ਅਸੀਂ ਦੇਖ ਰਹੇ ਸੀ- ਪਰ ਸਾਨੂੰ ਯਕੀਨ ਨਹੀਂ ਸੀ ਆ ਰਿਹਾ। ਅਸੀਂ ਆਪਣੀ ਗੱਡੀ ਨੇੜੇ ਲੈ ਕੇ ਗਏ, ਨੀਚੇ ਉੱਤਰ ਕੇ ਵੀ ਬੜੇ ਗਹੁ ਨਾਲ ਦੇਖਿਆ। ਜੋ ਅਸੀਂ ਦੇਖ ਰਹੇ ਸੀ ਬਿਲਕੁਲ ਸੱਚ ਸੀ ਪਰ ਫਿਰ ਵੀ ਸਾਨੂੰ ਯਕੀਨ ਨਹੀਂ ਆ ਰਿਹਾ ਸੀ। ਰਤਨ ਬਿਸਵਾਸ ਨੇ 40-45 ਫੁੱਟ ਲੰਬੇ ਬਾਂਸ ਆਪਣੇ ਸਾਈਕਲ ਤੇ ਬੰਨੇ ਹੋਏ ਸਨ। ਉਹ ਇਹ ਬਾਂਸ ਲੈ ਕੇ ਸੜਕ ਦੇ ਕੰਢੇ ਕੰਢੇ ਹੁੰਦੇ ਹੋਏ ਆਪਣੇ ਘਰ ਤੋਂ 17 ਕਿਲੋਮੀਟਰ ਦੂਰ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਦੀ ਮੰਡੀ ਵਿੱਚ ਲੈ ਕੇ ਜਾਂ ਰਹੇ ਸਨ। ਜੇ ਰਾਹ ਵਿੱਚ ਬਾਂਸ ਦੇ ਸਿਰੇ ਕਿਸੇ ਪੱਥਰ, ਅੜਿੱਕੇ ਜਾਂ ਕਿਸ ਹੋਰ ਚੀਜ ਨਾਲ ਟਕਰਾ ਜਾਣ ਤਾਂ ਸੰਤੁਲਨ ਵਿਗੜ ਕੇ ਸਾਈਕਲ, ਸਾਈਕਲ ਸਵਾਰ ਤੇ ਬਾਂਸ ਸਭ ਹੇਠਾਂ ਹੁੰਦੇ ਹਨ। ਬਾਂਸ ਦੀ ਇੱਕ ਖਾਸੀਅਤ ਹੈ ਕਿ ਉਹ ਦੇਖਣ ਵਿੱਚ ਜਿੰਨਾ ਲੱਗਦੇ ਹਨ ਉਨੇ ਹਲਕੇ ਨਹੀਂ ਹੁੰਦੇ। ਇਹ ਪੰਜ ਬਾਂਸ ਚਾਰ ਹੀ ਲੱਗ ਰਹੇ ਸਨ ਕਿਉਂਕਿ ਦੋ ਬਾਂਸ ਏਨਾ ਕੱਸ ਕੇ ਬੰਨੇ ਗਏ ਸਨ ਕਿ ਉਹ ਇੱਕ ਹੀ ਲੱਗ ਰਹੇ ਸਨ। ਇਹਨਾਂ ਦਾ ਵਜਨ ਲਗਭਗ 200 ਕਿਲੋ ਹੈ ਤੇ ਇਹ ਗੱਲ ਬਿਸਵਾਸ ਬਖੂਬੀ ਜਾਣਦੇ ਹਨ। ਉਹਨਾਂ ਹੁਣ ਸਾਡੇ ਨਾਲ ਗੱਲ ਕਰ ਕੇ ਵਧੀਆ ਲੱਗਿਆ ਤੇ ਸਾਨੂੰ ਕਾਫ਼ੀ ਫੋਟੋਆਂ ਖਿੱਚਣ ਦੀ ਇਜਾਜ਼ਤ ਵੀ ਦਿੱਤੀ। ਪਰ ਸਾਨੂੰ ਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਹਨਾਂ ਨੂੰ ਇਸ ਦੀਆਂ ਸਮੱਸਿਆਵਾਂ ਦਾ ਅੰਦਾਜ਼ਾ ਹੈ।
ਅਸੀਂ ਹੈਰਾਨੀ ਨਾਲ ਪੁੱਛਿਆ ਕਿ ਤੁਸੀਂ ਸਿਰਫ਼ ਪੰਜ ਫੁੱਟ ਲੰਬੀ ਸਾਈਕਲ ਉੱਤੇ ਇੰਨੇ ਲੰਬੇ ਅਤੇ ਭਾਰੀ ਬਾਂਸ ਦਾ ਸੰਤੁਲਨ ਕਿਵੇਂ ਕਰਦੇ ਹੋ? ਉਹਨਾਂ ਨੇ ਮੁਸਕੁਰਾ ਕੇ ਸਾਨੂੰ ਬਾਂਸ ਦੇ ਚੌੜੇ ਟੋਟੇ ਦਿਖਾਏ ਜੋ ਉਹਨਾਂ ਨੇ ਸਾਈਕਲ ਦੇ ਅੱਗੇ ਲਗਾਏ ਹੋਏ ਹਨ। ਉਹਨਾਂ ਨੇ ਦੋ ਟੋਟੇ ਸਾਈਕਲ ਦੇ ਡੰਡੇ ਨਾਲ ਬੰਨੇ ਹੋਏ ਹਨ ਫਿਰ ਇਹ ਸਾਈਕਲ ਦੇ ਦੋਵੇਂ ਪਾਸੇ ਤੋਂ ਹੁੰਦੇ ਹੋਏ ਨੀਚੇ ਡੰਡੇ ਨਾਲ ਬੰਨੇ ਹੋਏ ਹਨ। ਉਹਨਾਂ ਕੋਲ ਇੱਕ ਹੋਰ ਬਾਂਸ ਦਾ ਟੋਟਾ ਹੈ ਜੋ ਉਹਨਾਂ ਨੇ ਸਾਈਕਲ ਦੇ ਕੈਰੀਅਰ ਨਾਲ ਬੰਨਿਆ ਹੋਇਆ ਹੈ।
ਦੋ ਬਾਂਸ ਉਹਨਾਂ ਨੇ ਸਾਈਕਲ ਦੇ ਪਾਸੇ ਬੰਨ ਕੇ ਅੱਗੇ ਬੰਨੇ ਹੋਏ ਬਾਂਸ ਦੇ ਟੋਟਿਆਂ ਤੇ ਅਤੇ ਪਿਛਲੇ ਬਾਂਸ ਤੇ ਟੋਟੇ ਤੇ ਟਿਕਾਏ ਹੋਏ ਹਨ। ਬਾਕੀ ਦੇ ਬਾਂਸ ਉਹਨਾਂ ਨੇ ਹੈਂਡਲ ਤੇ ਟਿਕਾ ਕੇ ਫਿਰ ਸਾਈਕਲ ਦੇ ਪਿਛਲੇ ਹਿੱਸੇ ਤੇ ਬੰਨੇ ਹੋਏ ਹਨ। ਇਸ ਤਰ੍ਹਾਂ ਬਾਂਸ ਆਓਨੀ ਥਾਂ ਤੇ ਟਿਕੇ ਰਹਿੰਦੇ ਹਨ ਪਰ ਨਾਲ ਹੀ ਸੜਕ ਤੇ ਸਾਈਕਲ ਚਲਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਤਰ੍ਹਾਂ ਸਾਈਕਲ ਚਲਾਉਣ ਲਈ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਬਿਸਵਾਸ ਲਈ ਇਹ ਕੰਮ ਆਪਣੇ ਚਾਰ ਜਣਿਆਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਬਹੁਤ ਜ਼ਰੂਰੀ ਹੈ। “ਪਰਿਵਾਰ ਵਿੱਚ ਮੈਂ, ਮੇਰੀ ਪਤਨੀ ਅਤੇ ਦੋ ਬੇਟੇ ਹਨ,” ਉਹ ਦੱਸਦੇ ਹਨ। “ਸਾਡਾ ਪਿੰਡ ਜੀਰਾਨੀਆ ਬਲਾਕ (ਪੱਛਮੀ ਤ੍ਰਿਪੁਰਾ ਜਿਲੇ ਵਿੱਚ) ਵਿੱਚ ਪੈਂਦਾ ਹੈ। ਮੈਂ ਜਦ ਵੀ ਮਿਲੇ ਤ ਦਿਹਾੜੀ ਤੇ ਉਸਾਰੀ ਦਾ ਕੰਮ ਕਰਦਾ ਹਾਂ”। ਨਹੀਂ ਤਾਂ ਕੰਮ ਦੀ ਰੁੱਤੇ ਉਹ ਖੇਤੀ ਦਾ ਕੰਮ ਕਰਦੇ ਹਨ ਜਾਂ ਫੇਰ ਕੁਲੀ ਦਾ।
“ਮੈਂ ਬਾਂਸ ਆਪ ਨਹੀਂ ਕੱਟਦਾ ਕਿਉਂਕਿ ਇਹ ਕੰਮ ਬਹੁਤ ਮੁਸ਼ਕਿਲ ਹੈ। ਮੈਂ ਇਹ ਬਾਂਸ ਉਹਨਾਂ ਲੋਕਾਂ ਤੋਂ ਖਰੀਦਦਾ ਹਾਂ ਜੋ ਸਾਡੇ ਪਿੰਡ ਇਹ ਲੈ ਕੇ ਆਉਂਦੇ ਹਨ,” ਉਹ ਦੱਸਦੇ ਹਨ। ਇਸ ਤਰ੍ਹਾਂ ਉਹ ਅਗਰਤਲਾ ਦੇ ਬਜ਼ਾਰ ਵਿੱਚ ਬਾਂਸ ਵੇਚ ਕੇ 200 ਰੁਪਏ ਦਾ ਮੁਨਾਫਾ ਕਮਾ ਲੈਂਦੇ ਹਨ। ਮੇਰੇ ਨਾਲ ਸਫ਼ਰ ਕਰ ਰਹੇ ਇੱਕ ਸਾਥੀ ਸੁਨੀਲ ਕਲਾਈ ਜੋ ਕਿ ਤ੍ਰਿਪੁਰਾ ਕੇਂਦਰੀ ਵਿਸ਼ਵਵਿਦਿਆਲੇ ਦੇ ਪੱਤਰਕਾਰਿਤਾ ਤੇ ਜਨਤਕ ਸੰਚਾਰ ਵਿਭਾਗ ਵਿੱਚ ਲੈਕਚਰਾਰ, ਦੱਸਦੇ ਹਨ ਕਿ ਇੱਥੇ ਕਈ ਛੋਟੇ ਰਸਤੇ ਵੀ ਹਨ ਜਿਨ੍ਹਾਂ ਰਾਹੀਂ ਬਿਸਵਾਸ ਜੀ ਸਫ਼ਰ ਕਰ ਸਕਦੇ ਹਨ। ਪਰ ਸ਼ਾਇਦ ਇਹਨਾਂ ਰਸਤਿਆਂ ਤੇ ਉਹਨਾਂ ਨੂੰ ਆਪਣੇ ਸਾਈਕਲ ਤੇ ਲੱਦੇ ਵਜ਼ਨ ਨੂੰ ਢੋਣ ਲਈ ਖੁੱਲੀ ਥਾਂ ਨਾ ਮਿਲੇ। ਅਸੀਂ ਆਪਣੀ ਕਾਰ ਵਿੱਚ ਬੈਠ ਕੇ ਅਗਲੇ ਜਿਲੇ ਵਿੱਚ ਅੰਬਾਸਾ ਲਈ ਨਿਕਲ ਗਏ। ਬਿਸਵਾਸ ਜੀ ਦੂਜੀ ਦਿਸ਼ਾ ਵਿੱਚ ਚੱਲ ਪਏ ਅਤੇ ਉਹਨਾਂ ਦੇ ਪਿੱਛੇ ਸਾਈਕਲ ਦੀ 40 ਫੁੱਟ ਲੰਬੀ ਪੂਛ ਹੌਲੀ ਹੌਲੀ ਲਹਿਰਾ ਰਹੀ ਸੀ।
ਤਰਜਮਾ: ਨਵਨੀਤ ਕੌਰ ਧਾਲੀਵਾਲ