ਬੁਟੇ ਮਾਝੀ ਆਪਣੇ ਪੋਤੇ-ਪੋਤੀਆਂ ਦੇ ਪਾਲਣ-ਪੋਸ਼ਣ ਬਾਰੇ ਚਿੰਤਤ ਹਨ। ਉਹ ਛੇ ਕੁੜੀਆਂ ਅਤੇ ਦੋ ਮੁੰਡਿਆਂ ਦੀ ਦਾਦੀ ਹੈ ਅਤੇ ਉਨ੍ਹਾਂ ਦੇ ਪੁੱਤਰਾਂ ਨੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਦੇਖਭਾਲ਼ ਲਈ ਛੱਡ ਦਿੱਤਾ ਹੈ; ਛੇ ਸਾਲ ਦੀ ਜਾਨਕੀ ਆਪਣੀ ਦਾਦੀ ਦੇ ਪੋਤੇ-ਪੋਤੀਆਂ ਵਿੱਚੋਂ ਸਭ ਤੋਂ ਛੋਟੀ ਹੈ। ਉੜੀਸਾ ਦੇ ਬਲਾਂਗੀਰ ਜ਼ਿਲ੍ਹੇ ਦੇ ਹਿਯਾਲ ਪਿੰਡ ਦੇ 70 ਸਾਲਾ ਗੋਂਡ ਆਦਿਵਾਸੀ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਅਸੀਂ ਇਹ ਸਭ ਕਿਵੇਂ ਚੁੱਕਾਂਗੇ।''
ਉਨ੍ਹਾਂ ਦਾ ਬੇਟਾ ਨਾਰੂਪਾ ਮਾਝੀ 50 ਸਾਲਾਂ ਦਾ ਸੀ ਜਦੋਂ ਦੋ ਸਾਲ ਪਹਿਲਾਂ ਉਸਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਕਿਡਨੀ ਫੇਲ੍ਹ ਹੋਣਾ ਸੀ। ਪ੍ਰਵਾਸੀ ਮਜ਼ਦੂਰ, ਨਾਰੂਪਾ ਅਤੇ ਉਨ੍ਹਾਂ ਦੀ ਪਤਨੀ ਨਮਨੀ (47) ਇੱਟ-ਭੱਠਿਆਂ ਵਿੱਚ ਕੰਮ ਕਰਨ ਲਈ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਜਾਂਦੇ ਸਨ।
ਨਮਨੀ ਕਹਿੰਦੀ ਹਨ, "ਨਵੰਬਰ 2019 ਵਿੱਚ, ਅਸੀਂ ਇੱਕ ਇੱਟ-ਭੱਠੇ 'ਤੇ ਕੰਮ ਕਰਨ ਲਈ ਚੇਨਈ ਗਏ ਸੀ," ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ 10 ਲੋਕ ਕੰਮ ਕਰਨ ਗਏ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਪਤੀ ਨਾਰੂਪਾ (50), ਉਨ੍ਹਾਂ ਦਾ ਵੱਡਾ ਬੇਟਾ ਜੁਧਿਸ਼ਠਰ (24) ਅਤੇ ਉਨ੍ਹਾਂ ਦੀ ਪਤਨੀ ਪਰਮਿਲਾ (19), ਸਜਨੇ (16), ਕੁਮਾਰੀ (15) ਅਤੇ ਉਸ ਦਾ 21 ਸਾਲਾ ਪਤੀ ਦਿਨੇਸ਼ ਸ਼ਾਮਲ ਸਨ। ਉਹ ਅੱਗੇ ਕਹਿੰਦੀ ਹਨ, "ਸਾਡੇ ਵਿੱਚੋਂ ਹਰੇਕ ਨੂੰ ਸਥਾਨਕ ਸਰਦਾਰ [ਠੇਕੇਦਾਰ] ਨੇ 25,000 ਰੁਪਏ ਪੇਸ਼ਗੀ ਰਕਮ ਵਜੋਂ ਦਿੱਤੇ ਸਨ।''
ਪਰਿਵਾਰ ਦੇ ਨਾਲ਼ 10 ਸਾਲਾ ਸਾਬਿਤ੍ਰੀ ਤੇ 6 ਸਾਲਾ ਜਾਨਕੀ ਵੀ ਗਈਆਂ ਸਨ, ਜਿਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ।
ਜੂਨ 2020 ਵਿੱਚ, ਉਹ ਸਾਰੇ ਕੋਵਿਡ -19 ਤਾਲਾਬੰਦੀ ਦੌਰਾਨ ਆਪਣੇ ਪਿੰਡਾਂ ਨੂੰ ਵਾਪਸ ਆ ਗਏ। ਉੜੀਸਾ ਸਰਕਾਰ ਨੇ ਵਾਪਸ ਆ ਰਹੇ ਪ੍ਰਵਾਸੀ ਮਜ਼ਦੂਰਾਂ ਲਈ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਅਸਥਾਈ ਸਿਹਤ ਸੰਭਾਲ਼ ਅਤੇ ਕੁਆਰੰਟੀਨ ਦਾ ਪ੍ਰਬੰਧ ਕੀਤਾ ਸੀ। "ਅਸੀਂ 14 ਦਿਨ ਪਿੰਡ ਦੇ ਸਕੂਲ ਵਿੱਚ ਰਹੇ। ਮੈਨੂੰ ਅਤੇ ਮੇਰੇ ਪਤੀ ਨੂੰ (ਉੜੀਸਾ ਸਰਕਾਰ ਵਲੋਂ) 2,000 ਰੁਪਏ ਮਿਲੇ ਸਨ।
ਪਰ, ਜਲਦੀ ਹੀ ਹਾਲਾਤ ਬਦਲਣੇ ਸ਼ੁਰੂ ਹੋ ਗਏ। ਨਮਨੀ ਯਾਦ ਕਰਦੀ ਹਨ, "ਉਹ (ਨਾਰੂਪਾ) ਚੇਨਈ ਵਿੱਚ ਹੀ ਬਿਮਾਰ ਰਹਿਣ ਲੱਗ ਪਿਆ ਸੀ। ਸੇਠ [ਸਥਾਨਕ ਠੇਕੇਦਾਰ] ਉਹਨੂੰ ਗੁਲੂਕੋਜ਼ ਦਾ ਪਾਣੀ ਅਤੇ ਕੁਝ ਦਵਾਈਆਂ ਦਿੰਦਾ ਸੀ। ਪਿੰਡ ਆਉਣ ਤੋਂ ਬਾਅਦ ਵੀ ਉਹਦੀ ਸਿਹਤ ਰਾਜ਼ੀ ਨਾ ਹੋਈ।" ਉਹ ਆਪਣੇ ਪਤੀ ਨੂੰ ਇਲਾਜ ਲਈ ਕਾਂਤਾਬੰਜੀ ਸਰਕਾਰੀ ਹਸਪਤਾਲ ਲੈ ਗਈ। ਨਾਰੂਪਾ ਦੀ ਮਾਂ ਬੂਟੇ ਕਹਿੰਦੀ ਹਨ, "ਮੇਰੇ ਪੁੱਤਰ ਨੂੰ ਰਕਤਾ ਝਾੜਾ [ਟੱਟੀ 'ਚੋਂ ਖੂਨ] ਆਉਣਾ ਸ਼ੁਰੂ ਹੋ ਗਿਆ ਸੀ।''
ਨਾਰੂਪਾ ਦਾ ਪਰਿਵਾਰ ਉਨ੍ਹਾਂ ਨੂੰ ਸਿੰਧੇਲਾ ਅਤੇ ਰਾਮਪੁਰ ਦੇ ਕਈ ਸਰਕਾਰੀ ਹਸਪਤਾਲਾਂ ਵਿੱਚ ਵੀ ਲੈ ਕੇ ਗਿਆ। ਅੰਤ ਵਿੱਚ, ਕਾਂਤਾਬੰਜੀ ਹਸਪਤਾਲ ਦੇ ਡਾਕਟਰ ਨੇ ਪਰਿਵਾਰ ਨੂੰ ਦੱਸਿਆ ਕਿ ਨਾਰੂਪਾ ਕਮਜ਼ੋਰ ਸੀ। "ਸਾਡੇ ਕੋਲ਼ ਪੈਸੇ ਨਹੀਂ ਸਨ, ਇਸ ਲਈ ਅਸੀਂ ਵਾਪਸ ਆ ਗਏ ਅਤੇ ਪੈਸਿਆਂ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਵਾਪਸ ਹਸਪਤਾਲ ਗਏ ਤਾਂ ਡਾਕਟਰ ਨੇ ਕਿਹਾ ਕਿ ਉਹਦੇ ਗੁਰਦੇ ਖਰਾਬ ਹੋ ਰਹੇ ਹਨ।''
ਨਮਨੀ ਹੋਰ-ਹੋਰ ਵਿਕਲਪ ਅਪਣਾਉਣ ਲਈ ਦ੍ਰਿੜ ਸੰਕਲਪ ਸਨ ਅਤੇ ਉਨ੍ਹਾਂ ਵਿਕਲਪਕ ਦਵਾਈਆਂ ਵੱਲ ਮੁੜਨ ਦਾ ਫ਼ੈਸਲਾ ਕੀਤਾ। "ਮੇਰੇ ਪਰਿਵਾਰ ਨੇ ਸੁਝਾਅ ਦਿੱਤਾ ਕਿ ਮੈਂ ਉਸ ਨੂੰ ਆਯੁਰਵੈਦਿਕ ਇਲਾਜ ਲਈ ਸਿੰਧਾਚਰਾ [25 ਕਿਲੋਮੀਟਰ ਦੂਰ] ਲੈ ਜਾਵਾਂ। ਇੱਕ ਮਹੀਨਾ ਦਵਾਈ ਖਾਣ ਤੋਂ ਬਾਅਦ ਵੀ ਨਾਰੂਪਾ ਨੂੰ ਕੋਈ ਫ਼ਰਕ ਨਾ ਪਿਆ,'' ਉਨ੍ਹਾਂ ਕਿਹਾ। ਜਦੋਂ ਨਾਰੂਪਾ ਦੀ ਹਾਲਤ ਹੋਰ ਵਿਗੜ ਗਈ ਤਾਂ ਉਹ ਉਨ੍ਹਾਂ ਨੂੰ 40 ਕਿਲੋਮੀਟਰ ਦੂਰ ਪਟਨਾਗੜ੍ਹ ਨੇੜੇ ਰਾਮਪੁਰ ਦੇ ਇੱਕ ਕਮਿਊਨਿਟੀ ਹੈਲਥ ਸੈਂਟਰ ਵਿੱਚ ਲੈ ਗਏ।
ਮਾਰਚ 2021 ਵਿੱਚ ਨਾਰੂਪਾ ਦੀ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਅੱਠ ਬੱਚੇ ਛੱਡ ਗਏ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਸਿਰਫ਼ ਛੇ ਸਾਲ ਦਾ ਸੀ।
ਨਾਰੂਪਾ ਦੇ ਪਰਿਵਾਰ ਨੂੰ ਉਮੀਦ ਸੀ ਕਿ ਉਹ ਉਨ੍ਹਾਂ ਦੇ ਇਲਾਜ 'ਤੇ ਕੀਤੇ ਗਏ ਖਰਚਿਆਂ ਲਈ ਮੁਆਵਜ਼ੇ ਦਾ ਦਾਅਵਾ ਕਰਨ ਦੇ ਯੋਗ ਹੋਣਗੇ, ਅਤੇ ਇਸ ਨਾਲ਼ ਉਨ੍ਹਾਂ ਨੂੰ ਕੁਝ ਸਮੇਂ ਲਈ ਆਪਣੇ ਆਪ ਨੂੰ ਸਾਬਤ ਕਦਮ ਰੱਖਣ ਵਿੱਚ ਮਦਦ ਮਿਲੇਗੀ, ਕਿਉਂਕਿ ਨਮਨੀ ਅਜੇ ਵੀ ਕੰਮ ਲਈ ਦੂਜੇ ਰਾਜਾਂ ਵਿੱਚ ਵਾਪਸ ਜਾਣ ਦੀਆਂ ਅਨਿਸ਼ਚਿਤਤਾ ਨਾਲ਼ ਘਿਰੀ ਹੋਈ ਹਨ। "ਸਾਨੂੰ ਦੁਬਾਰਾ ਜਾਣਾ ਪੈ ਸਕਦਾ ਹੈ ਕਿਉਂਕਿ ਸਾਨੂੰ ਮੇਰੇ ਪਤੀ ਦੇ ਇਲਾਜ ਲਈ ਚੁੱਕੇ ਕਰਜ਼ੇ ਵਾਪਸ ਕਰਨੇ ਪੈ ਸਕਦੇ ਹਨ। ਜੇ ਸਾਨੂੰ ਸਰਕਾਰ ਤੋਂ ਕੁਝ ਮਦਦ ਮਿਲ਼ ਜਾਵੇ ਤਾਂ ਅਸੀਂ ਨਹੀਂ ਜਾਵਾਂਗੇ।''
ਨਾਰੂਪਾ ਉੜੀਆ ਦੇ ਉਨ੍ਹਾਂ ਕਾਮਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ 2018 ਵਿੱਚ ਭਲਾਈ ਬੋਰਡ ਵਿੱਚ ਆਪਣੇ ਆਪ ਨੂੰ ਲਾਭਪਾਤਰੀਆਂ ਵਜੋਂ ਰਜਿਸਟਰ ਕੀਤਾ ਸੀ, ਪਰ ਉਨ੍ਹਾਂ ਦੇ ਪਰਿਵਾਰ ਨੂੰ ਬੋਰਡ ਤੋਂ ਕੋਈ ਫੰਡ ਨਹੀਂ ਮਿਲਿਆ ਹੈ ਜਿਸ ਦੇ ਉਹ ਹੱਕਦਾਰ ਹਨ। ਨਮਨੀ ਜਿਸ 'ਮਦਦ' ਦਾ ਜ਼ਿਕਰ ਕਰ ਰਹੀ ਹਨ, ਉਹ ਰਕਮ 2 ਲੱਖ ਰੁਪਏ ਹੈ, ਜੋ ਉੜੀਸਾ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਤਹਿਤ ਉਨ੍ਹਾਂ ਦੇ ਮਰਹੂਮ ਪਤੀ ਦੇ ਨਾਮ 'ਤੇ ਮਿਲ਼ਣੀ ਹੈ। ਉਹ ਕਹਿੰਦੀ ਹਨ, "ਉਹ [ਕਿਰਤ ਵਿਭਾਗ ਦੇ ਅਧਿਕਾਰੀ] ਕਹਿੰਦੇ ਹਨ ਕਿ ਅਸੀਂ ਤਿੰਨ ਸਾਲਾਂ ਤੋਂ [ਨਵੀਨੀਕਰਨ] ਫੀਸ ਦਾ ਭੁਗਤਾਨ ਨਹੀਂ ਕੀਤਾ ਹੈ, ਇਸ ਲਈ ਸਾਨੂੰ ਪੈਸੇ ਨਹੀਂ ਮਿਲ ਸਕਦੇ।''
ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ (ਕੈਗ) ਨੇ ਆਪਣੀ ਰਾਜ ਵਿੱਤੀ ਰਿਪੋਰਟ ਵਿੱਚ ਕਿਹਾ ਹੈ ਕਿ ਰਾਜ ਦੁਆਰਾ ਰੋਕਿਆ ਗਿਆ ਪੈਸਾ ਸੰਵਿਧਾਨਕ ਪ੍ਰੋਵੀਜ਼ਨਾ (ਵਿਵਸਥਾਵਾਂ) ਦੀ ਉਲੰਘਣਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "2020-21 ਦੌਰਾਨ ਇਕੱਠੇ ਕੀਤੇ ਗਏ 406.49 ਕਰੋੜ ਰੁਪਏ ਨੂੰ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕਰਦੇ ਹੋਏ ਸਟੇਟ ਬੈਂਕ ਆਫ ਇੰਡੀਆ, ਸਰਕਾਰੀ ਖਜ਼ਾਨਾ ਸ਼ਾਖਾ ਵਿੱਚ ਫਿਕਸਡ ਡਿਪਾਜ਼ਿਟ ਅਤੇ ਫਲੈਕਸੀ ਬੱਚਤ ਖਾਤਿਆਂ ਦੇ ਰੂਪ ਵਿੱਚ 'ਸਰਕਾਰੀ ਖਾਤੇ' ਤੋਂ ਬਾਹਰ ਰੱਖਿਆ ਗਿਆ ਸੀ।''
ਮਾਤਾ ਬੂਟੇ ਕਹਿੰਦੀ ਹਨ, "ਜਦੋਂ ਨਾਰੂਪਾ ਬੀਮਾਰ ਪੈ ਗਿਆ, ਤਾਂ ਉਹ ਆਪਣੀ ਭੈਣ ਉਮੇ [ਆਪਣੀ ਇੱਕਲੌਤੀ ਭੈਣ] ਕੋਲ਼ੋਂ ਆਰਥਿਕ ਮਦਦ ਮੰਗਣ ਗਿਆ।" ਉਮੇ ਵਿਆਹੁਤਾ ਹਨ ਤੇ ਨੇੜੇ ਹੀ ਇੱਕ ਪਿੰਡ (ਮਾਲਪਾੜਾ) ਵਿੱਚ ਰਹਿੰਦੀ ਹਨ। ਮਾਤਾ ਬੂਟੇ ਅੱਗੇ ਕਹਿੰਦੀ ਹਨ,''ਉਸ ਨੇ ਆਪਣੇ ਗਹਿਣੇ ਆਪਣੇ ਭਰਾ ਨੂੰ ਦੇ ਦਿੱਤੇ। ਦੋਹਾਂ ਦਾ ਪਿਆਰ ਇੰਨਾ ਗੂੜ੍ਹਾ ਸੀ।'' ਨਾਰੂਪਾ ਨੇ ਟੂੰਬਾਂ ਗਹਿਣੇ ਰੱਖੀਆਂ ਤੇ ਇਸ ਤੋਂ ਮਿਲੇ ਕੁਝ ਹਜ਼ਾਰ ਰੁਪਏ ਉਨ੍ਹਾਂ ਦੇ ਇਲਾਜ 'ਤੇ ਖਰਚ ਹੋ ਗਏ।
2013 ਵਿੱਚ, ਮਾਤਾ ਬੂਟੇ ਅਤੇ ਉਨ੍ਹਾਂ ਦੇ ਮਰਹੂਮ ਪਤੀ ਗੋਪੀ ਮਾਝੀ ਨੂੰ ਇੱਕ ਸਰਕਾਰੀ ਰਿਹਾਇਸ਼ ਅਲਾਟ ਕੀਤੀ ਗਈ ਸੀ। ਗੋਪੀ ਮਾਝੀ ਦੀ 2014 ਵਿੱਚ ਮੌਤ ਹੋ ਗਈ ਸੀ। ਮਾਤਾ ਬੂਟੇ ਕਹਿੰਦੀ ਹਨ, "ਜਦੋਂ ਮਾਝੀ ਜ਼ਿੰਦਾ ਸੀ, ਤਾਂ ਸਾਨੂੰ 10,000, 15,000 ਅਤੇ 15,000 ਦੀਆਂ ਤਿੰਨ ਕਿਸ਼ਤਾਂ ਵਿੱਚ 40,000 ਰੁਪਏ ਮਿਲ਼ੇ ਸਨ।'' ਪਰਿਵਾਰ ਨੇ ਘਰ ਬਣਾਉਣ ਲਈ ਪੱਥਰ ਤੇ ਰੇਤ ਖ਼ਰੀਦ ਲਈ ਸੀ, ਪਰ ਜਦੋਂ ਗੋਪੀ ਮਾਝੀ ਦੀ ਮੌਤ ਹੋਈ ਤਾਂ ਘਰ ਦੀ ਉਸਾਰੀ ਰੁੱਕ ਗਈ।
ਘਰ ਬਣਾਉਣ ਲਈ ਖ਼ਰੀਦੇ ਗਏ ਤੇ ਵਰਤੇ ਜਾਣ ਦੀ ਉਡੀਕ ਵਿੱਚ ਪਏ ਪੱਥਰਾਂ ਦੇ ਢੇਰ ਵੱਲ ਇਸ਼ਾਰਾ ਕਰਦਿਆਂ ਮਾਤਾ ਬੂਟੇ ਕਹਿੰਦੇ ਹਨ, "ਅਸੀਂ ਕਿਸੇ ਤਰ੍ਹਾਂ ਕੱਚੇ ਘਰ ਨਾਲ਼ ਹੀ ਕੰਮ ਸਾਰ ਰਹੇ ਹਾਂ।"
ਆਪਣੇ ਬੇਟੇ ਅਤੇ ਨੂੰਹ ਦੇ ਉਲਟ, ਮਾਤਾ ਬੂਟੇ ਕਦੇ ਵੀ ਕੰਮ ਕਰਨ ਲਈ ਦੂਜੇ ਰਾਜਾਂ ਵਿੱਚ ਨਹੀਂ ਗਈ। ਉਹ ਕਹਿੰਦੀ ਹਨ,"ਅਸੀਂ ਆਪਣੇ ਗੁਜ਼ਾਰੇ ਲਈ ਆਪਣੇ ਪਰਿਵਾਰ ਦੀ ਜ਼ਮੀਨ 'ਤੇ ਖੇਤੀ ਕਰਦੇ ਸੀ। ਨਾਰੂਪਾ ਨੇ ਸਭ ਤੋਂ ਪਹਿਲਾਂ ਕਿਸੇ ਹੋਰ ਰਾਜ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।" ਪਰਿਵਾਰ ਨੇ ਪਿੰਡ ਦੇ ਗੌਂਟੀਆ (ਮਹਾਜਨ) ਕੋਲ਼ ਆਪਣੀ ਜ਼ਮੀਨ ਗਹਿਣੇ ਰੱਖ ਕੇ 1 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ।
ਮਾਤਾ ਬੂਟੇ ਕਹਿੰਦੀ ਹਨ, "ਜੁਧਿਸ਼ਠਰ (ਨਾਰੂਪਾ ਦਾ ਬੇਟਾ) ਨੂੰ ਕੰਮ ਕਰਨਾ ਪਵੇਗਾ ਅਤੇ ਉਹ ਜ਼ਮੀਨ ਛੁਡਾਉਣੀ ਪਵੇਗੀ।"
*****
ਵਿਆਹ ਤੋਂ ਪਹਿਲਾਂ, ਨਮਨੀ ਰੋਜ਼ੀ-ਰੋਟੀ ਲਈ ਕਦੇ ਵੀ ਉੜੀਸਾ ਤੋਂ ਬਾਹਰ ਨਹੀਂ ਗਈ ਸਨ। ਪਹਿਲੀ ਵਾਰ, ਉਹ ਆਪਣੇ ਪਤੀ ਨਾਲ਼ ਆਂਧਰਾ ਪ੍ਰਦੇਸ਼ ਦੇ ਮਹਾਬੂਬਨਗਰ ਗਈ ਸਨ; ਉਨ੍ਹਾਂ ਦਾ ਸਭ ਤੋਂ ਵੱਡਾ ਬੇਟਾ ਜੁਧਿਸ਼ਠਿਰ ਉਦੋਂ ਤੀਜੀ ਜਮਾਤ ਵਿੱਚ ਸੀ। "ਇਸ ਕੰਮ ਲਈ ਮਿਲ਼ਣ ਵਾਲ਼ੀ ਪੇਸ਼ਗੀ ਰਕਮ ਬਹੁਤ ਘੱਟ ਸੀ। ਸਾਨੂੰ 8,000 ਰੁਪਏ ਮਿਲ਼ੇ ਸਨ। ਮੈਨੂੰ ਉਹ ਸਾਲ ਤਾਂ ਯਾਦ ਨਹੀਂ ਹੈ, ਪਰ ਸਜਨੇ [ਧੀ] ਉਸ ਸਮੇਂ ਸਿਰਫ਼ ਕੁਝ ਮਹੀਨਿਆਂ ਦੀ ਸੀ, ਇਸ ਲਈ ਅਸੀਂ ਉਸ ਨੂੰ ਆਪਣੇ ਨਾਲ਼ ਲੈ ਗਏ ਸਾਂ," ਨਮਨੀ ਕਹਿੰਦੀ ਹਨ ਕਿ ਉਦੋਂ ਤੋਂ ਭਾਵ 17 ਸਾਲ ਪਹਿਲਾਂ ਤੋਂ- ਹਰ ਸਾਲ ਕੰਮ ਦੀ ਭਾਲ਼ ਵਿੱਚ ਉਹ ਅੱਡੋ-ਅੱਡ ਥਾਵਾਂ 'ਤੇ ਜਾਂਦੇ ਰਹੇ ਹਨ।
ਪਹਿਲੀ ਵਾਰ ਦੇ ਬਾਅਦ ਤੋਂ ਹੀ, ਪਰਿਵਾਰ ਨੇ ਹਰ ਸਾਲ ਪ੍ਰਵਾਸ ਕਰਨਾ ਸ਼ੁਰੂ ਕਰ ਦਿੱਤਾ। "ਦੋ ਸਾਲ ਤੱਕ ਅਸੀਂ ਫਿਰ ਆਂਧਰਾ ਪ੍ਰਦੇਸ਼ ਚਲੇ ਗਏ। ਉਸ ਸਮੇਂ ਸਾਨੂੰ ਜੋ ਪੇਸ਼ਗੀ ਰਾਸ਼ੀ ਮਿਲ਼ੀ, ਉਹ ਲਗਭਗ 9,500 ਰੁਪਏ ਸੀ," ਉਹ ਕਹਿੰਦੀ ਹਨ। ਅਗਲੇ ਚਾਰ ਸਾਲਾਂ ਤੱਕ, ਉਹ ਵਾਪਸ ਉਸੇ ਥਾਵੇਂ ਜਾਂਦੇ ਰਹੇ ਅਤੇ ਹੌਲ਼ੀ-ਹੌਲ਼ੀ ਪੂਰੇ ਸਮੂਹ ਦੀ ਪੇਸ਼ਗੀ ਰਕਮ ਵੱਧ ਕੇ 15,000 ਰੁਪਏ ਹੋ ਗਈ।
2019 ਵਿੱਚ ਚੇਨਈ ਦੀ ਯਾਤਰਾ ਵਿੱਚ ਸਭ ਤੋਂ ਵੱਧ ਕਮਾਈ ਹੋਈ – ਉਸ ਵਿੱਚ ਪੇਸ਼ਗੀ ਵਜੋਂ 25,000 ਰੁਪਏ ਮਿਲ਼ੇ। ਚੇਨਈ ਵਿੱਚ, ਉਸ ਸਮੇਂ ਮਜ਼ਦੂਰਾਂ ਦੇ ਇੱਕ ਸਮੂਹ ਨੂੰ ਹਰ 1,000 ਇੱਟਾਂ ਦੇ ਬਦਲੇ ਲਗਭਗ 350 ਰੁਪਏ ਮਿਲ਼ਦੇ ਸਨ ਅਤੇ ਇੱਕ ਹਫ਼ਤੇ ਵਿੱਚ ਚਾਰ ਕਾਮਿਆਂ ਦੇ ਸਮੂਹ ਦੇ ਹਰੇਕ ਵਿਅਕਤੀ ਨੂੰ 1,000-1,500 ਰੁਪਏ ਤੱਕ ਕਮਾਈ ਹੁੰਦੀ।
ਉਨ੍ਹਾਂ ਨੂੰ ਹਫਤਾਵਾਰੀ ਤਨਖਾਹ ਦਿੱਤੀ ਜਾਂਦੀ ਸੀ ਅਤੇ ਉਹ ਪੈਸੇ ਦੀ ਵਰਤੋਂ ਭੋਜਨ ਰਾਸ਼ਨ, ਸਾਬਣ, ਸ਼ੈਂਪੂ ਅਤੇ ਹੋਰ ਜ਼ਰੂਰਤਾਂ ਖਰੀਦਣ ਲਈ ਕਰਦੇ ਸਨ। ਨਮਨੀ ਕਹਿੰਦੀ ਹਨ,"ਪੈਸੇ ਦਿੰਦੇ ਸਮੇਂ, ਸੁਪਰਵਾਈਜ਼ਰ ਪੇਸ਼ਗੀ ਰਕਮ ਦੇ ਕੁਝ ਪੈਸੇ ਕੱਟ ਲੈਂਦਾ ਸੀ ਅਤੇ ਬਾਕੀ ਦੀ ਤਨਖਾਹ ਸਾਨੂੰ ਦੇ ਦਿੰਦਾ।" ਇਹ ਕੱਟ-ਕਟਾਈ ਉਦੋਂ ਤੱਕ ਜਾਰੀ ਰਹਿੰਦੀ ਜਦੋਂ ਤੱਕ ਪੇਸ਼ਗੀ ਦੇ ਸਾਰੇ ਪੈਸੇ ਨਾ ਲੱਥ ਜਾਂਦੇ।
ਜ਼ਿਆਦਾਤਰ ਕਾਮਿਆਂ ਨੂੰ 100 ਰੁਪਏ ਤੋਂ ਵੀ ਘੱਟ ਤਨਖਾਹ ਮਿਲ਼ਦੀ, ਜੋ ਉਸਾਰੀ ਦੇ ਖੇਤਰ ਵਿੱਚ ਅਕੁਸ਼ਲ ਕਾਮਿਆਂ ਲਈ ਤੈਅ ਕੀਤੀ ਘੱਟੋ-ਘੱਟ ਉਜਰਤ ਦੇ ਅੱਧੇ ਤੋਂ ਵੀ ਘੱਟ ਸੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਮੁੱਖ ਕਿਰਤ ਕਮਿਸ਼ਨਰ ਦੇ ਦਫ਼ਤਰ ਦਾ ਕਹਿਣਾ ਹੈ ਕਿ ਚੇਨਈ ਵਰਗੇ ਸ਼ਹਿਰੀ ਖੇਤਰਾਂ ਵਿੱਚ ਚੈਂਬਰ ਇੱਟਾਂ ਬਣਾਉਣ ਵਾਲ਼ੇ ਕਾਮਿਆਂ ਨੂੰ 610 ਰੁਪਏ (1,000 ਇੱਟਾਂ ਲਈ) ਦੀ ਦਿਹਾੜੀ ਮਿਲ਼ਣੀ ਚਾਹੀਦੀ ਹੈ।
ਨਾਰੂਪਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ਼ਣ ਵਾਲ਼ੀ ਤਨਖਾਹ ਇਨ੍ਹਾਂ ਕਿਰਤ ਕਾਨੂੰਨਾਂ ਦੀ ਘੋਰ ਉਲੰਘਣਾ ਸੀ।
ਇਮਾਰਤ ਅਤੇ ਹੋਰ ਨਿਰਮਾਣ ਕਾਰਜਾਂ ਵਿੱਚ ਲੱਗੇ ਜ਼ਿਆਦਾਤਰ ਅੰਤਰ-ਰਾਜੀ ਓਡੀਆ ਪ੍ਰਵਾਸੀ ਕਾਮੇ ਉੜੀਸਾ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਐਕਟ, 1996 ਦੇ ਤਹਿਤ ਲਾਭਪਾਤਰੀਆਂ ਵਜੋਂ ਰਜਿਸਟਰਡ ਨਹੀਂ ਹਨ, ਜਿਹਦੇ ਤਹਿਤ ਉਨ੍ਹਾਂ ਨੂੰ ਸੁਰੱਖਿਆ, ਸਿਹਤ ਅਤੇ ਭਲਾਈ ਦੀਆਂ ਸਾਰੀਆਂ ਸਹੂਲਤਾਂ ਮਿਲ਼ਣ ਦਾ ਪ੍ਰੋਵੀਜਨ ਹੈ।
ਹਾਲਾਂਕਿ ਨਾਰੂਪਾ ਨੇ ਆਪਣੇ ਆਪ ਨੂੰ ਰਜਿਸਟਰ ਕਰਵਾ ਲਿਆ ਹੋਇਆ ਸੀ, ਪਰ ਉਨ੍ਹਾਂ ਦੇ ਪਰਿਵਾਰ ਨੂੰ ਇਸ ਕਾਨੂੰਨ ਦੀ ਮਾਮੂਲੀ ਜਿਹੀ ਚੂਕ ਕਾਰਨ ਇਸ ਦਾ ਕੋਈ ਲਾਭ ਨਹੀਂ ਮਿਲ਼ ਰਿਹਾ। ਐਕਟ ਦੇ ਤਹਿਤ ਲਾਭ ਲੈਣ ਲਈ, ਇੱਕ ਰਜਿਸਟਰਡ ਲਾਭਪਾਤਰੀ ਨੂੰ ਲਗਾਤਾਰ ਤਿੰਨ ਸਾਲਾਂ ਲਈ ਇਸਦੇ ਕੋਸ਼ ਵਿੱਚ 50 ਰੁਪਏ ਜਮ੍ਹਾਂ ਕਰਵਾਉਣੇ ਹੁੰਦੇ ਹਨ। ਇਹ ਰਕਮ ਬਲਾਂਗੀਰ ਜ਼ਿਲ੍ਹੇ ਦੇ ਹਿਯਾਲ ਪਿੰਡ ਵਿੱਚ ਆਪਣੇ ਘਰ ਤੋਂ 80 ਕਿਲੋਮੀਟਰ ਦੂਰ ਬਲਾਂਗੀਰ ਵਿਖੇ ਕਿਰਤ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੀ ਹੁੰਦੀ ਹੈ।
ਇਹ ਪ੍ਰਕਿਰਿਆ 1 ਮਈ, 2022 ਤੋਂ ਬਾਅਦ ਆਨਲਾਈਨ ਹੋ ਗਈ ਹੈ। ਚੇਨਈ ਲਈ ਰਵਾਨਾ ਹੋਣ ਤੋਂ ਤੁਰੰਤ ਪਹਿਲਾਂ ਨਾਰੂਪਾ ਨੂੰ ਆਪਣਾ ਲੇਬਰ ਕਾਰਡ ਮਿਲ਼ ਗਿਆ। ਤਾਲਾਬੰਦੀ ਅਤੇ ਆਪਣੀ ਬਿਮਾਰੀ ਕਾਰਨ, ਉਹ ਜ਼ਿਲ੍ਹਾ ਦਫ਼ਤਰ ਜਾ ਕੇ ਕੋਸ਼ ਵਿੱਚ ਸਾਲਾਨਾ ਰਾਸ਼ੀ ਜਮ੍ਹਾਂ ਨਹੀਂ ਕਰਵਾ ਸਕੇ। ਹੁਣ ਪਰਿਵਾਰ ਨੂੰ ਮੁਆਵਜ਼ੇ ਦਾ ਦਾਅਵਾ ਕਰਨਾ ਮੁਸ਼ਕਲ ਹੋ ਰਿਹਾ ਹੈ ਜਿਸ ਦੇ ਉਹ ਹੱਕਦਾਰ ਹਨ।
ਇਸ ਰਿਪੋਰਟਰ ਨੇ ਬਲਾਂਗੀਰ ਦੇ ਜ਼ਿਲ੍ਹਾ ਮੈਜਿਸਟਰੇਟ-ਕੁਲੈਕਟਰ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਦੇ ਅਧਿਕਾਰਤ ਵਟਸਐਪ ਨੰਬਰ 'ਤੇ ਵੀ ਸੰਪਰਕ ਕੀਤਾ ਹੈ, ਜਿਸ ਵਿੱਚ ਉਨ੍ਹਾਂ ਅੱਗੇ ਉੜੀਸਾ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਐਕਟ ਦੇ ਤਹਿਤ ਨਾਮਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਣਦਾ ਲਾਭ ਦੇਣ ਦੀ ਬੇਨਤੀ ਕੀਤੀ ਗਈ ਹੈ। ਇਸ ਸਟੋਰੀ ਦੇ ਪ੍ਰਕਾਸ਼ਿਤ ਹੋਣ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ।
ਤਰਜਮਾ: ਕਮਲਜੀਤ ਕੌਰ