ ਸਾਨਿਆਲ, ਜੋ ਹੁਣ 50 ਸਾਲਾਂ ਦੇ ਹਨ, ਦਾ ਹਵਾਲਾ ਦਿੱਤਾ ਜਾ ਸਕਦਾ ਹੈ, "ਮੈਂ ਹੁਗਲੀ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਖਾਨਾਕੁਲ ਵਿੱਚ ਰਹਿੰਦਾ ਹਾਂ। ਮੇਰੇ ਲਈ ਕਿਸੇ ਸਥਾਨਕ ਡਾਕਟਰ ਨੂੰ ਮਿਲ਼ਣਾ ਸੌਖਾ ਹੈ। ਮੈਂ ਜਾਣਦਾ ਹਾਂ ਕਿ ਉਹ ਯੋਗ ਡਾਕਟਰ ਨਹੀਂ ਹੈ, ਪਰ ਕੀ ਕੀਤਾ ਜਾ ਸਕਦਾ ਹੈ? ਮੈਂ ਦਰਦ ਨੂੰ ਨਜ਼ਰਅੰਦਾਜ਼ ਕਰਦਿਆਂ ਸਖ਼ਤ ਮਿਹਨਤ ਕਰਦਾ ਰਹਿੰਦਾ ਹਾਂ। ਜਦੋਂ ਵੀ ਮੈਂ ਇੱਥੇ ਆਉਂਦਾ ਹਾਂ, ਮੈਨੂੰ 400 ਰੁਪਏ ਖਰਚ ਕਰਨੇ ਪੈਂਦੇ ਹਨ। ਮੈਂ ਇੰਨਾ ਬੋਝ ਨਹੀਂ ਚੁੱਕ ਸਕਦਾ।’’

ਦੱਖਣੀ 24 ਪਰਗਨਾ ਦੇ ਪਥੋਰਪ੍ਰੋਤਿਮਾ ਬਲਾਕ ਦੀ ਵਸਨੀਕ ਪੁਸ਼ਪਰਾਨੀ ਦੇਵੀ ਨੂੰ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਪਿਛਲੇ 10 ਸਾਲਾਂ ਤੋਂ ਆਪਣੇ ਦੋ ਬੱਚਿਆਂ ਨਾਲ਼ ਝੁੱਗੀ ਵਿੱਚ ਰਹਿ ਰਹੀ ਹਨ। ਉਹ ਘਰਾਂ ਦਾ ਕੰਮ ਕਰਦੀ ਹਨ। "ਮੈਂ ਆਪਣੀ ਖੱਬੀ ਅੱਖ ਦੀ ਲਾਲੀ ਵੱਲ ਧਿਆਨ ਨਾ ਦਿੱਤਾ ਤੇ ਜਾਂਚ ਲਈ ਇੱਕ ਸਥਾਨਕ ਡਾਕਟਰ ਕੋਲ਼ ਚਲੀ ਗਈ ਪਰ ਮਾਮਲਾ ਗੰਭੀਰ ਹੋ ਗਿਆ ਅਤੇ ਮੈਨੂੰ ਕੰਮ 'ਤੇ ਜਾਣਾ ਬੰਦ ਕਰਨਾ ਪਿਆ। ਫਿਰ ਮੈਂ ਇੱਥੇ (ਆਰ.ਆਈ.ਓ.) ਆਈ। ਹੁਣ ਜਦੋਂ ਤਿੰਨ ਮਹੀਨਿਆਂ ਦੀ ਨਿਯਮਤ ਜਾਂਚ ਤੋਂ ਬਾਅਦ ਮੇਰੀ ਨਜ਼ਰ ਵਾਪਸ ਆ ਗਈ ਹੈ, ਤਾਂ ਮੈਨੂੰ ਸਰਜਰੀ [ਕੋਰਨੀਅਲ ਟ੍ਰਾਂਸਪਲਾਂਟ] ਦੀ ਲੋੜ ਹੈ ਤਾਂ ਜੋ ਮੇਰੀ ਅੱਖ ਪੂਰੀ ਤਰ੍ਹਾਂ ਠੀਕ ਹੋ ਜਾਵੇ। ਇਸਲਈ ਮੈਂ ਆਪਣੀ ਵਾਰੀ ਭਾਵ ਤਰੀਕ ਦਾ ਇੰਤਜ਼ਾਰ ਕਰ ਰਹੀ ਹਾਂ।''

ਇੱਕ ਸਰਜਰੀ, ਜਿਸਨੂੰ ਕੋਰਨੀਆ ਟ੍ਰਾਂਸਪਲਾਂਟ ਵਜੋਂ ਜਾਣਿਆ ਜਾਂਦਾ ਹੈ, ਨੁਕਸਾਨੇ ਗਏ ਕੋਰਨੀਆ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਹਟਾ ਦਿੰਦੀ ਹੈ ਅਤੇ ਇਹਦੀ ਥਾਂ ਡੋਨਰ ਟਿਸ਼ੂ ਟ੍ਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਕੇਰਾਟੋਪਲਾਸਟੀ ਅਤੇ ਕੋਰਨੀਅਲ ਗ੍ਰਾਫਟ ਜਿਹੇ ਸ਼ਬਦਾਂ ਨੂੰ ਟ੍ਰਾਂਸਪਲਾਂਟੇਸ਼ਨ ਲਈ ਬਾਰ-ਬਾਰ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਗੰਭੀਰ ਲਾਗਾਂ ਜਾਂ ਨੁਕਸਾਨ ਦਾ ਇਲਾਜ ਕਰਨ, ਦ੍ਰਿਸ਼ਟੀ ਵਿੱਚ ਸੁਧਾਰ ਕਰਨ ਅਤੇ ਬੇਆਰਾਮੀ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਡਾਕਟਰ ਆਸ਼ੀਸ਼ ਇੱਕ ਮਹੀਨੇ ਵਿੱਚ ਲਗਭਗ 4 ਤੋਂ 16 ਕੋਰਨੀਅਲ ਟ੍ਰਾਂਸਪਲਾਂਟ ਕਰਦੇ ਹਨ। ਇਹ ਇੱਕ ਨਾਜ਼ੁਕ ਸਰਜਰੀ ਹੈ ਜਿਸ ਵਿੱਚ 45 ਮਿੰਟ ਤੋਂ ਲੈ ਕੇ 3 ਘੰਟੇ ਲੱਗਦੇ ਹਨ। ਆਸ਼ੀਸ਼ ਕਹਿੰਦੇ ਹਨ, "ਟ੍ਰਾਂਸਪਲਾਂਟ ਤੋਂ ਬਾਅਦ ਸਫ਼ਲਤਾ ਦੀ ਦਰ ਕਾਫੀ ਚੰਗੀ ਹੈ ਅਤੇ ਮਰੀਜ਼ ਆਸਾਨੀ ਨਾਲ਼ ਆਪਣੇ ਕੰਮ 'ਤੇ ਵਾਪਸ ਆ ਸਕਦੇ ਹਨ। ਸਮੱਸਿਆ ਇਸ ਤੋਂ ਕੁਝ ਵੱਖਰੀ ਹੈ। ਕੋਰਨੀਆ ਦੇ ਟ੍ਰਾਂਸਪਲਾਂਟ ਵਿੱਚ ਮੰਗ ਤੇ ਸਪਲਾਈ ਵਿਚਕਾਰ ਇੱਕ ਵੱਡਾ ਅੰਤਰ ਹੈ ਸੋ ਸਾਨੂੰ ਵੱਧ ਦਿੱਕਤ ਵੀ ਇਸੇ ਗੱਲ ਤੋਂ ਆਉਂਦੀ ਹੈ। ਲੋਕਾਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਲਈ ਅੱਗੇ ਆਉਣਾ ਹੋਵੇਗਾ।'' ਮੰਗ ਤੇ ਸਪਲਾਈ ਦਾ ਇਹ ਫ਼ਰਕ ਬੰਗਾਲ ਤੋਂ ਇਲਾਵਾ ਪੂਰੇ ਦੇਸ਼ ਵਿੱਚ ਹੈ।

ਆਰ.ਆਈ.ਓ. ਦੇ ਡਾਇਰੈਕਟਰ ਡਾ. ਅਸੀਮ ਘੋਸ਼ ਨੇ ਇਹ ਸੰਦੇਸ਼ ਦਿੱਤਾ: "ਇਹ ਯਾਦ ਰੱਖੋ ਕਿ ਜ਼ਿਆਦਾਤਰ ਲੋਕਾਂ ਨੂੰ ਕੋਰਨੀਅਲ ਟ੍ਰਾਂਸਪਲਾਂਟ ਦੀ ਜ਼ਰੂਰਤ ਨਹੀਂ ਹੁੰਦੀ। ਕਿਰਪਾ ਕਰਕੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਪਹਿਲਾਂ ਆਪਣੇ ਸਥਾਨਕ ਅੱਖਾਂ ਦੇ ਡਾਕਟਰ ਕੋਲ਼ ਜਾਓ। ਸਾਡੇ ਕੋਲ਼ ਵੱਡੀ ਗਿਣਤੀ ਵਿੱਚ ਅਜਿਹੇ ਰੋਗੀ ਆਉਂਦੇ ਹਨ ਅਤੇ ਅਸੀਂ ਉਨ੍ਹਾਂ ਲਈ ਖੁਦ ਨੂੰ ਲਾਚਾਰ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਉਨ੍ਹਾਂ ਨੂੰ ਓਦੋਂ ਆਉਂਦੇ ਵੇਖਦੇ ਹਾਂ ਜਦੋਂ ਪਾਣੀ ਸਿਰ ਦੇ ਉੱਤੋਂ ਦੀ ਲੰਘ ਚੁੱਕਿਆ ਹੁੰਦਾ ਹੈ। ਇਕ ਡਾਕਟਰ ਹੋਣ ਦੇ ਨਾਤੇ ਇਹ ਦੇਖਣਾ ਬੇਹੱਦ ਦੁਖਦ ਹੈ।''

ਘੋਸ਼ ਕਹਿੰਦੇ ਹਨ, "ਇਹ ਮਹੱਤਵਪੂਰਨ ਹੈ ਕਿ ਤੁਹਾਡੀ ਜੀਵਨ ਸ਼ੈਲੀ ਸਿਹਤਮੰਦ ਹੋਵੇ। ਸ਼ੂਗਰ ਪੱਧਰ ਨੂੰ ਕੰਟਰੋਲ ਵਿੱਚ ਰੱਖੋ। ਡਾਇਬਿਟੀਜ਼ ਕੋਰਨੀਆ ਅਤੇ ਅੱਖਾਂ ਨਾਲ਼ ਜੁੜੇ ਹੋਰ ਵਿਕਾਰਾਂ ਦੇ ਇਲਾਜ ਨੂੰ ਹੋਰ ਗੁੰਝਲਦਾਰ ਬਣਾ ਦਿੰਦੀ ਹੈ।''

"ਹਸਪਤਾਲ ਦੇ ਗਲਿਆਰਿਆਂ ਵਿੱਚ, ਮੇਰੀ ਮੁਲਾਕਾਤ ਅਵਰਨੀ ਚੈਟਰਜੀ ਨਾਲ਼ ਹੁੰਦੀ ਹੈ, ਜੋ ਆਪਣੀ ਉਮਰ ਦੇ 60ਵੇਂ ਦਹਾਕੇ ਵਿੱਚ ਹੈ। ਉਹ ਖੁਸ਼-ਮਿਜਾਜ਼ ਹਨ: "ਹੈਲੋ, ਡਾਕਟਰ ਨੇ ਕਿਹਾ ਮੈਨੂੰ ਹੁਣ ਇੱਥੇ ਦੋਬਾਰਾ ਆਉਣ ਦੀ ਲੋੜ ਨਹੀਂ। ਮੇਰੀਆਂ ਅੱਖਾਂ ਕਾਫੀ ਬਿਹਤਰ ਹਨ। ਹੁਣ ਮੈਂ ਆਪਣੀ ਪੋਤੀ ਨਾਲ਼ ਸਮਾਂ ਬਿਤਾ ਸਕਦੀ ਹਾਂ ਅਤੇ ਟੀਵੀ 'ਤੇ ਆਪਣਾ ਮਨਪਸੰਦ ਸੀਰੀਅਲ ਦੇਖ ਸਕਦੀ ਹਾਂ।''

PHOTO • Ritayan Mukherjee

ਪੱਛਮੀ ਬੰਗਾਲ ਸਰਕਾਰ ਦੀ ਪ੍ਰਮੁੱਖ ਯੋਜਨਾ ' ਸਵਾਸਥਯ ਸਾਥੀ ਸਕੀਮ ' ਮਰੀਜ਼ਾਂ ਨੂੰ ਮੁਫ਼ਤ ਇਲਾਜ ਲਈ ਇਸ ਹਸਪਤਾਲ ਵਿਖੇ ਲਿਆਉਣ ਦਾ ਕੰਮ ਕਰਦੀ ਹੈ। ਫ਼ਲਸਰੂਪ ਕੋਰਨੀਆ ਅਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਦਾ ਇਲ਼ਾਜ ਕਰਨ ਵਾਲ਼ੇ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਮਰੀਜਾਂ ਵੀ ਵੱਧਦੀ ਗਿਣਤੀ ਨਾਲ਼ ਡਾਕਟਰਾਂ ਦੀ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਵੀ ਵਧੀਆਂ ਹਨ

PHOTO • Ritayan Mukherjee

ਅੱਖ ਦੀ ਅੰਦਰੋਂ ਵਧੇਰੇ ਡੂੰਘਾਈ ਨਾਲ਼ ਜਾਂਚ ਕਰਨ ਲਈ , ਡਾਕਟਰ ਅੱਖਾਂ ਦੀ ਇੱਕ ਬੂੰਦ ਪਾਉਂਦਾ ਹੈ ਅਤੇ ਪੁਤਲੀਆਂ ਨੂੰ ਖਿੱਚਦਾ ਹੈ। ਫਿਨਾਇਲਫ੍ਰੀਨ ਜਾਂ ਟ੍ਰੋਪਿਕਾਮਾਈਡ ਵਰਗੀਆਂ ਦਵਾਈਆਂ , ਜੋ ਅੱਖਾਂ ਦੇ ਆਕਾਰ ਨੂੰ ਨਿਯੰਤਰਿਤ ਕਰਨ ਵਾਲੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦੀਆਂ ਹਨ , ਆਮ ਤੌਰ ' ਤੇ ਇਨ੍ਹਾਂ ਬੂੰਦਾਂ ਵਿੱਚ ਹੁੰਦੀਆਂ ਹਨ। ਇੱਕ ਅੱਖਾਂ ਦਾ ਮਾਹਰ ਪੁਤਲੀਆਂ ਦੇ ਫੈਲਣ ਨਾਲ਼ ਅੱਖ ਦੇ ਪਿਛਲੇ ਪਾਸੇ ਰੇਟੀਨਾ , ਆਪਟਿਕ ਨਸਾਂ ਅਤੇ ਹੋਰ ਟਿਸ਼ੂਆਂ ਨੂੰ ਵਧੇਰੇ ਸਪਸ਼ਟ ਰੂਪ ਵਿੱਚ ਦੇਖ ਸਕਦਾ ਹੈ। ਇਹ ਅੱਖਾਂ ਦੀਆਂ ਕਈ ਬਿਮਾਰੀਆਂ ਦੀ ਪਛਾਣ ਅਤੇ ਟਰੈਕਿੰਗ ਲਈ ਵਿਸ਼ੇਸ਼ ਤੌਰ ' ਤੇ ਮਹੱਤਵਪੂਰਨ ਹੋ ਸਕਦਾ ਹੈ , ਜਿਸ ਵਿੱਚ ਮੈਕੂਲਰ ਡਿਜਨਰੇਸ਼ਨ , ਡਾਇਬਿਟਿਕ ਰੈਟੀਨੋਪੈਥੀ ਅਤੇ ਗਲੂਕੋਮਾ ਸ਼ਾਮਲ ਹਨ

PHOTO • Ritayan Mukherjee

ਡਾ. ਆਸ਼ੀਸ਼ ਮਜੂਮਦਾਰ ਇੱਕ ਅਪਾਹਜ ਮਰੀਜ਼ ਦੀਆਂ ਅੱਖਾਂ ਦੀ ਧਿਆਨ ਨਾਲ਼ ਜਾਂਚ ਕਰ ਰਹੇ ਹਨ ਜੋ ਬੋਲ਼-ਸੁਣ ਨਹੀਂ ਸਕਦਾ

PHOTO • Ritayan Mukherjee

ਭਾਰਤ ਵਿੱਚ ਹਰ ਸਾਲ ਕੋਰਨੀਅਲ ਅੰਨ੍ਹੇਪਣ ਦੇ ਲਗਭਗ 30,000 ਮਾਮਲੇ ਸਾਹਮਣੇ ਆਉਂਦੇ ਹਨ

PHOTO • Ritayan Mukherjee

ਅੱਖਾਂ ਦੇ ਕਿਸੇ ਮਾਹਰ ਦਾ ਸਲਾਹ-ਮਸ਼ਵਰਾ ਅਤਿ-ਲਾਜ਼ਮੀ ਹੈ ਜੇ ਤੁਹਾਡੇ ਵਿੱਚ ਲੱਛਣ ਹਨ ਤਾਂ ਅੱਖਾਂ ਦੀ ਦੇਖਭਾਲ ਜ਼ਰੂਰੀ ਹੈ

PHOTO • Ritayan Mukherjee

ਮੈਡੀਕਲ ਕਾਲਜ ਦੇ ਆਈ ਬੈਂਕ ਦੀ ਨਿਗਰਾਨੀ ਕਰਨ ਵਾਲੀ ਡਾਕਟਰ ਇੰਦਰਾਣੀ ਬੈਨਰਜੀ ਕੋਰਨੀਅਲ ਸਮੱਸਿਆਵਾਂ ਵਾਲੇ ਇਕ ਨੌਜਵਾਨ ਲੜਕੇ ਦੀ ਜਾਂਚ ਕਰ ਰਹੀ ਹਨ

PHOTO • Ritayan Mukherjee

ਰੋਗੀ ਦੇ ਹੰਝੂਆਂ ਨੂੰ ਮਾਪਣ ਲਈ ਸ਼ਿਰਮਰ ਟੈਸਟ ਕੀਤਾ ਜਾ ਰਿਹਾ ਹੈ। ਕੋਰਨੀਅਲ ਅੰਨ੍ਹੇਪਣ ਦਾ ਮੁੱਖ ਅੱਖਾਂ ਦੀ ਖੁਸ਼ਕੀ ਹੈ

PHOTO • Ritayan Mukherjee

ਸੁਬਲ ਮਜੂਮਦਾਰ ਇੱਕ ਅਜਿਹੇ ਰੋਗੀ ਹਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਗ਼ਲਤੀ ਨਾਲ਼ ਟਾਇਲਟ ਕਲੀਨਰ ਚਲਾ ਗਿਆ ਸੀ ਜਿਸ ਨਾਲ਼ ਉਨ੍ਹਾਂ ਦਾ ਕੋਰਨੀਆ ਨੁਕਸਾਨਿਆ ਗਿਆ

PHOTO • Ritayan Mukherjee

ਪਾਰੁਲ ਮੰਡਲ ਸੀਤਾਲੇ ਨੂੰ ਚੇਚਕ ਦਾ ਇਲਾਜ ਕਰਵਾਉਣ ਤੋਂ ਬਾਅਦ ਕੋਰਨੀਅਲ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਹੁਣ ਉਨ੍ਹਾਂ ਤੋਂ ਤੇਜ਼ ਰੋਸ਼ਨੀ ਬਿਲਕੁਲ ਵੀ ਬਰਦਾਸ਼ਤ ਨਹੀਂ ਹੁੰਦੀ ਅਤੇ ਸਰਜਰੀ ਤੋਂ ਬਾਅਦ ਵੀ ਉਨ੍ਹਾਂ ਨਜ਼ਰ ਸ਼ਾਇਦ ਹੀ ਮੁੜੇ

PHOTO • Ritayan Mukherjee

ਸਨੇਲਨ ਚਾਰਟ ਦੀ ਵਰਤੋਂ ਵਿਜ਼ੂਅਲ ਤੀਬਰਤਾ ਨੂੰ ਮਾਪਣ ਲਈ ਕੀਤੀ ਜਾਂਦੀ ਹੈ।  ਇਹ 1862 ਵਿੱਚ ਡੱਚ ਅੱਖਾਂ ਦੇ ਮਾਹਰ ਹਰਮਨ ਸਨੇਲਨ ਦੁਆਰਾ ਬਣਾਇਆ ਗਿਆ ਸੀ

PHOTO • Ritayan Mukherjee

ਆਸ਼ੀਸ਼ ਮਜੂਮਦਾਰ ਇੰਟੀਰੀਅਰ ਸੈਗਮੈਂਟ ਫੋਟੋਗ੍ਰਾਫੀ ਕਰ ਰਹੇ ਹਨ। ਇਸ ਤਕਨੀਕ ਦੀ ਵਰਤੋਂ ਅੱਖਾਂ ਦੀ ਅੰਦਰੂਨੀ ਬਣਤਰ , ਅਤੇ ਪਲਕਾਂ ਅਤੇ ਆਲੇ ਦੁਆਲੇ ਦੇ ਚਿਹਰੇ ਦੀ ਬਣਤਰ ਦੀ ਬਜਾਏ ਬਾਹਰੀ ਬਣਤਰ ਨੂੰ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ। ਇਹ ਆਮ ਤੌਰ ' ਤੇ ਅੱਖਾਂ ਦੇ ਨੁਕਸਾਨ ਜਾਂ ਆਲੇ ਦੁਆਲੇ ਦੇ ਟਿਸ਼ੂ ਦਾ ਮੁਲਾਂਕਣ ਕਰਨ ਲਈ ਵਰਤਿਆ ਜਾਂਦਾ ਹੈ। ਇਹ ਚਿਹਰੇ ਦੀਆਂ ਨਿਊਰੋਲੋਜੀਕਲ ਵਿਗਾੜਾਂ ਨੂੰ ਵੀ ਦਰਸਾਉਂਦਾ ਹੈ , ਅਤੇ ਅੱਖ ਜਾਂ ਪਲਕ ਦੀ ਸਰਜਰੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਅਲਾਇਨਮੈਂਟ ਨੂੰ ਰਿਕਾਰਡ ਕਰਦਾ ਹੈ

PHOTO • Ritayan Mukherjee

ਕੋਰਨੀਆ ਟ੍ਰਾਂਸਪਲਾਂਟ ਸਰਜਰੀ ਵਿੱਚ ਨੁਕਸਾਨੇ ਗਏ ਕੋਰਨੀਆ ਦੇ ਸਾਰੇ ਜਾਂ ਕੁਝ ਹਿੱਸੇ ਨੂੰ ਹਟਾਉਣਾ ਅਤੇ ਇਸਨੂੰ ਦਾਨੀ ਦੇ ਸਿਹਤਮੰਦ ਟਿਸ਼ੂ ਨਾਲ਼ ਬਦਲਣਾ ਸ਼ਾਮਲ ਹੈ

PHOTO • Ritayan Mukherjee

ਡਾ. ਪਦਮਪ੍ਰਿਆ ਕੋਰਨੀਅਲ ਟ੍ਰਾਂਸਪਲਾਂਟ ਦੇ ਮਰੀਜ਼ ਦੀ ਅੱਖ ਵਿੱਚ ਇੱਕ ਰੱਖਿਆਤਮਕ ਲੈਂਜ਼ ਪਾ ਰਹੀ ਹਨ

PHOTO • Ritayan Mukherjee

' ਮੈਂ ਹੁਣ ਠੀਕ ਹਾਂ। ਮੈਨੂੰ ਐਨਕਾਂ ਦੀ ਜ਼ਰੂਰਤ ਨਹੀਂ ਪੈਂਦੀ ਤੇ ਮੈਂ ਥੋੜ੍ਹੀ ਦੂਰੀ ਤੋਂ ਪੜ੍ਹ ਲੈਂਦਾ ਹਾਂ। ਹੁਣ ਮੈਨੂੰ ਰੌਸ਼ਨੀ ਨਹੀਂ ਚੁਭਦੀ , ' 14 ਸਾਲਾ ਪਿੰਟੂ ਰਾਜ ਸਿੰਘ ਕਹਿੰਦੇ ਹਨ

PHOTO • Ritayan Mukherjee

ਹੁਗਲੀ ਜ਼ਿਲ੍ਹੇ ਦੇ ਬਿਨੈ ਪਾਲ ਆਪਣੀ ਕੋਰਨੀਅਲ ਬਿਮਾਰੀ ਦੇ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ ਹਨ ; ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਮੁੜ ਆਈ ਹੈ

ਤਰਜਮਾ: ਕਮਲਜੀਤ ਕੌਰ

Ritayan Mukherjee

رِتائن مکھرجی کولکاتا میں مقیم ایک فوٹوگرافر اور پاری کے سینئر فیلو ہیں۔ وہ ایک لمبے پروجیکٹ پر کام کر رہے ہیں جو ہندوستان کے گلہ بانوں اور خانہ بدوش برادریوں کی زندگی کا احاطہ کرنے پر مبنی ہے۔

کے ذریعہ دیگر اسٹوریز Ritayan Mukherjee

پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur