ਧਮਤਰੀ ਜਿਲ੍ਹੇ ਦੀ ਨਗਰੀ ਤਹਿਸੀਲ ਵਿੱਚ ਸੜਕ ਦੇ ਕੰਢੇ ਮੈਂ 10 ਦੇ ਕਰੀਬ ਲੋਕਾਂ ਨੂੰ ਕਿਸੇ ਚੀਜ ਦੁਆਲੇ ਇਕੱਠੇ ਹੋਇਆਂ ਦੇਖਿਆ। ਮੈਂ ਰੁਕਿਆ ਤੇ ਉਹਨਾਂ ਕੋਲ ਗਿਆ ਤਾਂ ਕਿ ਦੇਖ ਸਕਾਂ ਕਿ ਉਹਨਾਂ ਨੂੰ ਕਿਸ ਚੀਜ਼ ਨੇ ਏਨਾ ਕੀਲ ਰੱਖਿਆ ਹੈ।
ਕੁਝ ਨੌਜਵਾਨ ਮੁੰਡੇ ਸ਼ਹਿਦ ਨਾਲ ਚੋਂਦੇ ਹੋਏ ਛੱਤੇ ਵੇਚ ਰਹੇ ਹਨ ਜੋ ਕਿ ਉਹਨਾਂ ਨੇ ਸਥਾਨਕ ਸਰਕਾਰੀ ਹਸਪਤਾਲ ਦੀ ਛੱਤ ਤੋਂ ਉਤਾਰੇ ਸਨ। ਹਸਪਤਾਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਛੱਤਾ ਉਤਾਰਨ ਦੀ ਬੇਨਤੀ ਕੀਤੀ ਗਈ ਸੀ।
ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਉਹ ਕਿੱਥੋਂ ਆਏ ਹਨ। ਸਾਇਬਲ ਆਪਣੇ ਘਰ ਨੂੰ ਯਾਦ ਕਰਦਿਆਂ ਮੁਸਕੁਰਾ ਕੇ ਕਹਿੰਦੇ, “ਕੋਲਕਾਤਾ, ਪੱਛਮੀ ਬੰਗਾਲ”! ਖਾਸ ਕੋਲਕਾਤਾ ਤੋਂ, ਮੈਂ ਸਵਾਲ ਕੀਤਾ? ਇਸ ਤੇ ਉਹ ਪੁੱਛਦੇ ਹਨ “ਤੁਸੀਂ ਸੁੰਦਰਬਨ ਬਾਰੇ ਸੁਣਿਆ ਹੈ?” ਮੈਂ ਹਾਮੀ ਭਰਦਿਆਂ ਸੋਚਣ ਲੱਗਾ ਕਿ ਕੀ ਉਹ ਸੁੰਦਰਬਨ ਵਿੱਚ ਵੀ ਸ਼ਹਿਦ ਇਕੱਠਾ ਕਰਨ ਦਾ ਕੰਮ ਕਰਦੇ ਹਨ।
“ਸ਼ਹਿਦ ਚੋਣਾ ਸਾਡਾ ਪੇਸ਼ਾ ਨਹੀਂ ਬਲਕਿ ਅਸੀਂ ਤਾਂ ਘਰਾਂ ਵਿੱਚ ਰੰਗਾਈ ਦਾ ਕੰਮ ਕਰਦੇ ਹਾਂ। ਪਰ ਜੇ ਸਾਨੂੰ ਕੋਈ ਕਹਿੰਦਾ ਹੈ ਤਾਂ ਅਸੀਂ ਇਹ ਕੰਮ ਵੀ ਕਰਦੇ ਹਾਂ। ਆਪਣੇ ਪਿੰਡ ਵਿੱਚ ਵੀ ਅਸੀਂ ਸ਼ਹਿਦ ਚੋਣ ਦਾ ਕੰਮ ਕਰਦੇ ਹਾਂ ਜਿਸ ਕਾਰਨ ਸਾਨੂੰ ਛੱਤੇ ਉਤਾਰਨ ਦਾ ਕੰਮ ਆਉਂਦਾ ਹੈ। ਇਹ ਸਾਡਾ ਰਿਵਾਇਤੀ ਹੁਨਰ ਹੈ ਕਿਉਂਕਿ ਸਾਡੇ ਦਾਦੇ ਪੜਦਾਦੇ ਵੀ ਇਹ ਕੰਮ ਕਰਦੇ ਰਹੇ ਹਨ।”
ਸਾਇਬਲ ਦੱਸਦੇ ਹਨ ਕਿ ਕਿਵੇਂ ਉਹ ਉੱਡਦੀਆਂ ਹੋਈਆਂ ਮੱਖੀਆਂ ਦਾ ਸਾਹਮਣਾ ਕਰਦੇ ਹਨ। ਉਹ ਆਪਣੇ ਕੰਮ ਦੀ ਸ਼ੁਰੂਆਤ ਥੋੜੀ ਜਿਹੀ ਪਰਾਲੀ ਨੂੰ ਅੱਗ ਲਾ ਕੇ ਧੂੰਆਂ ਕਰਦੇ ਹਨ ਤਾਂ ਜੋ ਮੱਖੀਆਂ ਨੂੰ ਛੱਤੇ ਤੋਂ ਉਡਾਇਆ ਜਾ ਸਕੇ। ਉਹ ਦੱਸਦੇ ਹਨ, “ਧੂੰਆਂ ਕਰ ਕੇ ਅਸੀਂ ਰਾਣੀ ਮੱਖੀ ਨੂੰ ਫੜ ਲੈਂਦੇ ਹਾਂ,” ਉਹ ਦੱਸਦੇ ਹਨ। “ਅਸੀਂ ਨਾ ਤਾਂ ਮੱਖੀਆਂ ਨੂੰ ਮਾਰਦੇ ਹਨ ਤੇ ਨਾ ਹੀ ਜਲਾਉਂਦੇ ਹਾਂ। ਇੱਕ ਵਾਰ ਅਸੀਂ ਰਾਣੀ ਮੱਖੀ ਨੂੰ ਫੜ ਕੇ ਝੋਲੇ ਵਿੱਚ ਪਾ ਲਿਆ ਤਾਂ ਬਾਕੀ ਮੱਖੀਆਂ ਕੋਈ ਨੁਕਸਾਨ ਨਹੀਂ ਕਰਦੀਆਂ”। ਮੱਖੀਆਂ ਉੱਡ ਜਾਂਦੀਆਂ ਹਨ ਤੇ ਇਹ ਲੋਕ ਛੱਤਾ ਕੱਟ ਕੇ ਸ਼ਹਿਦ ਇਕੱਠਾ ਕਰ ਲੈਂਦੇ ਹਨ। “ਇਸ ਤੋਂ ਬਾਦ ਅਸੀਂ ਰਾਣੀ ਮੱਖੀ ਨੂੰ ਜੰਗਲ ਵਿੱਚ ਛੱਡ ਦਿੰਦੇ ਹਾਂ ਤਾਂ ਜੋ ਮੱਖੀਆਂ ਨਵਾਂ ਛੱਤਾ ਲਾ ਸਕਣ”।
ਨਗਰੀ ਵਿਖੇ ਸੜਕ ਦੇ ਕਿਨਾਰੇ ਇਹ ਲੋਕ ਸ਼ਹਿਦ (ਅਤੇ ਸ਼ਹਿਦ ਭਿੱਜੇ ਛੱਤੇ)300 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਹਸਪਤਾਲ ਪ੍ਰਬੰਧਕਾਂ ਤੋਂ ਇਹਨਾਂ ਨੂੰ ਅਦਾਇਗੀ ਵਜੋਂ 25 ਕਿਲੋ ਸ਼ਹਿਦ ਮਿਲਿਆ ਸੀ। ਇਹ ਲੋਕ ਮਧੂ ਮੋਮ (ਜਿਸ ਮੋਮ ਨਾਲ ਛੱਤੇ ਬਣੇ ਹੁੰਦੇ ਹਨ) ਵੀ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਛੱਤੀਸਗੜ ਦੇ ਘੜਵਾ ਭਾਈਚਾਰੇ ਦੇ ਲੋਕ ਇਸ ਦੀ ਵਰਤੋਂ ਨਿਵੇਕਲੀਆਂ ਢੋਕਰਾ ਕਲਾ ਕ੍ਰਿਤੀਆਂ ਬਨਾਉਣ ਲਈ ਕਰਦੇ ਹਨ।
ਮੈਂ ਜਦ ਇਸ ਟੋਲੇ ਦੇ ਸਭ ਤੋਂ ਛੋਟੀ ਉਮਰ ਦੇ ਰਣਜੀਤ ਮੰਡਲ ਨੂੰ ਪੁੱਛਿਆ ਕਿ ਉਹ ਇਸ ਤੋਂ ਪਹਿਲਾਂ ਇਹ ਕੰਮ ਕਿੰਨੇ ਵਾਰ ਕਰ ਚੁੱਕੇ ਹਨ, ਤਾਂ ਉਹ ਦੱਸਦੇ ਹਨ: “ਹੁਣ ਤੱਕ ਮੈਂ ਲਗਭਗ 300 ਥਾਵਾਂ ਤੇ ਛੱਤੇ ਹਟਾ ਚੁੱਕਿਆ ਹਾਂ ਜਿਨ੍ਹਾਂ ਵਿੱਚ ਜਗਦਲਪੁਰ, ਬੀਜਾਪੁਰ, ਦਾਂਤੇਵਾੜਾ, ਸਿੱਕਿਮ, ਝਾਰਖੰਡ ਵਰਗੀਆਂ ਥਾਵਾਂ ਸ਼ਾਮਿਲ ਹਨ।”
ਦੋ ਸਾਲ ਪਹਿਲਾਂ ਸੋਕੇ ਬਾਰੇ ਇੱਕ ਕਹਾਣੀ ਤੇ ਕੰਮ ਕਰਦਿਆਂ ਮੈਂ ਧਮਤਰੀ ਜਿਲ੍ਹੇ ਦੀ ਇਸੇ ਤਹਿਸੀਲ ਦੇ ਜਬਰਾ ਪਿੰਡ ਦੇ ਜੰਗਲ ਵਿੱਚੋਂ ਨਿਕਲ ਰਿਹਾ ਸੀ। ਉੱਥੇ ਮੈਂ ਕਮਾਰ ਕਬੀਲੇ ਦੇ ਅੰਜੁਰਾ ਰਾਮ ਸੋਰੀ ਨੂੰ ਮਿਲਿਆ ਜੋ ਜੰਗਲ ਵਿੱਚੋਂ ਪੈਦਾਵਾਰ ਵੇਚ ਕੇ ਗੁਜ਼ਾਰਾ ਕਰਦੇ ਹਨ। ਉਹਨਾਂ ਨੇ ਕਿਹਾ, “ਜਦ ਸੋਕਾ ਪੈਂਦਾ ਹੈ ਤਾਂ ਮਧੂ ਮੱਖੀਆਂ ਉਸ ਜੰਗਲ ਵਿੱਚੋਂ ਪਰਵਾਸ ਕਰਦੀਆਂ ਹਨ”। ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਿਸ ਤਰ੍ਹਾਂ ਲੋਕਾਂ ਨੂੰ ਮਜਬੂਰੀ ਵੱਸ ਜੰਗਲ ਵਿੱਚੋਂ ਨਿਕਲਣਾ ਪੈਂਦਾ ਹੈ, ਠੀਕ ਉਸੇ ਤਰ੍ਹਾਂ ਮੱਖੀਆਂ ਵੀ ਹਰਿਆਵਲ ਦੀ ਤਲਾਸ਼ ਵਿੱਚ ਪਰਵਾਸ ਕਰਦੀਆਂ ਹਨ।
ਤਰਜਮਾ: ਨਵਨੀਤ ਕੌਰ ਧਾਲੀਵਾਲ