1947 ਦੀ ਉਹ ਵੰਡ ਜਿਹਨੇ ਦੋਵਾਂ ਦੇਸ਼ਾਂ ਵਿਚਾਲੇ ਇੱਕ ਲਕੀਰ ਖਿੱਚ ਦਿੱਤੀ ਤੇ ਜਿਸ ਲਕੀਰ ਨੂੰ ਨਾ ਸਿਰਫ਼ ਲੋਕਾਂ ਦੇ ਲਹੂ ਨੇ ਸਿੰਝਿਆ ਗਿਆ ਸਗੋਂ ਪੰਜਾਬ ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਰੈਡਕਲਿਫ਼ ਲਾਈਨ, ਜਿਹਦਾ ਨਾਮ ਸੀਮਾ ਕਮਿਸ਼ਨਾਂ ਦੇ ਚੇਅਰਮੈਨ ਵਜੋਂ ਸੇਵਾ ਨਿਭਾਉਣ ਵਾਲ਼ੇ ਬਰਤਾਨਵੀ ਵਕੀਲ ਦੇ ਨਾਮ 'ਤੇ ਪਿਆ, ਨੇ ਨਾ ਸਿਰਫ਼ ਦੇਸ਼ ਦੀ ਭੂਗੋਲਿਕ ਵੰਡ ਹੀ ਕੀਤੀ ਸਗੋਂ ਪੰਜਾਬੀ ਭਾਸ਼ਾ ਨੂੰ ਵੀ ਦੋ ਲਿਪੀਆਂ ਵਿੱਚ ਵੰਡ ਦਿੱਤਾ। ਸੂਬੇ ਦੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਪਾਇਲ ਦੇ ਪਿੰਡ ਕਟਾਹਰੀ ਦੇ ਕਿਰਪਾਲ ਸਿੰਘ ਪੰਨੂ ਨੇ ਕਿਹਾ,''ਵੰਡ ਨੇ ਪੰਜਾਬੀ ਸਾਹਿਤ ਅਤੇ ਭਾਸ਼ਾ ਨੂੰ ਦੋ ਲਿਪੀਆਂ ਵਿੱਚ ਪਾੜ ਕੇ ਅਜਿਹਾ ਫੱਟ ਮਾਰਿਆ ਜੋ ਅਜੇ ਤੀਕਰ ਅੱਲਾ ਹੈ।''

90 ਸਾਲਾ ਪੰਨੂ ਜੀ ਇੱਕ ਸਾਬਕਾ ਫ਼ੌਜੀ ਹਨ ਜਿਨ੍ਹਾਂ ਨੇ ਆਪਣੇ ਜੀਵਨ ਤੇ ਤਿੰਨ ਦਹਾਕੇ ਵੰਡ ਦੇ ਜ਼ਖ਼ਮਾਂ 'ਤੇ ਮਰਹਮ ਲਾਉਂਦਿਆਂ ਬਿਤਾਏ। ਸੀਮਾ ਸੁਰੱਖਿਆ ਬਲ (ਬੀਐੱਸਐਫ਼) ਤੋਂ ਸੇਵਾਮੁਕਤ ਡਿਪਟੀ ਕਮਾਂਡੈਂਟ ਪੰਨੂ ਜੀ ਨੇ ਧਾਰਮਿਕ ਗ੍ਰੰਥਾਂ ਅਤੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਮਹਾਨ ਕੋਸ਼ (ਪੰਜਾਬ ਦਾ ਪ੍ਰਮਾਣਿਕ ਕੋਸ਼) ਅਤੇ ਹੋਰ ਸ਼ਾਹਕਾਰ ਰਚਨਾਵਾਂ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿਪੀਅੰਤਰਿਤ ਕਰਕੇ ਅਵਾਮ ਨੂੰ ਤੋਹਫ਼ੇ ਵਜੋਂ ਦਿੱਤਾ। ਇਹਦੇ ਨਾਲ਼ ਹੀ ਉਨ੍ਹਾਂ ਨੇ ਸ਼ਾਹਮੁਖੀ ਦਾ ਸਾਹਿਤ ਵੀ ਗੁਰਮੁਖੀ ਵਿੱਚ ਲਿਆਂਦਾ।

ਉਰਦੂ ਵਾਂਗਰ ਸੱਜਿਓਂ ਖੱਬੇ ਨੂੰ ਲਿਖੀ ਜਾਣ ਵਾਲ਼ੀ ਸ਼ਾਹਮੁਖੀ ਦਾ ਇਸਤੇਮਾਲ 1947 ਤੋਂ ਬਾਅਦ ਦੇ ਭਾਰਤੀ ਪੰਜਾਬ ਵਿੱਚ ਨਹੀਂ ਹੋਇਆ। 1995-96 ਵਿੱਚ ਪੰਨੂ ਜੀ ਨੇ ਇੱਕ ਅਜਿਹਾ ਕੰਪਿਊਟਰ ਪ੍ਰੋਗਰਾਮ ਬਣਾਇਆ ਜੋ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਬ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਤਬਦੀਲ ਕਰਨ ਦੀ ਸਲਾਹੀਅਤ ਰੱਖਦਾ ਹੈ।

ਵੰਡ ਤੋਂ ਪਹਿਲਾਂ, ਉਰਦੂ ਬੋਲਣ ਵਾਲ਼ੇ ਵੀ ਸ਼ਾਹਮੁਖੀ ਵਿੱਚ ਲਿਖੀ ਪੰਜਾਬੀ ਪੜ੍ਹ ਲਿਆ ਕਰਦੇ। ਪਾਕਿਸਤਾਨ ਬਣਨ ਤੋਂ ਪਹਿਲਾਂ, ਜ਼ਿਆਦਾਤਰ ਸਾਹਿਤਕ ਰਚਨਾਵਾਂ ਤੇ ਸਰਕਾਰੀ ਤੇ ਅਦਾਲਤੀ ਦਸਤਾਵੇਜ ਸ਼ਾਹਮੁਖੀ ਵਿੱਚ ਹੀ ਹੋਇਆ ਕਰਦੇ। ਇੱਥੋਂ ਤੱਕ ਕਿ ਅਣਵੰਡੇ ਪੰਜਾਬ ਦੇ ਰਵਾਇਤੀ ਕਹਾਣੀ ਕਲਾ ਰੂਪਾਂ (ਕਿੱਸਿਆਂ) ਲਈ ਵੀ ਸਿਰਫ਼ ਸ਼ਾਹਮੁਖੀ ਹੀ ਵਰਤੀ ਗਈ।

ਖੱਬਿਓਂ ਸੱਜੇ ਲਿਖੀ ਜਾਣ ਵਾਲ਼ੀ ਗੁਰਮੁਖੀ ਜੋ ਦੇਵਨਾਗਰੀ ਲਿਪੀ ਨਾਲ਼ ਕੁਝ-ਕੁਝ ਮੇਲ਼ ਖਾਂਦੀ ਹੈ, ਪਾਕਿਸਤਾਨੀ (ਲਹਿੰਦੇ) ਪੰਜਾਬ ਵਿੱਚ ਨਹੀਂ ਵਰਤੀ ਜਾਂਦੀ। ਇਹਦਾ ਨਤੀਜਾ ਇਹ ਨਿਕਲ਼ਿਆ ਕਿ ਲਹਿੰਦੇ ਪੰਜਾਬ ਵਿੱਚ ਪੰਜਾਬੀ-ਭਾਸ਼ਾ ਬੋਲਣ ਵਾਲ਼ਿਆਂ ਦੀਆਂ ਅਜੋਕੀਆਂ ਪੀੜ੍ਹੀਆਂ ਗੁਰਮੁਖੀ ਨਾ ਆਉਣ ਕਾਰਨ ਆਪਣੇ ਸਾਹਿਤ ਤੋਂ ਵਾਂਝੀਆਂ ਹੋ ਗਈਆਂ। ਉਹ ਅਣਵੰਡੇ ਪੰਜਾਬ ਦੀਆਂ ਸ਼ਾਹਕਾਰ ਰਚਨਾਵਾਂ ਨੂੰ ਵੀ ਉਦੋਂ ਹੀ ਪੜ੍ਹ ਸਕੇ ਜਦੋਂ ਉਹ ਉਨ੍ਹਾਂ ਦੀ ਆਪਣੀ ਲਿਪੀ, ਸ਼ਾਹਮੁਖੀ ਵਿੱਚ ਨਹੀਂ ਆ ਗਈਆਂ।

Left: Shri Guru Granth Sahib in Shahmukhi and Gurmukhi.
PHOTO • Courtesy: Kirpal Singh Pannu
Right: Kirpal Singh Pannu giving a lecture at Punjabi University, Patiala
PHOTO • Courtesy: Kirpal Singh Pannu

ਖੱਬੇ ਪਾਸੇ: ਗੁਰਮੁਖੀ ਤੇ ਸ਼ਾਹਮੁਖੀ, ਦੋਵਾਂ ਹੀ ਭਾਸ਼ਾਵਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ। ਸੱਜੇ ਪਾਸੇ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੈਕਚਰ ਦਿੰਦੇ ਵੇਲ਼ੇ ਕਿਰਪਾਲ ਸਿੰਘ ਪੰਨੂ

ਪਟਿਆਲਾ ਦੇ ਵਾਸੀ, ਭਾਸ਼ਾ ਦੇ ਮਾਹਰ ਤੇ ਫ੍ਰੈਂਚ ਅਧਿਆਪਕ ਡਾ. ਭੋਜ ਰਾਜ (68 ਸਾਲਾ) ਵੀ ਸ਼ਾਹਮੁਖੀ ਪੜ੍ਹ ਲੈਂਦੇ ਹਨ। ''1947 ਤੋਂ ਪਹਿਲਾਂ, ਸ਼ਾਹਮੁਖੀ ਤੇ ਗੁਰਮੁਖੀ ਦੋਵਾਂ ਦਾ ਹੀ ਇਸਤੇਮਾਲ ਹੁੰਦਾ ਸੀ, ਪਰ ਗੁਰਮੁਖੀ ਜ਼ਿਆਦਾਤਰ ਗੁਰਦੁਆਰਿਆਂ ਤੱਕ ਹੀ ਸੀਮਤ ਰਹੀ,'' ਉਨ੍ਹਾਂ ਕਿਹਾ। ਰਾਜ ਅੱਗੇ ਕਹਿੰਦੇ ਹਨ ਕਿ ਅਜ਼ਾਦੀ ਤੋਂ ਪਹਿਲਾਂ ਦੇ ਸਾਲਾਂ ਵਿੱਚ, ਪੰਜਾਬੀ ਭਾਸ਼ਾ ਦੀ ਪ੍ਰੀਖਿਆ ਦੇਣ ਵਾਲ਼ੇ ਵਿਦਿਆਰਥੀਆਂ ਤੋਂ ਵੀ ਪੇਪਰ ਵਿੱਚ ਸ਼ਾਹਮੁਖੀ ਲਿਖੇ ਜਾਣ ਦੀ ਤਵੱਕੋ ਕੀਤੀ ਜਾਂਦੀ ਸੀ।

ਰਾਜ ਨੇ ਕਿਹਾ,''ਇੱਥੋਂ ਤੱਕ ਕਿ ਰਮਾਇਣ ਤੇ ਮਹਾਭਾਰਤ ਜਿਹੇ ਹਿੰਦੂ ਧਾਰਮਿਕ ਗ੍ਰੰਥ ਵੀ ਪਰਸੋ-ਅਰਬੀ ਲਿਪੀ ਵਿੱਚ ਲਿਖੇ ਗਏ ਸਨ।'' ਸਮੇਂ ਦੇ ਨਾਲ਼ ਪੰਜਾਬ ਵੀ ਵੰਡਿਆ ਗਿਆ ਤੇ ਭਾਸ਼ਾ ਵੀ। ਸ਼ਾਹਮੁਖੀ ਲਹਿੰਦੇ ਪੰਜਾਬ ਦਾ ਹਿੱਸਾ ਬਣ ਗਈ ਤੇ ਗੁਰਮੁਖੀ ਚੜ੍ਹਦੇ ਪੰਜਾਬ ਦਾ।

ਦਹਾਕਿਆਂ ਤੋਂ ਪੰਜਾਬੀ ਸਭਿਆਚਾਰ, ਭਾਸ਼ਾ, ਸਾਹਿਤ ਤੇ ਇਤਿਹਾਸ ਨੂੰ ਜੋ ਸੰਤਾਪ ਹੰਢਾਉਣਾ ਪਿਆ ਹੈ, ਉਸ ਚਿੰਤਾ ਨੂੰ ਦੂਰ ਕਰਨ ਦਾ ਬੀੜਾ ਅਖ਼ੀਰ ਪੰਨੂ ਜੀ ਨੇ ਚੁੱਕਿਆ।

''ਚੜ੍ਹਦੇ ਪੰਜਾਬ ਦੇ ਲੇਖਕ ਤੇ ਕਵੀਆਂ ਦੀ ਇੱਛਾ ਰਹਿੰਦੀ ਰਹੀ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਨੂੰ ਲਹਿੰਦੇ ਪੰਜਾਬ ਵਿੱਚ ਵੀ ਪੜ੍ਹਿਆ ਜਾਵੇ ਤੇ ਇਹੀ ਇੱਛਾ ਉੱਥੋਂ (ਲਹਿੰਦੇ ਪੰਜਾਬ) ਦੇ ਰਚਨਾਕਾਰਾਂ ਦੀ ਵੀ ਰਹੀ ਹੈ,'' ਪੰਨੂ ਜੀ ਕਹਿੰਦੇ ਹਨ। ਟੋਰਾਂਟੋ, ਕੈਨੇਡਾ ਦੀਆਂ ਸਾਹਿਤਕ ਸਭਾਵਾਂ ਵਿੱਚ ਆਉਣ ਵਾਲ਼ੇ ਪਾਕਿਸਤਾਨੀ ਪੰਜਾਬੀ ਤੇ ਦੁਨੀਆ ਭਰ ਦੇ ਪੰਜਾਬੀ ਇਸ ਕਦੇ ਨਾ ਭਰੇ ਜਾਣ ਵਾਲ਼ੇ ਘਾਟੇ 'ਤੇ ਸ਼ੋਕ ਪ੍ਰਗਟ ਕਰਦੇ ਰਹੇ ਹਨ।

ਅਜਿਹੀ ਹੀ ਇੱਕ ਸਭਾ ਵਿੱਚ, ਪਾਠਕਾਂ ਤੇ ਵਿਦਵਾਨਾਂ ਨੇ ਇੱਕ-ਦੂਜੇ ਦੇ ਸਾਹਿਤ ਨੂੰ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ। ''ਇਹ ਤਾਂ ਹੀ ਸੰਭਵ ਹੋਵੇਗਾ ਜੇ ਦੋਵੇਂ ਪਾਸੇ ਦੇ ਲੋਕੀਂ ਦੋਵੇਂ ਹੀ ਲਿਪੀਆਂ ਪੜ੍ਹ-ਲਿਖ ਸਕਣ,'' ਪੰਨੂ ਜੀ ਨੇ ਕਿਹਾ,''ਹਾਲਾਂਕਿ, ਇਹ ਕਹਿਣਾ ਸੌਖ਼ਾ ਸੀ ਪਰ ਕਰਨਾ ਨਹੀਂ।''

ਇਸ ਹਾਲਤ ਨਾਲ਼ ਨਜਿੱਠਣ ਦਾ ਬੱਸ ਇਹੀ ਇੱਕ ਤਰੀਕਾ ਸੀ ਕਿ ਸਾਹਿਤਕ ਰਚਨਾਵਾਂ ਦਾ ਉਸ ਲਿਪੀ ਵਿੱਚ 'ਲਿਪੀਅੰਤਰਣ ਕੀਤਾ ਜਾਵੇ ਜਿਸ ਵਿੱਚ ਉਹ ਮੌਜੂਦ ਨਾ ਹੋਣ। ਇੱਥੋਂ ਹੀ ਪੰਨੂ ਜੀ ਸਾਹਬ ਨੂੰ ਇਹ ਫੁਰਨਾ ਫੁਰਿਆ।

ਮਿਹਨਤ ਨੂੰ ਬੂਰ ਪਿਆ ਤੇ ਅਖ਼ੀਰ ਪੰਨੂ ਜੀ ਦੇ ਕੰਪਿਊਟਰ ਪ੍ਰੋਗਰਾਮ ਸਦਕਾ ਪਾਕਿਸਾਨੀ ਪਾਠਕ ਸ਼੍ਰੀ ਗੁਰੂ ਗ੍ਰੰਥ ਸਾਹਬ ਨੂੰ ਸ਼ਾਹਮੁਖੀ ਵਿੱਚ ਪੜ੍ਹਨਯੋਗ ਹੋਇਆ। ਇਹੀ ਪ੍ਰੋਗਰਾਮ ਉਰਦੂ ਜਾਂ ਸ਼ਾਹਮੁਖੀ ਵਿੱਚ ਉਪਲਬਧ ਪਾਕਿਸਤਾਨੀ ਸਾਹਿਤ ਤੇ ਲਿਖਤਾਂ ਨੂੰ ਗੁਰਮੁਖੀ ਵਿੱਚ ਤਬਦੀਲ ਕਰ ਲੈਂਦਾ।

Pages of the Shri Guru Granth Sahib in Shahmukhi and Gurmukhi
PHOTO • Courtesy: Kirpal Singh Pannu

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਸ਼ਾਹਮੁਖੀ ਤੇ ਗੁਰਮੁਖੀ ਲਿਪੀ ਵਿੱਚ

*****

1988 ਵਿੱਚ ਸੇਵਾਮੁਕਤੀ ਤੋਂ ਬਾਅਦ ਪੰਨੂ ਜੀ ਕੈਨੇਡਾ ਚਲੇ ਗਏ ਜਿੱਥੇ ਉਨ੍ਹਾਂ ਨੇ ਕੰਪਿਊਟਰ ਦੀ ਵਰਤੋਂ ਬਾਰੇ ਪੜ੍ਹਾਈ ਕੀਤੀ।

ਕੈਨੇਡਾ ਦੀ ਅਬਾਦੀ ਦਾ ਇੱਕ ਖ਼ਾਸ ਹਿੱਸਾ ਪੰਜਾਬੀ ਆਪਣੇ ਵਤਨ ਦੀਆਂ ਖ਼ਬਰਾਂ ਪੜ੍ਹਨ ਦੇ ਚਾਹਵਾਨ ਰਹਿੰਦੇ। ਸੋ, ਹਵਾਈ ਜਹਾਜ਼ ਰਾਹੀਂ ਅਜੀਤ ਤੇ ਪੰਜਾਬੀ ਟ੍ਰਿਬਿਊਨ ਜਿਹੀਆਂ ਪੰਜਾਬੀ ਅਖ਼ਬਾਰਾਂ ਭਾਰਤ ਤੋਂ ਕੈਨੇਡਾ ਭੇਜੀਆਂ ਜਾਂਦੀਆਂ।

ਇਨ੍ਹਾਂ ਅਖ਼ਬਾਰਾਂ ਤੇ ਹੋਰ ਅਖ਼ਬਾਰਾਂ ਦੀਆਂ ਕਾਤਰਾਂ (ਕਲਿਪਿੰਗਾਂ) ਤੋਂ ਹੀ ਟੋਰਾਂਟੋ ਦੀਆਂ ਕਈ ਅਖ਼ਬਾਰਾਂ ਤਿਆਰ ਕੀਤੀਆਂ ਜਾਂਦੀਆਂ, ਪੰਨੂ ਜੀ ਨੇ ਕਿਹਾ। ਇਹ ਕਾਤਰਾਂ ਕਿਸੇ ਕੋਲਾਜ ਵਾਂਗਰ ਜਾਪਦੀਆਂ ਜੋ ਅੱਡੋ-ਅੱਡ ਅਖ਼ਬਾਰਾਂ ਤੇ ਵੰਨ-ਸੁਵੰਨੇ ਫੌਂਟਾਂ ਵਾਲ਼ੀਆਂ ਹੁੰਦੀਆਂ।

ਅਜਿਹਾ ਹੀ ਇੱਕ ਅਖ਼ਬਾਰ ਸੀ ਹਮਦਰਦ ਵੀਕਲੀ, ਜਿਸ ਵਿੱਚ ਪੰਨੂ ਜੀ ਨੇ ਬਾਅਦ ਵਿੱਚ ਕੰਮ ਵੀ ਕੀਤਾ। 1993 ਵਿੱਚ, ਇਹਦੇ ਸੰਪਾਦਕਾਂ ਨੇ ਆਪਣੇ ਅਖ਼ਬਾਰ ਨੂੰ ਇੱਕੋ ਫੌਂਟ ਵਿੱਚ ਛਾਪਣ ਦਾ ਫ਼ੈਸਲਾ ਕੀਤਾ।

''ਨਵੇਂ-ਨਵੇਂ ਫੌਂਟ ਆਉਣ ਲੱਗੇ ਤੇ ਹੁਣ ਕੰਪਿਊਟਰਾਂ ਦੀ ਵਰਤੋਂ ਵੀ ਸੰਭਵ ਹੋ ਗਈ। ਸਭ ਤੋਂ ਪਹਿਲਾ ਮੈਂ ਗੁਰਮੁਖੀ ਦੇ ਹੀ ਇੱਕ ਫੌਂਟ ਨੂੰ ਕਿਸੇ ਦੂਜੇ ਫੌਂਟ ਵਿੱਚ ਤਬਦੀਲ ਕੀਤਾ,'' ਪੰਨੂ ਜੀ ਨੇ ਕਿਹਾ।

ਹਮਦਰਦ ਵੀਕਲੀ ਦੀ ਪਹਿਲੀ ਟਾਈਪ ਕੀਤੀ ਪ੍ਰਤੀ ਜੋ ਅਨੰਤਪੁਰ ਫੌਂਟ ਵਿੱਚ ਸੀ, 90ਵਿਆਂ ਦੇ ਸ਼ੁਰੂ ਵਿੱਚ ਟੋਰਾਂਟੋ ਵਿਖੇ ਉਨ੍ਹਾਂ ਦੇ ਘਰੋਂ ਹੀ ਛਪ ਕੇ ਸਾਹਮਣੇ ਆਈ। ਉਪਰੰਤ, ਟੋਰਾਂਟੋ ਵਿਖੇ ਪੰਜਾਬੀ ਲੇਖਕਾਂ ਦੀ ਸੰਸਥਾ, ਪੰਜਾਬੀ ਕਲਮਾਂ ਦਾ ਕਾਫ਼ਲਾ (ਪੰਜਾਬੀ ਲੇਖਕ ਸੰਘ) ਦੀ ਮਿਲ਼ਣੀ ਮੌਕੇ ਇਹਦੇ ਮੈਂਬਰਾਂ ਨੇ ਫ਼ੈਸਲਾ ਕੀਤਾ ਕਿ ਗੁਰਮੁਖੀ-ਸ਼ਾਹਮੁਖੀ ਦਾ ਤਬਾਦਲਾ ਬੇਹੱਦ ਲਾਜ਼ਮੀ ਸੀ। ਇਹ ਸੰਸਥਾ 1992 ਵਿੱਚ ਸ਼ੁਰੂ ਕੀਤੀ ਗਈ ਸੀ।

Left: The Punjabi script as seen on a computer in January 2011.
PHOTO • Courtesy: Kirpal Singh Pannu
Kirpal Singh Pannu honoured by Punjabi Press Club of Canada for services to Punjabi press in creating Gurmukhi fonts. The font conversion programmes helped make way for a Punjabi Technical Dictionary on the computer
PHOTO • Courtesy: Kirpal Singh Pannu

ਖੱਬੇ ਪਾਸੇ: ਜਨਵਰੀ 2011 ਨੂੰ ਕੰਪਿਊਟਰ 'ਤੇ ਪੰਜਾਬੀ ਲਿਖਤ ਦਿਖਾਈ ਦਿੰਦੀ ਹੋਈ। ਸੱਜੇ ਪਾਸੇ: ਗੁਰਮੁਖੀ ਫੌਂਟ ਤਿਆਰ ਕਰਨ ਵਾਸਤੇ ਕਿਰਪਾਲ ਸਿੰਘ ਪੰਨੂ ਜੀ ਦਾ ਕੈਨੇਡਾ ਦੀ ਪ੍ਰੈੱਸ ਕਲੱਬ ਵਿਖੇ ਸਨਮਾਨ ਕੀਤਾ ਗਿਆ। ਫੌਂਟ ਤਬਦੀਲੀ ਪ੍ਰੋਗਰਾਮਾਂ ਨੇ ਕੰਪਿਊਟਰ 'ਤੇ ਪੰਜਾਬੀ ਟੈਕਨੀਕਲ ਡਿਕਸ਼ਨਰੀ ਬਣਾਉਣ ਵਿੱਚ ਵੀ ਮਦਦ ਕੀਤੀ

ਪੰਨੂ ਜੀ ਉਨ੍ਹਾਂ ਟਾਂਵੇਂ ਲੋਕਾਂ ਵਿੱਚੋਂ ਸਨ ਜੋ ਕੰਪਿਊਟਰ ਚਲਾਉਣ ਵਿੱਚ ਸਹਿਜ ਮਹਿਸੂਸ ਕਰਦੇ, ਸੋ ਮਿਲ਼ਣ ਵਾਲ਼ੇ ਨਤੀਜਿਆਂ ਦੀ ਜ਼ਿੰਮੇਦਾਰੀ ਵੀ ਉਨ੍ਹਾਂ ਨੂੰ ਹੀ ਸੌਂਪੀ ਗਈ। 1996 ਵਿੱਚ, ਪੰਜਾਬੀ ਸਾਹਿਤ ਨੂੰ ਸਮਰਪਤ ਇੱਕ ਹੋਰ ਸੰਸਥਾ, ਅਕਾਦਮੀ ਆਫ਼ ਪੰਜਾਬ ਇਨ ਨਾਰਥ ਅਮੇਰਿਕਾ (APNA) ਸੰਸਥਾ ਨੇ ਇੱਕ ਕਾਨਫਰੰਸ ਸੱਦੀ ਜਿੱਥੇ ਪੰਜਾਬੀ ਦੇ ਮੰਨੇ-ਪ੍ਰਮੰਨੇ ਕਵੀ ਨਵਤੇਜ ਭਾਰਤੀ ਨੇ ਐਲਾਨ ਕੀਤਾ: ''ਕਿਰਪਾਲ ਸਿੰਘ ਪੰਨੂ ਇੱਕ ਅਜਿਹਾ ਪ੍ਰੋਗਰਾਮ ਬਣਾ ਰਹੇ ਹਨ; ਕਿ ਤੁਸੀਂ ਇੱਕ ਕਲਿਕ ਕਰੋਗੇ ਗੁਰਮੁਖੀ ਤੋਂ ਸ਼ਾਹਮੁਖੀ ਹੋ ਜਾਊਗਾ, ਇੱਕ ਕਲਿਕ ਕਰੋਗੇ ਤਾਂ ਸ਼ਾਹਮੁਖੀ ਤੋਂ ਗੁਰਮੁਖੀ ਹੋ ਜਾਊਗਾ।''

ਸ਼ੁਰੂ-ਸ਼ੁਰੂ ਵਿੱਚ ਇਸ ਫ਼ੌਜੀ ਨੂੰ ਜਾਪਿਆਂ ਜਿਓਂ ਉਹ ਹਨ੍ਹੇਰੇ ਵਿੱਚ ਤੀਰ ਚਲਾ ਰਿਹਾ ਹੋਵੇ। ਪਰ ਸ਼ੁਰੂਆਤੀ ਤਕਨੀਕੀ ਦਿੱਕਤਾਂ ਨਾਲ਼ ਦੋ ਹੱਥ ਹੁੰਦਿਆਂ ਅਖ਼ੀਰ ਉਨ੍ਹਾਂ ਥਾਹ ਪਾ ਹੀ ਲਈ।

''ਖ਼ੁਸ਼ੀ ਨਾਲ਼ ਝੂਮਦਿਆਂ, ਮੈਂ ਆਪਣਾ ਕਾਰਨਾਮਾ ਦਿਖਾਉਣ ਲਈ ਉਰਦੂ ਤੇ ਸ਼ਾਹਮੁਖੀ ਦੇ ਜਾਣਕਾਰ, ਜਾਵੇਦ ਬੂਟਾ ਕੋਲ਼ ਗਿਆ,'' ਉਨ੍ਹਾਂ ਕਿਹਾ।

ਬੂਟਾ ਨੇ ਇਹਨੂੰ ਦੇਖਿਆ ਤੇ ਕਿਹਾ ਕਿ ਪੰਨੂ ਨੇ ਸ਼ਾਹਮੁਖੀ ਲਈ ਜਿਹੜਾ ਫੌਂਟ ਵਰਤਿਆ ਇੰਨਾ ਨੀਰਸ ਸੀ, ਜਿਓਂ ਕੰਧ 'ਤੇ ਕੰਕਰੀਟ ਦਾ ਕੋਈ ਧੱਬਾ ਰਹਿ ਗਿਆ ਹੋਵੇ। ਉਨ੍ਹਾਂ ਨੇ ਪੰਨੂ ਜੀ ਨੂੰ ਕਿਹਾ ਕਿ ਇਹ ਕੁਫੀ (ਅਰਬੀ ਵਿੱਚ ਲਿਖਿਆ ਇੱਕ ਫੌਂਟ) ਵਰਗਾ ਹੈ ਅਤੇ ਉਰਦੂ ਪਾਠਕਾਂ ਨੂੰ ਇਹ ਪਸੰਦ ਨਹੀਂ ਆਵੇਗਾ। ਇੱਕ ਨਾਸਤਾਲਿਕ ਫੌਂਟ, ਜੋ ਇੱਕ ਸੁੱਕੇ ਰੁੱਖ ਦੀ ਕਿਸੇ ਫਲ-ਰਹਿਤ ਟਹਿਣੀ ਨਾਲ਼ ਮਿਲ਼ਦਾ-ਜੁਲ਼ਦਾ ਹੈ, ਉਰਦੂ ਅਤੇ ਸ਼ਾਹਮੁਖੀ ਲਈ ਸਵੀਕਾਰ ਕੀਤਾ ਜਾਵੇਗਾ।

ਪੰਨੂ ਜੀ ਉੱਥੋਂ ਵਾਪਸ ਤਾਂ ਆ ਗਏ ਪਰ ਅੰਦਰ ਤੱਕ ਹਿੱਲ ਜ਼ਰੂਰ ਗਏ ਸਨ। ਬਾਅਦ ਵਿੱਚ, ਉਨ੍ਹਾਂ ਦੇ ਬੱਚਿਆਂ ਅਤੇ ਦੋਸਤਾਂ ਨੇ ਉਨ੍ਹਾਂ ਦੀ ਮਦਦ ਕੀਤੀ। ਉਹ ਮਾਹਰਾਂ ਨੂੰ ਮਿਲ਼ੇ, ਲਾਇਬ੍ਰੇਰੀਆਂ ਦੇ ਗੇੜ੍ਹੇ ਲਾਉਂਦੇ ਰਹੇ। ਬੂਟਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਉਨ੍ਹਾਂ ਦੀ ਮਦਦ ਕੀਤੀ। ਅਖ਼ੀਰ, ਪੰਨੂ ਜੀ ਨੇ ਫੌਂਟ ਨੂਰੀ ਨਾਸਤਲਿਕ ਦੀ ਖੋਜ ਕੀਤੀ।

Left: Pannu with his sons, roughly 20 years ago. The elder son (striped tie), Narwantpal Singh Pannu is an electrical engineer; Rajwantpal Singh Pannu (yellow tie), is the second son and a computer programmer; Harwantpal Singh Pannu, is the youngest and also a computer engineer.
PHOTO • Courtesy: Kirpal Singh Pannu
Right: At the presentation of a keyboard in 2005 to prominent Punjabi Sufi singer
PHOTO • Courtesy: Kirpal Singh Pannu

ਖੱਬੇ ਪਾਸੇ: ਪੰਨੂ ਅਤੇ ਉਨ੍ਹਾਂ ਦੇ ਬੱਚੇ ਇਹ ਫ਼ੋਟੋ ਲਗਭਗ 20 ਸਾਲ ਪਹਿਲਾਂ ਦੀ ਹੈ। ਵੱਡਾ ਬੇਟਾ (ਲਕੀਰਾਂ ਵਾਲ਼ੀ ਟਾਈ ਪਹਿਨੀ) ਨਰਵੰਤਪਾਲ ਸਿੰਘ ਪੰਨੂ ਇਲੈਕਟ੍ਰੀਕਲ ਇੰਜੀਨੀਅਰ ਹਨ;ਉਨ੍ਹਾਂ ਦੇ ਦੂਜੇ ਬੇਟੇ, ਰਾਜਵੰਤਪਾਲ ਸਿੰਘ ਪੰਨੂ (ਪੀਲੀ ਟਾਈ) ਕੰਪਿਊਟਰ ਪ੍ਰੋਗਰਾਮਰ ਹਨ; ਛੋਟੇ ਬੇਟੇ, ਹਰਵੰਤਪਾਲ ਸਿੰਘ ਪੰਨੂ ਵੀ ਕੰਪਿਊਟਰ ਇੰਜੀਨੀਅਰ ਹੈ। ਸੱਜੇ ਪਾਸੇ: 2005 ਵਿੱਚ ਇੱਕ ਮਸ਼ਹੂਰ ਪੰਜਾਬੀ ਸੂਫ਼ੀ ਗਾਇਕ ਨੂੰ ਕੀ-ਬੋਰਡ ਦਿਖਾਉਂਦੇ ਹੋਏ

ਹੁਣ, ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਇਨ੍ਹਾਂ ਫੌਂਟਾਂ ਬਾਰੇ ਕਾਫ਼ੀ ਗਿਆਨ ਹੋ ਗਿਆ। ਇਸ ਲਈ ਉਹ ਆਪਣੀ ਇੱਛਾ ਅਨੁਸਾਰ ਨੂਰੀ ਨਾਸਤਲਿਕ ਫੋਂਟ ਨੂੰ ਬਦਲਣ ਯੋਗ ਵੀ ਹੋ ਗਏ। "ਜਦੋਂ ਇਹਨੂੰ ਗੁਰਮੁਖੀ ਦੇ ਸਮਾਨਾਂਤਰ ਬਣਾਇਆ ਸੀ। ਇਸ ਲਈ ਇੱਕ ਵੱਡੀ ਸਮੱਸਿਆ ਬਣੀ ਹੀ ਰਹੀ। ਕਿਉਂਕਿ ਸ਼ਾਹਮੁਖੀ ਸੱਜੇ ਤੋਂ ਖੱਬੇ ਪਾਸੇ ਨੂੰ ਲਿਖੀ ਜਾਂਦੀ ਹੈ, ਇਸ ਲਈ ਸਾਨੂੰ ਹਰੇਕ ਅੱਖਰ ਨੂੰ ਸੱਜੇ ਵੱਲ ਹੀ ਬਣਾਈ ਰੱਖਣਾ ਸੀ। ਜਿਓਂ ਕੋਈ ਰੱਸੀ ਬੱਝੇ ਡੰਗਰ ਨੂੰ ਕਿੱਲੇ ਵੱਲ ਨੂੰ ਧੂੰਹਦਾ ਹੈ ਬੱਸ ਮੈਂ ਵੀ ਉਵੇਂ ਹੀ ਹਰ ਅੱਖਰ ਨੂੰ ਖੱਬੇ ਤੋਂ ਸੱਜੇ ਵੱਲ ਖਿੱਚ ਰਿਹਾ ਸੀ,'' ਪੰਨੂ ਜੀ ਨੇ ਕਿਹਾ।

ਜਦੋਂ ਕਿਸੇ ਲਿਖਤ ਨੂੰ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ, ਤਾਂ ਮੂਲ ਭਾਸ਼ਾ ਅਤੇ ਉਹ ਭਾਸ਼ਾ ਜਿਸ ਵਿੱਚ ਲਿਪੀਅੰਤਰਣ ਹੋਵੇਗਾ, ਦੋਵਾਂ ਦਾ ਉਚਾਰਨ ਇੱਕੋ ਜਿਹਾ ਹੋਣਾ ਚਾਹੀਦਾ ਹੈ। ਪਰ ਇਨ੍ਹਾਂ ਦੋਹਾਂ ਲਿਪੀਆਂ ਵਿੱਚ ਕੁਝ ਧੁਨੀਆਂ ਅਜਿਹੀਆਂ ਸਨ ਜਿਨ੍ਹਾਂ ਲਈ ਦੂਜੀ ਲਿਪੀ ਵਿੱਚ ਕੋਈ ਅੱਖਰ ਨਹੀਂ ਸੀ। ਸ਼ਾਹਮੁਖੀ ਅੱਖਰ ਨੂਨ ن  ਦੀ ਹੀ ਉਦਾਹਰਣ ਲੈ ਲਵੋ। ਅੱਖਰ ਦੇ ਉਚਾਰਣ ਵੇਲ਼ੇ ਨੱਕ 'ਚੋਂ ਹਲਕੀ ਜਿਹੀ ਅਵਾਜ਼ ਆਉਂਦੀ ਹੈ। ਪਰ ਗੁਰਮੁਖੀ ਵਿੱਚ ਅਜਿਹਾ ਕੋਈ ਅੱਖਰ ਨਹੀਂ ਹੈ। ਅਜਿਹੀ ਹਰ ਆਵਾਜ਼ ਲਈ, ਪੰਨੂ ਜੀ ਨੇ ਮੌਜੂਦਾ ਅੱਖਰਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਅਤੇ ਨਵੇਂ ਅੱਖਰ ਬਣਾਏ।

ਪੰਨੂ ਜੀ ਹੁਣ ਗੁਰਮੁਖੀ ਦੇ 30 ਅਤੇ ਸ਼ਾਹਮੁਖੀ ਵਿੱਚ ਤਿੰਨ ਤੋਂ ਚਾਰ ਫੋਂਟਾਂ ਵਿੱਚ ਕੰਮ ਕਰਦੇ ਹਨ।

*****

ਪਿਛੋਕੜ ਤੋਂ ਕਿਸਾਨ ਪਰਿਵਾਰ ਨਾਲ਼ ਤਾਅਲੁੱਕ ਰੱਖਣ ਵਾਲ਼ੇ ਪੰਨੂ ਜੀ ਕਠਾਰੀ ਦੇ ਰਹਿਣ ਵਾਲ਼ੇ ਹਨ। ਪਿੰਡ ਵਿਚ ਉਨ੍ਹਾਂ ਦੀ 10 ਏਕੜ (ਕਿੱਲੇ) ਜ਼ਮੀਨ ਹੈ। ਤਿੰਨੋਂ ਬੱਚੇ ਇੰਜੀਨੀਅਰ ਹਨ ਅਤੇ ਕੈਨੇਡਾ ਵਿੱਚ ਰਹਿੰਦੇ ਹਨ।

ਉਹ ਪਹਿਲੀ ਵਾਰ 1958 ਵਿੱਚ ਹਥਿਆਰਬੰਦ ਪੁਲਿਸ ਬਲਾਂ ਵਿੱਚ ਭਰਤੀ ਹੋਏ। ਪੁਲਿਸ ਫੋਰਸ ਦਾ ਗਠਨ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ, ਜੋ ਕਿ ਸਾਬਕਾ ਰਾਜਾਂ ਦੀ ਯੂਨੀਅਨ ਹੈ। ਉਹ ਪਟਿਆਲਾ ਦੇ ਕਿਲ੍ਹਾ ਬਹਾਦੁਰਗੜ੍ਹ ਵਿੱਚ ਸੀਨੀਅਰ ਗ੍ਰੇਡ ਕਾਂਸਟੇਬਲ ਵਜੋਂ ਭਰਤੀ ਹੋਏ। 1962 ਦੀ ਜੰਗ ਦੌਰਾਨ ਪੰਨੂ ਜੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਹੈੱਡ ਕਾਂਸਟੇਬਲ ਸਨ। ਉਸ ਸਮੇਂ ਇਹ ਪੰਜਾਬ ਆਰਮਡ ਪੁਲਿਸ ਹੀ ਸੀ ਜੋ ਰੈਡਕਲਿਫ ਲਾਈਨ 'ਤੇ ਗਸ਼ਤ ਕਰਦੀ ਸੀ।

1965 ਵਿਚ ਪੰਜਾਬ ਹਥਿਆਰਬੰਦ ਪੁਲਿਸ ਦਾ ਸੀਮਾ ਸੁਰੱਖਿਆ ਬਲ ਵਿੱਚ ਰਲੇਵਾਂ ਹੋ ਗਿਆ ਅਤੇ ਉਨ੍ਹਾਂ ਨੂੰ ਲਾਹੌਲ ਅਤੇ ਸਪਿਤੀ ਭੇਜ ਦਿੱਤਾ ਗਿਆ। ਉਸ ਸਮੇਂ ਇਹ ਇਲਾਕਾ ਪੰਜਾਬ ਵਿੱਚ ਸੀ। ਉਨ੍ਹਾਂ ਨੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਨਾਲ਼ ਰਲ਼ ਕੇ ਬੀਐੱਸਐੱਫ਼ ਦੇ ਪੁਲ ਨਿਰਮਾਣ ਲਈ ਵੀ ਕੰਮ ਕੀਤਾ, ਬਾਅਦ ਵਿੱਚ ਉਨ੍ਹਾਂ ਦੀ ਤਰੱਕੀ ਹੋਈ ਤੇ ਉਹ ਸਬ-ਇੰਸਪੈਟਕਰ ਬਣ ਗਏ ਤੇ ਬਾਅਦ ਵਿੱਚ ਬੀਐੱਸਐੱਫ਼ ਦੇ ਅਸਿਸਟੈਂਟ ਕਮਾਂਡੈਂਟ ਬਣੇ।

Left: Pannu in uniform in picture taken at Kalyani in West Bengal, in 1984.
PHOTO • Courtesy: Kirpal Singh Pannu
He retired as Deputy Commandant in 1988 from Gurdaspur, Punjab, serving largely in the Border Security Force (BSF) in Jammu and Kashmir . With his wife, Patwant (right) in 2009
PHOTO • Courtesy: Kirpal Singh Pannu

ਖੱਬੇ ਪਾਸੇ: 1984 ਵਿੱਚ ਪੱਛਮੀ ਬੰਗਾਲ ਦੇ ਕਲਿਆਣੀ ਵਿੱਚ ਵਰਦੀ ਵਿੱਚ ਪੰਨੂ ਜੀ ਦੀ ਇੱਕ ਤਸਵੀਰ। 1988 ਵਿੱਚ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਬਤੌਰ ਡਿਪਟੀ ਕਮਾਂਡੈਂਟ ਰਿਟਾਇਰ ਹੋਏ। ਉਹ ਜ਼ਿਆਦਾਤਰ ਜੰਮੂ-ਕਸ਼ਮੀਰ ਵਿੱਚ ਸੀਮਾ ਸੁਰੱਖਿਆ ਬਲ ਵਿੱਚ ਕੰਮ ਕਰਦੇ ਰਹੇ। 2009 ਦੀ ਇੱਕ ਤਸਵੀਰ ਜਿਸ ਵਿੱਚ ਉਹ ਆਪਣੀ ਪਤਨੀ ਪਤਵੰਤ ਨਾਲ਼ ਬੈਠੇ ਹਨ

ਉਹ ਕਹਿੰਦੇ ਹਨ ਕਿ ਸਾਹਿਤ ਅਤੇ ਕਵਿਤਾ ਪ੍ਰਤੀ ਉਨ੍ਹਾਂ ਦਾ ਪਿਆਰ ਵਿਚਾਰ ਦੀ ਆਜ਼ਾਦੀ 'ਚੋਂ ਪੈਦਾ ਹੋਇਆ ਅਤੇ ਪਰਿਵਾਰ ਤੋਂ ਦੂਰ ਸਰਹੱਦ 'ਤੇ ਆਪਣਾ ਫ਼ਰਜ਼ ਨਿਭਾਉਂਦਿਆਂ ਇੱਕ ਜੁੜਾਅ ਪੈਦਾ ਹੁੰਦਾ ਰਿਹਾ। ਉਹ ਦੋ ਲਾਈਨਾਂ ਪੜ੍ਹਦੇ ਹਨ ਜੋ ਉਨ੍ਹਾਂ ਨੇ ਆਪਣੀ ਪਤਨੀ ਲਈ ਲਿਖੀਆਂ ਸਨ:

''ਪਲ ਵੀ ਸਹਿਆ ਨਾ ਜਾਵੇ ਰੇ ਤੇਰੀ ਜੁਦਾਈ ਆ ਸੱਚ ਐ
ਪਰ ਇੱਦਾ ਜੁਦਾਈਆਂ ਵਿੱਚ ਹੀ ਏ ਬੀਤ ਜਾਨੀ ਹੈ ਜ਼ਿੰਦਗੀ।''

ਇੱਕ ਪਲ ਵੀ ਨਹੀਂ ਹੁੰਦਾ ਜਦੋਂ ਮੈਂ ਤੈਨੂੰ ਸੋਚਦਿਆਂ ਨਾ ਮਰਦਾ ਹੋਵਾਂ
ਇਹ ਮੇਰੀ ਤਾਂਘ ਹੀ ਮੇਰੀ ਤਕਦੀਰ ਬਣ ਗਈ ਏ- ਸਦੀਵੀ, ਅੱਲਾਹੂ!

ਉਹ ਸੀਮਾ ਸੁਰੱਖਿਆ ਬਲ ਦੇ ਕੰਪਨੀ ਕਮਾਂਡੈਂਟ ਵਜੋਂ ਖੇਮਕਰਨ ਵਿਖੇ ਤਾਇਨਾਤ ਸਨ। ਉਸ ਸਮੇਂ ਉਨ੍ਹਾਂ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨੇ ਇੱਕ ਦਸਤੂਰ ਬਣਾਇਆ। "ਉਨ੍ਹੀਂ ਦਿਨੀਂ, ਸਰਹੱਦ ਦੇ ਦੋਵੇਂ ਪਾਸਿਆਂ ਤੋਂ ਲੋਕ ਸਰਹੱਦ 'ਤੇ ਆਉਂਦੇ ਰਹਿੰਦੇ। ਇਹ ਮੇਰੀ ਜ਼ਿੰਮੇਦਾਰੀ ਹੁੰਦੀ ਕਿ ਪਾਕਿਸਤਾਨੀ ਮਹਿਮਾਨਾਂ ਨੂੰ ਚਾਹ ਦੀ ਸੁਲਾ ਮਾਰਾਂ ਤੇ ਉਹਦੀ ਹੁੰਦੀ ਭਾਰਤੀ ਮਹਿਮਾਨਾਂ ਨੂੰ ਸੁਲਾਹ ਮਾਰਨ ਦੀ। ਦੋ-ਚਾਰ ਕੱਪ ਚਾਹ ਪੀਣ ਤੋਂ ਬਾਅਦ ਆਵਾਜ਼ ਮਿੱਠੀ ਹੋ ਜਾਂਦੀ, ਮਨ ਦੀ ਜਕੜ ਦੂਰ ਹੋ ਜਾਂਦੀ," ਉਨ੍ਹਾਂ ਕਿਹਾ।

ਕੁਝ ਸਮੇਂ ਬਾਅਦ ਉਨ੍ਹਾਂ ਨੇ ਆਪਣਾ ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਣ ਦਾ ਕੰਮ ਡਾ. ਕੁਲਬੀਰ ਸਿੰਘ ਥਿੰਦ ਨੂੰ ਦਿਖਾਇਆ। ਡਾ. ਥਿੰਦ ਨਿਊਰੋਲਾਜਿਸਟ ਹੈ ਅਤੇ ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਆਖ਼ਰਕਾਰ ਉਨ੍ਹਾਂ ਨੇ ਪੰਨੂ ਜੀ ਦਾ ਲਿਪੀਅੰਤਰਣ ਆਪਣੀ ਸ਼੍ਰੀ ਗ੍ਰੰਥ ਡਾਟ ਓਆਰਜੀ ਵੈਬਸਾਈਟ 'ਤੇ ਅਪਲੋਡ ਕੀਤਾ। ਪੰਨੂ ਜੀ ਕਹਿੰਦੇ ਹਨ, "ਇਸ ਨੂੰ ਇੰਨੇ ਸਾਲਾਂ ਤੱਕ ਇਸ ਸਾਈਟ 'ਤੇ ਰੱਖਿਆ ਗਿਆ ਸੀ।''

ਸਾਲ 2000 ਵਿੱਚ ਇੱਕ ਹੋਰ ਸਾਹਿਤਕ ਪ੍ਰਤਿਭਾ, ਡਾ ਗੁਰਬਚਨ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਬੀ ਰੂਪ ਵਿੱਚ ਫ਼ਾਰਸੀ ਅੱਖਰਾਂ ਦੀ ਵਰਤੋਂ ਕੀਤੀ। ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਪੰਨੂ ਜੀ ਵੱਲੋਂ ਤਿਆਰ ਕੀਤੇ ਪ੍ਰੋਗਰਾਮ ਦੀ ਵਰਤੋਂ ਕੀਤੀ।

Left: The cover page of Computran Da Dhanantar (Expert on Computers) by Kirpal Singh Pannu, edited by Sarvan Singh.
PHOTO • Courtesy: Kirpal Singh Pannu
Right: More pages of the Shri Guru Granth Sahib in both scripts
PHOTO • Courtesy: Kirpal Singh Pannu

ਖੱਬੇ ਪਾਸੇ: ਕੰਪਿਊਟਰਾਂ ਦਾ ਧਨੰਤਰ ਕਿਤਾਬ ਦਾ ਕਵਰ , ਜੋ ਕਿਰਪਾਲ ਸਿੰਘ ਪੰਨੂ ਦੁਆਰਾ ਲਿਖੀ ਗਈ ਸੀ ਅਤੇ ਸਰਵਣ ਸਿੰਘ ਦੁਆਰਾ ਸੰਪਾਦਿਤ ਕੀਤੀ ਗਈ। ਸੱਜੇ ਪਾਸੇ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਹੋਰ ਅੰਗ ਦੋਵੇਂ ਲਿਪੀਆਂ ਵਿੱਚ

ਇਸ ਤੋਂ ਬਾਅਦ ਪੰਨੂ ਨੇ 'ਮਹਾਨ ਕੋਸ਼' ਦਾ ਲਿਪੀਅੰਤਰਣ ਸ਼ੁਰੂ ਕੀਤਾ। ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਵਿਸ਼ਵਕੋਸ਼ ਦੀ ਸਿਰਜਣਾ ਲਈ 14 ਸਾਲ ਕੰਮ ਕੀਤਾ ਜੋ ਜ਼ਿਆਦਾਤਰ ਗੁਰਮੁਖੀ ਵਿੱਚ ਲਿਖੀ ਗਈ ਹੈ।

ਬਾਅਦ ਵਿਚ ਉਨ੍ਹਾਂ ਨੇ 1000 ਪੰਨਿਆਂ ਦੇ ਕਾਵਿ ਸੰਗ੍ਰਹਿ 'ਹੀਰ ਵਾਰਿਸ ਕੇ ਸ਼ੇਰੋਂ ਕਾ ਹਵਾਲਾ' ਨੂੰ ਗੁਰਮੁਖੀ ਵਿੱਚ ਬਦਲ ਦਿੱਤਾ।

ਸ਼ਕਰਗੜ੍ਹ ਤਹਿਸੀਲ, ਜੋ 1947 ਤੋਂ ਪਹਿਲਾਂ ਭਾਰਤ ਦੇ ਗੁਰਦਾਸਪੁਰ ਦਾ ਹਿੱਸਾ ਸੀ, ਬਾਅਦ ਵਿੱਚ ਪਾਕਿਸਤਾਨ ਚਲੀ ਗਈ। ਉੱਥੋਂ ਦੇ 27 ਸਾਲਾ ਪੱਤਰਕਾਰ ਸਬਾ ਚੌਧਰੀ ਦਾ ਕਹਿਣਾ ਹੈ ਕਿ ਇਲਾਕੇ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਹੁਣ ਪੰਜਾਬੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿਉਂਕਿ ਪਾਕਿਸਤਾਨ ਵਿੱਚ ਉਰਦੂ ਬੋਲੇ ਜਾਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਹ ਕਹਿੰਦੀ ਹਨ, "ਸਕੂਲ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਨਾ ਇੱਥੋਂ ਦੇ ਲੋਕ ਗੁਰਮੁਖੀ ਨੂੰ ਜਾਣਦੇ ਤੇ ਨਾ ਹੀ ਮੈਂ। ਸਿਰਫ਼ ਸਾਡੀਆਂ ਪਿਛਲੀਆਂ ਪੀੜ੍ਹੀਆਂ ਦੇ ਲੋਕ ਹੀ ਇਸ ਦੇ ਜਾਣਕਾਰ ਸਨ।''

ਪੰਨੂ ਜੀ ਦਾ ਪੂਰਾ ਸਫ਼ਰ ਹਮੇਸ਼ਾ ਬੁਲੰਦੀ ਵੱਲ ਨੂੰ ਨਾ ਰਿਹਾ। 2013 ਵਿੱਚ, ਕੰਪਿਊਟਰ ਸਾਇੰਸ ਦੇ ਇੱਕ ਪ੍ਰੋਫੈਸਰ ਨੇ ਦਾਅਵਾ ਕੀਤਾ ਸੀ ਕਿ ਪੰਨੂ ਦਾ ਲਿਪੀਅੰਤਰਣ ਦਾ ਕੰਮ ਦਰਅਸਲ ਉਸਦਾ ਕੰਮ ਹੈ। ਪੰਨੂ ਜੀ ਨੂੰ ਉਹਦੇ ਦਾਅਵਿਆਂ ਦਾ ਖੰਡਨ ਕਰਨ ਲਈ ਇੱਕ ਕਿਤਾਬ ਲਿਖਣੀ ਪਈ। ਉਨ੍ਹਾਂ 'ਤੇ ਮਾਣਹਾਨੀ ਦਾ ਮੁਕੱਦਮਾ ਚਲਾਇਆ ਗਿਆ। ਹਾਲਾਂਕਿ ਹੇਠਲੀ ਅਦਾਲਤ ਨੇ ਪੰਨੂ ਜੀ ਦੇ ਹੱਕ ਵਿੱਚ ਹੀ ਫ਼ੈਸਲਾ ਸੁਣਾਇਆ ਹੈ, ਪਰ ਇਹ ਫ਼ੈਸਲਾ ਹਾਲੇ ਵੀ ਅਪੀਲਾਂ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਅੱਜ, ਪੰਨੂ ਜੀ ਕੋਲ਼ ਵੰਡ ਦੇ ਸੰਤਾਪ 'ਚੋਂ ਮਿਲ਼ੇ ਜ਼ਖਮਾਂ ਨੂੰ ਰਾਜ਼ੀ ਕਰਨ ਲਈ ਆਪਣੀ ਕੀਤੀ ਮਿਹਨਤ ਤੇ ਉਹਦੇ ਨਿਕਲ਼ੇ ਨਤੀਜਿਆਂ ਤੋਂ ਖ਼ੁਸ਼ ਹੋਣ ਦੇ ਕਾਰਨ ਹਨ। ਪੰਜਾਬੀ ਭਾਸ਼ਾ ਦੀਆਂ ਇਹ ਦੋਵੇਂ ਲਿਪੀਆਂ ਸਰਹੱਦ ਦੇ ਇੱਧਰ ਤੇ ਓਧਰ ਚਮਕਦੇ ਚੰਨ ਅਤੇ ਸੂਰਜ ਵਰਗੀਆਂ ਹਨ। ਕਿਰਪਾਲ ਸਿੰਘ ਪੰਨੂ ਪਿਆਰ ਅਤੇ ਉਮੀਦ ਦੀ ਸਾਂਝੀ ਭਾਸ਼ਾ ਦੇ ਅਸਲੀ ਨਾਇਕ ਹਨ।

ਤਰਜਮਾ: ਕਮਲਜੀਤ ਕੌਰ

Amir Malik

عامر ملک ایک آزاد صحافی، اور ۲۰۲۲ کے پاری فیلو ہیں۔

کے ذریعہ دیگر اسٹوریز Amir Malik
Editor : Kavitha Iyer

کویتا ایئر گزشتہ ۲۰ سالوں سے صحافت کر رہی ہیں۔ انہوں نے ’لینڈ اسکیپ آف لاس: دی اسٹوری آف این انڈین‘ نامی کتاب بھی لکھی ہے، جو ’ہارپر کولنس‘ پبلی کیشن سے سال ۲۰۲۱ میں شائع ہوئی ہے۔

کے ذریعہ دیگر اسٹوریز Kavitha Iyer
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur