''ਮੇਰੇ ਦੋ ਵੱਡੇ ਬੇਟਿਆਂ ਨੇ ਦੋ ਦਿਨਾਂ ਤੱਕ ਪਾਟਿਲ (ਖੇਤ ਮਾਲਕ) ਦੇ ਖੇਤਾਂ ਵਿੱਚ ਕੰਮ ਕੀਤਾ ਅਤੇ 150-150 ਰੁਪਏ ਦਿਹਾੜੀ ਕਮਾਈ। ਉਸੇ ਪੈਸੇ ਦੇ ਨਾਲ਼ ਉਨ੍ਹਾਂ ਨੇ ਉਸ ਪਾਸੋਂ ਕੰਨਿਆ (ਚੌਲ਼ਾਂ ਦੀਆਂ ਕਣੀਆਂ) ਖਰੀਦੇ,'' ਵਨੀਤਾ ਭੋਇਰ ਨੇ ਕਿਹਾ। ਉਨ੍ਹਾਂ ਨੇ ਪਲਾਸਿਟਕ ਦੇ ਪੀਲ਼ੇ ਜਿਹੇ ਡੱਬੇ ਦਾ ਢੱਕਣ ਖੋਲ੍ਹਿਆ ਅਤੇ ਆਪਣਾ ਹੱਥ ਪਾ ਕੇ ਮੈਨੂੰ ਦਿਖਾਉਣ ਲਈ ਚੋਲ਼ਾਂ ਦੀਆਂ ਕੁਝ ਕਣੀਆਂ ਬਾਹਰ ਕੱਢੀਆਂ। ਚੌਲ਼ਾਂ ਦੀਆਂ ਕਣੀਆਂ ਉਦੋਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਜਦੋਂ ਵਾਢੀ ਤੋਂ ਬਾਅਦ ਝੋਨੇ ਵਿੱਚੋਂ ਕੱਖ ਵੱਖ ਕਰਨ ਲਈ ਛਟਾਈ ਕੀਤੀ ਜਾਂਦੀ ਹੈ ਅਤੇ ਝੋਨੇ ਵਿੱਚੋਂ ਚੌਲ਼ ਕੱਢੇ ਜਾਂਦੇ ਹਨ। ਇਹ ਦਾਣੇ ਚੌਲ਼ਾ ਦੇ ਅਨਾਜ ਮੁਕਾਬਲੇ ਸਵੱਲੇ ਹੁੰਦੇ ਹਨ। 52 ਸਾਲਾ ਵਨੀਤਾ ਦੇ ਕੱਚੇ ਢਾਰੇ ਦੀ ਰਸੋਈ ਵਿੱਚ ਕੁਝ ਦਿਨਾਂ ਦੇ ਡੰਗ ਜੋਗੀਆਂ ਕਣੀਆਂ ਦੇ ਨਾਲ਼ ਨਾਲ਼ ਲੂਣ, ਮਿਰਚ, ਹਲਦੀ, ਤੇਲ ਅਤੇ ਕੁਝ ਆਲੂ ਮੌਜੂਦ ਸੀ। ਖਾਣ ਦਾ ਇਹ ਸਮਾਨ ਵੀ ਇਸ ਪਰਿਵਾਰ ਨੂੰ ਸਥਾਨਕ ਸਮਾਜਿਕ ਕਾਰਕੁੰਨਾਂ ਨੇ ਹੀ ਦਿੱਤਾ ਸੀ।
''ਜਿਨ੍ਹਾਂ ਕੋਲ਼ ਰਾਸ਼ਨ ਕਾਰਡ ਹੈ, ਉਨ੍ਹਾਂ ਨੂੰ ਸਰਕਾਰ ਦੁਆਰਾ ਅਨਾਜ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਹਰ ਮਹੀਨੇ (ਮਾਰਚ ਤੋਂ ਜਦੋਂ ਤੋਂ ਤਾਲਾਬੰਦੀ ਸ਼ੁਰੂ ਹੋਈ) ਮੁਫ਼ਤ ਵਿੱਚ ਚੌਲ਼ ਵੀ ਮਿਲ਼ੇ। ਪਰ ਮੇਰੇ ਕੋਲ਼ ਰਾਸ਼ਨ ਕਾਰਡ ਹੀ ਨਹੀਂ ਹੈ। ਦੱਸੋ ਹੁਣ ਮੇਰਾ ਪਰਿਵਾਰ ਕਰੇ ਤਾਂ ਕੀ ਕਰੇ?'' ਵਨੀਤਾ ਦੇ ਪਤੀ, 55 ਸਾਲਾ ਨਵਸੂ ਭੋਇਰ ਬੜੇ ਹਿਰਖੇ ਮਨ ਨਾਲ਼ ਪੁੱਛਦੇ ਹਨ। ''ਸਰਕਾਰ ਸਾਡੀ ਮਾਸਾ ਮਦਦ ਨਹੀਂ ਕਰਦੀ। ਸਾਡਾ ਤਾਂ ਕੰਮ ਵੀ ਹੁਣ ਬੰਦ ਹੋ ਗਿਆ ਹੈ। ਦੱਸੋ ਅਸੀਂ ਕੀ ਖਾਈਏ?''
ਨਵਸੂ ਨੇ ਰਾਸ਼ਨ ਕਾਰਡ ਲਈ ਕਦੇ ਬਿਨੈ ਨਹੀਂ ਕੀਤਾ ਕਿਉਂਕਿ, ਉਹ ਕਹਿੰਦੇ ਹਨ ਕਿ ''ਅਸੀਂ ਹਰ ਸਾਲ ਕੰਮ ਦੀ ਭਾਲ਼ ਵਿੱਚ ਪਲਾਇਨ ਕਰਦੇ ਹਾਂ। ਮੈਨੂੰ ਨਹੀਂ ਪਤਾ ਕਿ ਇਹਦੇ ਲਈ ਬਿਨੈ ਕਿਵੇਂ ਕਰਨਾ ਹੈ।'' ਉਹ ਪੜ੍ਹੇ-ਲਿਖੇ ਨਹੀਂ ਹਨ; ਉਨ੍ਹਾਂ ਦੇ ਤਿੰਨਾਂ ਬੱਚਿਆਂ, 18 ਸਾਲਾ ਆਨੰਦ ਅਤੇ 12 ਸਾਲਾ ਸ਼ਿਵਾ ਨੇ ਤੀਜੀ ਜਮਾਤ ਤੋਂ ਬਾਅਦ ਅਤੇ 16 ਸਾਲਾ ਰਾਮਦਾਸ ਨੇ ਚੌਥੀ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ। ਉਨ੍ਹਾਂ ਦੇ ਦੋ ਛੋਟੇ ਬੱਚੇ ਅਜੇ ਵੀ ਸਕੂਲ ਜਾਂਦੇ ਹਨ ਜਿਨ੍ਹਾਂ ਵਿੱਚ 8 ਸਾਲਾ ਕ੍ਰਿਸ਼ਨਾ ਦੂਜੀ ਜਮਾਤ ਵਿੱਚ ਹੈ ਅਤੇ ਸਭ ਤੋਂ ਛੋਟੀ 4 ਸਾਲਾ ਸੰਗੀਤਾ ਸਥਾਨਕ ਆਂਗਨਵਾੜੀ ਜਾਂਦੀ ਹੈ।
ਭੋਇਰ ਪਰਿਵਾਰ ਪਾਲਘਰ ਜ਼ਿਲ੍ਹੇ ਦੇ ਵਾੜਾ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ, ਬੋਰਾਂਡਾ ਪਿੰਡ ਵਿੱਚ ਰਹਿੰਦਾ ਹੈ। ਉਹ ਕਾਤਕਰੀ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਆਦਿਵਾਸੀਆਂ ਦੀਆਂ ਕਰੀਬ ਅੱਠ ਝੌਂਪੜੀਆਂ ਦੀ ਇਸ ਢਾਣੀ ਵਿੱਚ ਰਹਿੰਦੇ ਹਨ।
ਪਿਛਲੇ ਸਾਲ ਨਵੰਬਰ ਵਿੱਚ, ਮਜ਼ਦੂਰਾਂ ਦਾ ਪਰਿਵਾਰ ਭਿਰੰਡੀ ਤਾਲੁਕਾ ਦੇ ਇੱਟ-ਭੱਠੇ 'ਤੇ ਕੰਮ ਕਰਨ ਚਲਾ ਗਿਆ ਸੀ। ਭੱਠੇ 'ਤੇ ਕੰਮ ਕਰਨ ਦਾ ਮਤਲਬ ਹੈ ਰਾਤ-ਦਿਨ ਮਿਹਨਤ ਕਰਨਾ। ਭੱਠਾ ਮਾਲਕ ਪਾਸੋਂ ਉਨ੍ਹਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਖਰਚੀ (ਖਰਚਾ) ਦੇ ਰੂਪ ਵਿੱਚ 400-500 ਰੁਪਏ ਮਿਲ਼ਦੇ, ਜਿਸ ਨਾਲ਼ ਉਹ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਖਰੀਦ ਲੈਂਦੇ। ਭੱਠੇ 'ਤੇ ਕੰਮ ਦੇ ਮਹੀਨਿਆਂ ਦੇ ਅੰਤ ਵਿੱਚ, ਜਦੋਂ ਉਨ੍ਹਾਂ ਦੀ ਮਜ਼ਦੂਰੀ ਜੋੜੀ ਜਾਂਦੀ ਤਾਂ ਇਹ ਪੈਸੇ (ਜੋ ਹਰ ਹਫ਼ਤੇ ਦਿੱਤੇ ਜਾਂਦੇ) ਕੱਟ ਲਏ ਜਾਂਦੇ। ਜੇ ਪਰਿਵਾਰ ਦੇ ਸਿਰ ਕੋਈ ਕਰਜ਼ਾ ਨਾ ਹੋਵੇ ਤਾਂ ਨਵੰਬਰ ਤੋਂ ਮਈ ਤੱਕ ਦੇ ਸੱਤ ਮਹੀਨੇ ਕੰਮ ਕਰਕੇ ਉਨ੍ਹਾਂ ਦੇ ਹੱਥ ਵਿੱਚ ਕਰੀਬ 10,000-12,000 ਰੁਪਏ ਆ ਜਾਂਦੇ। ਹਰ ਸਾਲ ਇਸੇ ਤਰ੍ਹਾਂ ਹੁੰਦਾ ਰਹਿੰਦਾ ਹੈ।
ਇਸ ਪੈਸੇ ਨਾਲ਼ ਉਹ ਮਾਨਸੂਨ ਦੇ ਮਹੀਨਿਆਂ ਲਈ ਸਮਾਨ ਖਰੀਦਦੇ ਹਨ। ਘਰ ਦੀ ਮੁਰੰਮਤ ਲਈ ਵੀ ਕੁਝ ਪੈਸੇ ਦੀ ਲੋੜ ਹੁੰਦੀ ਹੈ ਅਤੇ ਬੱਚਿਆਂ ਦੀ ਸਿੱਖਿਆ 'ਤੇ ਵੀ ਖਰਚ ਕਰਨਾ ਪੈਂਦਾ ਹੈ। ਹਰ ਸਮੇਂ ਇੰਝ ਹੀ ਹੁੰਦਾ ਹੈ। ਪਰ ਜੇ ਸਿਰ 'ਤੇ ਖੜ੍ਹੇ ਕਰਜੇ ਦੀ ਰਕਮ 'ਵੱਡੀ' ਹੋਵੇ ਤਾਂ ਉਨ੍ਹਾਂ ਦੇ ਹੱਥ ਦਵਾਨੀ ਵੀ ਨਹੀਂ ਆਉਂਦੀ। ਸਗੋਂ ਗੁਜ਼ਾਰੇ ਵਾਸਤੇ ਉਨ੍ਹਾਂ ਨੂੰ ਹੋਰ ਵੀ ਕਰਜ਼ਾ ਲੈਣਾ ਪੈਂਦਾ ਹੈ ਅਤੇ ਅਗਲੇ ਕੁਝ ਮਹੀਨਿਆਂ ਵਾਸਤੇ ਉਨ੍ਹਾਂ ਨੂੰ ਇੱਕ ਵਾਰ ਦੋਬਾਰਾ ਇੱਟ-ਭੱਠਾ ਮਾਲਕ ਪਾਸੋਂ ਉਧਾਰ ਚੁੱਕਣਾ ਪੈਂਦਾ ਹੈ। ਇਹ ਸਾਰਾ ਚੱਕਰ ਇੰਝ ਹੀ ਚੱਲਦਾ ਰਹਿੰਦਾ ਹੈ ਅਤੇ ਮਜ਼ਦੂਰ ਇਹਦੇ ਗੇੜ ਵਿੱਚ ਘੁੰਮਦੇ ਘੁੰਮਦੇ ਅਗਲੀ ਵਾਰ ਫਿਰ ਤੋਂ ਇੱਟ-ਭੱਠੇ ਵਿਖੇ ਪ੍ਰਵਾਸ ਕਰਨ ਮਜ਼ਬੂਰ ਹੋਏ ਰਹਿੰਦੇ ਹਨ।
ਇਹ ਕੰਮ, ਜੋ ਹਰ ਸਾਲ ਮਈ ਤੱਕ ਚੱਲਦਾ ਰਹਿੰਦਾ ਹੈ, ਕੋਵਿਡ-19 ਕਾਰਨ ਇਸ ਸਾਲ ਮਾਰਚ ਵਿੱਚ ਹੀ ਰੁੱਕ ਗਿਆ। ਵਨੀਤਾ, ਨਵਸੂ ਅਤੇ ਉਨ੍ਹਾਂ ਦੇ ਬੱਚੇ ਘਰ ਮੁੜ ਆਏ। ''ਅਸੀਂ ਕੰਮ (ਇੱਟ-ਭੱਠੇ 'ਤੇ) ਦੇ ਸ਼ੁਰੂਆਤੀ ਮਹੀਨਿਆਂ ਵਿੱਚ ਜੋ ਪੈਸਾ ਕਮਾਇਆ ਹੁੰਦਾ ਹੈ, ਉਹ ਹਫ਼ਤੇ ਦੀਆਂ ਲੋੜਾਂ ਪੂਰੀਆਂ ਕਰਨ 'ਤੇ ਹੀ ਖ਼ਰਚ ਹੋ ਜਾਂਦਾ ਹੈ। ਬਾਅਦ ਦੇ ਮਹੀਨਿਆਂ ਵਿੱਚ ਹੋਣ ਵਾਲ਼ੀ ਆਮਦਨੀ ਤੋਂ ਕੁਝ ਪੈਸੇ ਸਾਡੇ ਹੱਥ ਆਉਂਦੇ ਹਨ। ਪਰ ਇਸ ਸਾਲ, ਕੰਮ ਪਹਿਲਾਂ ਹੀ ਬੰਦ ਹੋ ਗਿਆ ਅਤੇ ਜਦੋਂ ਅਸੀਂ ਉੱਥੋਂ ਚੱਲਣ ਲੱਗੇ ਤਾਂ ਸੇਠ ਨੇ ਸਾਨੂੰ ਸਿਰਫ਼ 2,000 ਰੁਪਏ ਹੀ ਦਿੱਤੇ। ਇਹ ਪੈਸੇ ਕਿੰਨੇ ਦਿਨ ਚੱਲਣਗੇ? ਉਨ੍ਹਾਂ ਵਿੱਚੋਂ ਹੁਣ ਕੁਝ ਵੀ ਨਹੀਂ ਬਚਿਆ। ਵਾਪਸ ਆਉਣ ਬਾਅਦ ਅਸੀਂ ਝੌਂਪੜੀ ਦੀ ਮੁਰੰਮਤ ਕੀਤੀ- ਮੀਂਹ ਦਾ ਪਾਣੀ ਰੋਕਣ ਲਈ ਤਰਪਾਲ ਨਾਲ਼ ਛੱਤ ਢੱਕੀ। ਕੁਝ ਪੈਸੇ ਯਾਤਰਾ (ਟੈਂਪੂ ਰਾਹੀਂ ਪਿੰਡ ਵਾਪਸ ਆਉਣ ਵੇਲ਼ੇ) 'ਤੇ ਖ਼ਰਚ ਹੋ ਗਏ ਸਨ,'' ਵਨੀਤਾ ਦੱਸਦੀ ਹਨ।
ਮਾਰਚ ਦੇ ਅੰਤ ਵਿੱਚ ਜਦੋਂ ਉਹ ਬੋਰਾਂਡਾ ਮੁੜਨ ਲਈ ਇੱਟ-ਭੱਠੇ ਨੂੰ ਛੱਡ ਰਹੇ ਸਨ, ਤਾਂ ਠੇਕੇਦਾਰ ਨੇ ਉਨ੍ਹਾਂ ਦੀ ਪੂਰੀ ਕਮਾਈ ਅਤੇ ਖ਼ਰਚੇ ਦਾ ਹਿਸਾਬ ਨਹੀਂ ਕੀਤਾ। ਇਸਲਈ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਨੇ ਕਿੰਨੇ ਕਮਾਏ ਅਤੇ ਕਿੰਨਾ ਬਕਾਇਆ ਲਮਕ ਰਿਹਾ ਹੈ। ਵਨੀਤਾ ਅਤੇ ਨਵਸੂ ਫ਼ਿਕਰਮੰਦ ਹਨ- ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਸੱਤ ਮੈਂਬਰਾਂ-ਦੋ ਜੀਅ ਆਪ ਅਤੇ ਪੰਜ ਬੱਚਿਆਂ ਦੇ ਭੋਜਨ ਦਾ ਬੰਦੋਬਸਤ ਕਰਨਾ ਹੈ। ਉਹ ਬੇਜ਼ਮੀਨੇ ਮਜ਼ਦੂਰ ਹਨ ਜੋ ਬਾਮੁਸ਼ਕਲ ਗੁਜ਼ਾਰਾ ਕਰਦੇ ਹਨ ਅਤੇ ਉਨ੍ਹਾਂ ਕੋਲ਼ ਕੰਮ ਦੀ ਭਾਲ਼ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਪਰ ਤਾਲਾਬੰਦੀ ਦੇ ਇਸ ਸਮੇਂ ਵਿੱਚ ਉਹ ਕੀ ਕੰਮ ਕਰਨ- ਇਹੀ ਚਿੰਤਾ ਭੋਇਰ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਦੇ ਪਿੰਡ ਅਤੇ ਨੇੜਲੀਆਂ ਥਾਵਾਂ 'ਤੇ ਖੇਤ ਮਜ਼ਦੂਰਾਂ ਨੂੰ ਵਿਰਲਾ ਹੀ ਕੰਮ ਮਿਲ਼ਦਾ ਹੈ ਕਿਉਂਕਿ ਇੱਥੋਂ ਦੇ ਕਿਸਾਨਾਂ ਕੋਲ਼ ਬਹੁਤ ਛੋਟੀਆਂ ਜੋਤਾਂ ਹਨ ਅਤੇ ਉਹ ਬਿਜਾਈ ਅਤੇ ਵਾਢੀ ਦੌਰਾਨ ਸਿਰਫ਼ 2 ਕੁ ਹਫ਼ਤੇ ਦਾ ਕੰਮ ਹੀ ਦੇ ਸਕਦੇ ਹੁੰਦੇ ਹਨ ਅਤੇ ਜਿਹਦੇ ਬਦਲੇ ਦਿਹਾੜੀ ਵੀ 150 ਰੁਪਏ ਹੀ ਦਿੰਦੇ ਹਨ। ਕਦੇ-ਕਦੇ ਜੇ ਕਿਸੇ ਨੂੰ ਜੰਗਲ ਤੋਂ ਬਾਲਣ ਮੰਗਵਾਉਣਾ ਹੋਵੇ ਤਾਂ ਇਸ ਕੰਮ ਬਦਲੇ ਭੋਇਰ ਜਾਂ ਹੋਰਨਾਂ ਨੂੰ ਵੱਖਰੇ 150 ਰੁਪਏ ਦੀ ਕਮਾਈ ਹੋ ਜਾਂਦੀ ਹੈ। ਕਿਸਮਤ ਚੰਗੀ ਹੋਵੇ ਤਾਂ ਨੇੜਲੀਆਂ ਨਿਰਮਾਣ ਥਾਵਾਂ 'ਤੇ 250 ਰੁਪਏ ਦਿਹਾੜੀ 'ਤੇ ਕੰਮ ਮਿਲ਼ ਜਾਂਦਾ ਹੈ ਪਰ ਇਹ ਕਦੇ-ਕਦਾਈਂ ਹੀ ਹੁੰਦਾ ਹੈ।
ਆਮ ਤੌਰ 'ਤੇ ਸੰਕਟ ਦੀ ਘੜੀ ਵਿੱਚ, ਉਨ੍ਹਾਂ ਜਿਹੇ ਪਰਿਵਾਰ ਸੇਠ ਪਾਸੋਂ ਕਰਜ਼ਾ ਲੈਂਦੇ ਹਨ। ਪਰ ਇਸ ਸਾਲ, ਸਾਰੇ ਇੱਟ-ਭੱਠਿਆਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪੈਸੇ ਸਿਰਫ਼ ਕੀਤੇ ਗਏ ਕੰਮ ਦੇ ਹੀ ਮਿਲ਼ਣੇ ਹਨ। ਇਸਲਈ ਕਰਜ਼ਾ ਮਿਲਣ ਦੀ ਉਨ੍ਹਾਂ ਉਮੀਦ ਵੀ ਟੁੱਟ ਗਈ।
ਜਦੋਂ ਮੈਂ ਬੋਰਾਂਡਾ ਗਈ ਤਾਂ ਉਸ ਸਮੇਂ ਕਈ ਝੌਂਪੜੀਆਂ ਦੇ ਸਾਹਮਣੇ 8-10 ਔਰਤਾਂ ਅਤੇ ਪੁਰਸ਼ ਬੈਠੇ ਗੱਲਾਂ ਕਰ ਰਹੇ ਸਨ। ਦੁਪਹਿਰ ਦੇ ਕਰੀਬ 2 ਵਜੇ ਹੋਏ ਸਨ। ''ਸਰਕਾਰ ਨੇ (ਤਾਲਾਬੰਦੀ ਤੋਂ ਬਾਅਦ) ਕਈ ਪਰਿਵਾਰਾਂ ਨੂੰ ਚੌਲ਼ ਦਿੱਤੇ। ਅਸੀਂ ਸੁਣਿਆ ਹੈ ਕਿ 2,000 ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵੀ ਪਾਏ ਗਏ ਹਨ। ਲੋਕ ਤਾਂ ਇਹੀ ਕਹਿ ਰਹੇ ਹਨ। ਪਰ ਸਾਨੂੰ ਆਪਣਾ ਖਾਤਾ ਦੇਖਣ ਵਾਸਤੇ (ਨੇੜਲੀ ਬੈਂਕ ਵੀ ਬੋਰਾਂਡਾ ਤੋਂ ਚਾਰ ਕਿਲੋਮੀਟਰ ਦੂਰ) ਖਾਰੀਵਲੀ ਪਿੰਡ ਜਾਣਾ ਪਵੇਗਾ। ਬੀਮਾਰੀ ਨੇ ਤਾਂ ਪਹਿਲਾਂ ਹੀ ਸਤਾਇਆ ਹੋਇਆ ਹੈ। ਦੱਸੋ ਅਸੀਂ ਕੀ ਕਰੀਏ? ਬੈਂਕ ਤੱਕ ਵੀ ਕਿਵੇਂ ਜਾਈਏ? ਕੋਈ ਸਾਧਣ ਵੀ ਤਾਂ ਨਹੀਂ ਚੱਲ ਰਿਹਾ,'' 65 ਸਾਲਾ ਬਾਈਜੀ ਭੋਇਰ ਆਪਣੇ ਨਾਲ਼ ਬੈਠੇ ਲੋਕਾਂ ਨਾਲ਼ ਗੱਲ ਕਰਦਿਆਂ ਕਹਿੰਦੀ ਹਨ, ਉਨ੍ਹਾਂ ਦੀ ਝੌਂਪੜੀ ਵਨੀਤਾ ਦੀ ਝੌਂਪੜੀ ਦੇ ਐਨ ਨਾਲ਼ ਹੀ ਹੈ।
ਉਸ ਦਿਨ ਝੌਂਪੜੀਆਂ ਦੇ ਬਾਹਰ ਭੁੰਜੇ ਕੁਝ ਮਹੂਏ ਦੇ ਫੁੱਲ ਸੁੱਕਣੇ ਪਾਏ ਹੋਏ ਸਨ। ਇਨ੍ਹਾਂ ਸੁੱਕੇ ਮਹੂਏ ਦੇ ਫੁੱਲਾਂ ਦਾ ਉਹ ਕੀ ਕਰਨਗੇ, ਮੈਂ ਪੁੱਛਿਆ। ''ਮੀਂਹ ਦੇ ਮੌਸਮ ਤੋਂ ਪਹਿਲਾਂ, ਉਰੂਸ ਲਾਇਆ ਜਾਂਦਾ ਹੈ। ਅਸੀਂ ਇਹ ਫੁੱਲ ਵੇਚਾਂਗੇ ਅਤੇ ਜੋ ਪੈਸਾ ਮਿਲ਼ੇਗਾ ਉਸ ਨਾਲ਼ ਪਿਆਜ-ਆਲੂ ਖਰੀਦਾਂਗੇ,'' ਇੱਕ ਔਰਤ ਨੇ ਜਵਾਬ ਦਿੱਤਾ।
ਉਰੂਸ ਇੱਕ ਵੱਡਾ ਬਜ਼ਾਰ ਹੈ, ਜੋ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ, ਮਈ ਦੇ ਮਹੀਨੇ ਵਿੱਚ 10-12 ਦਿਨਾਂ ਲਈ ਲੱਗਦਾ ਹੈ। ਇਸ ਸਾਲ ਤਾਲਾਬੰਦੀ ਅਤੇ ਕੋਵਿਡ-19 ਦੇ ਫ਼ੈਲਣ ਦੇ ਡਰੋਂ ਉਰੂਸ ਲਾਇਆ ਹੀ ਨਹੀਂ ਗਿਆ।
ਹੋਰਨਾਂ ਸਾਲਾਂ ਵਿੱਚ, ਇੱਥੇ ਅਨਾਜ, ਮਸਾਲਾ, ਪਿਆਜ਼, ਆਲੂ, ਮੱਛੀ, ਘਰੇਲੂ ਵਰਤੋਂ ਲਈ ਪਲਾਸਟਿਕ ਦੀਆਂ ਵਸਤਾਂ ਆਦਿ ਵੇਚੀਆਂ ਜਾਂਦੀਆਂ। ਬੋਰਾਂਡਾ ਤੋਂ ਕਰੀਬ 35 ਕਿਲੋਮੀਟਰ ਦੂਰ- ਵਾੜਾ ਤਾਲੁਕਾ ਦੇ ਕੁਦੁਸ ਨਗਰ ਦੇ ਇਸ ਬਜ਼ਾਰ ਵਿੱਚ ਕਈ ਪਿੰਡਾਂ ਦੇ ਲੋਕ ਇਕੱਠਿਆਂ ਹੁੰਦੇ। ਆਦਿਵਾਸੀ ਪਰਿਵਾਰ ਇੱਥੇ ਮਹੂਏ ਦੇ ਫੁੱਲ ਅਤੇ ਡਿਨਕਾ (ਕੁਦਰਤੀ ਗੂੰਦ) ਵੇਚਦੇ ਅਤੇ ਮਾਨਸੂਨ ਦੇ ਮੌਸਮ ਵਾਸਤੇ ਪਹਿਲਾਂ ਹੀ ਕੁਝ ਲੋੜੀਂਦੀਆਂ ਵਸਤਾਂ ਖਰੀਦ ਲੈਂਦੇ ਕਿਉਂਕਿ ਉਨ੍ਹੀਂ ਦਿਨੀਂ ਕੰਮ ਮਿਲ਼ਣ ਦੀ ਸੰਭਾਵਨਾ ਨਹੀਂ ਹੁੰਦੀ। ਇਸਲਈ ਉਹ ਪਹਿਲਾਂ ਖਰੀਦੇ ਅਨਾਜ ਨਾਲ਼ ਹੀ ਆਪਣਾ ਡੰਗ ਸਾਰਦੇ ਹਨ।
ਵਨੀਤਾ ਅਤੇ ਨਵਸੂ ਨੇ ਵੀ ਇਸ ਸਾਲ ਮਨ ਵਿੱਚ ਇਹੀ ਉਮੀਦ ਪਾਲ਼ੀ ਰੱਖੀ ਕਿ ਜਮ੍ਹਾ ਕੀਤੇ ਗਏ ਅਨਾਜ ਨਾਲ਼ ਅਗਲੇ ਕੁਝ ਮਹੀਨਿਆਂ ਦਾ ਬੁੱਤਾ ਸਾਰ ਲਵਾਂਗੇ। ਪਰ ਉਨ੍ਹਾਂ ਦੀ ਝੌਂਪੜੀ ਵਿੱਚ ਅਨਾਜ ਕਰੀਬ ਕਰੀਬ ਖ਼ਤਮ ਹੋ ਚੁੱਕਿਆ ਹੈ।
ਤਰਜਮਾ: ਨਿਰਮਲਜੀਤ ਕੌਰ