ਐਤਵਾਰ ਦੀ ਸਵੇਰ ਹੈ, ਪਰ ਜਯੋਤੀਰਿੰਦਰੋ ਨਾਰਾਇਣ ਲਹੀਰੀ ਮਸ਼ਰੂਫ ਹਨ। ਹੂਗਲੀ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਮਕਾਨ ਦੇ ਖੂੰਜੇ ਵਾਲੇ ਕਮਰੇ ਵਿੱਚ ਬੈਠਿਆਂ, 50 ਸਾਲਾ ਜਯੋਤੀਰਿੰਦਰੋ 1778 ਵਿੱਚ ਮੇਜਰ ਜੇਮਜ਼ ਰੇਨੇਲ ਦੁਆਰਾ ਬਣਾਏ ਸੁੰਦਰਬਣ ਦੇ ਪਹਿਲੇ ਨਕਸ਼ੇ ‘ਤੇ ਝੁਕੇ ਹੋਏ ਹਨ।
“ਅੰਗਰੇਜ਼ਾਂ ਦੁਆਰਾ ਕੀਤੇ ਇੱਕ ਸਰਵੇ ਦੇ ਅਧਾਰ ‘ਤੇ ਬਣਿਆ ਸੁੰਦਰਬਣ ਦਾ ਇਹ ਪਹਿਲਾ ਪ੍ਰਮਾਣਿਕ ਨਕਸ਼ਾ ਹੈ। ਇਸ ਨਕਸ਼ੇ ਵਿੱਚ ਮੈਂਗਰੋਵ ਕੋਲਕਾਤਾ ਤੱਕ ਫੈਲੇ ਨਜ਼ਰ ਆਉਂਦੇ ਹਨ। ਉਦੋਂ ਤੋਂ ਹੁਣ ਤੱਕ ਬਹੁਤ ਕੁਝ ਬਦਲ ਗਿਆ ਹੈ,” ਉਂਗਲ ਨਾਲ ਨਕਸ਼ੇ ਦਾ ਖੁਰਾਖੋਜ ਲਾਉਂਦਿਆਂ ਲਹੀਰੀ ਨੇ ਕਿਹਾ। ਭਾਰਤ ਅਤੇ ਬੰਗਲਾਦੇਸ਼ ਵਿੱਚ ਫੈਲੇ ਦੁਨੀਆ ਦੇ ਸਭ ਤੋਂ ਵੱਡੇ ਮੈਂਗਰੋਵ ਦੀ ਇਹ ਥਾਂ ਭਾਵ ਸੁੰਦਰਬਣ ਇਸਦੀ ਜੀਵ ਵਿਭਿੰਨਤਾ ਅਤੇ ਸ਼ਾਹੀ ਬੰਗਾਲ ਬਾਘ (ਪੈਂਥੇਰਾ ਟਾਈਗਰਿਸ) ਲਈ ਜਾਣੀ ਜਾਂਦੀ ਹੈ।
ਉਹਨਾਂ ਦੇ ਕਮਰੇ ਦੀਆਂ ਦੀਵਾਰਾਂ ‘ਤੇ ਬਣੀਆਂ ਕਿਤਾਬਾਂ ਦੀਆਂ ਸੈਲਫਾਂ ਸੁੰਦਰਬਣ ਬਾਰੇ ਹਰ ਤਰ੍ਹਾਂ ਦੇ ਵਿਸ਼ੇ – ਪੌਦੇ, ਜੀਵ, ਰੋਜ਼ਾਨਾ ਜਿੰਦਗੀ, ਨਕਸ਼ੇ, ਐਟਲਸ ਅਤੇ ਬੱਚਿਆਂ - ਦੀਆਂ ਸੈਂਕੜੇ ਅੰਗਰੇਜ਼ੀ ਅਤੇ ਬੰਗਾਲੀ ਕਿਤਾਬਾਂ ਨਾਲ ਭਰੀਆਂ ਪਈਆਂ ਹਨ। ਇਸ ਜਗ੍ਹਾ ‘ਤੇ ਉਹ ਸੁੰਦਰਬਣ ਦੇ ਬਾਰੇ ਹਫ਼ਤਾਵਾਰੀ ਪ੍ਰਕਾਸ਼ਨ ‘ਸ਼ੁਧੂ ਸੁੰਦਰਬਣ ਚਰਚਾ’ ਲਈ ਖੋਜ ਅਤੇ ਉਸਦੇ ਅਗਲੇ ਅੰਕ ਪਲਾਨ ਕਰਦੇ ਹਨ ਜੋ ਉਹਨਾਂ ਨੇ ਆਲੀਆ ਚੱਕਰਾਵਤ (ਬਵੰਡਰ) ਦੁਆਰਾ 2009 ਵਿੱਚ ਇਸ ਇਲਾਕੇ ਵਿੱਚ ਮਚਾਈ ਤਬਾਹੀ ਤੋਂ ਬਾਅਦ ਸ਼ੁਰੂ ਕੀਤਾ ਸੀ।
“ਮੈਂ ਇਲਾਕੇ ਦੇ ਹਾਲਾਤ ਦੇਖਣ ਲਈ ਵਾਰ-ਵਾਰ ਉੱਥੇ ਗਿਆ। ਬਹੁਤ ਡਰਾਉਣੇ ਹਾਲਾਤ ਸਨ,” ਉਹ ਯਾਦ ਕਰਦੇ ਹਨ। “ਬੱਚਿਆਂ ਦਾ ਸਕੂਲ ਛੁਟ ਗਿਆ, ਲੋਕ ਬੇਘਰ ਹੋ ਗਏ, ਵੱਡੀ ਗਿਣਤੀ ਵਿੱਚ ਪੁਰਸ਼ ਪਰਵਾਸ ਕਰ ਗਏ, ਅਤੇ ਸਾਰੇ ਕੁਝ ਦੀ ਦੇਖਭਾਲ ਦਾ ਜ਼ਿੰਮਾ ਔਰਤਾਂ ਦੇ ਸਿਰ ਛੱਡ ਦਿੱਤਾ ਗਿਆ। ਲੋਕਾਂ ਦੀ ਕਿਸਮਤ ਸਿਰਫ ਇਸ ਗੱਲ ‘ਤੇ ਨਿਰਭਰ ਸੀ ਕਿ ਦਰਿਆ ਦੇ ਕੰਢੇ ਬਚੇ ਰਹਿਣਗੇ ਜਾਂ ਰੁੜ੍ਹ ਜਾਣਗੇ।”
ਲਹੀਰੀ ਮੁਤਾਬਕ ਮੀਡੀਆ ਰਿਪੋਰਟਾਂ ਵਿਰਲੀਆਂ ਅਤੇ ਸਤਹੀ ਪੱਧਰ ਦੀਆਂ ਸਨ। “ਮੀਡੀਆ ਸੁੰਦਰਬਣ ਬਾਰੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਦੁਹਰਾਉਂਦਾ ਹੈ। ਆਮ ਤੌਰ ‘ਤੇ ਤੁਹਾਨੂੰ ਬਾਘ ਦੇ ਹਮਲੇ ਜਾਂ ਬਾਰਿਸ਼ ਦਾ ਜ਼ਿਕਰ ਮਿਲੇਗਾ। ਜਦ ਬਾਰਿਸ਼ ਨਹੀਂ ਹੋ ਰਹੀ ਹੁੰਦੀ ਜਾਂ ਹੜ੍ਹ ਨਹੀਂ ਆਇਆ ਹੁੰਦਾ, ਖਬਰਾਂ ਵਿੱਚ ਸੁੰਦਰਬਣ ਦਾ ਜ਼ਿਕਰ ਨਾ ਬਰਾਬਰ ਹੁੰਦਾ ਹੈ,” ਉਹਨਾਂ ਨੇ ਕਿਹਾ। “ਆਫ਼ਤ, ਜੰਗਲੀ ਜੀਵ ਅਤੇ ਸੈਰ ਸਪਾਟਾ - ਮੀਡੀਆ ਨੂੰ ਬੱਸ ਇਹਨਾਂ ਗੱਲਾਂ ਵਿੱਚ ਹੀ ਦਿਲਚਸਪੀ ਹੈ।”
ਉਹਨਾਂ ਨੇ ਸ਼ੁਧੂ ਸੁੰਦਰਬਣ ਚਰਚਾ (ਜਿਸ ਦਾ ਸੌਖਾ ਮਤਲਬ ਸਿਰਫ਼ ਸੁੰਦਰਬਣ ਬਾਰੇ ਚਰਚਾ ਹੈ) ਦੀ ਸ਼ੁਰੂਆਤ ਇਲਾਕੇ ਬਾਰੇ ਭਾਰਤੀ ਅਤੇ ਬੰਗਲਾਦੇਸ਼ੀ ਦੋਵੇਂ ਪੱਖਾਂ ਤੋਂ ਵਿਆਪਕ ਤੌਰ ‘ਤੇ ਰਿਪੋਰਟਾਂ ਲਿਖਣ ਲਈ ਕੀਤੀ। 2010 ਤੋਂ ਲੈ ਕੇ ਹੁਣ ਤੱਕ ਉਹ ਇਸ ਮੈਗਜ਼ੀਨ ਦੇ 49 ਅੰਕ ਛਾਪ ਚੁੱਕੇ ਹਨ ਅਤੇ 50ਵਾਂ ਅੰਕ ਇਸੇ ਸਾਲ ਨਵੰਬਰ (2023) ਵਿੱਚ ਛਪਣ ਵਾਲ਼ਾ ਹੈ। “ਪਿਛਲੇ ਅੰਕ ਹਰ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਪਾਨ ਕਿਵੇਂ ਉਗਾਇਆ ਜਾਂਦਾ ਹੈ, ਸੁੰਦਰਬਣ ਦਾ ਨਕਸ਼ਾ, ਲੜਕੀਆਂ ਦੀ ਜ਼ਿੰਦਗੀ, ਹਰ ਪਿੰਡ ਦਾ ਵੇਰਵਾ, ਲੁੱਟ ਖੋਹ ਅਤੇ ਬਾਰਿਸ਼ ‘ਤੇ ਕੇਂਦਰਿਤ ਰਹੇ ਹਨ,” ਉਹਨਾਂ ਨੇ ਦੱਸਿਆ। ਇੱਕ ਅੰਕ ਵਿੱਚ ਮੀਡਆ ਸੁੰਦਰਬਣ ਬਾਰੇ ਕਿਵੇਂ ਰਿਪੋਰਟ ਕਰਦਾ ਹੈ, ਇਸ ਬਾਰੇ ਵੀ ਭਾਰਤੀ ਅਤੇ ਬੰਗਲਾਦੇਸ਼ੀ ਪੱਤਰਕਾਰਾਂ ਦੇ ਪੱਖਾਂ ਨੂੰ ਲੈ ਕੇ ਚਰਚਾ ਛਪੀ ਸੀ।
ਮੈਗਜ਼ੀਨ ਦਾ ਪਿਛਲਾ ਅੰਕ ਅਪ੍ਰੈਲ 2023 - 49ਵਾਂ ਅੰਕ - ਮੈਂਗਰੋਵ ਅਤੇ ਬਾਘਾਂ ਬਾਰੇ ਹੈ। “ਪੂਰੀ ਦੁਨੀਆ ਵਿੱਚ ਸੁੰਦਰਬਣ ਹੀ ਉਹ ਸੰਭਾਵੀ ਮੈਂਗਰੋਵ ਹਨ ਜਿੱਥੇ ਬਾਘ ਰਹਿੰਦੇ ਹਨ। ਇਸੇ ਕਰਕੇ ਅਸੀਂ ਇਹ ਅੰਕ ਇਸੇ ਵਿਸ਼ੇ ‘ਤੇ ਕੇਂਦਰਿਤ ਰੱਖਿਆ,” ਉਹਨਾਂ ਨੇ ਕਿਹਾ। 50ਵੇਂ ਅੰਕ ਦੀ ਪਲਾਨਿੰਗ ਵੀ ਸ਼ੁਰੂ ਹੋ ਗਈ ਹੈ, ਜੋ ਯੂਨੀਵਰਸਿਟੀ ਦੇ ਇੱਕ ਰਿਟਾਇਰਡ ਪ੍ਰੋਫੈਸਰ ਦੇ ਕੰਮ ਤੇ ਕੇਂਦਰਿਤ ਹੋਵੇਗਾ ਜਿਹਨਾਂ ਨੇ ਜਲਵਾਯੂ ਪਰਿਵਰਤਨ ਅਤੇ ਵਧਦੇ ਸਮੁੰਦਰੀ ਪੱਧਰ ਦੇ ਸੁੰਦਰਬਣ ‘ਤੇ ਪ੍ਰਭਾਵ ਬਾਰੇ ਖੋਜ ਕੀਤੀ ਹੈ।
“ਸਾਡੇ ਪਾਠਕ ਆਮ ਤੌਰ ‘ਤੇ ਵਿਦਿਆਰਥੀ ਅਤੇ ਖਾਸ ਡਾਟਾ ਜਾਂ ਜਾਣਕਾਰੀ ਚਾਹੁਣ ਵਾਲੇ ਯੂਨੀਵਰਸਿਟੀ ਦੇ ਖੋਜਾਰਥੀ, ਅਤੇ ਸੱਚਮੁਚ ਇਸ ਇਲਾਕੇ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਹਨ। ਸਾਡੇ 80 ਸਾਲਾ ਸਰਪ੍ਰਸਤ ਵੀ ਹਨ ਜੋ ਹਰ ਅੰਕ ਦੀ ਹਰ ਸਤਰ ਤੱਕ ਪੜ੍ਹਦੇ ਹਨ,” ਲਹੀਰੀ ਨੇ ਕਿਹਾ।
ਹਰ ਤਿਮਾਹੀ ਵੇਲ਼ੇ ਇਸ ਰਸਾਲੇ ਦੀਆਂ 1,000 ਦੇ ਕਰੀਬ ਪ੍ਰਤੀਆਂ ਛਪਦੀਆਂ ਹਨ। “ਸਾਡੇ 520-530 ਨਿਯਮਿਤ ਚੰਦਾ ਦੇਣ ਵਾਲੇ ਪਾਠਕ ਹਨ ਜੋ ਜ਼ਿਆਦਾਤਰ ਪੱਛਮੀ ਬੰਗਾਲ ਤੋਂ ਹਨ। ਮੈਗਜ਼ੀਨ ਉਹਨਾਂ ਕੋਲ ਕੋਰੀਅਰ ਰਾਹੀਂ ਭੇਜਿਆ ਜਾਂਦਾ ਹੈ। ਤਕਰੀਬਨ 50 ਕਾਪੀਆਂ ਬੰਗਲਾਦੇਸ਼ ਜਾਂਦੀਆਂ ਹਨ - ਅਸੀਂ ਇਹਨਾਂ ਕਾਪੀਆਂ ਨੂੰ ਸਿੱਧਾ ਕੋਰੀਅਰ ਨਹੀਂ ਕਰਦੇ ਕਿਉਂਕਿ ਉਹ ਬਹੁਤ ਮਹਿੰਗਾ ਪੈਂਦਾ ਹੈ,” ਲਹੀਰੀ ਨੇ ਸਮਝਾਇਆ। ਇਸ ਦੀ ਬਜਾਏ, ਬੰਗਲਾਦੇਸ਼ੀ ਪੁਸਤਕ ਵਿਕਰੇਤਾ ਕੋਲਕਾਤਾ ਦੀ ਮਸ਼ਹੂਰ ਕਾਲਜ ਸਟਰੀਟ ਤੋਂ ਕਾਪੀਆਂ ਖਰੀਦ ਕੇ ਮੁੜਦੇ ਹੋਏ ਆਪਣੇ ਦੇਸ਼ ਲੈ ਜਾਂਦੇ ਹਨ। “ਅਸੀਂ ਬੰਗਲਾਦੇਸ਼ੀ ਲੇਖਕਾਂ ਅਤੇ ਫੋਟੋਗ੍ਰਾਫਰਾਂ ਦਾ ਕੰਮ ਵੀ ਛਾਪਦੇ ਹਾਂ,” ਉਹਨਾਂ ਨੇ ਦੱਸਿਆ।
ਮੈਗਜ਼ੀਨ ਛਾਪਣਾ ਕਾਫ਼ੀ ਮਹਿੰਗਾ ਕੰਮ ਹੈ ਕਿਉਂਕਿ ਚਿਕਨੇ ਸਫ਼ੇ ‘ਤੇ ਬਲੈਕ ਐਂਡ ਵਾਈਟ ਛਪਾਈ ਤੋਂ ਪਹਿਲਾਂ ਹਰ ਐਡੀਸ਼ਨ ਨੂੰ ਟਾਈਪਸੈਟ ਕੀਤਾ ਜਾਂਦਾ ਹੈ। “ਇਸ ਦੇ ਨਾਲ ਹੀ ਸਿਆਹੀ, ਕਾਗਜ਼ ਅਤੇ ਢੋਆ-ਢੁਆਈ ਦਾ ਖਰਚਾ ਪੈਂਦਾ ਹੈ। ਪਰ ਸਾਡੀ ਐਡਿਟਿੰਗ ਦਾ ਜ਼ਿਆਦਾ ਖਰਚਾ ਨਹੀਂ ਕਿਉਂਕਿ ਅਸੀਂ ਸਾਰਾ ਕੁਝ ਆਪ ਹੀ ਕਰਦੇ ਹਾਂ,” ਲਹੀਰੀ ਨੇ ਦੱਸਿਆ ਜਿਹਨਾਂ ਦੀ 48 ਸਾਲਾ ਪਤਨੀ ਸਰੀਜੋਨੀ ਸ਼ਾਧੂਖਾਂ, 22 ਸਾਲਾ ਬੇਟੀ ਰਿਤੋਜਾ ਅਤੇ 15 ਸਾਲਾ ਬੇਟਾ ਓਰਚਿਸ਼ਮਾਨ ਉਹਨਾਂ ਦੀ ਮਦਦ ਕਰਦੇ ਹਨ। ਸੰਪਾਦਕੀ ਟੀਮ ਵਿੱਚ 15-16 ਮੈਂਬਰ ਹਨ ਜੋ ਆਪਣਾ ਸਮਾਂ ਤੇ ਮਿਹਨਤ ਬਿਨ੍ਹਾਂ ਪੈਸਿਆਂ ਦੇ ਲਾਉਂਦੇ ਹਨ। “ਸਾਡੇ ਕੋਲ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਸਾਧਨ ਨਹੀਂ। ਜੋ ਆਪਣੇ ਸਮੇਂ ਅਤੇ ਮਿਹਨਤ ਦਾ ਯੋਗਦਾਨ ਪਾਉਂਦੇ ਹਨ ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਮੈਗਜ਼ੀਨ ਵਿੱਚ ਚੁੱਕੇ ਜਾਂਦੇ ਮੁੱਦਿਆਂ ਬਾਰੇ ਚਿੰਤਤ ਹਨ,” ਉਹਨਾਂ ਨੇ ਕਿਹਾ।
ਮੈਗਜ਼ੀਨ ਦੀ ਹਰ ਕਾਪੀ ਦੀ ਕੀਮਤ 150 ਰੁਪਏ ਹੈ। “ਜੇ ਸਾਡਾ ਆਪਣਾ ਖਰਚ 80 ਰੁਪਏ ਹੈ, ਤਾਂ ਸਾਨੂੰ (ਹਰ ਕਾਪੀ) 150 ਰੁਪਏ ਦੀ ਹੀ ਵੇਚਣੀ ਪਵੇਗੀ ਕਿਉਂਕਿ ਸਾਨੂੰ ਸਟਾਲ ਮਾਲਕਾਂ ਨੂੰ ਸਿੱਧਾ 35 ਫ਼ੀਸਦ ਕਮਿਸ਼ਨ ਦੇਣਾ ਪੈਂਦਾ ਹੈ,” ਛਪਾਈ ਦੇ ਖਰਚੇ ਬਾਰੇ ਦੱਸਦਿਆਂ ਲਹੀਰੀ ਨੇ ਕਿਹਾ।
ਤਕਰੀਬਨ ਹਰ ਦਿਨ, ਲਹੀਰੀ ਅਤੇ ਉਹਨਾਂ ਦਾ ਪਰਿਵਾਰ ਇਲਾਕੇ ਬਾਰੇ ਖਬਰਾਂ ਲਈ ਛੇ ਬੰਗਾਲੀ ਅਤੇ ਤਿੰਨ ਅੰਗਰੇਜ਼ੀ ਅਖਬਾਰਾਂ ਤੇ ਨਜ਼ਰਸਾਨੀ ਕਰਦੇ ਹਨ। ਕਿਉਂਕਿ ਉਹ ਖ਼ੁਦ ਇਲਾਕੇ ਦੀ ਇੱਕ ਪ੍ਰਮਾਣਿਤ ਆਵਾਜ਼ ਮੰਨੇ ਜਾਂਦੇ ਹਨ, ਇਸ ਲਈ ਖਬਰਾਂ - ਉਦਾਹਰਨ ਲਈ ਬਾਘ ਦੇ ਹਮਲੇ - ਅਕਸਰ ਸਿੱਧੀਆਂ ਉਹਨਾਂ ਕੋਲ ਪਹੁੰਚ ਜਾਂਦੀਆਂ ਹਨ। ਲਹਿਰੀ ਪਾਠਕਾਂ ਦੁਆਰਾ ਅਖਬਾਰਾਂ ਦੇ ਸੰਪਾਦਕਾਂ ਨੂੰ ਲਿਖੀਆਂ ਚਿੱਠੀਆਂ ਵੀ ਇਕੱਤਰ ਕਰਦੇ ਹਨ। “ਪਾਠਕ ਭਾਵੇਂ ਅਮੀਰ ਜਾਂ ਤਾਕਤਵਰ ਨਾ ਹੋਣ ਪਰ ਉਹਨਾਂ ਨੂੰ ਵਿਸ਼ੇ ਦਾ ਪਤਾ ਹੈ ਅਤੇ ਉਹ ਸਹੀ ਸਵਾਲ ਕਰਦੇ ਹਨ,” ਉਹਨਾਂ ਕਿਹਾ।
ਸਿਰਫ਼ ਮੈਗਜ਼ੀਨ ਹੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ। ਹਰ ਦਿਨ ਉਹ 180 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਾਲ ਲਗਦੇ ਪੂਰਬੋ ਬਰਧੋਮਾਨ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਪੰਜਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭੂਗੋਲ ਪੜ੍ਹਾਉਣ ਲਈ ਜਾਂਦੇ ਹਨ। “ਮੈਂ ਸਵੇਰੇ 7 ਵਜੇ ਘਰੋਂ ਨਿਕਲਦਾ ਹਾਂ ਅਤੇ ਸ਼ਾਮੀਂ 8 ਵਜੇ ਤੋਂ ਬਾਅਦ ਹੀ ਘਰ ਮੁੜਦਾ ਹਾਂ। ਪ੍ਰਿੰਟਿੰਗ ਪ੍ਰੈਸ ਬਰਧੋਮਾਨ ਸ਼ਹਿਰ ਵਿੱਚ ਹੈ, ਇਸ ਲਈ ਜੇ ਉੱਥੇ ਕੋਈ ਕੰਮ ਕਰਨ ਵਾਲਾ ਹੋਵੇ ਤਾਂ ਮੈਂ ਉੱਥੇ ਰੁਕ ਜਾਂਦਾ ਹਾਂ ਅਤੇ ਦੇਰ ਸ਼ਾਮ ਘਰ ਪਹੁੰਚਦਾ ਹਾਂ,” 26 ਸਾਲਾਂ ਤੋਂ ਪੜ੍ਹਾ ਰਹੇ ਲਹੀਰੀ ਨੇ ਦੱਸਿਆ। “ਮੈਨੂੰ ਪੜ੍ਹਾਉਣ ਦਾ ਜਨੂੰਨ ਹੈ, ਬਿਲਕੁਲ ਮੈਗਜ਼ੀਨ ਵਾਂਗ ਹੀ,” ਉਹਨਾਂ ਕਿਹਾ।
ਤਰਜਮਾ: ਅਰਸ਼ਦੀਪ ਅਰਸ਼ੀ