ਜੀਵਨਭਾਈਬਰੀਆ ਨੂੰ ਚਾਰ ਸਾਲਾਂ ਵਿਚ ਦੋ ਦਿਲ ਦੇ ਦੌਰੇ ਪਏ। ਜਦੋਂ 2018 ਵਿਚ ਉਨ੍ਹਾਂ ਨੂੰ ਪਹਿਲਾ ਦਿਲ ਦਾ ਦੌਰਾ ਪਿਆ ਤਾਂ ਆਪਣੇ ਘਰ ਵਿਚ ਹੀ ਸਨ। ਉਨ੍ਹਾਂ ਦੀ ਪਤਨੀ ਗਾਭੀਬੇਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਏ। ਅਪ੍ਰੈਲ 2022 ਵਿਚ ਉਹ ਅਰਬ ਸਾਗਰ ਵਿਚ ਉਹ ਆਪਣਾ ਬੇੜਾ (ਮੱਛੀਆਂ ਫੜਨ ਵਾਲੀ ਵੱਡੀ ਕਿਸ਼ਤੀ, ਜਿਸ ਵਿਚ ਜਾਲ ਵੀ ਲੱਗਾ ਹੁੰਦਾ ਹੈ) ਚਲਾ ਰਹੇ ਸਨ ਜਦੋਂ ਉਨ੍ਹਾਂ ਦੇ ਅਚਾਨਕ ਛਾਤੀ ਵਿਚ ਦਰਦ ਉੱਠਿਆ। ਉਨ੍ਹਾਂ ਦੇ ਇਕ ਸਾਥੀ ਨੇਬੇੜੇ ਦਾ ਸਟੇਅਰਿੰਗ ਸੰਭਾਲਿਆ ਅਤੇ ਦੂਜੇ ਸਾਥੀਆਂ ਨੇ ਉਨ੍ਹਾਂ ਨੂੰ ਘਬਰਾਹਟ ਵਿਚ ਉੱਥੇ ਹੀ ਲਿਟਾ ਦਿੱਤਾ। ਉਹ ਕਿਨਾਰੇ ਤੋਂ ਲਗਭਗ ਪੰਜ ਘੰਟੇ ਦੂਰ ਸਨ। ਮੌਤ ਹੋਣ ਤੋਂ ਪਹਿਲਾਂ ਉਹ ਦੋ ਘੰਟਿਆਂ ਤੱਕ ਇਸੇ ਤਕਲੀਫ਼ ਨਾਲ ਜੂਝਦੇ ਰਹੇ।
ਉਹੀ ਹੋਇਆ ਜਿਸਦਾ ਗਾਭੀਬੇਨ ਨੂੰ ਡਰ ਸੀ।
ਪਹਿਲੇ ਦੌਰੇ ਤੋਂ ਇਕ ਸਾਲ ਬਾਅਦ ਜਦੋਂ ਜੀਵਨਭਾਈ ਨੇ ਦੁਬਾਰਾ ਮੱਛੀਆਂ ਫੜਨ ਦਾ ਕੰਮ ਸ਼ੁਰੂ ਕੀਤਾ ਤਾਂ ਗਾਭੀਬੇਨ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਸਨ। ਗਾਭੀਬੇਨ ਜਾਣਦੀ ਸਨ ਕਿ ਇਹ ਕੰਮ ਕਾਫ਼ੀ ਖ਼ਤਰੇ ਭਰਿਆ ਸੀ ਤੇ ਜੀਵਨਭਾਈ ਵੀ ਇਹ ਗੱਲ ਜਾਣਦੇ ਸਨ। ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਤੱਟਵਰਤੀ ਕਸਬੇ ਜਾਫ਼ਰਾਬਾਦ ਵਿਚ ਰਹਿਣ ਵਾਲੀ ਗਾਭੀਬੇਨ ਨੇ ਮੱਧਮ ਰੋਸ਼ਨੀ ਨਾਲ ਭਰੀ ਆਪਣੀ ਝੌਂਪੜੀ ਵਿਚ ਬੈਠੇ ਗੱਲਬਾਤ ਕਰਦਿਆਂ ਕਿਹਾ, "ਮੈਂ ਉਨ੍ਹਾਂ ਨੂੰ ਇਹ ਕੰਮ ਕਰਨ ਤੋਂ ਰੋਕਿਆ ਸੀ।"
ਕਸਬੇ ਵਿਚ ਰਹਿਣ ਵਾਲੇ ਹੋਰ ਲੋਕਾਂ ਦੀ ਤਰ੍ਹਾਂ ਹੀ ਜੀਵਨਭਾਈਵੀ ਜਾਣਦੇ ਸਨ ਕਿ ਮੱਛੀਆਂ ਫੜਨ ਦੇ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ ਜਿਸ ਨਾਲ ਉਹ 2 ਲੱਖ ਰੁਪਏ ਸਾਲਾਨਾ ਕਮਾ ਸਕਣ। 55 ਵਰ੍ਹਿਆਂ ਦੀ ਗਾਭੀਬੇਨ ਦਾ ਕਹਿਣਾ ਹੈ, “ਉਹ ਪਿਛਲੇ 40 ਸਾਲਾਂ ਤੋਂ ਇਹੀ ਕੰਮ ਕਰ ਰਹੇ ਸਨ। ਦਿਲ ਦਾ ਦੌਰਾ ਪੈਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਲਗਭਗ ਇਕ ਸਾਲ ਤੱਕ ਅਰਾਮ ਕੀਤਾ ਤਾਂ ਮੈਂ ਉਸ ਵਕਤ ਕਿਸੇ ਤਰ੍ਹਾਂ ਦਾ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਜ਼ਦੂਰੀ (ਮੱਛੀ ਵਪਾਰੀਆਂ ਲਈ ਮੱਛੀਆਂ ਸੁਕਾਉਣ ਦਾ ਕੰਮ) ਕੀਤੀ। ਜਦੋਂ ਉਨ੍ਹਾਂ (ਜੀਵਨਭਾਈ) ਨੇ ਸੋਚਿਆ ਕਿ ਉਹ ਹੁਣ ਠੀਕ ਹਨ ਤਾਂ ਉਨ੍ਹਾਂ ਨੇ ਕੰਮ 'ਤੇ ਵਾਪਸ ਜਾਣ ਦਾ ਫੈਸਲਾ ਕੀਤਾ।”
ਜੀਵਨਭਾਈ ਜਾਫ਼ਰਾਬਾਦ ਕਸਬੇ ਦੇ ਹੀ ਇਕ ਵੱਡੇ ਮਛਿਆਰੇ ਦੇ ਬੇੜੇ ਉੱਤੇ ਕੰਮ ਕਰਦੇ ਸਨ। ਮਾਨਸੂਨ ਰੁੱਤ ਨੂੰ ਛੱਡ ਕੇ ਸਾਲ ਦੇ ਬਾਕੀ ਅੱਠ ਮਹੀਨਿਆਂ ਲਈ ਇਹ ਕਾਮੇ ਹਰ ਵਾਰ10-15 ਦਿਨਾਂ ਲਈ ਅਰਬ ਸਾਗਰ ਵਿਚ ਬੇੜੇ ਲੈ ਕੇ ਜਾਂਦੇ ਹਨ। ਉਹ ਕਈ-ਕਈ ਹਫ਼ਤਿਆਂ ਲਈ ਆਪਣੇ ਨਾਲ ਪਾਣੀ ਅਤੇ ਭੋਜਨ ਲੈ ਜਾਂਦੇ ਹਨ।
ਗਾਭੀਬੇਨ ਆਖਦੇ ਹਨ, “ਸਮੁੰਦਰ ਵਿਚ ਏਨੇ ਦਿਨ ਦੂਰ ਰਹਿਣਾ ਹਮੇਸ਼ਾਜੋਖ਼ਮ ਭਰਿਆ ਹੁੰਦਾ ਹੈ ਜਿੱਥੇਐਮਰਜੈਂਸੀ ਸੇਵਾਵਾਂ ਵੀ ਨਹੀਂ ਹੁੰਦੀਆਂ। ਉੱਥੇ ਉਨ੍ਹਾਂ (ਮਛਿਆਰੇ) ਕੋਲ ਸਿਰਫ਼ ਮੁੱਢਲੀ ਸਹਾਇਤਾ ਕਿਟ ਹੀ ਹੁੰਦੀ ਹੈ। ਦਿਲ ਦੇ ਰੋਗੀਆਂ ਲਈ ਉੱਥੇ ਰਹਿਣਾ ਬੇਹੱਦ ਖ਼ਤਰੇ ਭਰਿਆ ਹੁੰਦਾ ਹੈ।”
ਗੁਜਰਾਤ, ਭਾਰਤ ਦਾ ਇਕ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਵੱਡੀ ਲਗਭਗ 1,600ਕਿਲੋਮੀਟਰ ਤੋਂ ਵੱਧ ਦੀ ਤੱਟ-ਰੇਖਾ ਹੈ ਜੋ 39ਤਾਲੁਕਾਂ ਅਤੇ 13 ਜ਼ਿਲ੍ਹਿਆਂ ਵਿਚ ਫੈਲੀ ਹੋਈ ਹੈ। ਇਹ ਸੂਬਾ ਦੇਸ਼ ਦੇ ਸਮੁੰਦਰੀ ਉਤਪਾਦਨ ਵਿਚ ਲਗਭਗ 20 ਫ਼ੀਸਦੀ ਯੋਗਦਾਨ ਪਾਉਂਦਾ ਹੈ। ਮੱਛੀ ਪਾਲਣਕਮਿਸ਼ਨਰ ਦੀ ਵੈੱਬਸਾਈਟ ਅਨੁਸਾਰ ਇਸ ਸੂਬੇ ਦੇ 1000 ਤੋਂ ਵੱਧ ਪਿੰਡਾਂ ਦੇ ਪੰਜ ਲੱਖ ਤੋਂ ਵੱਧ ਲੋਕ ਮੱਛੀ ਵਪਾਰ ਨਾਲ ਜੁੜੇ ਹੋਏ ਹਨ।
ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਹਰ ਸਾਲ ਇਸ ਕੰਮ ਦੇ ਸੰਬੰਧ ਵਿਚ ਸਮੁੰਦਰ ਵਿਚ ਚਾਰ ਜਾਂ ਇਸ ਤੋਂ ਵੱਧ ਮਹੀਨਿਆਂ ਲਈ ਪੂਰੀ ਤਰ੍ਹਾਂ ਮੈਡੀਕਲ ਸੇਵਾਵਾਂ ਤੋਂ ਟੁੱਟੇ ਹੁੰਦੇ ਹਨ।
ਪਹਿਲੇ ਦੌਰੇ ਤੋਂ ਬਾਅਦ ਜਦੋਂ ਵੀ ਜੀਵਨਭਾਈ ਕੰਮ ਲਈ ਸਮੁੰਦਰ ਵਿਚ ਜਾਂਦੇ ਤਾਂ ਗਾਭੀਬੇਨ ਨੂੰ ਬੇਹੱਦ ਘਬਰਾਹਟ ਤੇ ਬੇਚੈਨੀ ਹੁੰਦੀ। ਉਮੀਦ ਤੇ ਡਰ ਵਿਚਾਲੇ ਝੂਲਦੀਆਂ ਸੋਚਾਂ ਨਾਲ ਜੂਝਦੇ ਹੋਏ ਗਾਭੀਬੇਨ ਛੱਤ ਵਾਲੇ ਪੱਖੇ ਵੱਲ ਤੱਕਦਿਆਂ ਬੇਚੈਨੀ ਭਰੀਆਂ ਰਾਤਾਂ ਗੁਜ਼ਾਰਦੇ, ਉਨ੍ਹਾਂ ਨੂੰ ਰਾਤ ਭਰ ਨੀਂਦ ਨਾ ਆਉਂਦੀ। ਜਦੋਂ ਜੀਵਨਭਾਈਸੁੱਖਸਾਂਦ ਨਾਲ ਘਰ ਪਰਤਦੇ ਤਾਂ ਗਾਭੀਬੇਨ ਨੂੰ ਸੁੱਖ ਦਾ ਸਾਹ ਆਉਂਦਾ।
ਤੇ ਫਿਰ ਉਹ ਦਿਨ ਵੀ ਆਇਆ, ਜਿਸ ਦਿਨ ਉਹ ਮੁੜੇ ਹੀ ਨਹੀਂ!
*****
ਜੀਵਨਭਾਈ ਦੀ ਹੋਣੀ ਇਹ ਨਾ ਹੁੰਦੀ ਜੇਕਰ ਗੁਜਰਾਤ ਸਰਕਾਰ ਨੇ ਪੰਜ ਸਾਲ ਪਹਿਲਾਂ ਹਾਈਕੋਰਟ ਨੂੰ ਕੀਤੇ ਵਾਅਦੇ ਉੱਤੇ ਅਮਲ ਕੀਤਾ ਹੁੰਦਾ।
ਅਪ੍ਰੈਲ, 2017 ਵਿਚ ਜਾਫ਼ਰਾਬਾਦ ਤੱਟ ਤੋਂਦੂਰ ਸਥਿਤ ਦੀਪ ਸ਼ਿਆਲ ਬੇਟ ਦੇ ਨਿਵਾਸੀ 70 ਵਰ੍ਹਿਆਂ ਦੇ ਜੰਦੂਰਭਾਈਬਾਲਾਧੀਆ ਨੇ ਗੁਜਰਾਤ ਹਾਈਕੋਰਟ ਵਿਚ ਇਕ ਲੋਕਹਿੱਤਪਟੀਸ਼ਨ ਦਾਇਰ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਸਮੁੰਦਰ ਵਿਚ ਐਂਬੂਲੈਂਸਕਿਸ਼ਤੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਸਾਹਮਣੇ ਲਿਆਂਦਾ ਸੀ। ਇਸ ਪਟੀਸ਼ਨ ਵਿਚ 43 ਵਰ੍ਹਿਆਂ ਦੇ ਵਕੀਲ-ਕਾਰਕੁਨ ਅਰਵਿੰਦਭਾਈਖੁਮਾਨ ਉਨ੍ਹਾਂ ਨੂੰ ਸਲਾਹ ਦੇਣ ਦਾ ਕੰਮ ਕਰ ਰਹੇ ਸਨ। ਅਰਵਿੰਦਭਾਈਵੰਚਿਤ ਬਰਾਦਰੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਅਹਿਮਦਾਬਾਦ ਦੀ ਸੰਸਥਾ ਸੈਂਟਰਫਾੱਰਸੋਸ਼ਲ ਜਸਟਿਸ (ਸਮਾਜਿਕ ਨਿਆਂ ਕੇਂਦਰ) ਨਾਲ ਜੁੜੇ ਹੋਏ ਹਨ।
ਇਸ ਪਟੀਸ਼ਨ ਵਿਚ ਇਹ ਦਾਅਵਾ ਕੀਤਾ ਗਿਆ ਕਿ ਗੁਜਰਾਤ ਸਰਕਾਰ ਭਾਰਤੀ ਸੰਵਿਧਾਨ ਦੀ ਧਾਰਾ 21, ਜੋ ਜਾਨ ਅਤੇ ਨਿਜੀ ਸੁਤੰਤਰਤਾ ਦੀ ਹਿਫ਼ਾਜ਼ਤ ਦਾ ਅਧਿਕਾਰ ਦਿੰਦੀ ਹੈ, ਨੂੰ ਨਜ਼ਰਅੰਦਾਜ਼ ਕਰਦਿਆਂ ਮੱਛੀ ਵਪਾਰ ਨਾਲ ਜੁੜੇ ਲੋਕਾਂ ਦੇ “ਮੂਲ ਅਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰ ਰਹੀ ਹੈ”।
ਇਸ ਤੋਂ ਇਲਾਵਾ ਇਸ ਵਿਚ ‘ਵਰਕ ਇਨ ਫਿਸ਼ਿੰਗਕਨਵੈਨਸ਼ਨ, 2007’ ਦਾ ਜ਼ਿਕਰ ਵੀ ਕੀਤਾ ਗਿਆ ਸੀ, ਜੋ“ਪੇਸ਼ੇ ਨਾਲ ਜੁੜੀ ਸੁਰੱਖਿਆ, ਸਿਹਤ ਸੁਰੱਖਿਆ ਅਤੇ ਮੈਡੀਕਲਸਹੂਲਤਾਂ ਦੇ ਸੰਦਰਭ ਵਿਚ ਘੱਟੋ-ਘੱਟ ਲੋੜਾਂ” ਦੀ ਗੱਲ ਕਰਦਾ ਹੈ।
ਅਗਸਤ, 2017 ਵਿਚ ਹਾਈਕੋਰਟ ਨੇ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਸੰਬੰਧੀ ਯਕੀਨ ਦਿਵਾਏ ਜਾਣ ਤੋਂ ਬਾਅਦ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਸੂਬਾ ਸਰਕਾਰ ਵੱਲੋਂ ਪੇਸ਼ ਹੋਏ ਮਨੀਸ਼ਾਲਵਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ “ਸੂਬਾ ਸਰਕਾਰ ਮਛਿਆਰਿਆਂ ਅਤੇ ਤੱਟੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਹੱਕਾਂ ਬਾਰੇ ਸੁਚੇਤ ਹੈ”।
ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਦੇ ਹੁਕਮ ਵਿਚ ਇਹ ਦਰਜ ਸੀ ਕਿ ਸੂਬਾ ਸਰਕਾਰ ਸੱਤ ਐਂਬੂਲੈਂਸਕਿਸ਼ਤੀਆਂ ਖ਼ਰੀਦਣ ਦਾ ਫ਼ੈਸਲਾ ਕਰ ਚੁੱਕੀ ਹੈ, ਜੋ “ਲੋੜੀਂਦੇ ਸਾਧਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਮੈਡੀਕਲਐਮਰਜੈਂਸੀ ਨਾਲ ਨਜਿੱਠਣ ਦੇ ਸਮਰੱਥ ਹਨ” ਅਤੇ ਇਹ 1600ਕਿਲੋਮੀਟਰ ਦੀ ਤੱਟ-ਰੇਖਾ ਉੱਤੇ ਆਪਣੀਆਂ ਸੇਵਾਵਾਂ ਦੇਣਗੀਆਂ।
ਪੰਜ ਸਾਲ ਬੀਤ ਚੁੱਕੇ ਹਨ ਪਰ ਮਛਿਆਰੇ ਹੁਣ ਵੀ ਸਿਹਤ ਐਮਰਜੈਂਸੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਤੱਕ ਇਨ੍ਹਾਂ ਵਿਚੋਂ ਸਿਰਫ਼ ਦੋ ਕਿਸ਼ਤੀਆਂ ਓਖਾ ਅਤੇ ਪੋਰਬੰਦਰ ਵਿਚ ਚੱਲਣੀਆਂਸ਼ੁਰੂ ਹੋਈਆਂ ਹਨ।
ਜਾਫ਼ਰਾਬਾਦ ਦੇ ਉੱਤਰ ਵਿਚ 20ਕਿਲੋਮੀਟਰ ਦੂਰ ਸਥਿਤ ਇਕ ਛੋਟੇ ਜਿਹੇ ਕਸਬੇ ਰਜੁਲਾ ਦੇ ਨਿਵਾਸੀ ਅਰਵਿੰਦਭਾਈ ਕਹਿੰਦੇ ਹਨ, “ਜ਼ਿਆਦਾਤਰ ਤੱਟ-ਰੇਖਾ ਹਾਲੇ ਵੀ ਖ਼ਤਰੇ ਭਰੀ ਹੈ। ਪਾਣੀ ਵਿਚ ਚੱਲਣ ਵਾਲੇ ਐਂਬੂਲੈਂਸ ਅਸਲ ਵਿਚ ਸਪੀਡ-ਬੋਟ ਹੁੰਦੇ ਹਨ, ਜੋ ਮੱਛੀਆਂ ਫੜਨ ਵਾਲੇ ਬੇੜੇ ਤੋਂ ਦੁੱਗਣੀਰਫ਼ਤਾਰ ਨਾਲ ਚੱਲਦੇ ਹਨ। ਸਾਨੂੰ ਇਹੋ ਜਿਹੇ ਐਂਬੂਲੈਂਸਾਂ ਦੀ ਹੀ ਲੋੜ ਹੈ ਕਿਉਂਕਿ ਅੱਜਕਲ੍ਹਮਛਿਆਰੇ ਸਮੁੰਦਰੀ ਕਿਨਾਰੇ ਤੋਂ ਦੂਰ ਹੁੰਦੇ ਹਨ।”
ਜੀਵਨਭਾਈ ਉਸ ਦਿਨ ਕਿਨਾਰੇ ਤੋਂ 40 ਸਮੁੰਦਰੀ ਮੀਲ ਜਾਂ 75ਕਿਲੋਮੀਟਰ ਦੂਰ ਸਨ ਜਿਸ ਦਿਨ ਉਨ੍ਹਾਂ ਨੂੰ ਜਾਨਲੇਵਾ ਦੌਰਾ ਪਿਆ। 20 ਸਾਲ ਪਹਿਲਾਂ, ਮਸਾਂ ਹੀ ਕੋਈ ਮਛਿਆਰਾ ਸਮੁੰਦਰ ਵਿਚ ਏਨੀ ਦੂਰ ਜਾਂਦਾ ਸੀ।
ਗਾਭੀਬੇਨ ਦੱਸਦੇ ਹਨ, “ਜਦੋਂ ਉਨ੍ਹਾਂ (ਜੀਵਨਭਾਈ) ਨੇ ਪਹਿਲੀ ਵਾਰ ਮੱਛੀਆਂ ਫੜਨ ਦਾ ਕੰਮ ਸ਼ੁਰੂ ਕੀਤਾ, ਤਾਂ ਪੰਜ ਜਾਂ ਅੱਠ ਸਮੁੰਦਰੀ ਮੀਲ ਦੇ ਅੰਦਰ-ਅੰਦਰ ਉਨ੍ਹਾਂ ਨੂੰ ਵਾਧੂ ਮੱਛੀਆਂ ਮਿਲ ਜਾਂਦੀਆਂ ਸਨ। ਇਹ ਕਿਨਾਰੇ ਤੋਂ ਸਿਰਫ਼ ਇਕ-ਦੋ ਘੰਟਿਆਂ ਦੀ ਦੂਰੀ ਹੁੰਦੀ ਸੀ। ਪਿਛਲੇ ਸਾਲਾਂ ਤੋਂ ਇਹ ਸਥਿਤੀ ਲਗਾਤਾਰ ਬਦਤਰ ਹੁੰਦੀ ਗਈ। ਅੱਜ-ਕੱਲ੍ਹ, ਸਾਨੂੰ ਮੱਛੀਆਂ ਫੜਨ ਲਈ ਦਸ ਤੋਂ ਬਾਰਾਂ ਘੰਟਿਆਂ ਦੀ ਯਾਤਰਾ'ਤੇ ਜਾਣਾ ਪੈਂਦਾ ਹੈ।”
*****
ਮਛਿਆਰਾ ਭਾਈਚਾਰੇ ਨੂੰ ਆਪਣੇ ਕੰਮ ਏਨੀ ਦੂਰ ਜਾਣਾ ਪੈਂਦਾ ਹੈ ਜਿਸ ਪਿੱਛੇ ਦੋ ਮੁੱਖ ਕਾਰਨ ਹਨ : ਤੱਟਵਰਤੀ ਪ੍ਰਦੂਸ਼ਣ ਵਿਚ ਵਾਧਾ ਅਤੇ ਮੈਂਗਰੋਵ(ਊਸ਼ਣਕਟਿਬੰਧ ਦਾ ਇਕ ਰੁੱਖ) ਜੰਗਲਾਂ ਦਾ ਘਟਦਾ ਖੇਤਰ।
‘ਨੈਸ਼ਨਲਫਿਸ਼ਰਵਰਕਰਫੋਰਮ’ ਦੇ ਸਕੱਤਰ ਉਸਮਾਨਗ਼ਨੀ ਕਹਿੰਦੇ ਹਨ, “ਤੱਟ-ਰੇਖਾ ਉੱਤੇ ਫੈਲੇ ਅੰਨ੍ਹੇਵਾਹਪ੍ਰਦੂਸ਼ਣ ਦਾ ਸਮੁੰਦਰੀ ਵਾਤਾਵਰਨ ਉੱਤੇ ਬਹੁਤ ਮਾੜਾ ਅਸਰ ਹੋਇਆ ਹੈ। ਤੱਟੀ ਇਲਾਕਿਆਂ ਵਿਚ ਪ੍ਰਦੂਸ਼ਿਤ ਪਾਣੀ ਦੇ ਕਾਰਨ ਮੱਛੀਆਂ ਵੀ ਕਿਨਾਰੇ ਤੋਂ ਦੂਰ ਸਾਫ਼ ਪਾਣੀ ਵਿਚ ਚਲੀਆਂ ਗਈਆਂ ਹਨ, ਜਿਸ ਕਰਕੇ ਮਛਿਆਰਿਆਂ ਨੂੰ ਵੀ ਪਾਣੀ ਵਿਚ ਦੂਰ ਜਾਣਾ ਪੈਂਦਾ ਹੈ। ਉਹ ਕਿਨਾਰੇ ਤੋਂ ਜਿੰਨਾ ਦੂਰ ਜਾਂਦੇ ਹਨ, ਓਨਾ ਹੀ ਐਮਰਜੈਂਸੀ ਸੇਵਾਵਾਂ ਘਟ ਜਾਂਦੀਆਂ ਹਨ।”
ਸਟੇਟ ਆੱਫ਼ਇਨਵਾਇਰਨਮੈਂਟ ਰਿਪੋਰਟ (ਐਸਓਈ), 2013 ਅਨੁਸਾਰ ਗੁਜਰਾਤ ਦੇ ਸਮੁੰਦਰੀ ਜ਼ਿਲ੍ਹਿਆਂ ਵਿਚ 58ਪ੍ਰਮੁੱਖ ਉਦਯੋਗ ਹਨ। ਇਨ੍ਹਾਂ ਵਿਚ ਹੋਰ ਉਦਯੋਗਾਂ ਤੋਂ ਇਲਾਵਾ ਰਸਾਇਣਕ ਪਦਾਰਥ, ਪੈਟਰੋ ਰਸਾਇਣਕ, ਸਟੀਲ ਅਤੇ ਧਾਤੂਆਂ ਆਦਿ ਨਾਲ ਸੰਬੰਧਿਤ ਉਦਯੋਗ ਵੀ ਹਨ।ਇੱਥੇ ਖਾਣਾਂ ਅਤੇ ਖਾਣ ਪੱਟੇ ਕ੍ਰਮਵਾਰ 822 ਅਤੇ 3156 ਹਨ। ਹੁਣ ਕਿਉਂਕਿ ਇਹ ਰਿਪੋਰਟ 2013 ਵਿਚ ਆਈ ਸੀ, ਕਾਰਕੁਨ ਮੰਨਦੇ ਹਨ ਕਿ ਇਨ੍ਹਾਂ ਅੰਕੜਿਆਂ ਵਿਚ ਕਾਫ਼ੀ ਵਾਧਾ ਹੋ ਚੁੱਕਾ ਹੋਵੇਗਾ।
ਇਸ ਰਿਪੋਰਟ ਵਿਚ ਅੱਗੇ ਦੱਸਿਆ ਗਿਆ ਹੈ ਕਿ ਸੂਬੇ ਵਿਚ 70 ਫ਼ੀਸਦੀ ਤੋਂ ਵੱਧ ਬਿਜਲੀ ਉਤਪਾਦਨ ਪ੍ਰਾਜੈਕਟ ਇਸਦੇ 13 ਤੱਟਵਰਤੀ ਜ਼ਿਲ੍ਹਿਆਂ ਵਿਚ ਹਨ, ਜਦਕਿ ਬਾਕੀ 20 ਜ਼ਿਲ੍ਹਿਆਂ ਵਿਚ ਬਾਕੀ 30 ਫ਼ੀਸਦੀ ਪ੍ਰਾਜੈਕਟ ਹਨ।
ਬੜੌਦਾ ਨਿਵਾਸੀ ਵਾਤਾਵਰਨ ਕਾਰਕੁਨ ਰੋਹਿਤਪ੍ਰਜਾਪਤੀ ਕਹਿੰਦੇ ਹਨ, “ਉਦਯੋਗਅਕਸਰ ਹੀ ਵਾਤਾਵਰਨ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਦੇ ਹਨ। ਹਰੇਕ ਉਦਯੋਗ ਆਪਣੇ ਕੂੜੇ ਨੂੰ ਸਿੱਧਾ ਜਾਂ ਨਦੀਆਂ ਰਾਹੀਂ ਸਮੁੰਦਰ ਵਿਚ ਸੁੱਟ ਦਿੰਦਾ ਹੈ। ਗੁਜਰਾਤ ਵਿਚ ਲਗਭਗ 20 ਪ੍ਰਦੂਸ਼ਿਤ ਨਦੀਆਂ ਹਨ, ਜਿਨ੍ਹਾਂ ਵਿਚੋਂ ਕਈ ਅਰਬ ਸਾਗਰ ਵਿਚ ਡਿੱਗਦੀਆਂ ਹਨ।”
ਗ਼ਨੀ ਕਹਿੰਦੇ ਹਨ ਕਿ ਤੱਟਵਰਤੀ ਇਲਾਕਿਆਂ ਵਿਚ ਵਿਕਾਸ ਕਰਨ ਦੇ ਨਾਂ ਉੱਤੇ ਸੂਬੇ ਦੁਆਰਾ ਮੈਂਗਰੋਵ ਜੰਗਲ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। “ਮੈਂਗਰੋਵ ਤੱਟ ਦੀ ਰਾਖੀ ਕਰਦੇ ਹਨ ਅਤੇ ਮੱਛੀਆਂ ਨੂੰ ਆਪਣੇ ਅੰਡੇ ਦੇਣ ਲਈ ਇਕ ਸੁਰੱਖਿਅਤ ਥਾਂ ਪ੍ਰਦਾਨ ਕਰਦੇ ਹਨ। ਪਰ ਗੁਜਰਾਤ ਤੱਟ ਉੱਤੇ ਜਿੱਥੇ ਵੀ ਵਪਾਰਕ ਉਦਯੋਗ ਲੱਗੇ ਹਨ, ਮੈਂਗਰੋਵ ਜੰਗਲਾਂ ਦਾ ਸਫ਼ਾਇਆ ਕਰ ਦਿੱਤਾ ਗਿਆ। ਮੈਂਗਰੋਵ ਜੰਗਲਾਂ ਦੀ ਅਣਹੋਂਦ ਵਿਚ ਮੱਛੀਆਂ ਤੱਟ ਉੱਤੇ ਨਹੀਂ ਆਉਂਦੀਆਂ।”
ਇੰਡੀਆ ਸਟੇਟ ਆੱਫ਼ ਫ਼ਾੱਰੇਸਟ ਰਿਪੋਰਟ , 2021 ਮੁਤਾਬਕ ਗੁਜਰਾਤ ਦਾ ਮੈਂਗਰੋਵ ਖੇਤਰ 2019 ਤੋਂ ਬਾਅਦ 2 ਫ਼ੀਸਦੀ ਘੱਟ ਹੋ ਗਿਆ ਹੈ, ਜਦਕਿ ਇਸੇ ਸਮੇਂ ਦੌਰਾਨ ਰਾਸ਼ਟਰੀ ਪੱਧਰ ਉੱਤੇ ਇਸ ਵਿਚ 17 ਫ਼ੀਸਦੀ ਵਾਧਾ ਹੋਇਆ ਹੈ।
ਇਸ ਰਿਪੋਰਟ ਵਿਚ ਅੱਗੇ ਦੱਸਿਆ ਗਿਆ ਹੈ ਕਿ ਗੁਜਰਾਤ ਦੇ 39 ਤੱਟਵਰਤੀ ਤਾਲੁਕਾਂ ਵਿਚੋਂ 38 ਤਾਲੁਕ ਤੱਟ-ਰੇਖਾ ਖੋਰੇ ਦੇ ਮਾਮਲੇ ਵਿਚ ਅਤਿ-ਸੰਵੇਦਨਸ਼ੀਲ ਹਨ। ਜਦਕਿਮੈਂਗਰੋਵ ਜੰਗਲ ਨੂੰ ਬਚਾਉਣ ਨਾਲ ਇਹ ਖੋਰਾ ਰੋਕਿਆ ਜਾ ਸਕਦਾ ਸੀ।
ਪ੍ਰਜਾਪਤੀ ਕਹਿੰਦੇ ਹਨ, “ਮੈਂਗਰੋਵ ਦੀ ਰਾਖੀ ਕਰਨ ਵਿਚ ਅਸਫਲਤਾ ਵੀ ਗੁਜਰਾਤ ਤੱਟ ਉੱਤੇ ਸਮੁੰਦਰੀਪਾਣੀਦੇ ਪੱਧਰ ਵਿਚ ਹੋਏ ਵਾਧੇ ਦੇ ਕਾਰਨਾਂ ਵਿਚੋਂ ਇਕ ਹੈ। ਸਮੁੰਦਰ ਵਿਚ ਉਹੀ ਉਦਯੋਗਿਕ ਕੂੜਾਵਾਪਸ ਕਿਨਾਰਿਆਂ ਵੱਲ ਮੁੜ ਆਉਂਦਾ ਹੈ, ਜੋ ਅਸੀਂ ਇਸ ਵਿਚ ਫੈਲਾਉਂਦੇ ਹਾਂ। ਪ੍ਰਦੂਸ਼ਣ ਅਤੇ (ਇਸਦੇ ਫਲਸਰੂਪ)ਮੈਂਗਰੋਵ ਦੀ ਅਣਹੋਂਦ ਦੇ ਕਾਰਨ ਤੱਟ ਦੇ ਆਲੇ-ਦੁਆਲੇ ਦਾ ਪਾਣੀ ਪ੍ਰਦੂਸ਼ਿਤ ਰਹਿੰਦਾ ਹੈ।”
ਤੱਟ ਤੋਂ ਅੱਗੇ ਜਾਣ ਲਈ ਮਜਬੂਰ ਮਛਿਆਰਿਆਂ ਨੂੰ ਹੁਣ ਪਾਣੀ ਦੀਆਂ ਮਜ਼ਬੂਤ ਲਹਿਰਾਂ, ਤੇਜ਼ ਹਵਾਵਾਂ ਅਤੇ ਅਨਿਸ਼ਚਿਤ ਮੌਸਮ ਦਾ ਸਾਹਮਣਾ ਕਰਨਾ ਪੈਂਦਾ ਹੈ। ਗ਼ਰੀਬਮਛਿਆਰਿਆਂ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਮੱਛੀਆਂ ਫੜਨ ਲਈ ਛੋਟੀਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ ਜੋ ਮੁਸ਼ਕਲ ਹਾਲਾਤ ਨਾਲ ਨਜਿੱਠਣ ਦੇ ਸਮਰੱਥ ਨਹੀਂ ਹਨ।
ਅਪ੍ਰੈਲ, 2016 ਵਿਚ ਸਨਾਭਾਈਸ਼ਿਆਲ ਦੀ ਕਿਸ਼ਤੀ ਸਮੁੰਦਰ ਦੇ ਵਿਚਾਲੇ ਹੀ ਟੁੱਟ ਗਈ ਸੀ। ਤੇਜ਼ ਵਹਾਅ ਦੇ ਕਾਰਨ ਕਿਸ਼ਤੀ ਵਿਚ ਇਕ ਛੋਟਾ ਜਿਹਾ ਛੇਦ ਹੋ ਗਿਆ ਅਤੇ ਕਿਸ਼ਤੀ ਵਿਚ ਪਾਣੀ ਭਰਨਾ ਸ਼ੁਰੂ ਗਿਆ, ਜਦਕਿ ਕਿਸ਼ਤੀ ਵਿਚ ਸਵਾਰ ਅੱਠ ਮਛਿਆਰਿਆਂ ਨੇ ਇਸਨੂੰ ਬੰਦ ਦੇ ਸਿਰ-ਤੋੜ ਯਤਨ ਕੀਤੇ। ਇੱਥੇ ਮਦਦ ਲਈ ਪੁਕਾਰਨਾ ਵੀ ਵਿਅਰਥ ਸੀ, ਕਿਉਂਕਿ ਆਲੇ-ਦੁਆਲੇ ਕੋਈ ਨਹੀਂ ਸੀ। ਉਨ੍ਹਾਂ ਨੂੰ ਆਪਣੀ ਜਾਨ ਖ਼ੁਦ ਹੀ ਬਚਾਉਣੀ ਪੈਣੀ ਸੀ।
ਮਛਿਆਰਿਆਂ ਦੁਆਰਾ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿਚ ਛਾਲ ਮਾਰਨ ਦੇ ਨਾਲ ਹੀ ਕਿਸ਼ਤੀ ਖਿੱਲਰ ਗਈ ਅਤੇ ਡੁੱਬ ਗਈ। ਉਨ੍ਹਾਂ ਵਿਚ ਹਰੇਕ ਨੇ ਕਿਸ਼ਤੀ ਦੀ ਲੱਕੜ ਦੇ ਜਿਸ ਵੀ ਟੁਕੜੇ ਨੂੰ ਤੈਰਦੇ ਹੋਏ ਦੇਖਿਆ, ਉਸੇ ਟੁਕੜੇ ਨੂੰ ਫੜ ਕੇ ਤੈਰਨ ਦੀ ਕੋਸ਼ਿਸ਼ ਕਰਨ ਲੱਗੇ। ਛੇ ਬੰਦੇ ਬਚ ਗਏ। 60 ਵਰ੍ਹਿਆਂ ਦੇ ਸਨਾਭਾਈ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ।
ਹਾਦਸੇ ਵਿਚ ਜਿਉਂਦੇ ਬਚੇ ਲੋਕ ਕਰੀਬ 12 ਘੰਟਿਆਂ ਤੱਕ ਸਮੁੰਦਰ ਵਿਚ ਇਧਰ-ਉਧਰ ਉੱਛਲਦੇ ਹੋਏ ਭਟਕਦੇ ਰਹੇ, ਇਸ ਤੋਂ ਬਾਅਦ ਮੱਛੀਆਂ ਫੜਨ ਵਾਲੇ ਇਕ ਵੱਡੇ ਬੇੜੇ ਦੀ ਨਜ਼ਰ ਉਨ੍ਹਾਂ ਉੱਤੇ ਪਈ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ।
ਜਾਫਰਬਾਦ ਨਿਵਾਸੀ ਸਨਾਭਾਈ ਦੀ ਪਤਨੀ, 65 ਵਰ੍ਹਿਆਂ ਦੀ ਜਮਨਾਬੇਨ ਦੱਸਦੇ ਹਨ, “ਉਨ੍ਹਾਂ ਦੀ ਲਾਸ਼ ਤਿੰਨ ਦਿਨਾਂ ਬਾਅਦ ਮਿਲੀ। ਮੈਨੂੰ ਨਹੀਂ ਪਤਾ ਕਿ ਸਪੀਡ ਬੋਟ ਉਨ੍ਹਾਂ ਨੂੰ ਬਚਾ ਸਕਦੀ ਸੀ ਜਾਂ ਨਹੀਂ। ਪਰ ਫਿਰ ਵੀ ਸਪੀਡ ਬੋਟ ਹੁੰਦੀ ਤਾਂ ਉਨ੍ਹਾਂ ਦੇ ਬਚਣ ਦੀ ਬਿਹਤਰ ਸੰਭਾਵਨਾ ਜ਼ਰੂਰ ਹੁੰਦੀ। ਕਿਸ਼ਤੀ ਵਿਚ ਗੜਬੜ ਹੋਣ ਦਾ ਅਹਿਸਾਸ ਹੋਣ ’ਤੇ ਉਨ੍ਹਾਂਨੇ ਐਮਰਜੈਂਸੀ ਮਦਦ ਲਈ ਇਧਰ-ਉੱਧਰ ਕੋਸ਼ਿਸ਼ ਤਾਂ ਕੀਤੀ ਹੋਵੇਗੀ। ਹੁਣ ਬਦਕਿਸਮਤੀ ਇਹ ਹੈ ਕਿ ਅਸੀਂ ਬਸ ਹੁਣ ਇਹ ਅੰਦਾਜ਼ਾ ਹੀ ਲਗਾ ਸਕਦੇ ਹਾਂ ਕਿ ਉੱਥੇ ਉਸ ਵੇਲੇ ਕੀ ਹੋਇਆ ਹੋਵੇਗਾ।”
ਉਨ੍ਹਾਂ ਦੇ ਦੋ ਪੁੱਤਰ, 30 ਵਰ੍ਹਿਆਂ ਦੇ ਦਿਨੇਸ਼ ਅਤੇ 35 ਵਰ੍ਹਿਆਂ ਦੇ ਭੂਪਦ– ਦੋਵੇਂ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਦੋ-ਦੋ ਬੱਚੇ ਹਨ – ਵੀ ਮਛਿਆਰੇ ਹੀ ਹਨ। ਹਾਲਾਂਕਿ, ਸਨਾਭਾਈ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਵੀ ਘਬਰਾਹਟ ਹੋਣ ਲੱਗੀ ਹੈ।
ਜਮਨਾਬੇਨ ਕਹਿੰਦੇ ਹਨ, “ਦਿਨੇਸ਼ ਹਾਲੇ ਵੀ ਨਿਯਮਿਤ ਤੌਰ ’ਤੇ ਮੱਛੀਆਂ ਫੜਨ ਜਾਂਦਾ ਹੈ।ਭੂਪਦ ਜਿੰਨਾ ਹੋ ਸਕੇ ਇਸ ਕੰਮ ਤੋਂ ਹੁਣ ਟਲਦਾ ਹੈ। ਪਰ ਅਸੀਂ ਵੀ ਟੱਬਰ ਪਾਲਣਾ ਹੈ ਅਤੇ ਮੱਛੀਆਂ ਫੜਨਾ ਹੀ ਸਾਡੀ ਆਮਦਨ ਦਾ ਇਕੋ-ਇਕ ਸਾਧਨ ਹੈ। ਸਾਡੇ ਜੀਵਨ ਤਾਂ ਸਮੁੰਦਰ ਨੂੰ ਹੀ ਸਮਰਪਿਤ ਹਨ।”
*****
ਮੱਛੀਆਂ ਫੜਨ ਵਾਲੇ ਵੱਡੇ ਬੇੜੇ (ਟ੍ਰਾਲਰ) ਦੇ ਮਾਲਕ 55 ਵਰ੍ਹਿਆਂ ਦੇ ਜੀਵਨਭਾਈਸ਼ਿਆਲ ਕਹਿੰਦੇ ਹਨ ਕਿ ਮਛਿਆਰੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੌਨ ਪ੍ਰਾਰਥਨਾ ਕਰਦੇ ਹਨ।
ਉਹ ਯਾਦ ਕਰਦਿਆਂ ਦੱਸਦੇ ਹਨ, “ਲਗਭਗ ਇਕ ਸਾਲ ਪਹਿਲਾ, ਮੇਰੇ ਇਕ ਕਾਮੇ ਨੇ ਅਚਾਨਕ ਬੇੜੇ ਉੱਤੇ ਛਾਤੀ ਵਿਚ ਦਰਦ ਮਹਿਸੂਸ ਕੀਤਾ। ਅਸੀਂ ਤੁਰੰਤ ਕਿਨਾਰੇ ਵੱਲ ਚਾਲੇ ਪਾ ਦਿੱਤੇ।” ਪੰਜ ਘੰਟਿਆਂ ਤੱਕ ਉਹ ਕਾਮਾ ਸਾਹ ਲੈਣ ਲਈ ਹਫਦਾ ਰਿਹਾ, ਜਦੋਂ ਬੇੜਾ ਕਿਨਾਰੇ ਤੱਕ ਪਹੁੰਚਿਆ ਉਸ ਵੇਲੇ ਕਾਮੇ ਨੇ ਆਪਣੇ ਹੱਥਾਂ ਨਾਲ ਆਪਣੀ ਛਾਤੀ ਨੂੰ ਕੱਸ ਕੇ ਫੜ ਰੱਖਿਆ ਸੀ। ਜੀਵਨਭਾਈ ਮੁਤਾਬਕ ਇਹ ਪੰਜ ਘੰਟੇ ਉਨ੍ਹਾਂ ਲਈ ਪੰਜ ਦਿਨਾਂ ਜਿੰਨੇ ਲੰਮੇ ਸਨ। ਹਰ ਸਕਿੰਟ ਲੰਮਾ ਹੁੰਦਾ ਮਹਿਸੂਸ ਹੋ ਰਿਹਾ ਸੀ। ਹਰੇਕ ਮਿੰਟ ਤਣਾਉ ਭਰਿਆ ਹੁੰਦਾ ਜਾ ਰਿਹਾ ਸੀ। ਜਿਵੇਂ ਹੀ ਉਹ ਕਿਨਾਰੇ ਉੱਤੇ ਪਹੁੰਚੇ, ਉਸ ਕਾਮੇ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਉਸਦੀ ਜਾਨ ਬਚ ਗਈ।
ਉਸ ਦਿਨ ਦੀ ਯਾਤਰਾ ਵਿਚ ਸ਼ਿਆਲ ਦਾ 50,000 ਰੁਪਏ ਤੋਂ ਵੱਧ ਖ਼ਰਚਾ ਆਇਆ, ਕਿਉਂਕਿ ਉਨ੍ਹਾਂ ਨੂੰ ਇਕੋ ਦਿਨ ਦੇ ਅੰਦਰ-ਅੰਦਰ ਵਾਪਸ ਮੁੜਨਾ ਪਿਆ। ਉਹ ਕਹਿੰਦੇ ਹਨ, “ਇਕ ਗੇੜੇ ਦੀ ਯਾਤਰਾ ਲਈ 400 ਲੀਟਰ ਤੇਲ ਦੀ ਲੋੜ ਪੈਂਦੀ ਹੈ। ਅਸੀਂ ਬਿਨਾਂ ਕੋਈ ਮੱਛੀ ਫੜੇ ਹੀ ਵਾਪਸ ਆ ਗਏ।”
ਸ਼ਿਆਲ ਕਹਿੰਦੇ ਹਨ ਕਿ ਮੱਛੀਆਂ ਫੜਨ ਦੇ ਕੰਮ ਵਿਚ ਵਧਦੇ ਖ਼ਰਚਿਆਂ ਦੇ ਕਾਰਨ, ਜਦੋਂ ਵੀ ਸਿਹਤ ਸੰਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਪਹਿਲਾ ਵਿਚਾਰ ਇਸਨੂੰ ਨਜ਼ਰਅੰਦਾਜ਼ ਕਰਨ ਦਾ ਆਉਂਦਾ ਹੈ। “ਇਹ ਖ਼ਤਰਨਾਕ ਹੋ ਸਕਦਾ ਹੈ। ਪਰ ਕੋਈ ਬਚਤ ਨਾ ਹੋਣ ਕਾਰਨ ਅਸੀਂ ਮਾਮੂਲੀ ਜੀਵਨ ਜਿਉਂਦੇ ਹਾਂ। ਸਾਡੇ ਹਾਲਾਤ ਸਾਨੂੰ ਆਪਣੀ ਸਿਹਤ ਦੀ ਅਣਦੇਖੀ ਕਰਨ ਲਈ ਮਜਬੂਰ ਕਰ ਦਿੰਦੇ ਹਨ। ਅਸੀਂ ਜਦੋਂ ਬੇੜੇ ਉੱਤੇ ਬਿਮਾਰ ਹੋ ਜਾਂਦੇ ਹਾਂ ਤਾਂ ਸਾਨੂੰ ਸਿਹਤ ਸੰਬੰਧੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ ਅਤੇ ਘਰ ਵਾਪਸ ਆਉਣ ਤੋਂ ਬਾਅਦ ਹੀ ਇਲਾਜ ਕਰਵਾਉਂਦੇ ਹਾਂ।”
ਸ਼ਿਆਲ ਬੇਟ ਦੇ ਨਿਵਾਸੀਆਂ ਲਈ, ਘਰ ਵਿਚ ਵੀ ਕੋਈ ਸਿਹਤ ਸੁਵਿਧਾ ਉਪਲਬਧਨਹੀਂ ਹੈ। ਇਸ ਦੀਪ ਤੱਕ ਪਹੁੰਚਣ ਦਾ ਇਕਲੌਤਾ ਸਾਧਨ ਕਿਸ਼ਤੀ (ਫੇਰੀ) ਦੀ ਸਵਾਰੀ ਹੈ ਜੋ 15 ਮਿੰਟਾਂ ਦਾ ਸਮਾਂ ਲੈਂਦੀ ਹੈ; ਲੜਖੜਾਉਂਦੀ ਕਿਸ਼ਤੀ ਉੱਤੇ ਚੜਨ ਅਤੇ ਉੱਤਰਨ ਲਈ ਵੀ ਪੰਜ ਮਿੰਟ ਸੰਘਰਸ਼ ਕਰਨਾ ਪੈਂਦਾ ਹੈ।
ਕਿਸ਼ਤੀ ਐਂਬੂਲੈਂਸ ਤੋਂ ਇਲਾਵਾ, ਬਾਲਾਧੀਆ ਦੀ ਪਟੀਸ਼ਨ ਵਿਚ ਸ਼ਿਆਲ ਬੇਟ ਦੇ 5,000 ਨਿਵਾਸੀਆਂ ਲਈ ਇਕ ਮੁੱਢਲੀ ਸਿਹਤ ਕੇਂਦਰ (ਪੀਐਚਸੀ) ਦੀ ਵੀ ਮੰਗ ਕੀਤੀ ਗਈ ਸੀ। ਇਹ ਸਾਰੇ ਲੋਕ ਆਪਣੇ ਗੁਜ਼ਾਰੇ ਲਈ ਮੱਛੀਆਂ ਫੜਨ ਦੇ ਕੰਮ ਉੱਤੇ ਹੀ ਨਿਰਭਰ ਹਨ।
ਇਸਦੇ ਜੁਆਬ ਵਿਚ ਹਾਈਕੋਰਟ ਦੇ ਹੁਕਮ ਵਿਚ ਕਿਹਾ ਗਿਆ ਸੀ ਕਿ ਜ਼ਿਲ੍ਹੇ ਅਤੇ ਨੇੜੇ-ਤੇੜੇ ਦੇ ਜ਼ਿਲ੍ਹਿਆਂ ਦੇਮੈਡੀਕਲ ਅਧਿਕਾਰੀਆਂ ਨੂੰ ਹਫ਼ਤੇ ਵਿਚ ਪੰਜ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਉਪ-ਸਿਹਤ ਕੇਂਦਰ ਵਿਚ ਤੈਨਾਤ ਕੀਤਾ ਜਾਵੇਗਾ।
ਪਰ, ਨਿਵਾਸੀਆਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ਉੱਤੇ ਅਜਿਹੀ ਕੋਈ ਤੈਨਾਤੀ ਨਹੀਂ ਹੋਈ।
75 ਵਰ੍ਹਿਆਂ ਦੇ ਇਕ ਸੇਵਾ-ਮੁਕਤ ਮਛਿਆਰੇਕਾਨਾਭਾਈਬਾਲਾਧੀਆ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਵਾਰ-ਵਾਰ ਹੋਣ ਵਾਲੀ ਗੋਡੇ ਦੀ ਸਮੱਸਿਆ ਦਾ ਇਲਾਜ ਕਰਵਾਉਣ ਲਈ ਜਾਫ਼ਰਾਬਾਦ ਜਾਂ ਰਾਜੁਲਾ ਜਾਣਾ ਪੈਂਦਾ ਹੈ। “ਇੱਥੇਪੀਐਚਸੀ ਅਕਸਰ ਬੰਦ ਹੀ ਰਹਿੰਦਾ ਹੈ। ਅਦਾਲਤ ਨੇ ਪਤਾ ਨਹੀਂ ਕੀ ਸੋਚ ਕੇ ਕਿਹਾ ਸੀ ਕਿ ਹਫ਼ਤੇ ਵਿਚ ਪੰਜ ਦਿਨ ਇੱਥੇ ਇਕ ਡਾਕਟਰ ਹੋਣਾ ਚਾਹੀਦਾ ਹੈ, ਜਿਵੇਂ ਲੋਕ ਹਫ਼ਤੇ ਦੇ ਆਖ਼ਰੀ ਦਿਨਾਂ ਵਿਚ ਬਿਮਾਰ ਹੀ ਨਾ ਹੁੰਦੇ ਹੋਣ। ਪਰ ਇੱਥੇ ਤਾਂ ਹਫ਼ਤੇ ਦੇ ਕੰਮ-ਕਾਜ ਵਾਲੇ ਦਿਨ ਵੀ ਹਾਲਤ ਮਾੜੀ ਹੀ ਹੁੰਦੀ ਹੈ। ਮੈਂ ਜਦੋਂ ਵੀ ਡਾਕਟਰ ਨੂੰ ਮਿਲਣ ਜਾਣਾ ਹੁੰਦਾ ਹੈ, ਤਾਂ ਹਮੇਸ਼ਾ ਕਿਸ਼ਤੀ ਵਿਚ ਹੀ ਜਾਣਾ ਪੈਂਦਾ ਹੈ।”
ਗਰਭਵਤੀ ਔਰਤਾਂ ਲਈ ਤਾਂ ਇਹ ਸਮੱਸਿਆ ਹੋਰ ਵੀ ਵੱਡੀ ਹੈ।
28 ਵਰ੍ਹਿਆਂ ਦੀ ਹੰਸਾਬੇਨਸ਼ਿਆਲ ਆਪਣੀ ਗਰਭ-ਅਵਸਥਾ ਦੇ ਅੱਠਵੇਂ ਮਹੀਨੇ ਵਿਚ ਹੈ ਅਤੇ ਸਿਹਤ ਸੰਬੰਧੀ ਵੱਖ-ਵੱਖ ਸਮੱਸਿਆਵਾਂ ਦੇ ਕਾਰਨ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਤਿੰਨ ਵਾਰ ਜਾਫ਼ਰਾਬਾਦ ਦੇ ਇਕ ਹਸਪਤਾਲ ਜਾਣਾ ਪਿਆ ਹੈ। ਉਹ ਯਾਦ ਕਰਦੇ ਹੋਏ ਦੱਸਦੇ ਹਨ ਕਿ ਜਦੋਂ ਉਹ ਛੇ ਮਹੀਨਿਆਂ ਦੀ ਗਰਭਵਤੀ ਸੀ ਤਾਂ ਉਸਨੂੰ ਪੇਟ ਵਿਚ ਗੰਭੀਰ ਦਰਦ ਦਾ ਸਾਹਮਣਾ ਕਰਨਾ ਪਿਆ। ਰਾਤ ਜ਼ਿਆਦਾ ਹੋ ਚੁੱਕੀ ਸੀ ਅਤੇ ਗੇੜੇ ਲਾਉਣ ਵਾਲੀਆਂ ਕਿਸ਼ਤੀਆਂ ਦਿਨ ਵਿਚ ਬਹੁਤ ਪਹਿਲਾਂ ਹੀ ਬੰਦ ਹੋ ਚੁੱਕੀਆਂ ਸਨ। ਉਨ੍ਹਾਂ ਨੇ ਦਰਦ ਨਾਲ ਹੀ ਰਾਤ ਕੱਟਣ ਅਤੇ ਦਿਨ ਚੜ੍ਹਨ ਤੱਕ ਉਡੀਕ ਕਰਨ ਦਾ ਫ਼ੈਸਲਾ ਕੀਤਾ। ਇਹ ਇਕ ਲੰਮੀ ਅਤੇ ਚਿੰਤਾ ਭਰੀ ਰਾਤ ਸੀ।
ਸਵੇਰੇ ਚਾਰ ਵਜੇ ਹਾਲਤ ਏਨੀ ਵਿਗੜੀ ਕਿ ਹੰਸਾਬੇਨ ਹੁਣ ਹੋਰ ਉਡੀਕ ਨਹੀਂ ਕਰ ਸਕਦੇ ਸਨ। ਉਨ੍ਹਾਂ ਨੇ ਇਕ ਕਿਸ਼ਤੀ ਵਾਲੇ ਨੂੰ ਬੁਲਾਇਆ। ਉਹ ਏਨਾ ਦਿਆਲੂ ਸੀ ਕਿ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋ ਗਿਆ। ਹੰਸਾਬੇਨ ਦੱਸਦੇ ਹਨ, “ਗਰਭਵਤੀ ਹੋਣ ਅਤੇ ਉੱਪਰੋਂ ਦਰਦ ਨਾਲ ਤੜਫਦੇ ਹੋਏ ਕਿਸ਼ਤੀ ਵਿਚ ਚੜ੍ਹਨਾ ਅਤੇ ਉੱਤਰਨਾ ਬੇਹੱਦਤਕਲੀਫ਼ਦੇਹ ਹੁੰਦਾ ਹੈ। ਕਿਸ਼ਤੀ ਕਦੇ ਵੀ ਸਥਿਰ ਨਹੀਂ ਹੁੰਦੀ, ਉਹ ਲਗਾਤਾਰ ਹਿੱਲਦੀ-ਜੁੱਲਦੀ ਰਹਿੰਦੀ ਹੈ। ਤੁਹਾਨੂੰ ਹੀ ਆਪਣਾ ਸੰਤੁਲਨ ਬਣਾਉਣਾ ਪੈਂਦਾ ਹੈ। ਇਕ ਛੋਟੀ ਜਿਹੀ ਗ਼ਲਤੀ ਹੀ ਤੁਹਾਨੂੰ ਪਾਣੀ ਵਿਚ ਡੇਗ ਸਕਦੀ ਹੈ। ਇਹ ਇੰਜ ਹੁੰਦਾ ਹੈ ਜਿਵੇਂ ਤੁਹਾਡਾ ਜੀਵਨ ਇਕ ਧਾਗੇ ਨਾਲ ਲਮਕ ਰਿਹਾ ਹੋਵੇ।”
ਜਦੋਂ ਹੰਸਾਬੇਨ ਕਿਸੇ ਤਰ੍ਹਾਂ ਕਿਸ਼ਤੀ ਵਿਚ ਚੜ੍ਹੇ ਤਾਂ ਉਨ੍ਹਾਂ ਦੀ ਸੱਸ, 60 ਵਰ੍ਹਿਆਂ ਦੀ ਮੰਜੂਬੇਨ ਨੇ ਐਂਬੂਲੈਂਸ ਸੇਵਾਵਾਂ ਲਈ ਫ਼ੋਨ ਕੀਤਾ। ਉਹ ਕਹਿੰਦੇ ਹਨ, “ਅਸੀਂ ਸੋਚਿਆ ਸੀ ਕਿ ਅਸੀਂ ਉਨ੍ਹਾਂ ਨੂੰ ਅਗਾਉਂ ਫ਼ੋਨ ਕਰਕੇ ਕੁਝ ਸਮਾਂ ਬਚਾ ਲਵਾਂਗੇ। ਪਰ ਉਨ੍ਹਾਂ ਨੇ ਸਾਨੂੰ ਜਾਫ਼ਰਾਬਾਦ ਬੰਦਰਗਾਹ ਉੱਤੇ ਉੱਤਰਨ ਤੋਂ ਬਾਅਦ ਫਿਰ ਤੋਂ ਫ਼ੋਨ ਕਰਨ ਲਈ ਕਿਹਾ।”
ਇਸਦਾ ਮਤਲਬ ਸੀ ਕਿ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ 5-7 ਮਿੰਟ ਹੋਰ ਉਡੀਕ ਕਰਨੀ ਪਈ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਇਸ ਤਜਰਬੇ ਨੇ ਹੰਸਾਬੇਨ ਨੂੰ ਡਰਾ ਦਿੱਤਾ ਹੈ। ਉਹ ਕਹਿੰਦੇ ਹਨ, “ਮੈਨੂੰ ਡਰ ਹੈ ਕਿ ਮੈਂ ਬੱਚੇ ਨੂੰ ਜਨਮ ਦੇਣ ਵਾਲੇ ਦਿਨ ਹਸਪਤਾਲ ਸਮੇਂ ਸਿਰ ਨਹੀਂ ਪਹੁੰਚ ਸਕਾਂਗੀ। ਮੈਨੂੰ ਡਰ ਹੈ ਕਿ ਜਦੋਂ ਮੈਨੂੰ ਪ੍ਰਸੂਤ ਪੀੜ ਹੋਵੇਗੀ ਤਾਂ ਮੈਂ ਕਿਸ਼ਤੀ ਵਿਚੋਂ ਡਿੱਗ ਜਾਵਾਂਗੀ। ਮੈਂ ਸਾਡੇ ਪਿੰਡ ਦੀਆਂ ਕਈ ਔਰਤਾਂ ਬਾਰੇ ਜਾਣਦੀ ਹਾਂ ਜਿਨ੍ਹਾਂ ਦੀ ਮੌਤ ਇਸੇ ਕਰਕੇ ਹੋ ਗਈ ਸੀ ਕਿ ਉਹ ਸਮੇਂ ਸਿਰ ਹਸਪਤਾਲ ਨਾ ਪਹੁੰਚ ਸਕੀਆਂ। ਮੈਨੂੰ ਅਜਿਹੇ ਮਾਮਲਿਆਂ ਬਾਰੇ ਵੀ ਪਤਾ ਹੈ ਜਿੱਥੇ ਬੱਚੇ ਦੀ ਵੀ ਮੌਤ ਹੋ ਗਈ ਸੀ।”
ਪਟੀਸ਼ਨ ਨਾਲ ਜੁੜੇ ਵਕੀਲ-ਕਾਰਕੁਨ ਅਰਵਿੰਦਭਾਈ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਸ਼ਿਆਲ ਬੇਟ ਤੋਂ ਵਧਦੇ ਪਲਾਇਨ ਦੇ ਮੁੱਖ ਕਾਰਨਾਂ ਵਿਚ ਇਕ ਵੱਡਾ ਕਾਰਨ ਸਿਹਤ ਸੇਵਾਵਾਂ ਦੀ ਅਣਹੋਂਦ ਹੈ। “ਤੁਹਾਨੂੰ ਅਜਿਹੇ ਪਰਿਵਾਰ ਮਿਲ ਜਾਣਗੇ ਜਿਨ੍ਹਾਂ ਨੇ ਆਪਣੀ ਮਾਲਕੀ ਵਾਲੀ ਹਰ ਚੀਜ਼ ਵੇਚ ਦਿੱਤੀ ਹੈ। ਇਨ੍ਹਾਂ ਵਿਚੋਂ ਬਹੁਤੇ ਪਰਿਵਾਰ ਸਿਹਤ ਸੇਵਾਵਾਂ ਦੀ ਅਣਹੋਂਦ ਦੇ ਕਾਰਨ ਕੋਈ ਨਾ ਕੋਈ ਤ੍ਰਾਸਦੀ ਝੱਲ ਚੁੱਕੇ ਹਨ। ਉਹ ਤੱਟਵਰਤੀ ਖੇਤਰਾਂ ਵਿਚ ਚਲੇ ਗਏ ਹਨ ਅਤੇ ਇੱਥੇ ਕਦੇ ਵਾਪਸ ਨਾ ਆਉਣ ਦੀ ਸਹੁੰ ਖਾ ਚੁੱਕੇ ਹਨ।”
ਤੱਟ (ਕਿਨਾਰੇ) ਉੱਤੇ ਰਹਿਣ ਵਾਲੀ ਗਾਭੀਬੇਨ ਨੇ ਇਕ ਸਹੁੰ ਖਾਧੀ ਹੈ, ਉਨ੍ਹਾਂ ਦੇ ਪਰਿਵਾਰ ਦੀ ਅਗਲੀ ਪੀੜੀ ਆਪਣੇ ਇਸ ਜੱਦੀ ਪੇਸ਼ੇ ਨੂੰ ਛੱਡ ਦੇਵੇਗੀ। ਜੀਵਨਭਾਈ ਦੀ ਮੌਤ ਤੋਂ ਬਾਅਦ, ਉਹ ਵੱਖ-ਵੱਖ ਮਛਿਆਰਿਆਂ ਲਈ ਮੱਛੀਆਂ ਸੁਕਾਉਣ ਵਾਲੇ ਇਕ ਮਜ਼ਦੂਰ ਵਜੋਂ ਕੰਮ ਕਰ ਰਹੇ ਹਨ। ਇਹ ਬਹੁਤ ਔਖਾ ਕੰਮ ਹੈ ਅਤੇ ਇਕ ਦਿਨ ਵਿਚ ਸਿਰਫ਼ 200 ਰੁਪਏ ਹੀ ਮਿਲਦੇ ਹਨ। ਉਹ ਜੋ ਵੀ ਪੈਸਾ ਕਮਾਉਂਦੇ ਹਨ, ਉਹ ਉਨ੍ਹਾਂ ਦੇ 14 ਵਰ੍ਹਿਆਂ ਦੇ ਪੁੱਤਰ ਰੋਹਿਤ ਦੀ ਪੜ੍ਹਾਈ ਲਈ ਹੈ, ਜੋ ਜਾਫ਼ਰਾਬਾਦ ਦੇ ਇਕ ਨਿਜੀ ਸਕੂਲ ਵਿਚ ਪੜ੍ਹਦਾ ਹੈ। ਉਹ ਚਾਹੁੰਦੇ ਹਨ ਕਿ ਉਹ ਵੱਡਾ ਹੋ ਕੇ ਉਹੀ ਬਣੇ ਜੋ ਉਹ ਚਾਹੁੰਦਾ ਹੈ – ਬੱਸ ਮਛਿਆਰਾ ਨਾ ਬਣੇ।
ਬੇਸ਼ੱਕ ਇਸਦੇ ਲਈ ਗਾਭੀਬੇਨ ਨੂੰ ਬੁਢਾਪੇ ਵਿਚ ਇਕੱਲੀ ਛੱਡ ਕੇ ਰੋਹਿਤ ਨੂੰ ਜਾਫ਼ਰਾਬਾਦ ਤੋਂ ਬਾਹਰ ਜਾਣਾ ਪਵੇ, ਗਾਭੀਬੇਨ ਇਸਦੇ ਲਈ ਵੀ ਤਿਆਰ ਹੈ। ਜਾਫ਼ਰਾਬਾਦ ਦੇ ਬਹੁਤ ਸਾਰੇ ਲੋਕ ਹਨ ਜੋ ਡਰ ਨਾਲ ਜੀਵਨ ਬਤੀਤ ਕਰ ਰਹੇ ਹਨ। ਗਾਭੀਬੇਨ ਵੀ ਉਨ੍ਹਾਂ ਹੀ ਲੋਕਾਂ ਵਿਚੋਂ ਇਕ ਹੈ।
ਪਾਰਥਐਮ . ਐਨ . ‘ ਠਾਕੁਰ ਫੈਮਿਲੀਫਾਊਂਡੇਸ਼ਨ ’ ਦੁਆਰਾ ਦਿੱਤੀ ਗਈ ਸੁਤੰਤਰ ਪੱਤਰਕਾਰੀ ਗ੍ਰਾਂਟ ਦੇ ਰਾਹੀਂ ਲੋਕ ਸਿਹਤ ਅਤੇ ਨਾਗਰਿਕ ਸੁਤੰਤਰਤਾ ਉੱਤੇ ਰਿਪੋਰਟਿੰਗ ਕਰਦੇ ਹਨ। ਠਾਕੁਰ ਫੈਮਿਲੀਫਾਊਂਡੇਸ਼ਨ ਨੇ ਇਸ ਰਿਪੋਰਟ ਵਿਚ ਦਰਜ ਕਿਸੇ ਵੀ ਗੱਲ ਉੱਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਰੱਖਿਆ ਹੈ।
ਤਰਜਮਾ : ਹਰਜੋਤ ਸਿੰਘ