'' ਤੀਨ ਆਨੀ ਦੋਨ ਕਿੱਟੀ ? (ਤਿੰਨ ਵਿੱਚ ਦੋ ਜੋੜਨ 'ਤੇ ਕਿੰਨੇ ਹੋਏ)?'' ਪ੍ਰਤਿਭਾ ਹਿਲੀਮ ਪੁੱਛਦੀ ਹਨ। ਉਨ੍ਹਾਂ ਦੇ ਸਾਹਮਣੇ ਭੁੰਜੇ 7 ਤੋਂ 9 ਸਾਲਾਂ ਦੇ ਕਰੀਬ 10 ਬੱਚਿਆਂ ਦਾ ਇੱਕ ਝੁੰਡ ਬੈਠਾ ਹੋਇਆ ਹੈ। ਉਨ੍ਹਾਂ ਵਿੱਚੋਂ ਕੋਈ ਵੀ ਜਵਾਬ ਨਹੀਂ ਦਿੰਦਾ। ਪ੍ਰਤਿਭਾ ਚਾਕਬੋਰਡ 'ਤੇ ਲਿਖਣ ਤੋਂ ਬਾਅਦ ਪਿਛਾਂਹ ਮੁੜ ਕੇ ਬੱਚਿਆਂ ਵੱਲ ਦੇਖਦੀ ਹਨ ਅਤੇ ਆਪਣੇ ਹੱਥਾਂ ਦੇ ਇਸ਼ਾਰਿਆਂ ਤੇ ਸਿਰ ਹਿਲਾ ਕੇ ਉਨ੍ਹਾਂ ਨੂੰ ਦਹੁਰਾਉਣ ਲਈ ਕਹਿੰਦੀ ਹਨ,''ਪੰਜ''।
ਪ੍ਰਤਿਭਾ ਚਮੜੇ ਅਤੇ ਸਟੀਲ ਤੋਂ ਬਣੇ ਅਤੇ ਰਬੜ ਦੇ ਤਲ਼ੇ ਵਾਲ਼ੇ ਸਟੰਪ ਪ੍ਰੋਟੈਕਟਰ (ਭੌੜੀਆਂ) ਸਹਾਰੇ ਖੜ੍ਹੀ ਹਨ। ਇਹ ਸਟੰਪ ਪ੍ਰੋਟੈਕਟਰ ਉਨ੍ਹਾਂ ਦੇ ਗੋਡਿਆਂ ਨਾਲ਼ ਬੱਝੇ ਹੋਏ ਹਨ। ਉਨ੍ਹਾਂ ਦੇ ਕੁਹਣੀ ਦੇ ਕੋਲ਼ ਹੀ ਚਿੱਟਾ ਚਾਕ ਦਾ ਟੋਟਾ ਬੰਨ੍ਹਿਆਂ ਹੋਇਆ ਹੈ।
'ਸਕੂਲ' ਚੱਲ ਰਿਹਾ ਹੈ, ਜੋ ਪਾਲਘਰ ਜ਼ਿਲ੍ਹੇ ਦੇ ਕਰਹੇ ਪਿੰਡ ਵਿਖੇ ਹਿਲੀਮ ਪਰਿਵਾਰ ਦੇ ਤਿੰਨ ਕਮਰਿਆਂ ਦੇ ਪੱਕੇ ਮਕਾਨ ਵਿੱਚ ਸਥਿਤ ਹੈ। ਇੱਥੇ, ਪ੍ਰਤਿਭਾ ਇਸ ਸਾਲ 20 ਜੁਲਾਈ ਤੋਂ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵ੍ਰਿਕਰਮਗੜ ਤਾਲੁਕਾ ਵਿਖੇ ਸਥਿਤ ਇਸ ਪਿੰਡ ਦੇ ਕਰੀਬ 30 ਆਦਿਵਾਸੀ ਬੱਚਿਆਂ ਨੂੰ ਅੰਗਰੇਜ਼ੀ, ਇਤਿਹਾਸ, ਮਰਾਠੀ ਤੇ ਗਣਿਤ ਪੜ੍ਹਾ ਰਹੀ ਹਨ। ਬੱਚੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਵਿਚਾਲੇ ਬੈਚਾਂ (ਸਮੂਹਾਂ) ਵਿੱਚ ਆਉਂਦੇ ਹਨ। ਇਹ ਬੱਚੇ ਆਪਣੇ ਨਾਲ਼, 1,378 ਲੋਕਾਂ ਦੀ ਵਸੋਂ ਵਾਲ਼ੇ ਇਸ ਪਿੰਡ ਦੇ 2 ਜ਼ਿਲ੍ਹਾ ਪਰਿਸ਼ਦ ਸਕੂਲਾਂ ਵੱਲੋਂ ਦਿੱਤੀਆਂ ਗਈਆਂ ਕਿਤਾਬਾਂ ਲੈ ਕੇ ਆਉਂਦੇ ਹਨ।
''ਓਪਰੇਸ਼ਨ ਤੋਂ ਬਾਅਦ, ਹਰ ਛੋਟੇ ਤੋਂ ਛੋਟਾ ਕੰਮ ਕਰਨ ਲੱਗਿਆਂ ਵੀ ਲੰਬਾ ਸਮਾਂ ਲੱਗ ਜਾਂਦਾ ਹੈ। ਇੱਥੋਂ ਤੱਕ ਕਿ ਲਿਖਣਾ ਵੀ ਮੁਸ਼ਕਲ ਬਣ ਜਾਂਦਾ ਹੈ,'' ਪ੍ਰਤਿਭਾ ਕਹਿੰਦੀ ਹਨ, ਇਸੇ ਦੌਰਾਨ ਇੱਕ ਬੱਚਾ ਉਨ੍ਹਾਂ ਦੀ ਕੁਹਣੀ ਦੇ ਨੇੜੇ ਵੈਲਕ੍ਰੋ ਪੱਟੀ ਸਹਾਰੇ ਚਾਕ ਬੰਨ੍ਹਦਾ ਹੈ।
ਪਿਛਲੇ ਸਾਲ ਤੱਕ, ਪ੍ਰਤਿਭਾ ਹਿਲੀਮ, ਜਿਨ੍ਹਾਂ ਦਾ ਸਬੰਧ ਵਾਰਲੀ ਆਦਿਵਾਸੀ ਭਾਈਚਾਰੇ ਨਾਲ਼ ਹੈ, ਸਥਾਨਕ ਜ਼ਿਲ੍ਹਾ ਪਰਿਸ਼ਦ (ZP) ਸਕੂਲਾਂ ਵਿਖੇ 28 ਸਾਲਾਂ ਤੋਂ ਪੜ੍ਹਾ ਰਹੀ ਸਨ। 20 ਸਾਲ ਦੀ ਉਮਰੇ ਵਿਆਹ ਹੋਣ ਬਾਅਦ, ਪ੍ਰਤਿਭਾ ਕਰਹੇ ਤੋਂ ਕਰੀਬ 100 ਕਿਲੋਮੀਟਰ ਦੂਰ, ਭਿਰੰਡੀ ਸ਼ਹਿਰ ਆ ਗਈ, ਜਿੱਥੇ ਉਨ੍ਹਾਂ ਦੇ ਪਤੀ ਕੰਮ ਕਰਦੇ ਸਨ। 50 ਸਾਲਾ ਪਾਂਡੂਰੰਗ ਹਿਲੀਮ (ਪਤੀ) ਰਾਜਕੀ ਸਿੰਚਾਈ ਮਹਿਕਮੇ ਵਿੱਚ ਹੁਣ ਇੱਕ ਸੀਨੀਅਰ ਕਲਰਕ ਹਨ। 2015 ਵਿੱਚ ਜਦੋਂ ਉਨ੍ਹਾਂ ਦਾ ਟ੍ਰਾਂਸਫਰ ਨੇੜਲੇ ਠਾਣੇ ਜ਼ਿਲ੍ਹੇ ਵਿੱਚ ਹੋਇਆ ਤਾਂ ਪ੍ਰਤਿਭਾ ਉੱਥੋਂ ਭਿਰੰਡੀ ਪੜ੍ਹਾਉਣ ਆਉਂਦੀ ਸਨ।
ਜੂਨ 2019 ਵਿੱਚ, ਭਿਰੰਡੀ ਦੇ ਇੱਕ ਨਵੇਂ ZP ਸਕੂਲ ਵਿੱਚ ਕੰਮ ਸ਼ੁਰੂ ਕਰਨ ਤੋਂ ਕੁਝ ਹੀ ਸਮੇਂ ਬਾਅਦ, ਪ੍ਰਤਿਭਾ ਕਰਹੇ ਵਿਖੇ ਆਪਣੇ ਘਰ (ਜੱਦੀ) ਆ ਗਈ ਜਿੱਥੇ ਉਹ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਆਇਆ ਕਰਦੀ। ਉਦੋਂ ਤੋਂ ਹੀ ਪ੍ਰਤਿਭਾ ਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ। ਉਸੇ ਮਹੀਨੇ 50 ਸਾਲਾ ਪ੍ਰਤਿਭਾ ਨੂੰ ਗੈਂਗਰੀਨ ਰੋਗ (ਸਰੀਰ ਦੇ ਟਿਸ਼ੂਆਂ ਦੇ ਮਰਦੇ ਜਾਣ ਦੀ ਬੀਮਾਰੀ) ਦੀ ਪਛਾਣ ਹੋ ਗਈ। ਗੈਂਗਰੀਨ ਆਮ ਤੌਰ 'ਤੇ ਸਰੀਰ ਦੇ ਕੁਝ ਅੰਗਾਂ (ਹੱਥਾਂ/ਪੈਰਾਂ) ਵਿੱਚ ਖ਼ੂਨ ਦੀ ਸਪਲਾਈ ਨਾ ਪਹੁੰਚਣ ਕਾਰਨ ਹੁੰਦੀ ਹੈ ਇਹਦੇ ਪਿੱਛੇ ਕਿਸੇ ਲੰਬੀ ਬੀਮਾਰੀ, ਸੱਟ ਜਾਂ ਲਾਗ ਦਾ ਕਾਰਨ ਹੁੰਦਾ ਹੈ।
ਇਹਦੇ ਕੁਝ ਸਮੇਂ ਬਾਅਦ ਹੀ, ਉਨ੍ਹਾਂ ਦੀ ਕੁਹਣੀ ਦੇ ਥੱਲਿਓਂ ਤੀਕਰ ਦੋਵਾਂ ਹੱਥਾਂ ਤੇ ਗੋਡਿਆਂ ਤੀਕਰ ਦੋਵਾਂ ਪੈਰਾਂ ਨੂੰ ਕੱਟਣਾ ਪਿਆ।
''ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰੇ ਨਾਲ਼ ਇੰਝ ਹੋ ਸਕਦਾ ਹੈ। ਮੈਂ ਕਰਹੇ ਵਿਖੇ ਸਾਂ, ਜਦੋਂ ਅਚਾਨਕ ਮੈਨੂੰ ਬੜੀ ਤੇਜ਼ ਬੁਖ਼ਾਰ ਚੜ੍ਹਿਆ,'' ਪ੍ਰਤਿਭਾ ਦੱਸਦੀ ਹਨ। 16 ਜੂਨ, 2019 ਨੂੰ ਸ਼ਾਮੀਂ ਕਰੀਬ 8 ਵੱਜ ਰਹੇ ਸਨ। ''ਬੁਖਾਰ ਲਾਹੁਣ ਵਾਸਤੇ ਮੈਂ ਪੈਰਾਸਿਟਾਮੋਲ ਲੈ ਲਈ। ਪਰ ਅਗਲੀ ਸਵੇਰ ਮੇਰਾ ਸਰੀਰ ਵੱਧ ਨਿਢਾਲ਼ ਹੋ ਗਿਆ, ਤਾਂ ਮੇਰਾ ਬੇਟਾ ਤੇ ਪਤੀ ਮੈਨੂੰ ਹਸਪਤਾਲ ਲੈ ਗਏ। ਮੈਂ ਨੀਮ-ਬੇਹੋਸ਼ੀ ਵਿੱਚ ਸਾਂ ਇਸਲਈ ਮੈਨੂੰ ਚੰਗੀ ਤਰ੍ਹਾਂ ਕੁਝ ਵੀ ਚੇਤੇ ਨਹੀਂ।''
17 ਜੂਨ ਦੀ ਸਵੇਰ, ਪਰਿਵਾਰਕ ਗੱਡੀ ਰਾਹੀਂ ਪ੍ਰਤਿਭਾ ਨੂੰ 120 ਕਿਲੋਮੀਟਰ ਦੂਰ, ਕਲਵਾ ਦੇ ਨਿੱਜੀ ਗ੍ਰਾਮੀਣ ਹਸਪਤਾਲ ਲਿਜਾਇਆ ਗਿਆ। ''ਉੱਥੋਂ ਦੇ ਡਾਕਟਰਾਂ ਨੇ ਮੇਰੇ ਪਤੀ ਨੂੰ ਦੱਸਿਆ ਕਿ ਮੇਰੀ ਹਾਲਤ ਕਾਫ਼ੀ ਨਾਜ਼ੁਕ ਹੈ ਅਤੇ ਮੈਨੂੰ ਫ਼ੌਰਨ ਠਾਣੇ ਦੇ ਨਿੱਜੀ ਹਸਪਤਾਲ ਲਿਜਾਏ ਜਾਣ ਦੀ ਲੋੜ ਹੈ,'' ਪ੍ਰਤਿਭਾ ਕਹਿੰਦੀ ਹਨ। ਉਸੇ ਦਿਨ, ਪ੍ਰਤਿਭਾ ਦਾ ਪਰਿਵਾਰ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਲੈ ਗਿਆ।
''ਅਖ਼ੀਰ ਜਦੋਂ ਮੈਨੂੰ ਹੋਸ਼ ਆਇਆ ਤਾਂ ਪਤਾ ਲੱਗਿਆ ਕਿ ਮੈਂ ਹਸਪਤਾਲ ਹਾਂ। ਡਾਕਟਰ ਨੇ ਦੱਸਿਆ ਕਿ ਮੈਨੂੰ ਡੇਂਗੂ ਹੋ ਗਿਆ ਹੈ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਖੇਤਾਂ ਵਿੱਚ ਕੰਮ ਕਰਦੇ ਵੇਲ਼ੇ ਮੈਨੂੰ ਕੁਝ ਹੋਇਆ ਸੀ? ਪਰ ਕੁਝ ਹੋਇਆ ਹੀ ਨਹੀਂ ਸੀ। ਅਸੀਂ ਜਦੋਂ ਵੀ ਬਾਬਾ ਨੂੰ ਮਿਲ਼ਣ ਆਉਂਦੇ ਹਾਂ ਤਾਂ ਖੇਤਾਂ ਵਿੱਚ ਹੀ ਕੰਮ ਕਰਦੇ ਹਾਂ। ਉਹ ਬਜ਼ੁਰਗ ਹਨ, ਇਸਲਈ ਅਸੀਂ ਆਪਣੀ ਪੈਲ਼ੀ ਵਿਖੇ ਝੋਨੇ ਦੀ ਬਿਜਾਈ ਕਰਨ ਵਿੱਚ ਮਦਦ ਕਰਦੇ ਹਾਂ।'' ਕਰਹੇ ਪਿੰਡ ਵਿਖੇ ਪਾਂਡੂਰੰਗ ਦੇ ਪਿਤਾ ਦੀ ਚਾਰ ਏਕੜ ਜ਼ਮੀਨ ਹੈ, ਜਿਸ 'ਤੇ ਉਨ੍ਹਾਂ ਦਾ ਪਰਿਵਾਰ ਝੋਨਾ, ਬਾਜਰਾ, ਅਰਹਰ ਅਤੇ ਮਾਂਹ ਦੀ ਕਾਸ਼ਤ ਕਰਦਾ ਹੈ। ''ਪਰ, ਅਨਿਯਮਿਤ ਮੀਂਹ ਕਾਰਨ ਅਸੀਂ ਖੇਤਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ,'' ਪ੍ਰਤਿਭਾ ਦੱਸਦੀ ਹਨ।
19 ਜੂਨ ਨੂੰ, ਜਦੋਂ ਪ੍ਰਤਿਭਾ ਠਾਣੇ ਦੇ ਨਿੱਜੀ ਹਸਪਤਾਲ ਵਿਖੇ ਸਨ, ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਹੱਥਾਂ-ਪੈਰਾਂ ਦਾ ਰੰਗ ਕਾਲ਼ਾ ਪੈਣ ਲੱਗਿਆ ਹੈ। ''ਡਾਕਟਰਾਂ ਨੇ ਜਦੋਂ ਕਿਹਾ ਕਿ ਖੇਤਾਂ ਵਿੱਚ ਕੰਮ ਕਰਦਿਆਂ ਸ਼ਾਇਦ ਕਿਸੇ ਕੀੜੇ ਨੇ ਕੱਟ ਲਿਆ ਹੋਣਾ, ਤਦ ਮੈਨੂੰ ਇਸ ਗੱਲ 'ਤੇ ਯਕੀਨ ਨਾ ਹੋਇਆ। ਪਰ ਬੁਖ਼ਾਰ ਵੱਧਦਾ ਹੀ ਗਿਆ ਤੇ ਮੇਰੇ ਸਰੀਰ ਦੀ ਹਾਲਤ ਵਿਗੜਨ ਲੱਗੀ। ਮੇਰੇ ਦੋਵਾਂ ਪੈਰਾਂ ਤੇ ਸੱਜੇ ਹੱਥ ਵਿੱਚ ਸਾੜ ਪੈਣ ਲੱਗਿਆ। ਪਹਿਲਾਂ ਤਾਂ ਡਾਕਟਰਾਂ ਨੇ ਕਿਹਾ ਕਿ ਮੈਂ ਠੀਕ ਹੋ ਜਾਊਂਗੀ ਪਰ ਅਗਲੀ ਰਾਤ ਮੇਰੇ ਹੱਥ ਤੇ ਪੈਰ ਠੰਡੇ ਪੈਣ ਲੱਗੇ। ਮੈਂ ਚੀਕਦੀ ਰਹਿੰਦੀ। 19 ਦਿਨ ਬੀਤ ਗਏ ਤੇ ਮੈਂ ਚੀਕਦੀ ਹੀ ਰਹੀ। ਮੇਰੇ ਪੈਰ ਮੱਚ ਰਹੇ ਸਨ ਤੇ ਹੱਥਾਂ ਨਾਲ਼ੋਂ ਵੱਧ ਪੈਰ ਪੀੜ੍ਹ ਕਰਦੇ ਸਨ।''
ਤਿੰਨ ਦਿਨਾਂ ਬਾਅਦ ਪ੍ਰਤਿਭਾ ਨੂੰ ਗੈਂਗਰੀਨ ਰੋਗ ਹੋਏ ਹੋਣ ਬਾਰੇ ਪਤਾ ਚੱਲਿਆ। ''ਸ਼ੁਰੂ ਵਿੱਚ, ਡਾਕਟਰਾਂ ਨੂੰ ਵੀ ਪੱਲੇ ਨਾ ਪਿਆ ਕਿ ਇਹ ਹੋਇਆ ਕਿਵੇਂ। ਉਨ੍ਹਾਂ ਨੇ ਕਈ ਜਾਂਚਾਂ ਕੀਤੀਆਂ। ਮੇਰਾ ਬੁਖ਼ਾਰ ਲੱਥ ਹੀ ਨਹੀਂ ਰਿਹਾ ਸੀ ਤੇ ਮੈਨੂੰ ਸ਼ਦੀਦ ਪੀੜ੍ਹ ਹੋ ਰਹੀ ਸੀ। ਪੈਰਾਂ ਵਿੱਚ ਪੈਂਦੇ ਸਾੜ ਕਾਰਨ ਮੈਂ ਚੀਕਦੀ ਰਹਿੰਦੀ। ਇੱਕ ਹਫ਼ਤੇ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਰਾਜ਼ੀ ਹੋ ਜਾਊਂਗੀ, ਕਿਉਂਕਿ ਮੇਰੇ ਖੱਬੇ ਹੱਥ ਦੀਆਂ ਤਿੰਨ ਉਂਗਲਾਂ ਅਜੇ ਵੀ ਹਿੱਲ ਰਹੀਆਂ ਸਨ। ਮੇਰੇ ਪਤੀ ਪੂਰੀ ਤਰ੍ਹਾਂ ਸਦਮੇ ਵਿੱਚ ਆ ਗਏ। ਉਨ੍ਹਾਂ ਨੂੰ ਸਮਝ ਹੀ ਨਾ ਆਇਆ ਕਿ ਕੀ ਕੀਤਾ ਜਾਵੇ। ਮੇਰੇ ਬੇਟੇ ਨੇ ਹੀ ਸਾਰਾ ਕੁਝ ਸੰਭਾਲ਼ਿਆ।''
ਉਨ੍ਹਾਂ ਦਾ 27 ਸਾਲਾ ਬੇਟਾ ਸੁਮਿਤ, ਸਿਵਿਲ ਇੰਜੀਨੀਅਰ ਹੈ ਜੋ ਮੁੰਬਈ ਦੀ ਇੱਕ ਨਿਰਮਾਣ ਕੰਪਨੀ ਵਿੱਚ ਕੰਮ ਕਰਦਾ ਸੀ, ਪਰ ਆਪਣੀ ਮਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਬਾਅਦ ਲੰਬੀ ਛੁੱਟੀ ਨਾ ਮਿਲ਼ ਸਕਣ ਕਾਰਨ ਉਨ੍ਹਾਂ ਨੂੰ ਨੌਕਰੀ ਹੀ ਛੱਡਣੀ ਪਈ। ''ਮੇਰੇ ਓਪਰੇਸ਼ਨ ਸਬੰਧੀ ਸਾਰੇ ਫ਼ੈਸਲੇ ਮੇਰੇ ਬੇਟੇ ਨੇ ਹੀ ਲਏ। ਸਾਰੇ ਜ਼ਰੂਰੀ ਕਾਗ਼ਜ਼ਾਂ 'ਤੇ ਹਸਤਾਖ਼ਰ ਤੱਕ ਉਹਨੇ ਕੀਤੇ। ਉਹੀ ਮੈਨੂੰ ਖਾਣਾ ਖੁਆਉਂਦਾ ਸੀ, ਨਹਾਉਂਦਾ ਸੀ, ਮੇਰੇ ਬੇਟੇ ਨੇ ਮੇਰਾ ਲਈ ਸਭ ਕੁਝ ਕੀਤਾ,'' ਪ੍ਰਤਿਭਾ ਚੇਤੇ ਕਰਦਿਆਂ ਕਹਿੰਦੀ ਹਨ।
ਪਿਛਲੇ ਸਾਲ ਜੂਨ ਦੇ ਅੰਤ ਵਿੱਚ, ਠਾਣੇ ਦੇ ਹਸਪਤਾਲ ਦੇ ਡਾਕਟਰਾਂ ਨੂੰ ਪ੍ਰਤਿਭਾ ਦਾ ਸੱਜਾ ਹੱਥ (ਕੁਹਣੀ ਤੀਕਰ) ਕੱਟਣਾ ਪਿਆ। ''ਓਪਰੇਸ਼ਨ ਸਹੀ ਨਹੀਂ ਹੋਇਆ। ਉਨ੍ਹਾਂ ਨੇ ਉਨ੍ਹਾਂ ਦਾ ਸੱਜਾ ਹੱਥ ਬੜੀ ਬੁਰੇ ਤਰੀਕੇ ਨਾਲ਼ ਕੱਟਿਆ,'' ਜ਼ਖ਼ਮ ਵੱਲ ਇਸ਼ਾਰਾ ਕਰਦਿਆਂ ਸੁਮਿਤ ਕਹਿੰਦੇ ਹਨ। ''ਉਨ੍ਹਾਂ ਨੇ ਸਾਡੇ ਕੋਲ਼ੋਂ ਇੱਕ ਹੱਥ ਕੱਟਣ ਬਦਲੇ 3.5 ਲੱਖ ਰੁਪਏ ਤਾਂ ਲੈ ਲਏ ਪਰ ਕੰਮ ਸਹੀ ਤਰੀਕੇ ਨਾਲ਼ ਕੀਤਾ ਨਹੀਂ। ਉਹ ਪੀੜ੍ਹ ਨਾਲ਼ ਵਿਲ਼ਕਦੀ ਰਹਿੰਦੀ। ਮੇਰੇ ਪਿਤਾ ਨੇ ਕਿਹਾ ਹਸਪਤਾਲ ਦਾ ਖਰਚਾ ਹੋਰ ਝੱਲਣਾ ਮੁਸ਼ਕਲ ਹੈ।''
ਭਿਵੰਡੀ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਨੇ ਪ੍ਰਤਿਭਾ ਨੂੰ ਖਰਚੇ ਚਲਾਉਣ ਲਈ ਅਗਸਤ ਮਹੀਨੇ ਵਿੱਚ ਤਿੰਨ ਮਹੀਨਿਆਂ ਦੀ ਤਨਖ਼ਾਹ ਦੇ ਦਿੱਤੀ- ਉਨ੍ਹਾਂ ਦੀ ਮਹੀਨੇਵਾਰ ਤਨਖ਼ਾਹ 40,000 ਰੁਪਏ ਸੀ। ''ਠਾਣੇ ਦੇ ਉਸ ਹਸਪਤਾਲ ਵਿੱਚ ਸਾਡੇ ਬੜੇ ਪੈਸੇ ਤਬਾਹ ਹੋਏ, 20 ਦਿਨਾਂ ਦਾ ਕਰੀਬ 13 ਲੱਖ ਰੁਪਏ ਖਰਚਾ ਆਇਆ। ਮੇਰੇ ਭਰਾ ਨੇ ਕੁਝ ਪੈਸੇ ਉਧਾਰ ਦਿੱਤੇ ਤੇ ਸਕੂਲ ਦੇ ਕੁਝ ਦੋਸਤਾਂ ਨੇ ਵੀ ਮਦਦ ਕੀਤੀ। ਸਾਡੇ ਕੋਲ਼ ਕੁਝ ਵੀ ਨਾ ਬਚਿਆ ਰਿਹਾ। ਮੇਰੇ ਪਤੀ ਨੇ ਵੀ ਕਰਜਾ ਲਿਆ ਸੀ,'' ਪ੍ਰਤਿਭਾ ਦੱਸਦੀ ਹਨ।
12 ਜੁਲਾਈ ਦੇ ਕਰੀਬ, ਉਹ ਜਿੰਨਾ ਖਰਚਾ ਝੱਲ ਸਕਦੇ ਸਨ ਉਸ ਨਾਲ਼ੋਂ ਕਿਤੇ ਵੱਧ ਪੈਸੇ ਖਰਚਣ ਬਾਅਦ, ਪ੍ਰਤਿਭਾ ਦਾ ਪਰਿਵਾਰ ਉਨ੍ਹਾਂ ਨੂੰ ਦੱਖਣ ਮੁੰਬਈ ਦੇ ਸਰਕਾਰੀ ਜੇਜੇ ਹਸਪਤਾਲ ਲੈ ਕੇ ਆਇਆ, ਜਿੱਥੇ ਉਹ ਕਰੀਬ ਇੱਕ ਮਹੀਨਾ ਰਹੀ। ''ਜੇਜੇ ਆਉਣ ਬਾਅਦ ਵੀ ਮੇਰੇ ਪੈਰਾਂ ਦਾ ਦਰਦ ਬਣਿਆ ਰਿਹਾ। ਜੇ ਕੋਈ ਮੇਰੇ ਪੈਰਾਂ ਨੂੰ ਹੱਥ ਲਾਉਂਦਾ ਤਾਂ ਮੈਂ ਚਾਂਗਰ ਮਾਰਦੀ,'' ਉਹ ਚੇਤੇ ਕਰਦੀ ਹਨ। ''ਨੌਂ ਦਿਨਾਂ ਤੱਕ ਮੈਂ ਨਾ ਕੁਝ ਖਾ ਸਕੀ ਤੇ ਨਾ ਹੀ ਸੌਂ ਸਕੀ। ਮੇਰੇ ਪੈਰਾਂ ਵਿੱਚ ਬੜਾ ਸਾੜ ਪੈਂਦਾ ਰਹਿੰਦਾ। ਡਾਕਟਰਾਂ ਨੇ ਮੈਨੂੰ 2-3 ਦਿਨ ਨਿਗਰਾਨੀ ਹੇਠ ਰੱਖਿਆ ਅਤੇ ਫਿਰ ਓਪਰੇਸ਼ਨ ਕਰਨ ਦਾ ਫ਼ੈਸਲਾ ਲਿਆ।''
15 ਜੁਲਾਈ ਨੂੰ ਪੰਜ ਘੰਟੇ ਚੱਲੇ ਇਸ ਓਪਰੇਸ਼ਨ ਵਿੱਚ ਉਨ੍ਹਾਂ ਨੇ ਮੇਰੇ ਬਾਕੀ ਬਚੇ ਤਿੰਨ ਅੰਗਾਂ- ਖੱਬਾ ਹੱਥ, ਦੋਵੇਂ ਲੱਤਾਂ ਵੀ ਕੱਟ ਦਿੱਤੀਆਂ।
''ਜਦੋਂ ਡਾਕਟਰਾਂ ਨੇ ਪਹਿਲੀ ਵਾਰ ਮੈਨੂੰ ਓਪਰੇਸ਼ਨ ਬਾਰੇ ਦੱਸਿਆ ਤਾਂ ਮੈਂ ਸਦਮੇ ਵਿੱਚ ਚਲੀ ਗਈ,'' ਪ੍ਰਤਿਭਾ ਕਹਿੰਦੀ ਹਨ। ''ਮੈਂ ਆਪਣੇ ਭਵਿੱਖ ਬਾਰੇ ਸੋਚਣ ਲੱਗੀ ਕਿ ਹੁਣ ਮੈਂ ਪੜ੍ਹਾਉਣ ਲਈ ਸਕੂਲ ਤਾਂ ਜਾ ਨਹੀਂ ਪਾਊਂਗੀ। ਮੈਨੂੰ ਬੱਸ ਘਰੇ ਹੀ ਪਿਆ ਰਹਿਣਾ ਪਵੇਗਾ ਤੇ ਦੂਜਿਆਂ 'ਤੇ ਪੂਰੀ ਤਰ੍ਹਾਂ ਨਿਰਭਰ ਹੋ ਕੇ ਰਹਿ ਜਾਊਂਗੀ। ਮੈਂ ਇਹ ਸੋਚ ਕੇ ਰੋਣ ਲੱਗੀ ਕਿ ਮੈਂ ਕਦੇ ਖਾਣਾ ਤੱਕ ਨਹੀਂ ਪਕਾ ਸਕੂੰਗੀ। ਪਰ ਮੇਰੇ ਰਿਸ਼ਤੇਦਾਰ ਤੇ ਦੋਸਤ ਮੈਨੂੰ ਰੋਜ਼ ਮਿਲ਼ਣ ਆਉਂਦੇ ਸਨ। ਉਨ੍ਹਾਂ ਨੇ ਮੈਨੂੰ ਬੜੀ ਹਿੰਮਤ ਦਿੱਤੀ। ਇੱਥੋਂ ਤੱਕ ਕਿ ਡਾਕਟਰਾਂ ਨੇ ਵੀ ਕਿਹਾ ਕਿ ਬਣਾਉਟੀ ਅੰਗਾਂ ਸਹਾਰੇ ਮੈਂ ਦੋਬਾਰਾ ਸਕੂਲ ਜਾ ਸਕਾਂਗੀ ਅਤੇ ਪਹਿਲਾਂ ਵਾਂਗਰ ਸਾਰਾ ਕੁਝ ਕਰ ਪਾਊਂਗੀ। ਉਨ੍ਹਾਂ ਨੇ ਗੱਲਾਂ-ਗੱਲਾਂ ਵਿੱਚ ਸਾਰਾ ਕੁਝ ਅਸਾਨ ਬਣਾ ਦਿੱਤਾ। ਮੈਂ ਕਾਫ਼ੀ ਸਹਿਮੀ ਹੋਈ ਸਾਂ, ਪਰ ਮੇਰੇ ਮਾਪਿਆਂ ਨੇ ਮੈਨੂੰ ਹਿੰਮਤ ਦਿੱਤੀ ਤੇ ਓਪਰੇਸ਼ਨ ਤੋਂ ਬਾਅਦ ਵੀ ਮੇਰੀ ਬੜੀ ਮਦਦ ਕੀਤੀ। ਮੈਂ ਤਾਉਮਰ ਉਨ੍ਹਾਂ ਦੀ ਅਭਾਰੀ ਰਹਾਂਗੀ।''
11 ਅਗਸਤ 2019 ਨੂੰ ਜੇਜੇ ਹਸਪਤਾਲੋਂ ਛੁੱਟੀ ਮਿਲ਼ਣ ਬਾਅਦ, ਪ੍ਰਤਿਭਾ ਆਪਣੀ ਮਾਂ, 65 ਸਾਲਾ ਸੁਨੀਤਾ ਵਾਘ ਦੇ ਘਰ ਰਹਿਣ ਚਲੀ ਗਈ ਜੋ ਕਿ ਖੇਤਾਂ ਵਿੱਚ ਅਤੇ ਘਰ ਵਿੱਚ ਕੰਮ ਕਰਦੀ ਹਨ। ਪ੍ਰਤਿਭਾ ਦੇ ਮਾਪਿਆਂ ਕੋਲ਼ ਪਾਲਘਰ ਜ਼ਿਲ੍ਹੇ ਦੇ ਜੌਹਰ ਤਾਲੁਕਾ ਦੇ ਚਲਤਵਾੜ ਪਿੰਡ ਵਿਖੇ ਛੇ ਏਕੜ ਜਮ਼ੀਨ ਹੈ, ਜਿਸ 'ਤੇ ਉਹ ਚੌਲ਼, ਅਰਹਰ ਅਤੇ ਬਾਜਰੇ ਦੀ ਖੇਤੀ ਕਰਦੇ ਹਨ। ਉਨ੍ਹਾਂ ਦੇ 75 ਸਾਲਾ ਪਿਤਾ, ਅਰਵਿੰਦ ਵਾਘ, ਕੁਝ ਖੇਤ ਮਜ਼ਦੂਰਾਂ ਨਾਲ਼ ਅਜੇ ਵੀ ਖੇਤ ਵਿੱਚ ਕੰਮ ਕਰਦੇ ਹਨ। ਪ੍ਰਤਿਭਾ ਚਲਤਵਾੜ ਵਿੱਚ ਮਾਰਚ 2020 ਤੱਕ ਰਹੀ, ਜਦੋਂ ਉਨ੍ਹਾਂ ਦਾ ਪਰਿਵਾਰ ਤਾਲਾਬੰਦੀ ਤੋਂ ਮਗਰੋਂ ਵਾਪਸ ਪਿੰਡ ਮੁੜਿਆ ਸੀ। (ਇਸ ਸਾਲ ਸਤੰਬਰ ਮਹੀਨੇ ਵਿੱਚ, ਪ੍ਰਤਿਭਾ ਦੇ ਪਤੀ ਕਰਹੇ ਪਿੰਡ ਵਿਖੇ ਰਹਿਣ ਲਈ ਵਾਪਸ ਮੁੜੇ ਅਤੇ ਮੋਟਰਬਾਈਕ ਰਾਹੀਂ ਹੀ ਜੌਹਰ ਤਾਲੁਕਾ ਦੇ ਸਿੰਚਾਈ ਦਫ਼ਤਰ ਵਿਖੇ ਕੰਮ ਕਰਨ ਜਾਂਦੇ ਹਨ)।
ਪਿਛਲੇ ਸਾਲ ਤੱਕ, ਪ੍ਰਤਿਭਾ ਨੂੰ ਫਾਲੋ-ਅਪ ਅਤੇ ਜਾਂਚਾਂ ਵਾਸਤੇ ਬੇਟੇ ਦੇ ਨਾਲ਼ 3-4 ਵਾਰ ਜੇਜੇ ਹਸਪਤਾਲ ਜਾਣਾ ਪਿਆ। ਫਰਵਰੀ 2020 ਨੂੰ, ਉਨ੍ਹਾਂ ਨੇ ਦੱਖਣ ਮੁੰਬਈ ਦੇ ਹਾਜੀ ਅਲੀ ਵਿਖੇ, ਸਿਹਤ ਅਤੇ ਪਰਿਵਾਰ ਕਲਿਆਣਾ ਮੰਤਰਾਲੇ ਦੁਆਰਾ ਚਲਾਏ ਜਾਣ ਵਾਲ਼ੇ ਕੁੱਲ ਭਾਰਤੀ ਭੌਤਿਕ ਮੈਡੀਸੀਨ ਤੇ ਪੁਨਰਵਾਸ ਸੰਸਥਾ ਵਿਖੇ ਬਣਾਉਟੀ ਅੰਗ ਲਾਉਣ ਤੋਂ ਪਹਿਲਾਂ ਫਿਜਿਓਥੈਰੇਪੀ ਸ਼ੁਰੂ ਕੀਤੀ। ਇੱਥੋਂ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਆਪਣਾ ਸੱਜਾ ਹੱਥ ਪੂਰੀ ਤਰ੍ਹਾਂ ਰਾਜ਼ੀ ਹੋਣ ਤੱਕ ਉਡੀਕ ਕਰਨ ਲਈ ਕਿਹਾ ਸੀ। ਇਹ ਸੰਸਥਾ ਚਲਤਵਾੜ ਤੋਂ ਕਰੀਬ 160 ਕਿਲੋਮੀਟਰ ਦੂਰ ਹੈ ਅਤੇ ਉਨ੍ਹਾਂ ਦੇ ਬੇਟੇ ਸੁਮਿਤ ਉਨ੍ਹਾਂ ਨੂੰ ਹਰ ਦੂਸਰੇ ਦਿਨ ਗੱਡੀ ਰਾਹੀਂ ਉੱਥੇ ਲੈ ਜਾਂਦੇ ਸਨ; ਇੱਕ ਪਾਸੇ ਦੇ ਸਫ਼ਰ 'ਤੇ ਚਾਰ ਘੰਟੇ ਲੱਗਦੇ। ''ਉਨ੍ਹਾਂ ਨੇ ਸਾਨੂੰ, ਮੇਰੇ ਸਾਰੇ ਜ਼ਖ਼ਮ ਠੀਕ ਹੋ ਜਾਣ ਤੋਂ ਬਾਅਦ ਹੀ ਥੈਰੇਪੀ ਲਈ ਆਉਣ ਲਈ ਕਿਹਾ ਸੀ। ਪਰ ਤਕਰੀਬਨ ਹਰ ਰੋਜ਼ (ਮਹੀਨਿਆਂ ਬੱਧੀ) ਹੀ ਮੇਰੇ ਸੱਜੇ ਹੱਥ ਵਿੱਚ ਪੀੜ੍ਹ ਹੁੰਦੀ ਹੀ ਰਹਿੰਦੀ ਸੀ,'' ਪ੍ਰਤਿਭਾ ਚੇਤੇ ਕਰਦੀ ਹਨ। ''ਮੇਰੀ ਧੀ ਮਾਧੁਰੀ ਨੇ ਘਰ ਦੇ ਸਾਰੇ ਕੰਮਾਂ ਦਾ ਜ਼ੁੰਮਾ ਲਿਆ ਤੇ ਹੁਣ ਵੀ ਮੈਨੂੰ ਆਪਣੀ ਹੱਥੀਂ ਖਾਣਾ ਖੁਆਉਂਦੀ ਹੈ। ਮੈਂ ਪੱਟੀ ਦੇ ਸਹਾਰੇ ਖਾਣ ਦੀ ਕੋਸ਼ਿਸ਼ ਤਾਂ ਕਰਦੀ ਹਾਂ ਪਰ ਚਮਚਾ ਡਿੱਗ ਜਾਂਦਾ ਹੈ।''
ਪ੍ਰਤਿਭਾ ਦੀ ਛੋਟੀ ਧੀ, 25 ਸਾਲਾ ਮਾਧੁਰੀ, ਸਾਵੰਤਵਾੜੀ ਤਾਲੁਕਾ ਦੀ ਯੂਨੀਵਰਸਿਟੀ ਵਿਖੇ ਅਯੂਰਵੈਦਿਕ ਮੈਡੀਸੀਨ ਦੀ ਪੜ੍ਹਾਈ ਕਰ ਰਹੀ ਹਨ। ਜੁਲਾਈ 2019 ਨੂੰ ਪ੍ਰਤਿਭਾ ਦੇ ਓਪਰੇਸ਼ਨ ਦੌਰਾਨ, ਮਾਧੁਰੀ ਦੇ ਪੇਪਰ ਚੱਲ ਰਹੇ ਸਨ ਅਤੇ ਉਹ ਆਪਣੀ ਮਾਂ ਦੇ ਕੋਲ਼ ਨਾ ਆ ਸਕੀ। ''ਪਰ ਪਰਮਾਤਮਾ ਨੇ ਸਿਰਫ਼ ਸਾਡੇ ਵਾਸਤੇ ਹੀ ਮੇਰੀ ਮਾਂ ਨੂੰ ਜੀਵਨ-ਦਾਨ ਦਿੱਤਾ ਹੈ,'' ਮਾਧੁਰੀ ਕਹਿੰਦੀ ਹਨ। ''ਹੁਣ ਮੈਂ ਇਸ ਲੜਾਈ ਵਿੱਚ ਇਨ੍ਹਾਂ ਦਾ ਸਾਥ ਦੇਣ ਲਈ ਸਭ ਕੁਝ ਕਰਾਂਗੀ। ਕਦੇ-ਕਦੇ ਉਹ ਆਪਣੇ ਕੱਟੇ ਹੋਏ ਹੱਥਾਂ-ਪੈਰਾਂ ਨੂੰ ਚੇਤੇ ਕਰਕੇ ਬੜਾ ਰੋਂਦੀ ਹਨ। ਮਾਂ ਨੇ ਪਹਿਲਾਂ ਸਾਡੇ ਲਈ ਇੰਨਾ ਕੁਝ ਕੀਤਾ ਹੈ- ਹੁਣ ਸਾਡੀ ਵਾਰੀ ਹੈ। ਅਸੀਂ ਮਾਂ ਨੂੰ ਕਹਿੰਦੇ ਹਾਂ ਅਸੀਂ ਉਨ੍ਹਾਂ ਦੇ ਨਾਲ਼ ਹਾਂ। ਅਸੀਂ ਬੱਚੇ ਹੀ ਤੁਹਾਡੇ ਹੱਥ ਤੇ ਪੈਰ ਬਣਾਂਗੇ।'' ਪ੍ਰਤਿਭਾ ਦੀ ਵੱਡੀ ਧੀ, 29 ਸਾਲਾ ਪ੍ਰਣਾਲੀ ਦਰੋਠੇ, ਜ਼ਿਲ੍ਹਾ ਖੇਤੀਬਾੜੀ ਦਫ਼ਤਰ ਵਿੱਚ ਸਹਾਇਕ ਖੇਤੀ ਅਧਿਕਾਰੀ ਹਨ ਅਤੇ ਉਨ੍ਹਾਂ ਦਾ ਇੱਕ ਸਾਲ ਦਾ ਬੇਟਾ ਹੈ।
ਪ੍ਰਤਿਭਾ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਬੇਸਬਰੀ ਨਾਲ਼, ਹਾਜੀ ਅਲੀ ਸੈਂਟ ਤੋਂ ਉਨ੍ਹਾਂ ਲਈ ਬਣਾਉਟੀ ਅੰਗਾਂ ਦੀ ਉਡੀਕ ਕਰ ਰਹੇ ਹਨ- ਜਿੱਥੋਂ ਉਨ੍ਹਾਂ ਨੂੰ ਸਟੰਪ ਪ੍ਰੋਟੈਕਟਰ ਵੀ ਮਿਲ਼ੇ। ''ਮਾਰਚ ਵਿੱਚ ਮੈਨੂੰ ਮੇਰੇ (ਬਣਾਉਟੀ) ਹੱਥ ਤੇ ਪੈਰ ਮਿਲ਼ਣ ਵਾਲ਼ੇ ਸਨ। ਮੇਰੇ ਅਕਾਰ ਮੁਤਾਬਕ ਉਹ ਬਣ ਕੇ ਤਿਆਰ ਹਨ ਤੇ ਉੱਥੇ ਰੱਖੇ ਹੋਏ ਹਨ,'' ਉਹ ਕਹਿੰਦੀ ਹਨ। ''ਪਰ ਡਾਕਟਰਾਂ ਨੇ ਮੈਸੇਜ ਕਰਕੇ ਤਾਲਾਬੰਦੀ ਕਾਰਨ ਕੁਝ ਮਹੀਨਿਆਂ ਬਾਅਦ ਆਉਣ ਲਈ ਕਿਹਾ। ਜਦੋਂ ਵੀ ਸੈਂਟਰ ਖੁੱਲ੍ਹੇਗਾ, ਮੈਨੂੰ ਦੋਬਾਰਾ ਸਿਖਲਾਈ ਮਿਲ਼ੇਗੀ ਤੇ ਫਿਰ ਉਹ ਮੇਰੇ ਹੱਥ ਤੇ ਪੈਰ ਲਾ ਦੇਣਗੇ।''
ਜਨਵਰੀ ਤੋਂ, ਪ੍ਰਤਿਭਾ ਦੋਵਾਂ ਪੈਰਾਂ 'ਤੇ ਲੱਗੇ ਕੁਹਣੀ ਪੈਡ ਦੇ ਸਹਾਰੇ ਤੁਰ ਰਹੀ ਹਨ। ''ਇਹ ਮੈਨੂੰ ਸੈਂਟਰ ਨੇ ਦਿੱਤਾ ਸੀ ਕਿਉਂਕਿ ਇਸ ਨਾਲ਼ ਮੈਨੂੰ (ਨਕਲੀ ਹੱਥ ਤੇ ਪੈਰ ਦੇ ਨਾਲ਼) ਤੁਰਨ ਵਿੱਚ ਅਸਾਨੀ ਹੋਵੇਗੀ ਤੇ ਇਹ ਮੇਰੇ ਸੰਤੁਲਨ ਵਿੱਚ ਵੀ ਮਦਦ ਕਰੇਗਾ। ਸ਼ੁਰੂ ਵਿੱਚ ਕਾਫ਼ੀ ਦਰਦ ਹੁੰਦਾ ਸੀ। ਇਨ੍ਹਾਂ ਦੇ ਨਾਲ਼ ਤੁਰਨ ਦੀ ਆਦਿ ਹੋਣ ਵਿੱਚ ਮੈਨੂੰ ਮਹੀਨਾ ਲੱਗਿਆ,'' ਪ੍ਰਤਿਭਾ ਕਹਿੰਦੀ ਹਨ। ਪੁਨਰਵਾਸ ਕੇਂਦਰ ਨੇ ਪ੍ਰਤਿਭਾ ਨੂੰ ਨਕਲੀ ਅੰਗਾਂ ਸਹਾਰੇ ਬੈਠਣ, ਖੜ੍ਹੇ ਹੋਣ ਤੇ ਬਾਕੀ ਬੁਨਿਆਦੀ ਗਤੀਵਿਧੀਆਂ ਦੋਬਾਰਾ ਤੋਂ ਸ਼ੁਰੂ ਕਰਨ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਯੋਗ ਅਤੇ ਹੋਰ ਕਸਰਤ ਸਿਖਾਈ। ਸੈਂਟਰ ਨੇ ਉਨ੍ਹਾਂ ਨੂੰ ਵੈਲਕ੍ਰੋ ਟੇਪ ਨਾਲ਼ ਆਪਣੀਆਂ ਬਾਂਹਾਂ ਨਾਲ਼ ਚਮਚਾ, ਪੈਨ ਜਾਂ ਚਾਕੂ ਜਿਹੀਆਂ ਚੀਜ਼ਾਂ ਚੁੱਕਣਾ ਵੀ ਸਿਖਾਇਆ।
ਪਿਛਲੇ ਸਾਲ ਹੱਥ-ਪੈਰ ਕੱਟਣ ਬਾਅਦ, ਪ੍ਰਤਿਭਾ ਜਾਂ ਜ਼ਿਲ੍ਹਾ ਪਰਿਸ਼ਦ ਸਕੂਲ ਵਿਖੇ ਟੀਚਰ ਦਾ ਕੰਮ ਰੁੱਕ ਗਿਆ ਅਤੇ ਫਿਰ ਮਾਰਚ ਵਿੱਚ ਕੋਵਿਡ-19 ਤਾਲਾਬੰਦੀ ਸ਼ੁਰੂ ਹੋ ਗਈ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਤਾਲਾਬੰਦੀ ਦੌਰਾਨ ਪਿੰਡ ਦੇ ਬੱਚਿਆਂ ਨੂੰ ਪੜ੍ਹਾਈ ਕਰਨ ਵਿੱਚ ਕਾਫ਼ੀ ਸੰਘਰਸ਼ ਕਰਨਾ ਪੈ ਰਿਹਾ ਹੈ। ਉਹ ਦੇਖ ਰਹੀ ਸਨ ਕਿ ਬੱਚੇ ਜਾਂ ਤਾਂ ਘੁੰਮ-ਫਿਰ ਰਹੇ ਹਨ ਜਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ''ਇਹ ਗ਼ਰੀਬ ਲੋਕ ਹਨ। ਉਹ ਆਨਲਾਈਨ ਸਿੱਖਿਆ ਨੂੰ ਨਹੀਂ ਸਮਝ ਪਾ ਰਹੇ,'' ਉਹ ਕਹਿੰਦੀ ਹਨ। ''ਉਨ੍ਹਾਂ ਦੇ ਮਾਪੇ ਗ਼ਰੀਬ ਹਨ। ਦੱਸੋ ਆਨਲਾਈਨ ਸਿੱਖਿਆ ਵਾਸਤੇ ਫ਼ੋਨ ਦਾ ਬੰਦੋਬਸਤ ਕਿਵੇਂ ਕਰਨਗੇ?''
ਇਸਲਈ ਪ੍ਰਤਿਭਾ ਨੇ ਬੱਚਿਆਂ ਨੂੰ ਮੁਫ਼ਤ ਵਿੱਚ ਪੜ੍ਹਾਉਣ ਦਾ ਫ਼ੈਸਲਾ ਲਿਆ। ''ਇੱਥੇ ਆਦਿਵਾਸੀ ਬੱਚਿਆਂ ਦੇ ਹਾਲਾਤ ਕਾਫ਼ੀ ਖ਼ਰਾਬ ਹਨ। ਉਹ ਬਾਮੁਸ਼ਕਲ ਦੋ ਡੰਗ ਖਾਣਾ ਖਾਂਦੇ ਹਨ। ਕਦੇ-ਕਦੇ ਮੇਰੀ ਬੇਟੀ ਇੱਥੇ ਆਉਣ ਵਾਲ਼ੇ ਭੁੱਖੇ ਬੱਚਿਆਂ ਲਈ ਖਾਣਾ ਬਣਾਉਂਦੀ ਹਨ। ਅਸੀਂ ਆਮ ਤੌਰ 'ਤੇ ਬੱਚਿਆਂ ਨੂੰ ਕੇਲੇ ਦਿੰਦੇ ਹਾਂ, ਪਰ ਖ਼ਾਸ ਦਿਨੀਂ ਅਸੀਂ ਫਰਸਾਨ ਤੇ ਚਾਕਲੇਟ ਵੀ ਵੰਡਦੇ ਹਾਂ।''
ਪਰ, ਉਹ ਗੱਲ ਜੋੜਦਿਆਂ ਕਹਿੰਦੀ ਹਨ,''ਕਈ (ਬੱਚਿਆਂ) ਨੇ, ਫ਼ਸਲ ਦੀ ਵਾਢੀ ਦੇ ਮੌਸਮ ਕਾਰਨ (ਘਰੇ ਲੱਗਣ ਵਾਲ਼ੀ ਕਲਾਸ) ਆਉਣਾ ਵੀ ਛੱਡ ਦਿੱਤਾ ਹੈ। ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਖੇਤ ਲਿਜਾਂਦੇ ਹਨ। ਜਾਂ ਬੱਚਿਆਂ ਨੂੰ ਆਪਣੇ ਛੋਟੇ ਭੈਣ-ਭਰਾਵਾਂ ਦਾ ਖ਼ਿਆਲ ਰੱਖਣ ਲਈ ਘਰੇ ਹੀ ਰੁਕਣਾ ਪੈਂਦਾ ਹੈ। ਜੇ ਮੇਰੇ ਪੈਰ ਹੁੰਦੇ ਤਾਂ ਮੈਂ ਇਸ ਪਿੰਡ ਦੇ ਹਰ ਘਰ ਜਾਂਦੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਹਿੰਦੀ ਕਿ ਉਹ ਆਪਣੇ ਬੱਚਿਆਂ ਨੂੰ ਮੇਰੇ ਕੋਲ਼ ਭੇਜਿਆ ਕਰਨ।''
ਅਗਸਤ 2020 ਨੂੰ, ਪ੍ਰਤਿਭਾ ਨੇ ਭਿਵੰਡੀ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਤੋਂ ਕਰਹੇ ਪਿੰਡ ਵਿਖੇ ਤਬਾਦਲੇ ਲਈ ਬਿਨੈ ਕੀਤਾ ਹੈ-ਉਨ੍ਹਾਂ ਦੀ ਨੌਕਰੀ ਬਰਕਰਾਰ ਹੈ ਅਤੇ ਅਗਸਤ 2019 ਤੱਕ ਦੀ ਤਿੰਨ ਮਹੀਨੇ ਦੀ ਤਨਖ਼ਾਹ ਮਿਲ਼ਣ ਬਾਅਦ ਤੋਂ ਬਿਨਾ-ਤਨਖ਼ਾਹੋਂ ਛੁੱਟੀ 'ਤੇ ਹਨ। ''ਜਦੋਂ ਤੀਕਰ ਸਕੂਲ ਨਹੀਂ ਖੁੱਲ੍ਹਦੇ, ਮੈਂ ਬੱਚਿਆਂ ਨੂੰ ਆਪਣੇ ਘਰੇ ਹੀ ਪੜ੍ਹਾਉਂਦੀ ਰਹਾਂਗੀ,'' ਉਹ ਕਹਿੰਦੀ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਨਕਲੀ ਹੱਥ-ਪੈਰ ਦੋਬਾਰਾ ਤੋਂ ਕੰਮ ਸ਼ੁਰੂ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਗੇ।
''ਮੈਂ ਖ਼ੁਦ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੁੰਦੀ ਹਾਂ। ਮੈਂ ਸਕੂਲ ਵਾਪਸ ਜਾ ਕੇ ਪੜ੍ਹਾਉਣਾ ਚਾਹੁੰਦੀ ਹਾਂ। ਮੈਂ ਆਪਣਾ ਕੰਮ ਖ਼ੁਦ ਕਰਨਾ ਚਾਹੁੰਦੀ ਹਾਂ,'' ਉਹ ਕਹਿੰਦੀ ਹਨ। ''ਸਕੂਲ ਸਦਾ ਤੋਂ ਮੇਰੀ ਪੂਰੀ ਦੁਨੀਆ ਰਿਹਾ ਹੈ। ਬੱਚਿਆਂ ਦੇ ਨਾਲ਼ ਰਹਿਣ ਕਰਕੇ ਮੈਨੂੰ ਦੋਬਾਰਾ ਤੋਂ ਸਹਿਜ ਮਹਿਸੂਸ ਹੋਣ ਲੱਗਿਆ ਹੈ,''ਪ੍ਰਤਿਭਾ ਅੱਗੇ ਕਹਿੰਦੀ ਹਨ ਤੇ ਮੈਨੂੰ ਬੂਹੇ ਤੱਕ ਛੱਡਣ ਲਈ ਸੋਫ਼ੇ ਤੋਂ ਉੱਠਣ ਦੀ ਕੋਸ਼ਿਸ਼ ਕਰਦੀ ਹਨ। ਪਰ ਉਨ੍ਹਾਂ ਦੀ ਕੁਹਣੀ ਦੇ ਪੈਡ ਨਹੀਂ ਸਨ ਲੱਗੇ ਹੋਏ ਤੇ ਉਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਡਿੱਗਦੇ-ਡਿੱਗਦੇ ਬਚਦੀ ਹਨ। ਉਹ ਸੰਤੁਲਨ ਤਾਂ ਦੁਬਾਰਾ ਬਣਾ ਲੈਂਦੀ ਹਨ, ਪਰ ਉਨ੍ਹਾਂ ਦੇ ਚਿਹਰੇ ਦੀ ਪਰੇਸ਼ਾਨੀ ਸਾਫ਼ ਝਲਕ ਰਹੀ ਹੈ। ''ਅਗਲੀ ਵਾਰ ਆਉਣਾ ਤਾਂ ਸਾਡੇ ਨਾਲ਼ ਭੋਜਨ ਜ਼ਰੂਰ ਕਰਿਓ,'' ਸੋਫ਼ੇ ਤੇ ਬਹਿੰਦਿਆਂ ਅਤੇ ਮੈਨੂੰ ਵਿਦਾ ਕਰਦਿਆਂ ਉਹ ਕਹਿੰਦੀ ਹਨ।
ਤਰਜਮਾ: ਕਮਲਜੀਤ ਕੌਰ