''ਇਹ ਰਿਹਾ ਤੁਹਾਡਾ ਤੋਹਫ਼ਾ,'' ਗੁਮਲਾ ਜ਼ਿਲ੍ਹੇ ਦੀ ਤੇਤਰਾ ਗ੍ਰਾਮ ਪੰਚਾਇਤ ਦੀ ਸਰਪੰਚ ਟੇਰੇਸਾ ਲਕੜਾ ਨੂੰ ਸਥਾਨਕ 'ਲਾਭਪਾਤਰੀ ਕਮੇਟੀ' ਦੇ ਮੈਂਬਰ, ਬਿਹਾਰੀ ਲਕੜਾ ਨੇ ਧੱਕੇ ਨਾਲ਼ 5,000 ਰੁਪਏ ਫੜ੍ਹਾਉਂਦਿਆਂ ਕਿਹਾ। ਟੇਰੇਸਾ ਨੂੰ ਇਸ ਗੱਲ ਦਾ ਅੰਦਾਜ਼ਾ ਤੱਕ ਨਹੀਂ ਸੀ ਕਿ 'ਗਿਫ਼ਟ' ਦੇ ਰੂਪ ਵਿੱਚ ਨਕਦ 5,000 ਰੁਪਏ ਦਿੱਤੇ ਗਏ ਹਨ। ਹਕੀਕਤ ਤਾਂ ਇਹ ਹੈ ਕਿ ਉਨ੍ਹਾਂ ਨੂੰ ਪੈਸੇ ਮਿਲ਼ੇ ਵੀ ਨਹੀ ਸਨ- ਅਤੇ ਉਸੇ ਪਲ, ਰਾਂਚੀ ਭ੍ਰਿਸ਼ਟਾਚਾਰ ਰੋਕੂ ਬਿਓਰੋ (ਏਸੀਬੀ) ਦੀ ਇੱਕ ਟੀਮ ਨੇ ਸਰਪੰਚ ਨੂੰ ਘੇਰ ਲਿਆ ਤੇ ''ਗ਼ੈਰ-ਕਨੂੰਨੀ ਰਿਸ਼ਵਤ'' ਲੈਣ ਦੀ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।
ਇਸ ਕਾਰਵਾਈ ਨੇ ਓਰਾਂਵ ਕਬੀਲੇ ਦੀ ਆਦਿਵਾਸੀ, 48 ਸਾਲਾ ਟੇਰੇਸਾ ਨੂੰ ਤਾਂ ਅੰਦਰੋਂ ਤੋੜ ਸੁੱਟਿਆ ਹੀ, ਨਾਲ਼ ਹੀ ਝਾਰਖੰਡ ਦੇ ਬਸਿਆ ਬਲਾਕ, ਜਿੱਥੇ ਉਨ੍ਹਾਂ ਦੀ ਪੰਚਾਇਤ ਸਥਿਤ ਹੈ ਦੇ 80,000 ਤੋਂ ਵੱਧ ਲੋਕਾਂ ਨੂੰ ਵੀ ਹਿਲਾ ਛੱਡਿਆ। ਕਿਸੇ ਨੂੰ ਵੀ ਇਹ ਗੱਲ ਅਜੀਬ ਨਾ ਲੱਗੀ ਕਿ 5000 ਰੁਪਏ ਦੀ ਰਿਸ਼ਤਵ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰੀ ਕਰਨ ਖ਼ਾਤਰ ਏਸੀਬੀ ਦੀ ਇੱਕ ਟੀਮ ਲਗਭਗ 100 ਕਿਲੋਮੀਟਰ ਦੂਰੀ ਤੈਅ ਕਰਕੇ ਰਾਂਚੀ ਤੋਂ ਇੱਥੇ ਆ ਧਮਕੀ ਸੀ। ਮੈਨੂੰ ਖ਼ੁਦ ਐੱਸਯੂਵੀ ਰਾਹੀਂ ਇੰਨੀ ਦੂਰੀ ਤੈਅ ਕਰਨ ਵਿੱਚ 2 ਘੰਟੇ ਲੱਗੇ ਸਨ। ਹਾਲਾਂਕਿ ਜਿਹੜੇ ਜੱਜ ਅੱਗੇ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਸੀ, ਉਹਨੇ ਵੀ ਇਸ ਗੱਲ 'ਤੇ ਟਿੱਪਣੀ ਕੀਤੀ। ਏਸੀਬੀ ਦੀ ਟੀਮ ਨੂੰ ਕਾਰ ਰਾਹੀਂ ਦੋਵੇਂ ਪਾਸੀਂ ਦਾ ਸਫ਼ਰ ਕਰਨ ਵਿੱਚ 5 ਘੰਟੇ ਲੱਗੇ ਹੋਣੇ ਤੇ ‘ਰਿਸ਼ਵਤ’ ਦੀ ਉਸ ਰਕਮ ਨਾਲ਼ੋਂ ਅੱਧਾ ਤਾਂ ਤੇਲ ਦਾ ਖਰਚਾ ਪੈ ਹੀ ਗਿਆ ਹੋਣਾ, ਬਾਕੀ ਖ਼ਰਚਿਆਂ ਦੀ ਤਾਂ ਗੱਲ ਹੀ ਕਿਧਰੇ ਰਹੀ।
ਨਾ ਹੀ ਕਿਸੇ ਨੂੰ ਇਸ ਗੱਲੋਂ ਹੀ ਹੈਰਾਨੀ ਹੋਈ ਕਿ ਟੇਰੇਸਾ ਨੂੰ ਉਨ੍ਹਾਂ ਦੇ ਕੁਝ ਗ੍ਰਾਮ ਪੰਚਾਇਤ ਸਾਥੀ ਹੀ ਘਟਨਾਸਥਲ ਲੈ ਕੇ ਗਏ। ਇਹੀ ਉਹ ਲੋਕ ਸਨ ਜਿਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਖ਼ਿਲਾਫ਼ ਗਵਾਹੀ ਵੀ ਦਿੱਤੀ। ਟੇਰੇਸਾ ਨੂੰ ਇਸ ਗੱਲ ਤੋਂ ਵੀ ਕੋਈ ਖ਼ਾਸ ਹੈਰਾਨੀ ਨਹੀਂ ਹੋਈ ਕਿ ਗ੍ਰਿਫ਼ਤਾਰ ਕਰਨ ਵਾਲ਼ੀ ਟੀਮ, ਜਿਵੇਂ ਕਿ ਉਹ ਖ਼ੁਦ ਦੱਸਦੀ ਹਨ,''ਮੈਨੂੰ ਬਸਿਆ ਪੁਲਿਸ ਥਾਣੇ ਨਹੀਂ ਲੈ ਕੇ ਗਈ।'' ਜਿਸ ਥਾਵੇਂ ਇਹ ਡਰਾਮਾ ਰਚਿਆ ਗਿਆ ਸੀ, ਉੱਥੋਂ ਮਹਿਜ ਕੁਝ ਕੁ ਮੀਟਰ ਦੂਰ ਪੈਂਦੇ ਪੁਲਿਸ ਸਟੇਸ਼ਨ ਲਿਜਾਣ ਦੀ ਬਜਾਇ,''ਉਹ ਮੈਨੂੰ ਕਰੀਬ 10-15 ਕਿਲੋਮੀਟਰ ਦੂਰ ਕਾਮਡਾਰਾ ਬਲਾਕ ਦੇ ਪੁਲਿਸ ਸਟੇਸ਼ਨ ਲੈ ਗਏ।''
ਇਹ ਜੂਨ 2017 ਦੇ ਆਸਪਾਸ ਦੀ ਗੱਲ ਸੀ।
ਬੀਤੇ ਵਰਤਾਰੇ ਨੂੰ ਚੇਤੇ ਕਰਦਿਆਂ ਟੇਰੇਸਾ, ਜਿਨ੍ਹਾਂ ਨੇ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੈ, ਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਭ ਇਸ ਲਈ ਕੀਤਾ ਗਿਆ ਸੀ ਕਿਉਂਕਿ,''ਬਸਿਆ ਪੁਲਿਸ ਸਟੇਸ਼ਨ ਵਿਖੇ ਹਰ ਕੋਈ ਮੈਨੂੰ ਜਾਣਦਾ ਹੈ। ਉਨ੍ਹਾਂ ਨੂੰ ਪਤਾ ਮੈਂ ਅਪਰਾਧੀ ਨਹੀਂ।'' ਇਹ ਸਭ ਸਮਝਦੇ ਹੋਏ, ਉਨ੍ਹਾਂ ਦਾ ਕੇਸ ਰਾਂਚੀ ਦੀ ਵਿਸ਼ੇਸ਼ ਅਦਾਲਤ ਸਾਹਮਣੇ ਰੱਖਿਆ ਗਿਆ।
ਜ਼ਮਾਨਤ 'ਤੇ ਰਿਹਾਅ ਹੋਣ ਤੋਂ ਪਹਿਲਾਂ ਟੇਰੇਸਾ ਲਕੜਾ ਨੇ ਦੋ ਮਹੀਨੇ ਤੇ ਬਾਰ੍ਹਾਂ ਦਿਨ ਜੇਲ੍ਹ ਅੰਦਰ ਬਿਤਾਏ। ਗ੍ਰਿਫ਼ਤਾਰੀ ਹੋਇਆਂ ਅਜੇ ਤਿੰਨ ਦਿਨ ਹੀ ਹੋਏ ਸਨ ਕਿ ਉਨ੍ਹਾਂ ਨੂੰ ਆਪਣੀ ਸਰਪੰਚੀ ਦੇ ਅਹੁਦੇ (ਝਾਰਖੰਡ ਵਿੱਚ 'ਮੁਖੀਆ' ਕਿਹਾ ਜਾਂਦਾ ਹੈ) ਤੋਂ ਮੁਅੱਤਲ ਕਰ ਦਿੱਤਾ। ਪੰਚਾਇਤ ਵਿੱਚ ਉਨ੍ਹਾਂ ਦੀ ਤਾਕਤ ਉਸੇ ਵੇਲ਼ੇ ਉਪ-ਸਰਪੰਚ, ਗੋਵਿੰਦਾ ਬੜਾਇਕ ਕੋਲ਼ ਚਲੀ ਗਈ, ਜਿਨ੍ਹਾਂ ਨੇ ਟੇਰੇਸਾ ਨੂੰ ਲਗਾਤਾਰ ਫ਼ੋਨ ਕਰ ਕਰ ਕੇ ਫ਼ੌਰਨ ਹੀ ਬਸਿਆ ਪੰਚਾਇਤ ਦਫ਼ਤਰ ਆਉਣ ਲਈ ਕਿਹਾ ਸੀ।
ਉਨ੍ਹਾਂ ਦੇ ਜੇਲ੍ਹ ਵਿੱਚ ਰਹਿੰਦਿਆਂ ਬਹੁਤ ਸਾਰੇ ਪਟਿਆਂ ਤੇ ਠੇਕਿਆਂ (ਇਕਰਾਰਨਾਮੇ) 'ਤੇ ਦਸਤਖ਼ਤ ਕੀਤੇ ਗਏ ਅਤੇ ਲੋਕਾਂ ਨੂੰ ਸਪੁਰਦ ਕੀਤੇ ਗਏ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਸਭ ਪਟੇ ਤੇ ਠੇਕੇ ਕਿਹੜੇ ਸਬੰਧ ਵਿੱਚ ਸਨ।
*****
ਇਸ ਡਰਾਮੇ ਤੇ ਉਪਰੰਤ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਟੇਰੇਸਾ, ਉਨ੍ਹਾਂ ਦੇ ਪਤੀ ਤੇ ਦੋ ਬੇਟੀਆਂ ਨੂੰ ਹਲ਼ੂਣ ਕੇ ਰੱਖ ਦਿੱਤਾ। ਉਨ੍ਹਾਂ ਸਾਨੂੰ ਦੱਸਿਆ,''ਵੱਡੀ ਧੀ ਸਰਿਤਾ 25 ਸਾਲਾਂ ਦੀ ਹੈ ਤੇ ਵਿਆਹੀ ਹੋਈ ਹੈ। ਉਹਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ।'' ਛੋਟੀ ਬੇਟੀ, ਐਂਜਲਾ, 18 ਸਾਲਾਂ ਦੀ ਹੈ ਤੇ ਇਸ ਵੇਲ਼ੇ 12ਵੀਂ ਦੀ ਪੜ੍ਹਾਈ ਕਰ ਰਹੀ ਹੈ ਤੇ ਅੱਗੇ ਪੜ੍ਹਨ ਦੀ ਚਾਹਵਾਨ ਹੈ। ਟੇਰੇਸਾ ਦੇ ਪਤੀ ਰਾਜੇਸ਼ ਲਕੜਾ ਪਰਿਵਾਰ ਵਿੱਚੋਂ ਪਹਿਲੇ ਹਨ ਜਿਨ੍ਹਾਂ ਕਾਲਜ ਦੀ ਪੜ੍ਹਾਈ ਕੀਤੀ। ਆਪਣੀ ਬੀ.ਕਾਮ ਦੀ ਪੜ੍ਹਾਈ ਦੇ ਬਾਵਜੂਦ ਉਨ੍ਹਾਂ ਨੇ ਤੇ ਟੇਰੇਸਾ ਨੇ ਫ਼ੈਸਲਾ ਕੀਤਾ ਕਿ ਉਹ ਸ਼ਹਿਰਾਂ ਨੂੰ ਪ੍ਰਵਾਸ ਨਹੀਂ ਕਰਨਗੇ ਤੇ ਇੱਥੇ ਤੇਤਰਾ ਰਹਿ ਕੇ ਖੇਤੀ ਕਰਨਗੇ।
ਪਹਿਲਾਂ ਉਨ੍ਹਾਂ ਨੇ ਸਰਪੰਚੀ ਦੇ ਅਹੁਦੇ ਤੋਂ ਹਟਾਏ ਜਾਣ ਤੇ ਫਿਰ ਕੈਦ ਕੱਟਣ ਦਾ ਸੰਤਾਪ ਹੰਢਾਇਆ ਪਰ ਹਿੰਮਤ ਨਾ ਹਾਰੀ। ਹਿਰਖੇ ਮਨ ਨਾਲ਼ ਉਹ ਕਹਿੰਦੀ ਹਨ,''ਮੈਂ ਤਬਾਹ ਹੋ ਚੁੱਕੀ ਸਾਂ ਤੇ ਨਿਰਾਸ਼ਾ ਨੇ ਮੈਨੂੰ ਘੇਰ ਲਿਆ ਹੋਇਆ ਸੀ।'' ਪਰ ਜੇਲ੍ਹ ਤੋਂ ਬਾਹਰ ਆਉਂਦਿਆਂ ਉਨ੍ਹਾਂ ਨੇ ਆਪਣੇ ਖ਼ਿਲਾਫ਼ ਰਚੀ ਸਾਜ਼ਿਸ਼ ਦਾ ਭਾਂਡਾ ਭੰਨਣ ਬਾਰੇ ਸੋਚਿਆ।
ਤੇਤਰਾ ਪਿੰਡ ਵਿਖੇ ਉਨ੍ਹਾਂ ਮੈਨੂੰ ਦੱਸਿਆ,''ਮੈਂ ਖ਼ੁਦ ਦੇ ਗ਼ੈਰ-ਕਨੂੰਨੀ ਤਰੀਕੇ ਨਾਲ਼ ਅਹੁਦੇ ਤੋਂ ਹਟਾਏ ਜਾਣ ਨੂੰ ਲੈ ਲੜਾਈ ਵਿੱਢ ਦਿੱਤੀ।'' ਅਜੇ ਅਦਾਲਤੀ ਕਾਰਵਾਈ ਵੀ ਸ਼ੁਰੂ ਨਹੀਂ ਹੋਈ ਸੀ ਕਿ ਉਨ੍ਹਾਂ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ, ਫ਼ੈਸਲਾ ਆਉਣਾ ਤਾਂ ਅਜੇ ਬੜੀ ਦੂਰ ਦੀ ਗੱਲ ਸੀ। ਤੇਰੇਸਾ ਨੇ ਹਾਰ ਨਹੀਂ ਮੰਨੀ ਤੇ ਆਪਣੀ ਲੜਾਈ ਰਾਜ ਚੋਣ ਕਮਿਸ਼ਨ (ਐੱਸਈਸੀ) ਕੋਲ਼ ਲੈ ਗਈ ਤੇ ਖ਼ੁਦ ਨੂੰ ਅਹੁਦਿਓਂ ਲਾਹੁਣ ਦੇ ਗ਼ੈਰ-ਕਨੂੰਨੀ ਢੰਗ ਨੂੰ ਲੈ ਕੇ ਨੌਕਰਸ਼ਾਹੀ ਦਾ ਵੀ ਸਾਹਮਣਾ ਕੀਤਾ।
''ਮੈਂ ਮਹੀਨਿਆਂ-ਬੱਧੀ ਰਾਂਚੀ ਦੇ ਐੱਸਈਸੀ ਤੇ ਹੋਰ ਦਫ਼ਤਰਾਂ ਦੇ 12-14 ਵਾਰੀਂ ਗੇੜੇ ਮਾਰੇ ਹੋਣੇ। ਇਸ ਸਭ ਵਿੱਚ ਮੈਨੂੰ ਕਾਫ਼ੀ ਖਰਚਾ ਵੀ ਝੱਲਣਾ ਪਿਆ,'' ਟੇਰੇਸਾ ਕਹਿੰਦੀ ਹਨ। ਫਿਰ ਵੀ ਹਮੇਸ਼ਾ ਵਾਂਗ ਦੇਰ ਨਾਲ਼ ਹੀ ਸਹੀ, ਅਖ਼ੀਰ ਨਿਆ ਮਿਲ਼ਿਆ। ਘੱਟੋ-ਘੱਟ ਤ੍ਰਾਸਦੀ ਦੇ ਇਸ ਪੱਖ ਨੂੰ ਦੇਖੀਏ ਤਾਂ ਇਹ ਨਿਆ ਹੀ ਸੀ। ਨਿਆ ਮਿਲ਼ਣ ਵਿੱਚ ਭਾਵੇਂ ਇੱਕ ਸਾਲ ਲੱਗ ਗਿਆ ਪਰ ਉਹ ਮੁਖੀਆ ਦੇ ਅਹੁਦੇ 'ਤੇ ਬਹਾਲੀ ਦੇ ਆਦੇਸ਼ ਨਾਲ਼ ਸਾਹਮਣੇ ਆਈ ਅਤੇ ਉਪ-ਸਰਪੰਚ ਗੋਵਿੰਦਾ ਬੜਾਇਕ, ਜਿਨ੍ਹਾਂ ਨੇ ਟੇਰੇਸਾ ਦੇ ਜੇਲ੍ਹ ਹੁੰਦਿਆਂ ਸੱਤ੍ਹਾ ਸੰਭਾਲ਼ੀ ਸੀ, ਨੂੰ ਉਨ੍ਹਾਂ ਦੀ ਜਗ੍ਹਾ ਦਿਖਾਈ।
ਇਨ੍ਹਾਂ ਸਾਰੇ ਖਰਚਿਆਂ ਦਾ ਬੋਝ ਅਜਿਹੇ ਇੱਕ ਪਰਿਵਾਰ ਨੇ ਝੱਲਿਆ ਜਿਨ੍ਹਾਂ ਕੋਲ਼ ਪੰਜ ਏਕੜ ਵਰਖਾ ਅਧਾਰਤ ਜ਼ਮੀਨ ਸੀ, ਜਿਸ ਤੋਂ ਉਨ੍ਹਾਂ ਦੀ ਸਾਲ ਦੀ 2 ਲੱਖ ਰੁਪਏ ਤੋਂ ਵੱਧ ਦੀ ਕਮਾਈ ਨਹੀਂ ਹੁੰਦੀ। ਉਹ ਬਜ਼ਾਰ ਵੇਚਣ ਵਾਸਤੇ ਚੌਲ਼, ਰਾਗੀ ਤੇ ਮਾਂਹ ਦੀ ਦਾਲ ਉਗਾਉਂਦੇ ਹਨ ਤੇ ਆਪਣੇ ਵਾਸਤੇ ਮੂੰਗਫ਼ਲੀ, ਮੱਕੀ, ਆਲੂ ਤੇ ਪਿਆਜ਼ ਉਗਾਉਂਦੇ ਹਨ।
ਪਰ ਗ਼ੈਰ-ਕਨੂੰਨੀ ਤਰੀਕੇ ਨਾਲ਼ ਅਹੁਦੇ ਤੋਂ ਲਾਹੇ ਜਾਣ ਦੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਐੱਸਈਸੀ ਵੱਲੋਂ ਮਿਲ਼ਿਆ ਆਦੇਸ਼ ਕਿਸੇ ਜਿੱਤ ਤੋਂ ਘੱਟ ਨਹੀਂ ਸੀ।
ਹਲਕੀ ਜਿਹੀ ਮੁਸਕਾਨ ਨਾਲ਼ ਟੇਰੇਸਾ ਕਹਿੰਦੀ ਹਨ,''ਬਲਾਕ ਵਿਕਾਸ ਅਫ਼ਸਰ (ਬੀਡੀਓ) ਬਸਿਆ ਨੇ ਆਦੇਸ਼ 'ਤੇ ਤੁਰਤ-ਫੁਰਤ ਕਾਰਵਾਈ ਕੀਤੀ ਅਤੇ ਐੱਸਈਸੀ ਦੇ ਨਿਰਦੇਸ਼ ਦੇ ਇੱਕ ਹਫ਼ਤੇ ਬਾਅਦ ਮੈਨੂੰ ਮੁਖੀਆ ਦੇ ਅਹੁਦੇ 'ਤੇ ਬਹਾਲ ਕਰ ਦਿੱਤਾ ਗਿਆ।'' ਇਹ ਸਤੰਬਰ 2018 ਦੀ ਗੱਲ ਹੈ।
ਤਖ਼ਤਾਪਲਟੀ ਤੋਂ ਬਚ ਕੇ ਨਿਕਲ਼ੀ ਟੇਰੇਸਾ ਕੁੱਲ ਮਿਲ਼ਾ ਕੇ ਸੱਤ ਸਾਲ ਦੇ ਕਰੀਬ ਮੁਖੀਆ ਰਹੀ। ਉਨ੍ਹਾਂ (ਟੇਰੇਸਾ) ਦਾ ਪੰਜ ਸਾਲਾ ਕਾਰਜਕਾਲ ਮੁੱਕਣ ਹੀ ਵਾਲ਼ਾ ਸੀ ਕਿ ਕੋਵਿਡ-19 ਨੇ ਪੈਰ ਪਸਾਰ ਲਏ। ਮਹਾਂਮਾਰੀ ਦੌਰਾਨ ਪੰਚਾਇਤੀ ਚੋਣਾਂ ਨੂੰ ਰੋਕ ਦਿੱਤਾ ਗਿਆ, ਇਸ ਸਮੇਂ ਨੇ ਤੇਤਰਾ ਗ੍ਰਾਮ ਪੰਚਾਇਤ ਭਾਵ 5,000 ਦੇ ਕਰੀਬ ਲੋਕਾਂ ਦੀ ਮੁਖੀਆ ਵਜੋਂ ਉਨ੍ਹਾਂ ਦੇ ਕਾਰਜਕਾਲ ਨੂੰ ਦੋ ਸਾਲ ਵਧਾ ਦਿੱਤਾ ਗਿਆ। ਸਰਕਾਰੀ ਰਿਕਾਰਡ ਵਿੱਚ ਸੱਤ ਸਾਲ ਤੱਕ ਉਨ੍ਹਾਂ ਦਾ ਨਾਮ ਮੁਖੀਆ ਦੇ ਰੂਪ ਵਿੱਚ ਦਰਜ ਰਹੇਗਾ, ਜਿਸ ਵਿੱਚ ਉਹ ਸਾਲ ਵੀ ਸ਼ਾਮਲ ਹਨ ਜਦੋਂ ਉਹ ਰਾਜਨੀਤਕ ਕੁਚੱਕਰ ਨਾਲ਼ ਜੂਝ ਰਹੀ ਸਨ।
ਟੇਰੇਸਾ ਪੂਰੀ ਪੰਚਾਇਤ ਵਿੱਚ ਇਸ ਗੱਲੋਂ ਮਸ਼ਹੂਰ ਹਨ ਕਿ ਉਨ੍ਹਾਂ ਨੇ ਆਪਣੀ ਪੰਚਾਇਤ ਦੇ ਸੋਲੰਗਬੀਰਾ ਪਿੰਡ ਵਿਖੇ ਪੱਥਰ ਦੀ ਗਿੱਟੀ ਕੱਢਣ ਲਈ ਨੇੜਲੀ ਇੱਕ ਪਹਾੜੀ ਨੂੰ ਖਣਨ ਦੇ ਇਰਾਦੇ ਨਾਲ਼ ਪਟੇ 'ਤੇ ਮੰਗਣ ਵਾਲ਼ੇ ਰਸੂਖ਼ਵਾਨ ਠੇਕੇਦਾਰ ਦੀ 10 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਠੁਕਰਾ ਦਿੱਤੀ। ਪਰ ਰਿਸ਼ਵਤ ਦੇ ਰੂਪ ਵਿੱਚ 5,000 ਰੁਪਏ ਲੈਣ ਦੇ ਦੋਸ਼ ਹੇਠ ਉਨ੍ਹਾਂ ਨੂੰ ਜੇਲ੍ਹੀਂ ਜਾਣਾ ਪਿਆ।
*****
ਟੇਰੇਸਾ ਦੀ ਗ੍ਰਿਫ਼ਤਾਰੀ ਦੇ ਢੰਗ-ਤਰੀਕੇ ਨੂੰ ਲੈ ਕੇ ਕਾਫ਼ੀ ਉਤਸੁਕਤਾ ਬਣੀ ਹੋਈ ਹੈ। ਰਿਸ਼ਵਤ ਦੇਣ ਵਾਲ਼ੇ ਵਿਅਕਤੀ ਨੇ ਲੋਕਾਂ ਸਾਹਮਣੇ ਰਿਸ਼ਵਤ ਕਿਉਂ ਦੇਣੀ ਚਾਹੀ- ਜਦੋਂ ਤੱਕ ਇਹ ਕਿਸੇ ਪੂਰਵ-ਨਿਰਧਾਰਤ ਸਾਜ਼ਸ਼ ਦਾ ਹਿੱਸਾ ਨਾ ਹੋਵੇ? ਉਹ ਇਹ ਵੀ ਸਵਾਲ ਪੁੱਛਦੀ ਹਨ ਕਿ ਜਦੋਂ ਉਹ ਕਿਸੇ ਹੋਰ ਥਾਵੇਂ ਕੰਮ ਵਿੱਚ ਮਸ਼ਰੂਫ਼ ਸੀ ਤਾਂ ਕਿਉਂ ਉਪ-ਸਰਪੰਚ ਗੋਵਿੰਦਾ ਬੜਾਇਕ ਸਣੇ ਬਾਕੀ ਸਾਥੀਆਂ ਦੇ ਬਾਰ-ਬਾਰ ਫ਼ੋਨ ਆਉਂਦੇ ਰਹੇ ਤੇ ਉਹ ਉਹਨੂੰ ਬਲਾਕ ਪੰਚਾਇਤ ਦਫ਼ਤਰ ਆਉਣ ਲਈ ਕਹਿੰਦੇ ਹੀ ਰਹੇ।
ਵੈਸੇ ਉਹ 'ਰਿਸ਼ਵਤ' ਸੀ ਕਿਸ ਬਾਰੇ?
''ਇੱਥੇ ਇਹ ਆਂਗਨਵਾੜੀ ਸੀ ਖ਼ਸਤਾ ਹਾਲਤ। ਮੈਂ ਉਹਦੇ ਫੰਡਾਂ ਦੀ ਜਾਂਚ ਕੀਤੀ। ਮੈਂ ਇਹਦੀ ਮੁਰੰਮਤ ਕਰਵਾਈ,'' ਟੇਰੇਸਾ ਕਹਿੰਦੀ ਹਨ। ਬਾਕੀ ਮਾਮਲਿਆਂ ਵਾਂਗਰ ਆਂਗਨਵਾੜੀ ਮੁਰੰਮਤ ਪ੍ਰੋਜੈਕਟ ਲਈ ਇੱਕ 'ਲਾਭਪਾਤਰੀ ਕਮੇਟੀ' ਬਣਾਈ ਗਈ। ''ਇਹ ਬਿਹਾਰੀ ਲਕੜਾ ਵੀ ਉਸੇ ਕਮੇਟੀ ਦਾ ਮੈਂਬਰ ਸੀ। ਕੰਮ ਪੂਰਾ ਹੋਣ ਤੋਂ ਬਾਅਦ 80,000 ਦੇ ਕਰੀਬ ਪੈਸੇ ਬੱਚ ਗਏ ਸਨ ਤੇ ਉਸਨੇ ਸਾਨੂੰ ਇਹ ਪੈਸੇ ਮੋੜਨੇ ਸਨ। ਗੋਵਿੰਦ ਬੜਾਇਕ ਫ਼ੋਨ ਕਰਦਾ ਰਿਹਾ ਤੇ ਮੈਨੂੰ ਤੁਰੰਤ ਬਸਿਆ ਬਲਾਕ ਪੰਚਾਇਤ ਆਉਣ ਕਹਿੰਦਾ ਰਿਹਾ। ਅਖ਼ੀਰ ਮੈਂ ਉੱਥੇ ਚਲੀ ਗਈ।''
ਤੇਤਰਾ ਗ੍ਰਾਮ ਪੰਚਾਇਤ ਦੀ ਬਜਾਇ ਇਸ ਪੈਸੇ ਨੂੰ ਬਸਿਆ ਬਲਾਕ ਪ੍ਰਮੁਖ ਦਫ਼ਤਰ ਵਿੱਚ ਮੋੜੇ ਜਾਣ ਦੀ ਕੋਈ ਵਜ੍ਹਾ ਨਹੀਂ ਸੀ। ਹੋਰ ਤਾਂ ਹੋਰ, ਹਾਲੇ ਉਨ੍ਹਾਂ ਨੇ ਦਫ਼ਤਰ ਵਿੱਚ ਪੈਰ ਵੀ ਨਹੀਂ ਧਰਿਆ ਸੀ ਜਦੋਂ ਬਿਹਾਰੀ ਲਕੜਾ ਉਨ੍ਹਾਂ ਕੋਲ਼ ਆਇਆ। ਬੱਸ ਉਦੋਂ ਹੀ ਜ਼ਬਰਨ 5,000 ਰੁਪਏ ਫੜ੍ਹਾਏ ਜਾਣ ਦਾ ਡਰਾਮਾ ਰਚਿਆ ਗਿਆ। ਨੋਟਾਂ 'ਤੇ ਉਂਗਲਾਂ ਦੇ ਨਿਸ਼ਾਨ ਆ ਸਕਣ ਇਸ ਵਾਸਤੇ ਇਹ ਕਾਰਾ ਕੀਤਾ ਗਿਆ ਸੀ। ਬੱਸ ਉਸੇ ਘੜੀ ਤੋਂ ਟੇਰੇਸਾ ਦਾ ਉਹ ਮਾੜਾ ਵਕਤ ਸ਼ੁਰੂ ਹੋ ਗਿਆ।
ਹਾਲਾਂਕਿ, ਇਹ 'ਰਿਸ਼ਵਤ' ਕਾਂਡ ਕਿਸੇ ਦੂਸਰੇ ਮਾਮਲੇ ਨਾਲ਼ ਜੁੜਿਆ ਲੱਗਦਾ ਹੈ ਜਿਸ ਵਿੱਚ ਰਿਸ਼ਵਤ ਨਹੀਂ ਲਈ ਗਈ ਸੀ।
ਟੇਰੇਸਾ ਆਪਣੇ ਖ਼ਿਲਾਫ਼ ਹੋਈ ਸਾਜ਼ਸ਼ ਨੂੰ ਠੇਕੇਦਾਰੀ ਦੀ ਉਸ ਵੱਡੀ ਰਿਸ਼ਵਤ ਦੀ ਪੇਸ਼ਕਸ਼ ਠੁਕਰਾਉਣ ਦੀ ਕਹਾਣੀ ਨਾਲ਼ ਜੋੜਦੀ ਹਨ। ਉਹ ਆਪਣੇ ਸਾਥੀ ਪੰਚਾਇਤ ਮੈਂਬਰਾਂ ਦੀ ਤਿੱਖੀ ਅਲੋਚਨਾ ਕਰਨ ਵਿੱਚ ਅੱਗੇ ਹਨ। ਠੇਕੇਦਾਰ ਦੇ ਸਬੰਧ ਦੇਸ਼ ਦੇ ਕਿਸੇ ਵੱਡੇ ਰਸੂਖ਼ਵਾਨ ਨੇਤਾ ਨਾਲ਼ ਹੋਣ ਕਾਰਨ ਉਹ ਉਹਦਾ ਖ਼ੁਲਾਸਾ ਕਰਨ ਤੋਂ ਕੰਨੀ ਕਤਰਾਉਂਦੀ ਹਨ।
ਟੇਰੇਸਾ ਕਹਿੰਦੀ ਹਨ,''ਇਹ ਵੱਡਾ ਪ੍ਰੋਜੈਕਟਕ ਸੀ, ਜਿਸ ਵਿੱਚ ਸੜਕ ਬਣਾਉਣਾ ਤੇ ਹੋਰ ਚੀਜ਼ਾਂ ਸ਼ਾਮਲ ਸਨ। ਉਹ ਸਾਡੇ ਇਲਾਕੇ ਵਿੱਚ ਰਾਕ ਚਿਪਸ (ਪਹਾੜੀ ਤੋਂ ਗਿੱਟੀ ਪੱਥਰ) ਤੋੜ ਰਹੇ ਸਨ ਮੈਂ ਉਨ੍ਹਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ। ਨਹੀਂ ਤਾਂ ਉਨ੍ਹਾਂ ਪੂਰੀ ਪਹਾੜੀ ਤੋੜ ਸੁੱਟਣੀ ਸੀ। ਮੈਂ ਇੰਝ ਹੋਣ ਨਹੀਂ ਦੇ ਸਕਦੀ ਸਾਂ।'' ਇੱਕ ਸਮੇਂ ਤਾਂ ਉਹ (ਠੇਕੇਦਾਰ ਦੇ ਬੰਦੇ) ਮੇਰੇ ਕੋਲ਼ ਇੱਕ ਦਸਤਾਵੇਜ ਲਈ ਪਹੁੰਚੇ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਗ੍ਰਾਮ ਸਭਾ ਤੋਂ ਮਨਜ਼ੂਰੀ ਹਾਸਲ ਹੈ।
ਉਹ ਮੁਸਕਰਾਉਂਦਿਆਂ ਕਹਿੰਦੀ ਹਨ,''ਉਨ੍ਹਾਂ ਵਿੱਚੋਂ ਕਈ ਦਸਤਾਵੇਜ ਉਨ੍ਹਾਂ ਲੋਕਾਂ ਦੇ ਵੀ ਸਨ ਜੋ ਅਨਪੜ੍ਹ ਸਨ ਤੇ ਦਸਤਖ਼ਤ ਕਰਨਾ ਨਹੀਂ ਜਾਣਦੇ।'' ਪੂਰਾ ਮਾਮਲਾ ਜਾਲਸਾਜ਼ੀ ਦਾ ਸੀ। ਪਰ ਅਸੀਂ ਹੈਰਾਨ ਸਾਂ ਕਿ ਮੁਖੀਆ ਦੇ ਬਗ਼ੈਰ ਉਨ੍ਹਾਂ ਨੇ ਗ੍ਰਾਮ ਸਭਾ ਦੀ ਬੈਠਕ ਕਰ ਕਿਵੇਂ ਲਈ? ਕੀ ਉਨ੍ਹਾਂ ਨੂੰ ਇਸ ਬੈਠਕ ਵਿੱਚ ਬੁਲਾਉਣਾ ਨਹੀਂ ਚਾਹੀਦਾ ਸੀ।?
ਇਹੀ ਉਹ ਸਮਾਂ ਸੀ ਜਦੋਂ ਇਨ੍ਹਾਂ ਇਲਾਕਿਆਂ ਵਿੱਚ ਕੰਮ ਕਰ ਰਹੇ ਸਮਾਜਿਕ ਕਾਰਕੁੰਨ ਸਨੀ ਨੇ ਮੈਨੂੰ ਦੱਸਿਆ ਕਿ ਅਸੀਂ 'ਪੇਸਾ (PESA) ਇਲਾਕੇ ਵਿੱਚ। ਭਾਵ ਕਿ ਪੰਚਾਇਤ ਐਕਟੈਂਸ਼ਨ ਟੂ ਸ਼ੈਡਿਊਲਡ ਏਰੀਆਜ਼ ਐਕਟ, 1996 ਤਹਿਤ ਆਉਣ ਵਾਲ਼ਾ ਇਲਾਕਾ। ਉਹ ਨੁਕਤਾ ਨਜ਼ਰ ਕਰਦਿਆਂ ਕਹਿੰਦੇ ਹਨ,''ਇੱਥੇ ਪਿੰਡ ਦਾ ਰਵਾਇਤੀ ਮੁਖੀਆ ਗ੍ਰਾਮ ਸਭਾ ਬੁਲਾ ਸਕਦਾ ਹੈ।'' ਟੇਰੇਸਾ ਨੇ ਦਸਤਾਵੇਜ਼ ਨੂੰ ਜਾਅਲੀ ਦੱਸ ਕੇ ਰੱਦ ਕਰ ਦਿੱਤਾ।
ਇਹਦੇ ਬਾਅਦ ਉਸ ਵੱਡੇ ਠੇਕੇਦਾਰ ਦੇ ਚਾਪਲੂਸਾਂ ਵੱਲੋਂ 10 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ। ਜਿਹਨੂੰ ਟੇਰੇਸਾ ਨੇ ਪੈਰ 'ਤੇ ਹੀ ਠੁਕਰਾ ਦਿੱਤਾ। ਉਹ ਬੜੀ ਨਰਾਜ਼ ਸਨ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਖਰੀਦਿਆ ਜਾ ਸਕਦਾ ਸੀ- ਉਨ੍ਹਾਂ ਸੋਚਿਆ ਵੀ ਕਿਵੇਂ।
ਅਜੇ ਮਸਾਂ 3-4 ਮਹੀਨੇ ਹੀ ਬੀਤੇ ਕਿ ਉਨ੍ਹਾਂ ਨੂੰ 'ਰਿਸ਼ਵਤ' ਦੇ ਪੂਰਵ-ਨਿਯੋਜਤ ਮਾਮਲੇ ਵਿੱਚ ਫਸਾਇਆ ਗਿਆ। ਇਸ ਮਾਮਲੇ ਦੌਰਾਨ ਠੇਕੇਦਾਰ ਦੇ ਹੱਥ ਦੋ ਪਹਾੜੀਆਂ ਵਿੱਚੋਂ ਇੱਕ ਪਹਾੜੀ ਆ ਚੁੱਕੀ ਸੀ, ਜਿਹਦੀ ਉਹ ਮੰਗ ਕਰ ਰਿਹਾ ਸੀ।
ਦਿਲਚਸਪ ਗੱਲ ਇਹ ਹੈ ਕਿ ਟੇਰੇਸਾ ਨੇ ਕਦੇ ਇਸ ਗੱਲੋਂ ਇਨਕਾਰ ਨਹੀਂ ਕੀਤਾ ਕਿ ਉਨ੍ਹਾਂ ਨੇ ਤੋਹਫ਼ੇ ਵਜੋਂ ਕੋਈ ਮਾਮੂਲੀ ਜਾਂ ਰਵਾਇਤੀ ਚੀਜ਼ਾਂ ਲਈਆਂ ਹਨ। ਉਹ ਕਹਿੰਦੀ ਹਨ,''ਮੈਂ ਕਦੇ ਪੈਸੇ ਨਹੀਂ ਚਾਹੇ।'' ਉਹ ਪੂਰੀ ਈਮਾਨਦਾਰੀ ਨਾਲ਼ ਅੱਗੇ ਕਹਿੰਦੀ ਹਨ,''ਇੱਥੇ ਅਜਿਹੇ ਛੋਟੇ-ਮੋਟੇ ਪ੍ਰਾਜੈਕਟਾਂ ਵਿੱਚ ਇਹ ਤੋਹਫ਼ੇ ਦਿੱਤੇ-ਲਏ ਜਾਂਦੇ ਹਨ। ਮੈਂ ਵੀ ਲੈਂਦੀ ਹਾਂ ਤੇ ਉਹ ਤੋਹਫ਼ਾ ਮੈਂ ਪ੍ਰਵਾਨ ਕਰ ਵੀ ਲਿਆ ਹੁੰਦਾ।'' ਹਾਲਾਂਕਿ, ਤੋਹਫ਼ਿਆਂ ਦਾ ਇਹ ਆਦਾਨ-ਪ੍ਰਦਾਨ ਸਿਰਫ਼ ਝਾਰਖੰਡ ਵਿੱਚ ਹੀ ਨਹੀਂ ਹੁੰਦਾ। ਤੋਹਫ਼ੇ ਦਾ ਖ਼ਾਸਾ ਅੱਡੋ-ਅੱਡ ਹੋ ਸਕਦਾ ਹੈ, ਪਰ ਇਹ ਪ੍ਰਥਾ ਤਾਂ ਦੇਸ਼ ਦੇ ਕਈ ਰਾਜਾਂ ਵਿੱਚ ਹੈ। ਬੇਸ਼ੱਕ ਅਜਿਹੇ ਮੁਖੀਆ ਤੇ ਪੰਚਾਇਤ ਮੈਂਬਰ ਵੀ ਹਨ, ਜੋ ਕਿਸੇ ਵੀ ਤਰ੍ਹਾਂ ਦਾ ਤੋਹਫ਼ਾ ਪ੍ਰਵਾਨ ਨਹੀਂ ਕਰਦੇ। ਪਰ ਇਹ ਰੁਝਾਣ ਦੇਖਣ ਵਿੱਚ ਘੱਟ ਹੀ ਆਇਆ ਹੈ।
ਜਿਸ ਟੋਲੀ ਨੇ ਟੇਰੇਸਾ ਨੂੰ ਫਸਾਇਆ ਸੀ, ਉਨ੍ਹਾਂ ਖ਼ਿਲਾਫ਼ ਲੜਾਈ ਜਾਰੀ ਰੱਖਣ ਦੇ ਬਾਵਜੂਦ ਵੀ ਲਕੜਾ ਦੀਆਂ ਸਮੱਸਿਆਂ ਦਾ ਕੋਈ ਅੰਤ ਨਹੀਂ ਹੋ ਰਿਹਾ। ਉਨ੍ਹਾਂ ਦੇ ਜੇਲ੍ਹ ਜਾਣ ਦੇ ਛੇ ਸਾਲ ਬਾਅਦ ਵੀ ਕਨੂੰਨੀ ਮੁਕੱਦਮਾ ਤਾਂ ਅੱਜ ਵੀ ਜਾਰੀ ਹੈ, ਜਿਸ ਵਿੱਚ ਉਨ੍ਹਾਂ ਦੇ ਵਸੀਲਿਆਂ ਦੇ ਊਰਜਾ ਦਾ ਨੁਕਸਾਨ ਹੋ ਰਿਹਾ ਹੈ। ਜ਼ਾਹਰਾ ਤੌਰ 'ਤੇ ਉਨ੍ਹਾਂ ਨੂੰ ਮਦਦ ਚਾਹੀਦੀ ਹੈ ਪਰ ਇਹ ਦੇਖਣਾ ਵੱਧ ਜ਼ਰੂਰੀ ਹੈ ਕਿ ਉਹ ਮਦਦ ਆ ਕਿੱਥੋਂ ਰਹੀ ਹੈ।
ਉਨ੍ਹਾਂ ਨੇ ਤੋਹਫ਼ੇ ਦੇਣ ਵਾਲ਼ੇ ਠੇਕੇਦਾਰਾਂ ਤੋਂ ਸਾਵਧਾਨ ਰਹਿਣ ਸਿੱਖ ਲਿਆ ਹੈ।
ਕਵਰ ਫ਼ੋਟੋ: ਪੁਰਸ਼ੋਤਮ ਠਾਕੁਰ
ਤਰਜਮਾ: ਕਮਲਜੀਤ ਕੌਰ