ਧਾਰੀਦਾਰ ਲੂੰਗੀ ਨੂੰ ਗੋਡਿਆਂ ਤੀਕਰ ਚੜ੍ਹਾਈ, ਅਜੈ ਮਹਾਤੋ 30 ਸੈਕਿੰਡਾਂ ਦੇ ਅੰਦਰ-ਅੰਦਰ 40 ਫੁੱਟ ਉੱਚੇ ਖਜ਼ੂਰ ਦੇ ਰੁੱਖ ਦਾ ਅੱਧ ਪਾਰ ਕਰ ਲੈਂਦੇ ਹਨ।
ਇਹ ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਦਾ ਹਿੱਸਾ ਹੈ। ਉਹ ਖਜ਼ੂਰ ਦੀ ਟੀਸੀ 'ਤੇ ਚੜ੍ਹਦੇ ਹਨ ਤੇ ਪੱਤਿਆਂ ਦੇ ਛੱਤੇ ਦੇ ਨੇੜਿਓਂ ਡੋਡੀਆਂ ਵਿੱਚੋਂ ਸਤ ਇਕੱਠਾ ਕਰਦੇ ਹਨ।
ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿਖੇ ਤਾੜੀ ਕੱਢਣ ਵਾਲ਼ਾ 27 ਸਾਲਾ ਇਹ ਵਿਅਕਤੀ ਮਈ ਦੀ ਸਵੇਰ ਦੀ ਤਿੱਖੀ ਧੁੱਪ ਵਿੱਚ ਰੁੱਖ 'ਤੇ ਚੜ੍ਹਨ ਦੀ ਤਿਆਰੀ ਕਸ ਰਿਹਾ ਹੈ। '' ਅਬ ਤ ਤਾੜ ਕੇ ਪੇੜ ਜਾਇਸਨ ਸੱਕਤ ਹੋ ਗੇਲਇਹਨ। ਕਾਂਟਾ ਭੀ ਨਯਾ ਭੋਕਾਇਤਾਈ (ਇਹ ਤਾਂ ਖਜ਼ੂਰ ਦੇ ਰੁੱਖ ਵਾਂਗਰ ਹੀ ਸਖ਼ਤ ਹੋ ਗਏ ਹਨ। ਹੁਣ ਤਾਂ ਕੰਢਾ ਵੀ ਚੀਰਾ ਨਹੀਂ ਪਾ ਸਕਦਾ),'' ਆਪਣੇ ਦੋਹਾਂ ਹੱਥ ਵੱਲ ਇਸ਼ਾਰਾ ਕਰਦਿਆਂ ਅਜੈ ਕਹਿੰਦੇ ਹਨ।
ਆਪਣੀਆਂ ਉਂਗਲਾਂ ਦੀ ਕੜਿੰਗੜੀ ਜਿਹੀ ਮਾਰੀ ਅਜੈ, ਤਣੇ ਨੂੰ ਕੱਸ ਕੇ ਫੜ੍ਹਨ ਦਾ ਤਰੀਕਾ ਦੱਸਦਿਆਂ ਕਹਿੰਦੇ ਹਨ,''ਚੜ੍ਹਾਈ ਵੇਲ਼ੇ ਰੁੱਖ ਨੂੰ ਮਾਰਿਆ ਜੱਫ਼ਾ ਮਜ਼ਬੂਤ ਹੋਣਾ ਚਾਹੀਦਾ ਏ। ਤਣੇ ਨੂੰ ਨਾ ਸਿਰਫ਼ ਹੱਥਾਂ ਸਗੋਂ ਪੈਰਾਂ ਨਾਲ਼ ਵੀ ਕੜਿੰਗੜੀ ਜਿਹੀ ਪਾਉਣੀ ਪੈਂਦੀ ਹੈ।'' ਖਜ਼ੂਰ ਦੇ ਰੁੱਖਾਂ ਦੇ ਪਤਲੇ ਤੇ ਤਿੱਖੇ ਤਣਿਆਂ ਨੂੰ ਫੜ੍ਹਨ ਤੇ ਚੜ੍ਹਨ ਕਾਰਨ ਉਨ੍ਹਾਂ ਦੀ ਛਾਤੀ, ਹੱਥਾਂ ਤੇ ਗਿੱਟਿਆਂ 'ਤੇ ਕਾਲ਼ੇ ਡੂੰਘੇ ਜ਼ਖ਼ਮ ਜਿਹੇ ਪੈ ਗਏ ਹਨ।
ਅਜੈ ਮਹਾਤੋ, ਜੋ ਲਗਭਗ 12 ਸਾਲਾਂ ਤੋਂ ਇਹੀ ਕੰਮ ਕਰ ਰਹੇ ਹਨ, ਕਹਿੰਦੇ ਹਨ, "15 ਸਾਲ ਕੇ ਰਹਿਏ, ਤਹਿਏ ਸੇ ਸਟਾਰਟ ਕਰ ਦੇਲਿਏ ਰ (15 ਸਾਲਾਂ ਦਾ ਉਮਰ ਤੋਂ ਹੀ ਮੈਂ ਖਜ਼ੂਰ ਦੇ ਰੁੱਖਾਂ 'ਤੇ ਚੜ੍ਹਨਾ ਸ਼ੁਰੂ ਕਰ ਦਿੱਤਾ ਸੀ)।''
ਰਸੂਲਪੁਰ ਪਿੰਡ ਦੇ ਰਹਿਣ ਵਾਲ਼ੇ ਅਜੈ, ਪਾਸੀ ਭਾਈਚਾਰੇ ਨਾਲ਼ ਸਬੰਧਤ ਹਨ। ਪਾਸੀ ਭਾਈਚਾਰਾ ਰਵਾਇਤੀ ਤੌਰ 'ਤੇ ਤਾੜੀ ਕੱਢਣ ਦਾ ਕੰਮ ਕਰਦਾ ਹੈ। ਅਜੈ ਦੇ ਪਰਿਵਾਰ ਦੀਆਂ ਘੱਟੋ-ਘੱਟ ਤਿੰਨ ਪੀੜ੍ਹੀਆਂ ਵੀ ਇਸੇ ਕੰਮ ਵਿੱਚ ਸ਼ਾਮਲ ਹਨ।
"ਸ਼ੁਰੂ ਵਿੱਚ, ਮੈਂ ਰੁੱਖ ਦੇ ਅੱਧ ਤੱਕ ਹੀ ਚੜ੍ਹਦਾ ਤੇ ਫਿਰ ਹੇਠਾਂ ਆ ਜਾਂਦਾ," ਉਹ ਕਹਿੰਦੇ ਹਨ, ਜਦੋਂ ਉਹ ਛੋਟੇ ਸਨ, ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਇਹ ਹੁਨਰ ਸਿੱਖਣ ਲਈ ਉਤਸ਼ਾਹਤ ਕਰਦੇ ਸਨ। "ਫਿਰ ਜਦੋਂ ਮੈਂ ਖਜ਼ੂਰ ਦੇ ਰੁੱਖ ਦੀ ਟੀਸੀ ਤੋਂ ਹੇਠਾਂ ਵੱਲ ਵੇਖਦਾ, ਤਾਂ ਇਓਂ ਜਾਪਦਾ ਮੇਰਾ ਦਿਲ ਹੀ ਬੈਠ ਜਾਊਗਾ।''
ਰੁੱਖ 'ਤੇ ਚੜ੍ਹਦਿਆਂ ਤੇ ਲੱਥਦਿਆਂ ਤਣੇ ਦੀ ਰਗੜ ਕਾਰਨ ਸਰੀਰ 'ਤੇ ਪਏ ਡੂੰਘੇ ਕਾਲ਼ੇ ਜ਼ਖ਼ਮਾਂ ਬਾਰੇ ਅਜੈ ਕਹਿੰਦੇ ਹਨ, "ਜਦੋਂ ਮੈਂ ਪਹਿਲੀ ਵਾਰ ਖਜ਼ੂਰ ਦੇ ਰੁੱਖ 'ਤੇ ਚੜ੍ਹਿਆ ਤਾਂ ਮੇਰੀ ਛਾਤੀ, ਹੱਥਾਂ ਅਤੇ ਲੱਤਾਂ ਤੋਂ ਖੂਨ ਵਗਣਾ ਸ਼ੁਰੂ ਹੋ ਗਿਆ। ਹੌਲ਼ੀ-ਹੌਲ਼ੀ ਇਨ੍ਹਾਂ ਹਿੱਸਿਆਂ ਦੀ ਚਮੜੀ ਸਖ਼ਤ ਹੁੰਦੀ ਗਈ।''
ਦੁਪਹਿਰ ਦੀ ਗਰਮੀ ਤੋਂ ਬਚਣ ਲਈ, ਅਜੈ ਸਵੇਰ ਵੇਲ਼ੇ ਔਸਤਨ ਪੰਜ ਖਜ਼ੂਰ ਦੇ ਰੁੱਖਾਂ 'ਤੇ ਚੜ੍ਹਦੇ ਹਨ ਅਤੇ ਸ਼ਾਮੀਂ ਵੀ ਪੰਜ ਰੁੱਖਾਂ 'ਤੇ। ਉਨ੍ਹਾਂ ਨੇ ਰਸੂਲਪੁਰ ਵਿੱਚ 10 ਰੁੱਖ ਕਿਰਾਏ 'ਤੇ ਲਏ ਹਨ ਅਤੇ ਜ਼ਮੀਨ ਮਾਲਕ ਨੂੰ ਹਰੇਕ ਰੁੱਖ ਲਈ ਸਾਲਾਨਾ 500 ਰੁਪਏ ਜਾਂ ਉਸੇ ਕੀਮਤ ਦੇ ਬਰਾਬਰ ਖਜ਼ੂਰ ਦਾ ਸਤ ਦਿੰਦੇ ਹਨ।
" ਬੈਸਾਖ [ਅਪ੍ਰੈਲ-ਜੂਨ] ਮੇਂ ਈਗੋ ਤਾੜ ਸੇ 10 ਬੋਤਲ ਤਾੜੀ ਨਿਕਲੈਛਈ। ਓਕਰਾ ਬਾਦ ਕਮ ਹੋਈ ਲਗੈ ਛਈ। [ਵਿਸਾਖ ਦੌਰਾਨ, ਇੱਕ ਰੁੱਖ ਵਿੱਚੋਂ ਤਾੜੀ ਦੀਆਂ 10 ਬੋਤਲਾਂ ਨਿਕਲ਼ਦੀਆਂ ਹਨ, ਅਤੇ ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ],'' ਉਹ ਕਹਿੰਦੇ ਹਨ।
ਝੱਗੋਝੱਗ ਇਸ ਸਤ ਤੋਂ ਜਾਂ ਤਾਂ ਗੁੜ ਬਣਾਇਆ ਜਾਂਦਾ ਹੈ ਜਾਂ ਤਾੜੀ ਬਣਦੀ ਹੈ। ਅਜੈ ਕਹਿੰਦੇ ਹਨ,"ਅਸੀਂ ਸਤ ਨੂੰ ਇੱਕ ਪੈਕਰ [ਥੋਕ ਵਿਕਰੇਤਾ] ਨੂੰ ਲਗਭਗ 10 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ਼ ਵੇਚਦੇ ਹਾਂ।" ਹਰ ਬੋਤਲ ਵਿੱਚ ਕਰੀਬ 750 ਮਿਲੀਲੀਟਰ ਸਤ ਹੁੰਦਾ ਹੈ। ਵਿਸਾਖ ਦੇ ਮਹੀਨਿਆਂ ਦੌਰਾਨ ਅਜੈ ਇੱਕੋ ਦਿਨ ਵਿੱਚ ਇੱਕ ਹਜ਼ਾਰ ਰੁਪਏ ਤੱਕ ਕਮਾ ਲੈਂਦੇ ਹਨ, ਪਰ ਅਗਲੇ ਨੌਂ ਮਹੀਨਿਆਂ ਦੌਰਾਨ ਉਨ੍ਹਾਂ ਦੀ ਕਮਾਈ ਵਿੱਚ ਲਗਭਗ 60 ਤੋਂ 70 ਪ੍ਰਤੀਸ਼ਤ ਤੱਕ ਦੀ ਭਾਰੀ ਗਿਰਾਵਟ ਆ ਜਾਂਦੀ ਹੈ।
ਦੁਪਹਿਰ ਦੀ ਗਰਮੀ ਤੋਂ ਬਚਣ ਲਈ, ਅਜੈ ਸਵੇਰ ਵੇਲ਼ੇ ਔਸਤਨ ਪੰਜ ਖਜ਼ੂਰ ਦੇ ਰੁੱਖਾਂ 'ਤੇ ਚੜ੍ਹਦੇ ਹਨ ਅਤੇ ਸ਼ਾਮੀਂ ਵੀ ਪੰਜ ਰੁੱਖਾਂ 'ਤੇ
ਜਦੋਂ ਕੋਈ ਸੀਜ਼ਨ ਨਹੀਂ ਹੁੰਦਾ, ਤਾਂ ਅਜੈ ਸਥਾਨਕ ਗਾਹਕਾਂ ਨੂੰ ਸਿੱਧੇ ਆਪਣੇ ਘਰੋਂ ਹੀ 20 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ਼ ਸਤ ਵੇਚਦੇ ਹਨ। ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਇਸ ਕੰਮ ਤੋਂ ਹੋਣ ਵਾਲ਼ੀ ਆਮਦਨੀ 'ਤੇ ਹੀ ਨਿਰਭਰ ਕਰਦੇ ਹਨ।
ਸਮਸਤੀਪੁਰ ਭਾਰਤ ਦੇ ਪ੍ਰਮੁੱਖ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਜਿੱਥੋਂ ਪੁਰਸ਼ ਦੂਜੇ ਰਾਜਾਂ ਵਿੱਚ ਪ੍ਰਵਾਸ ਕਰਦੇ ਹਨ। ਅਜੇ ਦਾ ਸਮਸਤੀਪੁਰ ਵਿੱਚ ਰਹਿਣਾ ਅਤੇ ਤਾੜੀ ਲਾਹੁਣ ਦਾ ਕੰਮ ਆਲ਼ੇ-ਦੁਆਲ਼ੇ ਪ੍ਰਚਲਤ ਰੁਝਾਨ ਦੇ ਉਲਟ ਹੈ।
*****
ਰੁੱਖ 'ਤੇ ਚੜ੍ਹਨ ਤੋਂ ਪਹਿਲਾਂ, ਅਜੈ ਆਪਣੀ ਕਮਰ ਦੁਆਲ਼ੇ ਕੱਸ ਕੇ ਡਰਬਾਸ (ਨਾਈਲੋਨ ਬੈਲਟ) ਬੰਨ੍ਹਦੇ ਹਨ। ਡਰਬਾਸ 'ਤੇ ਲੱਗੇ ਲੋਹੇ ਦੇ ਅਕੁਰਾ (ਹੁੱਕ) ਦੇ ਨਾਲ਼ ਪਲਾਸਟਿਕ ਦਾ ਜਾਰ ਅਤੇ ਹੰਸੂਆ (ਦਾਤੀ) ਲਮਕੇ ਹੁੰਦੇ ਹਨ। ਅਜੈ ਦੱਸਦੇ ਹਨ, "ਡਰਬਾਸ ਨੂੰ ਇੰਨੀ ਮਜ਼ਬੂਤੀ ਨਾਲ਼ ਬੰਨ੍ਹਣਾ ਪੈਂਦਾ ਹੈ ਕਿ 10 ਲੀਟਰ ਸਤ ਬੱਝੇ ਹੋਣ ਦੇ ਬਾਵਜੂਦ ਉਹ ਹਿੱਲੇ ਨਾ।''
ਉਹ ਘੱਟੋ ਘੱਟ 40 ਫੁੱਟ ਉੱਚੇ ਖਜ਼ੂਰ ਦੇ ਰੁੱਖ 'ਤੇ ਚੜ੍ਹਦੇ ਹਨ ਅਤੇ ਜਿਓਂ ਹੀ ਉਹ ਤਣੇ ਦੇ ਤਿਲਕਣੇ ਅੱਧ ਹਿੱਸੇ ਤੱਕ ਪਹੁੰਚਦੇ ਹਨ, ਮੈਂ ਉਨ੍ਹਾਂ ਨੂੰ ਪਕਾਸੀ ਨਾਲ਼ ਆਪਣੀ ਪਕੜ ਮਜ਼ਬੂਤ ਕਰਦੇ ਵੇਖਦਾ ਹਾਂ। ਇਹ ਚਮੜੇ ਜਾਂ ਰੈਕਸਿਨ ਦਾ ਇੱਕ ਪਟਾ ਹੈ, ਜੋ ਉਨ੍ਹਾਂ ਦੀਆਂ ਲੱਤਾਂ ਵਿਚਾਲੇ ਬੱਝਿਆ ਹੁੰਦਾ ਹੈ।
ਬੀਤੀ ਸ਼ਾਮ, ਅਜੈ ਨੇ ਪਹਿਲਾਂ ਹੀ ਰੁੱਖ ਦੀ ਕਲੀ 'ਤੇ ਚੀਰਾ ਲਾ ਕੇ ਇੱਕ ਖਾਲੀ ਲਬਾਨੀ (ਮਿੱਟੀ ਦਾ ਭਾਂਡਾ) ਬੰਨ੍ਹ ਦਿੱਤਾ ਸੀ। ਬਾਰਾਂ ਘੰਟਿਆਂ ਬਾਅਦ, ਅਜੈ, ਲਬਾਨੀ ਵਿੱਚ ਇਕੱਠਾ ਹੋਇਆ ਲਗਭਗ ਪੰਜ ਲੀਟਰ ਸਤ ਇਕੱਠਾ ਕਰਨ ਲਈ ਦੁਬਾਰਾ ਦਰੱਖਤ 'ਤੇ ਚੜ੍ਹਦੇ ਹਨ। ਉਨ੍ਹਾਂ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਕੰਟੇਨਰ ਦੇ ਹੇਠਲੇ ਸਿਰੇ ਤੋਂ ਮਧੂਮੱਖੀਆਂ, ਕੀੜੀਆਂ ਅਤੇ ਭਰਿੰਡਾਂ ਨੂੰ ਦੂਰ ਰੱਖਣ ਲਈ ਕੀਟਨਾਸ਼ਕ ਲਾਉਣਾ ਪੈਂਦਾ ਹੈ।
ਖ਼ਤਰੇ ਨੂੰ ਤਾੜਦਿਆਂ ਸਭ ਤੋਂ ਉੱਚੇ ਪੱਤਿਆਂ ਦੇ ਵਿਚਕਾਰ ਬੈਠੇ, ਅਜੈ ਦਾਤੀ ਨਾਲ਼ ਖਜ਼ੂਰ ਦੀ ਕਲੀ 'ਤੇ ਤਾਜ਼ਾ ਚੀਰਾ ਲਗਾਉਂਦੇ ਹਨ। ਉਹ ਉੱਥੇ ਇੱਕ ਖਾਲੀ ਲਬਾਨੀ ਬੰਨ੍ਹ ਕੇ ਹੇਠਾਂ ਆਉਂਦੇ ਹਨ। ਸਾਰੀ ਪ੍ਰਕਿਰਿਆ 10 ਮਿੰਟਾਂ ਵਿੱਚ ਖ਼ਤਮ ਹੋ ਜਾਂਦੀ ਹੈ।
ਸਮੇਂ ਦੇ ਨਾਲ਼, ਸਤ ਸੰਘਣਾ ਹੋ ਕੇ ਖੱਟਾ ਹੋ ਜਾਵੇਗਾ, ਇਸ ਲਈ ਅਜੈ ਮੈਨੂੰ ਸਲਾਹ ਦਿੰਦੇ ਹਨ, " ਤਾੜ ਕੇ ਤਾੜੀ ਕੋ ਪੇੜ ਕੇ ਪਾਸ ਹੀ ਪੀ ਜਾਣਾ ਚਾਹੀਏ, ਤਬ ਹੀ ਫਾਇਦਾ ਹੋਤਾ ਹੈ। ''
ਤਾੜੀ ਲਾਹੁਣਾ ਕਮਾਈ ਦਾ ਇੱਕ ਜੋਖ਼ਮ ਭਰਿਆ ਵਸੀਲਾ ਹੈ। ਥੋੜ੍ਹਾ ਜਿਹਾ ਅਸੰਤੁਲਨ ਹੋਣਾ ਵੀ ਡਿੱਗਣ ਦਾ ਕਾਰਨ ਬਣ ਸਕਦਾ ਹੈ ਜਾਂ ਸਥਾਈ ਅਪੰਗ ਵੀ ਬਣਾ ਸਕਦਾ ਹੈ।
ਅਜੈ ਮਾਰਚ ਵਿੱਚ ਜ਼ਖ਼ਮੀ ਹੋਏ ਸਨ। "ਮੇਰਾ ਹੱਥ ਖਜ਼ੂਰ ਦੇ ਤਣੇ ਤੋਂ ਖਿਸਕਿਆ ਤੇ ਮੈਂ ਡਿੱਗ ਪਿਆ। ਮੇਰੇ ਗੁੱਟ 'ਤੇ ਸੱਟ ਲੱਗੀ।" ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਭਗ ਇੱਕ ਮਹੀਨੇ ਲਈ ਰੁੱਖਾਂ 'ਤੇ ਚੜ੍ਹਨਾ ਬੰਦ ਕਰਨਾ ਪਿਆ। ਇਸ ਸਾਲ ਦੀ ਸ਼ੁਰੂਆਤ 'ਚ ਤਾੜੀ ਕੱਢਣ ਵਾਲ਼ੇ ਅਜੈ ਦੇ ਚਚੇਰੇ ਭਰਾ ਦੀਆਂ ਰੁੱਖ ਤੋਂ ਡਿੱਗਣ ਕਾਰਨ ਲੱਕ ਤੇ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਸਨ।
ਅਜੈ ਦੂਜੇ ਰੁੱਖ 'ਤੇ ਚੜ੍ਹਦੇ ਹਨ। ਉੱਪਰੋਂ ਕੁਝ ਫ਼ਲ ਤੋੜ ਕੇ ਹੇਠਾਂ ਸੁੱਟ ਦਿੰਦੇ ਹਨ। ਫਿਰ ਉਹ ਦਾਤੀ ਨਾਲ਼ ਫ਼ਲ ਦੀ ਸਖ਼ਤ ਬਾਹਰੀ ਛਿੱਲੜ ਨੂੰ ਛਿੱਲਦੇ ਹਨ ਅਤੇ ਅੰਦਰੋਂ ਨਿਕਲ਼ਣ ਵਾਲ਼ਾ ਨਰਮ ਜਿਹਾ ਗੁੱਦਾ ਮੇਰੇ ਵੱਲ ਵਧਾ ਦਿੰਦੇ ਹਨ।
" ਲੀਜਿਓ, ਤਾਜ਼ਾ-ਤਾਜ਼ਾ ਫਲ ਖਾਈਏ। ਸ਼ਹਿਰ ਮੇਂ ਤੋਂ 15 ਰੁਪਏ ਮੇਂ ਏਕ ਆਂਖ (ਪਤਲੀ ਕਾਤਰ) ਮਿਲਤਾ ਹੋਗਾ, '' ਮੁਸਕਰਾਉਂਦਿਆਂ ਅਜੈ ਕਹਿੰਦੇ ਹਨ।
ਅਜੈ ਨੇ ਸ਼ਹਿਰ ਵਿੱਚ ਵੀ ਕੁਝ ਸਮਾਂ ਬਿਤਾਇਆ ਹੈ ਪਰ ਉਸ ਜੀਵਨ ਵਿੱਚ ਇੰਨਾ ਰਸ ਕਿੱਥੇ ਸੀ। ਕੁਝ ਸਾਲ ਪਹਿਲਾਂ, ਉਹ ਉਸਾਰੀ ਵਾਲ਼ੀਆਂ ਥਾਵਾਂ 'ਤੇ ਮਜ਼ਦੂਰੀ ਕਰਨ ਲਈ ਦਿੱਲੀ ਅਤੇ ਸੂਰਤ ਗਏ। ਉੱਥੇ ਉਹ 200-250 ਰੁਪਏ ਦਿਹਾੜੀ ਕਮਾਉਂਦੇ ਸਨ। ਉਨ੍ਹਾਂ ਦਾ ਕਹਿਣਾ ਹੈ,"ਮੈਨੂੰ ਉੱਥੇ ਕੰਮ ਕਰਨ ਦਾ ਮਨ ਨਹੀਂ ਹੋਇਆ। ਕਮਾਈ ਵੀ ਤਾਂ ਘੱਟ ਸੀ।''
ਤਾੜੀ ਲਾਹੁਣ ਤੋਂ ਹੋਣ ਵਾਲ਼ੀ ਕਮਾਈ ਤੋਂ ਅਜੈ ਸੰਤੁਸ਼ਟ ਹਨ।
ਇਸ ਤੱਥ ਨੂੰ ਜਾਣਦਿਆਂ ਕਿ ਤਾੜੀ ਦੇ ਕੰਮ ਵਿੱਚ ਪੁਲਿਸ ਛਾਪਿਆਂ ਦਾ ਜੋਖ਼ਮ ਸ਼ਾਮਲ ਹੁੰਦਾ ਹੈ। ਬਿਹਾਰ ਮਨਾਹੀ ਅਤੇ ਆਬਕਾਰੀ ਐਕਟ, 2016 ਤਹਿਤ ਬਿਹਾਰ ਅੰਦਰ ਤਾੜੀ ਸਣੇ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ''ਨਿਰਮਾਣ, ਬੋਤਲ ਵਿੱਚ ਰੱਖਣ, ਵੰਡਣ, ਸੇਵਨ, ਢੋਆ-ਢੁਆਈ ਕਰਨ, ਭੰਡਾਰਣ, ਕਿਸੇ ਪ੍ਰਕਿਰਿਆ 'ਚ ਸ਼ਾਮਲ ਹੋਣ, ਖਰੀਦੋ-ਫ਼ਰੋਖਤ'' ਕਰਨ 'ਤੇ ਪੂਰਨ ਪਾਬੰਦੀ ਹੈ। ਬਿਹਾਰ ਪੁਲਿਸ ਨੇ ਅਜੇ ਤੱਕ ਰਸੂਲਪੁਰ ਵਿੱਚ ਛਾਪਾ ਨਹੀਂ ਮਾਰਿਆ ਹੈ, ਪਰ ਅਜੈ ਕਹਿੰਦੇ ਹਨ, "ਸਿਰਫ਼ ਇਸ ਲਈ ਕਿ ਪੁਲਿਸ ਅਜੇ ਤੱਕ ਇੱਥੇ ਨਹੀਂ ਆਈ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਕਦੇ ਨਹੀਂ ਆਉਣਗੇ।''
ਉਨ੍ਹਾਂ ਨੂੰ ਝੂਠੇ ਕੇਸਾਂ ਤੋਂ ਡਰ ਆਉਂਦਾ ਹੈ ਜਿਸ ਵਿੱਚ ਬਹੁਤ ਸਾਰੇ ਦੋਸ਼ ਲਗਾਏ ਜਾਂਦੇ ਹਨ ਤੇ ਫਸਾਇਆ ਜਾਂਦਾ ਹੈ। ਉਹ ਕਹਿੰਦੇ ਹਨ, "ਪੁਲਿਸ ਕਿਸੇ ਵੀ ਸਮੇਂ ਆ ਸਕਦੀ ਹੈ।''
ਸਭ ਜਾਣਦੇ ਹੋਏ ਵੀ ਅਜੈ ਇਹ ਜੋਖ਼ਮ ਲੈਣ ਲਈ ਤਿਆਰ ਹਨ। "ਇੱਥੇ ਰਸੂਲਪੁਰ ਵਿੱਚ, ਮੈਨੂੰ ਆਪਣੇ ਪਰਿਵਾਰ ਨਾਲ਼ ਰਹਿਣ ਦਾ ਮੌਕਾ ਮਿਲ਼ਦਾ ਹੈ," ਆਪਣੀ ਤਲ਼ੀ 'ਤੇ ਖੈਨੀ ਰਗੜਿਆਂ ਉਹ ਕਹਿੰਦੇ ਹਨ।
ਅਜੈ, ਫੱਟਾ (ਬਾਂਸ ਦੇ ਖੰਭੇ) 'ਤੇ ਮਿੱਟੀ ਪਾ ਕੇ ਇਸ 'ਤੇ ਆਪਣੀ ਦਾਤੀ ਤਿੱਖੀ ਕਰਦੇ ਹਨ। ਆਪਣੇ ਔਜ਼ਾਰਾਂ ਨਾਲ਼ ਤਿਆਰੀ ਕੱਸ ਕੇ ਉਹ ਖਜ਼ੂਰ ਦੇ ਦੂਜੇ ਰੁੱਖ ਵੱਲ ਵੱਧਦੇ ਹਨ।
ਇਹ ਸਟੋਰੀ ਬਿਹਾਰ ਦੇ ਇੱਕ ਟਰੇਡ ਯੂਨੀਅਨਿਸਟ ਦੀ ਯਾਦ ਵਿੱਚ ਇੱਕ ਫੈਲੋਸ਼ਿਪ ਤਹਿਤ ਲਿਖੀ ਗਈ ਹੈ, ਜਿਨ੍ਹਾਂ ਦੀ ਜ਼ਿੰਦਗੀ ਰਾਜ ਵਿੱਚ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰਿਆਂ ਲਈ ਲੜਦਿਆਂ ਹੀ ਬੀਤ ਗਈ।
ਤਰਜਮਾ: ਕਮਲਜੀਤ ਕੌਰ