“ਮੈਂ ਇੱਕ ਦਿਨ ਭਾਰਤ ਲਈ ਉਲੰਪਿਕਸ ’ਚ ਮੈਡਲ ਜਿੱਤਣਾ ਚਾਹੁੰਦੀ ਹਾਂ,” ਸਪੋਰਟਸ ਅਕੈਡਮੀ ਤੋਂ ਅੱਗੇ ਤੱਕ ਜਾ ਰਹੀ ਲੁੱਕ ਦੀ ਸੜਕ ’ਤੇ ਇੱਕ ਲੰਮੀ ਦੌੜ ਲਾਉਣ ਤੋਂ ਬਾਅਦ ਸਾਹ ਲੈਂਦੇ ਹੋਏ ਉਸਨੇ ਕਿਹਾ। ਚਾਰ ਘੰਟੇ ਦੀ ਜਾਨਤੋੜ ਟ੍ਰੇਨਿੰਗ ਤੋਂ ਬਾਅਦ ਉਸਦੇ ਥੱਕੇ ਤੇ ਛਿੱਲੇ ਪੈਰ ਆਖਰ ਜ਼ਮੀਨ ’ਤੇ ਆਰਾਮ ਕਰ ਰਹੇ ਹਨ।
ਇਹ 13 ਸਾਲਾ ਲੰਮੀ ਦੌੜ ਦੀ ਦੌੜਾਕ ਕਿਸੇ ਅਜੋਕੀ ਧੁਨ ’ਚ ਨੰਗੇ ਪੈਰੀਂ ਦੌੜ ਨਹੀਂ ਲਾ ਰਹੀ। “ਮੈਂ ਨੰਗੇ ਪੈਰੀਂ ਇਸ ਲਈ ਭੱਜਦੀ ਹਾਂ ਕਿਉਂਕਿ ਮੇਰੇ ਮਾਪੇ ਮਹਿੰਗੇ ਦੌੜਨ ਵਾਲੇ ਜੁੱਤੇ ਨਹੀਂ ਖਰੀਦ ਸਕਦੇ,” ਉਸਨੇ ਕਿਹਾ।
ਵਰਸ਼ਾ ਕਦਮ ਵਿਸ਼ਣੂੰ ਅਤੇ ਦੇਵਸ਼ਾਲਾ ਦੀ ਬੇਟੀ ਹੈ, ਜੋ ਸੂਬੇ ਦੇ ਸਭ ਤੋਂ ਗ਼ਰੀਬ ਜ਼ਿਲ੍ਹਿਆਂ ’ਚੋਂ ਇੱਕ ਸ਼ੰਭਾਵੀ ਸੋਕੇ ਦੇ ਸ਼ਿਕਾਰ ਮਰਾਠਵਾੜਾ ਦੇ ਪਰਭਣੀ ’ਚ ਖੇਤ ਮਜ਼ਦੂਰ ਹਨ। ਉਸਦਾ ਪਰਿਵਾਰ ਮਾਤੰਗ ਸਮਾਜ ਨਾਲ ਸਬੰਧ ਰੱਖਦਾ ਹੈ, ਜੋ ਮਹਾਰਾਸ਼ਟਰ ’ਚ ਅਨੂਸੂਚਿਤ ਜਾਤੀਆਂ ’ਚ ਆਉਂਦਾ ਹੈ।
“ਮੈਨੂੰ ਦੌੜਨਾ ਬਹੁਤ ਪਸੰਦ ਹੈ,” ਚਮਕਦੀਆਂ ਅੱਖਾਂ ਨਾਲ ਉਸਨੇ ਕਿਹਾ। “ਪੰਜ ਕਿਲੋਮੀਟਰ ਬੁਲਢਾਣਾ ਅਰਬਨ ਫੋਰੈਸਟ ਰਨ 2021 ’ਚ ਮੇਰੀ ਪਹਿਲੀ ਦੌੜ ਸੀ। ਜਦ ਮੈਂ ਦੂਜੇ ਸਥਾਨ ’ਤੇ ਆਈ ਤੇ ਆਪਣਾ ਪਹਿਲਾ ਮੈਡਲ ਜਿੱਤਿਆ ਤਾਂ ਮੈਂ ਬਹੁਤ ਖੁਸ਼ ਹੋਈ। ਮੈਂ ਹੋਰ ਮੁਕਾਬਲੇ ਜਿੱਤਣਾ ਚਾਹੁੰਦੀ ਹਾਂ,” ਦ੍ਰਿੜ੍ਹ ਨੌਜਵਾਨ ਕੁੜੀ ਨੇ ਕਿਹਾ।
ਉਸਦੇ ਮਾਪਿਆਂ ਨੇ ਉਸਦਾ ਸ਼ੌਕ ਉਸ ਵੇਲੇ ਹੀ ਪਛਾਣ ਲਿਆ ਸੀ ਜਦ ਉਹ ਸਿਰਫ਼ ਅੱਠ ਸਾਲ ਦੀ ਸੀ। “ਮੇਰੇ ਮਾਮਾ ਪਾਰਾਜੀ ਗਾਇਕਵਾੜ ਸੂਬਾ ਪੱਧਰੀ ਅਥਲੀਟ ਸਨ। ਹੁਣ ਉਹ ਫੌਜ ਵਿੱਚ ਹਨ। ਉਹਨਾਂ ਨੂੰ ਦੇਖ ਕੇ ਮੈਂ ਵੀ ਦੌੜਨਾ ਸ਼ੁਰੂ ਕਰ ਦਿੱਤਾ,” ਉਸਨੇ ਕਿਹਾ। 2019 ’ਚ ਉਸਨੇ ਇੰਟਰ-ਸਕੂਲ ਸੂਬਾ ਪੱਧਰੀ ਮੁਕਾਬਲੇ ’ਚ ਚਾਰ ਕਿਲੋਮੀਟਰ ਕਰਾਸਕੰਟਰੀ ਰੇਸ ’ਚ ਦੂਜਾ ਸਥਾਨ ਹਾਸਲ ਕੀਤਾ ਅਤੇ “ਉਸ ਨਾਲ ਮੇਰੇ ’ਚ ਦੌੜਨਾ ਜਾਰੀ ਰੱਖਣ ਲਈ ਹੋਰ ਆਤਮ-ਵਿਸ਼ਵਾਸ ਭਰ ਗਿਆ।“
ਮਾਰਚ 2020 ’ਚ ਮਹਾਮਾਰੀ ਵੇਲੇ ਸਕੂਲ ਨਹੀਂ ਲੱਗਿਆ। “ਮੇਰੇ ਮਾਪਿਆਂ ਕੋਲ ਆਨਲਾਈਨ ਕਲਾਸਾਂ ਲਈ ਫੋਨ (ਸਮਾਰਟਫੋਨ) ਨਹੀਂ,” ਵਰਸ਼ਾ ਨੇ ਦੱਸਿਆ, ਜਿਸਨੇ ਇਹ ਸਮਾਂ ਸਵੇਰੇ ਤੇ ਸ਼ਾਮ ਦੋ-ਦੋ ਘੰਟੇ ਦੌੜ ਲਾਉਣ ਲਈ ਇਸਤੇਮਾਲ ਕੀਤਾ।
ਅਕਤੂਬਰ 2020 ’ਚ, 13 ਸਾਲ ਦੀ ਉਮਰ ’ਚ, ਉਸਨੇ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਪਿੰਪਲਗਾਓਂ ਠੋਂਬਰੇ ਪਿੰਡ ਦੇ ਬਾਹਰਵਾਰ ਪੈਂਦੀ ਸ੍ਰੀ ਸਾਮਰਥ ਐਥਲੈਟਿਕਸ ਸਪੋਰਟਸ ਰੈਜ਼ੀਡੈਂਸ਼ੀਅਲ ਅਕੈਡਮੀ ’ਚ ਦਾਖਲਾ ਲੈ ਲਿਆ।
ਇੱਥੇ 13 ਹੋਰ ਅਥਲੀਟ – ਅੱਠ ਲੜਕੇ ਅਤੇ ਪੰਜ ਲੜਕੀਆਂ – ਟ੍ਰੇਨਿੰਗ ਲੈ ਰਹੇ ਹਨ, ਜੋ ਹਾਸ਼ੀਆਗ੍ਰਸਤ ਸਮਾਜ ਨਾਲ ਸਬੰਧ ਰੱਖਦੇ ਨੇ। ਕੁਝ ਸੂਬੇ ਦੇ ਜ਼ਿਆਦਾ ਹਾਸ਼ੀਆਗ੍ਰਸਤ ਕਬੀਲਿਆਂ ਤੋਂ ਆਉਂਦੇ ਹਨ। ਉਹਨਾਂ ਦੇ ਮਾਪੇ ਮਰਾਠਵਾੜਾ ਇਲਾਕੇ ’ਚ ਕਿਸਾਨ, ਗੰਨਾ ਕੱਟਣ ਵਾਲੇ, ਖੇਤ ਮਜ਼ਦੂਰ ਅਤੇ ਪਰਵਾਸੀ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ, ਜੋ ਲੱਕ ਤੋੜਵੇਂ ਸੋਕੇ ਲਈ ਜਾਣਿਆ ਜਾਂਦਾ ਹੈ।
ਇੱਥੇ ਟ੍ਰੇਨਿੰਗ ਲੈਂਦੇ ਹੋਏ, ਇਹ ਨੌਜਵਾਨ ਸੂਬੇ ਤੇ ਦੇਸ਼ ਪੱਧਰੀ ਰੇਸਾਂ ਦੀ ਫਿਨਿਸ਼ ਲਾਈਨ (ਅਖੀਰ) ਤੱਕ ਪਹੁੰਚ ਚੁੱਕੇ ਹਨ, ਅਤੇ ਕਈ ਤਾਂ ਵਿਸ਼ਵ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਇਹ ਸਟਾਰ ਅਥਲੀਟ ਸਾਰਾ ਸਾਲ ਅਕੈਡਮੀ ’ਚ ਰਹਿੰਦੇ ਹਨ ਅਤੇ 39 ਕਿਲੋਮੀਟਰ ਦੂਰ ਪਰਭਣੀ ’ਚ ਸਕੂਲ ਤੇ ਕਾਲਜ ਜਾਂਦੇ ਹਨ। ਸਿਰਫ਼ ਛੁੱਟੀਆਂ ਦੌਰਾਨ ਉਹ ਘਰ ਆਉਂਦੇ ਹਨ। “ਇਹਨਾਂ ਵਿੱਚੋਂ ਕੁਝ ਸਵੇਰ ਵੇਲੇ ਸਕੂਲ ਜਾਂਦੇ ਹਨ, ਅਤੇ ਬਾਕੀ ਦੁਪਹਿਰ ਬਾਅਦ। ਇਸ ਲਈ, ਅਸੀਂ ਉਸ ਹਿਸਾਬ ਨਾਲ ਪ੍ਰੈਕਟਿਸ ਦਾ ਸ਼ਡਿਊਲ ਬਣਾਉਂਦੇ ਹਾਂ,” ਅਕੈਡਮੀ ਬਣਾਉਣ ਵਾਲੇ ਰਵੀ ਰਾਸਕਾਟਲਾ ਨੇ ਦੱਸਿਆ।
“ਇੱਥੇ ਬੱਚਿਆਂ ’ਚ ਵੱਖ-ਵੱਖ ਖੇਡਾਂ ਲਈ ਬਹੁਤ ਯੋਗਤਾ ਹੈ, ਪਰ ਜਦ ਉਹਨਾਂ ਦੇ ਪਰਿਵਾਰ ਦੋ ਵਕਤ ਦੀ ਰੋਟੀ ਲਈ ਜੱਦੋਜਹਿਦ ਕਰ ਰਹੇ ਹੋਣ ਤਾਂ ਪੇਸ਼ੇ ਦੇ ਤੌਰ ’ਤੇ ਇਸਨੂੰ ਅਪਣਾਉਣਾ ਉਹਨਾਂ ਲਈ ਔਖਾ ਹੈ,” ਰਵੀ ਨੇ ਕਿਹਾ। 2016 ’ਚ ਅਕੈਡਮੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ’ਚ ਖੇਡਾਂ ਦੀ ਸਿੱਖਿਆ ਦਿੰਦੇ ਸਨ। “ਮੈਂ ਐਸੇ (ਪੇਂਡੂ) ਬੱਚਿਆਂ ਨੂੰ ਛੋਟੀ ਉਮਰ ਤੋਂ ਮੁਫ਼ਤ ਵਿੱਚ ਸਭ ਤੋਂ ਵਧੀਆ ਟ੍ਰੇਨਿੰਗ ਦੇਣ ਦਾ ਫੈਸਲਾ ਲਿਆ,” 49 ਸਾਲਾ ਕੋਚ ਨੇ ਦੱਸਿਆ ਜੋ ਹਰ ਸਮੇਂ ਕੋਚਿੰਗ, ਟ੍ਰੇਨਿੰਗ, ਖੁਰਾਕ ਅਤੇ ਜੁੱਤਿਆਂ ਲਈ ਪ੍ਰਾਯੋਜਕ ਲੱਭ ਰਹੇ ਹੁੰਦੇ ਹਨ।
ਬੀੜ ਬਾਈਪਾਸ ਸੜਕ ਦੇ ਨਾਲ ਖੇਤਾਂ ਦੇ ਵਿਚਕਾਰ ਨੀਲੇ ਰੰਗ ਦੀ ਬਣੀ ਅਕੈਡਮੀ ਟੀਨ ਦੀ ਇੱਕ ਅਸਥਾਈ ਬਣਾਵਟ ਹੈ। ਇਹ ਪਰਭਣੀ ਦੀ ਅਥਲੀਟ ਜਯੋਤੀ ਗਵਤੇ ਦੇ ਪਿਤਾ ਸ਼ੰਕਰਰਾਓ ਦੀ ਡੇਢ ਏਕੜ ਜ਼ਮੀਨ ’ਤੇ ਬਣੀ ਹੈ। ਉਹ ਸੂਬੇ ਦੇ ਟਰਾਂਸਪੋਰਟ ਦਫ਼ਤਰ ’ਚ ਚਪੜਾਸੀ ਦੇ ਤੌਰ ’ਤੇ ਕੰਮ ਕਰਦੇ ਸਨ; ਜਯੋਤੀ ਦੀ ਮਾਂ ਖਾਣਾ ਬਣਾਉਣ ਦਾ ਕੰਮ ਕਰਦੀ ਹੈ।
“ਅਸੀਂ ਇੱਕ ਘਰ ’ਚ ਰਹਿੰਦੇ ਸੀ, ਜਿਸਦੀ ਛੱਤ ਟੀਨ ਦੀ ਸੀ। ਮੈਂ ਕੁਝ ਪੈਸੇ ਜੋੜੇ ਅਤੇ ਅਸੀਂ ਆਪਣਾ ਇੱਕ-ਮੰਜ਼ਿਲਾ ਘਰ ਬਣਾ ਪਾਏ। ਮੇਰਾ ਭਰਾ (ਮਹਾਰਾਸ਼ਟਰ ਪੁਲਿਸ ’ਚ ਕਾਂਸਟੇਬਲ) ਵੀ ਪਹਿਲਾਂ ਨਾਲੋਂ ਜ਼ਿਆਦਾ ਕਮਾ ਰਿਹਾ ਹੈ,” ਜਯੋਤੀ ਨੇ ਦੱਸਿਆ ਜੋ ਆਪਣੀ ਜ਼ਿੰਦਗੀ ਦੌੜ ਨੂੰ ਸਮਰਪਿਤ ਕਰ ਚੁੱਕੀ ਹੈ। ਉਸਨੇ ਸੋਚਿਆ ਕਿ ਉਹਨਾਂ ਦਾ ਪਰਿਵਾਰ ਖੇਡ ਅਕੈਡਮੀ ਲਈ ਆਪਣੀ ਖੇਤੀ ਵਾਲੀ ਜ਼ਮੀਨ ‘ਰਵੀ ਸਰ’ ਨੂੰ ਦੇ ਸਕਦਾ ਹੈ ਅਤੇ ਉਸਦੇ ਮਾਪਿਆਂ ਅਤੇ ਉਸਦੇ ਭਰਾ ਨੇ ਉਸਦਾ ਸਮਰਥਨ ਕੀਤਾ। “ਇਹ ਸਾਡੀ ਆਪਸੀ ਸਦਭਾਵਨਾ ਹੈ,” ਉਸਨੇ ਕਿਹਾ।
ਅਕੈਡਮੀ ’ਚ ਟੀਨ ਦੀਆਂ ਪਰਤਾਂ 15 x 20 ਫੁੱਟ ਦੇ ਦੋਵੇਂ ਕਮਰਿਆਂ ਨੂੰ ਵੰਡਦੀਆਂ ਹਨ। ਇਹਨਾਂ ’ਚੋਂ ਇੱਕ ਲੜਕੀਆਂ ਦਾ ਕਮਰਾ ਹੈ ਜਿਸ ’ਚ ਤਿੰਨ ਬੈੱਡਾਂ ਤੇ ਪੰਜ ਲੜਕੀਆਂ ਰਹਿੰਦੀਆਂ ਹਨ, ਜੋ ਦਾਨੀਆਂ ਵੱਲੋਂ ਅਕੈਡਮੀ ਨੂੰ ਦਿੱਤੇ ਗਏ ਹਨ। ਦੂਜਾ ਕਮਰਾ ਲੜਕਿਆਂ ਦਾ ਹੈ ਅਤੇ ਕੰਕਰੀਟ ਦੇ ਫਰਸ਼ ’ਤੇ ਗੱਦੇ ਲਾਏ ਹੋਏ ਹਨ।
ਦੋਵਾਂ ਕਮਰਿਆਂ ’ਚ ਟਿਊਬਲਾਈਟ ਅਤੇ ਪੱਖਾ ਲੱਗਿਆ ਹੈ; ਇਹ ਉਦੋਂ ਹੀ ਚਲਦੇ ਹਨ ਜਦੋਂ ਬਿਜਲੀ ਆਉਂਦੀ ਹੈ, ਜੋ ਅਕਸਰ ਘੱਟ ਹੀ ਹੁੰਦਾ ਹੈ। ਇਸ ਇਲਾਕੇ ’ਚ ਗਰਮੀਆਂ ਦਾ ਤਾਪਮਾਨ 42 ਡਿਗਰੀ ਤੱਕ ਚਲਾ ਜਾਂਦਾ ਹੈ ਅਤੇ ਸਰਦੀਆਂ ’ਚ 14 ਡਿਗਰੀ ਤੱਕ ਡਿੱਗ ਜਾਂਦਾ ਹੈ।
ਮਹਾਰਾਸ਼ਟਰ ਸਟੇਟ ਖੇਡ ਨੀਤੀ 2012 ਦੇ ਮੁਤਾਬਕ ਸੂਬਿਆਂ ਲਈ ਖਿਡਾਰੀਆਂ ਦੀ ਕਾਰਗੁਜ਼ਾਰੀ ਵਧਾਉਣ ਲਈ ਸਪੋਰਟਸ ਕੰਪਲੈਕਸ, ਅਕੈਡਮੀਆਂ, ਕੈਂਪ, ਅਤੇ ਖੇਡ ਸਮੱਗਰੀ ਦੇਣਾ ਜ਼ਰੂਰੀ ਹੈ।
ਪਰ ਰਵੀ ਨੇ ਦੱਸਿਆ, “ਦਸ ਸਾਲਾਂ ਤੋਂ ਨੀਤੀ ਕਾਗਜ਼ ’ਤੇ ਹੀ ਹੈ। ਜ਼ਮੀਨੀ ਪੱਧਰ ’ਤੇ ਕੁਝ ਵੀ ਲਾਗੂ ਨਹੀਂ ਹੋਇਆ। ਸਰਕਾਰ ਐਸੀ ਯੋਗਤਾ ਨੂੰ ਪਛਾਣਨ ’ਚ ਫੇਲ੍ਹ ਹੈ। ਖੇਡ ਅਧਿਕਾਰੀਆਂ ’ਚ ਬਹੁਤ ਉਦਾਸੀਨਤਾ ਹੈ।”
ਇੱਥੋਂ ਤੱਕ ਕਿ ਭਾਰਤ ਦੇ CAG ਦੀ 2017 ਦੀ ਆਡਿਟ ਰਿਪੋਰਟ ਵੀ ਇਹ ਕਹਿੰਦੀ ਹੈ ਕਿ ਤਾਲੁਕਾ ਪੱਧਰ ਤੋਂ ਸੂਬਾ ਪੱਧਰ ਤੱਕ ਖੇਡ ਢਾਂਚਾ ਤਿਆਰ ਕਰਨ ਦਾ ਖੇਡ ਨੀਤੀ ਦਾ ਮੰਤਵ ਪੂਰਾ ਹੋਣ ਤੋਂ ਅਜੇ ਬਹੁਤ ਦੂਰ ਹੈ।
ਰਵੀ ਨੇ ਦੱਸਿਆ ਕਿ ਉਹ ਅਕੈਡਮੀ ਦਾ ਰੋਜ਼ ਦਾ ਖਰਚਾ ਪ੍ਰਾਈਵੇਟ ਕੋਚਿੰਗ ਨਾਲ ਚੁੱਕਦੇ ਹਨ। “ਮੇਰੇ ਕਈ ਵਿਦਿਆਰਥੀ ਜੋ ਹੁਣ ਐਲੀਟ ਮੈਰਾਥਨ ਦੌੜਾਕ ਹਨ, ਉਹ ਆਪਣੇ ਇਨਾਮ ਦੇ ਪੈਸੇ ਦਾਨ ਦੇ ਦਿੰਦੇ ਹਨ।“
ਸੀਮਤ ਆਰਥਿਕ ਵਸੀਲਿਆਂ ਤੇ ਸਹੂਲਤਾਂ ਦੇ ਬਾਵਜੂਦ ਅਕੈਡਮੀ ਵਿੱਚ ਅਥਲੀਟਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਹੈ। ਹਫ਼ਤੇ ’ਚ ਤਿੰਨ ਜਾਂ ਚਾਰ ਵਾਰ ਚਿਕਨ ਜਾਂ ਮੱਛੀ ਦਿੱਤੀ ਜਾਂਦੀ ਹੈ। ਬਾਕੀ ਦਿਨ ਹਰੀਆਂ ਸਬਜ਼ੀਆਂ, ਕੇਲੇ, ਜਵਾਰ, ਬਾਜਰਾ, ਭਖਰੀ, ਪੁੰਗਰੇ ਦਾਣੇ ਜਿਵੇਂ ਮਟਕੀ, ਮੂੰਗ, ਛੋਲੇ, ਆਂਡੇ ਦਿੱਤੇ ਜਾਂਦੇ ਹਨ।
ਅਥਲੀਟ ਲੁੱਕ ਦੀ ਸੜਕ ’ਤੇ ਸਵੇਰੇ 6 ਵਜੇ ਪ੍ਰੈਕਟਿਸ ਸ਼ੁਰੂ ਕਰਦੇ ਹਨ ਅਤੇ 10 ਵਜੇ ਜਾ ਕੇ ਰੁਕਦੇ ਹਨ। ਸ਼ਾਮ ਵੇਲੇ 5 ਵਜੇ ਤੋਂ ਬਾਅਦ ਉਸੇ ਸੜਕ ’ਤੇ ਉਹ ਤੇਜ਼ ਭੱਜਣ ਦੀ ਪ੍ਰੈਕਟਿਸ (ਸਪੀਡ ਵਰਕ) ਕਰਦੇ ਹਨ। “ਇਹ ਸੜਕ ਐਨੀ ਨਹੀਂ ਚਲਦੀ ਪਰ ਫੇਰ ਵੀ ਸਾਨੂੰ ਲੰਘ ਰਹੇ ਵਾਹਨਾਂ ਦਾ ਖਿਆਲ ਰੱਖਣਾ ਪੈਂਦਾ ਹੈ। ਮੈਂ ਇਹਨਾਂ ਦੀ ਸੁਰੱਖਿਆ ਲਈ ਬਹੁਤ ਸਾਵਧਾਨੀਆਂ ਵਰਤਦਾ ਹਾਂ,” ਕੋਚ ਨੇ ਦੱਸਿਆ। “ਸਪੀਡ ਵਰਕ ਦਾ ਮਤਲਬ ਹੈ ਘੱਟ ਤੋਂ ਘੱਟ ਸਮੇਂ ’ਚ ਜ਼ਿਆਦਾ ਦੂਰੀ ਤੈਅ ਕਰਨਾ। ਜਿਵੇਂ ਕਿ 2 ਮਿੰਟ 30 ਸਕਿੰਟਾਂ ’ਚ ਇੱਕ ਕਿਲੋਮੀਟਰ ਦੀ ਦੂਰੀ ਤੈਅ ਹੋਣੀ ਚਾਹੀਦੀ ਹੈ।”
ਵਰਸ਼ਾ ਦੇ ਮਾਪੇ ਉਸ ਦਿਨ ਦੇ ਇੰਤਜ਼ਾਰ ’ਚ ਹਨ ਜਦ ਉਹਨਾਂ ਦੀ ਅਥਲੀਟ ਬੇਟੀ ਦੇ ਦੇਸ਼ ਪੱਧਰੀ ਅਥਲੀਟ ਬਣਨ ਦੇ ਸੁਪਨੇ ਸੱਚ ਹੋਣਗੇ। 2021 ਤੋਂ ਹੀ ਉਹ ਮਹਾਰਾਸ਼ਟਰ ’ਚ ਕਈ ਮੈਰਾਥਨ ਰੇਸਾਂ ’ਚ ਸ਼ਾਮਲ ਹੋ ਚੁੱਕੀ ਹੈ। “ਅਸੀਂ ਚਾਹੁੰਦੇ ਹਾਂ ਕਿ ਉਹ ਦੌੜ ਵਿੱਚ ਹੋਰ ਅਗਾਂਹ ਵਧੇ। ਅਸੀਂ ਉਸਦਾ ਪੂਰਾ ਸਹਿਯੋਗ ਕਰਦੇ ਹਾਂ। ਉਹ ਸਾਡਾ ਅਤੇ ਦੇਸ਼ ਦਾ ਮਾਣ ਵਧਾਏਗੀ,” ਉਸਦੀ ਮਾਂ ਨੇ ਖੁਸ਼ ਹੋ ਕੇ ਕਿਹਾ। “ਅਸੀਂ ਉਸਨੂੰ ਮੁਕਾਬਲਿਆਂ ’ਚ ਦੌੜਦੇ ਦੇਖਣਾ ਚਾਹੁੰਦੇ ਹਾਂ। ਮੈਂ ਸੋਚਦਾਂ ਕਿ ਉਹ ਇਹ ਕਿਵੇਂ ਕਰਦੀ ਹੈ,” ਉਸਦੇ ਪਤੀ ਵਿਸ਼ਣੂੰ ਨੇ ਕਿਹਾ।
2009 ’ਚ ਜਦ ਉਹਨਾਂ ਦਾ ਵਿਆਹ ਹੋਇਆ ਤਾਂ ਉਹ ਅਕਸਰ ਪਰਵਾਸ ’ਤੇ ਰਹਿੰਦੇ ਸਨ। ਜਦੋਂ ਉਹਨਾਂ ਦੀ ਸਭ ਤੋਂ ਵੱਡੀ ਔਲਾਦ ਵਰਸ਼ਾ ਤਿੰਨ ਸਾਲ ਦੀ ਸੀ ਤਾਂ ਉਸਦੇ ਮਾਪੇ ਆਪਣੇ ਪਿੰਡੋਂ ਅਕਸਰ ਦਿਹਾੜੀ – ਗੰਨੇ ਦੀ ਕਟਾਈ - ਲਈ ਬਾਹਰ ਜਾਂਦੇ ਰਹਿੰਦੇ ਸਨ। ਉਹਨਾਂ ਦਾ ਪਰਿਵਾਰ ਟੈਂਟ ’ਚ ਰਹਿੰਦਾ ਸੀ ਅਤੇ ਹਰ ਵੇਲੇ ਚਾਲੇ ’ਤੇ ਹੀ ਰਹਿੰਦਾ ਸੀ। “ਟਰੱਕਾਂ ’ਚ ਹਰ ਵਕਤ ਸਫ਼ਰ ਨਾਲ ਵਰਸ਼ਾ ਬਿਮਾਰ ਹੋ ਜਾਂਦੀ ਸੀ, ਸੋ ਅਸੀਂ ਜਾਣਾ ਛੱਡ ਦਿੱਤਾ,” ਦੇਵਸ਼ਾਲਾ ਨੇ ਯਾਦ ਕਰਦਿਆਂ ਕਿਹਾ। ਇਸ ਦੀ ਥਾਂ ਉਹਨਾਂ ਨੇ ਪਿੰਡ ਦੇ ਨੇੜੇ ਹੀ ਕੰਮ ਲੱਭਣਾ ਸ਼ੁਰੂ ਕਰ ਦਿੱਤਾ ਜਿੱਥੇ “ਔਰਤਾਂ ਨੂੰ 100 ਰੁਪਏ ਅਤੇ ਪੁਰਸ਼ਾਂ ਨੂੰ ਦਿਨ ਦੇ 200 ਰੁਪਏ ਮਿਲਦੇ ਸਨ,” ਵਿਸ਼ਣੂੰ ਨੇ ਦੱਸਿਆ ਜੋ ਸਾਲ ’ਚ ਛੇ ਮਹੀਨੇ ਸ਼ਹਿਰ ਪਰਵਾਸ ’ਤੇ ਚਲਾ ਜਾਂਦਾ ਹੈ। “ਮੈਂ ਨਾਸ਼ਿਕ, ਪੁਣੇ ਚਲਾ ਜਾਂਦਾ ਹਾਂ ਅਤੇ ਸੁਰੱਖਿਆਕਰਮੀ, ਜਾਂ ਉਸਾਰੀ ਵਾਲੀ ਜਗ੍ਹਾ, ਜਾਂ ਕਈ ਵਾਰ ਨਰਸਰੀ ’ਚ ਕੰਮ ਕਰਦਾ ਹਾਂ।” 5-6 ਮਹੀਨਿਆਂ ਦੇ ਵਕਫੇ ’ਚ ਵਿਸ਼ਨੂੰ 20,000 ਤੋਂ 30,000 ਰੁਪਏ ਕਮਾ ਲੈਂਦਾ ਹੈ। ਦੇਵਸ਼ਾਲਾ ਪਿੰਡ ’ਚ ਹੀ ਰਹਿੰਦੀ ਹੈ ਅਤੇ ਆਪਣੇ ਬਾਕੀ ਬੱਚਿਆਂ, ਇੱਕ ਕੁੜੀ ਤੇ ਇੱਕ ਮੁੰਡੇ ਦੇ ਸਕੂਲ ਜਾਣ ਨੂੰ ਯਕੀਨੀ ਬਣਾਉਂਦੀ ਹੈ।
ਆਪਣੇ ਵੱਧ ਤੋਂ ਵੱਧ ਜਤਨਾਂ ਦੇ ਬਾਵਜੂਦ, ਵਰਸ਼ਾ ਦੇ ਮਾਪੇ ਵਰਸ਼ਾ ਲਈ ਢੁਕਵੇਂ ਜੁੱਤਿਆਂ ਦੀ ਇੱਕ ਜੋੜੀ ਨਹੀਂ ਖਰੀਦ ਪਾਏ। ਪਰ ਨੌਜਵਾਨ ਅਥਲੀਟ ਨੇ ਇਸਨੂੰ ਅਣਗੌਲਿਆਂ ਕਰਦਿਆਂ ਕਿਹਾ, “ਮੈਂ ਆਪਣੀ ਗਤੀ ਅਤੇ ਦੌੜ ਦੀ ਤਕਨੀਕ ’ਤੇ ਜ਼ਿਆਦਾ ਧਿਆਨ ਦੇਣ ਦੀ ਕੋਸ਼ਿਸ਼ ਕਰਦੀ ਹਾਂ।”
*****
ਛਗਨ ਬੋਂਬਲੇ ਇੱਕ ਮੈਰਾਥਨ ਦੌੜਾਕ ਹੈ ਜਿਸਨੂੰ ਆਪਣੀ ਪਹਿਲੀ ਰੇਸ ਜਿੱਤਣ ਤੱਕ ਜੁੱਤੇ ਖਰੀਦਣ ਜੋਗੇ ਪੈਸਿਆਂ ਦਾ ਇੰਤਜ਼ਾਰ ਕਰਨਾ ਪਿਆ। “ਮੈਂ ਆਪਣਾ ਪਹਿਲਾ ਜੋੜਾ (ਜੁੱਤੇ) 2019 ’ਚ ਖਰੀਦਿਆ। ਮੈਂ ਜਦੋਂ ਸ਼ੁਰੂਆਤ ਕੀਤੀ ਤਾਂ ਮੇਰੇ ਕੋਲ ਕੋਈ ਜੁੱਤੇ ਨਹੀਂ ਸਨ ਪਰ ਫੇਰ ਮੈਂ ਮੈਰਾਥਨ ਰੇਸਾਂ ਜਿੱਤ ਕੇ ਇਨਾਮ ’ਚ ਰਕਮ ਹਾਸਲ ਕੀਤੀ,” ਉਸਨੇ ਆਪਣੇ ਪਹਿਨੇ ਹੋਏ ਫਟੇ ਪੁਰਾਣੇ ਜੁੱਤੇ ਦਿਖਾਉਂਦਿਆਂ ਕਿਹਾ।
22 ਸਾਲਾ ਛਗਨ ਅੰਧ ਕਬੀਲੇ ਦੇ ਖੇਤ ਮਜ਼ਦੂਰਾਂ ਦਾ ਬੇਟਾ ਹੈ ਅਤੇ ਉਸਦਾ ਪਰਿਵਾਰ ਹਿੰਗੋਲੀ ਜ਼ਿਲ੍ਹੇ ਦੇ ਖੰਬਾਲਾ ਪਿੰਡ ’ਚ ਰਹਿੰਦਾ ਹੈ।
ਜੁੱਤੇ ਤਾਂ ਹੁਣ ਉਸ ਕੋਲ ਹਨ, ਪਰ ਜੁਰਾਬਾਂ ਖਰੀਦਣੀਆਂ ਅਜੇ ਵੀ ਉਸਦੇ ਵੱਸੋਂ ਬਾਹਰ ਹਨ, ਘਸ ਚੁੱਕੇ ਤਲਿਆਂ ’ਚੋਂ ਉਹ ਖੁਰਦਰੀ ਲੁੱਕ ਦੀ ਸੜਕ ਨੂੰ ਮਹਿਸੂਸ ਕਰ ਸਕਦਾ ਹੈ। “ਬਿਲਕੁਲ, ਦਰਦ ਹੁੰਦਾ ਹੈ। ਸਿੰਥੈਟਿਕ ਟਰੈਕ ਅਤੇ ਚੰਗੇ ਜੁੱਤੇ ਦੋਵੇਂ ਬਚਾਉਣਗੇ ਅਤੇ ਸੱਟਾਂ ਘੱਟ ਲੱਗਣਗੀਆਂ,” ਇਸ ਪੱਤਰਕਾਰ ਨੂੰ ਉਸਨੇ ਸਿੱਧੇ ਹੀ ਦੱਸਿਆ। “ਸਾਨੂੰ ਤੁਰਨ, ਭੱਜਣ, ਖੇਡਣ, ਪਹਾੜ ਚੜ੍ਹਨ, ਆਪਣੇ ਮਾਪਿਆਂ ਨਾਲ ਬਿਨ੍ਹਾਂ ਚੱਪਲਾਂ ਤੋਂ ਖੇਤਾਂ ’ਚ ਕੰਮ ਕਰਨ ਦੀ ਆਦਤ ਹੈ। ਇਸ ਕਰਕੇ ਇਹ ਕੋਈ ਵੱਡੀ ਗੱਲ ਨਹੀਂ,” ਰੋਜ਼ਾਨਾ ਦੇ ਜ਼ਖਮਾਂ ਅਤੇ ਸੱਟਾਂ ਨੂੰ ਦਰਕਿਨਾਰ ਕਰਦਿਆਂ ਉਸਨੇ ਕਿਹਾ।
ਛਗਨ ਦੇ ਮਾਪਿਆਂ, ਮਾਰੁਤੀ ਅਤੇ ਭਾਗੀਰਤਾ, ਕੋਲ ਕੋਈ ਜ਼ਮੀਨ ਨਹੀਂ ਅਤੇ ਉਹ ਖੇਤ ਮਜ਼ਦੂਰੀ ਦੀ ਕਮਾਈ ’ਤੇ ਨਿਰਭਰ ਹਨ। “ਕਈ ਵਾਰ ਅਸੀਂ ਖੇਤ ’ਚ ਕੰਮ ਕਰਦੇ ਹਾਂ। ਕਈ ਵਾਰ ਕਿਸਾਨਾਂ ਦੇ ਬਲਦਾਂ ਨੂੰ ਚਰਾਉਣ ਲੈ ਜਾਂਦੇ ਹਾਂ। ਜੋ ਵੀ ਕੰਮ ਸਾਡੇ ਹਿੱਸੇ ਆਉਂਦਾ ਹੈ,” ਮਾਰੁਤੀ ਨੇ ਕਿਹਾ। ਇਕੱਠਿਆਂ ਉਹ ਦਿਨ ਦੇ 250 ਰੁਪਏ ਕਮਾ ਲੈਂਦੇ ਹਨ। ਅਤੇ ਮਹੀਨੇ ’ਚ ਸਿਰਫ਼ 10-15 ਦਿਨ ਲਈ ਹੀ ਕੰਮ ਮਿਲਦਾ ਹੈ।
ਉਹਨਾਂ ਦਾ ਦੌੜਾਕ ਬੇਟਾ, ਛਗਨ ਆਪਣੇ ਪਰਿਵਾਰ ਦੇ ਗੁਜ਼ਾਰੇ ’ਚ ਮਦਦ ਲਈ ਸ਼ਹਿਰ, ਤਾਲੁਕਾ, ਸੂਬੇ ਅਤੇ ਦੇਸ਼ ਪੱਧਰ ਤੇ ਵੱਡੀਆਂ ਅਤੇ ਛੋਟੀਆਂ ਮੈਰਾਥਨ ਰੇਸਾਂ ’ਚ ਭਾਗ ਲੈਂਦਾ ਰਹਿੰਦਾ ਹੈ। “ਪਹਿਲੇ ਤਿੰਨ ਜੇਤੂਆਂ ਨੂੰ ਇਨਾਮੀ ਰਾਸ਼ੀ ਮਿਲਦੀ ਹੈ। ਹਰ ਰੇਸ ਜਿੱਤਣੀ ਔਖੀ ਹੈ। 2022 ’ਚ ਮੈਂ ਦੋ ਰੇਸਾਂ ਜਿੱਤੀਆਂ ਅਤੇ ਤਿੰਨ ਹੋਰਨਾਂ ’ਚ ਦੂਜੇ ਸਥਾਨ ’ਤੇ ਰਿਹਾ। ਉਸ ਵੇਲੇ ਮੈਂ ਲਗਭਗ 42000 ਰੁਪਏ ਕਮਾਏ।“
ਖੰਬਾਲਾ ਪਿੰਡ ’ਚ ਛਗਨ ਦਾ ਇੱਕ ਕਮਰੇ ਦਾ ਘਰ ਮੈਡਲ ਅਤੇ ਟਰਾਫੀਆਂ ਨਾਲ ਭਰਿਆ ਪਿਆ ਹੈ। ਉਸਦੇ ਮਾਪੇ ਉਸਦੇ ਮੈਡਲ ਅਤੇ ਸਰਟੀਫਿਕੇਟਾਂ ’ਤੇ ਬਹੁਤ ਮਾਣ ਮਹਿਸੂਸ ਕਰਦੇ ਹਨ। “ਇਹ ਕਿਸੇ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਹਨ,” ਛੋਟੇ ਜਿਹੇ ਮਿੱਟੀ ਦੇ ਘਰ ਦੇ ਫਰਸ਼ ’ਤੇ ਫੈਲਾ ਕੇ ਰੱਖੇ ਮੈਡਲ ਅਤੇ ਸਰਟੀਫਿਕੇਟਾਂ ਵੱਲ ਇਸ਼ਾਰਾ ਕਰਕੇ ਛਗਨ ਦੀ 56 ਸਾਲਾ ਮਾਂ ਭਾਗੀਰਤਾ ਨੇ ਹੱਸਦਿਆਂ ਕਿਹਾ।
ਛਗਨ ਨੇ ਕਿਹਾ, “ਮੈਂ ਵੱਡੀਆਂ ਚੀਜ਼ਾਂ ਦੀ ਤਿਆਰੀ ਕਰ ਰਿਹਾ ਹਾਂ। ਮੈਂ ਉਲੰਪੀਅਨ ਬਣਨਾ ਚਾਹੁੰਦਾ ਹਾਂ।“ ਉਸਦੀ ਆਵਾਜ਼ ਵਿੱਚ ਸਾਫ਼ ਦ੍ਰਿੜ੍ਹਤਾ ਝਲਕਦੀ ਹੈ। ਪਰ ਉਸਨੂੰ ਮੁਸ਼ਕਿਲਾਂ ਦਾ ਪਤਾ ਹੈ। “ਸਾਨੂੰ ਘੱਟੋ-ਘੱਟ ਬੁਨਿਆਦੀ ਖੇਡ ਸਹੂਲਤਾਂ ਤਾਂ ਚਾਹੀਦੀਆਂ ਹਨ। ਦੌੜਾਕਾਂ ਲਈ ਸਭ ਤੋਂ ਵਧੀਆ ਸਕੋਰ (ਨਤੀਜਾ) ਘੱਟੋ-ਘੱਟ ਸਮੇਂ ’ਚ ਜ਼ਿਆਦਾ ਤੋਂ ਜ਼ਿਆਦਾ ਦੂਰੀ ਤੈਅ ਕਰਨਾ ਹੈ। ਅਤੇ ਮਿੱਟੀ ਜਾਂ ਲੁੱਕ ਦੀ ਸੜਕ ’ਤੇ ਸਮਾਂ (ਟਾਈਮਿੰਗ) ਸਿੰਥੈਟਿਕ ਟਰੈਕ ਨਾਲੋਂ ਵੱਖਰਾ ਆਉਂਦਾ ਹੈ। ਨਤੀਜੇ ਵਜੋਂ, ਦੇਸ਼ ਅਤੇ ਅੰਤਰਦੇਸ਼ੀ ਮੁਕਾਬਲਿਆਂ ਲਈ ਜਾਂ ਉਲੰਪਿਕਸ ਲਈ ਚੁਣੇ ਜਾਣਾ ਬਹੁਤ ਔਖਾ ਹੈ,” ਉਹ ਦੱਸਦਾ ਹੈ।
ਪਰਭਣੀ ਦੇ ਨੌਜਵਾਨ ਅਥਲੀਟ ਤਾਕਤ ਸਮੱਰਥਾ ਵਧਾਉਣ ਲਈ ਦੋ ਡੰਬਲ ਅਤੇ ਇੱਕ ਰਾਡ ਨਾਲ ਚਾਰ PVC ਜਿੰਮ ਪਲੇਟਾਂ ਨਾਲ ਕੰਮ ਚਲਾਉਂਦੇ ਹਨ। “ਪੂਰੇ ਪਰਭਣੀ ਅਤੇ ਪੂਰੇ ਮਰਾਠਵਾੜਾ ’ਚ ਇੱਕ ਵੀ ਸਟੇਟ ਅਕੈਡਮੀ ਨਹੀਂ ਹੈ,” ਰਵੀ ਨੇ ਪੁਸ਼ਟੀ ਕੀਤੀ।
ਵਾਅਦੇ ਅਤੇ ਨੀਤੀਆਂ ਦੀ ਬਹੁਤਾਤ। 2012 ਦੀ ਸਟੇਟ ਖੇਡ ਨੀਤੀ ਜਿਸ ਜ਼ਰੀਏ ਤਾਲੁਕਾ ਪੱਧਰ ’ਤੇ ਖੇਡਾਂ ਲਈ ਬੁਨਿਆਦੀ ਢਾਂਚੇ ਦਾ ਵਾਅਦਾ ਕੀਤਾ ਗਿਆ ਸੀ, ਹੁਣ 10 ਸਾਲ ਪੁਰਾਣੀ ਹੋ ਚੁੱਕੀ ਹੈ। ਖੇਲੋ ਇੰਡੀਆ, ਜਿਸਦੇ ਤਹਿਤ ਮਹਾਰਾਸ਼ਟਰ ਸਰਕਾਰ ਨੂੰ 36 ਖੇਲੋ ਇੰਡੀਆ ਸੈਂਟਰ, ਹਰ ਜ਼ਿਲ੍ਹੇ ’ਚ ਇੱਕ, ਬਣਾਉਣ ਲਈ 3.6 ਕਰੋੜ ਰੁਪਏ ਮਿਲੇ ਸਨ, ਉਸ ਤਹਿਤ ਵੀ ਕੁਝ ਨਹੀਂ ਬਣਿਆ।
ਜਨਵਰੀ 2023 ’ਚ ਮਹਾਰਾਸ਼ਟਰ ਸਟੇਟ ਉਲੰਪਿਕ ਗੇਮਜ਼ ਦੇ ਲਾਂਚ ਮੌਕੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਐਲਾਨ ਮੁਤਾਬਕ ਮਹਾਰਾਸ਼ਟਰ – ਭਾਰਤ ’ਚ ਖੇਡਾਂ ਦੇ ਪਾਵਰਹਾਊਸ – ਦੇ ਪੇਂਡੂ ਇਲਾਕੇ ’ਚ ਅੰਤਰਰਾਸ਼ਟਰੀ ਪੱਧਰ ਦੇ 122 ਨਵੇਂ ਖੇਡ ਕੰਪਲੈਕਸ ਅਜੇ ਬਣਨੇ ਹਨ।
ਟੈਲੀਫੋਨ ’ਤੇ ਗੱਲ ਕਰਦਿਆਂ ਪਰਭਣੀ ਦੇ ਜ਼ਿਲ੍ਹਾ ਖੇਡ ਅਫਸਰ ਨਰੇਂਦਰਾ ਪਵਾਰ ਨੇ ਕਿਹਾ, “ਅਸੀਂ ਅਕੈਡਮੀ ਬਣਾਉਣ ਲਈ ਜਗ੍ਹਾ ਤਲਾਸ਼ ਕਰ ਰਹੇ ਹਾਂ। ਅਤੇ ਤਾਲੁਕਾ ਪੱਧਰ ਦੇ ਖੇਡ ਕੰਪਲੈਕਸ ਦੀ ਉਸਾਰੀ ਚੱਲ ਰਹੀ ਹੈ।”
ਅਕੈਡਮੀ ਵਿਚਲੇ ਅਥਲੀਟ ਨਹੀਂ ਜਾਣਦੇ ਕਿਸ ਗੱਲ ’ਤੇ ਯਕੀਨ ਕਰਨ। “ਇਹ ਮੰਦਭਾਗਾ ਹੈ ਕਿ ਸਿਆਸਤਦਾਨ, ਇੱਥੋਂ ਤੱਕ ਕਿ ਨਾਗਰਿਕ ਉਲੰਪਿਕਸ ’ਚ ਮੈਡਲ ਜਿੱਤਣ ਵੇਲੇ ਤਾਂ ਸਾਡੀ ਹੋਂਦ ਨੂੰ ਪਛਾਣਦੇ ਹਨ,” ਛਗਨ ਨੇ ਕਿਹਾ। “ਪਰ ਉਦੋਂ ਤੱਕ ਅਸੀਂ ਅਦਿੱਖ ਰਹਿੰਦੇ ਹਾਂ; ਬੁਨਿਆਦੀ ਖੇਡ ਢਾਂਚੇ ਲਈ ਸਾਡੀ ਜੱਦੋਜਹਿਦ ਅਣਦੇਖੀ ਰਹਿੰਦੀ ਹੈ। ਮੈਨੂੰ ਇਹ ਉਦੋਂ ਹੋਰ ਵੀ ਮਹਿਸੂਸ ਹੋਇਆ ਜਦ ਮੈਂ ਸਾਡੇ ਉਲੰਪੀਅਨ ਪਹਿਲਵਾਨਾਂ ਨੂੰ ਇਨਸਾਫ਼ ਦੀ ਮੰਗ ਕਰਦੇ ਅਤੇ ਸਮਰਥਨ ਦੀ ਥਾਂ ਉਹਨਾਂ ਨਾਲ ਬੇਰਹਿਮ ਸਲੂਕ ਹੁੰਦਿਆਂ ਦੇਖਿਆ।“
“ਪਰ ਖਿਡਾਰੀ ਸੰਘਰਸ਼ਸ਼ੀਲ ਹੁੰਦੇ ਹਨ। ਚਾਹੇ ਸਿੰਥੈਟਿਕਸ ਦੌੜ ਦੇ ਟਰੈਕ ਜਾਂ ਅਪਰਾਧ ਦੇ ਖਿਲਾਫ਼ ਇਨਸਾਫ਼ ਦੀ ਗੱਲ ਹੋਵੇ ਅਸੀਂ ਆਪਣੇ ਆਖਰੀ ਸਾਹ ਤੱਕ ਲੜਾਂਗੇ,” ਉਸਨੇ ਮੁਸਕੁਰਾਉਂਦਿਆਂ ਕਿਹਾ।
ਤਰਜਮਾ: ਅਰਸ਼ਦੀਪ ਅਰਸ਼ੀ